ਨਿਰਮਲ ਜੌੜਾ ਤੁਰਿਆ ਫਿਰਦਾ ਸ਼ਬਦਕੋਸ਼ ਤੇ ਸੰਸਥਾ- ਡਾ. ਆਲਮ, ਜੱਗੀ ਕੁੱਸਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਮਾਣ ਨਾਲ ਪੜ੍ਹੀ ਜਾਵੇਗੀ ਕਿ ਉਹਨਾਂ ਦੇ ਆਪਣੇ ਡਾ. ਨਿਰਮਲ ਜੌੜਾ ਨੇ ਪ੍ਰਾਪਤੀ ਭਰੀ ਇੱਕ ਪੁਲਾਂਘ ਪੁੱਟੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ, ਪੰਜਾਬੀ ਨਾਟਕ ਤੇ ਸੱਭਿਆਚਾਰ ਨਾਲ ਜੁੜੀ ਉੱਘੀ ਸਖਸ਼ੀਅਤ ਡਾ.ਨਿਰਮਲ ਜੌੜਾ ਨੂੰ ਬੋਰਡ ਆਫ਼ ਸਟੱਡੀਜ਼ ਦਾ ਮੈਂਬਰ ਨਿਯੁਕਤ ਕੀਤਾ ਹੈ। ਡਾ. ਜੌੜਾ ਦੀ ਇਹ ਨਿਯੁਕਤੀ ਫੋਕ ਆਰਟ ਤੇ ਸੱਭਿਆਚਾਰ ਵਰਗ ਵਿੱਚ ਕੀਤੀ ਗਈ ਹੈ। ਡਾ. ਜੌੜਾ ਪੰਜਾਬ ਦੇ ਸੱਭਿਆਚਾਰਕ ਕਾਮੇ ਤੇ ਮਾਹਿਰ ਵਜੋਂ ਪਿਛਲੇ ਤਿੰਨ ਦਹਾਕਿਆਂ ਤੋਂ ਕਾਰਜਸ਼ੀਲ ਹਨ। ਮੋਗਾ ਜ਼ਿਲ੍ਹਾ ਦੇ ਮਾਣਮੱਤੇ ਪਿੰਡ ਬਿਲਾਸਪੁਰ ਦੀ ਝੋਲੀ ਪਿਆ ਇਹ ਮਾਣ ਨਿਰਮਲ ਜੌੜਾ ਦੀ ਅਣਥੱਕ ਮਿਹਨਤ ਕਰਕੇ ਹੀ ਮਿਲਿਆ ਹੈ। ਡਾ. ਜੌੜਾ ਨੂੰ ਮਿਲੀ ਇਸ ਜ਼ਿੰਮੇਵਾਰੀ ਲਈ ਬਰਤਾਨੀਆ ਵਿੱਚ ਵਸਦੇ ਸਾਹਿਤਕ ਸਖਸ਼ੀਅਤਾਂ ਨੇ ਦਿਲੀ ਖੁਸ਼ੀ ਮਨਾਈ ਹੈ। ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਗੁਰੂ ਨਾਨਕ ਯੂਨੀਵਰਸਲ ਸੇਵਾ ਯੂਕੇ ਦੇ ਆਗੂ ਡਾ. ਤਾਰਾ ਸਿੰਘ ਆਲਮ, ਅਮਰਜੀਤ ਕੌਰ ਆਲਮ, ਜਸਵੀਰ ਸਿੰਘ ਮਠਾੜੂ, ਇੰਦਰਜੀਤ ਸਿੰਘ ਮਠਾੜੂ, ਡਾ. ਸਨੀ ਸਿੱਧੂ, ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ, ਗਾਇਕ ਕਰਮਜੀਤ ਮੀਨੀਆਂ, ਲੇਖਕ ਅਮਰ ਮੀਨੀਆਂ, ਸ਼ਾਇਰ ਅਮਨਦੀਪ ਧਾਲੀਵਾਲ ਆਦਿ ਵੱਲੋਂ ਨਿਰਮਲ ਜੌੜਾ ਦੀ ਇਸ ਨਿਯੁਕਤੀ ‘ਤੇ ਹਾਰਦਿਕ ਵਧਾਈ ਪੇਸ਼ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸਾਹਿਤਕਾਰ ਡਾ. ਤਾਰਾ ਸਿੰਘ ਆਲਮ ਤੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਕਿਹਾ ਕਿ ਨਿਰਮਲ ਜੌੜਾ ਦੀਆਂ ਪ੍ਰਾਪਤੀਆਂ ‘ਤੇ ਜਿੰਨਾ ਮਾਣ ਕੀਤਾ ਜਾਵੇ, ਓਨਾ ਥੋੜ੍ਹਾ ਹੈ। ਡਾ. ਜੌੜਾ ਆਪਣੇ-ਆਪ ਵਿੱਚ ਇੱਕ ਤੁਰਿਆ ਫਿਰਦਾ ਸ਼ਬਦਕੋਸ਼ ਤੇ ਸੰਸਥਾ ਵਾਂਗ ਹੈ ਜੋ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਹੈ।
Comments are closed, but trackbacks and pingbacks are open.