ਪ੍ਰਬੰਧਕਾਂ ਵਲੋਂ ਡਾਕਟਰ ਧਾਲੀਵਾਲ ਦਾ ਭਾਈ ਘਨੱਈਆ ਐਵਾਰਡ ਨਾਲ ਸਨਮਾਨ ਕੀਤਾ ਗਿਆ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਭਾਰਤ ਤੇ ਖਾਸ ਤੌਰ ‘ਤੇ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਜਦੋ-ਜਹਿਦ ਕਰਨ ਵਾਲੀ ਸੰਸਥਾ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਦਾ ਹੇਜ਼ ਵਿਖੇ ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵੱਲੋਂ ਕਰਵਾਏ ਸਾਲਾਨਾ ਫੇਮਸ ਪੰਜਾਬੀ ਮੇਲਾ 2023 ਮੌਕੇ ਭਾਈ ਘਨੱਈਆ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ।
ਇਹ ਸਨਮਾਨ ਡਾ: ਧਾਲੀਵਾਲ ਦੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਕੈਂਸਰ ਪੀੜਤਾਂ ਦੀ ਮਦਦ ਕਰਨ ਲਈ ਮੇਲੇ ਦੇ ਮੁੱਖ ਪ੍ਰਬੰਧਕ ਪ੍ਰਤਾਪ ਸਿੰਘ ਮੋਮੀ, ਰਾਜਿੰਦਰਬੀਰ ਸਿੰਘ ਰਮਨ ਵਲੋਂ ਐਮ.ਪੀ. ਵਰਿੰਦਰ ਸ਼ਰਮਾ, ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਬਲਜੀਤ ਸਿੰਘ ਮੱਲੀ, ਜਸਪਾਲ ਸਿੰਘ ਥਿੰਦ, ਬਲਜਿੰਦਰ ਸਿੰਘ ਜੈਨਪੁਰੀਆ, ਪ੍ਰੀਤ ਟਾਂਡੀ, ਗੁਰਜੀਤ ਜੰਡ, ਗੁਰਚਰਨ ਸਿੰਘ ਸੂਜਾਪੁਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਕਮੇਟੀ ਸੇਵਾਦਾਰ ਸੁਖਦੇਵ ਸਿੰਘ ਔਜਲਾ, ਹਰਨੇਕ ਸਿੰਘ ਨੇਕਾ ਮੈਰੀਪੁਰ (ਬ੍ਰਮਿੰਘਮ), ਸਤਨਾਮ ਸਿੰਘ ਚੌਹਾਨ, ਅਵਤਾਰ ਸਿੰਘ ਆਦਿ ਦੀ ਹਾਜ਼ਰੀ ਵਿਚ ਦਿੱਤਾ। ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਡਾ: ਧਾਲੀਵਾਲ ਨੇ ਕਿਹਾ ਕਿ ਵਿਸ਼ਵ ਭਰ ਵਿਚ ਪੰਜਾਬੀਆਂ ਨੂੰ ਦਾਨੀ ਕੌਮ ਵਜੋਂ ਮੰਨਿਆ ਜਾ ਰਿਹਾ ਹੈ, ਸਾਨੂੰ ਲੋੜਵੰਦਾਂ ਦੀ ਸਹੀ ਅਤੇ ਸਿੱਧੀ ਮਦਦ ਕਰਨ ਲਈ ਅੱਗੇ ਆਉਣ ਲੋੜ ਹੈ। ਬਿਮਾਰ ਲੋਕਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਨਵੀਂ ਜਿੰਦਗੀ ਦੇਣ ਲਈ ਸਾਨੂੰ ਆਪਣੇ ਦਾਨ ਦੀ ਦਿਸ਼ਾ ਬਦਲਣ ਦੀ ਵੀ ਲੋੜ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਵਰਲਡ ਕੈਂਸਰ ਕੇਅਰ ਦੀ ਟੀਮ ਵਲੋਂ ਰੋਜ਼ਾਨਾ ਚੈੱਕ ਅੱਪ ਕੈਂਪ ਲਗਾਏ ਜਾਂਦੇ ਹਨ। ਮੇਲੇ ਵਿਚ ਨਿਰਮਲ ਸਿੱਧੂ, ਰਾਜਵੀਰ ਜਵੰਦਾ, ਰੌਸ਼ਨ ਪਿ੍ੰਸ, ਗੁਰਲੇਜ਼ ਅਖ਼ਤਰ, ਕੁਲਵਿੰਦਰ ਕੈਲੀ, ਹਿੰਮਤ ਸੰਧੂ, ਬਲਦੇਵ ਬੁਲਟ, ਇੰਦਰਜੀਤ ਲੰਡਨ, ਮੁੰਡੇ ਪੰਜਾਬ ਦੇ ਭੰਗੜਾ ਗਰੁੱਪ, ਸਾਬ ਪਨਗੋਟਾ, ਸੋਖਾ ਢੇਸੀ, ਬਿੱਟੂ ਖੰਗੂੜਾ ਸਮੇਤ ਪੁੱਜੇ ਕਲਾਕਾਰਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਉਤਰਦੇ ਪੰਜਾਬੀ ਨੌਜਵਾਨ ਗਾਇਕ ਰਾਜਵੀਰ ਜਵੰਦਾ ਅਤੇ ਬੀਬੀ ਗੁਰਲੇਜ਼ ਅਖ਼ਤਰ ਮੇਲੇ ਵਿੱਚ ਖਿੱਚ ਦੇ ਕੇਂਦਰ ਰਹੇ ਜਦਕਿ ਬਾਕੀ ਕਲਾਕਾਰਾਂ ਨੇ ਵੀ ਆਪਣੀ ਕਲਾਕਾਰੀ ਦਾ ਬਾਖੂਬੀ ਪ੍ਰਦਰਸ਼ਨ ਕੀਤਾ।
Comments are closed, but trackbacks and pingbacks are open.