ਜਗਜੀਤ ਸਿੰਘ ਨੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਲਈ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ

ਚੇਅਰਮੈਨ ਰਣਜੀਤ ਸਿੰਘ ਓ.ਬੀ.ਈ. ਅਤੇ ਡਾਕਟਰ ਜਸਵੰਤ ਗਰੇਵਾਲ ਨੇ ਸਾਥ ਦਿੱਤਾ

ਲੰਡਨ – ਬੀਤੇ ਐਤਵਾਰ 21 ਅਪ੍ਰੈਲ 2024 ਨੂੰ ਇੱਥੇ 42 ਕਿਲੋਮੀਟਰ ਮੈਰਾਥਨ ਦੌੜ ਵਿੱਚ ਪ੍ਰਸਿੱਧ ਮੈਰਾਥਨ ਦੌੜਾਕ ਜਗਜੀਤ ਸਿੰਘ ਹਰਦੋਫਰੋਲਾ ਨੇ ਆਪਣੀ 530ਵੀਂ ਮੈਰਾਥਨ ਦੌੜ 5 ਘੰਟੇ 58 ਮਿੰਟ ਵਿੱਚ ਪੂਰੀ ਕਰਕੇ ਰਿਕਾਰਡ ਸਥਾਪਿਤ ਕੀਤਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਲਈ 7429 ਪੌਂਡ ਇਕੱਤਰ ਕੀਤੇ।

ਗਰੀਨਚ ਪਾਰਕ ਤੋਂ ਸ਼ੁਰੂ ਹੋਈ ਇਹ ਮੈਰਾਥਨ ਲੰਡਨ ਦੇ ਵੱਖ-ਵੱਖ ਹਿੱਸਿਆਂ ਰਾਹੀਂ ਹੁੰਦੀ ਹੋਈ ਸੇਂਟ ਜੇਮਸ ਪਾਰਕ ਬਕਿੰਘਮ ਪੈਲੇਸ ਵਿਖੇ ਸਮਾਪਤ ਹੋਈ ਜਿਸ ਵਿੱਚ ਜਗਜੀਤ ਸਿੰਘ, ਉਨ੍ਹਾਂ ਦੇ ਸਪੁੱਤਰ ਗੁਰਸੇਵਕ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਕੁਲਬੀਰ ਕੌਰ ਨੇ ਹਿੱਸਾ ਲਿਆ ਜਦਕਿ ਸਾਬਕਾ ਮੈਰਾਥਨ ਦੌੜਾਕ ਡਾਕਟਰ ਜਸਵੰਤ ਸਿੰਘ ਗਰੇਵਾਲ ਅਤੇ ਟਰੱਸਟ ਦੇ ਚੇਅਰਮੈਨ ਸ. ਰਣਜੀਤ ਸਿੰਘ ਓ.ਬੀ.ਈ. ਨੇ ਆਪਣੇ ਸਾਥੀਆਂ ਸਮੇਤ ਸਾਥ ਦਿੱਤਾ।

ਹਰ ਸਾਲ ਕਰਵਾਈ ਜਾਂਦੀ ਇਸ ਮੈਰਾਥਨ ਵਿੱਚ 50 ਹਜ਼ਾਰ ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ ਅਤੇ ਕਰੀਬ 10 ਲੱਖ ਲੋਕ ਹੌਂਸਲਾ ਅਫਜ਼ਾਈ ਲਈ ਪਹੁੰਚੇ ਹੋਏ ਸਨ। ਸ. ਰਣਜੀਤ ਸਿੰਘ ਓ.ਬੀ.ਈ. ਵਲੋਂ ਪੰਜਾਬ ਵਿੱਚ ਚਲਾਈ ਜਾ ਰਹੀ ਚੈਰਿਟੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੀ ਵਿੱਤੀ ਸਹਾਇਤਾ ਲਈ ਜਗਜੀਤ ਸਿੰਘ ਨੇ ਪਰਿਵਾਰ ਸਮੇਤ ਹਿੱਸਾ ਲਿਆ। ਇਹ ਚੈਰਿਟੀ ਹੁਸ਼ਿਆਰਪੁਰ ਵਿਖੇ ਸਿਕਲੀਗਰ ਪਰਿਵਾਰਾਂ ਦੇ 400 ਬੱਚਿਆਂ ਨੂੰ ਮੁਫ਼ਤ ਪੜ੍ਹਾਈ, ਸਕੂਲੀ ਵਰਦੀਆਂ, ਕਿਤਾਬਾਂ, ਖਾਣਾ ਅਤੇ ਜ਼ਰੂਰੀ ਸਹੂਲਤਾਂ ਉਪਲੱਬਧ ਕਰਵਾਉਦੀ ਹੈ।

ਮੈਰਾਥਨ ਦੇ ਅੰਤ ਵਿੱਚ ਜਗਜੀਤ ਸਿੰਘ ਬੀਬੀ ਕੁਲਵੀਰ ਕੌਰ ਅਤੇ ਕਾਕਾ ਗੁਰਸੇਵਕ ਸਿੰਘ ਨੂੰ ਮੈਰਾਥਨ ਦੇ ਪ੍ਰਬੰਧਕਾਂ ਵਲੋਂ ਮੈਡਲ ਭੇਂਟ ਕੀਤੇ ਗਏ।
ਇਸ ਮੌਕੇ ਜਗਜੀਤ ਸਿੰਘ ਅਤੇ ਕਾਕਾ ਗੁਰਸੇਵਕ ਸਿੰਘ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ ਜੋ ਲੰਡਨ ਦੇ ਆਰ ਕੇ ਗਰੁੱਪ ਵਲੋਂ ਸਪਾਂਸਰ ਕੀਤੀਆਂ ਹੋਈਆਂ ਸਨ। ਜਗਜੀਤ ਸਿੰਘ ਅਤੇ ਪਰਿਵਾਰ ਵਲੋਂ ਸ. ਰਣਜੀਤ ਸਿੰਘ ਓ.ਬੀ.ਈ. ਅਤੇ ਡਾਕਟਰ ਜਸਵੰਤ ਗਰੇਵਾਲ ਤੇ ਸਾਥੀਆਂ ਦਾ ਦੌੜ ਮੌਕੇ ਸਾਥ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Comments are closed, but trackbacks and pingbacks are open.