* ਲੱਖਾਂ ਲੋਕਾਂ ਨੂੰ ਗੈਸ ਤੇ ਬਿਜਲੀ ਦੇ ਕੁਨੈਕਸ਼ਨ ਕਟਣ ਦੇ ਨੋਟਿਸ ਮਿਲੇ
ਸੈਕਰਾਮੈਂਟੋ 1 ਅਕਤੂਬਰ (ਹੁਸਨ ਲੜੋਆ ਬੰਗਾ)- ਇਕੱਲੇ ਭਾਰਤ ਵਿਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਮਹਿੰਗਾਈ ਦੀ ਮਾਰ ਪੈ ਰਹੀ ਹੈ। ਲੋਕ ਰਸੋਈ ਗੈਸ ਤੇ ਬਿਜਲੀ ਮਹਿੰਗੇ ਭਾਅ ਖਰੀਦਣ ਲਈ ਮਜਬੂਰ ਹੋ ਰਹੇ ਹਨ ਤੇ ਜੋ ਲੋਕ ਗੈਸ ਖਰੀਦਣ ਵਿਚ ਅਸਮਰਥ ਹਨ, ਉਹ ਖਾਣਾ ਬਣਾਉਣ ਤੇ ਆਪਣੇ ਆਪ ਨੂੰ ਗਰਮ ਰੱਖਣ ਲਈ ਜੰਗਲੀ ਲੱਕੜਾਂ ਆਦਿ ਦੇ ਰਵਾਇਤੀ ਬਾਲਣ ਦੀ ਵਰਤੋਂ ਕਰ ਰਹੇ ਹਨ। ਯੂਰਪੀ ਯੁਨੀਅਨ ਦੇ ਲੱਖਾਂ ਲੋਕਾਂ ਨੂੰ ਗੈਸ ਤੇ ਬਿਜਲੀ ਦੀਆਂ ਅਸਮਾਨੀ ਚੜੀਆਂ ਕੀਮਤਾਂ ਕਾਰਨ ਸਰਦ ਰੁੱਤ ਦੌਰਾਨ ਆਪਣੇ ਘਰਾਂ ਨੂੰ ਗਰਮ ਰਖਣਾ ਮੁਸ਼ਕਿਲ ਹੋ ਜਾਵੇਗਾ। ਮਾਹਿਰਾਂ, ਗਰੀਬੀ ਵਿਰੋਧੀ ਸੰਸਥਾਵਾਂ ਤੇ ਵਾਤਾਵਰਣ ਪ੍ਰੇਮੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਤੇ ਵਧੀਆਂ ਕੀਮਤਾਂ ਨੇ ਲੰਬੇ ਸਮੇ ਤੋਂ ਚੱਲੀ ਆ ਰਹੀ ਮਹਿੰਗਾਈ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਘੱਟ ਆਮਦਨੀ ਵਾਲੇ ਲੋਕ ਊਰਜਾ ਦੀਆਂ ਵਧੀਆਂ ਕੀਮਤ ਸਹਿਣ ਤੋਂ ਅਸਮਰਥ ਹਨ। ਮਾਨਚੈਸਟਰ ਯੁਨੀਵਰਸਿਟੀ ਦੇ ਪ੍ਰੋਫੈਸਰ ਤੇ ਏਨਰਜੀ ਪਾਵਰਟੀ ਰਿਸਰਚ ਨੈੱਟਵਰਕ ਅੰਗੇਜਰ ਦੇ ਪ੍ਰਧਾਨ ਸਟੈਫਨ ਬੌਜ਼ਰੋਵਸਕੀ ਦੀ ਅਗਵਾਈ ਵਿਚ ਹੋਈ ਇਕ ਤਾਜ਼ਾ ਖੋਜ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਯੂਰਪ ਭਰ ਵਿਚ 8 ਕਰੋੜ ਲੋਕ ਆਪਣੇ ਘਰਾਂ ਨੂੰ ਉਚਿੱਤ ਢੰਗ ਤਰੀਕੇ ਨਾਲ ਗਰਮ ਰੱਖਣ ਲਈ ਜਦੋ ਜਹਿਦ ਕਰ ਰਹੇ ਸਨ। ਹਾਲਾਂ ਕਿ ਯੂਰਪੀ ਯੁਨੀਅਨ ਸਮੱਸਿਆ ਨੂੰ ਘਟਾ ਕੇ ਵੇਖ ਰਹੀ ਹੈ ਪਰੰਤੂ ਮਾਹਿਰਾਂ ਦਾ ਮੰਨਣਾ ਹੈ ਕਿ ਸਮੱਸਿਆ ਬਹੁਤ ਵੱਡੀ ਹੈ। ਵਧੀਆਂ ਕੀਮਤਾਂ ਕਾਰਨ ਲੋਕਾਂ ਦੇ ਬਿਜਲੀ ਤੇ ਗੈਸ ਦੇ ਕੁਨੈਕਸ਼ਨ ਕਟੇ ਜਾਣ ਦਾ ਖਤਰਾ ਮੰਡਰਾਅ ਰਿਹਾ ਹੈ ਕਿਉਂਕਿ ਲੋਕ ਇਨਾਂ ਦੋਨਾਂ ਹੀ ਜਰੂਰੀ ਸੇਵਾਵਾਂ ਦੇ ਬਿੱਲ ਦੇਣ ਵਿੱਚ ਅਸਮਰਥ ਹਨ। ਬਹੁਤ ਸਾਰੇ ਲੋਕਾਂ ਦੀ ਹਾਲਤ ਤਰਸਯੋਗ ਹੈ ਕਿਉਂਕਿ ਮਹਾਂਮਾਰੀ ਦੌਰਾਨ ਉਨਾਂ ਦੀ ਆਮਦਨੀ ਘੱਟ ਗਈ ਹੈ ਤੇ ਬਿੱਲ ਵਧ ਗਏ ਹਨ। ਖਾਸ ਕਰਕੇ ਪ੍ਰਚੂਨ ਕਾਰੋਬਾਰ, ਹਸਪਤਾਲਾਂ ਤੇ ਹਵਾਈ ਖੇਤਰ ਵਿਚ ਕੰਮ ਕਰਦੇ ਵਰਕਰਾਂ ਉਪਰ ਬਹੁਤ ਬੁਰਾ ਅਸਰ ਪਿਆ ਹੈ। ਇਨਾਂ ਵਿਚੋਂ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ ਹਨ। ਰੈਗੂਲੇਟਰੀ ਐਕਸ਼ਨ ਪ੍ਰਾਜੈਕਟ ਜੋ ਸਾਫ ਸੁਥਰੀ ਊਰਜਾ ਉਪਰ ਕੰਮ ਕਰਦਾ ਹੈ, ਦੇ ਸੀਨੀਅਰ ਸਲਾਹਕਾਰ ਤੇ ਨੀਤੀ ਵਿਸ਼ਲੇਸ਼ਣਕਾਰ ਲੂਇਸ ਸੁੰਦਰਲੈਂਡ ਅਨੁਸਾਰ 2019 ਤੋਂ ਬਾਅਦ ਬਹੁਤ ਕੁਝ ਬਦਲ ਚੁੱਕਾ ਹੈ ਜਦ ਕਿ ਇਕ ਕਰੋੜ 20 ਲੱਖ ਘਰਾਂ ਵੱਲ ਪਹਿਲਾਂ ਹੀ ਗੈਸ ਤੇ ਬਿਜਲੀ ਦੇ ਬਿੱਲ ਬਕਾਇਆ ਖੜੇ ਹਨ। ਰਾਈਟ ਟੂ ਏਨਰਜੀ ਕੁਲੀਸ਼ਨ ਅਨੁਸਾਰ 70 ਲੱਖ ਯੁਰਪੀਅਨਾਂ ਨੂੰ ਇਕ ਸਾਲ ਦੌਰਾਨ ਊਰਜਾ ਕੁਨੈਕਸ਼ਨ ਕੱਟਣ ਦੇ ਨੋਟਿਸ ਆਏ ਹਨ। ਸੁੰਦਰਲੈਂਡ ਅਨੁਸਾਰ ਮਹਾਂਮਾਰੀ ਨੇ ਸਮੱਸਿਆ ਗੰਭੀਰ ਬਣਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਲੋਕ ਘਰਾਂ ਵਿਚ ਰਹਿਕੇ ਆਪਣਾ ਸਮਾਂ ਲੰਘਾ ਰਹੇ ਹਨ ਜਿਸ ਕਾਰਨ ਊਰਜਾ ਦੀ ਖਪਤ ਵਧ ਗਈ ਹੈ। ਇਸ ਦੇ ਨਾਲ ਹੀ ਊਰਜਾ ਦੀਆਂ ਕੀਮਤਾਂ ਵਧ ਰਹੀਆਂ ਹਨ ਕਿਉਂਕਿ ਮੰਗ ਵਧਣ ਕਾਰਨ ਗੈਸ ਸਪਲਾਈ ਵਿਚ ਵਿਘਨ ਪਿਆ ਹੈ। ਗੈਸ ਦੀ ਕਮੀ ਕਾਰਨ ਥੋਕ ਤੇ ਪ੍ਰਚੂਨ ਕੀਮਤਾਂ ਰਿਕਾਰਡ ਪੱਧਰ ਉਪਰ ਪੁੱਜ ਗਈਆਂ ਹਨ ਜਿਸ ਕਾਰਨ ਲੋਕਾਂ ਦੀ ਹਾਲਤ ਪਤਲੀ ਹੋ ਰਹੀ ਹੈ। ਬੌਜ਼ਰੋਵਸਕੀ ਅਨੁਸਾਰ 20 ਤੋਂ 30% ਤੱਕ ਯੂਰਪੀ ਵੱਸੋਂ ਨੂੰ ਆਮ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਯੂਰਪੀ ਯੁਨੀਅਨ ਦੇ ਕੁਝ ਦੇਸ਼ਾਂ ਵਿਚ 60% ਲੋਕਾਂ ਨੂੰ ਊਰਜਾ ਦੀਆਂ ਵਧੀਆਂ ਕੀਮਤਾਂ ਕਾਰਨ ਗਰੀਬੀ ਦੀ ਮਾਰ ਝਲਣੀ ਪੈ ਰਹੀ ਹੈ। ਬੁਲਗਾਰੀਆ ਵਿਚ ਸਭ ਤੋਂ ਵਧ 31% ਲੋਕ ਊਰਜਾ ਕੀਮਤਾਂ ਕਾਰਨ ਗਰੀਬੀ ਦੀ ਹਾਲਤ ਵਿਚ ਰਹਿ ਰਹੇ ਹਨ। ਲਿਥੂਆਨੀਆ ਵਿਚ 28%, ਸਾਈਪਰਸ ਵਿਚ 21%, ਪੁਰਤਗਾਲ ਵਿਚ 19%, ਸਟਿਵਟਜ਼ਰਲੈਂਡ ਵਿਚ 0.3% ਤੇ ਨਾਰਵੇ ਵਿਚ 1% ਆਬਾਦੀ ਊਰਜਾ ਕੀਮਤਾਂ ਵਿਚ ਵਾਧੇ ਤੋਂ ਪੀੜਤ ਹੈ।
Comments are closed, but trackbacks and pingbacks are open.