ਡਟੇ ਰਹਿਣ ਨਾਲ ਹੀ ਬਾਕੀ ਹੱਕ ਮਿਲਣਗੇ, ਭਰੋਸਿਆਂ ‘ਤੇ ਉੱਠ ਜਾਣ ਨਾਲ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ( ਰਜਿ.)

ਇੰਗਲੈਂਡ – ਭਾਰਤ ਸਰਕਾਰ ਨੇ ਕਿਸਾਨ ਜਥੇਬੰਦੀਆਂ ਤੋਂ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਕਮਟੀ ਬਣਾਉਣ ਦੀ ਗੱਲ ਕਹਿਕੇ 5 ਨਾਵਾਂ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਅੰਦੋਲਨ ਵਾਪਸ ਲੈਣ ਦੀ ਬਾਰ ਬਾਰ ਕਹੀ ਜਾਂਦੀ ਗੱਲ ਨੂੰ ਮੁੜ ਦਹਰਾਇਆ ਹੈ। ਕਿਸਾਨ ਜਥੇਬੌਦੀਆਂ ਦੀਆਂ ਇਸ ਸਬੰਧੀ ਫੈਸਲੇ ਲੈਣ ਲਈ ਮੀਟਿੰਗਾਂ ਚੱਲ ਰਹੀਆਂ ਹਨ, ਇਕ ਗੱਲ ਸਪੱਸ਼ਟ ਹੈ ਕਿ ਡਟੇ ਰਹਿਣ ਨਾਲ ਹੀ ਕਨੂੰਨ ਰੱਦ ਹੋਏ ਹਨ ‘ਤੇ ਡਟੇ ਰਹਿਣ ਨਾਲ ਹੀ ਬਾਕੀ ਹੱਕ ਮਿਲਣਗੇ, ਇਤਿਹਾਸ ਗਵਾਹ ਹੈ ਕਿ ਵਾਅਦਿਆਂ ‘ਤੇ ਯਕੀਨ ਕਰਕੇ ਉੱਠ ਜਾਣ ਜਾਂ ਅੰਦੋਲਨ ਵਾਪਸ ਲੈਣ ਨਾਲ ਨਿਰਸ਼ਤਾ ਹੀ ਪੱਲੇ ਪੈਂਦੀ ਆ ਰਹੀ ਹੈ ਇਹੀ ਅੱਗੇ ਹੋਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਨੂੰਨ ਵਾਪਸ ਲੈਣ ਲਈ ਕੀਤੇ ਆਪਣੇ ਭਾਸ਼ਨ ਦੌਰਾਨ ਗੁਰਬਾਣੀ ਦਾ ਗਲਤ ਉਚਾਰਨ ਕੀਤਾ ਜੋ ਕਿ ਪਹਿਲੀ ਵਾਰ ਨਹੀਂ ਹੈ, ਸਿੱਖ ਗੁਰੂ ਸਾਹਿਬਾਨ,ਗੁਰਬਾਣੀ, ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖਾਂ ਬਾਰੇ ਗਿਣੀ ਮਿੱਥੀ ਸਾਜਿਸ਼ ਅਧੀਨ ਜਾਣ ਬੁੱਝਕੇ ਗਲਤ ਲਿਖਿਆ ‘ਤੇ ਬੋਲਿਆ ਜਾਂਦਾ ਹੈ। ਇਸ ਤੋਂ ਵੀ ਦੁਖਦਾਇਕ ਪਹਿਲੂ ਇਹ ਹੈ ਕਿ ਕਈ ਵਾਰੀ ਸਿੱਖ ਚਿਹਰੇ ਮੋਹਰੇ ਵਾਲੇ ਵਿਅਕਤੀ ਵੀ ਇਸ ਸਾਜਿਸ਼ ਦੇ ਭਾਈਵਾਲ ਬਣਦੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਤਪੱਸਿਆ ਵਿੱਚ ਕੋਈ ਕਮੀ ਰਹਿ ਗਈ ਇਸ ਤੋਂ ਕੀ ਇਹ ਸਮਝਿਆ ਜਾਵੇ ਕਿ ਅੰਦੋਲਨ ਦੌਰਾਨ ਸਰਕਾਰ ਨੇ ਜੋ ਜਬਰ ਜ਼ੁਲਮ ਕੀਤਾ, ਆਪ ਭੰਡੀ ਪ੍ਰਚਾਰ ਕੀਤਾ, ਗੋਦੀ ਮੀਡੀਆ ‘ਤੇ ਅੰਧ ਭਗਤਾਂ ਤੋਂ ਕਰਵਾਇਆ ਇਹ ਸਭ ਸਰਕਾਰੀ ਤਪੱਸਿਆ ਦਾ ਹੀ ਹਿੱਸਾ ਹੈ ? ਪ੍ਰਧਾਨ ਸੂਬਾ ਸਿੰਘ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅੱਗੇ ਕਿਹਾ ਕਿ ਸਰਕਾਰੀ ਧਿਰ ਪ੍ਰਚਾਰਦੀ ਆ ਰਹੀ ਹੈ ਕਿ ਕਿਸਾਨਾਂ ਨੂੰ ਖੇਤੀ ਕਨੂੰਨ ਸਮਝ ਨਹੀਂ ਆਏ, ਇਸ ਤੋਂ ਪਹਿਲਾਂ ਜੀ. ਐਸ. ਟੀ., ਨੋਟਬੰਦੀ, ਨਾਗਰਿਕਤਾ ਸੋਧ ਐਕਟ, ਧਾਰਾ 370 ਦਾ ਹਟਾਉਣਾ, ਬੇਹਿਸਾਬ ਵੱਧਦੀ ਮਹਿੰਗਾਈ, ਬੇਰੁਜਗਾਰੀ, ਕੁਰੱਪਸ਼ਨ ਆਦਿਕ ਕੋਈ ਵੀ ਮੁੱਦਾ ਹੋਵੇ ਸਰਕਾਰ ‘ਤੇ ਸਰਕਾਰੀ ਧਿਰਾਂ ਵੱਲੋਂ ਇਹੀ ਜੁਮਲੇ ਦੁਹਰਾਏ ਜਾਂਦੇ ਹਨ, ਤਾਂ ਕਿ ਇਹ ਸਮਝਿਆ ਜਾਵੇ ਕਿ ਸਿਰਫ ਉਹੀ ਸਮਝਦਾਰ ਹਨ ? 2014 ਤੋ ਹਿੰਦੀ, ਹਿੰਦੂ, ਹਿੰਦੋਸਤਾਨ ਦੀ ਸੋਚ ਅਧੀਨ ਵੱਧਦੇ ਆ ਰਹੇ ਦਮਨ ਚੱਕਰ ਨੂੰ ਕਿਸਾਨ ਅੰਦੋਲਨ ਨੇ ਕੁੱਝ ਠੱਲ੍ਹ ਪਾਈ ਹੈ ਸਭ ਸੰਘਰਸ਼ਸ਼ੀਲ ਧਿਰਾਂ ਨੂੰ ਇਸ ਤੋਂ ਸਬਕ ਸਿੱਖਦੇ ਹੋਏ ਸੇਧ ਲੈ ਕੇ ਆਪਣੀ ਰਣਨੀਤੀ ਉਲੀਕਣੀ ਚਾਹੀਦੀ ਹੈ।ਕੁੱਝ ਦਿਨ ਪਹਿਲਾਂ ਹੀ ਸੰਵਿਧਾਨ ਵਿਸ ਮਨਾਇਆ ਗਿਆ, ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਨੰਬਰ 1 ਮੁਤਾਬਕ :- ਅਸੀਂ, ਭਾਰਤ ਦੇ ਲੋ ਭਾਰਤ ਨੂੰ ਇਕ ਪ੍ਰਭੂਤਾਧਾਰੀ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਭ ਨਾਗਰਿਕਾਂ ਨੂੰ ਸਮਾਜਕ, ਆਰਥਕ ਅਤੇ ਰਾਜਨੀਤਕ ਨਿਆਂ, ਵਿਚਾਰ ਪ੍ਰਗਟਾਉ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾ; ਪ੍ਰਤਿਸ਼ਠਾ ਉਤੇ ਅਵਸਰ ਦੀ ਸਮਤਾ ਪ੍ਰਾਪਤ ਕਰਵਾਉਣ ਲਈ; ਅਤੇ ਉਨ੍ਹਾਂ ਸਭਨਾ ਵਿਚਕਾਰ ਵਿਅਕਤੀ ਦਾ ਗੌਰਵ ਅਤੇ ਕੌਮ ਦੀ ਏਕਤਾ ਅਤੇ ਅਖੰਡਤਾ ਸੁਨਿਸਚਿਤ ਕਰਨ ਵਾਲੀ ਭਰਾਤਰਤਾ ਵਧਾਉਣ ਲਈ ; ਦ੍ਰਿੜਮਨ ਹੋ ਕੇ ਆਪਣੀ ਸੰਵਿਧਾਨ ਸਭਾ ਵਿੱਚ ਨਵੰਬਰ 1949 ਦੇ ਛੱਬੀਵੇਂ ਦਿਨ ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ ਕਰਦੇ, ਐਕਟ ਬਣਾਉਂਦੇ ਅਤੇ ਆਪਣੇ ਆਪ ਨੂੰ ਅਰਪਦੇ ਹਾਂ।ਦੂਸਰਿਆਂ ਨੂੰ ਸੰਵਿਧਾਨ ਅਤੇ ਕਨੂੰਨ ਮੁਤਾਬਕ ਚੱਲਣ ਦੀਆਂ ਨਸੀਹਤਾਂ ਦੇਣ ਵਾਲੇ ਲੋਕਤੰਤਰ ਦੇ ਚਾਰੋ ਥੰਮਾਂ ਨੇ ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਅੱਜ ਤੱਕ; ਇਸ ਪ੍ਰਸਤਾਵਨਾਂ ‘ਤੇ ਕਿੰਨਾ ਕੁ ਅਮਲ ਕੀਤਾ ਹੈ ਇਸ ਉੱਪਰ ਵਿਚਾਰ ਚਿੰਤਨ ਜਰੂਰ ਕਰਨ।

Comments are closed, but trackbacks and pingbacks are open.