ਰੂਸ ਨੂੰ ਨੱਥ ਪਾਉਣ ਦੀ ਭਾਵੁਕ ਅਪੀਲ ਕੀਤੀ
ਲੰਡਨ – ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬਰਤਾਨੀਆ ਦੇ ਸੰਸਦ ਮੈਂਬਰਾਂ ਨੂੰ ਰੂਸ ਨੂੰ ‘ਅੱਤਵਾਦੀ ਦੇਸ਼’ ਘੋਸ਼ਿਤ ਕਰਨ ਅਤੇ ਮਾਸਕੋ ’ਤੇ ਸਖ਼ਤ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਯੂਕਰੇਨ ਸੁਰੱਖਿਅਤ ਰਹੇ।
ਉਨ੍ਹਾਂ ਨੇ ਇਹ ਬੇਨਤੀ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਰੁੱਧ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਵੀਡੀਓ ਲਿੰਕ ਰਾਹੀਂ ਹਾਊਸ ਆਫ਼ ਕਾਮਨਜ਼ ਵਿੱਚ ‘‘ਇਤਿਹਾਸਕ’’ ਭਾਸ਼ਣ ਦੇਣ ਵਾਲੇ ਜ਼ੇਲੇਨਸਕੀ (44) ਨੂੰ ਬ੍ਰਤਾਨਵੀ ਸੰਸਦ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦਿੱਤਾ। ਬ੍ਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸੰਬੋਧਿਤ ਹੁੰਦੇ ਹੋਏ, ਜ਼ੇਲੇਂਸਕੀ ਨੇ ਕਿਹਾ, ‘‘ਅਸੀਂ ਤੁਹਾਡੇ ਤੋਂ, ਪੱਛਮੀ ਦੇਸ਼ਾਂ ਤੋਂ ਮਦਦ ਦੀ ਉਮੀਦ ਕਰ ਰਹੇ ਹਾਂ। ਅਸੀਂ ਇਸ ਮਦਦ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਤੁਹਾਡਾ ਧੰਨਵਾਦੀ ਹਾਂ।
ਉਨ੍ਹਾਂ ਕਿਹਾ, ‘‘ਕਿਰਪਾ ਕਰਕੇ ਰੂਸ ਵਿਰੁੱਧ ਪਾਬੰਦੀਆਂ ਦਾ ਦਬਾਅ ਵਧਾਓ ਅਤੇ ਕਿਰਪਾ ਕਰਕੇ ਇਸ ਦੇਸ਼ ਨੂੰ ਇਕ ਅੱਤਵਾਦੀ ਦੇਸ਼ ਵਜੋਂ ਮਾਨਤਾ ਦਿਓ। ਇਹ ਯਕੀਨੀ ਬਣਾਓ ਕਿ ਸਾਡਾ ਯੂਕ੍ਰੇਨੀ ਆਸਮਾਨ ਸੁਰੱਖਿਅਤ ਰਹੇ।
ਭਾਵੁਕ ਭਾਸ਼ਣ ਵਿੱਚ ਜ਼ੇਲੇਨਸਕੀ ਨੇ ਸਾਬਕਾ ਬਿ੍ਰਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਉਨ੍ਹਾਂ ਸ਼ਬਦਾਂ ਨੂੰ ਦੁਹਰਾਇਆ, ਜਿਸ ਵਿੱਚ ਹਵਾਈ ਖੇਤਰ, ਸਮੁੰਦਰ ਅਤੇ ਸੜਕਾਂ ’ਤੇ ਰੂਸੀ ਫੌਜਾਂ ਨਾਲ ਲੜਨ ਦਾ ਵਾਅਦਾ ਕੀਤਾ ਗਿਆ ਸੀ। ਯੂਕ੍ਰੇਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਰੂਸ ਵੱਲੋਂ ਦਿਨ ਪ੍ਰਤੀ ਦਿਨ ਕੀਤੇ ਜਾ ਰਹੇ ਹਮਲਿਆਂ ਦਾ ਵੇਰਵਾ ਦਿੱਤਾ।
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦੇਸ਼ੀ ਆਗੂ ਨੇ ਹਾਊਸ ਆਫ਼ ਕਾਮਨਜ਼ ਵਿੱਚ ਸੰਸਦ ਮੈਂਬਰਾਂ ਨੂੰ ਸਿੱਧੇ ਤੌਰ ’ਤੇ ਸੰਬੋਧਨ ਕੀਤਾ ਹੈ।
Comments are closed, but trackbacks and pingbacks are open.