ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਅਮਰੀਕੀ ਵਕੀਲ ਤੇ ਨਾਰਫੋਲਕ ਸਾਊਦਰਨ ਕਾਰਪੋਰੇਸ਼ਨ ਦੇ ਚੀਫ ਲੀਗਲ ਅਫਸਰ ਨਾਬਨਿਤਾ ਚਟਰਜੀ ਨਾਗ ਨੂੰ ਕੰਮ ਵਾਲੇ ਸਥਾਨ ‘ਤੇ ਸੀ ਈ ਓ ਐਲਨ ਸ਼ਾਅ ਨਾਲ ਅਣਉਚਿੱਤ ਸਬੰਧ ਬਣਾਉਣ ਦੇ ਮਾਮਲੇ ਦੀ ਜਾਂਚ ਉਪਰੰਤ ਅਹੁੱਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ।
ਸ਼ਾਅ ਨੂੰ ਵੀ ਜਾਂਚ ਉਪਰੰਤ ਅਹੁੱਦੇ ਤੋਂ ਹਟਾ ਦਿੱਤਾ ਗਿਆ ਸੀ। ਜਾਂਚ ਅਨੁਸਾਰ ਸ਼ਾਅ ਨੇ ਦਫਤਰ ਵਿਚ ਅਣਉਚਿੱਤ ਸਬੰਧ ਬਣਾ ਕੇ ਕੰਪਨੀ ਦੀਆਂ ਨੀਤੀਆਂ ਤੇ ਨੈਤਿਕਤਾ ਕੋਡ ਦੀ ਉਲੰਘਣਾ ਕੀਤੀ ਹੈ। ਨਾਰਫੋਲਕ ਸਾਊਦਰਨ ਕਾਰਪੋਰੇਸ਼ਨ ਨੇ ਜਾਰੀ ਇਕ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਹਾਲਾਂ ਕਿ ਸਬੰਧ ਆਪਸੀ ਸਹਿਮਤੀ ਨਾਲ ਬਣਾਏ ਗਏ ਹਨ ਪਰੰਤੂ ਨਾਗ ਤੇ ਸ਼ਾਅ ਨੇ ਅਜਿਹਾ ਕਰਕੇ ਕੰਪਨੀ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਨੇ ਕਿਹਾ ਹੈ ” ਮਾਮਲੇ ਦੀ ਹੋ ਰਹੀ ਜਾਂਚ ਦੌਰਾਨ ਮੁੱਢਲੇ ਤੌਰ ‘ਤੇ ਇਹ ਗੱਲ ਸਪੱਸ਼ਟ ਹੋਈ ਹੈ ਕਿ ਸ਼ਾਅ ਨੇ ਕੰਪਨੀ ਦੇ ਚੀਫ ਲੀਗਲ ਅਫਸਰ ਨਾਲ ਸਹਿਮਤੀ ਨਾਲ ਸਬੰਧ ਬਣਾ ਕੇ ਕੰਪਨੀ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਹੈ। ਸ਼ਾਅ ਦੇ ਚਲੇ ਜਾਣ ਨਾਲ ਕੰਪਨੀ ਦੀ ਕਾਰਗੁਜਾਰੀ, ਵਿੱਤੀ ਵਿਵਸਥਾ ਜਾਂ ਕੰਮ ਕਾਰ ‘ਤੇ ਕੋਈ ਅਸਰ ਨਹੀਂ ਪਵੇਗਾ।”
ਨਾਗ ਨੇ 2020 ਵਿਚ ਨਾਰਫੋਲਕ ਸਾਊਦਰਨ ਕਾਰਪੋਰਸ਼ਨ ਵਿਚ ਜਨਰਲ ਕੌਂਸਲ ਵਜੋਂ ਅਹੁੱਦਾ ਸੰਭਾਲਿਆ ਸੀ। 2022 ਵਿਚ ਉਸ ਨੂੰ ਤਰੱਕੀ ਦੇ ਕੇ ਚੀਫ ਲੀਗਲ ਅਫਸਰ ਬਣਾ ਦਿੱਤਾ ਗਿਆ ਸੀ ਤੇ 2023 ਵਿਚ ਉਸ ਨੂੰ ਕਾਰਪੋਰੇਟ ਮਾਮਲਿਆਂ ਦੀ ਕਾਰਜਕਾਰੀ ਉੱਪ ਪ੍ਰਧਾਨ ਬਣਾ ਦਿੱਤਾ ਗਿਆ ਸੀ।
Comments are closed, but trackbacks and pingbacks are open.