ਜੀ. ਐਨ. ਜੀ. ਕਬੱਡੀ ਕਲੱਬ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਹੀਦਾਂ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।

ਈਰਥ+ ਵੂਲਿਚ+ਸਾਊਥਾਲ ਕਬੱਡੀ ਕਲੱਬ ਨੇ ਹਿੱਕ ਦੇ ਜ਼ੋਰ ਨਾਲ ਬ੍ਰਮਿੰਘਮ ਵਾਲਾ ਕੱਪ ਜਿੱਤਿਆ।

ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕੈਨਕ ਰੋਡ ’ਤੇ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿੱਚ 56ਵਾਂ ਕਬੱਡੀ ਟੂਰਨਾਮੈਂਟ ਬ੍ਰਮਿੰਘਮ ਵੱਲੋਂ ਕਰਵਾਇਆ ਗਿਆ।

ਜਿਸ ਵਿਚ ਅੱਠ ਟੀਮਾਂ ਨੇ ਭਾਗ ਲਿਆ ਅਤੇ ਗਹਿਗੱਚ ਮੁਕਾਬਲੇ ਹੋਏ। ਤਕਰੀਬਨ 12 ਕੁ ਵਜੇ ਕਬੱਡੀ ਟੂਰਨਾਮੈਂਟ ਦਾ ਆਰੰਭ ਕੀਤਾ ਗਿਆ।

ਸਾਰੀਆ ਕਲੱਬਾਂ ਪੂਰੀ ਤਿਆਰੀ ਖਿੱਚ ਕੇ ਆਈਆਂ ਸਨ। ਕਿਉਕਿ ਇਹ ਗੱਲ ਮਸ਼ਹੂਰ ਹੈ ਕਿ ਜਿਸਨੇ ਬ੍ਰਮਿੰਘਮ ਦਾ ਕਬੱਡੀ ਕੱਪ ਜਿੱਤ ਲਿਆ ਸਮਝੋ ਉਸਨੇ ਸਾਰੇ ਹੀ ਕੱਪ ਜਿੱਤ ਲਏ।

ਇਸ ਮੇਲੇ ’ਤੇ ਕਈ ਜਗ੍ਹਾ ਤੋਂ ਤੇਰਵੀਆਂ ਗੱਲਾਂ ਹੋਈਆਂ। ਕਈ ਕੱਪ ਜਿੱਤਣ ਆਏ ਸੀ ਪਰ ਬਿਗਾਨੇ ਪੁੱਤਾਂ ਨੇ ਲੋਢੇ ਵੇਲੇ ਦੀ ਚਾਹ ’ਤੋਂ ਪਹਿਲਾਂ ਹੀ ਲਾਈਨ ’ਤੇ ਬਿਠਾ ਦਿੱਤੇ। ਕਈਆ ਨੇ ਹਿੱਕ ਦੇ ਜ਼ੋਰ ਨਾਲ ਸਰਦਾਰੀ ਕਾਇਮ ਕੀਤੀ।

ਇਸ ਟੂਰਨਾਮੈਂਟ ਦਾ ਪਹਿਲਾਂ ਮੈਚ ਖੇਡਣ ਲਈ ਹੇਜ਼ ਅਤੇ ਰੈਡਿੰਗ ਡੋਰਨੀ ਦੀਆਂ ਟੀਮਾਂ ਮੱਥਾ ਟੇਕ ਕੇ ਗਰਾੳੂਂਡ ਵਿਚ ਪਹੁੰਚ ਗਈਆਂ।

ਯਾਦਾ ਸੁਰਖਪੁਰੀਆ ਟੀਮ ਦੀ ਅਗਵਾਈ ਕਰਦਾ ਹੈ। ਹੇਜ਼ ਦੀ ਟੀਮ ਦਾ ਕਪਤਾਨ ਜੱਸਾ ਭੜੀਵੜੈਚ ਸੀ। ਹੇਜ਼ ਦੇ ਜਾਫ਼ੀ ਹਰਮਨ ਘੋਲੀਏ ਨੇ ਬੁੱਲਟ ਖੀਰਾਂਵਾਲੀ ਤੇ ਜੋਤੇ ਮਹਿਮਦ ਵਾਲੇ ਨੂੰ ਦੱਸ ਦਿੱਤਾ ਕਿ ਸਾਨੂੰ ਵੀ ਕਬੱਡੀ ਖੇਡਣੀ ਆਉਦੀ ਹੈ।

ਯਾਦੇ ਨੇ ਮਨਿੰਦਰ ਤੇ ਜੱਸੇ ਤੋਂ ਅੰਕ ਪ੍ਰਾਪਤ ਕੀਤਾ। ਹੇਜ਼ ਦੇ ਧਾਵੀ ਕਈ ਜੱਫੇ ਖਾ ਗਏ। ਜਿਸ ਕਰਕੇ ਰੈਡਿੰਗ ਡੋਰਨੀ ਦੀ ਟੀਮ 31-25 ਦੇ ਫ਼ਰਕ ਨਾਲ ਇਕ ਕਦਮ ਹੋਰ ਅੱਗੇ ਵੱਧ ਗਈ।

ਬ੍ਰਮਿੰਘਮ+ ਕਾਵੈਂਟਰੀ ਅਤੇ ਟੈਲਫੋਰਡ ਦਾ ਮੁਕਾਬਲਾ ਸਖ਼ਤ ਸੀ। ਬਲਾਲ ਢਿੱਲੋਂ ਨੂੰ ਗੋਪੀ ਨੱਲ ਰੋਕ ਗਿਆ ਪਰ ਜੱਗੇ ਮੂਲੇਵਾਲ ਖਹਿਰਆਂ ਵਾਲਾ ਧੂੜਾਂ ਪੱਟ ਜੱਫੇ ਰੋਕ ਗਿਆ ਜਿਸ ਕਰਕੇ 8 ਅੰਕਾਂ ਦੇ ਫ਼ਰਕ ਨਾਲ ਬ੍ਰਮਿੰਘਮ ਕਾਵੈਂਟਰੀ ਦੀ ਟੀਮ ਜਿੱਤ ਗਈ। ਨੇਕਾ ਮੈਰੀਪੁਰ, ਪਿੰਦੂ ਜੋਹਲ, ਬਲਵਿੰਦਰ ਦੂਲੇ, ਸਤਨਾਮ ਗਿੱਲ ਪੂਰੇ ਖ਼ੁਸ਼ ਸਨ।

ਜਦੋਂ ਈਰਥ ਵੂਲਿਚ+ਸਾਊਥਾਲ ਦੀ ਵਿਰੋਧੀ ਟੀਮ ਸਲੋਹ ਨੇ ਗਰਾਊਂਡ ਵਿੱਚ ਐਂਟਰੀ ਮਾਰੀ ਤਾਂ ਦਰਸ਼ਕਾਂ ਨੇ ਆਪ ਮੁਹਾਰੇ ਹੀ ਤਾੜੀਆ ਠੋਕ ਦਿੱਤੀਆਂ। ਦਰਸ਼ਕ ਮੈਚ ਵੇਖਣ ਨੂੰ ਉਤਾਵਲੇ ਸਨ ਕਿ ਚਿਸ਼ਤੀ ਦੇ ਕਿਸ ਜਾਫ਼ੀ ਨਾਲ ਸਿੰਗ ਫਸਦੇ ਹਨ।

ਟਿੱਡਾ ਲੱਡੂ ਸਿੰਧਵਾਂ ਵਾਲਾ ਕਿਸ ਤਰ੍ਹਾਂ ਖੜ੍ਹੇ ਬੰਦੇ ਨੂੰ ਟੱਪ ਜਾਂਦਾ ਹੈ। ਮੈਚ ਦੇ ਸ਼ੁਰੂ ਵਿੱਚ ਹੀ ਜੱਗੂ ਨੇ ਕਰਨਾ ਦਿਆਲਪੁਰ ਵਾਲਾ ਡੱਕ ਲਿਆ। ਸੰਦੀਪ ਰਾਮਗੜ੍ਹ ਨੇ ਚਿਸ਼ਤੀ ਨੂੰ ਡੱਕ ਕੇ ਭੰਗੜੇ ਪੁਵਾ ਦਿੱਤੇ। ਲੰਬੜ ਨੇ ਟਿੱਡਾ ਭੰਡਾਲ ਦੋਨੇ ਨੂੰ ਫ਼ੜਕੇ ਕੋਲ ਬਿਠਾ ਲਿਆ।

ਸੰਦੀਪ ਨੇ ਮੋਹਿਤ ਨੂੰ ਹਿੱਲਣ ਨਹੀਂ ਦਿੱਤਾ। ਚਿਸ਼ਤੀ ਪਿੰਦੂ ਤੇ ਸੰਦੀਪ ਤੋਂ ਲਗਾਤਾਰ ਜੱਫੇ ਖਾ ਗਿਆ। ਅੱਧੇ ਸਮੇਂ ਤੱਕ ਸਲੋਹ ਡੇਢ ਅੰਕ ਤੱਕ ਤੋਂ ਅੱਗੇ ਸੀ ਪਰ ਬਾਅਦ ਵਿੱਚ ਮੈਚ ਇੰਨਾਂ ਗਰਮ ਹੋ ਗਿਆ ਸੀ ਕਿ ਈਰਥ+ਸਾੳੂਥਾਲ ਨੇ ਪਾਸਾ ਹੀ ਪਲਟ ਦਿੱਤਾ ਭਾਵ

ਟਿੱਡੇ ਦੀਆਂ ਰੇਡਾਂ ਅਤੇ ਸੰਦੀਪ ਰਾਮਗੜ੍ਹ ਦੇ ਜੱਫਿਆਂ ਨੇ ਸਲੋਹ ਨੂੰ ਅੱਗੇ ਵੱਧਣੋਂ ਰੋਕ ਦਿੱਤਾ। ਸੁਰਿੰਦਰ ਮਾਣਕ, ਪੰਮੀ ਰੰਧਾਵਾ, ਕੰਮਾ ਪੂਰੇ ਖੁਸ਼ ਸਨ। ਪਰ ਮਨਜੋਤ ਮਾਛੀਵਾੜਾ ਤਕੜਾ ਰੇਡਰ ਆ।

ਲੈਸਟਰ ਬ੍ਰਮਿੰਘਮ + ਗ੍ਰੇਵਜ਼ੈਂਡ ਬਾਰਕਿੰਗ ਦੇ ਮੁਕਾਬਲੇ ਵੇਲੇ ਹਜ਼ਾਰਾਂ ਦਰਸ਼ਕ ਇਹ ਟੱਕਰ ਵੇਖਣ ਨੂੰ ਕਾਹਲੇ ਸਨ। ਤਾਰੀ ਸੰਗਤਪੁਰ ਵਾਲੇ ਨੇ ਜਦੋਂ ਰੇਸ਼ਮ ਜਾਸਾਰਾਏ ਨੂੰ ਡੱਕਿਆ ਤਾਂ ਉਹੋ ਗੱਲ ਹੋ ਗਈ।

‘‘ਮੁੰਡੇ ਨੇ ਟਰਾਲਾ ਰੋਕਤਾ

ਮੂਹਰੇ ਸੁੱਟ ਕੇ ਟਾਹਲੀ ਦਾ ਮੋਛਾ॥’’

