ਗਿੱਧੇ ਦੀਆਂ ਬੋਲੀਆਂ ਤੇ ਤਾੜੀਆਂ ਦਾ ਵਗਿਆ ਦਰਿਆ
ਟੈਲਫੋਰਡ, ਇੰਗਲੈਂਡ (ਮਨਦੀਪ ਖੁਰਮੀ ਹਿੰਮਤਪੁਰਾ) – ਵਿਦੇਸ਼ਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ‘ਚ ਆਪਣੇ ਪਰਿਵਾਰਕ ਫਰਜ਼ ਨਿਭਾਉਣੇ ਵੀ ਕਈ ਵਾਰ ਔਖੇ ਜਾਪਦੇ ਹਨ। ਪਰ ਬਹੁਤ ਥੋੜ੍ਹੇ ਜਨੂੰਨੀ ਲੋਕ ਅਜਿਹੇ ਵੀ ਹੁੰਦੇ ਹਨ ਜੋ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਮਾਜ ਪ੍ਰਤੀ ਫਰਜ਼ਾਂ ਨੂੰ ਵੀ ਅਣਦੇਖਿਆ ਨਹੀਂ ਕਰਦੇ।
ਯੂਕੇ ਦੀ ਧਰਤੀ ‘ਤੇ ਮੁਕੇਸ਼ ਮਹਿਮੀ ਤੇ ਸੁਨੀਤਾ ਮਹਿਮੀ ਦਾ ਨਾਂ ਉਂਗਲਾਂ ਦੇ ਪੋਟਿਆਂ ‘ਤੇ ਗਿਣੇ ਜਾਣ ਵਾਲੇ ਉੱਦਮੀ ਲੋਕਾਂ ਵਿੱਚ ਆਉਂਦਾ ਹੈ। ਇਸ ਜੋੜੇ ਵੱਲੋਂ ਪੰਜਾਬੀ ਸੱਭਿਆਚਾਰ ਦਾ ਸ਼ਮਲਾ ਉੱਚਾ ਰੱਖਣ ਦੇ ਕਾਰਜਾਂ ਦੀ ਲੜੀ ਤਹਿਤ ਯੂਕੇ ਨੈਸ਼ਨਲ ਗਿੱਧਾ ਕੰਪੀਟੀਸ਼ਨ ਕਰਵਾਉਣ ਦੀ ਮੁਹਿੰਮ ਚਲਾਈ ਹੋਈ ਹੈ।
ਬੀਤੇ ਦਿਨ ਟੈਲਫੋਰਡ ਵਿਖੇ ਤੀਜਾ ਯੂਕੇ ਨੈਸ਼ਨਲ ਗਿੱਧਾ ਮਹਾਂਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਯੂਕੇ ਦੇ ਵੱਖ-ਵੱਖ ਸ਼ਹਿਰਾਂ ‘ਚੋਂ ਆਪਣੀਆਂ ਗਿੱਧਾ ਟੀਮਾ ਲੈ ਕੇ ਮਾਣਮੱਤੀਆਂ ਪੰਜਾਬਣਾਂ ਹੁੰਮ ਹੁਮਾ ਕੇ ਪਹੁੰਚੀਆਂ। ਪ੍ਰੇਮ ਵੈਡਿੰਗ ਡੈਕੋਰੇਸ਼ਨ ਟੈਲਫੋਰਡ ਦੇ ਵਿਸ਼ੇਸ਼ ਪ੍ਰਬੰਧ ਹੇਠ ਹੋਏ ਇਸ ਗਿੱਧਾ ਮਹਾਂਮੁਕਾਬਲੇ ਵਿੱਚ ਪਹਿਲਾ ਸਥਾਨ ਗਿੱਧਾ ਸ਼ੌਕੀਨ ਜੱਟੀਆਂ ਦਾ ਸਾਊਥਾਲ (ਲੰਡਨ) ਦੀ ਝੋਲੀ ਪਿਆ। ਦੂਜਾ ਸਥਾਨ ਮਜਾਜਣਾਂ ਟੈਲਫੋਰਡ ਨੂੰ ਹਾਸਲ ਹੋਇਆ ਜਦਕਿ ਤੀਜੇ ਸਥਾਨ ‘ਤੇ ਵੁਲਵਰਹੈਪਟਨ ਦੀ ਨੱਚ ਮਜਾਜਣ ਟੀਮ ਤੇ ਬੈਡਫੋਰਡ ਦੀ ਸੁਨਹਿਰੀ ਪਿੱਪਲ ਪੱਤੀਆਂ ਟੀਮ ਰਹੀਆਂ।
ਇਸ ਮਹਾਂ-ਮੁਕਾਬਲੇ ਦੌਰਾਨ ਜੱਜ ਸਾਹਿਬਾਨ ਦੇ ਫਰਜ਼ ਸ਼ਿੰਗਾਰਾ ਸਿੰਘ, ਮਨਜਿੰਦਰ ਸਿੰਘ ਪੁਰੇਵਾਲ, ਸੰਜੀਵ ਭਨੋਟ, ਰਵਨੀਤ ਕੌਰ ਤੇ ਸੰਗੀਤਾ ਵਿਜ ਨੇ ਅਦਾ ਕੀਤੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਨੂਰ ਜ਼ੋਰਾ ਦਾ ਸਵਾਗਤ ਆਪਣੇ ਆਪ ਵਿੱਚ ਬੇਮਿਸਾਲ ਸੀ, ਕਿਉਂਕਿ ਜਿਉਂ ਹੀ ਉਹਨਾਂ ਨੂੰ ਢੋਲ ਦੇ ਡੱਗੇ ‘ਤੇ ਹਾਲ ਵਿੱਚ ਲਿਆਂਦਾ ਗਿਆ ਤਾਂ ਹਾਜ਼ਰੀਨ ਵੱਲੋਂ ਤਾੜੀਆਂ, ਕੂਕਾਂ ਦਾ ਹੜ੍ਹ ਵਗ ਤੁਰਿਆ। ਸਮਾਗਮ ਦੇ ਅਖੀਰ ਵਿੱਚ ਮੁਕੇਸ਼ ਮਹਿਮੀ ਤੇ ਸੁਨੀਤਾ ਮਹਿਮੀ ਵੱਲੋਂ ਹਰ ਆਏ ਸਖਸ਼ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Comments are closed, but trackbacks and pingbacks are open.