ਯੂ.ਕੇ ਵਲੋਂ ਯੂਕ੍ਰੇਨ ਵਿਖੇ ਜੰਗ ਪੀੜਤਾਂ ਲਈ ਅਹਿਮ ਐਲਾਨ

ਪ੍ਰਧਾਨ ਮੰਤਰੀ ਵਲੋਂ ਬ੍ਰਤਾਨਵੀ ਨਾਗਰਿਕਾਂ ਦੇ ਰਿਸ਼ਤੇਦਾਰਾਂ ਨੂੰ ਵੀਜ਼ਾ ਦੇਣ ਦੀ ਸਹਿਮਤੀ

ਲੰਡਨ – ਬ੍ਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਯੂਕ੍ਰੇਨ ਦੇ ਨਾਗਰਿਕਾਂ ਦੇ ਰਿਸ਼ਤੇਦਾਰਾਂ ਨੂੰ ਯੂ.ਕੇ ਦਾ ਵੀਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਜੋਹਨਸਨ ਨੇ ਐਲਾਨ ਕੀਤਾ ਹੈ ਕਿ ਰੂਸੇ ਹਮਲੇ ਤੋਂ ਬਾਅਦ ਦੇਸ਼ ਛੱਡ ਰਹੇ ਯੂਕ੍ਰੇਨ ਦੇ ਅਜਿਹੇ ਲੋਕ ਬ੍ਰਤਾਨੀਆ ਆ ਸਕਦੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਯੂ.ਕੇ ’ਚ ਸੈਟਲ ਹਨ।

ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ, ਜੋ ਇਸ ਸਮੇਂ ਆਪਣੇ ਭਵਿੱਖ ਬਾਰੇ ਚਿੰਤਤ ਹਨ।ਜੋਨਸਨ ਨੇ ਕਿਹਾ, ਯੂਕ੍ਰੇਨ ’ਚ ਸੰਕਟ ਦੀ ਇਸ ਘੜੀ ਵਿੱਚ ਬ੍ਰਤਾਨੀਆ ਮੂੰਹ ਨਹੀਂ ਮੋੜੇਗਾ। ਅਸੀਂ ਯੂਕਰੇਨੀ ਲੋਕਾਂ ਦੀ ਮਦੱਦ ਲਈ ਹਰ ਸੰਭਵ ਆਰਥਿਕ ਅਤੇ ਫੌਜੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਜੋ ਆਪਣੇ ਦੇਸ਼ ਦੀ ਰੱਖਿਆ ਲਈ ਸਭ ਕੁਝ ਖ਼ਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ, ਦੁਨੀਆ ਨੇ ਤਾਕਤ ਦੇ ਦਮ ’ਤੇ ਯੂਕ੍ਰੇਨ ਦੇ ਲੋਕਾਂ ਦੀ ਆਜ਼ਾਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਯੂਕ੍ਰੇਨੀ ਨਾਗਰਿਕਾਂ ਦੀ ਬਹਾਦਰੀ ਅਤੇ ਵੀਰਤਾ ਦਾ ਸ਼ਾਨਦਾਰ ਵਿਖਾਵਾ ਦੇਖਿਆ ਹੈ।

ਯੂਕ੍ਰੇਨ ਨਾਲ ਸਬੰਧਤ ਨਵੀਂ ਵੀਜ਼ਾ ਨੀਤੀ ਦੇ ਹੋਰ ਵੇਰਵਿਆਂ ਦਾ ਐਲਾਨ ਇਸ ਹਫ਼ਤੇ ਪਾਰਲੀਮੈਂਟ ਵਿੱਚ ਕੀਤਾ ਜਾਵੇਗਾ।

ਜੋਹਨਸਨ ਨੇ ਕਿਹਾ, ਅਸੀਂ ਜਿੰਨਾ ਸੰਭਵ ਹੋ ਸਕੇ ਓਨਾਂ ਉਦਾਰਵਾਦੀ ਬਣਨਾ ਚਾਹੁੰਦੇ ਹਾਂ ਅਤੇ ਨਿਸ਼ਚਿਤ ਰੂਪ ਨਾਲ ਚਾਹੁੰਦੇ ਹਾਂ ਕਿ ਜਿਨ੍ਹਾਂ ਲੋਕਾਂ ਦੇ ਰਿਸ਼ਤੇਦਾਰ ਯੂਕ੍ਰੇਨ ਵਿੱਚ ਹਨ, ਉਹ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬੁਲਾ ਸਕਦੇ ਹਨ।

Comments are closed, but trackbacks and pingbacks are open.