ਸੋਹਣ ਰੁੜਕੀ ਨੇ ਸੰਦੀਪ ਬਦੇਸ਼ੇ ਨੂੰ ਰੋਕ ਕੇ ਕਲੱਬ ਦੇ ਹੋਸਲੇ ਬੁਲੰਦ ਕਰ ਦਿੱਤੇ। ਜੱਗਾ ਮਲਸੀਆ ਵਾਲਾ ਵੀ ਕਮਾਲ ਕਰੀ ਜਾਂਦਾ ਸੀ। ਗੁਲਜ਼ਾਰੀ ਨੇ ਸੰਦੀਪ ਬਦੇਸ਼ੇ ਦਾ ਚੱਕਾ ਜਾਮ ਕਰ ਦਿੱਤਾ। ਜੱਗੀ ਮੋਲੀ, ਮਾਲਾ ਵਧੀਆ ਖੇਡ ਵਿਖਾਉਦੇ ਰਹੇ। ਭਾਓ ਨੇ ਬਦੇਸ਼ਾ ਨੂੰ ਫੇਰ ਡੱਕ ਲਿਆ। ਇਹ ਮੈਚ ਏਨਾ ਫਸਿਆ ਕੇ ਵੇਖਣ ਵਾਲੇ ਵੀ ਮੁੜਕੋਂ ਮੁੜਕੀ ਹੋ ਗਏ। ਸਿਰਫ਼ ਇੱਕ ਜੱਫੇ ਦੇ ਫ਼ਰਕ ਨਾਲ ਬਾਰਕਿੰਗ+ਗ੍ਰੇਵਜ਼ੈਂਡ ਲੈਸਟਰ ਨੂੰ ਪਿੱਛੇ ਛੱਡ ਗਈ। ਜੇਕਰ ਮਗਰਲੀਆਂ ਦੋ ਕੋਡੀਆਂ ਮਾਲਾ ਤੇ ਜੱਗੀ ਮੋਲੀ ਪਾ ਜਾਂਦੇ ਤਾਂ ਪਾਸਾ ਪਲਟ ਵੀ ਸਕਦਾ ਸੀ। ਮੈਨੂੰ ਏਥੇ ਇੱਕ ਸ਼ੇਅਰ ਚੇਤੇ ਆ ਗਿਆ –

ਛਾਂਟ ਛਾਂਟ ਕੇ ਲੈ ਆਂਦੇ ਸੱਭ ਨੇ ਅੱਜ ਪਲੇਅਰ

ਵਿੱਚ ਮੈਦਾਨੀ ਬੁਕਦੇ ਫਿਰਦੇ ਜਿਓ ਬੱਬਰ ਸ਼ੇਰ

ਹਰ ਕੋਈ ਆਖੇ ਥਾਪੀ ਮਾਰ ਕੇ ਅੰਬਰੀ ਪੀਂਘ ਚੜਾਉਣੀਆਂ

ਪਰ ਢੇਸੀ ਕਿਸੇ-ਕਿਸੇ ਨੂੰ ਆਉਦੀਆਂ ਟੀਮ ਖਿਡਾਉਣੀਆਂ

ਲੈਸਟਰ+ ਬ੍ਰਮਿੰਘਮ ਰੱਬ ਦਾ ਭਾਣਾ ਮੰਨ ਕੇ ਵੈਨ ਵਿੱਚ ਜਾ ਬੈਠੇ।

ਸਾਊਥਾਲ+ਈਰਥ-ਵੂਲਿਚ+ ਰੈਡਿੰਗ ਡੋਰਨੀ ਦੇ ਮੈਚ ਵੇਲੇ ਮੇਲਾ ਪੂਰੇ ਜੋਬਨ ’ਤੇ ਸੀ। ਕੁਝ ਬੀਬੀਆਂ ਬੱਚੇ ਵੀ ਕੱਬਡੀ ਦਾ ਆਨੰਦ ਮਾਣ ਰਹੇ ਸਨ। ਇਹ ਸੈਮੀਫਾਈਨਲ ਮੈਚ ਇੱਜ਼ਤ ਦਾ ਸਵਾਲ ਵਾਲੀ ਗੱਲ ਸੀ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਦੋਵੇਂ ਪ੍ਰਧਾਨਾਂ ਦੀਆਂ ਟੀਮਾਂ ਸਨ। ਰਣਜੀਤ ਢੰਡਾ ਆਪਣੀ ਸਰਦਾਰੀ ਕਾਇਮ ਰੱਖਣੀ ਚਾਹੁੰਦਾ ਸੀ।

ਸੁਰਿੰਦਰ ਮਾਣਕ ਰੈਡਿੰਗ ਨੂੰ ਪਿੱਛੇ ਛੱਡ ਕੇ ਫਾਈਨਲ ਖੇਡਣਾ ਚਾਹੁੰਦਾ ਸੀ। ਦੋਵੇਂ ਟੀਮਾਂ ਦੇ ਪ੍ਰਬੰਧਕ ਇੱਕ ਦੂਜੇ ਨੂੰ ਗਹਿਰੀਆਂ ਅੱਖਾਂ ਨਾਲ ਵੇਖਦੇ ਸਨ। ਜੋਤਾ ਮਹਿਮਦ ਵਾਲਾ ਵੀ ਧਾਕੜ ਨੰਬਰ ਲੈ ਆਇਆ। ਟਿੱਡਾ ਭੰਡਾਲ ਦੋਨੇ ਵਾਲਾ ਫੁਰਤੀਲਾ ਧਾਵੀ ਚੈਨ ਤੋੜ ਕੇ ਨੰਬਰ ਜੋੜੀ ਜਾਂਦਾ ਸੀ। ਸਰਨੇ ਡੱਗੋ ਰਮਾਏ ਵਾਲੇ ਨੇ ਜੋਤੇ ਤੇ ਬੁੱਲਟ ਤੋਂ ਨੰਬਰ ਲੈ ਕੇ ਦਰਸ਼ਕਾ ਨੂੰ ਤਾੜੀਆਂ ਮਾਰਨ ’ਤੇ ਮਜ਼ਬੂਰ ਕਰ ਦਿੱਤਾ। ਯਾਦੇ ਸੁਰਖਪੁਰ ਵਾਲੇ ਨੇ ਕਾਲੇ ਧੂਰਕੋਟ ਤੇ ਕਰਨ ਦਿਆਲਪੁਰ ਨੂੰ ਹਿੱਕ ਦੇ ਜ਼ੋਰ ਨਾਲ ਰੋਕ ਕੇ ਵਾਹ-ਵਾਹ ਖੱਟੀ। ਬੁਲੱਟ ਖ਼ੀਰਾਂਵਾਲੀ ਵਿਚ ਇੰਨੀ ਗਰਮੀ ਨਹੀਂ ਸੀ ਜਿਨ੍ਹਾਂ ਕਰਕੇ ਟੀਮ ਡਾਂਵਾਡੋਲ ਸੀ। ਹਰਜੀਤ ਚੰਡੀਗੜ੍ਹੀਆ ਵੀ ਕਮਾਲ ਦਾ ਰੇਡਰ ਹੈ। ਟਿੱਡੇ ਭੰਡਾਲ ਦੋਨਾ ਵਾਲੇ ਨੇ ਐਕਸ਼ਨ ਕਰਕੇ ਮੇਲਾ ਨੱਚਣ ਲਾ ਦਿੱਤਾ।

ਦੋ ਨੰਬਰ ਦੇ ਫ਼ਰਕ ਨਾਲ ਈਰਥ+ਵੂਲਿਚ ਫਾਈਨਲ ਵਿੱਚ ਪਹੁੰਚ ਗਈ। ਰੈਡਿੰਗ ਦੀ ਟੀਮ ਨੂੰ ਸਬਰ ਕਰਨਾ ਪੈ ਗਿਆ।

ਬ੍ਰਮਿੰਘਮ+ਕਾਵੈਂਟਰੀ ਨਾਲ ਬਾਰਕਿੰਗ+ਗ੍ਰੇਵਜ਼ੈਂਡ ਦਾ ਮੁਕਾਬਲਾ ਬਹੁਤ ਹੀ ਜ਼ਬਰਦਸਤ ਸੀ। ਨੇਕਾ ਮੈਰੀਪੁਰ, ਸਤਨਾਮ ਗਿੱਲ ਕੇਵਲ ਪਾਸਲਾ ਸੈਮੀਫਾਈਨਲ ਜਿੱਤ ਕੇ ਅੱਗੇ ਵੱਧਣਾ ਚਾਹੁੰਦੇ ਸਨ। ਸੱਤਾ ਮੁਠੱਡਾ, ਰਾਣਾ ਖੀਰਾਂਵਾਲੀ ਆਪਣੀ ਮਾਰ ’ਤੇ ਬੈਠੇ ਸਨ। ਘੋਨੇ ਨੇ ਰੇਸ਼ਮ ਜਾਸਾਰਾਏ ਨੂੰ ਬਾਹਾਂ ਦੇ ਜ਼ੋਰ ਨੰਬਰ ਲੈ ਲਿਆ । ਗੁਲਜ਼ਾਰੀ ਨੇ ਬਲਾਲ ਢਿੱਲੋਂ ਨੂੰ ਡੱਕ ਲਿਆ। ਜੱਗਾ ਸਿੰਘ ਸਰਦਾਰ ਕਮਲ ਮਾਦੋਪੁਰ ਨੂੰ ਕਹਿੰਦਾ ਕਹਾਉਂਦਾ ਜੱਫਾ ਠੋਕ ਕੇ ਚੀਕ ਚਿਹਾੜਾ ਪਵਾ ਗਿਆ। ਜੱਗੇ ਨੇ ਕਮਲ ਰੋਕਤਾ। ਗੋਪੀ ਮੰਡੀਆਂ ਨੇ ਜੱਗੇ ਬਰਨਾਲੇ ਨੂੰ ਰੋਕਿਆ। ਸਿੰਘ ਸਰਦਾਰ ਭਾਓ ਨੇ ਮਨਿੰਦਰ ਤੇ ਮੂੰਗੇ ਤੋਂ ਨੰਬਰ ਲੈ ਕੇ ਆਪਣੀ ਸਰਦਾਰੀ ਕਾਇਮ ਕਰ ਲਈ। ਕਿਉਕਿ ਜੱਫਿਆਂ ਤੋਂ ਬਿਨ੍ਹਾਂ ਕਬੱਡੀ ਕਾਹਦੀ। ਨਤੀਜਾ ਇਹ ਹੋਇਆ ਕਿ ਡੇਢ ਅੰਕ ਦੇ ਫ਼ਰਕ ਨਾਲ ਗ੍ਰੇਵਜ਼ੈਂਡ+ ਬਾਰਕਿੰਗ ਫਾਈਨਲ ਵਿੱਚ ਪਹੁੰਚ ਗਏ। ਇਸ ਮੈਚ ਵਿਚ ਜੱਗੇ ਮੂਲੇਵਾਲ ਖਹਿਰੇ ਦੀ ਝੰਡੀ ਰਹੀ। ਅੱਧੇ ਘੰਟੇ ਦੀ ਬਰੇਕ ਤੋਂ ਬਾਅਦ ਈਰਥ+ਵੂਲਿਚ ਸਾਊਥਾਲ ਦੇ ਨਾਲ ਮੁਕਾਬਲਾ ਗ੍ਰੇਵਜ਼ੈਂਡ + ਬਾਰਕਿੰਗ ਦਾ ਤਕਰੀਬਨ ਸਾਡੇ ਛੇ ਵਜੇ ਸ਼ੁਰੂ ਹੋਇਆ।

