ਬ੍ਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਨੇ ਲੋਕਾਂ ਨੂੰ ਕਾਰੋਨਾ ਨਾਲ ਜਿਉਣ ਦੀ ਨਸੀਹਤ ਦਿੱਤੀ

ਹਸਪਤਾਲਾ ਨੂੰ ਛੱਡ ਕੇ ਬਾਕੀ ਪਾਬੰਦੀਆਂ ਅਗਲੇ ਹਫ਼ਤੇ ਤੋਂ ਖ਼ਤਮ ਕਰਨ ਦਾ ਐਲਾਨ

ਬ੍ਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਮਹਾਂਮਾਰੀ ਦੇ ਨਾਲ-ਨਾਲ ਆਮ ਸਥਿਤੀ ਵਿੱਚ ਵਾਪਸ ਜਾਣ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਕੈਬਨਿਟ ਨੂੰ ਜਾਣਕਾਰੀ ਦਿੱਤੀ ਹੈ। ਜਿਹਨਾਂ ਦੇ ਜ਼ਰੀਏ ਮਹਾਂਮਾਰੀ ਨਾਲ ਸਬੰਧਤ ਸਾਰੀਆਂ ਕਾਨੂੰਨੀ ਪਾਬੰਦੀਆਂ ਖ਼ਤਮ ਹੋ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਖ਼ਤਮ ਨਹੀਂ ਹੋਈ ਹੈ ਪਰ ਟੀਕਾਕਰਨ ਨੇ ਦੇਸ਼ ਲਈ ਆਮ ਸਥਿਤੀ ਵਿੱਚ ਵਾਪਸ ਆਉਣਾ ਸੰਭਵ ਬਣਾਇਆ ਹੈ।ਜੋਹਨਸਨ ਨੇ ਹਫ਼ਤੇ ਦੇ ਸ਼ੁਰੂ ਵਿੱਚ ਘੋਸ਼ਣਾਵਾਂ ਤੋਂ ਪਹਿਲਾਂ ਕਿਹਾ ਕਿ ਦੇਸ਼ ਦੇ ਇਤਿਹਾਸ ਦੇ ਸਭ ਤੋਂ ਮੁਸ਼ਕਲ ਸਮੇਂ ਤੋਂ ਬਾਅਦ, ਅੱਜ ਇੱਕ ਮਾਣ ਵਾਲਾ ਪਲ ਹੋਵੇਗਾ, ਜਦੋਂ ਅਸੀਂ ਕੋਵਿਡ ਦੇ ਨਾਲ ਰਹਿਣਾ ਸਿੱਖਣਾ ਸ਼ੁਰੂ ਕਰਾਂਗੇ।

ਉਹਨਾਂ ਨੇ ਕਿਹਾ ਕਿ ਇਹ ਬਹੁਤ ਸਾਰੇ ਰਾਸ਼ਟਰੀ ਸਿਹਤ ਸੇਵਾ ਕਰਮਚਾਰੀਆਂ ਦੇ ਯਤਨਾਂ ਤੋਂ ਬਿਨਾਂ ਸੰਭਵ ਨਹੀਂ ਸੀ, ਜਿਨ੍ਹਾਂ ਨੇ ਤੇਜ਼ ਰਫ਼ਤਾਰ ਨਾਲ ਜੀਵਨ ਬਚਾਉਣ ਵਾਲੇ ਟੀਕਾਕਰਨ ਕੀਤਾ।ਯਾਦ ਰਹੇ ਕਿ ਬ੍ਰਤਾਨਵੀ ਸਰਕਾਰ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਲਈ ਅਗਲੇ ਹਫ਼ਤੇ ਤੋਂ ਖ਼ੁਦ ਨੂੰ ਇਕਾਂਤਵਾਸ ਵਿੱਚ ਰੱਖਣਾ ਕਾਨੂੰਨੀ ਜ਼ਰੂਰਤ ਨਹੀਂ ਹੋਵੇਗੀ।

ਬ੍ਰਤਾਨੀਆ ਨੇ ਇਹ ਐਲਾਨ ‘‘ਕੋਵਿਡ ਨਾਲ ਰਹਿਣ’’ ਦੀ ਆਪਣੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਹੈ। ਕੋਰੋਨਾ ਵਾਇਰਸ ਦੀ ਜਾਂਚ ਵੀ ਘੱਟ ਹੋਣ ਦੀ ਸੰਭਾਵਨਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਸਾਰੀਆਂ ਕਾਨੂੰਨੀ ਪਾਬੰਦੀਆਂ ਨੂੰ ਖ਼ਤਮ ਕੀਤੇ ਜਾਣ ਨਾਲ ਬ੍ਰਤਾਨੀਆ ਦੇ ਲੋਕ ਆਪਣੀ ਆਜ਼ਾਦੀ ਨੂੰ ਸੀਮਤ ਕੀਤੇ ਬਿਨਾਂ ਆਪਣੀ ਰੱਖਿਆ ਕਰ ਸਕਣਗੇ।ਹਾਲਾਂਕਿ, ਸਰਕਾਰ ਦੇ ਕੁਝ ਵਿਗਿਆਨਕ ਸਲਾਹਕਾਰਾਂ ਦਾ ਕਹਿਣਾ ਹੈ ਕਿ ਇਹ ਇਕ ਜ਼ੋਖਮ ਭਰਿਆ ਕਦਮ ਹੈ, ਜੋ ਲਾਗ ਨੂੰ ਤੇਜ਼ੀ ਨਾਲ ਫੈਲਾ ਸਕਦਾ ਹੈ ਅਤੇ ਭਵਿੱਖ ਵਿੱਚ ਆਉਣ ਵਾਲੇ ਵਾਇਰਸ ਦੇ ਹੋਰ ਰੂਪਾਂ ਦੇ ਵਿਰੁੱਧ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦਾ ਹੈ।

ਜਾਨਸਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਜਨਵਰੀ ਵਿੱਚ ਜ਼ਿਆਦਾਤਰ ਪਾਬੰਦੀਆਂ ਹਟਾ ਦਿੱਤੀਆਂ ਸਨ। ਇੰਗਲੈਂਡ ਦੇ ਹਸਪਤਾਲਾਂ ਤੋਂ ਇਲਾਵਾ ਹੋਰ ਥਾਵਾਂ ’ਤੇ ਮਾਸਕ ਦੀ ਜ਼ਰੂਰਤ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਹੈ।

Comments are closed, but trackbacks and pingbacks are open.