ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ

ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਪਸਾਰ ਲਈ ਲਗਾਤਾਰ ਕਾਰਜ ਉਲੀਕੇ ਜਾ ਰਹੇ ਹਨ। ਅਜਿਹਾ ਹੀ ਇਕ ਉਪਰਾਲਾ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕੀਤਾ ਗਿਆ। ਨਿਊਯਾਰਕ ਦੀ ਸਟੇਟ ਅਸੈਂਬਲੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਐਲਾਨਦਿਆਂ ਮਤਾ ਪਾਸ ਕੀਤਾ ਗਿਆ ਹੈ। ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਅਤੇ ਐਜੁਕੇਸ਼ਨ ਕਾਉਂਸਲ ਦੇ ਯਤਨਾਂ ਸਦਕਾ ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਬੀਬੀ ਜੈਸਿਕਾ ਗੋਂਜ਼ਾਲਸ ਨੇ ਇਹ ਸਾਈਟੇਸ਼ਨ ਜਾਰੀ ਕੀਤੀ ਹੈ। ਜੈਸਿਕਾ ਗੋਜ਼ਾਂਲਸ ਆਪਣੇ ਪਰਿਵਾਰ ਸਮੇਤ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਲਈ ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ, ਫਲਸ਼ਿੰਗ ਪਹੁੰਚੇ ਅਤੇ ਉਹਨਾਂ ਸ਼ਹੀਦਾਂ ਨੂੰ ਸਿਜਦਾ ਕੀਤਾ। ਵਾਈਸ ਪ੍ਰਧਾਨ ਜਿੰਦਰ ਸਿੰਘ, ਟਰਸਟੀ ਹਰਦੀਪ ਸਿੰਘ ਸਮੇਤ ਹੋਰ ਕਮੇਟੀ ਮੈਂਬਰਾਂ ਵੱਲੋਂ ਬੀਬੀ ਜੈਸਿਕਾ ਗੋਂਜ਼ਾਲਸ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ।

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਜੈਸਿਕਾ ਗੋਂਜ਼ਾਲਸ ਸਿੱਖਾਂ ਨਾਲ ਕੋਵਿਡ ਦੇ ਚੱਲਦਿਆਂ ਵੀ ਕੰਮ ਕੀਤਾ ਹੈ ਅਤੇ ਲੰਗਰ ਵਰਤਾਉਣ ਵਿੱਚ ਮੋਢੀ ਭੂਮਿਕਾ ਨਿਭਾਈ ਹੈ। ਨੋਰਵਿੱਚ ਸਿਟੀ ਕੌਂਸਿਲ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਕਿਹਾ ਕਿ ਨਿਊਯਾਰਕ ਸਟੇਟ ਵੱਲੋਂ ਦਬੰਬਰ ਮਹੀਨੇ ਨੂੰ ਸਿੱਖ ਧਾਰਮਿਕ ਆਜ਼ਾਦੀ ਦਿਹਾੜੇ ਵਜੋਂ ਮਾਨਤਾ ਮਿਲਣੀ ਦੱਸਦਾ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਪ੍ਰਤੀ ਵਚਬੱਧ ਹਾਂ ਜੋ ਯੂ.ਐਨ ਚਾਰਟਰ ਅਤੇ ਅਮਰੀਕੀ ਸੰਵਿਧਾਨ ਦਾ ਵੀ ਹਿੱਸਾ ਹੈ।

ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਅਤੇ ਐਜੁਕੇਸ਼ਨ ਕਾਉਂਸਲ ਵੱਲੋਂ ਨਿਊਯਾਰਕ ਦੇ ਮਸ਼ਹੂਰ ਟਾਈਮਜ ਸਕੁਏਅਰ ਵਿੱਚ ਸ਼ਹੀਦੀ ਪੰਦਰਵਾੜੇ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਪਰਚੇ ਵੰਢੇ ਗਏ। ਇਹ ਉਪਰਾਲੇ ਜਿੱਥੇ ਸਿੱਖ ਧਰਮ ਦੀ ਵਿਲੱਖਣਤਾ ਬਾਰੇ ਦੁਨੀਆ ਨੂੰ ਜਾਗਰੁੱਕ ਕਰਦੇ ਨੇ ਉੱਥੇ ਵਿਦੇਸ਼ਾਂ ਵਿਚ ਜੰਮੀ ਪਲੀ ਸਿੱਖ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ। ਬਲਜਿੰਦਰ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਰਾਜਵਿੰਦਰ ਕੌਰ ਰੋਜ਼, ਹਰਮਿੰਦਰ ਸਿੰਘ ਅਤੇ ਗਗਨਦੀਪ ਸਿੰਘ ਆਦਿ ਵੱਲੋਂ ਸਿੱਖ ਇਤਿਹਾਸ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਕਰੀਬ 5000 ਪਰਚੇ ਵੰਡੇ ਗਏ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ.ਪ੍ਰਿਤਪਾਲ ਸਿੰਘ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਐਸਟ ਕੋਸਟ ਦੇ ਹਰਜਿੰਦਰ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਉੱਦਮ ਦੀ ਸ਼ਲਾਘਾ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਜੋਗਾ ਸਿੰਘ (ਯੂ.ਕੇ) ਨੇ ਨਿਊਯਾਰਕ ਸਟੇਟ ਦਾ ਧੰਨਵਾਦ ਕਰਦਿਆਂ ਸੰਗਤ ਨੂੰ ਇਹਨਾਂ ਉੱਦਮਾਂ ਵਿੱਚ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜਨ ਦੀ ਅਪੀਲ ਕੀਤੀ ।

Comments are closed, but trackbacks and pingbacks are open.