ਬ੍ਰਘਿੰਗਮ ਕੱਪ ਜਿੱਤਣ ਲਈ ਦੋਵੇਂ ਟੀਮਾਂ ਦੇ ਖਿਡਾਰੀ ਸਰੀਰ ਨੂੰ ਗਰਮਾ ਰਹੇ ਸਨ। ਪ੍ਰਬੰਧਕ ਵੀ ਦੱਸ ਰਹੇ ਸਨ। ਇਸ ਜ਼ਾਫੀ ਕੋਲੋਂ ਬੱਚ ਕੇ ਰਹਿਣਾ। ਇਹ ਰੇਡਰ ਬੜਾ ਅੱਥਰਾ ਹੈ। ਈਥਰ+ਵੂਲਿਚ ਸਾਊਥਾਲ ਦੀ ਸਾਂਝੀ ਟੀਮ ਦੇ ਧਾਵੀ ਕਰਨ ਦਿਆਲਪੁਰ, ਟਿੱਡਾ ਭੰਡਾਲ ਦੋਨਾਂ, ਹਰਜੀਤ ਚੰਡੀਗੜ੍ਹੀਆ ਅਤੇ ਰਾਜਾ ਸਨ। ਜਾਫ਼ੀ ਸਰਨਾ ਡੱਗੋਰਮਾਣੇ ਵਾਲਾ, ਸੰਦੀਪ ਰਾਮਗੜ੍ਹ, ਸੀਤਾ ਜੰਡਾਅਲੀ ਸੀ। ਬਾਰਕਿੰਗ ਗ੍ਰੇਵਜ਼ੈਂਡ ਵਲੋਂ ਜਾਫ਼ੀ ਹਰਪਾਲ ਕਾਲਵਾਂ, ਗੁਲਜ਼ਾਰੀ ਸੁੰਨੜਾਂ ਵਾਲਾ, ਨਿੰਦੀ ਮੀਦੀ ਵਾਲਾ, ਭਉਸੀਉਦੋਦ ਵਾਲਾ ਸੀ। ਧਾਵਾ ਬੋਲਣ ਲਈ ਤਿਆਰ ਸਨ ਰੇਸ਼ਮ ਜਾਸਾਰਾਏ ਵਾਲਾ, ਕਮਲ ਮਾਦੋਪੁਰ, ਸਰਨਾ ਬੜਾ ਪਿੰਡ ਆਦਿ ਸਨ। ਮੈਚ ਸ਼ੁਰੂ ਹੋ ਗਿਆ। ਦੋਵੇਂ ਪਾਸੇ ਦੇ ਰੇਡਰ ਰੁਕਦੇ ਨਹੀਂ ਸਨ। ਦਰਸ਼ਕ ਜੱਫੇ ਦੀ ਉਡੀਕ ਕਰਦੇ ਸੀ ਪਿੰਦੂ ਨੇ ਸ਼ਰਮੇ ਨੂੰ ਡੱਕ ਲਿਆ। ਸੰਦੀਪ ਨੇ ਰੇਸ਼ ਨੂੰ ਕੋਲ ਬਿਠਾ ਲਿਆ ਤੇ ਪਿੰਡ ਦਾ ਹਾਲਚਾਲ ਪੁੱਛਿਆ। ਗੁਲਜ਼ਾਰੀ ਸੁੰਨੜ ਲੱਤਾਂ ਨੂੰ ਏਦਾ ਪੈਂਦਾ ਸੀ ਜਿੱਦਾ ਭਿੰਦਾ ਮੁਠੱਡਾ ਮਾਈਕ ਨੂੰ ਪੈਂਦਾ ਆ। ਸਰਨੇ ਨੇ ਜੱਗਾ ਤੇ ਕਮਲ ਮਾਦੋ ਪੁਰ ਤੋਂ ਨੰਬਰ ਲੈ ਕੇ ਭੰਗੜੇ ਪਾ ਦਿੱਤੇ। ਹਰਪਾਲ ਕਾਲਵਾ ਨੇ ਟਿੱਡਾ ਡੱਕ ਲਿਆ। ਭਾਉ ਨੇ ਕਾਲਾ ਧੂਰ ਕੋਟ ਵਾਲਾ ਡੱਕ ਕੇ ਸਰਦਾਰੀ ਕਾਈਮ ਕੀਤੀ। ਮੈਚ ਵਿੱਚ ਗਰਮੀ, ਜੋਸ਼, ਦਲੇਰੀ ਵੇਖਣ ਨੂੰ ਮਿਲ ਰਹੀ ਸੀ 31 1/2-28 ਦੇ ਵਕਫ਼ੇ ਨਾਲ ਈਰਥ ਵੂਲਿਚ+ਸਾਊਥਾਲ ਨੇ ਸੀਜ਼ਨ ਦਾ ਪਹਿਲਾਂ ਕੱਪ ਜਿੱਤ ਲਿਆ। ਬਾਰਕਿੰਗ+ਗ੍ਰੇਵਜ਼ੈਂਡ ਦੀ ਟੀਮ ਦੂਜੇ ਨੰਬਰ ’ਤੇ ਰਹੀ। ਸੁਰਿੰਦਰ ਮਾਣਕ ਅਤੇ ਪਰਮਜੀਤ ਪੰਮੀ ਰੰਧਾਵੇ ਨੇ ਟੀਮ ਉਤੋਂ ਨੋਟਾ ਦੀ ਵਰਖਾ ਕੀਤੀ। ਸੱਤਾ ਮੁਠੱਡਾ, ਰਾਣਾ ਪੱਡਾ, ਕੁਲਵਿੰਦਰ ਸਹੋਤਾ ਪੂਰੇ ਖੁਸ਼ ਸਨ। ਇਸ ਮੈਚ ਦਾ ਬੈਸਟ ਜਾਫ਼ੀ ਸਰਨਾ ਡੱਗੋਰਮਾਣੇ ਵਾਲਾ, ਵਧੀਆ ਰੇਡਰ ਕਰਨ ਦਿਆਲਪੁਰ ਵਾਲਾ ਸੀ। ਮੈਚਾ ਦੀ ਕੁਮੈਂਟਰੀ ਭਿੰਦਾ ਮੁਠੱਡਾ ਅਤੇ ਅਮਨ ਲੋਪੋ ਨੇ ਕੀਤੀ। ਇਹਨਾਂ ਸਤਰਾਂ ਦੇ ਲੇਖਕ ਦਾ ਇਹਨਾ ਨੇ ਪੂਰਾ ਸਾਥ ਦਿੱਤਾ। ਜਤਿੰਦਰ ਬਿਲਗਾ ਨੰਬਰਾਂ ’ਤੇ ਰਿਹਾ। ਸੀਰਾ ਸੰਮੀਪੁਰ ਘੱਗੂ ਨੂੰ ਵਜਾਉਦੇ ਰਹੇ। ਸੀਰਾ ਸ਼ੰਕਰੀਆ ਦੇ ਸਪੀਕਰ ਧੂੜਾ ਪੱਟਦੇ ਰਹੇ।

ਅਖ਼ੀਰ ਵਿੱਚ ਆਖ ਸਕਦੇ ਹਾਂ ਕਿ ਮੇਲਾ ਪੂਰੀ ਤਰ੍ਹਾਂ ਕਾਮਯਾਬ ਰਿਹਾ। ਜੀ.ਐਨ.ਜੀ. ਕਬੱਡੀ ਕਲੱਬ ਦੇ ਪ੍ਰਧਾਨ ਹਰਨੇਕ ਨੇਕਾ ਮੈਰੀਪੁਰ, ਸੁਰਜੀਤ ਸਿੰਘ ਪੁਰੇਵਾਲ, ਸੁਖਦੇਵ ਸਿੰਘ ਸਿੱਧੂ, ਬਲਵਿੰਦਰ ਦੂਲੇ, ਮਨਜੀਤ ਸਿੱਧੂ, ਪਿੰਦੂ ਜੌਹਲ ਬਾਕੀ ਸਾਰੇ ਕਮੇਟੀ ਮੈਂਬਰ ਵਧਾਈ ਦੇ ਹੱਕਦਾਰ ਹਨ। ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸ. ਜਤਿੰਦਰ ਸਿੰਘ, ਜਨਰਲ ਸਕੱਤਰ ਬੀਬੀ ਪ੍ਰਵਿੰਦਰ ਕੌਰ, ਖਜ਼ਾਨਚੀ ਤਰਸੇਮ ਸਿੰਘ ਛੋਕਰ, ਖੇਡ ਮੈਨੇਜਰ ਸ. ਹਮਰਾਜ ਸਿੰਘ ਸ਼ੇਰਗਿੱਲ, ਬਾਕੀ ਮੈਂਬਰ ਸਾਹਿਬਾਨ ਨੂੰ ਟੂਰਨਾਮੈਂਟ ਦੀ ਕਾਮਯਾਬੀ ਲਈ ਲੱਖ-ਲੱਖ ਵਧਾਈਆ। ਕੈਨਕ ਰੋਡ ਗੁਰੂਘਰ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ ਦਾ ਕਮੇਟੀ ਵਲੋਂ ਬਹੁਤ-ਬਹੁਤ ਧੰਨਵਾਦ ਕੀਤਾ ਗਿਆ। ਸੰਦੀਪ ਨੰਗਲ ਅੰਬੀਆਂ ਅਤੇ ਮਹਿੰਦਰ ਸਿੰਘ ਮੌੜ ਨੂੰ ਸ਼ਰਧਾਂਜਲੀ ਦਿੱਤੀ ਗਈ।

ਰਿਪੋਰਟਰ – ਸੰਤੋਖ ਸਿੰਘ ਢੇਸੀ ਸੰਗ ਢੇਸੀਆਂ

ਐਮ.ਏ. ਡੀ.ਪੀ.ਐੱਡ

‘ਜਿੱਥੇ ਵੀ ਗਈ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਪੁੱਤਾਂ ਵਾਗੂੰ ਕਰਨ ਪੰਜਾਬੀ ਪਿਆਰ ਕਬੱਡੀ ਨੂੰ’’

ਈਰਥ ਟੂਰਨਾਮੈਂਟ ’ਤੇ ਸਾਨ੍ਹਾਂ ਦੇ ਜ਼ਬਰਦਸਤ ਭੇੜ ਹੋਏ

ਇੰਗਲੈਂਡ ਵਿੱਚ ਕਬੱਡੀ ਦੇ ਸੀਜ਼ਨ ਵਿਚ ਨਵੇਂ-ਨਵੇਂ ਖਿਡਾਰੀ ਪੰਜਾਬ ਤੋਂ ਗੋਰਿਆਂ ਦੇ ਦੇਸ਼ ਪਹੁੰਚ ਰਹੇ ਹਨ। ਜਿੱਥੇ ਵੀ ਕਿਤੇ ਢਾਣੀ ਜੁੜਦੀ ਆ ਉਥੇ ਬੱਸ ਕਬੱਡੀ ਖੇਡ ਦੀਆਂ ਗੱਲਾ ਚੱਲਦੀਆਂ ਹਨ। ਕੋਈ ਕਹਿੰਦਾ ਚਿਸ਼ਤੀ ਮੇਲੇ ਲੁੱਟੀ ਜਾਂਦਾ ਆ। ਕੋਈ ਕਹਿੰਦਾ ਬਦੇਸ਼ਾ ਰੋਕਣਾ ਸੋਖਾ ਨਹੀਂ। ਮਨੀ ਧਨੋਰੀ ਦੇ ਹੱਥ ਕਰੜੇ ਨੇ। ਯਾਦਾ ਸੁਰਖਪੁਰ ਸਰਪੰਚ ਕਬੱਡੀ ਦੀ ਹਿੱਕ ਦੇ ਜ਼ੋਰ ਫੈਸਲੇ ਕਰਦਾ ਆ। ਬੁਲੱਟ ਖੀਰਾਂ ਵਾਲੀ, ਜੋਤਾ, ਟਿੱਡਾ ਵੀ ਧੂੜਾਂ ਪੱਟੀ ਜਾਂਦੇ ਹਨ। ਕਈ ਆਖਦੇ ਨੇ ਸੋਹਣ ਰੁੜਕੀ ਦੀ ਕੈਂਚੀ ਇਸ ਟੂਰਨਾਮੈਂਟ ’ਤੇ ਆਪਣੇ ਜੌਹਰ ਨਹੀਂ ਵਿਖਾ ਸਕੀ। ਕਈ ਆਖਦੇ ਯਾਰ ਮੁੰਡਿਆਂ ਦੇ ਸਰੀਰ ਚੰਡੇ ਪਏ ਆ ਲੱਗਦਾ ਨਹੀਂ ਇਹ ਨਸ਼ਾ ਕਰਕੇ ਖੇਡਦੇ ਹੋਣਗੇ। ਸਾਹਨਾ ਦੇ ਭੇੜ ਵੇਖਕੇ ਕਹਿੰਦੇ ਸੁਆਦ ਆਈ ਜਾਂਦਾ ਹੈ। ਪਰ ਕਬੱਡੀ ਵਿੱਚ ਕਦੇ-ਕਦੇ ਅਨੁਸਾਸ਼ਨ ਦੀ ਘਾਟ ਰੜਕਦੀ ਆ ਜੋ ਦਰਸ਼ਕਾਂ ਦਾ ਸੁਆਦ ਕਿਰਕਿਰਾ ਕਰ ਦਿੰਦੀ ਹੈ।

