ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਪਾਟਿਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਪਿਛਲੇ ਮਹੀਨੇ ਦੇ ਸ਼ੁਰੂ ਵਿਚ ਅਮਰੀਕਾ ਦੇ ਮੋਨਟਾਨਾ ਰਾਜ ਵਿਚ ਗਲੇਸ਼ੀਅਰ ਨੈਸ਼ਨਲ ਪਾਰਕ ਵਿਖੇ ਆਪਣੇ ਦੋਸਤਾਂ ਨਾਲ ਮੌਜ ਮਸਤੀ ਕਰਨ ਗਏ 26 ਸਾਲਾ ਭਾਰਤੀ ਸਿਧਾਂਤ ਵਿਠਲ ਪਾਟਿਲ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਕੈਲੀਫੋਰਨੀਆ ਵਾਸੀ ਪਾਟਿਲ ਆਪਣੇ 7 ਦੋਸਤਾਂ ਨਾਲ ਪਾਰਕ ਵਿਚ ਲੰਬੀ ਸੈਰ ‘ਤੇ ਗਿਆ ਸੀ। ਉਹ ਇਕ ਪਹਾੜੀ ਉਪਰ ਖੜਾ ਸੀ ਕਿ ਅਚਾਨਕ ਡਾਵਾਂਡੋਲ ਹੋ ਕੇ ਡੂੰਘੀ ਖੱਡ ਨੁਮਾ ਨਦੀ ਵਿਚ ਜਾ ਡਿੱਗਾ। ਪਾਟਿਲ ਦੇ ਦੋਸਤਾਂ ਤੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਉਸ ਨੂੰ ਡਿੱਗਦਿਆਂ ਵੇਖਿਆ ਸੀ। ਉਨਾਂ ਨੇ ਹੇਠਾਂ ਜਾ ਕੇ ਪਾਣੀ ਵਿਚ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਗਲੇਸ਼ੀਅਰ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਡੂੰਘੇ ਪਾਣੀ ਕਾਰਨ ਪਾਟਿਲ ਦੀ ਲਾਸ਼ ਲੱਭਣ ਵਿਚ ਮੁਸ਼ਕਿਲ ਆ ਰਹੀ ਸੀ। ਪਰੰਤੂ ਅੰਤ ਵਿਚ ਉਨਾਂ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਹਨ।
ਪਾਟਿਲ ਦੇ ਚਾਚਾ ਪ੍ਰਤੇਸ਼ ਚੌਧਰੀ ਨੇ ਕਿਹਾ ਹੈ ਕਿ ਯੂ ਐਸ ਰੇਂਜਰ ਅਧਿਕਾਰੀਆਂ ਨੇ ਉਨਾਂ ਨੂੰ ਵਿਠਲ ਦੀ ਲਾਸ਼ ਬਰਾਮਦ ਹੋਣ ਬਾਰੇ ਦਸਿਆ ਹੈ। ਉਨਾਂ ਨੇ ਰੇਂਜਰਾਂ ਦਾ ਧੰਨਵਾਦ ਕੀਤਾ ਹੈ। ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਪਾਟਿਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਪਾਟਿਲ ਦੀ ਲਾਸ਼ ਬਰਾਮਦ ਹੋਣ ਨਾਲ ਉਨਾਂ ਨੂੰ ਕੁਝ ਹੌਸਲਾ ਮਿਲੇਗਾ।
Comments are closed, but trackbacks and pingbacks are open.