ਯੂਕੇ: ਅਫਗਾਨ ਸ਼ਰਨਾਰਥੀਆਂ ਦੀ ਹੋਟਲਾਂ ਵਿਚਲੀ ਰਿਹਾਇਸ਼ ਰਹਿ ਸਕਦੀ ਹੈ ਜਾਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) –

ਯੂਕੇ ਵਿੱਚ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਕੇ ਲਿਆਂਦੇ ਗਏ ਹਜਾਰਾਂ ਸ਼ਰਨਾਰਥੀਆਂ ਨੂੰ ਹੋਟਲਾਂ ਵਿੱਚ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ ਅਤੇ ਇਹ ਰਿਹਾਇਸ਼ ਫਿਲਹਾਲ ਕੁੱਝ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਇਸ ਸਬੰਧੀ ਗ੍ਰਹਿ ਦਫਤਰ ਨੇ ਸੰਕੇਤ ਦਿੱਤਾ ਹੈ ਕਿ 7,000 ਅਫਗਾਨ ਸ਼ਰਨਾਰਥੀਆਂ ਵਿੱਚੋਂ ਜਿਨ੍ਹਾਂ ਨੂੰ ਇਸ ਵੇਲੇ ਹੋਟਲਾਂ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਦੇ ਅਜੇ ਵੀ ਸਾਲ ਦੇ ਅੰਤ ਤੱਕ ਹੋਟਲ ਵਿੱਚ ਰਹਿਣ ਦੀ ਸੰਭਾਵਨਾ ਹੈ।

ਵਿਭਾਗ ਦੇ ਅਧਿਕਾਰੀ ਮੈਥਿਊ ਰਾਇਕ੍ਰਾਫਟ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਅਫਗਾਨਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਦੋ ਮਹੀਨਿਆਂ ਦੇ ਅੰਦਰ ਹੋਟਲਾਂ ਤੋਂ ਹੋਰ ਸਥਾਈ ਰਿਹਾਇਸ਼ਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਦੀ ਉਮੀਦ ਕਰਦੇ ਹਨ, ਪਰ ਕੁੱਝ ਲੋਕਾਂ ਲਈ ਇਸ ਕਾਰਵਾਈ ਨੂੰ ਜ਼ਿਆਦਾ ਸਮਾਂ ਲੱਗੇਗਾ। ਯੂਕੇ ਸਰਕਾਰ ਅਨੁਸਾਰ ਮੌਜੂਦਾ ਅਫਗਾਨ ਸ਼ਰਨਾਰਥੀਆਂ ਦੇ ਇਲਾਵਾ ਪਹਿਲਾਂ ਦੇ ਅਫਗਾਨੀ ਸ਼ਰਨਾਰਥੀ ਵੀ ਹੋਟਲਾਂ ਵਿੱਚ ਰਹਿ ਰਹੇ ਹਨ।

ਸਰਕਾਰ ਦੇ ਅੰਕੜਿਆਂ ਅਨੁਸਾਰ ਪਨਾਹ ਮੰਗਣ ਵਾਲੇ 70 ਦੇ ਕਰੀਬ ਇਕੱਲੇ ਬੱਚਿਆਂ ਨੂੰ ਵੀ ਹੋਟਲਾਂ ਵਿੱਚ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 16 ਦੀ ਉਮਰ 16 ਸਾਲ ਤੋਂ ਘੱਟ ਹੈ। ਗ੍ਰਹਿ ਦਫਤਰ ਅਨੁਸਾਰ ਘੱਟੋ ਘੱਟ 100 ਕੌਂਸਲਾਂ ਸ਼ਰਨਾਰਥੀਆਂ ਦੀ ਸਥਾਈ ਰਿਹਾਇਸ਼ ਦੀ ਪੇਸ਼ਕਸ਼ ਕਰਨ ਲਈ ਅੱਗੇ ਆਈਆਂ ਹਨ ਅਤੇ ਹੋਰ ਸਥਾਨਕ ਅਧਿਕਾਰੀਆਂ ਨੂੰ ਸਥਾਈ ਘਰ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵਿੱਚ ਅੱਗੇ ਵਧਣ ਅਤੇ ਸਹਾਇਤਾ ਕਰਨ ਲਈ ਕਿਹਾ ਗਿਆ ਹੈ।

Comments are closed, but trackbacks and pingbacks are open.