ਸੁਰਿੰਦਰ ਮਾਣਕ ਦੇ ਚਰਚੇ ਪੂਰੇ ਇੰਗਲੈਂਡ ਵਿੱਚ ਹੁੰਦੇ ਹਨ ਕਿ ਉਸਨੇ ਫੈਡਰੇਸ਼ਨ ਨਾਲ ਮਿਲਕੇ ਨਸ਼ਾ ਰਹਿਤ ਕਬੱਡੀ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਹੈ। 24 ਜੁਲਾਈ ਨੂੰ ਸਟੇਡੀਅਮ ਵਿੱਚ ਕਬੱਡੀ ਕਰਵਾ ਕੇ ਕਬੱਡੀ ਖੇਡ ਦਾ ਰੁਤਬਾ ਹੋਰ ਵੀ ਉੱਚਾ ਕਰ ਦਿੱਤਾ। ਉਸਨੇ ਮਾਈਕ ’ਤੇ ਸੰਬੋਧਨ ਕਰਦਿਆਂ ਆਖਿਆ ਕਿ ਇਸ ਸਟੇਡੀਅਮ ਵਿੱਚ ਲਹਿੰਬਰ ਸਿੰਘ ਕੰਗ ਨੇ ਵੀ ਵਰਲਡ ਕੱਪ ਕਰਵਾਇਆ ਸੀ। ਗਰਾਊਂਡ ਏਨੀ ਵਧੀਆ ਸੀ ਕੇ ਜਿਸ ਤਰ੍ਹਾਂ ਹਵੇਲੀ ਵਿੱਚ ਕਾਰਪਿਟ ਵਿਛਾਇਆ ਹੋਵੇ। ਸੁਰਿੰਦਰ ਮਾਣਕ ਤੋਂ ਚਾਅ ਸਾਂਭੇ ਨਹੀਂ ਜਾਂਦੇ ਸਨ। ਟੀਮ ਭਾਵੇਂ ਪਹੁੰਚ ਗਈ ਸੀ। ਪਰ ਇੱਕ ਖਿਡਾਰੀ ਕਹਿੰਦੇ ਵਾਅਦਾ ਕਰਕੇ ਕਨੇਡਾ ਚਲੇ ਗਿਆ। ਫੈਡਰੇਸ਼ਨ ਨੂੰ ਉਸ ਖਿਡਾਰੀ ’ਤੇ ਐਕਸ਼ਨ ਲੈਣਾ ਚਾਹੀਦਾ ਹੈ। ਨਹੀਂ ਤਾਂ ਮਾਣਕ ਦੀ ਚੌਣ ਧੜੱਲੇਦਾਰ ਸੀ। ਖੜੇ ਪੈਰ ਲੋਕਲ ਐਮ.ਪੀ ਦੀ ਸਹਾਇਤਾ ਨਾਲ ਖਿਡਾਰੀ ਮੰਗਵਾ ਕੇ ਮੈਚ ਖਿਡਾ ਕੇ ਦੱਸ ਦਿੱਤਾ ਕੇ ਮਾਣਕ ਕਬੱਡੀ ਨੂੰ ਕਿੰਨਾ ਪਿਆਰ ਕਰਦਾ ਹੈ।

ਅਰਦਾਸ ਕਰਨ ਤੋਂ ਬਾਅਦ ਲੈਸਟਰ ਤੇ ਬ੍ਰਮਿੰਘਮ, ਕੇ.ਸੀ. ਅਤੇ ਕਾਵੈਂਟਰੀ ਗਰਾਊਂਡ ਵਿੱਚ ਪਹੁੰਚ ਗਈਆਂ ਸਨ। ਮਨਜਿੰਦਰ ਸਰਾਂ ਤਜ਼ਰਬੇ ਦੇ ਅਧਾਰ ’ਤੇ ਆਪਣੀ ਕੌਡੀ ਪਾਈ ਜਾਂਦਾ ਸੀ। ਜੱਗਾ ਮੂਲੇ ਖਹਿਰਾ, ਦਾਲੀ ਵੀ ਪੂਰੀ ਕੋਸ਼ਿਸ਼ ਕਰਦੇ ਸਨ। ਪਰ ਬਦੇਸ਼ਾ, ਜੱਗੀ ਮੋਲੀ, ਮਾਲਾ ਰੁਕਦੇ ਨਹੀਂ ਸਨ। ਨੰਬਰਾਂ ਦਾ ਵੀ ਕਾਫ਼ੀ ਵਕਫ਼ਾ ਸੀ ਅਤੇ ਦਰਸ਼ਕ ਵੀ ਸਮਝ ਗਏ ਸਨ ਕਿ ਲੈਸਟਰ ਬ੍ਰਮਿੰਘਮ ਕੇ.ਸੀ. ਅਸਾਨੀ ਨਾਲ ਮੈਚ ਜਿੱਤ ਜਾਵੇਗੀ। ਸ਼ਾਮਾ ਲੱਖਾ, ਨਵੀ ਦੇ ਜੱਫਿਆਂ ਨੇ ਪੰਦਰਾਂ ਅੰਕਾਂ ਦੇ ਫ਼ਰਕ ਨਾਲ ਕਾਵੈਂਟਰੀ ਨੂੰ ਹਰਾ ਕਿ ਅੱਗੇ ਵੱਧ ਗਏ ਸਨ। ਗ੍ਰੇਵਜ਼ੈਂਡ+ਬਾਰਕਿੰਗ ਦਾ ਮੁਕਾਬਲਾ ਟੈਲਫੋਰਡ ਨਾਲ ਹੋਇਆ ਸੀ। ਟੈਲਫੋਰਡ ਦੀ ਟੀਮ ਇਸ ਟੀਮ ਨਾਲ ਮੁਕਾਬਲਾ ਨਹੀਂ ਕਰ ਸਕਦੀ ਸੀ। ਰੇਸ਼ਮ ਜਸਰਾਏ, ਸ਼ਰਮਾ ਬੜਾ ਪਿੰਡ, ਗੁਲਜ਼ਾਰੀ ਸੁੰਨੜ ਸਟਾਰ ਖਿਡਾਰੀ ਸਨ। 46-18 ਦਾ ਵੱਡਾ ਅੰਤਰ ਹੋਏ ਤਾਂ ਦਰਸ਼ਕਾਂ ਦਾ ਸੁਆਦ ਵੀ ਫਿੱਕਾ ਪੈ ਜਾਂਦਾ ਹੈ।

ਹੇਜ਼ ਵਲੋਂ ਸਿੰਕਦਰ ਮਾੜੀ, ਜੱਸਾ ਭੜੀਵੜੈਚ, ਅਮਨ ਲੁਹਾਰ, ਹਰਮਨ ਘੋਲੀਆ ਖਿਡਾਰੀ ਤਾਂ ਚੜ੍ਹਦੀ ਉਮਰ ਦੇ ਹਨ ਪਰ ਦੂਸਰੇ ਪਾਸੇ ਹਰਮਨ ਬੁੱਲਟ, ਜੋਤਾ ਮਹਿਮਦ ਵਾਲਾ, ਯਾਦੇ ਸਰਪੰਚ ਤਾਂ ਤੁਫ਼ਾਨ ਨੂੰ ਡੱਕਣ ਦਾ ਹੌਸਲਾ ਰੱਖਦਾ ਹੈ। ਨੰਬਰਾਂ ਦਾ ਹੱਦੋ ਵੱਧ ਫ਼ਰਕ ਸੀ। ਹੇਜ਼ ਨੂੰ ਇਥੇ ਹੀ ਗੱਡੀ ਖੜ੍ਹੀ ਕਰਕੇ ਅਰਾਮ ਕਰਨਾ ਪੈ ਗਿਆ। ਚੌਥਾ ਮੈਚ ਸਲੋਹ ਅਤੇ ਈਰਥ+ਵੂਲਿਚ ਸਾਊਥਾਲ ਦੀਆਂ ਟੀਮਾਂ ਵਿਚਕਾਰ ਬੜਾ ਜ਼ਬਰਦਸਤ ਹੋਇਆ। ਈਰਥ ਸਾਊਥਾਲ ਕਬੱਡੀ ਕਲੱਬ ਦੇ ਖਿਡਾਰੀ ਸਿੱਧੇ ਏਅਰਪੋਰਟ ਤੋਂ ਗਰਾਊਂਡ ਵਿੱਚ ਪਹੁੰਚੇ ਸਨ। ਕਰਨਾ, ਟਿੱਡਾ, ਹਰਜੀਤ, ਰਾਜਾ, ਸਰਨਾ, ਸੀਤਾ ਨੇ ਵਧੀਆ ਖੇਡ ਵਿਖਾਈ। ਸੀਤਾ ਚਿਸ਼ਤੀ ਨਾਲ ਕਈ ਵਾਰੀ ਮਿਹਣੋ ਮਿਹਣੀ ਹੋਇਆ। ਮਾਣਕ ਨੂੰ ਭੂਰੀ ਛੰਨਾ ਵਾਲਾ ਲਾਰਾ ਲਾ ਕੇ ਕਨੇਡਾ ਪਹੁੰਚ ਗਿਆ। ਪਰ ਸਲੋਹ ਨੂੰ ਫਸਵੀਂ ਟੱਕਰ ਦਿੱਤੀ। ਈਰਥ+ਸਾਊਥਾਲ ਫਾਈਨਲ ਵਿੱਚ ਪਹੁੰਚਣ ਦਾ ਦਮ ਰੱਖਦੀ ਆ। ਪਹਿਲੇ ਸੈਮੀਫਾਈਨਲ ਵਿੱਚ ਲੱਖਾ ਢੰਡੋਰੀ, ਨਵੀ, ਚਾਰ ਜੱਫੇ ਕੱਢ ਗਏ। ਪਰ ਰਣਜੀਤ ਢੰਡੇ ਦੀ ਟੀਮ ਵਿੱਚ ਸੁਪਰਸਟਾਰ ਖਿਡਾਰੀ ਸਨ। ਜਿਸ ਕਰਕੇ ਲੈਸਟਰ ਦਾ ਫਾਈਨਲ ਖੇਡਣ ਦਾ ਸੁਪਨਾ ਅਧੂਰਾ ਰਹਿ ਗਿਆ। ਪਿਆਰਾ ਰੰਧਾਵਾ ਸੱਤਰ ਸਾਲ ਦਾ ਹੋ ਕੇ ਵੀ ਤੂਫ਼ਾਨਾਂ ਨਾਲ ਟਕਰਾਉਣ ਦਾ ਹੌਸਲਾ ਰੱਖਦਾ ਹੈ।

