ਕਈ ਵਾਰ ਹਜੂਮ ਦੇ ਦਬਾਅ ਹੇਠ ਪੁਲਿਸ ਨੂੰ ਫੈਸਲੇ ਲੈਣੇ ਪੈਂਦੇ ਹਨ

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਆਪਣੀ ਨੌਕਰੀ ਦੌਰਾਨ ਮੈਂ ਵੇਖਿਆ ਹੈ ਕਿ ਜਿਹੜਾ ਵਿਅਕਤੀ, ਯੂਨੀਅਨ ਜਾਂ ਰਾਜਸੀ ਪਾਰਟੀ ਦੋ ਚਾਰ ਹਜ਼ਾਰ ਲੋਕਾਂ ਦਾ ਹਜ਼ੂਮ ਇਕੱਠਾ ਕਰ ਸਕਦਾ ਹੈ, ਉਹ ਕਈ ਵਾਰ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਆਪਣੀਆਂ ਜਾਇਜ਼ ਨਜਾਇਜ਼ ਮੰਗਾਂ ਮੰਨਵਾ ਲੈਂਦਾ ਹੈ। ਅਜਿਹੇ ਹਜ਼ੂਮਾਂ ਦਾ ਟਾਕਰਾ ਆਮ ਤੌਰ ‘ਤੇ ਪੁਲਿਸ ਨਾਲ ਹੋਣਾ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਧਰਨਾ ਪ੍ਰਦਰਸ਼ਨ ਚਾਹੇ ਸਰਕਾਰ ਦੇ ਖਿਲਾਫ ਹੋਵੇ ਜਾਂ ਸਿਵਲ ਪ੍ਰਸਾਸ਼ਨ ਦੇ, ਉਸ ਨੂੰ ਰੋਕਣ ਤੇ ਕੰਟਰੋਲ ਕਰਨ ਲਈ ਬਲੀ ਦਾ ਬੱਕਰਾ ਪੁਲਿਸ ਨੂੰ ਹੀ ਬਣਨਾ ਹੀ ਪੈਂਦਾ ਹੈ। ਹਾਲਾਂਕਿ ਇਨ੍ਹਾਂ ਲੋਕਾਂ ਦੀਆਂ ਮੰਗਾਂ ਮੰਨਣੀਆਂ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀਆਂ।

ਸੰਨ 2009 – 10 ਵਿੱਚ ਮੈਂ ਸਬ ਡਵੀਜ਼ਨ ਮੂਨਕ ਵਿਖੇ ਡੀ.ਐਸ.ਪੀ. ਲੱਗਾ ਹੋਇਆ ਸੀ। ਸੰਗਰੂਰ ਜਿਲ੍ਹਾ ਵੈਸੇ ਹੀ ਭਾਂਤ ਭਾਂਤ ਦੀਆਂ ਜਥੇਬੰਦੀਆਂ ਦਾ ਗੜ੍ਹ ਹੈ। ਮੇਰੀ ਸਬ ਡਵੀਜ਼ਨ ਤੋਂ ਬਾਹਰ ਦੇ ਇੱਕ ਥਾਣੇ ਵਿੱਚ ਕਿਸੇ ਵਿਆਹਤਾ ਲੜਕੀ ਦੇ ਕਤਲ ਦਾ ਮੁਕੱਦਮਾ ਦਰਜ਼ ਹੋਇਆ ਸੀ। ਦੋਵੇਂ ਮੀਆਂ ਬੀਵੀ ਕਿਸੇ ਗੱਲ ਤੋਂ ਝਗੜ ਪਏ ਸਨ ਤੇ ਸਵੇਰੇ ਲੜਕੀ ਇਹ ਕਹਿ ਕੇ ਘਰੋਂ ਚਲੀ ਗਈ ਸੀ ਕਿ ਉਹ ਆਪਣੇ ਪੇਕੇ ਜਾ ਰਹੀ ਹੈ। ਗੁੱਸੇ ਵਿੱਚ ਆਏ ਪਤੀ ਨੇ ਵੀ ਕਹਿ ਦਿੱਤਾ ਕਿ ਜਿੱਥੇ ਮਰਜ਼ੀ ਦਫਾ ਹੋ ਜਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਉਹ ਲੜਕੀ ਨਾ ਆਪਣੇ ਪੇਕੇ ਪਹੁੰਚੀ ਤੇ ਨਾ ਹੀ ਵਾਪਸ ਆਈ ਤੇ ਗੱਲ ਪੁਲਿਸ ਤੱਕ ਪਹੁੰਚ ਗਈ। ਲੜਕੀ ਦਾ ਬਾਪ ਕਿਸੇ ਯੂਨੀਅਨ ਦਾ ਸੀਨੀਅਰ ਲੀਡਰ ਸੀ। ਉਸ ਨੇ ਆਪਣੇ ਸਾਥੀਆਂ ਸਮੇਤ ਥਾਣੇ ਸਾਹਮਣੇ ਧਰਨਾ ਲਗਾ ਕੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਕਰ ਦਿੱਤੀ। ਯੂਨੀਅਨ ਦੇ ਦਬਾਅ ਹੇਠ ਥਾਣੇ ਵਾਲਿਆਂ ਨੇ ਲੜਕੀ ਦੇ ਪਤੀ, ਸੱਸ, ਸਹੁਰਾ ਅਤੇ ਭੈਣ ਦੇ ਖਿਲਾਫ ਕਤਲ ਦਾ ਪਰਚਾ ਦਰਜ਼ ਕਰ ਦਿੱਤਾ ਤੇ ਗ੍ਰਿਫਤਾਰੀ ਪਾ ਦਿੱਤੀ। ਪੁਲਿਸ ਦੀ ਤਫਤੀਸ਼ ਦੌਰਾਨ ਲੜਕੀ ਦਾ ਪਤੀ ਮੰਨ ਗਿਆ ਕਿ ਉਸ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੈ ਤੇ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਹੈ।

ਕੁਦਰਤੀ ਗ੍ਰਿਫਤਾਰੀ ਤੋਂ ਅਗਲੇ ਦਿਨ ਹੀ ਮੇਰੀ ਉਸ ਥਾਣੇ ਦੀ ਇੰਸਪੈਕਸ਼ਨ ਸੀ। ਮੈਂ ਥਾਣੇ ਦੀ ਸਫਾਈ ਆਦਿ ਵੇਖਦਾ ਹੋਇਆ ਹਵਾਲਾਤ ਲਾਗੇ ਚਲਾ ਗਿਆ। ਪੁਲਿਸ ਨੇ ਉਸ ਦਿਨ ਇਸ ਕੇਸ ਦੇ ਮੁਲਜ਼ਿਮ ਅਦਾਲਤ ਵਿੱਚ ਪੇਸ਼ ਕਰਨੇ ਸਨ। ਮੈਨੂੰ ਉਨ੍ਹਾਂ ਦੇ ਕੇਸ ਬਾਰੇ ਪਤਾ ਸੀ ਤੇ ਮੈਂ ਐਵੇਂ ਉਤਸੁੁਕਤਾ ਵੱਸ ਉਨ੍ਹਾਂ ਨਾਲ ਗੱਲ ਬਾਤ ਕਰਨ ਲੱਗ ਪਿਆ। ਮੈਂ ਲੜਕੀ ਦੇ ਪਤੀ ਨੂੰ ਪੁੱਛਿਆ ਕਿ ਉਸ ਨੇ ਇਹ ਕਤਲ ਕਿਉਂ ਕੀਤਾ ਹੈ? ਲੜਾਈ ਝਗੜੇ ਤਾਂ ਹਰ ਘਰ ਵਿੱਚ ਹੁੰਦੇ ਹਨ, ਜੇ ਇਸ ਤਰਾਂ ਕਤਲ ਹੋਣ ਲੱਗੇ ਤਾਂ ਰੋਜ਼ਾਨਾ ਪੰਜ ਸੱਤ ਹਜ਼ਾਰ ਔਰਤਾਂ ਮਾਰੀਆਂ ਜਾਇਆ ਕਰਨਗੀਆਂ। ਉਹ ਅੱਗੋਂ ਰੋਣ ਲੱਗ ਪਿਆ ਕਿ ਮੈਂ ਕੋਈ ਕਤਲ ਨਹੀਂ ਕੀਤਾ। ਮੈਂ ਤਾਂ ਆਪ ਖੁਦ ਬਹੁਤ ਪਰੇਸ਼ਾਨ ਹਾਂ। ਸਾਡਾ ਸਾਰਾ ਪਰਿਵਾਰ ਥਾਣੇ ਬੈਠਾ ਹੈ ਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮੇਰੇ ਬੱਚਿਆਂ ਨੂੰ ਮੇਰਾ ਸਹੁਰਾ ਲੈ ਗਿਆ ਹੈ ਪਰ ਉਹ ਆਪਣੀ ਮਾਂ ਤੋਂ ਬਿਨਾਂ ਮਰਨ ਵਾਲੇ ਹੋਏ ਪਏ ਹਨ। ਮੈਂ ਉਸ ਨੂੰ ਦੁਬਾਰਾ ਪੁੱਛਿਆ ਕਿ ਤੂੰ ਤਾਂ ਖੂਨ ਨਾਲ ਲਿਬੜੀ ਹੋਈ ਚਾਦਰ ਵੀ ਬਰਾਮਦ ਕਰਵਾ ਦਿੱਤੀ ਹੈ। ਜੇ ਤੂੰ ਕਤਲ ਨਹੀਂ ਕੀਤਾ ਤਾਂ ਉਹ ਕਿੱਥੋਂ ਆਈ ਹੈ? ਉਸ ਨੇ ਭੇਦ ਖੋਲ੍ਹਿਆ ਕਿ ਉਹ ਆਪਣੇ ਸਿਰ ਨੂੰ ਮਹਿੰਦੀ ਲਗਾਉਂਦਾ ਹੈ। ਇੱਕ ਦਿਨ ਮਹਿੰਦੀ ਵਾਲਾ ਭਾਂਡਾ ਇਸ ਚਾਦਰ ‘ਤੇ ਡਿੱਗ ਪਿਆ ਸੀ ਤੇ ਧੋਣ ਦੇ ਬਾਵਜੂਦ ਦਾਗ ਨਹੀਂ ਸਨ ਮਿਟ ਸਕੇ। ਪੁਲਿਸ ਨੂੰ ਤਲਾਸ਼ੀ ਦੌਰਾਨ ਉਹ ਚਾਦਰ ਮਿਲ ਗਈ ਸੀ ਜਿਸ ਨੂੰ ਖੂਨ ਨਾਲ ਲਿਬੜੀ ਹੋਣ ਬਾਰੇ ਸਮਝ ਲਿਆ ਗਿਆ ਸੀ। ਮੈਂ ਤਾਂ ਕਦੇ ਕੁੱਤੀ ਨੂੰ ਸੋਟਾ ਨਹੀਂ ਮਾਰਿਆ, ਕਤਲ ਕਿੱਥੋਂ ਕਰਨਾ ਹੈ। ਮੈਂ ਹੋਰ ਵੀ ਕਈ ਗੱਲਾਂ ਕੀਤੀਆਂ ਤੇ ਮੈਨੂੰ ਉਹ ਪਰਿਵਾਰ ਬਹੁਤ ਹੀ ਸ਼ਰੀਫ ਅਤੇ ਬੇਗੁਨਾਹ ਲੱਗਾ।

ਮੈਂ ਐਸ.ਐਚ.ਉ. ਨਾਲ ਗੱਲ ਕੀਤੀ ਤਾਂ ਉਸ ਨੇ ਵੀ ਮੰਨਿਆਂ ਕਿ ਇਨ੍ਹਾਂ ਦਾ ਕੋਈ ਗੁਨਾਹ ਨਹੀਂ ਲੱਗਦਾ ਪਰ ਮੈਂ ਮਜ਼ਬੂਰ ਹਾਂ। ਯੂਨੀਅਨ ਵਾਲੇ ਮੇਰੀ ਪੇਸ਼ ਨਹੀਂ ਜਾਣ ਦੇ ਰਹੇ ਤੇ ਦੂਸਰੇ ਪਾਸੇ ਐਸ.ਐਸ.ਪੀ. ਨੇ ਕਹਿ ਦਿੱਤਾ ਹੈ ਜੇ ਇਨ੍ਹਾਂ ਨੇ ਮੇਰੇ ਦਫਤਰ ਸਾਹਮਣੇ ਧਰਨਾ ਲਗਾ ਦਿੱਤਾ ਤਾਂ ਤੂੰ ਆਪਣੇ ਆਪ ਨੂੰ ਗਿਆ ਸਮਝੀਂ। ਮੈਂ ਉਸ ਨੂੰ ਸਮਝਾਇਆ ਕਿ ਐਵੇਂ ਯੂਨੀਅਨ ਦੇ ਪਿੱਛੇ ਲੱਗ ਕੇ ਇਨ੍ਹਾਂ ਦੀ ਕੁੱਟ ਮਾਰ ਨਾ ਕਰੀਂ। ਅੱਜ ਕਲ੍ਹ ਪਤਾ ਨਹੀਂ ਕਿਸ ਨੂੰ ਕੀ ਬਿਮਾਰੀ ਲੱਗੀ ਹੋਵੇ। ਜੇ ਕੋਈ ਰਿੜ੍ਹ ਗਿਆ ਤਾਂ ਮੁੜ ਕੇ ਨਾ ਐਸ.ਐਸ.ਪੀ ਨੇ ਲੱਤ ਲਾਉਣੀ ਹੈ ਤੇ ਨਾ ਯੂਨੀਅਨ ਵਾਲਿਆਂ ਨੇ, ਭੁਗਤਣਾ ਤੈਨੂੰ ਪੈਣਾ ਹੈ। ਲੜਕੀ ਦੀ ਅਜੇ ਤੱਕ ਲਾਸ਼ ਨਹੀਂ ਲੱਭੀ, ਕੀ ਪਤਾ ਜਿਊਂਦੀ ਹੀ ਹੋਵੇ। ਮੈਂ ਤਾਂ ਇੰਸਪੈਕਸ਼ਨ ਕਰ ਕੇ ਵਾਪਸ ਆ ਗਿਆ ਤੇ ਥਾਣੇ ਵਾਲਿਆਂ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਲਾਸ਼ ਬਰਾਮਦ ਕਰਨ ਦੇ ਨਾਮ ‘ਤੇ ਦੋ ਤਿੰਨ ਵਾਰੀ ਰਿਮਾਂਡ ਲਿਆ ਪਰ ਲਾਸ਼ ਹੁੰਦੀ ਤਾਂ ਲੱਭਦੀ। ਆਖਰ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਥੋੜ੍ਹੇ ਦਿਨਾਂ ਬਾਅਦ ਹੀ ਮੇਰੀ ਭਵਿੱਖਬਾਣੀ ਸਹੀ ਸਾਬਤ ਹੋ ਗਈ ਤੇ ਲੜਕੀ ਚੰਗੀ ਭਲੀ ਵਾਪਸ ਆ ਗਈ। ਜਦੋਂ ਉਸ ਨੂੰ ਥਾਣੇ ਬੁਲਾ ਕੇ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਲੜ ਝਗੜ ਕੇ ਆਪਣੇ ਪੇਕੇ ਜਾਣ ਲਈ ਬੱਸ ਸਟੈਂਡ ‘ਤੇ ਪਹੁੰਚੀ ਸੀ ਤਾਂ ਉਥੇ ਫਲਾਣੇ ਬਾਬੇ ਦੇ ਡੇਰੇ ਜਾਣ ਵਾਲੀ ਸੰਗਤ ਨੂੰ ਲਿਜਾਣ ਵਾਲਾ ਟੈਂਪੂ ਖੜਾ ਸੀ। ਉਹ ਬਿਨਾਂ ਕੁਝ ਸੋਚੇ ਉਸ ਵਿੱਚ ਬੈਠ ਗਈ ਤੇ ਅੱਜ ਸਿੱਧੀ ਉਥੋਂ ਹੀ ਆ ਰਹੀ ਹੈ। ਹੁਣ ਰੱਬ ਜਾਣੇ ਉਹ ਬਾਬੇ ਦੇ ਡੇਰੇ ਗਈ ਸੀ ਜਾਂ ਕਿਤੇ ਹੋਰ? ਨਾ ਤਾਂ ਉਸ ਨੂੰ ਯੂਨੀਅਨ ਤੋਂ ਡਰਦਿਆਂ ਇਸ ਬਾਰੇ ਪੁਲਿਸ ਵਾਲਿਆਂ ਨੇ ਪੁੱਛਿਆ ਤੇ ਨਾ ਹੀ ਮੁਕੱਦਮਾ ਕੈਂਸਲ ਹੋਣ ਤੋਂ ਬਾਅਦ ਜੇਲ੍ਹ ਵਿੱਚੋਂ ਜਾਨ ਛੁਡਾ ਕੇ ਆਏ ਉਸ ਦੇ ਪਤੀ ਨੇ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062

ਬੇਸ਼ਰਮੀ ਦੀ ਹੱਦ

ਕਈ ਵਾਰ ਤੁਹਾਡੇ ਕੋਲ ਅਜਿਹੇ ਬੇਸ਼ਰਮ ਤੇ ਢੀਠ ਬੰਦੇ ਆ ਜਾਂਦੇ ਹਨ ਕਿ ਦਿਲ ਕਰਦਾ ਹੈ ਕਿ ਉਨ੍ਹਾਂ ਨੂੰ ਧੱਕੇ ਮਾਰ ਕੇ ਦਫਤਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਕਈ ਸਾਲ ਪਹਿਲਾਂ ਮੈਂ ਮਜੀਠਾ ਸਬ ਡਵੀਜ਼ਨ ਵਿਖੇ ਡੀ.ਐਸ.ਪੀ. ਲੱਗਾ ਹੋਇਆ ਸੀ। ਮਾਰਚ ਦਾ ਮਹੀਨਾ ਸੀ ਤੇ ਕੱਚੇ ਪੱਕੇ ਜਿਹੇ ਦਿਨ ਸਨ। ਮੈਂ ਆਪਣੇ ਦਫਤਰ ਬੈਠਾ ਹੋਇਆ ਸੀ ਕਿ ਇੱਕ ਨਜ਼ਦੀਕੀ ਪਿੰਡ ਦਾ ਸਰਪੰਚ ਇੱਕ ਬੰਦੇ ਨੂੰ ਲੈ ਕੇ ਮੇਰੇ ਦਫਤਰ ਆਇਆ। ਸਰਪੰਚ ਮੇਰਾ ਚੰਗਾ ਵਾਕਿਫ ਸੀ ਤੇ ਕਾਫੀ ਸ਼ਰਾਰਤੀ ਤੇ ਨਾਰਦ ਮੁਨੀ ਟਾਈਪ ਦਾ ਇਨਸਾਨ ਸੀ। ਉਸ ਦੇ ਨਾਲ ਆਏ ਬੰਦੇ ਨੇ ਕੱਪੜੇ ਤਾਂ ਸਧਾਰਨ ਜਿਹੇ ਪਾਏ ਸਨ ਪਰ ਉਸ ਦੀਆਂ ਮੁੱਛਾਂ ਬੜੀਆਂ ਤਲਵਾਰ ਮਾਰਕਾ ਤੇ ਪੂਰਨ ਚੰਦ ਵਡਾਲੀ ਵਾਂਗ ਉੱਪਰ ਵੱਲ ਨੂੰ ਮਰੋੜੀਆਂ ਹੋਈਆਂ ਸਨ। ਜਿਆਦਾਤਰ ਅਫਸਰਾਂ ਨੂੰ ਇਸ ਗੱਲ ਤੋਂ ਬਹੁਤ ਖਿਝ੍ਹ ਚੜ੍ਹਦੀ ਹੈ ਜੇ ਕੋਈ ਕਾਲੀਆਂ ਐਨਕਾਂ ਲਗਾ ਕੇ ਦਫਤਰ ਆ ਜਾਵੇ ਜਾਂ ਸਾਹਮਣੇ ਬੈਠ ਕੇ ਮੁੱਛਾਂ ਮਰੋੜੀ ਜਾਵੇ। ਮੈਂ ਅਜਿਹੇ ਫੁਕਰਿਆਂ ਨੂੰ ਟੋਕਣ ਲਈ ਤਰੀਕੇ ਜਿਹੇ ਨਾਲ ਪੁੱਛਦਾ ਹੁੰਦਾ ਸੀ ਕਿ ਤੇਰੀਆਂ ਅੱਖਾਂ ਤਾਂ ਨਹੀਂ ਖਰਾਬ ਹੋਈਆਂ ? ਵੇਖੀਂ ਕਿਤੇ ਮੈਨੂੰ ਵੀ ਆਈ ਫਲੂ ਦੀ ਇੰਫੈਕਸ਼ਨ ਨਾ ਲਗਾ ਦੇਵੀਂ।

ਖੈਰ ਸਰਪੰਚ ਨੇ ਮੈਨੂੰ ਕਿਹਾ ਕਿ ਸਰ ਰਾਮ ਸਿੰਘ (ਕਾਲਪਨਿਕ ਨਾਮ) ਦੀ ਫਰਿਆਦ ਸੁਣੀ ਜਾਵੇ, ਵਿਚਾਰਾ ਬਹੁਤ ਦੁਖੀ ਹੈ। ਸਰਪੰਚ ਦਾ ਇਸ਼ਾਰਾ ਸਮਝ ਕੇ ਰਾਮ ਸਿੰਘ ਮੁੱਛ ਮਰੋੜ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਆਸ਼ਕ ਨਾਲ ਘਰੋਂ ਫਰਾਰ ਹੋ ਗਈ ਹੈ। ਵੇਰਕੇ ਪਿੰਡ ਦਾ ਇੱਕ ਛੜਾ ਮਲੰਗ ਸਬਜ਼ੀ ਵੇਚਣ ਵਾਲਾ ਉਨ੍ਹਾਂ ਦੇ ਪਿੰਡ ਫੇਰੀ ਲਗਾਉਣ ਆਉਂਦਾ ਹੁੰਦਾ ਸੀ ਜਿਸ ਨਾਲ ਉਸ ਦੇ ਸਬੰਧ ਬਣ ਗਏ ਸਨ। ਉਹ ਹੁਣ ਉਸ ਦੇ ਘਰ ਰਹਿ ਰਹੀ ਹੈ। ਮੈਂ ਸਰਪੰਚ ਸਾਹਿਬ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਸ ਨੂੰ ਲੈਣ ਗਿਆ ਸੀ ਪਰ ਉਹ ਆਉਣ ਤੋਂ ਇਨਕਾਰੀ ਹੈ। ਸਰਪੰਚ ਨੇ ਉਸ ਦੀ ਗੱਲ ਦੀ ਤਾਈਦ ਕੀਤੀ ਤੇ ਪੁਰਜ਼ੋਰ ਸਿਫਾਰਸ਼ ਕੀਤੀ ਕਿ ਇਸ ਦੀ ਮਦਦ ਕੀਤੀ ਜਾਵੇ। ਮੈਂ ਰਾਮ ਸਿੰਘ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਕਾਨੂੰਨ ਅਨੁਸਾਰ ਪੁਲਿਸ ਉਸ ਦੀ ਕੋਈ ਮਦਦ ਨਹੀਂ ਕਰ ਸਕਦੀ। ਔਰਤ ਬਾਲਗ ਹੈ ਤੇ ਆਪਣਾ ਬੁਰਾ ਭਲਾ ਸੋਚ ਸਕਦੀ ਹੈ ਪਰ ਉਹ ਲਗਾਤਾਰ ਮਿੰਨਤਾਂ ਕਰਦਾ ਰਿਹਾ।

ਉਸ ਨੇ ਭਰੇ ਹੋਏ ਗਲੇ ਨਾਲ ਦੱਸਿਆ ਕਿ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ ਜਿਨ੍ਹਾਂ ਦਾ ਮਾਂ ਬਿਨਾਂ ਰੋ ਰੋ ਕੇ ਬੁਰਾ ਹਾਲ ਹੈ, ਘੱਟੋ ਘੱਟ ਉਨ੍ਹਾਂ ਬਾਰੇ ਹੀ ਸੋਚ ਲਿਆ ਜਾਵੇ। ਬੱਚਿਆਂ ਬਾਰੇ ਸੁਣ ਕੇ ਮੈਂ ਥੋੜ੍ਹਾ ਜਿਹਾ ਭਾਵਕ ਹੋ ਗਿਆ ਤੇ ਉਸ ਦੀ ਦਰਖਾਸਤ ਐਸ.ਐਚ.ਉ. ਮਜੀਠਾ ਨੂੰ ਮਾਰਕ ਕਰ ਦਿੱਤੀ। ਜਦੋਂ ਮੈਂ ਐਸ.ਐਚ.ਉ. ਨੂੰ ਜਲਦੀ ਕਾਰਵਾਈ ਕਰਨ ਲਈ ਫੋਨ ਕਰਨ ਲੱਗਾ ਤਾਂ ਮੈਨੂੰ ਕੋਈ ਗੱਲ ਯਾਦ ਆ ਗਈ। ਮੈਂ ਰਾਮ ਸਿੰਘ ਨੂੰ ਪੁੱਛਿਆ ਕਿ ਤੂੰ ਉਹ ਤਾਂ ਨਹੀਂ ਜਿਸ ਦੀ ਪਤਨੀ ਛੇ ਸੱਤ ਮਹੀਨੇ ਪਹਿਲਾਂ ਵੀ ਭੱਜ ਗਈ ਸੀ। ਅਸੀਂ ਬੜੀ ਮੁਸ਼ਕਿਲ ਨਾਲ ਪੱਟੀ ਵੱਲੋਂ ਲੱਭ ਕੇ ਲਿਆਏ ਸੀ। ਉਸ ਦੇ ਬੋਲਣ ਤੋਂ ਪਹਿਲਾਂ ਹੀ ਸਰਪੰਚ ਨੇ ਗੱਲ ਬੋਚ ਲਈ ਤੇ ਨਾਰਦ ਮੁਨੀ ਵਾਂਗ ਸਾਰੇ ਭੇਦ ਖੋਲ੍ਹ ਦਿੱਤੇ। ਉਸ ਨੇ ਦੱਸਿਆ ਕਿ ਇਹ ਉਹ ਹੀ ਹੈ। ਉਸ ਵੇਲੇ ਮੈਂ ਨਾਲ ਨਹੀਂ ਸੀ ਆਇਆ ਕਿਉਂਕਿ ਇਹ ਮੇਰੀ ਵਿਰੋਧੀ ਪਾਰਟੀ ਨਾਲ ਉੱਠਦਾ ਬੈਠਦਾ ਸੀ। ਵੈਸੇ ਸਰ ਸੱਚਾਈ ਇਹ ਹੈ ਕਿ ਇਸ ਦੀ ਪਤਨੀ ਤੁਹਾਡੀ ਇਥੇ ਪੋਸਟਿੰਗ ਹੋਣ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਭੱਜ ਚੁੱਕੀ ਹੈ। ਉਸ ਨੂੰ ਹਰ ਸਾਲ ਛੇ ਮਹੀਨੇ ਬਾਅਦ ਭੱਜਣ ਦਾ ਦੌਰਾ ਪੈਂਦਾ ਹੈ, ਬਾਕੀ ਅੱਗੇ ਤੁਸੀਂ ਸਿਆਣੇ ਹੋ।

ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਰਾਮ ਸਿੰਘ ਸਰਪੰਚ ਦੇ ਗਲ ਪੈ ਗਿਆ, “ਸਰਪੰਚਾ ਮੇਰੀ ਘਰਵਾਲੀ ਭਾਵੇਂ ਰੋਜ਼ ਭੱਜੇ, ਦੱਸ ਤੈਨੂੰ ਕੀ ਤਕਲੀਫ ਹੈ ? ਜਦੋਂ ਘਰ ਹੁੰਦੀ ਹੈ, ਉਦੋਂ ਤਾਂ ਮੇਰੀ ਰੋਟੀ ਪਕਾਉਂਦੀ ਹੈ ਕਿ ਨਹੀਂ ? ਮੈਨੂੰ ਤਾਂ ਜੀ ਮੇਰੀ ਘਰਵਾਲੀ ਲਿਆ ਕੇ ਦਿਉ ਭਾਵੇਂ ਕੱਲ੍ਹ ਨੂੰ ਫਿਰ ਭੱਜ ਜਾਵੇ। ਮੈਂ ਤਾਂ ਫਿਰ ਵੀ ਤੁਹਾਡੇ ਕੋਲ ਈ ਆਉਣਾ ਹੈ।” ਉਸ ਦੀਆਂ ਵਾਹਯਾਤ ਗੱਲਾਂ ਸੁਣ ਕੇ ਮੈਨੂੰ ਖਿਝ੍ਹ ਚੜ੍ਹ ਗਈ ਕਿ ਕੈਸਾ ਬੇਸ਼ਰਮ ਆਦਮੀ ਹੈ। ਆਪਣੀ ਘਰਵਾਲੀ ਦੇ ਭੱਜਣ ਦੀ ਸਟੋਰੀ ਇਸ ਤਰਾਂ ਸੁਣਾ ਰਿਹਾ ਹੈ ਜਿਵੇਂ ਪਰਮਵੀਰ ਚੱਕਰ ਜਿੱਤ ਕੇ ਲਿਆਇਆ ਹੋਵੇ। ਮੈਂ ਉਸ ਨੂੰ ਦਬਕਾ ਮਾਰਿਆ, “ਉੱਠ ਖੜਾ ਹੋ ਜਾ, ਚੱਲ ਨਿਕਲ ਬਾਹਰ। ਤੂੰ ਮਾਮਾ ਪੁਲਿਸ ਦਾ ਈ ਜ਼ੋਰ ਵੇਖੀ ਜਾਂਦਾ ਆਂ, ਅਸੀਂ ਨੌਕਰ ਲੱਗੇ ਆਂ ਤੇਰੇ? ਉਹ ਘਰੋਂ ਭੱਜਦੀ ਰਹੇ ਤੇ ਅਸੀਂ ਉਸ ਨੂੰ ਲੱਭਦੇ ਰਹੀਏ। ਲੁਕਣਮੀਟੀ ਦੀ ਖੇਡ ਹੋ ਰਹੀ ਆ ? ਦੌੜ ਜਾ ਇਥੋਂ। ਮੁੱਛਾਂ ਐਂ ਰੱਖੀਆਂ ਜਿਵੇਂ ਜੱਗਾ ਡਾਕੂ ਹੋਵੇਂ, ਜਨਾਨੀ ਤੇਰੇ ਕੋਲੋਂ ਸਾਂਭੀ ਨਹੀਂ ਜਾਂਦੀ।”

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062

ਅਜੇ ਤਾਂ ਖਜ਼ਾਨਾ ਬੰਦ ਹੈ ਜੀ

ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਸਮੇਤ ਇੱਕ ਇੱਕ ਪੈਸਾ ਸਬੰਧਿਤ ਜਿਲ੍ਹੇ ਦੇ ਖਜ਼ਾਨਾ ਦਫਤਰ ਰਾਹੀਂ ਜਾਰੀ ਕੀਤਾ ਜਾਂਦਾ ਹੈ। ਨੌਕਰੀ ਦੌਰਾਨ ਮੁਲਾਜ਼ਮਾਂ ਨੂੰ ਦੋ ਫੰਡਾਂ, ਜੀ.ਪੀ. ਫੰਡ (ਜਨਰਲ ਪਰੌਵੀਡੈਂਟ ਫੰਡ) ਤੇ ਮੈਡੀਕਲ ਬਿੱਲ ਅਤੇ ਰਿਟਾਇਰਮੈਂਟ ਤੋਂ ਬਾਅਦ ਛੁੱਟੀਆਂ ਦੇ ਪੈਸੇ (ਲੀਵ ਇਨਕੈਸ਼ਮੈਂਟ), ਜੀ.ਆਈ.ਐੱਸ (ਗਰੁੱਪ ਇੰਸ਼ੋਰੈਂਸ ਸਕੀਮ), ਜੀ.ਪੀ. ਫੰਡ ਦੀ ਫਾਈਨਲ ਪੇਮੈਂਟ ਅਤੇ ਗਰੈਚੁਏਟੀ (ਡੈੱਥ ਕਮ ਰਿਟਾਇਰਮੈਂਟ ਗਰੈਚਏੁਟੀ) ਆਦਿ ਵਰਗੇ ਬਿੱਲਾਂ ਨੂੰ ਪਹਿਲਾਂ ਤਾਂ ਕਈ ਪਾਪੜ ਵੇਲ ਕੇ ਆਪਣੇ ਮਹਿਕਮੇ ਅਤੇ ਚੰਡੀਗੜ੍ਹ ਤੋਂ ਪਾਸ ਕਰਾਉਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਉਹ ਪੈਸਾ ਆਪਣੇ ਖਾਤੇ ਵਿੱਚ ਪਵਾਉਣ ਲਈ ਸਬੰਧਿਤ ਜਿਲ੍ਹੇ ਦੇ ਖਜ਼ਾਨਾ ਦਫਤਰ ਦੇ ਗੇੜੇ ਮਾਰਨੇ ਪੈਂਦੇ ਹਨ। ਪਰ ਉਥੋਂ ਹਮੇਸ਼ਾਂ ਇੱਕ ਹੀ ਘੜਿਆ ਘੜਾਇਆ ਜਵਾਬ ਮਿਲਦਾ ਹੈ, “ਹਾਲੇ ਤਾਂ ਇਹ ਹੈੱਡ ਬੰਦ ਹੈ।” ਹੈੱਡ ਦਾ ਮਤਲਬ ਹੈ ਕਿ ਸਰਕਾਰ ਨੇ ਵੱਖ ਵੱਖ ਪ੍ਰਕਾਰ ਦੇ ਬਿੱਲਾਂ ਦੀ ਪੇਮੈਂਟ ਕਰਨ ਲਈ ਅਲੱਗ ਅਲੱਗ ਹੈੱਡ (ਲੇਖਾ ਮੱਦਾਂ) ਬਣਾਏ ਹੋਏ ਹਨ। ਤਨਖਾਹ ਲਈ ਅਲੱਗ, ਜੀ.ਪੀ. ਫੰਡ ਦੀ ਪੇਮੈਂਟ ਲਈ ਅਲੱਗ, ਮੈਡੀਕਲ ਬਿੱਲਾਂ ਅਤੇ ਸਰਕਾਰੀ ਗੱਡੀਆਂ ਦੇ ਡੀਜ਼ਲ – ਪੈਟਰੌਲ ਆਦਿ ਲਈ ਅਲੱਗ ਹੈੱਡ। ਦਿਨ ਬਦਿਨ ਵਧਦੇ ਜਾ ਰਹੇ ਆਰਥਿਕ ਬੋਝ ਨੂੰ ਘਟਾਉਣ ਲਈ ਪੰਜਾਬ ਸਰਕਾਰ ਦਾ ਵਿੱਤ ਵਿਭਾਗ ਕਦੇ ਕਿਸੇ ਫੰਡ ਦਾ ਹੈੱਡ ਖੋਲ੍ਹ ਦਿੰਦਾ ਹੈ ਤੇ ਕਦੇ ਕਿਸੇ ਦਾ। ਖਜ਼ਾਨਾ ਦਫਤਰ ਨੂੰ ਇਨ੍ਹਾਂ ਹੁਕਮਾਂ ਮੁਤਾਬਕ ਹੀ ਚੱਲਣਾ ਪੈਂਦਾ ਹੈ। ਪਰ ਸਭ ਤੋਂ ਜਿਆਦਾ ਖਿਝ੍ਹ ਉਦੋਂ ਚੜ੍ਹਦੀ ਹੈ ਜਦੋਂ ਜੀ.ਪੀ. ਫੰਡ ਰਾਹੀਂ ਕਟਵਾਏ ਹੋਏ ਖੁਦ ਦੇ ਪੈਸੇ ਹੀ ਲੋੜ ਪੈਣ ‘ਤੇ ਮੁਲਾਜ਼ਮ ਨੂੰ ਨਹੀਂ ਮਿਲਦੇ। ਘਰ ਬੇਟੀ ਦਾ ਵਿਆਹ ਰੱਖਿਆ ਹੁੰਦਾ ਹੈ ਤੇ ਬਾਪ ਖਜ਼ਾਨਾ ਦਫਤਰ ਵਿੱਚ ਬਾਬੂਆਂ ਦੇ ਤਰਲੇ ਕੱਢ ਰਿਹਾ ਹੁੰਦਾ ਹੈ।

ਸਿਪਾਹੀ ਤੋਂ ਲੈ ਕੇ ਡੀ.ਜੀ.ਪੀ. ਤੱਕ, ਪੰਜਾਬ ਪੁਲਿਸ ਦਾ ਹਰੇਕ ਮੁਲਾਜ਼ਮ ਆਪਣੀ ਹੈਸੀਅਤ ਅਨੁਸਾਰ ਜੀ.ਪੀ. ਫੰਡ ਕਟਵਾਉਂਦਾ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਵਿਆਹ ਸ਼ਾਦੀ ਆਦਿ ਵੇਲੇ ਇਸ ਦੀ ਵਰਤੋਂ ਕੀਤੀ ਜਾ ਸਕੇ। ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਕਿਸੇ ਬਟਾਲੀਅਨ ਦਾ ਕਮਾਂਡੈਂਟ ਲੱਗਾ ਹੋਇਆ ਸੀ। ਸਾਡਾ ਇੱਕ ਮੁਲਾਜ਼ਮ ਸੰਗਰੂਰ ਜਿਲ੍ਹੇ ਦੇ ਵਸਨੀਕ ਇੱਕ ਰਿਟਾਇਰਡ ਡੀ.ਆਈ.ਜੀ. ਨਾਲ ਗੰਨਮੈਨ ਦੀ ਡਿਊਟੀ ਨਿਭਾ ਸੀ। ਉਸ ਦੀ ਲੜਕੀ ਦਾ ਵਿਆਹ ਸੀ ਤੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੇ ਦਸ ਲੱਖ ਰੁਪਏ ਜੀ.ਪੀ. ਫੰਡ ਵਿੱਚੋਂ ਮੰਨਜ਼ੂਰ ਕਰਵਾਏ ਹੋਏ ਸਨ। ਪਰ ਹੋਇਆ ਉਹ ਹੀ ਜੋ ਹੋਣਾ ਸੀ, ਹੈੱਡ ਬੰਦ ਹੈ ਜੀ। ਉਸ ਨੇ ਖਜ਼ਾਨਾ ਦਫਤਰ ਦੇ ਗੇੜੇ ‘ਤੇ ਗੇੜੇ ਮਾਰੇ, ਖਜ਼ਾਨਾ ਅਫਸਰ ਦੇ ਪੇਸ਼ ਹੋ ਕੇ ਤਰਲੇ ਵਾਸਤੇ ਵੀ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਮੈਂ ਖੁਦ ਖਜ਼ਾਨਾ ਅਫਸਰ ਨਾਲ ਦੋ ਤਿੰਨ ਵਾਰ ਗੱਲ ਕੀਤੀ ਕਿ ਕਿਸੇ ਵਿਅਕਤੀ ਵਾਸਤੇ ਧੀ ਦੇ ਵਿਆਹ ਤੋਂ ਵੱਡੀ ਜਰੂਰਤ ਹੋਰ ਕੀ ਹੋ ਸਕਦੀ ਹੈ, ਪਰ ਉਸ ਨੇ ਬਿਲਕੁਲ ਹੀ ਜਵਾਬ ਦੇ ਦਿੱਤਾ ਕਿ ਉਸ ਦੇ ਹੱਥ ਖੜੇ ਹਨ।

