ਸਾਊਥਾਲ ਗੁਰੂਘਰ ਵਿਚੋਂ ਪੁਲਿਸ ਨੂੰ ਸਿੱਖ ਨੌਜਵਾਨਾਂ ਵਲੋਂ ਬਾਹਰ ਕੱਢਣ ਸਬੰਧੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ

ਪੁਲਿਸ ਨਾਲ ਰਾਬਤਾ ਕਰਕੇ ਮਸਲੇ ਨੂੰ ਸੁਲਝਾਉਣ ਦੀ ਅਵਾਜ਼ ਉੱਠੀ

ਸਾਊਥਾਲ – ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਹੈਵਲਾਕ ਰੋਡ ਵਿਖੇ ਸਿੱਖਾਂ ਨੂੰ ਭਰਤੀ ਕਰਵਾਉਣ ਆਈ ਪੁਲਿਸ ਪਾਰਟੀ ਨੂੰ ਗੁਰੂਘਰ ਵਿਚੋਂ ਬਾਹਰ ਕੱਢਣ ਸਬੰਧੀ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਸੱਦੀ ਗਈ ਜਿਸ ਵਿੱਚ 9 ਮੈਂਬਰਾਂ ਨੇ ਹਿੱਸਾ ਲਿਆ।

ਇਸ ਮੀਟਿੰਗ ਵਿੱਚ ਇਕ ਮੈਂਬਰ ਨੇ ਨੌਜਵਾਨਾ ਦੀ ਕਾਰਵਾਈ ਨੂੰ ਮੰਦਭਾਗਾ ਦੱਸਦੇ ਹੋਏ ਪੁਲਿਸ ਵਲੋਂ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕਰਨ ਲਈ ਆਪਣਾ ਵਿਚਾਰ ਦਿੱਤਾ ਗਿਆ ਜਿਸ ਸਬੰਧੀ ਬਾਕੀ ਮੈਂਬਰਾਂ ਦਾ ਕਹਿਣਾ ਸੀ ਕਿ ਨੌਜਵਾਨ ਸਿੱਖ ਕੌਮ ਦਾ ਹਿੱਸਾ ਹਨ ਅਤੇ ਇਸ ਮਸਲੇ ਨੂੰ ਬੈਠ ਕੇ ਸੁਲਝਾਉਣ ਲਈ ਸਿੱਖ ਨੌਜਵਾਨਾਂ ਅਤੇ ਪ੍ਰਬੰਧਕ ਕਮੇਟੀ ਦੀ ਇਕ ਪਹਿਲਾਂ ਮੀਟਿੰਗ ਰੱਖਣੀ ਚਾਹੀਦੀ ਹੈ।

ਮੀਟਿੰਗ ਵਿੱਚ ਆਖ਼ੀਰ ’ਤੇ ਫੈਸਲਾ ਲਿਆ ਗਿਆ ਕਿ ਪੁਲਿਸ ਨਾਲ ਰਾਬਤਾ ਕਰਕੇ ਇਸ ਘਟਨਾ ’ਤੇ ਖੇਦ ਜਿਤਾਉਣਾ ਚਾਹੀਦਾ ਹੈ ਅਤੇ ਉਪਰੰਤ ਪੁਲਿਸ ਨਾਲ ਕਮੇਟੀ ਵਲੋਂ ਇਕ ਮੀਟਿੰਗ ਕੀਤੀ ਜਾਣੀ ਚਾਹੀਦੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਪੁਲਿਸ ਨੇ ਭਰਤੀ ਸਬੰਧੀ ਮੁਹਿੰਮ ਲਈ ਸਾਊਥਾਲ ਸਿੰਘ ਸਭਾ ਨੂੰ ਕਮੇਟੀ ਮੈਂਬਰ ਦੀ ਇਜਾਜ਼ਤ ਨਾਲ ਚੁਣਿਆ ਗਿਆ ਸੀ ਪਰ ਸਿੱਖ ਨੌਜਵਾਨਾਂ ਨੇ ਪ੍ਰਬੰਧਕਾਂ ਦੀ ਗੈਰਹਾਜ਼ਰੀ ਵਿੱਚ ਪੁਲਿਸ ਦੇ ਭਰਤੀ ਦਸਤੇ ਨੂੰ ਆਪਣਾ ਸਮਾਨ ਚੁੱਕ ਕੇ ਗੁਰੂਘਰ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।

Comments are closed, but trackbacks and pingbacks are open.