ਦੂਸਰਾ ਸੈਮੀਫਾਈਨਲ ਮੈਚ ਕਾਫ਼ੀ ਤੱਤਾ ਸੀ। ਗ੍ਰੇਵਜ਼ੈਂਡ+ਬਾਰਕਿੰਗ ਵਲੋਂ ਸੱਤਾ ਮੁਠੱਡਾ ਟੀਮ ਖਿਡਾਉਣ ਵਿੱਚ ਕਾਫ਼ੀ ਮਾਹਿਰ ਹੈ। ਸ਼ੀਰਾ ਸੰਮੀਪੁਰੀਆ ਬਾਬੇ ਦਾ ਵੀ ਤਜ਼ਰਬਾ ਤੂਫ਼ਾਨਾਂ ਦੇ ਮੂੰਹ ਮੋੜ ਦਿੰਦਾ ਹੈ। ਸਲੋਹ ਵਲੋਂ ਜਾਫੀ ਜੱਗੂ ਹਾਕਮਵਾਲੀਆ, ਮਨੀ ਧਨੋਰੀ, ਲੰਬੜ, ਭਿੰਦਾ ਮੂਲੇਵਾਲ ਖਹਿਰਾ, ਹਰਮਨ ਵਡਾਲਾ ਸਨ। ਰੇਡਰ ਸਫੀਕ ਚਿਸ਼ਤੀ, ਮਨਜੋਤ ਮਾਛੀਵਾੜਾ, ਮੋਹਿਤ ਸਨ। ਗ੍ਰੇਵਜ਼ੈਂਡ+ਬਾਰਕਿੰਗ ਹਰਪਾਲ ਕਾਲਵਾਂ, ਭਾਊ ਸੀਹਦੋਦ, ਗੁਲਜ਼ਾਰੀ ਸੁੰਨੜ, ਨਿੰਦੀ ਹਮੀਦੀ ਸਨ। ਰੇਡਰ ਜੱਗਾ ਮਲਸੀਆਂ, ਸਰਨਾ ਬੜਾ ਪਿੰਡ, ਕਮਲ ਮਾਦੋਪੁਰ, ਰੇਸ਼ਮ ਜਸਰਾਏ ਸਨ। ਸਲੋਹ ਵਲੋਂ ਚਿਸ਼ਤੀ, ਮਨਜੋਤ, ਮੋਹਿਤ ਰੁਕਦੇ ਨਹੀਂ ਸਨ। ਰੇਸ਼ਮ ਜਸਰਾਏ, ਕਮਲ ਮਾਦੋਪੁਰ, ਸਰਗਾ ਵੀ ਡੱਟ-ਡੱਟ ਕੋਡੀਆਂ ਪਾਉਦੇ ਸਨ। ਚੌਥੀ ਰੇਡ ਜੱਗੂ ਨੇ ਅਤੇ ਨੋਵੀ ਰੇਡ ’ਤੇ ਮਨੀ ਨੇ ਜੱਫੇ ਠੋਕ ਦਿੱਤੇ। ਦੂਸਰੇ ਪਾਸੇ ਭਾਊ ਨੇ ਦੋ ਸੋ ਪੌਂਡ ਦਾ ਜੱਫਾ ਠੋਕ ਦਿੱਤਾ। ਗੁਲਜ਼ਾਰੀ ਸੁੰਨੜ ਨੇ ਚਿਸ਼ਤੀ ਨੂੰ 7 ਸੌ ਪੌਂਡ ਦਾ ਜੱਫਾ ਲਾ ਕੇ ਦੁਨੀਆਂ ਨੱਚਣ ਲਾ ਦਿੱਤੀ। ਅੱਧੇ ਸਮੇਂ ਤੱਕ ਮਨੀ ਧਨੋਰੀ, ਲੰਬੜ ਜੱਗੂ ਨੇ ਕਮਲ, ਸ਼ਰਮਾ, ਜੱਗੇ ਨੂੰ ਡੱਕ ਕੇ ਛੇ ਅੰਕਾਂ ਦਾ ਫ਼ਰਕ ਪਾ ਦਿੱਤਾ ਸੀ। ਸਲੋਹ ਦੇ ਜਾਫੀਆਂ ਨੇ ਹਨੇਰੀ ਲਿਆ ਦਿੱਤੀ। 28-38 ਦੇ ਵੱਡੇ ਅੰਤਰ ਨਾਲ ਸਲੋਹ ਫਾਈਨਲ ਵਿੱਚ ਪਹੁੰਚ ਗਏ। ਪਰ ਇਸ ਮੈਚ ਨੇ ਸਾਰੇ ਹੀ ਦੁੱਖ ਤੋੜ ਦਿੱਤੇ।

ਫਾਈਨਲ ਮੈਚ ਖੇਡਣ ਲਈ ਸਲੋਹ ਰੈਡਿੰਗ ਡੋਰਨੀ ਖੇਡਣ ਲਈ ਜਦ ਗਰਾਊਂਡ ਵਿੱਚ ਪਹੁੰਚੇ ਤਾਂ ਦਰਸ਼ਕਾਂ ਨੇ ਗਰਮ ਜੋਸ਼ੀ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਭਿੰਦਾ ਮੁਠੱਡਾ ਅਤੇ ਅਮਨ ਲੋਪੋ ਮਾਈਕ ਦੀਆਂ ਬੈਟਰੀਆਂ ਚੈਕ ਕਰ ਰਹੇ ਸਨ। ਰੈਡਿੰਗ ਡੋਰਨੀ ਵੈਲਵੇਅਰ ਦੀ ਟੀਮ ਵਿੱਚ ਯਾਦਾ ਸੁਰਖਪੁਰੀਆ ਸ਼ਾਮਿਲ ਹੋ ਗਿਆ ਸੀ। ਜਿਸ ਕਰਕੇ ਟੀਮ ਮਜ਼ਬੂਤ ਹੋ ਗਈ ਸੀ। ਸਲੋਹ ਵਲੋਂ ਜਦੋਂ ਚਿਸ਼ਤੀ ਰੇਡ ’ਤੇ ਗਿਆ ਤਾਂ ਯਾਦੇ ਸਰਪੰਚ ਨੇ ਪਹਿਲਾਂ ਹੀ ਜੱਫਾ ਠੋਕ ਦਿੱਤਾ। ਮਨੀ ਨੇ ਮੋਹਿਤ ਰੋਕ ਲਿਆ। ਬੁੱਲਟ ਖੀਰਾਂ ਵਾਲੀ ਲੋਟ ਨਹੀਂ ਸੀ ਆਉਦਾ। ਲਵਲੀ ਵੀ ਜੱਫੇ ਠੋਕੀ ਜਾਂਦਾ ਸੀ। ਯਾਦੇ ਸੁਰਖਪੁਰੀਏ ਦੀ ਪੂਰੀ ਚੜ੍ਹਤ ਸੀ। ਮਨੀ ਧਨੋਰੀ ਨੇ ਆਖਰ ਬੁੱਲਟ ਨੂੰ ਡੱਕ ਕੇ ਆਪਣਾ ਲੋਹਾ ਮੰਨਵਾ ਹੀ ਦਿੱਤਾ। ਪਰ ਬੁੱਲਟ ਨੇ ਮੇਲਾ ਲੁੱਟਿਆ। ਮਨਜੋਤ ਦੀ ਆਪਣੀ ਵੱਖਰੀ ਪਛਾਣ ਹੈ। ਜੱਗੂ ਹਾਕਮਵਾਲੀਆ ਕੋਈ ਖਾਸ ਕ੍ਰਿਸ਼ਮਾ ਨਹੀਂ ਵਿਖਾ ਸਕਿਆ। 38-45 ਦੇ ਫ਼ਰਕ ਨਾਲ ਰਣਜੀਤ ਢੰਡਾ ਕੱਪ ਜਿੱਤ ਗਿਆ। ਸਲੋਹ ਦੀ ਟੀਮ ਦੂਜੇ ਨੰਬਰ ’ਤੇ ਰਹੀ। ਗੋਲਡੀ ਸੰਧੂ ਅਤੇ ਰੇਸ਼ਮ ਸਿੰਘ ਡੇਹਲ ਖਾਸ ਤੌਰ ’ਤੇ ਇਹ ਮੈਚ ਵੇਖਣ ਪਹੁੰਚੇ ਸਨ। ਇਸ ਟੂਰਨਾਮੈਂਟ ’ਤੇ ਰਾਜਨ ਪਤਾਰੇ ਨੇ ਕਾਮਯਾਬ 9 ਰੇਡਾਂ ਪਾ ਕੇ ਬੱਲੇ-ਬੱਲੇ ਕਰਵਾਈ।

ਇਥੋਂ ਦੇ ਜੰਮਪਲ ਨੌਜਵਾਨਾਂ ਦਾ ਖਾਸ ਤੌਰ ’ਤੇ ਇੱਕ ਮੈਚ ਕਰਵਾਇਆ ਗਿਆ। ਜੈਲੇ ਹੁਸ਼ਿਆਰਪੁਰ ਦੇ ਬੇਟੇ ਰਨਦੀਪ ਨੇ ਧੱਕੜ ਕੋਡੀਆਂ ਪਾਈਆਂ। ਬੱਲ, ਜੈਜ, ਗੋਪੀ ਵਧੀਆ ਖੇਡੇ ਸਨ। ਬੰਸੇ ਦੇ ਪੋਤਿਆ ਨੇ ਵੀ ਕਮਾਲ ਕਰ ਦਿੱਤੀ। ਐਮ.ਪੀ. ਤਨ ਢੇਸੀ ਅਤੇ ਲੋਕਲ ਐਮ.ਪੀ. ਬਾਈਨਾ, ਰਾਜਵੀਰ ਮਾਣਕ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਨਾਮਾ ਦੀ ਵੰਡ ਸੁਰਿੰਦਰ ਮਾਣਕ, ਰਾਜਵੀਰ ਮਾਣਕ, ਜਸਵਿੰਦਰ ਘੁੰਮਣ ਨੇ ਕੀਤੀ। ਮੇਲਾ ਪੂਰੀ ਤਰ੍ਹਾਂ ਕਾਮਯਾਬ ਰਿਹਾ। ਪ੍ਰਬੰਧ ਬਹੁਤ ਹੀ ਵਧੀਆ ਸੀ। ਬਲਜੀਤ ਸਿੰਘ, ਲਾਲਾ ਬਿਲਗਾ, ਸੁੱਚਾ ਥਿੰਦ, ਜਤਿੰਦਰ ਬਿਲਗਾ, ਧਿਆਨਾ ਨੇ ਕਲੱਬ ਦਾ ਪੂਰਾ ਸਾਥ ਦਿੱਤਾ। ਬਿੰਦਰ ਫ਼ਿਰੋਜ਼ਪੁਰ, ਪੰਮੀ ਰੰਧਾਵਾ, ਟੈਹਲਾ ਸੰਧਵਾਂ, ਰਾਜਾ ਕੰਗ, ਹਰਮਿੰਦਰ ਗਿੱਲ, ਦਵਿੰਦਰ ਪਤਾਰਾ, ਪਾਲਾ ਸਹੋਤਾ, ਲਹਿੰਬਰ ਸਿੰਘ ਲੱਧੜ ਖਾਸ ਤੌਰ ’ਤੇ ਮੇਲਾ ਵੇਖਣ ਪਹੁੰਚੇ। ਅਮਨ ਲੋਪੋ ਅਤੇ ਭਿੰਦੇ ਮੁਠੱਡੇ ਨੇ ਕੁਮੈਂਟਰੀ ਵਾਲੇ ਵੱਟ ਕੱਢ ਦਿੱਤੇ। ਆਉਣ ਵਾਲੇ ਐਤਵਾਰ ਬ੍ਰਮਿੰਘਮ ਦੇ ਟੂਰਨਾਮੈਂਟ ’ਤੇ ਮਿਲਦੇ ਆ ਜਿਹੜਾ ਕੇ ਕੈਨਕ ਰੋਡ ਵੁਲਵਰਹੈਂਪਟਨ ਗੁਰੂਘਰ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ ਹੈ। ਉਥੇ ਵੀ ਬੜੇ ਫਸਵੇਂ ਮੈਚ ਹੋਣੇ ਹਨ। ਗ੍ਰੇਵਜ਼ੈਂਡ+ਬਾਰਕਿੰਗ ਨਾਲ ਸਲੋਹ ਦਾ ਮੈਚ ਸਿਰੇ ਦਾ ਹੋਵੇਗਾ। ਰੈਡਿੰਗ ਨਾਲ ਸਲੋਹ ਵਾਲਾ ਮੈਚ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦੇਵੇਗਾ। ਪਰ ਰਣਜੀਤ ਢੰਡੇ ਨੂੰ ਹਰਾਉਣਾ ਬਹੁਤ ਮੁਸ਼ਕਲ ਲੱਗਦਾ ਆ। ਦੇਖੋ ਕਿਹੜਾ ਸੂਰਮਾ ਟੱਕਰ ਲੈਂਦਾ ਆ।