ਜਦੋਂ ਵਿਆਹ ਵਿੱਚ ਡੇਢ ਕੁ ਮਹੀਨਾ ਕੁ ਰਹਿ ਗਿਆ ਤਾਂ ਉਸ ਮੁਲਾਜ਼ਮ ਦਾ ਦਿਮਾਗੀ ਤਵਾਜ਼ਨ ਖਰਾਬ ਹੋਣਾ ਸ਼ੁਰੂ ਹੋ ਪਿਆ। ਇੱਕ ਦਿਨ ਉਹ ਮੇਰੇ ਦਫਤਰ ਆ ਕੇ ਉੱਚੀ ਉੱਚੀ ਰੋਣ ਲੱਗ ਪਿਆ ਕਿ ਜ਼ਨਾਬ ਮੇਰੇ ਕੋਲ ਕੋਈ ਜ਼ਮੀਨ ਜਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਮੈਂ ਲੜਕੀ ਦਾ ਵਿਆਹ ਕਰ ਸਕਾਂ। ਜੇ ਮੈਨੂੰ ਪੈਸੇ ਨਾ ਮਿਲੇ ਤਾਂ ਮੈਂ ਆਤਮ ਹੱਤਿਆ ਕਰ ਲੈਣੀ ਹੈ। ਪੁਲਿਸ ਮਹਿਕਮੇ ਵਿੱਚ ਕਿਹਾ ਜਾਂਦਾ ਹੈ ਕਿ ਇਥੇ ਆਪਾਂ ਹੀ ਇੱਕ ਦੂਸਰੇ ਦੇ ਮਾਂ ਬਾਪ ਤੇ ਭੈਣ ਭਰਾ ਹਾਂ। ਉਸ ਦੀ ਹਾਲਤ ਵੇਖ ਕੇ ਮੈਂ ਸਾਰੇ ਡੀ.ਐਸ. ਪੀਜ਼ ਤੇ ਮੱਦ ਇੰਚਾਰਜਾਂ (ਹੈੱਡ ਕਲਰਕ, ਅਕਾਊਂਟੈਂਟ, ਆਰ. ਆਈ, ਲਾਈਨ ਅਫਸਰ ਆਦਿ) ਨੂੰ ਬੁਲਾ ਕੇ ਸਲਾਹ ਮਸ਼ਵਰਾ ਕੀਤਾ ਤੇ ਫੈਸਲਾ ਹੋਇਆ ਕਿ ਬਟਾਲੀਅਨ ਵਿੱਚੋਂ ਉਗਰਾਹੀ ਕਰ ਕੇ ਇਸ ਦੀ ਬੇਟੀ ਦਾ ਵਿਆਹ ਭੁਗਤਾਇਆ ਜਾਵੇ। ਜਿੰਨੀ ਕਿਸੇ ਦੀ ਖੁਸ਼ੀ ਹੈ, ਦੇ ਦੇਵੇ। ਇਹ ਸੁਣ ਕੇ ਉਸ ਮੁਲਾਜ਼ਮ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਤੇ ਉਸ ਨੇ ਕਿਹਾ ਜੀ.ਪੀ. ਫੰਡ ਮਿਲਣ ‘ਤੇ ਉਹ ਸਾਰਿਆਂ ਦੀ ਪਾਈ ਪਾਈ ਵਾਪਸ ਕਰ ਦੇਵੇਗਾ। ਇਸ ਤੋਂ ਪਹਿਲਾਂ ਕਿ ਬਟਾਲੀਅਨ ਵਿੱਚ ਉਗਰਾਹੀ ਸ਼ੁਰੂ ਹੁੰਦੀ, ਰੱਬ ਉਸ ‘ਤੇ ਮਿਹਰਬਾਨ ਹੋ ਗਿਆ। ਉਹ ਜਿਸ ਡੀ.ਆਈ.ਜੀ. ਨਾਲ ਡਿਊਟੀ ਕਰ ਰਿਹਾ ਸੀ, ਉਸ ਨਾਲ ਹਰਬੰਸ ਨਾਮ ਦਾ ਇੱਕ ਹੋਰ ਮੁਲਾਜ਼ਮ ਵੀ ਸੀ ਜੋ ਸ਼ਾਇਦ ਡੀ.ਆਈ.ਜੀ. ਦੇ ਪਿੰਡ ਦਾ ਰਹਿਣ ਵਾਲਾ ਸੀ। ਸਿਆਣੇ ਕਹਿੰਦੇ ਹਨ ਕਿ ਜੇ ਤੁਹਾਨੂੰ ਕੋਈ ਦੁੱਖ ਹੈ ਤਾਂ ਕੋਠੇ ਚੜ੍ਹ ਕੇ ਰੌਲਾ ਪਾਉ, ਕੋਈ ਨਾ ਕੋਈ ਤੁਹਾਡੀ ਮਦਦ ਲਈ ਜਰੂਰ ਬਹੁੜ ਪਵੇਗਾ।

ਉਸ ਨੇ ਕੁਦਰਤੀ ਹਰਬੰਸ ਨਾਲ ਗੱਲ ਕੀਤੀ ਤਾਂ ਹਰਬੰਸ ਨੇ ਥੋੜ੍ਹੀ ਦੇਰ ਸੋਚ ਕੇ ਕਿਹਾ ਕਿ ਜਿਲ੍ਹਾ ਖਜ਼ਾਨਾ ਅਫਸਰ ਤਾਂ ਡੀ.ਆਈ.ਜੀ. ਸਾਹਿਬ ਦਾ ਰਿਸ਼ਤੇਦਾਰ ਹੈ, ਇਨ੍ਹਾਂ ਨੂੰ ਬੇਨਤੀ ਕਰ ਕੇ ਵੇਖਦੇ ਹਾਂ ਸ਼ਾਇਦ ਮਸਲਾ ਹੱਲ ਹੋ ਜਾਵੇ। ਉਨ੍ਹਾਂ ਨੇ ਡੀ.ਆਈ.ਜੀ. ਨਾਲ ਗੱਲ ਕੀਤੀ ਤਾਂ ਉਸ ਨੇ ਉਸੇ ਵੇਲੇ ਖਜ਼ਾਨਾ ਅਫਸਰ ਨੂੰ ਫੋਨ ਲਗਾ ਲਿਆ। ਸਿਆਣੇ ਕਹਿੰਦੇ ਹਨ ਕਿ ਲੱਕੜ ਨਹੀਂ, ਮਿਸਤਰੀ ਵਿੰਗਾ ਹੁੰਦਾ ਹੈ। ਦਫਤਰੀ ਬਾਬੂਆਂ ਦੀ ਕੰਮ ਕਰਨ ਦੀ ਮੰਸ਼ਾ ਹੋਣੀ ਚਾਹੀਦੀ ਹੈ, ਸਿੱਧੇ ਪੁੱਠੇ ਤਰੀਕਾ ਨਾਲ ਹਰ ਕੰਮ ਹੋ ਜਾਂਦਾ ਹੈ। ਪਹਿਲਾਂ ਤਾਂ ਖਜ਼ਾਨਾ ਅਫਸਰ ਨੇ ਪੈਰਾਂ ‘ਤੇ ਪਾਣੀ ਨਾ ਪੈਣ ਦਿੱਤਾ। ਪਰ ਜਦੋਂ ਡੀ.ਆਈ.ਜੀ. ਬਜ਼ਿੱਦ ਹੋ ਗਿਆ ਤਾਂ ਉਸ ਨੇ ਮਸਲੇ ਨੂੰ ਹੱਲ ਕਰਨ ਲਈ ਇੱਕ ਚੋਰ ਰਸਤਾ ਦੱਸ ਦਿੱਤਾ ਕਿ ਜਦੋਂ ਜਿਲ੍ਹੇ ਦੇ ਕਿਸੇ ਐਮ.ਐਲ.ਏ. ਜਾਂ ਮੰਤਰੀ ਦਾ ਕੋਈ ਬਿੱਲ ਆਉਂਦਾ ਹੈ ਤਾਂ ਵਿੱਤ ਵਿਭਾਗ ਕੁਝ ਸਮੇਂ ਲਈ ਖਜ਼ਾਨਾ ਖੋਲ੍ਹ ਦਿੰਦਾ ਹੈ। ਜੇ ਕਿਤੇ ਦੋ ਮਿੰਟ ਲਈ ਵੀ ਖਜ਼ਾਨਾ ਖੁਲ੍ਹਿਆ, ਮੈਂ ਵਿੱਚੇ ਇਸ ਦਾ ਬਿੱਲ ਵੀ ਪਾਸ ਕਰ ਦਿਆਂਗਾ। ਚੰਗੀ ਕਿਸਮਤ ਨੂੰ ਹਫਤੇ ਕੁ ਬਾਅਦ ਹੀ ਜਿਲ੍ਹੇ ਦੇ ਰਿਹਾਇਸ਼ੀ ਇੱਕ ਬੁੱਢੜ ਜਿਹੇ ਐਮ.ਐਲ.ਏ. ਦਾ ਮੋਟਾ ਜਿਹਾ ਮੈਡੀਕਲ ਬਿੱਲ ਆਇਆ ਤਾਂ ਖਜ਼ਾਨਾ ਅਫਸਰ ਉਸ ਦੇ ਨਾਲ ਸਾਡੇ ਮੁਲਾਜ਼ਮ ਦਾ ਜੀ.ਪੀ. ਫੰਡ ਵੀ ਪਾਸ ਕਰ ਦਿੱਤਾ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062

ਗੱਲ ਬਣੀ ਜਿਹੀ ਨਹੀਂ

ਸੰਨ 2000 ਵਿੱਚ ਮੈਂ ਪੁਲਿਸ ਜਿਲ੍ਹਾ ਖੰਨਾ ਦੀ ਸਬ ਡਵੀਜ਼ਨ ਪਾਇਲ ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ। ਪਾਇਲ ਲੁਧਿਆਣੇ ਦੇ ਨਜ਼ਦੀਕ ਹੈ ਤੇ ਇਥੇ ਕਈ ਵੱਡੀਆਂ ਕੰਪਨੀਆਂ ਦੀਆਂ ਫੈਕਟਰੀਆਂ ਹਨ ਜਿਸ ਕਾਰਨ ਇੱਕਾ ਦੁੱਕਾ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਅ ਰਹਿੰਦੀਆਂ ਸਨ। ਉਸ ਸਮੇਂ ਤੱਕ ਸੀ.ਸੀ. ਟੀਵੀ, ਮੋਬਾਇਲ ਲੋਕੇਸ਼ਨਾਂ ਅਤੇ ਮੁਜ਼ਰਿਮਾਂ ਨੂੰ ਲੱਭਣ ਵਾਲੀਆਂ ਹੋਰ ਸੂਖਮ ਤਕਨੀਕਾਂ ਦਾ ਜਿਆਦਾ ਵਿਕਾਸ ਨਹੀਂ ਸੀ ਹੋਇਆ ਤੇ ਸਾਰੀਆਂ ਵਾਰਦਾਤਾਂ ਤਫਤੀਸ਼ੀ ਅਫਸਰਾਂ ਦੀ ਕਾਬਲੀਅਤ ਅਤੇ ਮੁਖਬਰਾਂ ਦੇ ਸਿਰ ‘ਤੇ ਹੱਲ ਕੀਤੀਆਂ ਜਾਂਦੀਆਂ ਸਨ। ਜਨਵਰੀ ਮਹੀਨੇ ਦੀ ਗੱਲ ਹੈ, ਮੈਂ ਆਪਣੇ ਦਫਤਰ ਹਾਜ਼ਰ ਸੀ ਕਿ ਚੌਂਕੀ ਇੰਚਾਰਜ ਦੋਰਾਹਾ ਦਾ ਫੋਨ ਆਇਆ ਕਿ ਖੋਹ ਦੀ ਵਾਰਦਾਤ ਹੋ ਗਈ ਹੈ। ਦੋ ਸਕੂਟਰ ਸਵਾਰ ਲੁਟੇਰੇ ਇੱਕ ਟਰੱਕ ਡਰਾਈਵਰ ਤੋਂ 9 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ ਹਨ। ਉਸ ਸਮੇਂ 9 ਲੱਖ ਬਹੁਤ ਵੱਡੀ ਰਕਮ ਮੰਨੀ ਜਾਂਦੀ ਸੀ ਤੇ ਪਿੰਡਾਂ ਵਿੱਚ ਇੱਕ ਏਕੜ ਵਾਹੀਯੋਗ ਜ਼ਮੀਨ ਦੀ ਕੀਮਤ ਲੱਖ ਡੇਢ ਲੱਖ ਤੋਂ ਵੱਧ ਨਹੀਂ ਸੀ। ਵੈਸੇ ਵੀ ਚਿੱਟੇ ਦਿਨ ਭਾਰੀ ਟਰੈਫਿਕ ਵਾਲੇ ਜੀ.ਟੀ. ਰੋਡ (ਨੈਸ਼ਨਲ ਹਾਈਵੇਅ ਨੰਬਰ ਵੰਨ) ‘ਤੇ ਖੋਹ ਕਰਨੀ ਕਿਸੇ ਆਮ ਬਦਮਾਸ਼ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਜਿਹੀ ਵਾਰਦਾਤ ਦੀ ਪੁੱਛ ਗਿੱਛ ਡੀ.ਜੀ.ਪੀ. ਲੈਵਲ ਤੱਕ ਹੁੰਦੀ ਹੈ।

ਮੈਂ ਐਸ.ਐਸ.ਪੀ. ਅਤੇ ਹੋਰ ਸੀਨੀਅਰ ਅਫਸਰਾਂ ਨੂੰ ਸੂਚਨਾ ਦੇ ਕੇ ਦਲ ਬਲ ਸਮੇਤ ਮਿੰਟੋ ਮਿੰਟੀ ਮੌਕਾ ਏ ਵਾਰਦਾਤ ‘ਤੇ ਪਹੁੰਚ ਗਿਆ। ਨੰਬਰ ਪਲੇਟ ‘ਤੇ ਚਿੱਕੜ ਮਲਿਆ ਹੋਣ ਕਾਰਨ ਸਕੂਟਰ ਦਾ ਨੰਬਰ ਤਮਾਸ਼ਬੀਨਾਂ ਕੋਲੋਂ ਨੋਟ ਨਹੀਂ ਸੀ ਕੀਤਾ ਜਾ ਸਕਿਆ। ਫਿਰ ਵੀ ਸਾਡੇ ਪਹੁੰਚਣ ਤੋਂ ਪਹਿਲਾਂ ਚੌਂਕੀ ਇੰਚਾਰਜ ਨੇ ਆਸ ਪਾਸ ਦੇ ਥਾਣਿਆਂ ਤੇ ਜਿਲ੍ਹਿਆਂ ਨੂੰ ਸਕੂਟਰ ਸਵਾਰਾਂ ਦੇ ਹੁਲੀਏ ਤੇ ਸਕੂਟਰ ਦੇ ਰੰਗ ਬਾਰੇ ਵਾਇਰਲੈੱਸ ਕਰਵਾ ਦਿੱਤੀ ਸੀ। ਮੇਰੀ ਕਿਸਮਤ ਚੰਗੀ ਸੀ ਕਿ ਐਸ.ਐਸ.ਪੀ. ਜ਼ਿਲੇ ਤੋਂ ਬਾਹਰ ਸੀ। ਉਹ ਸਿਰੇ ਦਾ ਵਹਿਮੀ ਆਦਮੀ ਸੀ ਤੇ ਜੇ ਕਿਤੇ ਮੌਕੇ ‘ਤੇ ਆ ਜਾਂਦਾ ਤਾਂ ਕੇਸ ਹੱਲ ਹੀ ਨਹੀਂ ਸੀ ਹੋਣਾ ਕਿਉਂਕਿ ਉਸ ਨੇ ਗਾਈਡ ਕਰਨ ਦੀ ਬਜਾਏ ਦਬਕੇ ਮਾਰੀ ਜਾਣੇ ਸਨ ਕਿ ਡਾਕਾ ਪਿਆ ਹੀ ਕਿਉਂ ਹੈ? ਖੈਰ ਚਲੋ ਜਦੋਂ ਮੈਂ ਵਾਰਦਾਤ ਵਾਲੀ ਥਾਂ ‘ਤੇ ਪਹੁੰਚਿਆ ਤਾਂ ਟਰੱਕ ਨਹਿਰ ਪੁਲ ਦੀ ਖੰਨਾ ਸਾਈਡ ‘ਤੇ ਜੀ.ਟੀ. ਰੋਡ ਤੋਂ ਥੋੜ੍ਹਾ ਹਟਵਾਂ ਕੱਚੀ ਸੜਕ ‘ਤੇ ਖੜਾ ਸੀ। ਡਰਾਈਵਰ ਦੀ ਸੱਜੀ ਬਾਂਹ ‘ਤੇ ਦੋ ਤਿੰਨ ਜ਼ਖਮ ਸਨ ਜੋ ਕਿਸੇ ਤੇਜ਼ਧਾਰ ਹਥਿਆਰ ਨਾਲ ਲੱਗੇ ਜਾਪਦੇ ਸਨ ਤੇ ਕਲੀਨਰ ਬਿਲਕੁਲ ਠੀਕ ਠਾਕ ਸੀ।

ਜਿਸ ਜਗ੍ਹਾ ‘ਤੇ ਖੋਹ ਹੋਈ ਸੀ, ਉਸ ਦੇ ਬਿਲਕੁਲ ਸਾਹਮਣੇ ਇੱਕ ਮੈਰਿਜ ਪੈਲੇਸ ਸੀ। ਅਸੀਂ ਡਰਾਈਵਰ ਤੇ ਕਲੀਨਰ ਨੂੰ ਉਥੇ ਲੈ ਗਏ ਤਾਂ ਜੋ ਸ਼ਾਂਤੀ ਨਾਲ ਪੁੱਛ ਗਿੱਛ ਕੀਤੀ ਜਾ ਸਕੇ। ਡਰਾਈਵਰ ਤੇ ਕਲੀਨਰ ਦੀ ਕਹਾਣੀ ਲਗਭਗ ਇੱਕੋ ਜਿਹੀ ਹੀ ਸੀ। ਉਹ ਮੰਡੀ ਗੋਬਿੰਦਗੜ੍ਹ ਦੀ ਇੱਕ ਸਟੀਲ ਮਿੱਲ ਤੋਂ ਸਰੀਆ ਲੱਦ ਕੇ ਲੁਧਿਆਣੇ ਵਿਖੇ ਕਿਸੇ ਵਪਾਰੀ ਦੇ ਗੁਦਾਮ ਵਿੱਚ ਲਾਹ ਕੇ ਆਏ ਸਨ ਅਤੇ ਅੱਜ ਦੀ ਤੇ ਪਹਿਲਾਂ ਭੇਜੇ ਮਾਲ ਦੀ ਕੁੱਲ 9 ਲੱਖ ਰੁਪਏ ਪੇਮੈਂਟ ਲੈ ਕੇ ਆ ਰਹੇ ਸਨ। ਉਹ ਟਰੱਕ ਮੰਡੀ ਗੋਬਿੰਦਗੜ੍ਹ ਵਾਲੀ ਫੈਕਟਰੀ ਵਾਲਿਆਂ ਦਾ ਆਪਣਾ ਸੀ। ਫੈਕਟਰੀ ਮਾਲਕ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਡਰਾਈਵਰ ਅਤੇ ਕਲੀਨਰ ਕਈ ਸਾਲਾਂ ਤੋਂ ਉਥੇ ਕੰਮ ਕਰ ਰਹੇ ਸਨ ਤੇ ਭਰੋਸੇਯੋਗ ਹੋਣ ਕਾਰਨ ਪਹਿਲਾਂ ਵੀ ਪੇਮੈਂਟਾਂ ਲੈ ਆਉਂਦੇ ਸਨ। ਡਰਾਈਵਰ ਦੀ ਪੁੱਛ ਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਪੁਲ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਸਕੂਟਰ ‘ਤੇ ਸਵਾਰ ਤਿੰਨ ਬਦਮਾਸ਼ਾਂ ਨੇ ਤਲਵਾਰ ਵਿਖਾ ਕੇ ਉਸ ਨੂੰ ਟਰੱਕ ਰੋਕਣ ਲਈ ਕਿਹਾ। ਜਦੋਂ ਉਹ ਨਾ ਰੁਕਿਆ ਤਾਂ ਇੱਕ ਬਦਮਾਸ਼ ਨੇ ਉਸ ਦੀ ਸੱਜੀ ਬਾਂਹ ‘ਤੇ ਤਲਵਾਰ ਨਾਲ ਤਿੰਨ ਚਾਰ ਵਾਰ ਕਰ ਦਿੱਤੇ। ਇਸ ਕਾਰਨ ਉਸ ਨੂੰ ਟਰੱਕ ਰੋਕਣਾ ਪਿਆ ਤੇ ਬਦਮਾਸ਼ ਪੈਸੇ ਲੈ ਕੇ ਫਰਾਰ ਹੋ ਗਏ।

