ਭਾਰਤ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਬਰਤਾਨਵੀ ਸਿੱਖਾਂ ਵਲੋਂ ਬਰਮਿੰਘਮ ਵਿਖੇ ਭਾਰਤੀ ਦੂਤਾਵਾਸ ਸਾਹਮਣੇ ਰੋਹ ਵਿਖਾਵਾ

ਬਰਮਿੰਘਮ – ਯੂ ਕੇ ਵਿਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਲੋਂ ਆਯੋਜਤ ਸਮੂਹ ਲੋਕਲ ਗੁਰਦੁਆਰਿਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬ੍ਰਮਿੰਘਮ ਦੇ ਭਾਰਤੀ ਕਾਂਊਂਸਲੇਟ ਅੱਗੇ ਮਿਤੀ ਤਿੰਨ ਦਸੰਬਰ ਨੂੰ ਬਾਅਦ ਦੁਪਹਿਰ ਇਕ ਵਜੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿਚ ਕੈਦੀ ਸਿੰਘਾਂ ਦੀ ਰਿਹਾਈ ਲਈ ਮੁਜ਼ਾਹਰਾ ਕੀਤਾ ਗਿਆ।

ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਿਛਲੇ ਵੀਹ ਦਿਨਾਂ ਤੋਂ ਕੈਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਹਨ ਪਰ ਪ੍ਰਸਾਸ਼ਨ ਦੇ ਕੰਨਾਂ ‘ਤੇ ਜੂੰਅ ਵੀ ਨਹੀਂ ਸਰਕ ਰਹੀ। ਇਹ ਗੱਲ ਬਹੁਤ ਹੀ ਦੁੱਖ ਵਾਲੀ ਹੈ ਕਿ ਭਾਰਤੀ ਜਿਹਲਾਂ ਵਿਚ ਅਨੇਕਾਂ ਸਿੰਘ ਅਜੇਹੇ ਵੀ ਹਨ ਜੋ ਕਿ ਆਪਣੀ ਸਜ਼ਾ ਭੁਗਤ ਕੇ ਪੱਚੀ ਪੱਚੀ ਸਾਲਾਂ ਤੋਂ ਜਿਹਲਾਂ ਵਿਚ ਬੰਦ ਹਨ ਪਰ ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂਅ ਨਹੀਂ ਲੈ ਰਹੀ ਜਦ ਕਿ ਸਿੱਖਾਂ ਦੇ ਕਿਸ਼ੋਰੀ ਲਾਲ ਵਰਗੇ ਸੱਤ ਸੱਤ ਫਾਂਸੀਆਂ ਯਾਫਤਾ ਕਾਤਲਾਂ ਲਈ ਸਰਕਾਰ ਦੇ ਦਿਲ ਵਿਚ ਰਹਿਮ ਵੀ ਹੈ ਅਤੇ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਅਨੇਕਾਂ ਆਗੂਆਂ ਨੂੰ ਤਾਂ ਕਾਂਗਰਸ ਸਰਕਾਰ ਨੇ ਗੱਦੀਆਂ ਦੇ ਕੇ ਨਿਵਾਜਿਆ ਹੈ ਜਿਹਨਾਂ ਵਿਚੋਂ ਸਜ਼ਾ ਇਕ ਨੂੰ ਵੀ ਨਹੀਂ ਹੋਈ।

