ਲੰਡਨ ਵਿੱਚ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿੱਤ ਪੈਦਲ ਮਾਰਚ

ਲੰਡਨ (ਮਨਦੀਪ ਖੁਰਮੀ) – ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਥ ਦੀ ਖਾਤਿਰ ਆਪਣੇ ਜਿਗਰ ਦੇ ਟੁਕੜੇ ਚਾਰੇ ਸਾਹਿਬਜ਼ਾਦਿਆਂ ਦਾ ਬਲੀਦਾਨ ਦੁਨੀਆ ਦੇ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਹੈ।ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ, ਸਰਸਾ ਨਦੀ ‘ਤੇ ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਦਾ ਮੈਦਾਨੇ ਜੰਗ ਵਿੱਚ ਸੂਰਮਗਤੀ ਪ੍ਰਾਪਤ ਕਰਨਾ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦਾ ਨੀਂਹਾਂ ਵਿੱਚ ਚਿਣੇ ਜਾਣਾ ਪੰਜਾਬ ਦੀ ਅਣਖ, ਚੜਦੀ ਕਲਾ ਅਤੇ ਕੁਰਬਾਨੀ ਦਾ ਇੱਕ ਅਜਿਹਾ ਪੰਨਾ ਹੈ, ਜਿਹਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣਾ ਅਤੇ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਇਸੇ ਕੜੀ ਤਹਿਤ ਟੀਮ ਵੌਕ 4 ਸਾਹਿਬਜਾਦੇ, ਬਿੱਟੂ ਦਾ ਕੈਮਰਾ ਅਤੇ ਐਕਟਿਵ ਪੰਜਾਬੀਜ ਵੱਲੋਂ ਲੰਡਨ ਵਿੱਚ ਟਾਵਰ ਬ੍ਰਿਜ ਤੋਂ ਟਰੁਫਾਲਗਰ ਸਕੇਅਰ ਤੱਕ ਪੈਦਲ ਯਾਤਰਾ ਕੀਤੀ ਗਈ, ਜਿਸ ਵਿੱਚ ਵੱਡੇ ਪੱਧਰ ‘ਤੇ ਸੰਗਤਾਂ ਨੇ ਹਿੱਸਾ ਲਿਆ।

ਸੰਗਤਾਂ ਦਾ ਇੱਕਠ ਸਿਟੀ ਹਾਲ ਤੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਰੰਭ ਹੋਇਆ। ਸ਼ੁਰੂਆਤ ਵਿੱਚ ਗੁਰਪ੍ਰੀਤ ਸਿੰਘ ਤੇ ਬਿੱਟੂ ਖੰਗੂੜਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਇਸ ਕਾਰਜ ਬਾਰੇ ਪੂਰੀ ਜਾਣਕਾਰੀ ਦਿੱਤੀ। ਅਜ਼ੀਮ ਸ਼ੇਖਰ ਤੇ ਸ਼ਿੰਦਰ ਸਿੰਘ ਗਿੱਲ ਜੋ ਕਿ ਨੇ ਉਚੇਚੇ ਤੌਰ ‘ਤੇ ਇਸ ਚਾਲ ਵਿਚ ਆਪਣਾ ਯੋਗਦਾਨ ਪਾਇਆ। ਵਾਕ 4 ਸਾਹਿਬਜ਼ਾਦੇ ਦੇ ਮੁਢਲੇ ਮੈਂਬਰ ਸਰਬਜੀਤ ਸਿੰਘ ਨੇ ਸੰਗਤਾਂ ਦਾ ਨਿਰਦੇਸ਼ਨ ਕੀਤਾ। ਇਹ ਚਾਲ ਟਾਵਰ ਓਫ ਲੰਡਨ ਦੇ ਉੱਪਰ ਦੀ ਹੁੰਦੀ ਹੋਈ, ਸਿਟੀ ਓਫ ਲੰਡਨ ਦੀ ਵਿਚਕਾਰੋਂ ਦੀ ਲੰਘੀ। ੫ ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਵੀ ਇਸ ਵਿਚ ਹਿੱਸਾ ਲਿਆ, ਕੁੁੱਲ ਮਿਲ਼ਾ ਕੇ ਇਹ ਇੱਕ ਪਰਿਵਾਰਿਕ ਪੱਧਰ ਦਾ ਕਾਰਜ ਸੀ ਜੋ ਦਸਮੇਸ਼ ਪਿਤਾ ਤੇ ਉਸਦੇ ਪਰਿਵਾਰ ਵੱਲ ਸਮੂਹ ਸੰਗਤਾਂ ਦੀ ਸੱਚੀ ਸ਼ਰਧਾਂਜਲੀ ਸੀ। ਇਹ ਚਾਲ ਲੰਡਨ ਦੀਆ ਇਤਿਹਾਸਿਕ ਥਾਵਾਂ ਤੋਂ ਲੰਘਦੀ ਹੋਈ ਸੇਂਟ ਪੌਲ, ਰਾਇਲ ਕੋਰਟ ਓਫ ਜਸਟਿਸ ਤੋਂ ਨਿਕਲਦੀ ਹੋਈਏ ਆਪਣੇ ਮਿੱਥੇ ਥਾਂ ਨਿਸ਼ਾਨੇ ਟਰਫਾਲਗਰ ਸਕੁਏਅਰ ‘ਤੇ ਪੁੱਜੀ। ੧੦੦ ਤੋਂ ਵੱਧ ਕੇਸਰੀ ਰੰਗ ਵਿਚ ਤਿਆਰ ਸਿੰਘ ਤੇ ਸਿੰਘਣੀਆਂ ਨੇ ਆਪਣੀ ਹਾਜਰੀ ਲਵਾਈ। ਬੱਚਿਆਂ ਨੇ ਆਪਣੇ ਸ਼ਬਦਾਂ ਵਿਚ ਆਪਣੇ ਜਜਬਾਤ ਜਾਹਰ ਕੀਤੇ। ੭ ਸਾਲ ਦੇ ਜਪਨਜੋਤ ਸਿੰਘ ਨੇ ਇੱਕ ਸ਼ਬਦ ਨਾਲ ਆਪਣੀ ਹਾਜ਼ਰੀ ਲਵਾਈ। ਨੌਜਵਾਨਾਂ ਨੇ ਛੋਟੇ ਬੱਚਿਆਂ ਨੂੰ ਆਪਣੇ ਮੋਢਿਆਂ ‘ਤੇ ਚੁੱਕ ਦੇਸ਼ ਪੰਜਾਬ ਦੀ ਝਲਕ ਲੰਡਨ ਵਿੱਚ ਦਿਖਾਈ। ਅੰਤ ਵਿਚ ਮਨਜਿੰਦਰ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਹਰ ਸਾਲ ਇਸ ਦਿਨ ਨੂੰ ਯਾਦਗਾਰੀ ਬਣਾਉਣ ਦਾ ਵਚਨ ਲਿਆ। 

Comments are closed, but trackbacks and pingbacks are open.