ਐਕਟਿਵ ਪੰਜਾਬੀਜ ਨੇ ਕਰਵਾਇਆ ਤੀਆਂ ਦਾ ਮੇਲਾ
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਵਿੱਚ ਵੈਸੇ ਤਾਂ ਹਰ ਦਿਨ ਹੀ ਤਿਉਹਾਰ ਵਰਗਾ ਹੁੰਦਾ ਹੈ ਪਰ ਤੀਆਂ ਦੇ ਤਿਉਹਾਰ ਦਾ ਜਲੌਅ ਵੱਖਰਾ ਹੁੰਦਾ ਹੈ। ਬਿੱਟੂ ਦਾ ਕੈਮਰਾ ਅਤੇ ਐਕਟਿਵ ਪੰਜਾਬੀਜ ਵੱਲੋਂ ਪੰਜਾਬਣਾਂ ਦਾ ਵਿਰਾਸਤੀ ਤਿਉਹਾਰ ਤੀਆਂ ਬੀਤੇ ਦਿਨ ਉਤਸ਼ਾਹਪੂਰਵਕ ਮਨਾਇਆ ਗਿਆ। ਜਿੱਥੇ ਵਲਾਇਤਣ ਕੁੜੀਆਂ ਨੇ ਨੱਚ ਨੱਚਕੇ ਖ਼ੂਬ ਰੌਣਕਾਂ ਲਾਈਆਂ। ਇੰਜ ਲਗਦਾ ਸੀ ਜਿਵੇਂ ਪੰਜਾਬ ਦੇ ਕਿਸੇ ਪਿੰਡ ਵਿੱਚ ਪੁੱਜ ਗਏ ਹੋਈਏ। ਸੁਆਣੀਆਂ ਸੋਹਣੇ ਸੋਹਣੇ ਪੰਜਾਬੀ ਸੂਟ, ਘੱਗਰੇ, ਫੁਲਕਾਰੀਆਂ, ਡੋਰੀਆ ਪਰਾਂਦੇ, ਚੂੜੀਆਂ, ਹਾਰ ਸ਼ਿੰਗਾਰ ਲਾਕੇ ਇੱਕ ਦੂਜੀ ਨਾਲ਼ੋਂ ਵੱਧ ਚੜ੍ਹ ਕੇ ਬੋਲੀਆਂ ਪਾ ਰਹੀਆਂ ਸਨ। ਉਹਨਾਂ ਨੇ ਆਪਣੇ ਦਿਲਾਂ ਦੇ ਵਲਵਲੇ, ਹੱਸਣ ਨੱਚਣ ਟੱਪਣ ਦੇ ਚਾਅ ਤੇ ਮਨੋਭਾਵਾ ਦਾ ਪ੍ਰਗਟਾਵਾ ਗੀਤਾਂ ਰਾਹੀ ਕਰਕੇ ਪੁਰਾਤਨ ਪੰਜਾਬ ਦਾ ਵਿਰਾਸਤੀ ਮਾਹੌਲ ਸਿਰਜ ਦਿੱਤਾ। ਇਸ ਮੌਕੇ ‘ਤੇ ਪੰਜਾਬੀ ਸਾਹਿਤ ਤੇ ਕਲਾ ਕੇਂਦਰ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਨੇ ਕਿਹਾ ਜਦੋਂ ਸਭ ਔਰਤਾਂ ਗਿੱਧੇ ਵਿੱਚ ਇਕੱਠੀਆਂ ਹੋਕੇ ਤਾੜੀਆਂ ਦੀ ਤਾਲ ‘ਤੇ ਮਾਹੌਲ ਸਿਰਜਦੀਆਂ ਹਨ ਤਾਂ ਇੰਜ ਲਗਦਾ ਹੈ ਜਿਵੇਂ ਕੋਈ ਅਲੌਕਿਕ ਨਜ਼ਾਰਾ ਸਿਰਜਿਆ ਗਿਆ ਹੋਵੇ। ਦੇਸੀ ਰੇਡੀਓ ਪਰੈਜੈਂਟਰ ਅਨੀਤਾ, ਅਨੂ, ਨਿੰਦਰ, ਪ੍ਰੀਤ ਇੱਕ ਦੂਜੇ ਤੋਂ ਵੱਧ ਚੜਕੇ ਬੋਲੀਆਂ ਪਾ ਰਹੀਆਂ ਸਨ, ਨਸੀਬ, ਕਮਲਜੀਤ ਧਾਮੀ ਤੇ ਛਿੰਦੋ ਨੇ ਵੀ ਬਣਦਾ ਹਿੱਸਾ ਪਾਇਆ। ਸ਼ਾਇਰਾ ਮਨਜੀਤ ਪੱਡਾ, ਕਹਾਣੀਕਾਰਾ ਤੇ ਸ਼ਾਇਰਾ ਭਿੰਦਰ ਜਲਾਲਾਬਾਦੀ ਨੇ ਰਵਾਇਤੀ ਬੋਲੀਆਂ ਦੀ ਝੜੀ ਲਾ ਦਿੱਤੀ। ਪੰਜਾਬ ਰੇਡੀਓ ਪਰੈਜੈਂਟਰ ਕਮਲ ਤੇ ਪਰਵੀਨ ਨੇ ਆਪਣੇ ਗਿੱਧੇ ਅਤੇ ਬੋਲੀਆਂ ਨਾਲ ਅਜਿਹਾ ਮਾਹੌਲ ਸਿਰਜਿਆ ਜਿਵੇਂ ਕੋਈ ਯੂਥ ਫੈਸਟੀਵਲ ਹੋ ਰਿਹਾ ਹੋਵੇ। ਸ਼ਗੁਫਤਾ ਗਿੰਮੀ ਲੋਧੀ ਨੇ ਲਹਿੰਦੇ ਪੰਜਾਬ ਵਿੱਚ ਆਪਣੀ ਬੇਬੇ ਤੋਂ ਸੁਣੀਆਂ ਤੀਆਂ ਬਾਰੇ ਦੱਸਿਆ। ਪਰਮ ਸੰਧਾਵਾਲੀਆ ਨੇ ਤੀਆਂ ਦੀ ਸ਼ੁਰੂਆਤ ਕਰਦਿਆਂ ਤੀਆਂ ਦੀ ਸਾਰਥਿਕਤਾ ਬਾਰੇ ਦੱਸਿਆ। ਗੁਰਵਿੰਦਰ, ਰੁੱਪੀ, ਗੁਰਪ੍ਰੀਤ, ਲਵੀ, ਪ੍ਰਭੀ, ਗਿਜਾਲਾ, ਜੀਤ, ਸੁੱਖੀ, ਹਰਪਿੰਦਰ ਅਤੇ ਕਿਰਨ ਨੇ ਵੀ ਹਿੱਸਾ ਲਿਆ। ਪੰਜਾਬੀਆਂ ਵੱਲੋਂ ਪ੍ਰਦੇਸਾਂ ਵਿੱਚ ਆਕੇ ਵੀ ਆਪਣੇ ਵਿਰਸੇ ਨੂੰ ਗਲ ਨਾਲ ਲਾਕੇ ਰੱਖਣ ਦਾ ਇਹ ਉਪਰਾਲਾ ਯਾਦਗਾਰੀ ਹੋ ਨਿਬੜਿਆ। ਅੰਤ ਵਿੱਚ ਬਿੱਟੂ ਖੰਗੂੜਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਗੀਤ ਸੰਗੀਤ ਆਪਣੀ ਵਿਰਾਸਤ ਨੂੰ ਆਉਣ ਵਾਲ਼ੀਆਂ ਪੀੜੀਆ ਤੱਕ ਪਹੁੰਚਾਉਣ ਦਾ ਸਭ ਤੋਂ ਕਾਰਗਰ ਹਥਿਆਰ ਹੈ। ਇਹ ਪੀੜੀਆਂ ਦੇ ਫਰਕ ਨੂੰ ਮਿਟਾਉਂਦਾ ਹੈ,ਅੰਤ ਵਿੱਚ ਖੀਰ, ਪੂੜੇ ਜਲੇਬੀਆਂ ਤੇ ਗੁਲਗੁਲੇ ਛਕ ਕੇ ਅਗਲੇ ਸਾਲ ਮਿਲਣ ਦਾ ਵਾਅਦਾ ਕਰਕੇ ਮੇਲਾ ਵਿੱਛੜ ਗਿਆ।
Comments are closed, but trackbacks and pingbacks are open.