Edition No: 2737
ਸੇਵਾ ਟਰੱਸਟ ਯੂ.ਕੇ ਅਤੇ ਅੰਮ੍ਰਿਤਸਰ ਫਲਾਈ ਇਨਿਸਟਿਵ ਦੇ ਯਤਨਾਂ ਨੂੰ ਪਿਆ ਬੂਰ

ਲੰਡਨ – ਸੇਵਾ ਟਰੱਸਟ ਯੂ.ਕੇ ਅਤੇ ਅੰਮ੍ਰਿਤਸਰ ਫਲਾਈ ਇਨਿਸਟਿਵ 2017 ਤੋਂ ਲਗਾਤਾਰ ਇੰਗਲੈਂਡ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਨਾਂ ਲਈ ਯਤਨਸ਼ੀਲ ਹਨ। ਜਿੱਥੇ ਦੋਨਾਂ ਸੰਸਥਾਵਾਂ ਨੇ ਏਅਰ ਇੰਡੀਆ, ਭਾਰਤੀ ਅੇਵੀਏਸ਼ਨ ਵਿਭਾਗ ਅਤੇ ਯੂ.ਕੇ ਦੀਆਂ ਏਅਰਲਾਈਨਾਂ ਨੂੰ ਯੂ.ਕੇ-ਪੰਜਾਬ ਲਈ ਵੱਧ ਰਹੀ ਹਵਾਈ ਸਫ਼ਰ ਦੀ ਲੋੜ ਨੂੰ ਮੰਗ ਪੱਤਰਾਂ ਅਤੇ ਮੀਟਿੰਗਾਂ ਰਾਹੀਂ ਜਾਣ ਕਰਵਾਇਆ ਹੈ, ਉਥੇ ਯੂ.ਕੇ ਤੋਂ ਪੰਜਾਬ ਸਫ਼ਰ ਕਰ ਰਹੇ ਯਾਤਰੀਆਂ ਦੀ ਵੱਧ ਰਹੀ ਗਿਣਤੀ ਨਾਲ ਸੰਬੰਧਿਤ ਅੰਕੜੇ ਵੀ ਪੇਸ਼ ਕੀਤੇ ਹਨ।

ਸੇਵਾ ਟਰੱਸਟ ਯੂ.ਕੇ ਦੇ ਚੈਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ (ਐਮ.ਬੀ.ਈ.) ਨੇ ਦੱਸਿਆ ਕਿ ਸੇਵਾ ਟਰੱਸਟ ਵਲੋਂ ਏਅਰ ਇੰਡੀਆ ਨੂੰ 2024 ਵਿੱਚ ਦੋ ਮੰਗ ਪੱਤਰ ਭੇਜੇ ਗਏ ਸਨ ਜਿਸ ਵਿੱਚ ਲੰਡਨ ਤੋਂ ਪੰਜਾਬ ਜਾਣ ਲਈ ਹੋਰ ਉਡਾਨਾਂ ਦੀ ਮੰਗ ਕੀਤੀ ਸੀ ਅਤੇ ਹੀਥਰੋ ਤੋਂ ਵੀ ਸਿੱਧੀ ਉਡਾਨ ਸ਼ੁਰੂ ਕਰਨ ਸੰਬੰਧੀ ਤੱਥ ਅਤੇ ਆਂਕੜੇ ਭੇਜੇ ਸਨ। ਸੇਖੋਂ ਨੇ ਦੱਸਿਆ ਕਿ ਏਅਰ ਇੰਡੀਆ ਵਲੋਂ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਲੰਡਨ ਗੈਟਵਿਕ ਤੋਂ ਅੰਮ੍ਰਿਤਸਰ ਲਈ 5 ਅਪ੍ਰੈਲ ਤੋਂ ਹਫ਼ਤੇ ਵਿੱਚ ਤਿੰਨ ਉਡਾਨਾਂ ਨੂੰ ਵਧਾ ਕੇ ਚਾਰ ਉਡਾਨਾਂ ਕਰ ਦਿੱਤਾ ਗਿਆ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਲੰਡਨ ਤੋਂ ਪੰਜਾਬ ਜਾਣ ਵਾਲੇ ਮੁਸਾਫ਼ਿਰਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ।

ਸੇਵਾ ਟਰੱਸਟ ਨੇ ਪੰਜਾਬ ਲਈ ਸਿੱਧੀਆਂ ਉਡਾਨਾਂ ਲਈ ਦਿੱਲੀ ਦੇ ਮੁਕਾਬਲੇ ਡੇੜ੍ਹ ਗੁਣਾ ਵੱਧ ਕਿਰਾਏ ਦਾ ਮੁੱਦਾ ਵੀ ਉਠਾਇਆ ਹੈ। ਸੇਵਾ ਟਰੱਸਟ ਨੇ ਬਿ੍ਰਟਿਸ਼ ਅਤੇ ਵਰਜ਼ਨ ਏਅਰਲਾਈਨਾਂ ਨੂੰ ਵੀ ਪੰਜਾਬ ਸਿੱਧੀਆਂ ਉਡਾਨਾ ਲਈ ਮੰਗ ਪੱਤਰ ਭੇਜੇ ਹਨ।