ਉਸ ਦੀ ਕਹਾਣੀ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਪੰਜਾਬ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਸਕੂਟਰ ਸਵਾਰ ਨੇ ਦਿਨ ਦਿਹਾੜੇ ਟਰੱਕ ਰੋਕ ਕੇ ਲੁੱਟ ਕੀਤੀ ਹੋਵੇ। ਮੈਂ ਉਸ ਨੂੰ ਪੁੱਛਿਆ ਕਿ ਤੂੰ ਟਰੱਕ ਰੋਕਿਆ ਕਿਉਂ? ਬਦਮਾਸ਼ ਨੂੰ ਫੇਟ ਮਾਰ ਕੇ ਪਰ੍ਹਾਂ ਸੁੱਟ ਦੇਣਾ ਸੀ। ਟਰੱਕ ਵਾਲੇ ਨੇ ਭੋਲਾ ਭਾਲਾ ਜਿਹਾ ਬਣ ਕੇ ਜਵਾਬ ਦਿੱਤਾ ਕਿ ਮੈਂ ਉਸ ਦੀ ਤਲਵਾਰ ਵੇਖ ਕੇ ਡਰ ਗਿਆ ਸੀ। ਮੈਰਿਜ ਪੈਲੇਸ ਦਾ ਮਾਲਕ ਧਰਮਪਾਲ ਧੰਮਾ (ਕਾਲਪਨਿਕ ਨਾਮ) ਸਾਡਾ ਵਧੀਆ ਵਾਕਿਫ ਸੀ ਤੇ ਕੋਲ ਹੀ ਬੈਠਾ ਸੀ। ਮੈਂ ਉਸ ਨੂੰ ਪੁੱਛਿਆ ਕਿ ਧਰਮਪਾਲ ਤੂੰ ਇਹ ਘਟਨਾ ਵੇਖੀ ਹੈ? ਧਰਮਪਾਲ ਨੇ ਜਵਾਬ ਦਿੱਤਾ ਕਿ ਉਸ ਨੇ ਸਾਰੀ ਘਟਨਾ ਆਪਣੀ ਅੱਖੀਂ ਵੇਖੀ ਹੈ। ਬਿਲਕੁਲ ਉਸੇ ਤਰਾਂ ਹੀ ਹੋਇਆ ਸੀ ਜਿਵੇਂ ਡਰਾਈਵਰ ਨੇ ਬਿਆਨ ਕੀਤਾ ਹੈ। ਉਹ ਮੈਰਿਜ ਪੈਲੇਸ ਵਿੱਚ ਜਿਸ ਜਗ੍ਹਾ ‘ਤੇ ਬੈਠਾ ਧੁੱਪ ਸੇਕ ਰਿਹਾ ਸੀ, ਉਥੋਂ ਸੜਕ ਬਿਲਕੁਲ ਸਾਫ ਦਿਖਾਈ ਦਿੰਦੀ ਸੀ। ਇਹ ਸੁਣ ਕੇ ਮੇਰਾ ਤੇ ਐਸ.ਐਚ.ਉ. ਦਾ ਜੋਸ਼ ਠੰਡਾ ਪੈ ਗਿਆ ਕਿਉਂਕਿ ਅਸੀਂ ਸੋਚ ਰਹੇ ਸੀ ਕਿ ਕੋਈ ਖੋਹ ਵਗੈਰਾ ਨਹੀਂ ਹੋਈ, ਬੱਸ ਪੈਸੇ ਹਜ਼ਮ ਕਰਨ ਲਈ ਡਰਾਈਵਰ ਕਲੀਨਰ ਨੇ ਕਹਾਣੀ ਬਣਾਈ ਹੈ। ਇੱਕ ਦੋ ਮਿੰਟ ਸੋਚ ਕੇ ਉਹ ਦੁਬਾਰਾ ਬੋਲਿਆ, “ਪਰ ਸਰ, ਖੋਹ ਵਾਲੀ ਗੱਲ ਬਣੀ ਜਿਹੀ ਨਹੀਂ।” ਮੈਂ ਖਿਝ੍ਹ ਕੇ ਕਿਹਾ ਜਿਵੇਂ ਖੋਹ ਧਰਮਪਾਲ ਨੇ ਕੀਤੀ ਹੋਵੇ, “ਇੱਕ ਪਾਸੇ ਤੂੰ ਕਹਿ ਰਿਹਾਂ ਕਿ ਤੇਰੇ ਸਾਹਮਣੇ ਖੋਹ ਹੋਈ ਆ, ਦੂਸਰੇ ਪਾਸੇ ਕਹਿ ਰਿਹਾਂ ਕਿ ਗੱਲ ਬਣੀ ਜਿਹੀ ਨਹੀਂ। ਜਦੋਂ ਖੋਹ ਈ ਹੋਗੀ ਤਾਂ ਗੱਲ ਹੋਰ ਕਿਵੇਂ ਬਣਨੀ ਸੀ, ਤੇਰੇ ਮੁਤਾਬਕ ਦੋ ਚਾਰ ਬੰਦੇ ਵੀ ਮਰਨੇ ਚਾਹੀਦੇ ਸੀ?”

“ਸਰ ਜੀ, ਬੀ.ਪੀ. ਹਾਈ ਨਾ ਕਰੋ ਤੇ ਠੰਡੇ ਮੱਤੇ ਨਾਲ ਮੇਰੀ ਗੱਲ ਸੁਣੋ। ਇਹ ਡਰਾਈਵਰ ਤਾਂ ਇਸ ਤਰਾਂ ਹੌਲੀ ਹੌਲੀ ਟਰੱਕ ਚਲਾ ਰਿਹਾ ਸੀ ਜਿਵੇਂ ਲੁਟੇਰਿਆਂ ਨੂੰ ਉਡੀਕ ਰਿਹਾ ਹੋਵੇ। ਬਦਮਾਸ਼ਾਂ ਨੇ ਦੋ ਚਾਰ ਵਾਰ ਤਲਵਾਰ ਬਾਰੀ ‘ਤੇ ਮਾਰੀ ਤਾਂ ਇਸ ਨੇ ਟਰੱਕ ਰੋਕ ਦਿੱਤਾ। ਮੈਨੂੰ ਤਾਂ ਲੱਗਦਾ ਖੋਹ ਨੂੰ ਸਹੀ ਠਹਿਰਾਉਣ ਵਾਸਤੇ ਇਹ ਮਾੜੀਆਂ ਮੋਟੀਆਂ ਸੱਟਾਂ ਇਹਨਾਂ ਨੇ ਆਪੇ ਈ ਮਰਵਾ ਲਈਆਂ ਨੇ। ਬਾਕੀ ਤੁਸੀਂ ਸਿਆਣੇ ਉ,” ਉਸ ਨੇ ਗੇਂਦ ਮੇਰੇ ਪਾਲੇ ਵੱਲ ਰੇੜ੍ਹ ਦਿੱਤੀ। ਉਸ ਦੀ ਗੱਲ ਸੁਣ ਕੇ ਮੇਰਾ ਦਿਮਾਗ ਚੱਲਣਾ ਸ਼ੁਰੂ ਹੋ ਗਿਆ। ਸਾਡੇ ਕਹਿਣ ‘ਤੇ ਧਰਮਪਾਲ ਨੇ ਗੁਦਾਮ ਵਾਲਾ ਕਮਰਾ ਖੋਲ੍ਹ ਦਿੱਤਾ। ਸਿਰਫ ਦਸ ਕੁ ਮਿੰਟ ਦੀ ਤਫਤੀਸ਼ ਤੋਂ ਬਾਅਦ ਹੀ ਡਰਾਈਵਰ ਤੋਤੇ ਵਾਂਗ ਬੋਲਣ ਲੱਗ ਪਿਆ ਕਿ ਸਕੂਟਰ ‘ਤੇ ਕੋਈ ਬਦਮਾਸ਼ ਨਹੀਂ, ਬਲਕਿ ਮਿੱਲ ਮਾਲਕ ਦਾ ਮੈਨੇਜਰ ਤੇ ਉਸ ਦੇ ਭਰਾ ਸਨ। ਡਰਾਈਵਰ, ਕਲੀਨਰ ਤੇ ਮੈਨੇਜਰ ਨੇ ਮਿਲ ਕੇ ਪੈਸੇ ਹਜ਼ਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋ ਤਿੰਨ ਘੰਟਿਆਂ ਵਿੱਚ ਸਾਰੇ ਪੈਸੇ ਵੀ ਬਰਾਮਦ ਹੋ ਗਏ ਤੇ ਨਵੇਂ ਬਣੇ ਬਦਮਾਸ਼ ਵੀ ਕਾਬੂ ਆ ਗਏ। ਉਹਨਾਂ ਨਾਲ ਉਹ ਹੋਈ ਕਿ ਪਹਿਲੀ ਚੋਰੀ ਤੇ ਮੌਤ ਦੀ ਸਜ਼ਾ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062

ਜ਼ਾਤ ਪਾਤ ਦਾ ਘੋਰ ਵਿਰੋਧੀ ਭਾਰਤ ਦਾ ਪਹਿਲਾ ਧਾਰਮਿਕ ਫਿਰਕਾ, ਨਾਥ ਪੰਥ

ਨਾਥ ਪੰਥ ਭਾਰਤ ਦਾ ਪਹਿਲਾ ਅਜਿਹਾ ਧਾਰਮਿਕ ਫਿਰਕਾ ਹੈ ਜੋ ਕਿਸੇ ਵੀ ਵਿਅਕਤੀ ਨਾਲ ਜ਼ਾਤ ਅਤੇ ਧਰਮ ਦੇ ਨਾਮ ‘ਤੇ ਭੇਦ ਭਾਵ ਨਹੀਂ ਕਰਦਾ। ਇਸ ਪੰਥ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਦੀਕਸ਼ਾ ਦਿੱਤੀ ਜਾਂਦੀ ਸੀ। ਇਸ ਧਰਮ ਨੂੰ ਸਿਖਰਾਂ ‘ਤੇ ਪਹੁੰਚਾਉਣ ਦਾ ਸਿਹਰਾ ਗੁਰੂ ਗੋਰਖ ਨਾਥ ਦੇ ਸਿਰ ਬੱਝਦਾ ਹੈ। ਉਸ ਦਾ ਜਨਮ 1270 ਈਸਵੀ ਦੇ ਆਸ ਪਾਸ ਪੇਸ਼ਾਵਰ ਜਾਂ ਲਾਹੌਰ ਦੇ ਇਲਾਕੇ ਵਿੱਚ ਹੋਣਾ ਮੰਨਿਆਂ ਜਾਂਦਾ ਹੈ। ਸਮਕਾਲੀ ਇਤਿਹਾਸ ਜਾਂ ਹੋਰ ਠੋਸ ਲਿਖਤੀ ਸਬੂਤਾਂ ਦੀ ਘਾਟ ਕਾਰਨ ਉਸ ਦੇ ਅਸਲ ਜਨਮ ਸਥਾਨ ਅਤੇ ਮਾਤਾ ਪਿਤਾ ਦੇ ਨਾਮ ਬਾਰੇ ਕੋਈ ਪਤਾ ਨਹੀਂ ਚੱਲਦਾ। ਤਰਾਇਣ ਦੀ ਜੰਗ (1192 ਈਸਵੀ) ਵਿੱਚ ਮੁਹੰੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ। ਗੋਰਖ ਨਾਥ ਦੇ ਜਨਮ ਤੱਕ ਤੁਰਕਾਂ ਦਾ ਰਾਜ ਪੇਸ਼ਾਵਰ ਤੋਂ ਲੈ ਕੇ ਬੰਗਾਲ ਤੱਕ ਮਜ਼ਬੂਤੀ ਨਾਲ ਸਥਾਪਿਤ ਹੋ ਚੁੱਕਾ ਸੀ। ਪਰ ਅਫਸੋਸ, ਹਮੇਸ਼ਾਂ ਵਾਂਗ ਸਾਡੇ ਰਾਜੇ ਤੁਰਕਾਂ ਦੇ ਖਿਲਾਫ ਕੋਈ ਮਜ਼ਬੂਤ ਗੱਠਜੋੜ ਕਾਇਮ ਕਰਨ ਦੀ ਬਜਾਏ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣੇ ਹੋਏ ਸਨ ਤੇ ਕਥਿੱਤ ਉੱਚੀਆਂ ਜ਼ਾਤਾਂ ਕਥਿੱਤ ਨੀਵੀਆਂ ਜ਼ਾਤਾਂ ‘ਤੇ ਜ਼ੁਲਮ ਢਾਹੁਣ ਵਿੱਚ ਰੁੱਝੀਆਂ ਹੋਈਆਂ ਸਨ।

ਗੋਰਖ ਨਾਥ ਦੇ ਜਨਮ ਸਮੇਂ ਨਾਥ ਮੱਤ ਭਾਰਤ ਵਿੱਚ ਕਾਫੀ ਪ੍ਰਭਾਵੀ ਬਣ ਚੁੱਕਾ ਸੀ। ਗੋਰਖ ਨਾਥ ਨੇ ਯੋਗੀ ਮਛੇਂਦਰ ਨਾਥ ਨੂੰ ਆਪਣਾ ਗੁਰੂ ਧਾਰਿਆ ਤੇ ਉਸ ਕੋਲੋਂ ਧਰਮ ਅਤੇ ਜੋਗ ਦੇ ਗੂੜ੍ਹ ਰਹੱਸਾਂ ਬਾਰੇ ਗਿਆਨ ਹਾਸਲ ਕੀਤਾ। ਮਛੇਂਦਰ ਨਾਥ ਦੀ ਮੌਤ ਤੋਂ ਬਾਅਦ ਗੋਰਖ ਨਾਥ ਨੂੰ ਨਾਥ ਮੱਤ ਦਾ ਮੁਖੀ ਥਾਪਿਆ ਗਿਆ ਸੀ। ਭਾਵੇਂ ਗੋਰਖ ਨਾਥ ਤੋਂ ਪਹਿਲਾਂ ਨਾਥ ਪੰਥ ਦੇ ਆਦੀ ਨਾਥ ਅਤੇ ਮਛੇਂਦਰ ਨਾਥ ਸਮੇਤ ਸੱਤ ਗੁਰੂ ਹੋ ਚੁੱਕੇ ਸਨ, ਪਰ ਨਾਥ ਪੰਥ ਨੇ ਸਭ ਤੋਂ ਵੱਧ ਤਰੱਕੀ ਗੋਰਖ ਨਾਥ ਅਧੀਨ ਹੀ ਕੀਤੀ। ਉਸ ਨੇ ਜਨਤਾ ਵਿੱਚ ਗਿਆਨ ਦੀ ਜੋਤ ਜਗਾਉਣ ਲਈ ਭਾਰਤ ਤੋਂ ਇਲਾਵਾ ਨੇਪਾਲ, ਤਿੱਬਤ, ਅਫਗਾਨਿਸਤਾਨ ਅਤੇ ਸ੍ਰੀ ਲੰਕਾ ਆਦਿ ਦੇਸ਼ਾਂ ਦਾ ਭਰਮਣ ਕੀਤਾ ਤੇ ਜਗ੍ਹਾ ਜਗ੍ਹਾ ਮੱਠਾਂ ਦੀ ਸਥਾਪਨਾ ਕੀਤੀ। ਗੋਰਖ ਨਾਥ ਯੋਗ ਵਿਦਿਆ ਦਾ ਬਹੁਤ ਵੱਡਾ ਗਿਆਨੀ ਸੀ ਤੇ ਉਸ ਨੂੰ ਭਾਰਤ ਵਿੱਚ ਯੋਗ ਨੂੰ ਪ੍ਰਸਿੱਧ ਕਰਨ ਦਾ ਮਾਣ ਹਾਸਲ ਹੈ। ਉਸ ਦੇ ਮੁਤਾਬਕ ਸਿਹਤਮੰਦ ਸਰੀਰ ਦੇ ਅੰਦਰ ਹੀ ਸਿਹਤਮੰਦ ਆਤਮਾ ਹੁੰਦੀ ਹੈ ਤੇ ਸਿਹਤਮੰਦ ਆਤਮਾ ਵਾਲਾ ਵਿਅਕਤੀ ਹੀ ਪ੍ਰਮਾਤਮਾ ਨੂੰ ਹਾਸਲ ਕਰ ਸਕਦਾ ਹੈ। ਉਹ ਪੁਜਾਰੀਵਾਦ ਵੱਲੋਂ ਫੈਲਾਏ ਜਾ ਰਹੇ ਕੂੜ ਅਤੇ ਲੋਕਾਂ ਨੂੰ ਲੁੱਟਣ ਲਈ ਕੀਤੇ ਜਾਂਦੇ ਤੰਤਰ – ਮੰਤਰ, ਚਮਤਕਾਰਾਂ ਅਤੇ ਨੀਚ ਕਰਮ ਕਾਂਡਾਂ ਦਾ ਕੱਟੜ ਵਿਰੋਧੀ ਸੀ। ਉਸ ਵੱਲੋਂ ਜਨਤਾ ਵਿੱਚ ਪ੍ਰਚਾਰ ਕੀਤਾ ਗਿਆ ਕਿ ਧਾਰਮਿਕ ਕਰਮ ਕਾਂਡਾਂ ਵਿੱਚ ਪੈਸਾ ਲੁਟਾਉਣ ਦੀ ਬਜਾਏ ਕਿਸੇ ਇਕਾਂਤ ਜਗ੍ਹਾ ‘ਤੇ ਕੁਝ ਦੇਰ ਦੀ ਸਮਾਧੀ ਲਗਾਉਣ ਨਾਲ ਮਨ ਨੂੰ ਜਿਆਦਾ ਸ਼ਾਂਤੀ ਪ੍ਰਾਪਤ ਹੁੰਦੀ ਹੈ।

ਗੋਰਖ ਨਾਥ ਨੇ ਵੇਦਾਂ ਅਤੇ ਸ਼ਾਸ਼ਤਰਾਂ ਦਾ ਗੂੜ੍ਹ ਅਧਿਐਨ ਕੀਤਾ ਸੀ। ਉਸ ਨੇ ਲੋਕਾਂ ਵਿੱਚ ਧਾਰਮਿਕ ਤੇ ਸਮਾਜਿਕ ਚੇਤਨਾ ਜਗਾਉਣ ਅਤੇ ਯੋਗ ਦਾ ਪ੍ਰਚਾਰ ਕਰਨ ਲਈ ਗੋਰਖ ਸ਼ਤਕ, ਗੋਰਖ ਸੰਹਿਤਾ, ਗੋਰਖ ਗੀਤਾ, ਸਿੱਧ ਸਿਧਾਂਤ ਪੱਧਤੀ, ਯੋਗ ਮਾਰਤੰਡ ਅਤੇ ਯੋਗ ਸਿਧਾਂਤ ਪੱਧਤੀ ਆਦਿ ਕਈ ਪੁਸਤਕਾਂ ਦੀ ਰਚਨਾ ਕੀਤੀ। ਗੋਰਖ ਨਾਥ ਸਮਾਜਿਕ ਸਮਾਨਤਾ ਦਾ ਹਮਾਇਤੀ ਹੋਣ ਕਾਰਨ ਜ਼ਾਤੀ ਪ੍ਰਥਾ ਦਾ ਘੋਰ ਵਿਰੋਧੀ ਸੀ। ਆਪਣੀ ਪੁਸਤਕ ਸਿੱਧ ਸਿਧਾਂਤ ਪੱਧਤੀ (ਭਾਗ ਤੀਸਰਾ) ਵਿੱਚ ਉਹ ਲਿਖਦਾ ਹੈ ਕਿ ਸ਼ਾਸ਼ਤਰਾਂ ਮੁਤਾਬਕ ਹਿੰਦੂ ਧਰਮ ਦੇ ਚਾਰ ਵਰਣਾਂ (ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ) ਦੀ ਸਥਾਪਨਾ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮ ਧੰਦੇ ਦੇ ਮੁਤਾਬਕ ਕੀਤੀ ਗਈ ਸੀ। ਗਿਆਨ ਹਾਸਲ ਕਰ ਕੇ ਕੋਈ ਵੀ ਵਿਅਕਤੀ ਦੂਸਰੇ ਵਰਣ ਵਿੱਚ ਜਾ ਸਕਦਾ ਸੀ। ਮੂਰਖ ਬ੍ਰਾਹਮਣ ਸ਼ੂਦਰ ਅਤੇ ਵਿਦਵਾਨ ਸ਼ੂਦਰ ਬ੍ਰਾਹਮਣ ਬਣ ਸਕਦਾ ਸੀ। ਪਰ ਰਾਜਿਆਂ ਅਤੇ ਪੁਜਾਰੀਆਂ ਨੇ ਆਪਣੇ ਨੀਚ ਸਵਾਰਥਾਂ ਦੀ ਪੂਰਤੀ ਖਾਤਰ ਇਹ ਵਰਣ ਸਥਾਈ ਬਣਾ ਦਿੱਤੇ ਹਨ। ਇੱਕ ਯੋਗੀ ਵਾਸਤੇ ਹਰੇਕ ਜਾਤੀ ਅਤੇ ਵਰਣ ਦਾ ਆਦਮੀ ਅਤੇ ਔਰਤ ਉਸ ਪ੍ਰਮਾਤਮਾ ਦਾ ਰੂਪ ਹੈ। ਉਸ ਨੂੰ ਕਿਸੇ ਪ੍ਰਤੀ ਨਫਰਤ ਨਹੀਂ ਕਰਨੀ ਚਾਹੀਦੀ, ਸਗੋਂ ਹਰੇਕ ਨਾਲ ਪਿਆਰ ਕਰਨਾ ਚਾਹੀਦਾ ਹੈ।