ਹੇਜ਼ ਅਤੇ ਰੈਡਿੰਗ ਡੋਰਨੀ ਦੇ ਮੁਕਾਬਲੇ ਸਮੇਂ ਜਿਹੜਾ ਕਲੱਬ ਦੇ ਨਾ ’ਤੇ ਰੋਲਾ ਪਿਆ ਸੀ ਉਹ ਠੀਕ ਨਹੀਂ ਸੀ। ਇਸਦਾ ਫੈਸਲਾ ਪਹਿਲਾ ਕਰਨਾ ਚਾਹੀਦਾ ਸੀ। ਰੈਡਿੰਗ ਡੋਰਨੀ ਨਾਲ ਵੈਲਵੀਡਰ ਈਰਥ ਜੋੜਨਾ ਚਾਹੁੰਦੇ ਸੀ। ਆਉਦੇ ਟੂਰਨਾਮੈਂਟ ’ਤੇ ਇਸਦਾ ਸਹੀ ਜੋ ਵੀ ਨਾ ਹੈ ਫੈਡਰੇਸ਼ਨ ਨੂੰ ਐਲਾਨ ਕਰ ਦੇਣਾ ਚਾਹੀਦਾ ਹੈ। ਦਰਸ਼ਕ ਸਿਰਫ਼ ਕਬੱਡੀ ਵੇਖਣਾ ਚਾਹੁੰਦੇ ਹਨ। ਕਿਉਕਿ ਸੱਤੇ ਮੁਠੱਡੇ ਨੇ ਮਾਈਕ ’ਤੇ ਕਬੱਡੀ ਮੈਚ ਤਾਂ ਸ਼ੁਰੂ ਕਰਵਾ ਦਿੱਤਾ ਸੀ। ਨਾਲ ਇਹ ਵੀ ਕਿਹਾ ਸੀ ਇਸਦਾ ਫੈਸਲਾ ਬਾਅਦ ਵਿੱਚ ਹੋਵੇਗਾ। ਅਸੀਂ ਨਹੀਂ ਚਾਹੁੰਦੇ ਕਿ ਕਲੱਬਾਂ ਵਿੱਚ ਵੈਰ ਵਿਰੋਧ ਵਧੇ ਅਤੇ ਕਬੱਡੀ ਬਦਨਾਮ ਹੋਵੇ। ਪਰ ਇੱਕ ਗੱਲ ਸਾਹਮਣੇ ਜ਼ਰੂਰ ਆਈ ਹੈ ਕਿ ਜਦੋਂ ਦੋ ਦੋ ਟਾਊਨਾਂ ਨੇ ਰਲਕੇ ਟੀਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ ਉਦੋਂ ਦਾ ਟਾਊਨਾਂ ਵਿੱਚ ਆਪਸੀ ਮੇਲਾ ਮਿਲਾਪ ਘਟਦਾ ਜਾਂਦਾ ਹੈ। ਸੁਰਿੰਦਰ ਮਾਣਕ, ਰਣਜੀਤ ਢੰਡਾ, ਕੁਲਵੰਤ ਸੰਘਾ, ਪਾਲਾ ਸਹੋਤਾ ਬੜਾ ਪਿੰਡ, ਹਰਨੇਕ ਨੇਕਾ ਮੈਰੀਪੁਰ, ਪਿੰਕੀ ਢਿੱਲੋਂ ਇਹਨਾਂ ਨੇ ਬੜੀ ਮਿਹਨਤ ਕਰਕੇ ਮੁੜ ਕਬੱਡੀ ਜਿੰਦਾ ਕੀਤੀ ਹੈ। ਇਹਨਾਂ ਦਾ ਸਾਥ ਦਿਓ।

ਰੱਬ ਰਾਖਾ।

ਰਿਪੋਰਟਰ – ਸੰਤੋਖ ਸਿੰਘ ਢੇਸੀ ਸੰਗ ਢੇਸੀਆਂ

ਐਮ.ਏ. ਡੀ.ਪੀ.ਐੱਡ

ਇੰਗਲੈਂਡ ਵਿੱਚ ਕਬੱਡੀ ਮੇਲੇ ਲੱਗਣੇ ਸ਼ੁਰੂ

ਕਾਵੈਂਟਰੀ ਵਿਖੇ ਹੇਜ਼, ਰੈਡਿੰਗ ਡੋਰਨੀ ਫਾਈਨਲ ਵਿੱਚ ਖੇਡੇ।

ਬੜੇ ਲੰਬੇ ਅਰਸੇ ਬਾਅਦ ਇੰਗਲੈਂਡ ਦੀਆਂ ਗਰਾਊਂਡਾਂ ਵਿੱਚ ਮੁੜ ਰੌਣਕਾਂ ਪਰਤ ਆਈਆਂ ਹਨ। ਕਬੱਡੀ ਖੇਡ ਪ੍ਰੇਮੀਆਂ ਤੋਂ ਚਾਅ ਸੰਭਾਲੇ ਨਹੀਂ ਜਾਂਦੇ। ਆਉਣ ਵਾਲੇ ਸੰਡੇ ਦੀਆਂ ਛੁੱਟੀਆਂ ਬੁੱਕ ਕਰ ਲਈਆਂ ਜਾਂਦੀਆਂ ਹਨ। ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਬਹੁਤ ਜੱਦੋ-ਜਹਿਦ ਕੀਤੀ ਤਾਂ ਜਾ ਕੇ ਖਿਡਾਰੀਆਂ ਦੇ ਵੀਜ਼ੇ ਲੱਗਣੇ ਸ਼ੁਰੂ ਹੋਏ ਹਨ ਅਤੇ ਤਕਰੀਬਨ ਸਾਰੇ ਹੀ ਕੱਬਡੀ ਖਿਡਾਰੀ ਈਰਥ+ਵੂਲਿਚ ਦੇ ਖੇਡ ਮੇਲੇ ’ਤੇ ਪਹੁੰਚ ਜਾਣਗੇ। ਕਬੱਡੀ ਖੇਡ ਪੰਜਾਬੀਆਂ ਦੇ ਖੂਨ ਵਿੱਚ ਸਮਾਈ ਹੋਈ ਹੈ। ਇਸਦਾ ਨਾ ਸੁਣਦੇ ਹੀ ਖੂਨ ਖੋਲਣ ਲੱਗ ਪੈਂਦਾ ਹੈ, ਡੋਲੇ ਫਰਕਦੇ ਨੇ, ਸਰੀਰ ਉੱਡਜੂ-ਉੱਡਜੂ ਕਰਨ ਲੱਗ ਪੈਂਦਾ ਹੈ। ਕਬੱਡੀ ਖੇਡ ਏਨੀ ਜੋਸ਼ੀਲੀ ਹੈ ਕਿ ਨੌਜਵਾਨਾਂ ਦੇ ਭੇੜ ਵੇਖਕੇ ਬੰਦਾ ਘਰ ਜਾ ਕੇ ਵੀ ਬੈਠਕਾਂ ਮਾਰਨ ਲੱਗ ਪੈਂਦਾ ਹੈ।

ਪਿਛਲੇ ਹਫ਼ਤੇ 17 ਜੁਲਾਈ ਦਿਨ ਐਤਵਾਰ ਨੂੰ ਕਾਵੈਂਟਰੀ ਏਸ਼ੀਅਨ ਸਪੋਰਟਸ ਫੈਡਰੇਸ਼ਨ ਵਲੋਂ 56ਵਾਂ ਸ਼ਹੀਦ ੳੂਧਮ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਕਬੱਡੀ ਕੱਪ ਜਿੱਤਣ ਲਈ ਅੱਠ ਕਬੱਡੀ ਕਲੱਬਾਂ ਨੇ ਭਾਗ ਲਿਆ। ਸੂਰਜ ਦੇਵਤਾ ਪਸੀਨੇ ਪਸੀਨੀ ਹੋਇਆ ਫਿਰਦਾ ਸੀ। ਗੱਭਰੂਆਂ ਦੇ ਜੌਹਰ ਵੇਖਣ ਨੂੰ ਉਹ ਵੀ ਕਾਹਲਾ ਸੀ। ਸ਼ਾਹਵੇਲਾ ਖਾ ਕੇ ਦਰਸ਼ਕ ਵੀ ਆਉਣੇ ਸ਼ੁਰੂ ਹੋ ਗਏ ਸਨ। ਅਮਰੀਸ਼ ਪੁਰੀ ਵਾਂਗ ਟੋਪੀ ਪਾ ਕੇ ਸਤਨਾਮ ਗਿੱਲ ਗੇਟ ’ਤੇ ਜੀ ਆਇਆ ਆਖ ਰਿਹਾ ਸੀ। ਫੈਡਰੇਸ਼ਨ ਦੇ ਨੁਮਾਇੰਦੇ ਵੀ ਆਪੋਂ ਆਪਣੀਆਂ ਡਿਊਟੀਆਂ ਸੰਭਾਲ ਰਹੇ ਸਨ।

ਕਬੱਡੀ ਦੀ ਚੜ੍ਹਦੀ ਕਲਾ ਲਈ ਤਕਰੀਬਨ ਬਾਰਾਂ ਕੁ ਵਜੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਪਹਿਲਾਂ ਮੈਚ ਖੇਡਣ ਲਈ ਟੈਲਫੋਰਡ ਅਤੇ ਹੇਜ਼ ਕਬੱਡੀ ਕਲੱਬਾਂ ਗਰਾਊਂਡ ਨੂੰ ਮੱਥਾ ਟੇਕ ਕੇ ਸਰੀਰ ’ਚੋਂ ਚੰਗਿਆੜੇ ਕੱਢ ਰਹੇ ਸਨ। ਹੇਜ਼ ਦੇ ਰੇਡਰ ਸਨ ਸਿਕੰਦਰ ਮਾੜੀ, ਸੁੱਖਾ ਲੋਪੋ, ਜੱਸਾ ਭੜੀਵੜੈਚ ਸਨ। ਜਾਫੀ ਹਰਮਨ ਘੋਲੀਆ, ਰਾਜੂ ਖੋਸਾ, ਅਮਨ ਲੁਹਾਰਾਂ ਸਨ। ਟੈਲਫੋਰਡ ਦੇ ਜਾਫੀ ਗੋਪੀ ਨੱਲ ਮਾਂਗਟ, ਹਰਮਨ ਧਾਮੀ, ਗੋਨੀ ਬਾਜਵਾ ਤੇ ਪ੍ਰਦੀਪ ਸਨ। ਧਾਵੇ ਬੋਲਣ ਲਈ ਤਿਆਰ ਸਨ – ਗੋਰਾ ਜਗਰਾਜ, ਸੁੱਖਾ ਢੰਡੋਵਾਲ ਅਮਨ ਸਨ। ਟੈਲਫੋਰਡ ਦੀ ਟੀਮ ਸੀਰਾ ਔਲਖ, ਬਲਵਿੰਦਰ ਚੱਠੇ ਨੇ ਸੰਦੀਪ ਨੰਗਲ ਅੰਬੀਆਂ ਦੇ ਨਾਂ ’ਤੇ ਬਣਾਈ ਹੈ। ਗੋਰਾ, ਸੁਖੇ, ਅਮਨ ਨੇ ਵਧੀਆ ਰੇਡਾਂ ਪਾਈਆਂ। ਹੇਜ਼ ਵਲੋਂ ਅਮਨ ਲੁਹਾਰਾਂ, ਹਰਮਨ ਘੋਲੀਆ ਧੱਕੜ ਜੱਫੇ ਲਾ ਕੇ ਬਬਲੀ ਚੜਿੱਕ, ਬਿੰਦਰ ਸਿੱਧੂ ਹੋਜ਼ ਨੂੰ ਮੈਚ ਜਿੱਤਾ ਗਏ। ਹੇਜ਼ ਵਲੋਂ ਸਿੰਕਦਰ ਮਾੜੀ, ਜੱਸਾ ਭੜੀਵੜੈਚ, ਸੁੱਖਾ ਲੋਪੋ ਦੇ ਤਜ਼ਰਬੇ ਮੈਚ ਨੂੰ ਧੂਹ ਕੇ ਅੱਗੇ ਲੈ ਗਏ।

