ਬਜ਼ੁਰਗਾਂ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਭਾਰਤੀ ਗ੍ਰਿਫਤਾਰ

ਪੀੜਤ ਕੋਲੋਂ 8 ਲੱਖ ਡਾਲਰ ਹੋਰ ਲੈਣ ਜਾ ਰਿਹਾ ਸੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਪਰਸੀਪੈਨੀ, ਨਿਊਜਰਸੀ ਦੇ ਵਸਨੀਕ ਇੱਕ ਭਾਰਤੀ ਨੂੰ ਅੰਤਰ ਰਾਜ ਸੋਨਾ ਘੁਟਾਲਾ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਦੀ ਗ੍ਰਿਫਤਾਰੀ ਲੋਇਸਿਆਨਾ ਤੇ ਟੈਕਸਾਸ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਦੁਆਰਾ ਸਾਂਝੇ ਤੌਰ ‘ਤੇ ਕੀਤੀ ਜਾਂਚ ਉਪਰੰਤ ਹੋਈ ਹੈ। 25 ਸਾਲਾ ਨਿਗਮ ਭੱਟ ਜੋ ਵਰਕ ਵੀਜੇ ਉਪਰ ਹੈ, ਵਿਰੁੱਧ ਜਬਰਨ ਵਸੂਲੀ ਦੇ ਦੋਸ਼ ਲਾਏ ਗਏ ਹਨ।  

ਕੋਲਿਨ ਕਾਊਂਟੀ (ਟੈਕਸਾਸ) ਦੀ ਖੁਫੀਆ ਪੁਲਿਸ ਅਨੁਸਾਰ ਅੰਤਰ ਰਾਜ ਸੋਨਾ ਘੁਟਾਲੇ ਤਹਿਤ ਬਜ਼ੁਰਗਾਂ ਨੂੰ ਕਿਹਾ ਜਾਂਦਾ ਸੀ ਕਿ ਉਨਾਂ ਦੇ ਬੈਂਕ ਖਾਤੇ ਤੇ ਸਮਾਜਕ ਸੁਰੱਖਿਆ ਲਾਭ ਜਾਮ ਕਰ ਦਿੱਤੇ ਗਏ ਹਨ ਤੇ ਇਨਾਂ ਨੂੰ ਮੁੜ ਖੁਲਵਾਉਣ ਲਈ ਉਹ ਆਪਣਾ ਪੈਸਾ ਸੋਨੇ ਵਿੱਚ ਨਿਵੇਸ਼ ਕਰ ਦੇਣ। ਪੀੜਤਾਂ ਵਿੱਚ ਕੈਂਟਵੁੱਡ ਖੇਤਰ ਦੇ ਇਕ ਬਜ਼ੁਰਗ ਸਮੇਤ ਹੋਰ ਲੋਕ ਸ਼ਾਮਿਲ ਹਨ। 

ਕੈਪਟਨ ਜੌਹਨ ਗਾਰਡਨਰ ਦੀਆਂ ਹਦਾਇਤਾਂ ‘ਤੇ ਭੱਟ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇੱਕ ਸਥਾਨਕ ਪੀੜਤ ਕੋਲੋਂ 8 ਲੱਖ ਡਾਲਰ ਹੋਰ ਲੈਣ ਜਾ ਰਿਹਾ ਸੀ। ਟਾਂਗੀਪਾਹੋਆ ਪੈਰਿਸ਼ ਸ਼ੈਰਿਫ ਗੇਰਾਲਡ ਸਟਿਕਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੁਚੇਤ ਰਹਿਣ ਤੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਬੈਂਕ ਨਾਲ ਸੰਪਰਕ ਕਰਨ।

Comments are closed, but trackbacks and pingbacks are open.