ਭਾਰਤੀ ਸਰਕਾਰ ਦੇ ਸਿੱਖਾਂ ਪ੍ਰਤੀ ਪੱਖਪਾਤੀ ਅਤੇ ਜ਼ਾਲਮੀ ਨਜ਼ਰੀਏ ਦੇ ਵਿਰੋਧ ਵਿਚ ਐਫ ਐਸ ਓ ਵਲੋਂ ਬੜੇ ਹੀ ਸੀਮਤ ਸਮੇਂ ਵਿਚ ਬ੍ਰਮਿੰਘਮ ਦੇ ਮੁਜ਼ਾਹਰੇ ਦੇ ਇੰਤਜ਼ਾਮ ਕੀਤੇ ਗਏ ਜਿਥੇ ਕਿ ਅਨੇਕਾਂ ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਵਲੋਂ ਜ਼ੋਰਦਾਰ ਪ੍ਰੋਟੈਸਟ ਕਰਕੇ ਸਰਕਾਰ ਦੇ ਜ਼ਾਲਮੀ ਰਵੱਈਏ ਦੀ ਸਖਤ ਨਿੰਦਾ ਕੀਤੀ ਗਈ। ਇਸ ਸਮੇਂ ਤੇ ਐਫ ਐਸ ਓ ਦੇ ਆਗੂਆਂ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਨੇ ਸਮੂਹ ਪੰਥਕ ਜਥੇਬੰਦੀਆਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿਚ ਪੰਥਕ ਵਚਨਬਧਤਾ ਦਾ ਪ੍ਰਗਟਾਵਾ ਕਰਨ ਲਈ ਅੱਜ ਸਮੂਹ ਖਾਲਸੇ ਨੂੰ ਅਤੇ ਮਨੁੱਖੀ ਹੱਕਾਂ ਦੀਆਂ ਪਹਿਰੇਦਾਰ ਧਿਰਾਂ ਨੂੰ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਭਾਰਤੀ ਸਰਕਾਰ ਦੀਆਂ ਘੱਟ ਗਿਣਤੀ ਖਿਲਾਫ ਨੀਤੀਆਂ ਨੂੰ ਦੁਨੀਆਂ ਭਰ ਵਿਚ ਨੰਗਿਆਂ ਕਰਨ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਖਿਲਾਫ ਭਾਰਤੀ ਸਰਕਾਰ ਵਲੋਂ ਪਿਛਲੇ ਸੱਠ ਸਾਲਾਂ ਤੋਂ ਹੋ ਰਹੇ ਧੱਕੇ ਹੁਣ ਬਰਦਾਸ਼ਤ ਤੋਂ ਬਾਹਰ ਹਨ ਅਤੇ ਅਸੀਂ ਯੂ ਐਨ ਓ ਵਰਗੇ ਕੌਮਾਂਤਰੀ ਅਦਾਰਿਆਂ ਦੀ ਹਿਮਾਇਤ ਨਾਲ ਸਿੱਖਾਂ ਦੀ ਅਜ਼ਾਦੀ ਦਾ ਪ੍ਰਚਮ ਬੁਲੰਦ ਕਰ ਰਹੇ ਹਾਂ।

ਇਸ ਮੁਜ਼ਾਹਰੇ ‘ਤੇ ਸਿੱਖ ਫੈਡਰੇਸ਼ਨ, ਯੂਨਾਈਟਿਡ ਖਾਲਸਾ ਦਲ, ਇੰਟਰਨੈਸ਼ਨਲ ਪੰਥਕ ਦਲ, ਬ੍ਰਿਟਿਸ਼ ਸਿੱਖ ਕੌਂਸਲ, ਧਰਮ ਯੁੱਧ ਮੋਰਚਾ, ਐਸ ਓ ਪੀ ਡਬਲਿਊ, ਸ਼੍ਰੋਮਣੀ ਅਕਾਲੀ ਦਲ (ਚੌਹਾਨ), ਅੰਮ੍ਰਿਤਸਰ ਅਕਾਲੀ ਦਲ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਆਪਣੇ ਭਾਸ਼ਣਾਂ ਵਿਚ ਜੋ ਸੰਕੇਤ ਦਿੱਤੇ ਗਏ ਉਹਨਾਂ ਮੁਤਾਬਿਕ ਬਰਤਾਨੀਆਂ ਅਤੇ ਯੂਰਪ ਭਰ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਹਿੱਤ ਚੋਪਈ ਸਾਹਿਬ ਦੇ ਪਾਠ ਅਤੇ ਅਰਦਾਸਾਂ ਹੋ ਰਹੀਆਂ ਹਨ ਅਤੇ ਭਾਈ ਖਾਲਸਾ ਦਾ ਪ੍ਰੋਟੈਸਟ ਕੌਮਾਂਤਰੀ ਲਹਿਰ ਦੀ ਸ਼ਕਲ ਇਖਤਿਆਰ ਕਰਦਾ ਜਾ ਰਿਹਾ ਹੈ।

1 Comment

  1. Hi, this is a comment.
    To delete a comment, just log in and view the post’s comments. There you will have the option to edit or delete them.

Comments are closed.