ਜਾਤੀਵਾਦ ਨੂੰ ਖਤਮ ਕਰਨ ਲਈ ਉਸ ਨੇ ਅਸੂਲ ਬਣਾਇਆ ਕਿ ਯੋਗੀ ਮੱਠਾਂ ਦਾ ਮੁਖੀ ਕਿਸੇ ਵੀ ਜ਼ਾਤ ਦਾ ਯੋਗ ਵਿਅਕਤੀ ਬਣ ਸਕਦਾ ਹੈ। ਉਸ ਨੇ ਅਨੇਕਾਂ ਮੱਠਾਂ ਦੇ ਮੱਠਾਧੀਸ਼ ਕਥਿੱਤ ਉੱਚ ਜ਼ਾਤੀਆਂ ਵੱਲੋਂ ਦੁਰਕਾਰੇ ਜਾਂਦੇ ਦੱਬੇ ਕੁਚਲੇ ਵਰਗਾਂ ਦੇ ਲੋਕਾਂ ਨੂੰ ਬਣਾਇਆ। ਯੋਗ ਪੰਥ ਭਾਰਤ ਦਾ ਅਜਿਹਾ ਪਹਿਲਾ ਪੰਥ ਸੀ, ਜਿਸ ਵਿੱਚ ਦੀਕਸ਼ਾ ਦੇਣ ਸਮੇਂ ਕਿਸੇ ਦੀ ਜ਼ਾਤ ਨਹੀਂ ਸੀ ਪੁੱਛੀ ਜਾਂਦੀ। ਇਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਰਾਂਝੇ (ਜੋ ਕਿ ਮੁਸਲਮਾਨ ਸੀ) ਨੇ ਗੋਰਖ ਦੇ ਟਿੱਲੇ ਤੋਂ ਯੋਗ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਭਾਰਤ ਵਿੱਚ ਸਭ ਤੋਂ ਪਹਿਲਾਂ ਲੰਗਰ ਪ੍ਰਥਾ ਵੀ ਯੋਗੀਆਂ ਦਾ ਮੱਠਾਂ ਵਿੱਚ ਸ਼ੁਰੂ ਹੋਈ ਸੀ। ਮੱਠ ਧਰਮ ਪ੍ਰਚਾਰ ਤੋਂ ਇਲਾਵਾ ਵਿਦਿਆ ਦੇ ਕੇਂਦਰ ਵੀ ਸਨ ਜਿੱਥੇ ਕਥਿੱਤ ਛੋਟੀ ਜ਼ਾਤੀ ਦੇ ਬੱਚਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਅਤੇ ਫਸਿ ਦੇ ਗਿਆਨ ਵੰਡਿਆ ਜਾਂਦਾ ਸੀ। ਗੋਰਖ ਨਾਥ ਦੇ ਇਨ੍ਹਾਂ ਮਹਾਨ ਕਾਰਜਾਂ ਕਾਰਨ ਨਾਥ ਪੰਥ ਦਾ ਭਾਰਤੀ ਉੱਪ ਮਹਾਂਦੀਪ ਵਿੱਚ ਬਹੁਤ ਵਿਸਤਾਰ ਹੋਇਆ। ਸ਼ੇਖ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਾਰਿਸ ਸ਼ਾਹ ਦੇ ਵਿਸ਼ਵ ਪ੍ਰਸਿੱਧ ਸ਼ਾਹਕਾਰ ਹੀਰ ਰਾਂਝਾ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਅੱਜ ਵੀ ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾ ਦੇਸ਼ ਅੰਦਰ ਅਨੇਕਾਂ ਯੋਗੀ ਮੰਦਰ ਅਤੇ ਮੱਠ ਬਣੇ ਹੋਏ ਹਨ। ਨੇਪਾਲ ਦੇ ਇੱਕ ਸ਼ਹਿਰ ਦਾ ਨਾਮ ਉਸ ਦੇ ਸਨਮਾਨ ਵਿੱਚ ਗੋਰਖਾ ਰੱਖਿਆ ਗਿਆ ਸੀ ਜਿੱਥੇ ਇੱਕ ਗੁਫਾ ਦੇ ਅੰਦਰ ਉਸ ਦੇ ਪੈਰਾਂ ਦੇ ਨਿਸ਼ਾਨ ਬਣੇ ਹੋਏ ਮੰਨੇ ਜਾਂਦੇ ਹਨ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਵਸਨੀਕਾਂ ਨੂੰ ਗੋਰਖਾ, ਗੋਰਖ ਨਾਥ ਦੇ ਪੈਰੋਕਾਰ ਹੋਣ ਕਾਰਨ ਹੀ ਕਿਹਾ ਜਾਂਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਮਣੀਪੁਰ ਦੀ ਫਿਰਕੂ ਹਿੰਸਾ ਨੇ ਮੁੜ ਭੜਕਾ ਦਿੱਤੀ ਹੈ ਅੱਤਵਾਦ ਦੀ ਅੱਗ

ਅੱਠ ਮਹੀਨੇ ਤੋਂ ਮਣੀਪੁਰ ਭਰਾ ਮਾਰੂ ਲੜਾਈ ਦੀ ਅੱਗ ਵਿੱਚ ਝੁਲਸ ਰਿਹਾ ਹੈ। 3 ਮਈ 2023 ਨੂੰ ਸ਼ੁਰੂ ਹੋਈ ਕਤਲੋਗਾਰਤ ਪਹਿਲਾਂ ਸਿਰਫ ਇੰਫਾਲ ਘਾਟੀ ਵਿੱਚ ਰਹਿਣ ਵਾਲੇ ਮੈਤਈ ਅਤੇ ਪਹਾੜਾਂ ਦੇ ਵਾਸੀ ਕੁਕੀ ਕਬੀਲੇ ਤੱਕ ਮਹਿਦੂਦ ਸੀ। ਇੱਛਾ ਸ਼ਕਤੀ ਦੀ ਘਾਟ ਕਾਰਨ ਸੂਬਾ ਸਰਕਾਰ ਇਸ ਹਿੰਸਾ ‘ਤੇ ਕਾਬੂ ਪਾਉਣ ਵਿੱਚ ਬੁਰੀ ਤਰਾਂ ਅਸਫਲ ਰਹੀ ਜਿਸ ਕਾਰਨ ਹੁਣ ਤੱਕ 200 ਦੇ ਕਰੀਬ ਦੋਵਾਂ ਫਿਰਕਿਆਂ ਦੇ ਲੋਕ ਤੇ ਸੁਰੱਖਿਆ ਕਰਮੀ ਮਾਰੇ ਜਾ ਚੁੱਕੇ ਹਨ ਤੇ 50000 ਤੋਂ ਵੱਧ ਬੇਘਰ ਹੋ ਗਏ ਹਨ। ਕੁਝ ਮਹੀਨੇ ਪਹਿਲਾਂ ਵਾਇਰਲ ਹੋਈ ਇੱਕ ਵੀਡੀਉ ਤੋਂ ਪਤਾ ਲੱਗਾ ਕਿ ਸੈਂਕੜੇ ਔਰਤਾਂ ਦੀ ਇੱਜ਼ਤ ਵੀ ਰੋਲੀ ਜਾ ਚੁੱਕੀ ਹੈ। ਇਸ ਫਿਰਕੂ ਹਿੰਸਾ ਨੇ ਹੁਣ ਇੱਕ ਨਵਾਂ ਰੂਪ ਅਖਤਿਆਰ ਕਰ ਲਿਆ ਹੈ। ਕਈ ਸਾਲਾਂ ਤੋਂ ਚੁੱਪ ਬੈਠੇ ਮਣੀਪੁਰੀ ਅੱਤਵਾਦੀ ਗ੍ਰੋਹ ਜੋ ਕਿ ਜਨਤਾ ਦੀ ਹਮਦਰਦੀ ਗਵਾ ਚੁੱਕੇ ਸਨ, ਦੁਬਾਰਾ ਸਰਗਰਮ ਹੋ ਗਏ ਹਨ। ਉਹ ਕਥਿੱਤ ਤੌਰ ‘ਤੇ ਚੀਨ ਅਤੇ ਬਰਮਾ ਦੀ ਸਹਾਇਤਾ ਨਾਲ ਮੁੜ ਹਥਿਆਰਬੰਦ ਹੋ ਕੇ ਸੁਰੱਖਿਆ ਦਸਤਿਆਂ ‘ਤੇ ਹਮਲੇ ਕਰ ਰਹੇ ਹਨ ਤੇ ਫਿਰੌਤੀਆਂ ਉਗਰਾਹੁਣ ਲੱਗ ਪਏ ਹਨ।

ਸੂਬੇ ਦਾ ਸਰਕਾਰੀ ਤੰਤਰ ਬੁਰੀ ਤਰਾਂ ਛਿੰਨ ਭਿੰਨ ਹੋ ਗਿਆ ਹੈ ਤੇ ਦੋਵਾਂ ਫਿਰਕਿਆਂ ਦੀਆਂ ਨਿੱਜੀ ਮਿਲਸ਼ੀਆ ਆਪੋ ਆਪਣੀ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਬਰਾਬਰ ਦੀ ਸਰਕਾਰ ਚਲਾ ਰਹੀਆਂ ਹਨ। ਉਨ੍ਹਾਂ ਦੀ ਛਤਰ ਛਾਇਆ ਹੇਠ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਬਿਨਾਂ ਕਿਸੇ ਡਰ ਭੈਅ ਦੇ ਵੱਡੇ ਪੱਧਰ ‘ਤੇ ਚੱਲ ਪਈ ਹੈ। ਲਗਦਾ ਹੈ ਕਿ ਜਲਦੀ ਹੀ ਮਣੀਪੁਰ ਭਾਰਤ ਭਰ ਦੇ ਗੈਂਗਸਟਰਾਂ ਅਤੇ ਮਾਉਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦਾ ਨਵਾਂ ਕੇਂਦਰ ਬਣ ਜਾਵੇਗਾ। ਫਿਰੌਤੀਆਂ ਤੋਂ ਹੋਣ ਵਾਲੀ ਅਥਾਹ ਕਮਾਈ ਕਾਰਨ ਅੱਤਵਾਦੀ ਗ੍ਰੋਹ ਦਿਨ ਬ ਦਿਨ ਤਾਕਤਵਰ ਹੁੰਦੇ ਜਾ ਰਹੇ ਹਨ। ਉਹ ਵਪਾਰੀਆਂ, ਆਮ ਲੋਕਾਂ ਤੇ ਇਥੋਂ ਤੱਕ ਕਿ ਥਰੀ ਵਹੀਲਰ ਚਲਾਉਣ ਵਾਲਿਆਂ ਤੋਂ ਵੀ ਪੈਸਾ, ਰਾਸ਼ਨ ਅਤੇ ਗੱਡੀਆਂ ਤੱਕ ਭੋਟ ਰਹੇ ਹਨ। ਚੂੜਾਚਾਂਦਪੁਰ ਦੇ ਇੱਕ ਕਾਰ ਡੀਲਰ ਨੇ ਬਲੈਰੋ ਗੱਡੀ ਦੇਣ ਤੋਂ ਇਨਕਾਰ ਕਰਨ ਦੀ ਹਿੰਮਤ ਕੀਤੀ ਤਾਂ ਅੱਤਵਾਦੀਆਂ ਨੇ ਬੰਦੂਕ ਦੀ ਨੋਕ ‘ਤੇ ਉਸ ਤੋਂ ਤਿੰਨ ਗੱਡੀਆਂ ਖੋਹ ਲਈਆਂ ਤੇ ਕੁੱਟ ਮਾਰ ਕੇ ਅਧਮੋਇਆ ਕਰ ਦਿੱਤਾ। ਅਜਿਹੇ ਹਾਲਾਤ ਵਿੱਚ ਆਮ ਆਦਮੀ ਕੋਲ ਅੱਤਵਾਦੀਆਂ ਦੀਆਂ ਨਜਾਇਜ਼ ਮੰਗਾਂ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਿਹਾ।

ਅੱਤਵਾਦੀਆਂ ਦਾ ਐਨਾ ਡਰ ਬੈਠ ਚੁੱਕਾ ਹੈ ਕਿ ਲੋਕ ਪੁਲਿਸ ਕੋਲ ਜਾਣ ਤੋਂ ਕਤਰਾਉਂਦੇ ਹਨ। ਪੈਸੇ ਦੀ ਭੁੱਖ ਵਿੱਚ ਅੰਨ੍ਹੇ ਹੋ ਚੁੱਕੇ ਇਹ ਅੱਤਵਾਦੀ ਹੁਣ ਆਪਣੇ ਬਿਗਾਨੇ ਵਿੱਚ ਕੋਈ ਫਰਕ ਨਹੀਂ ਕਰਦੇ। ਪਿਛਲੇ ਸਾਲ 8 ਦਸੰਬਰ ਨੂੰ ਇੰਫਾਲ ਦੇ ਇੱਕ ਮੈਤਈ ਵਪਾਰੀ ਨੇ ਪੁਲਿਸ ਕੋਲ ਦਰਖਾਸਤ ਦਿੱਤੀ ਸੀ ਕਿ ਡੀ.ਐਮ. ਕਾਲਜ ਆਫ ਸਾਇੰਸ (ਇੰਫਾਲ) ਦੇ ਹੋਸਟਲ ਤੋਂ ਉਸ ਦੇ 21 ਸਾਲਾ ਲੜਕੇ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਛੱਡਣ ਦੇ ਇਵਜ਼ 15 ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਨੇ ਕਾਰਵਾਈ ਕਰ ਕੇ ਲੜਕੇ ਨੂੰ ਛੁਡਵਾ ਲਿਆ ਤੇ ਅੱਤਵਾਦੀ ਗਰੁੱਪ ਕੰਗਲੀਪਾਲ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ ਅੱਠ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਗਰੁੱਪ ਫਿਰਕੂ ਹਿੰਸਾ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਮੈਤਈਆਂ ਦੀ ਕੁਕੀਆਂ ਦੇ ਖਿਲਾਫ ਮਦਦ ਕਰ ਰਿਹਾ ਹੈ। ਸਿਰਫ ਜਨਵਰੀ ਮਹੀਨੇ ਵਿੱਚ ਹੀ ਪੁਲਿਸ ਨੇ ਅੱਤਵਾਦੀ ਜਥੇਬੰਦੀਆਂ ਕੇ.ਸੀ.ਪੀ (ਨੋਵੋਨ ਗਰੁੱਪ), ਪੀਪਲਜ਼ ਲਿਬਰੇਸ਼ਨਜ਼ ਆਰਮੀ (ਪੀ.ਐਲ.ਏ.), ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ (ਕਾਂਗਲੀਪਾਕ ਗਰੁੱਪ) ਅਤੇ ਨੈਸ਼ਨਲ ਰੈਵੋਲਿਊਸ਼ਨਰੀ ਫਰੰਟ ਆਫ ਮਨੀਪੁਰ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੇ 49 ਮੈਂਬਰ ਫਿਰੌਤੀਆਂ ਲਈ ਧਮਕੀਆਂ ਦੇਣ ਦੇ ਜ਼ੁਰਮ ਹੇਠ ਗ੍ਰਿਫਤਾਰ ਕੀਤੇ ਹਨ।

ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਲੁੱਟੇ ਹੋਏ ਆਧੁਨਿਕ ਹਥਿਆਰਾਂ ਕਾਰਨ ਇਹ ਗ੍ਰੋਹ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਹੋ ਗਏ ਹਨ। ਵਰਨਣਯੋਗ ਹੈ ਕਿ ਮਣੀਪੁਰ ਹਿੰਸਾ ਦੇ ਸ਼ੁਰੂਆਤੀ ਦਿਨਾਂ ਵਿੱਚ ਪੁਲਿਸ ਅਤੇ ਹੋਰ ਸੁਰੱਖਿਆ ਫੋਰਸਾਂ ਦੇ ਅਸਲ੍ਹਾਖਾਨਿਆਂ ਤੋਂ 5682 ਅਸਾਲਟਾਂ, ਇਨਸਾਸ ਅਤੇ ਐਲ.ਐਮ.ਜੀ. ਆਦਿ ਵਰਗੇ ਮਾਰੂ ਹਥਿਆਰਾਂ ਸਮੇਤ 650000 ਗੋਲੀਆਂ ਲੁੱਟੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ 1647 ਰਾਈਫਲਾਂ ਅਤੇ 23000 ਗੋਲੀਆਂ ਹੀ ਬਰਾਮਦ ਹੋ ਸਕੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਜਿਆਦਾਤਰ ਲੁੱਟੇ ਹੋਏ ਹਥਿਆਰ ਅੱਤਵਾਦੀਆਂ ਕੋਲ ਪਹੁੰਚ ਗਏ ਹਨ। 12 ਜਨਵਰੀ ਨੂੰ ਕੁਕੀ ਬਹੁਲ ਮੋਰੇਹ ਸ਼ਹਿਰ ਦੇ ਨਜ਼ਦੀਕ ਅੱਤਵਾਦੀਆਂ ਨੇ ਤਿੰਨ ਘਟਨਾਵਾਂ ਵਿੱਚ ਸੁਰੱਖਿਆ ਦਸਤਿਆਂ ‘ਤੇ ਹਮਲੇ ਕਰਨ ਲਈ ਇਨ੍ਹਾਂ ਲੁੱਟੇ ਹੋਏ ਹਥਿਆਰਾਂ ਦੀ ਵਰਤੋਂ ਕੀਤੀ ਹੈ। ਇਹ ਅੱਤਵਾਦੀ ਗਰੁੱਪ ਸੁਰੱਖਿਆ ਦਸਤਿਆਂ ਦੇ ਦਬਾਅ ਕਾਰਨ ਕਈ ਸਾਲਾਂ ਤੋਂ ਬਰਮਾ ਵਿੱਚ ਲੁਕੇ ਬੈਠੇ ਸਨ ਤੇ ਹੁਣ ਸੁਨਿਹਰੀ ਮੌਕਾ ਵੇਖ ਵਗਦੀ ਗੰਗਾ ਵਿੱਚ ਹੱਥ ਧੋ ਰਹੇ ਹਨ।

ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ 19 ਜਨਵਰੀ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 12 ਜਨਵਰੀ ਨੂੰ ਸੁਰੱਖਿਆ ਦਸਤਿਆਂ ‘ਤੇ ਹੋਏ ਹਮਲੇ ਬਰਮਾ ਤੋਂ ਆਏ ਕੁਕੀ ਅੱਤਵਾਦੀਆਂ ਨੇ ਕੀਤੇ ਸਨ ਜਿਨ੍ਹਾਂ ਵਿੱਚ 2 ਜਵਾਨ ਮਾਰੇ ਗਏ ਤੇ 20 ਦੇ ਕਰੀਬ ਜ਼ਖਮੀ ਹੋਏ ਸਨ। ਅਸਾਮ ਰਾਈਫਲਜ਼ ਦੇ ਇੱਕ ਬੁਲਾਰੇ ਅਨੁਸਾਰ 4 ਜਨਵਰੀ ਨੂੰ ਬਿਸ਼ਨਪੁਰ ਇਲਾਕੇ ਵਿੱਚ ਮੈਤਈ ਫਿਰਕੇ ਦੇ ਚਾਰ ਵਿਅਕਤੀਆਂ ਨੂੰ ਮਾਰਨ ਲਈ ਸਨਾਈਪਰ ਗੰਨਾਂ ਦੀ ਵਰਤੋਂ ਕੀਤੀ ਗਈ ਸੀ। ਇਹ ਵਿਅਕਤੀ ਦੰਗਿਆਂ ਕਾਰਨ ਉੱਜੜੇ ਹੋਏ ਇੱਕ ਕੁਕੀ ਪਿੰਡ ਤੋਂ ਲੱਕੜ ਅਤੇ ਹੋਰ ਸਮਾਨ ਚੋਰੀ ਕਰਨ ਵਾਸਤੇ ਗਏ ਸਨ। 2008 ਵਿੱਚ ਕੇਂਦਰ, ਮਣੀਪੁਰ ਅਤੇ ਉਪਰੋਕਤ ਅੱਤਵਾਦੀ ਜਥੇਬੰਦੀਆਂ ਦਰਮਿਆਨ ਜੰਗਬੰਦੀ ਲਈ ਇੱਕ ਸਮਝੌਤਾ ਹੋਇਆ ਸੀ ਜਿਸ ਅਨੁਸਾਰ ਇਨ੍ਹਾਂ ਜਥੇਬੰਦੀਆਂ ਨੇ ਹਥਿਆਰ ਸੁੱਟ ਦਿੱਤੇ ਸਨ ਤੇ ਆਪਣੇ ਕੈਂਪਾਂ ਤੋਂ ਬਾਹਰ ਨਾ ਜਾਣਾ ਮੰਨਜ਼ੂਰ ਕਰ ਲਿਆ ਸੀ। ਇਨ੍ਹਾਂ ਕੈਂਪਾਂ ਜਾਂ ਖੁਲ੍ਹੀਆਂ ਜੇਲ੍ਹਾਂ ਦੀ ਨਿਗਰਾਨੀ ਅਸਾਮ ਰਾਈਫਲਜ਼ ਦੇ ਅਧੀਨ ਸੀ। ਪਰ 7 ਨਵੰਬਰ 2023 ਨੂੰ ਪੁਲਿਸ ਨੇ ਦੋ ਵਿਅਕਤੀਆਂ, ਲਹੁਨਖੋਸ਼ੀ ਚੌਂਗਲੋਈ ਅਤੇ ਸਾਤਗਿਨ ਹੈਂਗਸਿੰਗ ਨੂੰ ਦੋ ਮੈਤਈ ਲੜਕਿਆਂ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਕੁਕੀ ਰੈਵੋਲਿਊਸ਼ਨਰੀ ਆਰਮੀ ਦੇ ਮੈਂਬਰ ਹਨ ਜਿਸ ਨੇ ਇਸ ਸਮਝੌਤੇ ਅਧੀਨ ਹਥਿਆਰ ਸੁੱਟੇ ਸਨ। ਵੈਸੇ ਸੂਬਾ ਸਰਕਾਰ 10 ਮਾਰਚ 2023 ਨੂੰ ਇੱਕ ਤਰਫਾ ਤੌਰ ‘ਤੇ ਇਸ ਸਮਝੌਤੇ ਨੂੰ ਰੱਦ ਕਰ ਚੁੱਕੀ ਹੈ।