ਦੂਸਰਾ ਮੈਚ ਖੇਡਣ ਲਈ ਜਦੋਂ ਰੈਡਿੰਗ ਅਤੇ ਗ੍ਰੈਵਜ਼ੈਂਡ + ਬਾਰਕਿੰਗ ਦੇ ਖਿਡਾਰੀਆਂ ਨੇ ਐਂਟਰੀ ਮਾਰੀ ਤਾਂ ਦਰਸ਼ਕਾਂ ਨੇ ਗਰਮਜੋਸ਼ੀ ਨਾਲ ਇਹਨਾਂ ਦਾ ਸਵਾਗਤ ਕੀਤਾ। ਕਿਉਕਿ ਇਸ ਵਿੱਚ ਬਹੁਤ ਸਾਰੇ ਸੁਪਰ ਸਟਾਰ ਖਿਡਾਰੀ ਖੇਡਣ ਲਈ ਪਹੁੰਚੇ ਸਨ। ਸਲੋਹ ਵਲੋਂ ਧੱਕੜ ਰੇਡਰ ਸਨ ਚਿਸ਼ਤੀ, ਮਨਜੋਤ ਸਿੰਘ ਸਰਦਾਰ ਸਨ। ਸਲੋਹ ਦੀ ਜਾਫ ਲਾਈਨ ਬੜੀ ਘੈਂਟ ਸੀ ਜੱਗੂ ਹਾਕਮਵਾਲੀਆ, ਮਨੀ ਧਨੋਰੀ, ਲੰਬੜ, ਭਿੰਦਾ ਮੂਲਵਾਲ ਖੈਹਿਰਆਂ ਦਾ ਸੀ। ਸੋਹਣ ਰੁੜਕੀ ਨੇ ਸਫੀਕ ਚਿਸ਼ਤੀ ਡੱਕ ਕੇ ਗ੍ਰੈਵਜ਼ੈਂਡ + ਬਾਰਕਿੰਗ ਕਲੱਬ ਦੇ ਹੌਸਲੇ ਬੁਲੰਦ ਕਰ ਦਿੱਤੇ। ਚੀਕਾਂ ਤਾੜੀਆਂ ਨੇ ਸੱਭਦੀ ਸੁਸਤੀ ਦੂਰ ਕਰ ਦਿੱਤੀ। ਰੇਸ਼ਮ ਜਮਰਾਏ ਸਲੋਹ ਦੇ ਹੱਥ ਨਾ ਲੱਗਾ। ਜੱਗੂ ਹਾਕਮਵਾਲ ਨੇ ਜੱਗਾ ਰੋਕ ਦਿੱਤਾ। ਗੁਲਜਾਰੀ ਸੁੰਨੜ ਉਡ ਉੱਡ ਕੇ ਪੈਂਦਾ ਸੀ। ਮਨੀ ਧਨੋਰੀ ਦੇ ਧੱਕੜ ਜੱਫੇ ਵੀ ਸਲੋਹ ਨੂੰ ਹਰਾ ਨਾ ਸਕੇ। ਚਿਸ਼ਤੀ ਮੁੜਕੇ ਹੱਥ ਨਾ ਆਇਆ ਸ਼ੀਰਾ ਸੰਮੀਪੁਰ, ਬਿੰਦਰ ਨਵੇਪਿੰਡੀਆ, ਕੁਲਵੰਤ ਚੱਠਾ ਮੈਚ ਜਿੱਤ ਗਏ। ਗ੍ਰੇਵਜ਼ੈਂਡ+ਬਾਰਕਿੰਗ ਰੇਡਰ ਤਾਂ ਵਧੀਆ ਸੀ। ਰੇਸ਼ਮ ਜਸਰਾਏ, ਕਮਲ ਸਾਦੋਪੁਰ, ਸ਼ਰਮਾ, ਜੱਗਾ। ਜਾਫੀ ਹਰਪਾਲ ਕਾਲਵਾਂ, ਭਾਊ ਸੀਹਦੋਦੇ, ਗੁਲਜ਼ਾਰੀ ਸੁੰਨੜ, ਨਿੰਦੀ ਹਮੀਦੀ ਸਨ। ਕੁਲਵਿੰਦਰ ਸਹੋਤਾ, ਰਾਣਾ ਪੱਡਾ ਖੀਰਾਵਾਲੀ। ਡੇਢ ਨੰਬਰ ਦੇ ਫ਼ਰਕ ਨਾਲ ਅੱਗੇ ਜਾਣ ਤੋਂ ਰੋਕ ਦਿੱਤੇ ਗਏ। ਸਲੋਹ ਦੀ ਟੀਮ ਨੇ ਮੇਲੇ ਵਿੱਚ ਜਾਨ ਪਾ ਦਿੱਤੀ। ਕੱਪ ਜਿੱਤਣੋ ਦੇਖੋ ਕਿਹੜਾ ਸੂਰਮਾ ਰੋਕਦਾ ਆ।

ਨੇਕਾ ਮੈਰੀਪੁਰ ਬ੍ਰਮਿੰਘਮ, ਕਾਵੈਂਟਰੀ ਅਤੇ ਲੈਸਟਰ+ਬ੍ਰਮਿੰਘਮ ਇਕਬਾਲ ਬਾਲਾ ਅਟਵਾਲ, ਪਿਆਰਾ ਰੰਧਾਵਾ, ਕੁਲਵੰਤ ਸੰਘਾ, ਭਲਵਾਨ ਟੀਮ ਲੈ ਕੇ ਪਹੁੰਚੇ ਤਾਂ ਮੇਲਾ ਭਰਿਆ ਪਿਆ ਸੀ। ਕਾਵੈਂਟਰੀ ਦੀ ਟੀਮ ਨਾਲ ਗੀਤਾ ਬੱਝਵਾਂ ਕਲਾਂ, ਸਤਨਾਮ ਗਿੱਲ, ਦੀਪਾ ਮੋਲੀ, ਅਮਰਜੀਤ ਖਗੂੰੜਾ ਟੀਮ ਲੈਕੇ ਪਹੁੰਚ ਗਏ। ਇੱਕ ਯਾਦਗਾਰੀ ਤਸਵੀਰ ਖਿੱਚੀ ਗਈ। ਕਾਵੈਂਟਰੀ ਦੇ ਜਾਫੀ ਪਾਲਾ ਚਮਿਆਰਾ, ਜੱਗਾ ਮੂਲੇ ਵਾਲ ਖੈਹਰਾ, ਦਾਲੀ, ਅਨਮੋਲ ਮੰਡ, ਘੋਨਾ ਸਨ। ਰੇਡਰ ਮਨਜਿੰਦਰ ਸਰਾਂ, ਲੰਬੜ ਬਜੂਹਾ ਸਨ। ਲੈਸਟਰ ਕੋਲ ਰੇਡਰ ਸੁਪਰ ਸਟਾਰ ਬਦੇਸ਼ਾ, ਕਰਣ ਪਾਸਲਾ, ਜੱਗੀ ਮੋਲੀਵਾਲਾ, ਰਛਪਾਲ ਭੈਣੀ ਸਨ। ਜਾਫੀ ਤਕਰੀਬਨ ਨਵੇਂ ਸਨ ਲੱਖਾ, ਤਾਰੀ, ਨਵੀ ਔਜਲਾ, ਲਾਡਾ ਅੰਬਰਸਰੀਆ ਸਨ। ਮਨਜਿੰਦਰ, ਲੰਬੜ ਬਜੁਹਾ ਚੰਗੀਆਂ ਰੇਡਾਂ ਪਾ ਕੇ ਗਏ। ਬਦੇਸ਼ੇ ਦੇ ਡਰ ਨਾਲ ਸਾਰੀ ਜਾਫ ਲਾਈਨ ਹਿੱਲ ਜਾਂਦੀ ਸੀ। ਕਰਣ ਪਾਸਲੇ ਦੀ ਖੇਡ ਨੇ ਦਰਸ਼ਕ ਖੁਸ਼ ਕੀਤੇ ਕਈ ਜੱਫੇ ਲਾ ਗਿਆ। ਜੱਫਿਆਂ ਤੋਂ ਬਿਨਾ ਕਾਹਦੀ ਖੇਡ ਹੁੰਦੀ। ਅੱਠ ਨੰਬਰਾਂ ਦੇ ਫ਼ਰਕ ਨਾਲ ਕਾਵੈਂਟਰੀ ਵਾਲੇ ਪੂਲ ’ਚੋਂ ਬਾਹਰ ਹੋ ਗਏ।

ਸਲੋਹ ਅਤੇ ਰੈਡਿੰਗ ਡੋਰਨੀ ਕਲੱਬਾਂ ਜਦੋਂ ਗਰਾਊਂਡਾਂ ਵਿੱਚ ਪਹੁੰਚੀਆਂ ਤਾਂ ਮੇਲਾ ਪੂਰੇ ਜੋਬਨ ’ਤੇ ਸੀ ਸੂਰਜ ਦੇਵਤਾ ਵੀ ਗਰਮੀ ਵਾਲੇ ਵੱਟ ਕੱਢੀ ਜਾਂਦਾ ਸੀ। ਵਲੈਤੀ ਪੰਜਾਬੀਆਂ ਦੇ ਸੋਹਲ ਜਿਹੇ ਸਰੀਰਾਂ ਨੂੰ ਵਰ੍ਹਦੀ ਧੁੱਪ ਝੱਲਣੀ ਔਖੀ ਸੀ। ਲੋਕ ਗੱਲਾਂ ਕਰਦੇ ਸਨ ਏ ਟੀਮਾਂ ਕੱਪ ਦੀਆਂ ਦਾਅਵੇਦਾਰ ਲੱਗਦੀਆਂ ਹਨ ਪਰ ਏ ਸੈਮੀਫਾਈਨਲ ਵਿੱਚ ਭਿੜ ਗਈਆਂ। ਰੈਡਿੰਗ ਦੇ ਜਾਫੀ ਗਿੰਨੀ ਮਹਿਮਦਵਾਲ, ਲਵਲੀ, ਸੱਤੂ ਖੰਡੂਰ ਸਨ। ਰੇਡਰ ਬੁਲਟ ਖੀਰਾਂਵਾਲੀ, ਅੰਗਰੇਜ਼ ਖੀਰਾਂਵਾਲੀ, ਜੋਤਾ ਮਹਿਮਦ ਵਾਲੇ ਸਨ। ਚਿਸ਼ਤੀ, ਮਨਜੋਤ, ਮੋਹਿਤ ਦੀ ਖੇਡ ਨੇ ਦੁਨੀਆਂ ਨਚਾ ਦਿੱਤੀ। ਜੋਤਾ ਅਹਿਮਦ ਵਾਲ ਵੀ ਰੁਕਦਾ ਨਹੀਂ ਸੀ। ਜੱਗੂ ਹਾਕਮਵਾਲੀਏ ਦੀ ਖੇਡ ਨੇ ਮੇਲਾ ਲੁੱਟ ਲਿਆ। ਸੱਤੂ ਖਡੂਰ ਸਾਹਿਬ ਦੇ ਵਾਧੂ ਜੱਫੇ ਨਾਲ ਰੈਡਿੰਗ ਵਾਲੇ ਫਾਈਨਲ ਵਿੱਚ ਜਾ ਪਹੁੰਚੇ। ਲੈਸਟਰ ਨੂੰ ਹਰਾ ਕੇ ਹੇਜ਼ ਵਾਲੇ ਫਾਈਨਲ ਵਿੱਚ ਪਹੁੰਚ ਗਏ। ਨੇਕਾ ਮੈਰੀਪੁਰ, ਬਲਵਿੰਦਰ ਦੂਲੇ ਵੀ ਪਹਿਲਾਂ ਹੀ ਮੈਚ ਹਾਰ ਗਏ।

