ਹੇਅਰ ਦੀ ਹਾਜ਼ਰੀ ਵਿੱਚ ਪੰਜਾਬ ਵਿੱਚ ਵੀ ਰਲੀਜ਼ ਕੀਤਾ ਜਾ ਚੁੱਕਾ ਹੈ
ਕਾਵੈਂਟਰੀ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਵਸਦੇ ਲੇਖਕਾਂ ਵਿੱਚ ਸੰਤੋਖ ਸਿੰਘ ਹੇਅਰ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਬਹੁਤ ਹੀ ਹਲੀਮ ਸਖਸ਼ੀਅਤ ਦੇ ਮਾਲਕ ਸੰਤੋਖ ਸਿੰਘ ਹੇਅਰ ਸਾਹਿਤਕ ਖੇਤਰ ਵਿੱਚ ਬੇਹੱਦ ਸਰਗਰਮੀ ਤੇ ਲਗਨ ਨਾਲ ਰੁੱਝੇ ਰਹਿੰਦੇ ਹਨ। ਉਹਨਾਂ ਦੇ ਨਵ-ਪ੍ਰਕਾਸਿ਼ਤ ਕਹਾਣੀ ਸੰਗ੍ਰਹਿ “ਹਰਾ ਚੂੜਾ” ਨੂੰ ਲੋਕ ਅਰਪਣ ਕਰਨ ਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਰੇਡੀਓ ਪੰਜ ਕਾਵੈਂਟਰੀ ਵਿਖੇ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਗੱਲਬਾਤ ਕਰਦਿਆਂ ਸ਼ਿੰਦਾ ਸੁਰੀਲਾ ਨੇ ਕਿਹਾ ਕਿ ਸੰਤੋਖ ਸਿੰਘ ਹੇਅਰ ਬਹੁਤ ਹੀ ਨਿਸ਼ਠਾਵਾਨ ਲੇਖਕ ਹਨ, ਜਿਹੜੇ ਆਪਣੇ ਲਿਖਣ ਕਾਰਜਾਂ ਨੂੰ ਵੀ ਨੇਮ ਸਮਝ ਕੇ ਕਰਨ ਵਿੱਚ ਮਸਤ ਰਹਿੰਦੇ ਹਨ। ਉਹਨਾਂ ਕਿਹਾ ਕਿ ਬਰਤਾਨੀਆ ਵਸਦਾ ਭਾਈਚਾਰਾ ਉਹਨਾਂ ਦੀ ਇਸ ਘਾਲਣਾ ਨੂੰ ਹਮੇਸ਼ਾ ਸਿਰ ਮੱਥੇ ਪ੍ਰਵਾਨ ਕਰਦਾ ਆਇਆ ਹੈ ਤੇ ਇਸ ਕ੍ਰਿਤ ਨੂੰ ਵੀ ਮਣਾਂਮੂੰਹੀਂ ਪਿਆਰ ਮਿਲੇਗਾ।
ਇਸ ਸਮਾਗਮ ਦੌਰਾਨ ਸਰਵ ਸ. ਕੁਲਵੰਤ ਸਿੰਘ ਢੇਸੀ, ਲੇਖਕ ਖਰਲਵੀਰ, ਸੰਗੀਤਕਾਰ ਬਲਦੇਵ ਮਸਤਾਨਾ ਜੀ, ਡਾ: ਜਰਨੈਲ ਸਿੰਘ, ਸੁਰਜੀਤ ਸਿੰਘ, ਰਾਜਿੰਦਰ ਮਾਨ, ਬਲਵੰਤ ਕੰਗ ਤੇ ਦਵਿੰਦਰ ਸਿੰਘ ਸੋਮਲ ਆਦਿ ਹਸਤੀਆਂ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਤੋਖ ਸਿੰਘ ਹੇਅਰ ਨੇ ਹਮੇਸ਼ਾ ਹੀ ਸਮਾਜ ਦੇ ਵੱਖ ਵੱਖ ਸਰੋਕਾਰਾਂ ਨੂੰ ਆਪਣੀਆਂ ਲਿਖਤਾਂ ਦਾ ਆਧਾਰ ਬਣਾਇਆ ਹੈ। “ਹਰਾ ਚੂੜਾ” ਕਹਾਣੀ ਸੰਗ੍ਰਹਿ ਵੀ ਨਿਰਸੰਦੇਹ ਉਹਨਾਂ ਦੀਆਂ ਸ਼ਾਹਕਾਰ ਕ੍ਰਿਤਾਂ ਦਾ ਖਜ਼ਾਨਾ ਹੋ ਨਿੱਬੜੇਗਾ। ਹਾਜਰੀਨ ਨੇ ਉਹਨਾਂ ਨੂੰ ਇਸ ਲੋਕ ਅਰਪਣ ਸਮਾਗਮ ਦੀ ਸਫ਼ਲਤਾ ਦੀ ਵਧਾਈ ਪੇਸ਼ ਕੀਤੀ। ਸਮਾਗਮ ਦੇ ਅਖੀਰ ਵਿੱਚ ਸੰਤੋਖ ਸਿੰਘ ਹੇਅਰ ਨੇ ਸਮੂਹ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਲਾਹੁਤਾ ਵਿੱਚ ਬੋਲੇ ਗਏ ਲਫ਼ਜ਼ ਜਿ਼ੰਮੇਵਾਰੀ ਵਿੱਚ ਵਾਧਾ ਕਰਦੇ ਹਨ। ਸੋ ਮੇਰੀ ਵੀ ਕੋਸਿ਼ਸ਼ ਰਹੇਗੀ ਕਿ ਆਪਣੇ ਸਮਕਾਲੀ ਲੇਖਕਾਂ ਤੇ ਪਾਠਕ ਵਰਗ ਦੀਆਂ ਆਸਾਂ ਉਮੀਦਾਂ ‘ਤੇ ਖਰਾ ਉੱਤਰਦਾ ਰਹਾਂ।
ਇਸ ਤੋਂ ਪਹਿਲਾਂ ‘ਹਰਾ ਚੂੜਾ’ ਪੰਜਾਬ ਵਿਖੇ ਸੰਤੋਖ ਸਿੰਘ ਹੇਅਰ ਦੀ ਹਾਜ਼ਰੀ ਵਿੱਚ ਨਾਮਵਰ ਸਾਹਿਤਕਾਰਾਂ ਵਲੋਂ ਲੋਕ ਅਰਪਣ ਕੀਤਾ ਜਾ ਚੁੱਕਾ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
Comments are closed, but trackbacks and pingbacks are open.