ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਇਕ ਮਹੱਤਵ ਪੂਰਨ ਘਟਨਾਕ੍ਰਮ ਵਜੋਂ ਜੋਖਮ ਭਰੇ ਖਤਰਨਾਮ ਡੇਰੀਨ ਜੰਗਲ ਵਿਚ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਕੇਂਦਰੀ ਅਮਰੀਕਾ ਦੇ ਦੇਸ਼ ਪਨਾਮਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ 130 ਪ੍ਰਵਾਸੀ ਭਾਰਤੀਆਂ ਨੂੰ ਵਾਪਿਸ ਭਾਰਤ ਭੇਜ ਦੇਣ ਦੀ ਖਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀਆਂ ਨੂੰ ਵਾਪਿਸ ਭੇਜੇ ਜਾਣ ਦੀ ਕਾਰਵਾਈ ਪਨਾਮਾ ਤੇ ਅਮਰੀਕਾ ਵਿਚਾਲੇ ਇਸ ਸਾਲ ਜੁਲਾਈ ਵਿਚ ਹੋਏ ਸਮਝੌਤੇ ਤਹਿਤ ਕੀਤੀ ਹੈ ਜਿਸ ਸਮਝੌਤੇ ਦਾ ਉਦੇਸ਼ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਹੈ। ਪਨਾਮਾ ਦੇ ਇਮੀਗ੍ਰੇਸ਼ਨ ਡਾਇਰੈਕਟਰ ਰੋਜਰ ਮੋਜੀਕਾ ਨੇ ਭਾਰਤੀਆਂ ਨੂੰ ਵਾਪਿਸ ਭੇਜੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਚਾਰਟਡ ਜਹਾਜ਼ ਰਾਹੀਂ ਵਾਪਿਸ ਦਿੱਲੀ ਭੇਜ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਇਹ ਵਾਪਿਸੀ ”ਅਨਿਯਮਤ ਪ੍ਰਵਾਸ” ਕਾਰਨ ਹੋਈ ਹੈ। ਕੇਂਦਰੀ ਅਮਰੀਕਾ ਲਈ ਅਮਰੀਕੀ ਸੁਰੱਖਿਆ ਅਧਿਕਾਰੀ ਮਾਰਲਨ ਪਿਨੀਰੋ ਨੇ ਪਨਾਮਾ ਵੱਲੋਂ ਕੀਤੀ ਕਾਰਵਾਈ ਲਈ ਧੰਨਵਾਦ ਕਰਦਿਆਂ ਕਿਹਾ ਹੈ ਕਿ ਅਨਿਯਮਤ ਪ੍ਰਵਾਸ ਨੂੰ ਹਰ ਹਾਲਤ ਵਿਚ ਰੋਕਿਆ ਜਾਣਾ ਚਾਹੀਦਾ ਹੈ। ਇਥੇ ਜਿਕਰਯੋਗ ਹੈ ਕਿ ਡੇਰੀਨ ਰਸਤਾ ਕੋਲੰਬੀਆ ਤੇ ਪਨਾਮਾ ਵਿਚਾਲੇ ਇਕ ਬਹੁਤ ਹੀ ਖਤਰਨਾਕ ਜੰਗਲ ਵਿਚ ਦੀ ਜਾਂਦਾ ਹੈ ਜਿਸ ਰਸਤੇ ਲੋਕ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਨਾਂ ਲੋਕਾਂ ਵਿਚ ਭਾਰਤੀਆਂ ਦੀ ਗਿਣਤੀ ਸਭ ਤੋਂ ਵਧ ਹੁੰਦੀ ਹੈ।
Comments are closed, but trackbacks and pingbacks are open.