ਬ੍ਰਤਾਨੀਆ ਵਿੱਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ

ਮੌਸਮ ਵਿਭਾਗ ਵਲੋਂ ਦੂਜੇ ਤੂਫ਼ਾਨ ਦੀ ਚਿਤਾਵਨੀ

ਲੰਡਨ – ਬ੍ਰਤਾਨੀਆ ਸਕਾਟਲੈਂਡ ਅਤੇ ਬ੍ਰਤਾਨੀਆ ਵਿੱਚ ਬੁੱਧਵਾਰ ਨੂੰ ਤੂਫ਼ਾਨ ‘ਡਡਲੇ’ ਤੋਂ ਬਾਅਦ ਹੁਣ ਦੂਸਰਾ ਤੂਫ਼ਾਨ ‘ਯੂਨਿਸ’ ਸ਼ੁੱਕਰਵਾਰ ਨੂੰ ਬ੍ਰਤਾਨੀਆ ਵਿੱਚ ਟਕਰਾਏਗਾ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਬੀਬੀਸੀ ਮੁਤਾਬਕ ਸਕਾਟਲੈਂਡ ਸਮੇਤ ਉੱਤਰੀ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਦੇ ਹੋਰ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਜਾਰੀ ਹਨ।

ਹਾਲ ਹੀ ਵਿੱਚ ਆਏ ਤੂਫ਼ਾਨ ਡਡਲੇ ਨਾਲ ਇਹ ਇਲਾਕਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਇਸ ਲਈ ਇੱਥੇ ਦਰੱਖ਼ਤਾਂ, ਰੇਲਵੇ ਲਾਈਨਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਬੰਦ ਕਰਕੇ ਤੂਫ਼ਾਨ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਤੂਫ਼ਾਨ ਯੂਨਿਸ ਦੀ ਚਿਤਾਵਨੀ ਤੋਂ ਬਾਅਦ ਉੱਤਰੀ ਪੂਰਬੀ ਇੰਗਲੈਂਡ, ਕੁੰਬਰੀਆ, ਉੱਤਰੀ ਯੌਰਕਸ਼ਾਇਰ ਅਤੇ ਲੰਕਾਸ਼ਾਇਰ ਵਿੱਚ ਬਿਜਲੀ ਸਪਲਾਈ ਕੱਟ ਦਿੱਤੀ ਗਈ ਅਤੇ ਨਾਲ ਹੀ ਸਕਾਟਲੈਂਡ ਵਿੱਚ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ।

ਰਿਪੋਰਟ ਅਨੁਸਾਰ ਤੂਫ਼ਾਨ ਯੂਨਿਸ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗਾ ਅਤੇ ਇੰਗਲੈਂਡ ਅਤੇ ਵੇਲਜ਼ ਵਿੱਚ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਜਾਵੇਗਾ।

ਮੌਸਮ ਵਿਭਾਗ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ੁੱਕਰਵਾਰ ਵਾਲਾ ਤੂਫ਼ਾਨ ਡਡਲੇ ਤੋਂ ਵੀ ਜ਼ਿਆਦਾ ਤਬਾਹੀ ਮਚਾਏਗਾ।

Comments are closed, but trackbacks and pingbacks are open.