ਮਣੀਪੁਰ ਸਰਕਾਰ ਵੱਲੋਂ ਸ਼ਾਂਤੀ ਸਥਾਪਿਤ ਕਰਨ ਵਿੱਚ ਨਾਕਾਮ ਰਹਿਣ ਕਾਰਨ ਦੋਵਾਂ ਭਾਈਚਾਰਿਆਂ (ਮੈਤਈ ਅਤੇ ਕੁਕੀ) ਦਾ ਆਪਣੀ ਸੁਰੱਖਿਆ ਲਈ ਅੱਤਵਾਦੀ ਜਥੇਬੰਦੀਆਂ ਵੱਲ ਝੁਕਾਅ ਵੱਧਦਾ ਜਾ ਰਿਹਾ ਹੈ। ਮਿਸਾਲ ਦੇ ਤੌਰ ‘ਤੇ 24 ਜਨਵਰੀ ਨੂੰ ਮਣੀਪੁਰ ਦੀ ਸਭ ਤੋਂ ਪ੍ਰਭਾਵਸ਼ਾਲੀ ਮੈਤਈ ਹਥਿਆਰਬੰਦ ਜਥੇਬੰਦੀ ਅਰਾਬਾਈ ਟੈਂਗੋਲ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਮੈਤਈ ਵਿਧਾਇਕਾਂ (ਕੁੱਲ 37) ਦੀ ਇੱਕ ਮੀਟਿੰਗ ਬੁਲਾਈ ਸੀ ਜਿਸ ਵਿੱਚ ਸਿਰਫ ਮੁੱਖ ਮੰਤਰੀ ਨੂੰ ਛੱਡ ਕੇ ਬਾਕੀ ਸਾਰੇ 36 ਮੈਤਈ ਵਿਧਾਇਕਾਂ ਨੇ ਭਾਗ ਲਿਆ ਸੀ। ਮੀਟਿੰਗ ਤੋਂ ਬਾਅਦ ਜਥੇਬੰਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਵਿਧਾਇਕਾਂ ਨੇ ਸਰਵ ਸੰਮਤੀ ਨਾਲ ਉਨ੍ਹਾਂ ਦੇ ਮੰਗ ਪੱਤਰ ‘ਤੇ ਦਸਤਖਤ ਕਰ ਦਿੱਤੇ ਹਨ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਬਰਮੀ ਰਫਿਊਜੀਆਂ ਨੂੰ ਮਣੀਪੁਰ ਤੋਂ ਬਾਹਰ ਕੱਢਣਾ, ਬਰਮਾ ਦੀ ਹੱਦ ‘ਤੇ ਤਾਰ ਲਗਾਉਣੀ, ਅਸਾਮ ਰਾਈਫਲਜ਼ (ਅਰਧ ਸੈਨਿਕ ਬਲ) ਦੀ ਥਾਂ ‘ਤੇ ਕਿਸੇ ਹੋਰ ਫੋਰਸ ਨੂੰ ਤਾਇਨਾਤ ਕਰਨਾ ਅਤੇ ਬਰਮਾ ਤੋਂ ਆਏ ਕੁਕੀ ਰਫਿਊਜ਼ੀਆਂ ਨੂੰ ਅਣਸੂਚਿਤ ਕਬੀਲਆਂ ਦੀ ਲਿਸਟ ਵਿੱਚੋਂ ਬਾਹਰ ਕਰਨਾ ਆਦਿ ਸ਼ਾਮਲ ਹਨ। ਅਰਾਬਾਈ ਟੈਂਗੋਲ ਜਥੇਬੰਦੀ ਐਨੀ ਤਾਕਤਵਰ ਹੈ ਕਿ ਪੁਲਿਸ ਦੀ ਬਜਾਏ ਇਸ ਦੇ ਹਥਿਆਰਬੰਦ ਵਲੰਟੀਅਰ ਮੈਤਈ ਪਿੰਡਾਂ ਦੀ ਰਖਵਾਲੀ ਕਰਦੇ ਹਨ। ਸੁਰੱਖਿਆ ਦਸਤੇ ਵੀ ਫਿਰਕੂ ਨਫਰਤ ਦੀ ਲਪੇਟ ਵਿੱਚ ਆ ਗਏ ਹਨ। ਕੁਕੀ ਅੱਤਵਾਦੀ ਮਣੀਪੁਰ ਪੁਲਿਸ ਕਮਾਂਡੋਜ਼ ‘ਤੇ ਮੈਤਈ ਪੱਖੀ ਹੋਣ ਦਾ ਇਲਜ਼ਾਮ ਲਗਾ ਕੇ ਹਮਲੇ ਕਰ ਰਹੇ ਹਨ ਤੇ ਮੈਤਈ ਅਸਾਮ ਰਾਈਫਲਜ਼ ‘ਤੇ ਕੁਕੀ ਪੱਖੀ ਹੋਣ ਦਾ ਇਲਜ਼ਾਮ ਲਗਾ ਕੇ।

ਸਥਿਤੀ ਐਨੀ ਭਿਆਨਕ ਹੋ ਗਈ ਹੈ ਕਿ 17 ਜਨਵਰੀ ਨੂੰ ਮਣੀਪੁਰ ਸਰਕਾਰ ਨੇ ਕੇਂਦਰੀ ਗ੍ਰਹਿ ਵਿਭਾਗ ਕੋਲੋਂ ਹੈਲੀਕਾਪਟਰਾਂ ਦੀ ਮੰਗ ਕੀਤੀ ਸੀ ਤਾਂ ਜੋ ਕੁਕੀ ਬਹੁਲ ਮੋਰੇਹ ਸ਼ਹਿਰ ਵਿਖੇ ਅੱਤਵਾਦੀਆਂ ਦੇ ਘੇਰੇ ਵਿੱਚ ਫਸੇ ਪੁਲਿਸ ਕਮਾਂਡੋਜ਼ ਨੂੰ ਬਾਹਰ ਕੱਢਿਆ ਜਾ ਸਕੇ। ਇਸ ਗੜਬੜ ਨੇ ਅੱਤਵਾਦ ਦੇ ਨਾਲ ਨਾਲ ਨਸ਼ਿਆਂ ਦੀ ਤਸਕਰੀ ਨੂੰ ਵੀ ਰੱਜ ਕੇ ਉਤਸ਼ਾਹ ਦਿੱਤਾ ਹੈ। ਦਸੰਬਰ ਮਹੀਨੇ ਵਿੱਚ ਪੁਲਿਸ ਨੇ 250 ਏਕੜ ਦੇ ਕਰੀਬ ਅਫੀਮ ਦੀ ਖੇਤੀ ਨੂੰ ਨਸ਼ਟ ਕੀਤਾ ਹੈ ਤੇ 15 ਜਨਵਰੀ ਨੂੰ ਪੰਜ ਪੁਲਿਸ ਵਾਲੇ ਸਰਕਾਰੀ ਗੱਡੀ ਵਿੱਚ ਬਰਮਾ ਤੋਂ ਨਸ਼ਿਆਂ ਦੀ ਖੇਪ ਲਿਆਉਂਦੇ ਪਕੜੇ ਗਏ ਹਨ। ਅੱਜ ਹਾਲਾਤ ਅੱਠ ਮਹੀਨੇ ਪਹਿਲਾਂ ਨਾਲੋਂ ਬਹੁਤ ਜਿਆਦਾ ਉਲਝ ਗਏ ਹਨ। ਹਾਲਾਤ ਨੂੰ ਕਾਬੂ ਹੇਠ ਕਰਨ ਲਈ ਕੇਂਦਰ ਸਰਕਾਰ ਨੂੰ ਪਹਿਲਾਂ ਨਾਲੋਂ ਕਈ ਗੁਣਾ ਵੱਧ ਯਤਨ ਕਰਨੇ ਪੈਣੇ ਹਨ। ਇਸ ਕੰਮ ਲਈ ਸੂਬਾ ਸਰਕਾਰ ‘ਤੇ ਕੋਈ ਖਾਸ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਉਹ ਪੂਰੀ ਤਰਾਂ ਇੱਕ ਪਾਸੜ, ਅਸਮਰਥ ਅਤੇ ਵਿਕਲਾਂਗ ਹੋਈ ਪਈ ਹੈ।

ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ 9501100062

ਕੀ ਮਿਰਜ਼ੇ ਦੀ ਮੌਤ ਲਈ ਸਾਹਿਬਾਂ ਜ਼ਿੰਮੇਵਾਰ ਸੀ ਜਾਂ ਉਸ ਦਾ ਹੰਕਾਰ ?

ਪੰਜਾਬ ਦੇ ਸਾਰੇ ਛੋਟੇ ਵੱਡੇ ਗਵੱਈਆਂ ਨੇ ਸਾਹਿਬਾਂ ਨੂੰ ਪਾਣੀ ਪੀ ਪੀ ਕੇ ਕੋਸਿਆ ਹੈ। ਸਾਹਿਬਾਂ ਨਾਲ ਪੰਜਾਬ ਦੀਆਂ ਲੋਕ ਕਥਾਵਾਂ ਦੇ ਕਿਸੇ ਵੀ ਕਿਰਦਾਰ ਨਾਲੋਂ ਵੱਧ ਬੇਇਨਸਾਫੀ ਹੋਈ ਹੈ। ਉਸ ਨੂੰ ਧੋਖੇਬਾਜ਼, ਯਾਰ ਮਾਰ ਤੇ ਪਤਾ ਨਹੀਂ ਕੀ ਕੀ ਕਹਿ ਕੇ ਬਦਨਾਮ ਕੀਤਾ ਗਿਆ ਹੈ। ਸਾਹਿਬਾਂ ਨੂੰ ਭੰਡਣ ਵਾਲਿਆਂ ਨੂੰ ਇਸ ਗੱਲ ‘ਤੇ ਜਰੂਰ ਗੌਰ ਕਰਨਾ ਚਾਹੀਦਾ ਹੈ ਕਿ ਜੇ ਕੋਈ ਪੇ੍ਰਮੀ, ਪ੍ਰੇਮਿਕਾ ਨੂੰ ਵਿਆਹ ਵਾਲੇ ਦਿਨ ਉਧਾਲ ਕੇ ਲੈ ਜਾਵੇ ਤੇ ਫਿਰ ਰਸਤੇ ਵਿੱਚ ਘਾਤ ਲਾ ਕੇ ਉਸ ਦੇ ਭਰਾਵਾਂ ਨੂੰ ਕਤਲ ਕਰਨ ਦੀਆਂ ਤਰਕੀਬਾਂ ਵੀ ਬਣਾਵੇ ਤਾਂ ਉਸ ਹਾਲਤ ਵਿੱਚ ਲੜਕੀ ਨੂੰ ਕੀ ਕਰਨਾ ਚਾਹੀਦਾ ਹੈ? ਕੀ ਉਸ ਨੂੰ ਆਪਣੇ ਬੇਕਸੂਰ ਭਰਾਵਾਂ ਨੂੰ ਮਰਵਾ ਦੇਣਾ ਚਾਹੀਦਾ ਹੈ ?

ਮਿਰਜ਼ਾ ਸਾਹਿਬਾਂ ਦੀ ਕਹਾਣੀ ਬਾਰੇ ਵੈਸੇ ਤਾਂ ਸਾਰੇ ਜਾਣਦੇ ਹੀ ਹਨ, ਪਰ ਫਿਰ ਵੀ ਮੋਟਾ ਮੋਟਾ ਇਸ ਤਰਾਂ ਹੈ। ਮਿਰਜ਼ਾ ਸਾਹਿਬਾਂ ਦੀ ਇਸ਼ਕ ਕਹਾਣੀ 17ਵੀਂ ਸਦੀ (ਮੁਗਲ ਕਾਲ) ਵਿੱਚ ਵਾਪਰੀ ਸੀ। ਸਾਹਿਬਾਂ ਖੀਵੇ ਪਿੰਡ ਦੇ ਚੌਧਰੀ ਮਾਹਣੀ ਖਾਨ ਸਿਆਲ ਦੀ ਧੀ ਸੀ ਜੋ ਹੁਣ ਪਾਕਿਸਤਾਨੀ ਪੰਜਾਬ ਦੇ ਝੰਗ ਜਿਲ੍ਹੇ ਵਿੱਚ ਪੈਂਦਾ ਹੈ। ਮਿਰਜ਼ਾ ਗੰਜੀ ਬਾਰ ਦੇ ਪਿੰਡ ਦਾਨਾਬਾਦ (ਜਿਲ੍ਹਾ ਫੈਸਲਾਬਾਦ) ਦੇ ਚੌਧਰੀ ਵੰਜਲ ਖਾਨ ਖਰਲ ਦਾ ਪੁੱਤਰ ਸੀ। ਦੋਵਾਂ ਪਿੰਡਾਂ ਵਿੱਚ ਫਾਸਲਾ ਕਰੀਬ 80-90 ਕਿ.ਮੀ. ਦੇ ਕਰੀਬ ਤੇ ਸਾਹਿਬਾਂ ਮਿਰਜ਼ੇ ਦੇ ਸਕੇ ਮਾਮੇ ਦੀ ਧੀ ਸੀ। ਮਿਰਜ਼ੇ ਨੂੰ ਪੜ੍ਹਨ ਲਈ ਮਾਸੀ ਬੀਬੋ ਕੋਲ ਨਾਨਕੇ ਭੇਜਿਆ ਗਿਆ ਜਿੱਥੇ ਉਸ ਦਾ ਸਾਹਿਬਾਂ ਨਾਲ ਪਿਆਰ ਪੈ ਗਿਆ। ਵੰਜਲ ਖਾਨ ਨੇ ਵੀ ਮਿਰਜ਼ੇ ਦੀ ਮਾਂ ਨਾਲ ਘਰੋਂ ਭਜਾ ਕੇ ਵਿਆਹ ਕਰਵਾਇਆ ਸੀ। ਇਸ ਖੁੰਦਕ ਕਾਰਨ ਮਾਹਣੀ ਖਾਨ ਨੇ ਮਿਰਜ਼ੇ ਦੀ ਬਜਾਏ ਸਾਹਿਬਾਂ ਦਾ ਰਿਸ਼ਤਾ ਚੰਧੜ੍ਹ ਗੋਤਰ ਦੇ ਜੱਟ ਤਾਹਿਰ ਖਾਨ ਨਾਲ ਪੱਕਾ ਕਰ ਦਿੱਤਾ। ਪਤਾ ਲੱਗਣ ਮਿਰਜ਼ਾ ‘ਤੇ ਵਿਆਹ ਤੋਂ ਪਹਿਲੀ ਰਾਤ ਸਾਹਿਬਾਂ ਨੂੰ ਕੱਢ ਕੇ ਲੈ ਗਿਆ ਪਰ ਰਸਤੇ ਵਿੱਚ ਅਰਾਮ ਕਰਨ ਲਈ ਸੌਂ ਗਿਆ। ਸਾਹਿਬਾਂ ਨੇ ਘਰ ਪਹੁੰਚਣ ਲਈ ਬਹੁਤ ਵਾਸਤੇ ਪਾਏ ਪਰ ਮਿਰਜ਼ਾ ਨਾ ਮੰਨਿਆ। ਸਾਹਿਬਾਂ ਦੇ ਸਮਝਾਉਣ ਦੇ ਬਾਵਜੂਦ ਸ਼ੇਖੀਆਂ ਮਾਰਨ ਲੱਗਾ,

“ਕੋਈ ਨਹੀਂ ਦੀਹਦਾ ਸੂਰਮਾ, ਜੋ ਮੈਨੂੰ ਹੱਥ ਕਰੇ।
ਮੈਂ ਕਟਕ ਭਿੜਾਂ ਦਿਆਂ ਟੱਕਰੀਂ, ਮੈਥੋਂ ਮੌਤ ਡਰੇ।
ਵਲ ਵਲ ਵੱਢ ਦਿਆਂ ਸੂਰਮੇ, ਜਿਉਂ ਖੇਤੀਂ ਪੈਣ ਗੜੇ।
ਮੈਂ ਵੱਢ ਕੇ ਸਿਰ ਸਿਆਲਾਂ ਦੇ, ਸੁਟੂੰ ਵਿੱਚ ਰੜੇ।

ਹੀਰ ਚਾਹੇ ਮਿਰਜ਼ੇ ਨਾਲ ਪਿਆਰ ਕਰਦੀ ਸੀ ਪਰ ਉਸ ਦਾ ਆਪਣੇ ਭਰਾਵਾਂ ਨਾਲ ਕੋਈ ਅਜਿਹਾ ਵੈਰ ਵਿਰੋਧ ਨਹੀਂ ਸੀ ਕਿ ਉਨ੍ਹਾਂ ਦਾ ਕਤਲ ਕਰਵਾ ਦਿੰਦੀ। ਭਰਾਵਾਂ ਦੇ ਪਿਆਰ ਅੱਗੇ ਮਿਰਜ਼ੇ ਦਾ ਪਿਆਰ ਹਾਰ ਗਿਆ ਤੇ ਉਸ ਨੇ ਮਿਰਜ਼ੇ ਦੇ ਤੀਰ ਤੋੜ ਦਿੱਤੇ। ਚੰਧੜਾਂ ਅਤੇ ਸਿਆਲਾਂ ਦੀ ਧਾੜ ਨੇ ਦੋਵਾਂ ਨੂੰ ਘੇਰ ਕੇ ਕਤਲ ਕਰ ਦਿੱਤਾ।

ਕਿੱਸਾਕਾਰ ਪੀਲੂ ਨੇ ਮਿਰਜ਼ੇ ਦਾ ਕਿਰਦਾਰ ਬਹੁਤ ਬਹਾਦਰ ਤੇ ਸ਼ਕਤੀਸ਼ਾਲੀ ਚਿਤਰਿਆ ਹੈ। ਉਸ ਦੀ ਮੌਤ ਦਾ ਕਾਰਨ ਸਾਹਿਬਾਂ ਵੱਲੋਂ ਤੀਰ ਤੋੜਨਾ ਦੱਸਿਆ ਹੈ। ਪਰ ਅਸਲ ਵਿੱਚ ਅਜਿਹੀ ਗੱਲ ਨਹੀਂ ਲੱਗਦੀ। ਮਿਰਜ਼ੇ ਦੀ ਕਹਾਣੀ ਨੂੰ ਜੇ ਸੱਚ ਦੀ ਕਸਵੱਟੀ ‘ਤੇ ਕੱਸਿਆ ਜਾਵੇ ਤਾਂ ਉਸ ਦੀ ਮੌਤ ਦੇ ਕਈ ਕਾਰਨ ਸਨ। ਸਭ ਤੋਂ ਵੱਡਾ ਕਾਰਨ ਹੈ ਉਸ ਦਾ ਅੱਤ ਦਾ ਹੰਕਾਰੀ ਹੋਣਾ ਤੇ ਘੋੜੀ ਬੱਕੀ ਉੱਪਰ ਲੋੜ ਤੋਂ ਵੱਧ ਵਿਸ਼ਵਾਸ ਕਰਨਾ ਸੀ।

