ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
ਸਾਊਥਾਲ – ਨਵੇਂ ਸਾਲ 2022 ਦੇ ਸ਼ੁਰੂ ਵਿੱਚ ਬਰਤਾਨੀਆ ‘ਚ ਸਨਮਾਨਿਤ ਕੀਤੇ ਜਾਣ ਵਾਲੀ ਸ਼ਾਹੀ ਸਨਮਾਨਾਂ ਦੀ ਸੂਚੀ ਵਿੱਚ ਡਾ: ਜਪਿੰਦਰ ਕੌਰ ਢੇਸੀ ਦਾ ਨਾਂ ਉੱਭਰ ਕੇ ਸਾਹਮਣੇ ਆਇਆ ਹੈ। ਡਾ: ਜਪਿੰਦਰ ਕੌਰ ਢੇਸੀ ਨੂੰ ਪਿਛਲੇ ਦਿਨੀਂ ਮਹਾਰਾਣੀ ਵਲੋਂ ਓ.ਬੀ.ਈ. (ਔਫ਼ੀਸਰ ਆਫ਼ ਦਾ ਔਡਰ ਆਫ਼ ਦਾ ਬ੍ਰਿਟਿਸ਼ ਐਮਪਾਇਰ) ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਆਪਣੇ ਕੰਮ ਪ੍ਰਤੀ ਸਮਰਪਣ, ਸਖਤ ਮਿਹਨਤ ਅਤੇ ਸਰਕਾਰੀ ਸੇਵਾਵਾਂ ਤਨਦੇਹੀ ਨਾਲ ਨਿਭਾਉਣ ਕਰਕੇ ਜਪ ਢੇਸੀ ਹਿੱਸੇ ਆਇਆ ਹੈ।
ਦੱਸਣਯੋਗ ਹੈ ਕਿ ਡਾ: ਜਪਿੰਦਰ ਢੇਸੀ ਪੰਜਾਬੀ ਦੇ ਉੱਘੇ ਲਿਖਾਰੀ ਅਤੇ ਸਾਬਕਾ ਕੌਂਸਲਰ ਸਵ. ਸ਼ਿਵਚਰਨ ਸਿੰਘ ਗਿੱਲ ਹੋਰਾਂ ਦੀ ਦੋਹਤੀ ਹੈ। ਉਹ ਆਪਣੇ ਨਾਨਾ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦੀ ਹੋਈ ਪੰਜਾਬੀ ਮਾਂ-ਬੋਲੀ ਅਤੇ ਸਮਾਜ ਸੇਵੀ ਕੰਮਾਂ ਵਿੱਚ ਤਤਪਰ ਰਹਿੰਦੀ ਹੈ। ਜਿਸ ਸਦਕਾ ਹੀ ਇਹ ਵਡਮੁੱਲਾ ਖਿਤਾਬ ਉਸ ਦੀ ਝੋਲੀ ਪਿਆ। ਜਪ ਢੇਸੀ ਦੇ ਨਾਨਾ-ਨਾਨੀ ਜੀ ਨੇ ਅਧਿਆਪਨ ਕਿੱਤੇ ਦੇ ਨਾਲ-ਨਾਲ ਬਹੁਤਾ ਸਮਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਜੁੱਟ ਕੇ ਗੁਜ਼ਾਰਿਆ। ਜਪ ਦੇ ਮਾਤਾ ਬੀਬੀ ਸ਼ਿਵਦੀਪ ਕੌਰ ਢੇਸੀ ਵੀ ਸਮਾਜ ਭਲਾਈ ਸੰਸਥਾਵਾਂ ਨਾਲ ਜੁੜੀ ਹੋਈ ਹੈ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਸ਼ਿਵਦੀਪ ਢੇਸੀ ਨੇ ਪਿੱਛਲੇ ਦੋ ਸਾਲਾਂ ਤੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ‘ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ’ ਸਥਾਪਿਤ ਕੀਤਾ ਹੋਇਆ ਹੈ ਅਤੇ ਉਹ ਲੇਬਰ ਪਾਰਟੀ ਦੀ ਸਰਗਰਮ ਮੈਂਬਰ ਵੀ ਹੈ।
ਜਪਿੰਦਰ, ਜਿਸਨੇ ‘ਪੋਲੀਟੀਕਲ ਸਾਇੰਸ ਸਾਇਕੋਲੋਜੀ’ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ, ਪਿਛੋਂ ਲੁਧਿਆਣਾ ਜ਼ਿਲ੍ਹਾ ਨਾਲ ਸਬੰਧਿਤ ਹੈ। ਜਪ ਢੇਸੀ ਨੇ ਓ.ਬੀ.ਈ. ਸਨਮਾਨ ਹਾਸਿਲ ਕਰਕੇ ਜਿੱਥੇ ਆਪਣੇ ਪਰਿਵਾਰ, ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਸਿਰ ਉੱਚਾ ਕੀਤਾ ਹੈ, ਉੱਥੇ ਬਰਤਾਨੀਆ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵੀ ਉਸਦੀ ਸਫਲਤਾ ‘ਤੇ ਬੇਹੱਦ ਮਾਣ ਹੈ। ਅਦਾਰਾ ‘ਦੇਸ ਪ੍ਰਦੇਸ’ ਇਸ ਖੁਸ਼ੀ ਦੇ ਮੌਕੇ ਢੇਸੀ ਪਰਿਵਾਰ ਅਤੇ ਗਿੱਲ ਪਰਿਵਾਰ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹੈ।
ਰਿਪੋਰਟ – ਗੁਰਦੀਪ ਕੌਰ / ਭਿੰਦਰ ਜਾਲਾਲਾਬਾਦੀ
Comments are closed, but trackbacks and pingbacks are open.