ਫਾਈਨਲ ਮੈਚ ਹੇਜ਼ ਕਬੱਡੀ ਕਲੱਬ ਅਤੇ ਰੈਡਿੰਗ ਡੋਰਨੀ ਵਿਚਕਾਰ ਹੋਇਆ। ਇਹ ਮੈਚ ਏਨਾ ਫਸਿਆ ਨਹੀਂ। ਰਣਜੀਤ ਢੰਡੇ ਦੀ ਟੀਮ ਰੈਡਿੰਗ ਨੇ ਬਹੁਤ ਆਸਾਨੀ ਨਾਲ 28-13 ਦੇ ਫ਼ਰਕ ਨਾਲ ਕਾਵੈਂਟਰੀ ਕੱਪ ਜਿੱਤ ਲਿਆ। ਹੇਜ਼ ਦੂਜੇ ਨੰਬਰ ’ਤੇ ਰਹੀ। ਟੂਰਨਾਮੈਂਟ ਦੀ ਕੁਮੈਂਟਰੀ ਸੰਤਖ ਸਿੰਘ ਢੇਸੀ (ਐਮ.ਏ. ਡੀ ਪੀਇਡ) ਸੰਗ ਢੇਸੀਆਂ ਜਾਣੀ ਇਹਨਾਂ ਸਤਰਾਂ ਦੇ ਲੇਖਕ ਨੇ ਕੀਤੀ। ਸ਼ੀਰੇ ਸੰਕਰੀਏ ਨੇ ਪੂਰਾ ਸਾਥ ਦਿੱਤਾ। ਗੀਤਾ ਬਾਜਵਾ ਨੇ ਆਏ ਮਹਿਮਾਨਾਂ ਦੀ ਖੂਬ ਸੇਵਾ ਕੀਤੀ। ਗੁਰੂ ਦਾ ਲੰਗਰ ਵਰਤਾਇਆ ਗਿਆ। ਇੰਗਲੈਂਡ ਕਬੱਡੀ ਫੈਡਰੇਸ਼ਨ ਵਧਾਈ ਦੀ ਪਾਤਰ। ਸੁਰਿੰਦਰ ਮਾਣਕ ਨੂੰ ਜਦੋਂ ਪੁੱਛਿਆ ਕਿ ਅੱਜ ਤੂੰ ਬੜਾ ਮੁੜਕੋਂ ਮੁੜਕੀ ਹੋਇਆ ਫਿਰਦਾ ਏ, ਤੇਰੀ ਟੀਮ ਤਾਂ ਖੇਡੀ ਨਹੀਂ। ਕਹਿੰਦਾ ਸਾਰੀਆਂ ਟੀਮਾਂ ਸਾਡੀਆਂ ਨੇ ਮੁੜ ਇੰਗਲੈਂਡ ਵਿੱਚ ਕਬੱਡੀ ਜ਼ਿੰਦਾ ਹੋ ਗਈ। ਸਾਰੀਆਂ ਟੈਨਸ਼ਨਾਂ ਦੂਰ ਹੋ ਗਈਆਂ। ਸਾਰੀ ਫੈਡਰੇਸ਼ਨ ਵਲੋਂ ਹੱਥ ਜੋੜਕੇ ਬੇਨਤੀ ਹੈ ਕਿ ਫੈਡਰੇਸ਼ਨ ਦਾ ਸਾਥ ਦਿਓ। ਭਿੰਦੇ ਮੁਠੱਡੇ ਦੀ ਘਾਟ ਰੜਕਦੀ ਰਹੀ। ਮਿਲਦੇ ਹਾਂ ਈਰਥ+ਵੂਲਿਚ ਦੀਆਂ ਗਰਾਊਂਡਾਂ ਵਿੱਚ, ਆ ਜਾਓ ਟੈਂਪੂ ਟਰੈਕਟਰ ਭਰ ਭਰ ਕੇ, ਰੱਬ ਰਾਖਾ।

ਰਿਪੋਰਟ – ਸੰਤੋਖ ਸਿੰਘ ਢੇਸੀ

Manchester City hosted the Senior British Wrestling Championships 2022

Last weekend saw the 4 corners of the UK descend on to the host city Manchester for the Senior British Wrestling Championships 2022. 

Just over 100 athletes representing 24 affiliated clubs wore their club colours with pride. Months and months of training even during COVID came to this day of judgment. Slough Wrestling Club in their now familiar red came to battle with a view of securing a place on the podium. 

Club coach Szymon Matkowski says ‘we do not pressure our wrestlers to only WIN, we instill the confidence and courage that allows them to take that first step onto the mat. We then work even harder to prepare them for the next competition.’ 

Popa Tudor(125kg) Gold 

Inderpal Cheema(70kg), former 6 times Junior Champion achieved Silver. 

Gavinda Singh(92kg) quarter finalist 

Kaarun Kundhi(79kg) quarter finalist 

Igor Tulei (70kg) quarter finalist 

Saroop Bal(79kg) round of 16 

Aurel Tulei (70kg) knockout stage 

ਪੈਰਿਸ ਦੇ ਖੇਡ ਮੇਲੇ ਦਾ ਕਬੱਡੀ ਕੱਪ ਹਾਲੈਂਡ ਦੇ ਖਿਡਾਰੀਆਂ ਨੇ ਜਿੱਤਿਆ

ਪੈਰਿਸ (ਬਸੰਤ ਸਿੰਘ ਰਾਮੂਵਾਲੀਆ) – ਹਰ ਸਾਲ ਵਾਂਗ ਐਤਕੀਂ ਵੀ ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਪੁਰਾਤਨ ਅਤੇ ਵਰਤਮਾਨ ਸਿੱਖ ਸ਼ਹੀਦਾਂ ਦੀ ਯਾਦ ਵਿਚ ਸ਼ਾਨਦਾਰ 15ਵਾਂ ਕਬੱਡੀ ਤੇ ਸੱਭਿਆਚਾਰਕ ਖੇਡ ਮੇਲਾ ਪੈਰਿਸ ‘ਚ ਬੋਬਿਨੀ ਦੇ ਖੇਡ ਮੈਦਾਨ ‘ਚ ਕਰਵਾਇਆ ਗਿਆ।

ਯੂਰਪ ਦੇ ਪ੍ਰਸਿੱਧ ਖੇਡ ਮੇਲੇ ਦੀ ਆਰੰਭਤਾ ਭਾਈ ਰਛਪਾਲ ਸਿੰਘ ਵੱਲੋਂ ਅਰਦਾਸ ਨਾਲ ਕੀਤੀ ਗਈ।


ਇਸ ਮੌਕੇ ਬੋਬਿਨੀ ਦੀ ਜੁਇੰਟ ਮੇਅਰ ਤੇ ਹੋਰ ਹਸਤੀਆਂ ਨੇ ਖੇਡ ਮੇਲੇ ਦੀ ਵਧਾਈ ਦਿੱਤੀ। ਕਲੱਬ ਦੇ ਆਗੂਆਂ ਬਾਜ ਸਿੰਘ ਵਿਰਕ ਪ੍ਰਧਾਨ, ਭਾਈ ਰਘਬੀਰ ਸਿੰਘ ਕੁਹਾੜ ਜਨਰਲ ਸਕੱਤਰ, ਚੈਨ ਸਿੰਘ ਚੱਠਾ, ਰਾਮ ਸਿੰਘ ਵਿਰਕ, ਪਲਵਿੰਦਰ ਸਿੰਘ ਭੱਕੂਵਾਲ, ਜਸਵੀਰ ਸਿੰਘ ਚੰਨਾ, ਜਗਤਾਰ ਸਿੰਘ ਬਿੱਟੂ, ਕੁਲਦੀਪ ਸਿੰਘ, ਗੁਰਦੇਵ ਸਿੰਘ ਧਾਲੀਵਾਲ, ਕੁਲਬੀਰ ਸਿੰਘ ਸ਼ੀਰਾ, ਦਲਵਿੰਦਰ ਸਿੰਘ ਘੁੰਮਣ, ਕੇਵਲ ਸਿੰਘ ਖੀਰਾਂਵਾਲੀ ਤੇ ਜਿੰਦਰ ਸੈਫਲਾਬਾਦ ਦੀ ਦੇਖ–ਰੇਖ ਤੇ ਸੁਚੱਜੇ ਪ੍ਰਬੰਧ ਹੇਠ ਖੇਡ ਮੇਲਾ ਆਰੰਭ ਹੋਇਆ। ਪੰਜਾਬ ਸਪੋਰਟਸ ਕਲੱਬ ਫਰਾਂਸ, ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ, ਸ਼ੇਰ–ਏ–ਪੰਜਾਬ ਸਪੋਰਟਸ ਕਲੱਬ ਬੈਲਜੀਅਮ, ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਤੇ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਦੀਆਂ ਨਾਮੀ ਟੀਮਾਂ ਦੇ ਖਿਡਾਰੀਆਂ ਨੇ ਸਾਨ੍ਹਾਂ ਵਰਗੇ ਭੇੜ ਮੁਕਾਬਲਿਆਂ ‘ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਹੌਸਲਾ ਅਫਜ਼ਾਈ ਕੀਤੀ।

ਆਖਰੀ ਮੁਕਾਬਲੇ ‘ਚ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਦੀ ਟੀਮ ਨੇ 30 ਨੰਬਰ ‘ਤੇ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ 29ੰ5 ਅੰਕ ਪ੍ਰਾਪਤ ਕੀਤੇ। ਅੱਧੇ ਅੰਕ ਦੇ ਵਾਧੇ ਨਾਲ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਦੀ ਟੀਮ ਨੇ ਜਿੱਤ ਪ੍ਰਾਪਤ ਕਰਦਿਆਂ ਖੇਡ ਮੇਲੇ ਦਾ ਕੱਪ ਜਿੱਤਿਆ ਤੇ ਪਲਵਿੰਦਰ ਸਿੰਘ ਸੰਧੂ ਭੱਕੂਵਾਲ ਤੇ ਪਰਮਜੀਤ ਸਿੰਘ ਸੰਧੂ ਭੱਕੂਵਾਲ ਭਰਾਵਾਂ ਵੱਲੋਂ ਜੇਤੂ ਟੀਮ ਨੂੰ 3100 ਯੂਰੋ ਦਾ ਪਹਿਲਾ ਇਨਾਮ ਦਿੱਤਾ ਗਿਆ। ਇਨ੍ਹਾਂ ਵੱਲੋਂ ਹੀ ਫੁੱਟਬਾਲ ਦੀ ਜੇਤੂ ਟੀਮ ਨੂੰ 1500 ਯੂਰੋ ਦਾ ਇਨਾਮ ਦਿੱਤਾ ਗਿਆ। ਦੂਜੇ ਸਥਾਨ ‘ਤੇ ਰਹੀ ਸ਼ੇਰ–ਏ–ਪੰਜਾਬ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੂੰ 25 ਸੌ ਯੂਰੋ ਦਾ ਇਨਾਮ ਕੁਲਬੀਰ ਸਿੰਘ ਸ਼ੀਰਾ ਤੇ ਸਾਥੀਆਂ ਵੱਲੋਂ ਦਿੱਤਾ ਗਿਆ। ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਫੁੱਟਬਾਲ ਦੀ ਟੀਮ ਨੂੰ ਬਲਦੇਵ ਸਿੰਘ ਵੱਲੋਂ 11 ਸੌ ਯੂਰੋ ਦਾ ਇਨਾਮ ਦਿੱਤਾ ਗਿਆ।