ਯੂਕੇ: 90% ਪੈਟਰੋਲ ਸਟੇਸ਼ਨ ਕਰ ਰਹੇ ਹਨ ਤੇਲ ਦੀ ਕਿੱਲਤ ਦਾ ਸਾਹਮਣਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –

ਯੂਕੇ ਵਿੱਚ ਪਿਛਲੇ ਦਿਨਾਂ ਦੌਰਾਨ ਤੇਲ ਸਪਲਾਈ ਕਰਨ ਵਾਲੇ ਵਾਹਨ ਡਰਾਈਵਰਾਂ ਦੀ ਘਾਟ ਹੋਣ ਕਾਰਨ ਪੈਟਰੋਲ ਪੰਪਾਂ ‘ਤੇ ਤੇਲ ਦੀ ਕਮੀ ਹੋ ਰਹੀ ਹੈ। ਇਸ ਸਮੱਸਿਆ ਕਰਕੇ ਕੁੱਝ ਪੈਟਰੋਲ ਪੰਪ ਬੰਦ ਹੋਣ ਤੋਂ ਬਾਅਦ ਤੇਲ ਮੁੱਕਣ ਦੇ ਡਰ ਤੋਂ ਲੋਕਾਂ ਨੇ ਪੰਪਾਂ ਅੱਗੇ ਲਾਈਨਾਂ ਲਗਾ ਲਈਆਂ ਸਨ। ਜਿਆਦਾਤਰ ਪੈਟਰੋਲ ਪੰਪਾਂ ‘ਤੇ ਲੋਕਾਂ ਨੂੰ ਕੈਨਾਂ ਆਦਿ ਵਿੱਚ ਵੀ ਤੇਲ ਲਿਜਾਂਦਿਆਂ ਵੇਖਿਆ ਗਿਆ। ਇਸ ਸੰਕਟ ਦੇ ਚਲਦਿਆਂ ਤਕਰੀਬਨ 50% ਤੋਂ 90% ਪੈਟਰੋਲ ਪੰਪ ਤੇਲ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਤੇਲ ਟੈਂਕਰ ਚਾਲਕਾਂ ਦੀ ਰਾਸ਼ਟਰੀ ਕਮੀ ਦੇ ਦੌਰਾਨ ਲੋਕਾਂ ਵਿੱਚ ਹਫੜਾ -ਦਫੜੀ ਮੱਚ ਗਈ ਹੈ, ਜਦਕਿ ਸਰਕਾਰ ਜ਼ੋਰ ਦੇ ਰਹੀ ਹੈ ਕਿ ਤੇਲ ਦੀ ਘਾਟ ਨਹੀਂ ਹੈ। ਲਗਭਗ 5,500 ਸੁਤੰਤਰ ਪੈਟਰੋਲ ਪੰਪਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪੈਟਰੋਲ ਰਿਟੇਲਰ ਐਸੋਸੀਏਸ਼ਨ ਦੇ ਚੇਅਰਮੈਨ ਬ੍ਰਾਇਨ ਮੈਡਰਸਨ ਨੇ ਚੇਤਾਵਨੀ ਦਿੱਤੀ ਹੈ ਕਿ ਤੇਲ ਮੁੱਕਣ ਦੇ ਡਰੋਂ ਕੀਤੀ ਖਰੀਦਦਾਰੀ ਨੇ ਗੰਭੀਰ ਸਮੱਸਿਆਵਾਂ ਪੈਦਾ ਕੀਤੀਆਂ ਹਨ। ਯੂਕੇ ਵਿੱਚ ਲਗਭਗ 8,000 ਪੈਟਰੋਲ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਤੰਤਰ ਰਿਟੇਲਰਾਂ ਦੁਆਰਾ ਚਲਾਏ ਜਾਂਦੇ ਹਨ। ਪੈਦਾ ਹੋਈ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਵੀਜੇ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਯੂਕੇ ਸਰਕਾਰ ਦੁਆਰਾ ਦੇਸ਼ ਭਰ ਵਿੱਚ ਪੈਦਾ ਹੋਏ ਤੇਲ ਸੰਕਟ ਅਤੇ ਲੋਕਾਂ ਵਿੱਚ ਤੇਲ ਖਰੀਦਣ ਲਈ ਮੱਚੀ ਹਫੜਾ ਦਫੜੀ ਨਾਲ ਨਜਿੱਠਣ ਲਈ ਇਸ ਉਦਯੋਗ ਨਾਲ ਸਬੰਧਿਤ ‘ਕੰਪੀਟੀਸ਼ਨ ਲਾਅ’ ਨੂੰ ਮੁਅੱਤਲ ਕੀਤਾ ਹੈ। ਇਹ ਕਦਮ ਉਦਯੋਗ ਨੂੰ ਕੰਪਨੀਆਂ ਨਾਲ ਤੇਲ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਖੇਤਰਾਂ ਵਿਚਲੇ ਪੈਟਰੋਲ ਪੰਪਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦੇਵੇਗ, ਜਿਸ ਨਾਲ ਇਹਨਾਂ ਖੇਤਰਾਂ ਵਿੱਚ ਤੇਲ ਪੂਰਾ ਕੀਤਾ ਜਾ ਸਕੇ। ਇਸਦੇ ਇਲਾਵਾ ਸਰਕਾਰ ਦੁਆਰਾ ਪੰਪਾਂ ਤੱਕ ਤੇਲ ਪਹੁੰਚਾਉਣ ਲਈ ਫੌਜ ਦੀ ਤਾਇਨਾਤੀ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਯੂਕੇ ਦੇ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਨੇ ਜ਼ੋਰ ਦੇ ਕੇ ਕਿਹਾ ਕਿ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਉਹਨਾਂ ਡਰਾਈਵਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਹਫੜਾ ਦਫੜੀ ਵਿੱਚ ਨਾ ਪੈਣ। ਇਸ ਕਾਨੂੰਨ ਨੂੰ ਮੁਅੱਤਲ ਕਰਨ ਦੇ ਫੈਸਲੇ ਦੀ ਘੋਸ਼ਣਾ ਐਤਵਾਰ ਨੂੰ ਕਾਰੋਬਾਰੀ ਸਕੱਤਰ ਕਵਾਸੀ ਕਵਾਰਟੇਂਗ ਦੁਆਰਾ ਤੇਲ ਕੰਪਨੀਆਂ ਅਤੇ ਪ੍ਰਚੂਨ ਵਿਕਰੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀਤੀ ਗਈ।

Comments are closed, but trackbacks and pingbacks are open.