ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –
ਯੂਕੇ ਪੁਲਿਸ ਦੁਆਰਾ ਜੂਨ ਮਹੀਨੇ ਵਿੱਚ ਇੱਕ ਅਜਿਹੇ ਸ਼ਰਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਨੇ ਇੱਕ ਪੁਲਿਸ ਅਫਸਰ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ ਬਦਸਲੂਕੀ ਕੀਤੀ ਸੀ। ਇਸ 42 ਸਾਲਾਂ ਵਿਅਕਤੀ ਆਸ਼ਵ ਸਿੰਘ ਨੇ ਪੁਲਿਸ ਅਫਸਰ ਦਾ ਗਲਾ ਵੱਢ ਕੇ ਉਸਦੀ ਜੀਭ ਨੂੰ ਟਾਈ ਦੀ ਤਰ੍ਹਾਂ ਬੰਨ੍ਹਣ ਦੀ ਧਮਕੀ ਦਿੱਤੀ, ਜਦੋਂ ਪੁਲਿਸ ਅਫਸਰ ਇੱਕ ਜ਼ਖਮੀ ਔਰਤ ਦੀ ਸਹਾਇਤਾ ਕਰ ਰਿਹਾ ਸੀ।ਅਦਾਲਤ ਅਨੁਸਾਰ 42 ਸਾਲਾ ਆਸ਼ਵ ਸਿੰਘ ਨੇ ਇੱਕ ਅਧਿਕਾਰੀ ਕੋਲ ਪਹੁੰਚ ਕੀਤੀ ਜਦੋਂ ਉਹ 6 ਜੂਨ ਨੂੰ ਇੱਕ ਜਖਮੀ ਔਰਤ ਦੀ ਦੋ ਹਫਤਿਆਂ ਦੇ ਬੱਚੇ ਦੇ ਨਾਲ ਐਂਬੂਲੈਂਸ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਅਦਾਲਤ ਅਨੁਸਾਰ ਅਸ਼ਵ ਸਿੰਘ ਨੇ ਨਿਊਕੈਸਲ ਦੇ ਵੈਸਟਗੇਟ ਰੋਡ ‘ਤੇ ਔਰਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਜ਼ਖਮੀ ਹੋਣ ਕਾਰਨ, ਪੁਲਿਸ ਅਧਿਕਾਰੀ ਨੇ ਉਸ ਨੂੰ ਘਟਨਾ ਸਥਾਨ ਤੋਂ ਅੱਗੇ ਵਧਣ ਲਈ ਕਿਹਾ। ਜਿਸ ਦੌਰਾਨ ਇਹ ਸ਼ਰਾਬੀ ਵਿਅਕਤੀ ਅਫਸਰ ਪ੍ਰਤੀ ਹਮਲਾਵਰ ਹੋ ਗਿਆ ਅਤੇ ਬਦਸਲੂਕੀ ਕੀਤੀ। ਜਿਸ ਉਪਰੰਤ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇੰਨਾ ਹੀ ਨਹੀਂ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਵੀ ਉਹ ਹਮਲਾਵਰ ਅਤੇ ਹਿੰਸਕ ਰਿਹਾ ਅਤੇ ਉਸਨੇ ਪੁਲਿਸ ਸਟੇਸ਼ਨ ਵਿੱਚ ਵੀ ਅਧਿਕਾਰੀਆਂ ਅਤੇ ਹੋਰ ਸਟਾਫ ਨੂੰ ਹੋਰ ਧਮਕੀਆਂ ਦਿੱਤੀਆਂ। ਉਸਨੇ ਕਿਹਾ ਕਿ ਪੁਲਿਸ ਸਟੇਸ਼ਨ ਤੋਂ ਘਰ ਜਾਣ ਉਪਰੰਤ ਉਹ ਚਾਕੂਆਂ ਅਤੇ ਹਥਿਆਰਾਂ ਨਾਲ ਲੈਸ ਹੋਵੇਗਾ ਅਤੇ ਪੁਲਿਸ ਅਫਸਰ ਨੂੰ ਮਾਰੇਗਾ। ਅਸ਼ਵ ਸਿੰਘ ਨੇ ਬਾਅਦ ਵਿੱਚ ਇੱਕ ਬਿਆਨ ਦਿੱਤਾ ਕਿ ਜੇ ਉਸਨੇ ਟਿੱਪਣੀ ਕੀਤੀ ਹੈ ਤਾਂ ਇਹ ਉਸਦੀ ਮਾਨਸਿਕ ਸਿਹਤ ਸਮੱਸਿਆਵਾਂ ਦੇ ਕਾਰਨ ਸੀ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਇਹ ਵਿਅਕਤੀ ਪਹਿਲਾਂ ਵੀ ਕਾਫੀ ਵਾਰ ਸਜ਼ਾਵਾਂ ਦਾ ਸਾਹਮਣਾ ਕਰ ਚੁੱਕਾ ਹੈ। ਅਦਾਲਤ ਵੱਲੋਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲਈ ਦੋਸ਼ੀ ਮੰਨਿਆ ਗਿਆ ਅਤੇ 16 ਮਹੀਨਿਆਂ ਦੀ ਸਜ਼ਾ ਕੀਤੀ ਗਈ।
Comments are closed, but trackbacks and pingbacks are open.