“ਬਹਿ ਨਾਲ ਯਕੀਨ ਦੇ, ਮੇਰੀ ਬੱਕੀ ਨਾ ਨਿੰਦ ਕੇ ਜਾ,
ਨੀ ਇਹ ਪਾਣੀ ਪੀਂਦੀ ਅੰਬਰੋਂ, ਅਰਸ਼ਾਂ ਤੋਂ ਚੁਗਦੀ ਘਾਹ”

ਮਿਰਜ਼ੇ ਨੇ ਦਾਨਾਬਾਦ ਪਹੁੰਚਣ ਦੀ ਕਾਹਲੀ ਵਿੱਚ ਬੱਕੀ ‘ਤੇ ਜਰੂਰਤ ਤੋਂ ਜਿਆਦਾ ਦਬਾਅ ਪਾ ਦਿੱਤਾ ਸੀ। ਉਹ ਦਿਨ ਢਲੇ ਖੀਵੇ ਪਹੁੰਚਿਆ ਸੀ ਤੇ ਅਗਲੇ ਦਿਨ ਤੜ੍ਹਕੇ ਹੀ ਬੱਕੀ ਨੂੰ ਅਰਾਮ ਦਿੱਤੇ ਬਗੈਰ ਵਾਪਸ ਚੱਲ ਪਿਆ। ਦੋ ਸਵਾਰਾਂ ਦਾ ਭਾਰ ਲੈ ਕੇ 80 ਕਿ.ਮੀ. ਸਫਰ ਨਿਰੰਤਰ ਤੇਜੀ ਨਾਲ ਤਹਿ ਕਰਨਾ ਚੰਗੀ ਤੋਂ ਚੰਗੀ ਨਸਲ ਦੇ ਘੋੜੇ ਵਾਸਤੇ ਵੀ ਸੰਭਵ ਨਹੀਂ ਹੈ। ਵਿਸ਼ਵ ਦੀਆਂ ਸਭ ਤੋਂ ਵਧੀਆ ਨਸਲਾਂ ਦੇ ਘੋੜਿਆਂ (ਅਰਬੀ ਤੇ ਥੈਰੋਬਰੈਡ) ਦੀ ਰਫਤਾਰ ਵੀ ਵੱਧ ਤੋਂ ਵੱਧ 50 – 55 ਕਿ.ਮੀ. ਪ੍ਰਤੀ ਘੰਟਾ ਹੁੰਦੀ ਹੈ। ਪਰ ਕੋਈ ਵੀ ਘੋੜਾ ਪੂਰੀ ਰਫਤਾਰ ਨਾਲ 3 – 4 ਕਿ.ਮੀ. ਤੋਂ ਵੱਧ ਫਾਸਲਾ ਤੈਅ ਨਹੀਂ ਕਰ ਸਕਦਾ। ਘੋੜੇ ਦੀ ਦੁੜਕੀ ਚਾਲ 15-20 ਕਿ.ਮੀ. ਪ੍ਰਤੀ ਘੰਟਾ ਹੁੰਦੀ ਹੈ। ਇਸ ਲਈ ਬੱਕੀ ਚਾਹੇ ਕਿੰਨੀ ਵੀ ਤਕੜੀ ਸੀ, ਦੋ ਸਵਾਰਾਂ ਦੇ ਭਾਰ ਕਾਰਨ ਤੁਰ ਕੇ ਜਾਂ ਦੁੜਕੀ ਚਾਲ ਹੀ ਆਈ ਹੋਵੇਗੀ। ਇਸ ਲਈ ਲੱਗਦਾ ਹੈ ਕਿ ਦਾਨਾਬਾਦ ਪਹੁੰਚਣ ‘ਤੇ ਉਨ੍ਹਾਂ ਨੂੰ 5-6 ਘੰਟੇ ਲੱਗੇ ਹੋਣਗੇ ਤੇ ਸਿਆਲਾਂ ਦੇ ਤਾਜ਼ਾ ਦਮ ਘੋੜਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੋਵੇਗਾ।

ਦੂਜੀ ਗੱਲ ਰਹੀ ਮਿਰਜ਼ੇ ਦੇ ਸੌਣ ਦੀ। ਜਿਸ ਜਗ੍ਹਾ ‘ਤੇ ਮਿਰਜ਼ਾ ਸਾਹਿਬਾਂ ਕਤਲ ਹੋਏ ਸਨ, ਉਹ ਦਾਨਾਬਾਦ ਤੋਂ ਸਿਰਫ 2-3 ਕਿ.ਮੀ. ਦੂਰ ਖੇਤਾਂ ਵਿੱਚ ਹੈ। ਜਿਸ ਬੰਦੇ ਪਿੱਛੇ ਵਾਹਰ ਲੱਗੀ ਹੋਵੇ, ਉਸ ਨੂੰ ਕਦੇ ਵੀ ਨੀਂਦ ਨਹੀਂ ਆ ਸਕਦੀ। ਅਸਲ ਵਿੱਚ ਮਿਰਜ਼ੇ ਦਾ ਇਰਾਦਾ ਸ਼ੁਰੂ ਤੋਂ ਹੀ ਸਾਹਿਬਾਂ ਦੇ ਭਰਾ ਸ਼ਮੀਰ ਅਤੇ ਮੰਗੇਤਰ ਤਾਹਿਰ ਖਾਨ ਚੰਧੜ ਨੂੰ ਕਤਲ ਕਰਨ ਦਾ ਸੀ, ਕਿਉਂਕਿ ਉਸ ਦੀ ਬਚਪਨ ਤੋਂ ਹੀ ਸ਼ਮੀਰ ਖਾਨ ਨਾਲ ਨਹੀਂ ਸੀ ਬਣਦੀ। ਸਾਹਿਬਾਂ ਨੇ ਸੋਚਿਆ ਹੋਵੇਗਾ ਕਿ ਮੇਰੀ ਕਰਤੂਤ ਕਾਰਨ ਪਰਿਵਾਰ ਦੀ ਪਹਿਲਾਂ ਹੀ ਬਹੁਤ ਬਦਨਾਮੀ ਹੋ ਗਈ ਹੈ। ਜੇ ਹੁਣ ਭਰਾ ਵੀ ਮਾਰੇ ਗਏ ਤਾਂ ਮਾਪਿਆਂ ਨੇ ਜਿਊਂਦੇ ਜੀ ਮਰ ਜਾਣਾ ਹੈ। ਪੰਜਾਬ ਦੀ ਕੋਈ ਲੜਕੀ ਆਪਣੇ ਹੱਥੀਂ ਭਰਾ ਮਰਵਾ ਕੇ ਪਤੀ ਨਾਲ ਸੁੱਖ ਨਹੀਂ ਭੋਗ ਸਕਦੀ। ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਮਿਰਜ਼ੇ ਨੂੰ ਮਾਰਨ ਤੋਂ ਬਾਅਦ ਭਰਾਵਾਂ ਨੇ ਉਸ ਨੂੰ ਵੀ ਨਹੀਂ ਬਖਸ਼ਣਾ। ਪਰ ਭਰਾਵਾਂ ਦੀ ਜ਼ਿੰਦਗੀ ਉਸ ਨੂੰ ਆਪਣੀ ਜਾਨ ਨਾਲੋਂ ਵੱਧ ਪਿਆਰੀ ਲੱਗੀ। ਮਿਰਜ਼ੇ ਨੇ ਸੋਚਿਆ ਹੋਵੇਗਾ ਕਿ ਮੈਨੂੰ ਪਿੰਡ ਲਾਗੇ ਪਹੁੰਚਿਆ ਵੇਖ ਕੇ ਸ਼ਾਇਦ ਭਰਾ ਤੇ ਹੋਰ ਸ਼ਰੀਕਾ ਬਰਾਦਰੀ ਮਦਦ ਵਾਸਤੇ ਆ ਜਾਣਗੇ। ਇਸ ਕਾਰਨ ਉਹ ਜਾਣ ਬੁੱਝ ਕੇ ਰੁਕ ਗਿਆ ਤੇ ਉਸ ਦੀ ਇਹ ਗਲਤੀ ਦੋਵਾਂ ਦੀ ਮੌਤ ਦਾ ਕਾਰਨ ਬਣ ਗਈ।

ਪੀਲੂ ਅਨੁਸਾਰ ਮਿਰਜ਼ਾ ਇਸ ਲਈ ਮਾਰਿਆ ਗਿਆ ਕਿਉਂਕਿ ਸਾਹਿਬਾਂ ਨੇ ਉਸ ਦੇ ਤੀਰ ਤੋੜ ਦਿੱਤੇ ਸਨ। ਪਰ ਜੇ ਸਾਹਿਬਾਂ ਤੀਰ ਨਾ ਤੋੜਦੀ ਤਾਂ ਵੀ ਉਸ ਕੋਲੋਂ ਕੁਝ ਨਹੀਂ ਸੀ ਸਰਨਾ। ਪੀਲੂ ਲਿਖਦਾ ਹੈ, “300 ਕਾਨੀ ਮਿਰਜ਼ੇ ਜੱਟ ਦੀ, ਨੀ ਮੈਂ ਦਿੰਦਾ ਸਿਆਲੀਂ ਵੰਡ।” ਪਰ ਅਸਲੀਅਤ ਵਿੱਚ ਇਹ ਗੱਲ ਸੰਭਵ ਨਹੀਂ ਹੈ। ਇੱਕ ਸਧਾਰਨ ਭੱਥੇ ਵਿੱਚ 300 ਤੀਰ ਆ ਹੀ ਨਹੀਂ ਸਕਦੇ, ਬੋਰੀ ਵਿੱਚ ਪਾਉਣੇ ਪੈਣਗੇ। ਪੁਰਾਤਨ ਜੰਗਾਂ ਯੁੱਧਾਂ ਵੇਲੇ ਇੱਕ ਸੈਨਿਕ ਕੋਲ ਸਿਰਫ 15-20 ਤੀਰ ਹੁੰਦੇ ਸਨ। ਮਿਰਜ਼ੇ ਕੋਲ ਵੀ 20 ਤੋਂ ਵੱਧ ਤੀਰ ਨਹੀਂ ਹੋ ਸਕਦੇ। ਅੱਜ ਕਲ੍ਹ ਖੇਡਾਂ ਅਤੇ ਸ਼ਿਕਾਰ ਵਾਸਤੇ ਵਰਤੇ ਜਾਣ ਵਾਲੇ ਆਧੁਨਿਕ ਤਕਨੀਤ ਦੇ ਤੀਰ ਕਮਾਨ ਦੀ ਕਾਰਗਰ ਮਾਰ 30-40 ਗਜ਼ ਤੋਂ ਵੱਧ ਨਹੀਂ ਹੈ। ਮਾਹਰ ਤੋਂ ਮਾਹਰ ਤੀਰਅੰਦਾਜ਼ ਵੀ ਨਿਸ਼ਾਨਾ ਬੰਨ੍ਹ ਕੇ ਇੱਕ ਮਿੰਟ ਵਿੱਚ ਸਿਰਫ 9-10 ਤੀਰ ਹੀ ਚਲਾ ਸਕਦਾ ਹੈ ਤੇ ਇਹ ਜਰੂਰੀ ਨਹੀਂ ਕਿ ਹਰ ਤੀਰ ਨਾਲ ਦੁਸ਼ਮਣ ਮਰ ਹੀ ਜਾਵੇ। ਜਦੋਂ ਮਿਰਜ਼ਾ ਦਿਖ ਗਿਆ ਹੋਵੇਗਾ ਤਾਂ ਸਿਆਲ ਗੁੱਸੇ ਵਿੱਚ ਆ ਕੇ ਪੂਰੀ ਰਫਤਾਰ ਨਾਲ ਘੋੜੇ ਭਜਾ ਕੇ ਉਸ ਨੂੰ ਪਏ ਹੋਣਗੇ। ਚੰਗਾ ਘੋੜਾ ਪੂਰੀ ਰਫਤਾਰ ਨਾਲ 40 – 50 ਗਜ਼ ਦੀ ਦੂਰੀ ਸਿਰਫ 5-6 ਸੈਕੰਡ ਵਿੱਚ ਪੂਰੀ ਕਰ ਲੈਂਦਾ ਹੈ। ਮਤਲਬ ਮਿਰਜ਼ੇ ਕੋਲ ਸਿਰਫ ਦੋ – ਚਾਰ ਤੀਰ ਚਲਾਉਣ ਦਾ ਵਕਤ ਹੀ ਬਚਦਾ ਸੀ। ਵੈਸੇ ਉਸ ਕੋਲ ਕਿਰਪਾਨ ਵੀ ਸੀ, ਪਰ ਉਹ ਐਨਾ ਨਿਕੰਮਾਂ ਸਾਬਤ ਹੋਇਆ ਕਿ ਹੱਥੋ ਹੱਥ ਲੜਾਈ ਵਿੱਚ ਇੱਕ ਵੀ ਦੁਸ਼ਮਣ ਨੂੰ ਨਹੀਂ ਮਾਰ ਸਕਿਆ। ਪੀਲੂ ਨੇ ਵੀ ਮਿਰਜ਼ੇ ਦੇ ਹੰਕਾਰੀ ਹੋਣ ਬਾਰੇ ਲਿਖਿਆ ਹੈ,

“ਮਿਰਜ਼ਾ ਮਾਰਿਆ ਮਲਕੁੱਲ ਮੌਤ ਨੇ, ਕੁਝ ਮਾਰਿਆ ਖੁਦੀ ਗੁਮਾਨ,
ਵਿੱਚ ਕਬਰਾਂ ਦੇ ਖਪ ਗਿਆ ਮਿਰਜ਼ਾ ਸੋਹਣਾ ਜਵਾਨ”।

ਚੜ੍ਹਦੇ ਪੰਜਾਬ ਵਿੱਚ ਭਾਵੇਂ ਗਵੱਈਆਂ ਨੇ ਮਿਰਜ਼ਾ ਗਾ ਕੇ ਲੱਖਾਂ ਕਰੋੜਾਂ ਰੁਪਈਆ ਕਮਾਇਆ ਹੈ, ਪਰ ਜੱਦੀ ਇਲਾਕੇ ਵਿੱਚ ਉਸ ਦੀ ਕੋਈ ਜਿਆਦਾ ਇੱਜ਼ਤ ਨਹੀਂ ਲੱਗਦੀ। ਸ਼ਾਇਦ ਲੋਕਾਂ ਨੇ ਉਸ ਦੇ ਸਾਹਿਬਾਂ ਵਾਲੇ ਕੰਮ ਨੂੰ ਬਹੁਤਾ ਪਸੰਦ ਨਹੀਂ ਕੀਤਾ। ਸਾਬਕਾ ਮੰਤਰੀ ਸ.ਹਰਨੇਕ ਸਿੰਘ ਘੜੂੰਆਂ ਨੇ 1997 ਵਿੱਚ ਮਿਰਜ਼ਾ ਸਾਹਿਬਾਂ ਦੀਆਂ ਕਬਰਾਂ ਦਾ ਦੌਰਾ ਕੀਤਾ ਸੀ। ਉਦੋਂ ਤੱਕ ਕਬਰਾਂ ‘ਤੇ ਕੋਈ ਕਮਰਾ ਜਾਂ ਯਾਦਗਾਰ ਆਦਿ ਨਹੀਂ ਸੀ ਬਣੀ ਹੋਈ, ਬਲਕਿ ਪਿੱਲੀਆਂ ਇੱਟਾਂ ਦੀਆਂ ਸਧਾਰਨ ਜਿਹੀਆਂ ਕਬਰਾਂ ਖੁਲ੍ਹੇ ਅਸਮਾਨ ਹੇਠ ਅਣਗੌਲੀਆਂ ਪਈਆਂ ਸਨ। ਮਿਰਜ਼ੇ ਦੇ ਵੰਸ਼ਜ ਹੁਣ ਦਾਨਾਬਾਦ ਦੀ ਬਜਾਏ 3-4 ਕਿ. ਮੀ. ਦੂਰ ਪਿੰਡ ਸ਼ਾਹੀਕੇ ਵੱਸਦੇ ਹਨ। ਮਿਰਜ਼ੇ ਦੀ ਕਬਰ ‘ਤੇ ਦਸ ਚੇਤਰ ਨੂੰ ਮੇਲਾ ਲੱਗਦਾ ਹੈ, ਹੋ ਸਕਦਾ ਹੈ ਇਸ ਦਿਨ ਮਿਰਜ਼ਾ ਸਾਹਿਬਾਂ ਦਾ ਕਤਲ ਹੋਇਆ ਹੋਵੇ। ਮਿਰਜ਼ੇ ਨੂੰ ਆਪਣੇ ਪਿੰਡ ਦੀ ਮਿੱਟੀ ਵੀ ਨਸੀਬ ਨਹੀਂ ਹੋਈ ਕਿਉਂਕਿ ਉਸ ਨੂੰ ਤੇ ਸਾਹਿਬਾਂ ਨੂੰ ਮਰਨ ਵਾਲੀ ਜਗ੍ਹਾ ‘ਤੇ ਹੀ ਦਫਨਾ ਦਿੱਤਾ ਗਿਆ ਸੀ। ਪਾਕਿਸਤਾਨ ਦੇ ਪ੍ਰਸਿੱਧ ਲਿਖਾਰੀ ਤਾਰਿਕ ਅਮੀਰ ਨੇ 2014 ਵਿੱਚ ਕਬਰਾਂ ਦਾ ਦੌਰਾ ਕੀਤਾ ਸੀ। ਉਸ ਨੇ ਲਿਖਿਆ ਹੈ ਕਿ ਤਿੰਨ ਸਾਲ ਪਹਿਲਾਂ ਕਬਰਾਂ ਉੱਪਰ ਇੱਕ ਨਵਾਂ ਅਤੇ ਸਧਾਰਨ ਜਿਹਾ ਕਮਰਾ ਬਣਾ ਦਿੱਤਾ ਗਿਆ ਹੈ। ਜੇ ਪਰਿਵਾਰ ਅਤੇ ਸ਼ਰੀਕੇ ਕਬੀਲੇ ਵਾਲੇ ਮਿਰਜ਼ੇ ਦੇ ਕਾਰਨਾਮੇ ਦੀ ਪ੍ਰੋੜਤਾ ਕਰਦੇ ਹੁੰਦੇ ਤਾਂ ਦੋਵਾਂ ਦੀਆਂ ਲਾਸ਼ਾਂ ਨੂੰ ਦਾਨਾਬਾਦ ਲਿਜਾ ਕੇ ਪੂਰੇ ਮਾਨ – ਸਨਮਾਨ ਨਾਲ ਸਪੁਰਦੇ – ਖਾਕ ਕਰਦੇ ਤੇ ਸ਼ਾਨਦਾਰ ਮਕਬਰਾ ਤਾਮੀਰ ਕਰਾਉਂਦੇ।

ਬਲਰਾਜ ਸਿੰਘ ਸਿੱਧੂ ਏ ਆਈ ਜੀ (ਰਿਟਾ)
ਪੰਡੋਰੀ ਸਿੱਧਵਾਂ 9501100062

ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿੱਚ ਵੀ ਕਰ ਦਿੱਤੀ ਫਿਰੌਤੀਆਂ ਦੀ ਉਗਰਾਹੀ ਸ਼ੁਰੂ

ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆਂ ਦੀ ਤਸਕਰੀ ਅਤੇ ਆਪਸੀ ਕਤਲੋਗਾਰਤ ਕਾਰਨ ਸਾਰੇ ਕੈਨੇਡਾ ਵਿੱਚ ਬਦਨਾਮ ਹਨ। ਇਨ੍ਹਾਂ ਦੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇੰਗਲਿਸ਼ ਮੀਡੀਆ ਇੰਡੋ ਕੈਨੇਡੀਅਨ ਗੈਂਗ ਦੱਸ ਕੇ ਪ੍ਰਮੁੱਖਤਾ ਨਾਲ ਇਨ੍ਹਾਂ ਬਾਰੇ ਨੈਗੇਟਿਵ ਖਬਰਾਂ ਲਗਾਉਂਦਾ ਹੈ। ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਖਮਿਆਜ਼ਾ ਅਮਰੀਕਾ ਕੈਨੇਡਾ ਬਾਰਡਰ ‘ਤੇ ਸ਼ਰੀਫ ਪੰਜਾਬੀ ਟਰੱਕ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ। ਬਾਰਡਰ ਪੁਲਿਸ ਵੱਲੋਂ ਖੋਜੀ ਕੁੱਤਿਆਂ ਅਤੇ ਸਪੈਸ਼ਲ ਸਕੈਨਰਾਂ ਦੁਆਰਾ ਚੈੱਕਿੰਗ ਕਰ ਕੇ ਕਈ ਕਈ ਘੰਟੇ ਖੱਜਲ ਖੁਆਰ ਕੀਤਾ ਜਾਂਦਾ ਹੈ। ਨਸ਼ਿਆਂ ਦੇ ਵਪਾਰ ਤੋਂ ਇਲਾਵਾ ਹੁਣ ਤਿੰਨ ਚਾਰ ਮਹੀਨਿਆਂ ਤੋਂ ਗੈਂਗਸਟਰਾਂ ਨੇ ਫਿਰੌਤੀਆਂ ਮੰਗਣ ਦਾ ਨਵਾਂ ਤੇ ਸੌਖਾ ਧੰਦਾ ਸ਼ੁਰੂ ਕਰ ਲਿਆ ਹੈ। ਫਿਰੌਤੀ ਨਾ ਮਿਲਣ ‘ਤੇ ਸ਼ਿਕਾਰ ਦੇ ਘਰ ‘ਤੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਕਾਰੋਬਾਰੀ ਥਾਵਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪ੍ਰਵਾਸੀ ਪੰਜਾਬੀ ਜਿਹੜੇ ਕੈਨੇਡਾ ਦੇ ਅਮਨ ਕਾਨੂੰਨ ਦੇ ਹਾਲਾਤ ਦੀਆਂ ਤਾਰੀਫਾਂ ਕਰਦੇ ਨਹੀਂ ਸੀ ਥੱਕਦੇ, ਹੁਣ ਇਸ ਤਰਾਂ ਮਹਿਸੂਸ ਕਰ ਰਹੇ ਹਨ ਜਿਵੇਂ ਲਾਰੈਂਸ ਬਿਸ਼ਨੋਈ ਭੱਜ ਕੇ ਕੈਨੇਡਾ ਆ ਗਿਆ ਹੋਵੇ। ਫਿਰੌਤੀਆਂ ਮੰਗਣ ਦੀ ਬੁਰਾਈ ਵੈਨਕੂਵਰ ਸਰੀ ਖੇਤਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਐਬਸਫੋਰਡ, ਕੈਲਗਰੀ, ਐਡਮਿੰਟਨ, ਟਰਾਂਟੋ ਅਤੇ ਬਰੈਂਪਟਨ ਆਦਿ ਤੋਂ ਹੁੰਦੀ ਹੋਈ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਈ ਹੈ।

31 ਦਸੰਬਰ ਤੱਕ ਪੁਲਿਸ ਕੋਲ 28 ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦੀ ਤਫਤੀਸ਼ ਚੱਲ ਰਹੀ ਹੈ। ਜਿਨ੍ਹਾਂ ਵਿਚਾਰਿਆਂ ਨੇ ਡਰਦੇ ਮਾਰੇ ਚੁੱਪ ਚੁਪੀਤੇ ਫਿਰੌਤੀਆਂ ਭਰ ਦਿੱਤੀਆਂ ਹਨ, ਉਨ੍ਹਾਂ ਦੀ ਗਿਣਤੀ ਫਿਲਹਾਲ ਪਤਾ ਨਹੀਂ ਚੱਲ ਸਕੀ। 27 ਦਸੰਬਰ ਨੂੰ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ ‘ਤੇ ਸਰੀ ਵਿਖੇ ਹੋਈ ਫਾਇਰਿੰਗ ਨੇ ਤਾਂ ਸਾਰੇ ਇੰਡੋ ਕੈਨੇਡੀਅਨ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੁਝ ਦਿਨ ਪਹਿਲਾਂ ਐਡਮਿੰਟਨ ਪੁਲਿਸ ਨੇ ਫਿਰੌਤੀ ਦੇ ਮਾਮਲਿਆਂ ਕਾਰਨ ਲਗਾਈਆਂ ਗਈਆਂ ਦਰਜ਼ਨ ਦੇ ਕਰੀਬ ਅੱਗਾਂ ਦੀਆਂ ਵਾਰਦਾਤਾਂ ਬਾਰੇ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਕਿ ਜਿਆਦਾਤਰ ਧਮਕੀਆਂ ਭਾਰਤੀ ਤੇ ਖਾਸ ਤੌਰ ‘ਤੇ ਪੰਜਾਬੀ ਬਿਲਡਰਾਂ ਨੂੰ ਆ ਰਹੀਆਂ ਹਨ। ਹੁਣ ਤੱਕ ਅਨੇਕਾਂ ਉਸਾਰੀ ਅਧੀਨ ਘਰ, ਸ਼ੋਅ ਰੂਮ ਅਤੇ ਸ਼ੋਅ ਹਾਊਸ ਅੱਗ ਲਗਾ ਕੇ ਸਾੜ ਦਿੱਤੇ ਗਏ ਹਨ। ਅੱਗ ਲਗਾਉਣ ਤੋਂ ਬਾਅਦ ਫਿਰੌਤੀ ਦੀ ਮੰਗ ਦੋਗੁਣੀ ਹੋ ਜਾਂਦੀ ਹੈ ਤੇ ਪੂਰੀ ਨਾ ਹੋਣ ‘ਤੇ ਸ਼ਿਕਾਰ ਦੇ ਰਿਹਾਇਸ਼ੀ ਘਰ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ। ਸ਼ੁਕਰ ਹੈ ਕਿ ਅਜੇ ਤੱਕ ਕੋਈ ਜ਼ਖਮੀ ਜਾਂ ਹਲਾਕ ਨਹੀਂ ਹੋਇਆ।

ਇਨ੍ਹਾਂ ਵਾਰਦਾਤਾਂ ਵਿੱਚ ਛੋਟੀ ਉਮਰ ਦੇ ਤੇ ਜਲਦੀ ਅਮੀਰ ਹੋਣ ਦੀ ਚਾਹ ਰੱਖਣ ਵਾਲੇ ਨੌਜਵਾਨ ਸ਼ਾਮਲ ਹਨ। ਪੁਲਿਸ ਖਾਸ ਤੌਰ ‘ਤੇ ਅਜਿਹੇ ਨੌਜਵਾਨਾਂ ‘ਤੇ ਨਿਗ੍ਹਾ ਰੱਖ ਰਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਵਿੱਚ ਪੈਟਰੌਲ ਨਾਲ ਭਰੇ ਹੋਏ ਜੈਰੀਕੈਨ ਹੋਣ। ਪੁਲਿਸ ਨੇ ਫਿਰੌਤੀਆਂ ਮੰਗਣ, ਅੱਗਾਂ ਲਗਾਉਣ ਤੇ ਫਾਇਰਿੰਗ ਕਰਨ ਦੇ ਮਾਮਲਿਆਂ ਵਿੱਚ ਹੁਣ ਤੱਕ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਪਰਮਿੰਦਰ ਸਿੰਘ ਉਮਰ 20 ਸਾਲ, ਹਸਨ ਡੈਂਬਲੀ ਉਮਰ 18 ਸਾਲ, ਮਾਨਵ ਹੀਰ ਉਮਰ 18 ਸਾਲ, ਰਵਿੰਦਰ ਸੰਧੂ 19 ਸਾਲ ਅਤੇ ਅਰਜੁਨ ਸਾਹਨਨ 19 ਸਾਲ। ਇਨ੍ਹਾਂ ਵਿੱਚੋਂ ਪਰਮਿੰਦਰ ਸਿੰਘ ‘ਤੇ ਧਮਕੀਆਂ, ਅੱਗਜ਼ਨੀ ਅਤੇ ਗੋਲੀਬਾਰੀ ਦੇ 12 ਕੇਸ ਦਰਜ਼ ਹਨ। ਕੈਨੇਡਾ ਦੇ ਨਰਮ ਕਾਨੂੰਨਾਂ ਕਾਰਨ ਉਸ ਨੂੰ ਛੱਡ ਕੇ ਬਾਕੀ ਚਾਰ ਮੁਜ਼ਰਿਮਾਂ ਦੀ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਹੋ ਗਈ ਹੈ। ਇਸ ਕਾਰਨ ਹੋਰ ਕਈ ਗੈਂਗਸਟਰਾਂ ਨੂੰ ਉਤਸ਼ਾਹ ਮਿਲਿਆ ਹੈ ਤੇ ਫਿਰੌਤੀ ਲਈ ਧਮਕੀਆਂ ਵਿੱਚ ਵਾਧਾ ਹੋਇਆ ਹੈ।

9 ਦਸੰਬਰ ਨੂੰ ਉਂਟਾਰੀਉ ਪੁਲਿਸ ਨੇ ਐਬਸਫੋਰਡ ਦੇ 23 ਸਾਲਾ ਤਨਮਨਜੋਤ ਗਿੱਲ ਨਾਮਕ ਇੱਕ ਗੈਂਗਸਟਰ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਇੱਕ ਵਪਾਰਿਕ ਅਦਾਰੇ ‘ਤੇ ਗੋਲੀਆਂ ਚਲਾਉਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਦੀ ਪੁੱਛ ਗਿੱਛ ਤੋਂ ਫਿਰੌਤੀਆਂ ਵਸੂਲਣ ਵਾਲੇ ਸੰਗਠਿਤ ਗਰੋਹਾਂ ਬਾਰੇ ਅਜਿਹੇ ਹੈਰਾਨੀਜਨਕ ਇੰਕਸ਼ਾਫ ਹੋਏ ਹਨ ਕਿ ਉਂਟਾਰੀਉ ਪੁਲਿਸ ਨੂੰ ਇੱਕ ਟਾਸਕ ਫੋਰਸ ਦਾ ਗਠਨ ਕਰਨਾ ਪਿਆ ਹੈ ਜੋ ਸਿਰਫ ਫਿਰੌਤੀਆਂ ਦੇ ਕੇਸਾਂ ਨੂੰ ਨਜਿੱਠੇਗੀ। ਕੈਨੇਡਾ ਵਿੱਚ ਜਿੱਥੇ ਇੱਕ ਪਾਸੇ ਮਹਿੰਗਾਈ ਅਤੇ ਆਰਥਿਕ ਮੰਦੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ, ਉਥੇ ਦੂਸਰੇ ਪਾਸੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ, ਧਮਕੀਆਂ, ਗੋਲੀਬਾਰੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਨੇ ਦਹਿਲਾ ਦਿੱਤਾ ਹੈ। ਕੈਨੇਡਾ ਪੁਲਿਸ ਹੁਣ ਤੱਕ ਪੰਜਾਬੀ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦੇ ਕਾਰੋਬਾਰ ਅਤੇ ਆਪਸੀ ਕਤਲੇਆਮ ਦੇ ਕੇਸਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ, ਲੱਗਦਾ ਹੈ ਕਿ ਇਸ ਮਾਮਲੇ ਵਿੱਚ ਉਸ ਨੂੰ ਜਿਆਦਾ ਸਫਲਤਾ ਹਾਸਲ ਨਹੀਂ ਹੋਵੇਗੀ।

ਵੈਸੇ ਵੀ ਕੈਨੇਡਾ ਪੁਲਿਸ ਪੰਜਾਬੀਆਂ ਦੇ ਕਤਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ। ਜਦੋਂ ਕੋਈ ਗੈਂਗਸਟਰ ਜਿਆਦਾ ਅੱਤ ਚੁੱਕ ਲੈਂਦਾ ਹੈ ਤਾਂ ਪੁਲਿਸ ਵੱਧ ਤੋਂ ਵੱਧ ਇੱਕ ਘੋਸ਼ਣਾ ਜਾਰੀ ਕਰ ਦਿੰਦੀ ਹੈ ਕਿ ਇਸ ‘ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ। ਜਿਹੜਾ ਵੀ ਵਿਅਕਤੀ ਇਸ ਨਾਲ ਸਬੰਧ ਰੱਖੇਗਾ, ਉਸ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸੇ ਕਾਰਨ ਨਿਰਦੋਸ਼ ਪੰਜਾਬੀਆਂ ਅਤੇ ਗੈਂਗਸਟਰਾਂ ਦੀਆਂ ਹੱਤਿਆਵਾਂ ਦੇ 85% ਤੋਂ ਵੱਧ ਕੇਸ ਅੱਜ ਤੱਕ ਅਣਸੁਲਝੇ ਪਏ ਹਨ। ਗੈਂਗ ਹਿੰਸਾ ਕਾਰਨ ਕੈਨੇਡਾ ਵਿੱਚ ਹੁਣ ਤੱਕ 400 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਇਹ ਮੌਤਾਂ ਕੈਨੇਡਾ ਵਿੱਚ ਗੈਂਗ ਹਿੰਸਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 27% ਬਣਦੀਆਂ ਹਨ।

ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪਰ ਕੈਨੇਡਾ ਦੇ ਨਰਮ ਕਾਨੂੰਨਾਂ ਵਿੱਚ ਬੱਝੇ ਹੋਣ ਕਾਰਨ ਤਫਤੀਸ਼ ਜੂੰਅ ਦੀ ਤੋਰ ਚੱਲ ਰਹੀ ਹੈ। ਤਨਮਨਜੋਤ ਗਿੱਲ ਦੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਗੈਂਗ ਕੋਲ ਸ਼ਿਕਾਰ ਬਣਾਏ ਜਾਣ ਵਾਲੇ ਕਾਰੋਬਾਰੀਆਂ ਦੀ ਪੂਰੀ ਜਨਮ ਪੱਤਰੀ ਸੀ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਮ, ਬੱਚਿਆਂ ਦੇ ਸਕੂਲ, ਕਾਰਾਂ ਦੇ ਨੰਬਰ, ਪਸੰਦੀਦਾ ਰੈਸਟੋਰੈਂਟ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਪੰਜਾਬ ਵਿਚਲੇ ਐਡਰੈੱਸ ਤੱਕ ਦੀ ਜਾਣਕਾਰੀ ਉਨ੍ਹਾਂ ਕੋਲ ਸੀ। ਇਨ੍ਹਾਂ ਗੈਂਗਾਂ ਦੀ ਕਾਰਜਸ਼ੈਲੀ ਤੋਂ ਇਸ ਤਰਾਂ ਲੱਗਦਾ ਹੈ ਕਿ ਇਨ੍ਹਾਂ ਦੀ ਅਗਵਾਈ ਤੇ ਮਾਰਗ ਦਰਸ਼ਨ ਕੈਨੇਡਾ ਵਿੱਚ ਸ਼ਰਣ ਲਈ ਬੈਠੇ ਗੋਲਡੀ ਬਰਾੜ, ਲਖਬੀਰ ਸਿੰਘ ਲੰਡਾ, ਅਰਸ਼ ਡਾਲਾ, ਰਮਨ ਜੱਜ ਅਤੇ ਰਿੰਕੂ ਬੀਹਲਾ ਆਦਿ ਵਰਗੇ ਪੰਜਾਬ ਵਿੱਚ ਫਿਰੌਤੀਆਂ ਉਗਰਾਹੁਣ ਦੇ ਮਾਹਰ ਉਸਤਾਦ ਕਰ ਰਹੇ ਹਨ। ਪੁਲਿਸ ਤਫਤੀਸ਼ ਦੌਰਾਨ ਇੱਕ ਗੈਂਗ ਮੈਂਬਰ ਨੇ ਮੰਨਿਆਂ ਹੈ ਕਿ ਉਹ ਫਿਰੌਤੀਆਂ ਉਗਰਾਹੁਣ ਦੇ ਧੰਦੇ ਵਿੱਚ ਇਸ ਕਾਰਨ ਪਏ ਹਨ ਕਿਉਂਕਿ ਪਕੜੇ ਜਾਣ ‘ਤੇ ਨਸ਼ਿਆਂ ਦੇ ਕੇਸਾਂ ਨਾਲੋਂ ਬਹੁਤ ਘੱਟ ਸਜ਼ਾ ਮਿਲਦੀ ਹੈ, ਜ਼ਮਾਨਤ ਜਲਦੀ ਹੋ ਜਾਂਦੀ ਹੈ ਤੇ ਪੈਸਾ ਜਿਆਦਾ ਬਣਦਾ ਹੈ।

ਵੈਨਕੂਵਰ ਸਰੀ ਇਲਾਕੇ ਵਿੱਚ ਤਾਂ ਇਸ ਮੁਸੀਬਤ ਨੇ ਕਾਰੋਬਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹਾਲਾਤ ਐਨੇ ਵਿਗੜ ਗਏ ਹਨ ਕਿ 6 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ (ਬੀ.ਸੀ.) ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਭਾਰਤੀਆਂ ਦੇ ਇੱਕ ਵੱਡੇ ਇਕੱਠ ਵਿੱਚ ਆ ਕੇ ਇਹ ਭਰੋਸਾ ਦੇਣਾ ਪਿਆ ਕਿ ਸਰਕਾਰ ਇਸ ਨਵੀਂ ਮੁਸੀਬਤ ਪ੍ਰਤੀ ਬੇਹੱਦ ਗੰਭੀਰ ਹੈ। ਇਸ ਇਕੱਠ ਵਿੱਚ ਸਥਾਨਕ ਐਮ.ਪੀ. ਅਤੇ ਐਮ.ਐਲ.ਏ. ਵੀ ਹਾਜ਼ਰ ਹੋਏ। ਉਸ ਨੇ ਅਪੀਲ ਕੀਤੀ ਕਿ ਕਾਰੋਬਾਰੀਆਂ ਨੂੰ ਫਿਰੌਤੀਆਂ ਦੇਣ ਦੀ ਬਜਾਏ ਪੁਲਿਸ ਦੀ ਮਦਦ ਲੈਣੀ ਚਾਹੀਦੀ ਹੈ। ਭਾਰਤੀ ਕੈਨੇਡੀਅਨ ਭਾਈਚਾਰੇ ਨੇ ਅਟਾਰਨੀ ਜਨਰਲ ਨੂੰ ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਐਬੀ, ਸਰੀ ਦੀ ਮੇਅਰ ਬਰੈਂਡਾ ਲਾਕ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਵਾਸਤੇ ਮੈਮੋਰੈਂਡਮ ਦਿੱਤੇ ਤੇ ਮੰਗ ਕੀਤੀ ਕਿ ਹੋਰ ਕਾਨੂੰਨੀ ਕਾਰਵਾਈਆਂ ਦੇ ਨਾਲ ਜਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਗਸ਼ਤ ਅਤੇ ਚੈਕਿੰਗ ਵਧਾਈ ਜਾਵੇ ਤਾਂ ਜੋ ਬਦਮਾਸ਼ਾਂ ਦੇ ਦਿਲਾਂ ਵਿੱਚ ਕਾਨੂੰਨ ਪ੍ਰਤੀ ਡਰ ਪੈਦਾ ਹੋਵੇ। ਇਸ ਤੋਂ ਇਲਾਵਾ ਪਹਿਲਾਂ ਹੋਈਆਂ ਵਾਰਦਾਤਾਂ ਨੂੰ ਵੀ ਹੱਲ ਕੀਤਾ ਜਾਵੇ।

ਲਾਰੈਂਸ ਬਿਸ਼ਨੋਈ ਵਰਗਿਆਂ ਤੋਂ ਪ੍ਰਭਾਵਿਤ ਹੋ ਕੇ ਫਿਰੌਤੀਆਂ ਉਗਰਾਹੁਣ ਵਾਲੇ ਇਨ੍ਹਾਂ ਗੈਂਗਾਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬ ਅਤੇ ਕੈਨੇਡਾ ਦੇ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕੈਨੇਡਾ ਵਿੱਚ ਪੁਲਿਸ ਕੋਲੋਂ ਇਨਸਾਫ ਲੈਣ ਲਈ ਕਿਸੇ ਸੱਤਾਧਾਰੀ ਲੀਡਰ ਦਾ ਫੋਨ ਕਰਵਾਉਣ ਜਾਂ ਕੋਈ ਹੋਰ ਸੱਜਾ ਖੱਬਾ ਕਰਨ ਦੀ ਜਰੂਰਤ ਨਹੀਂ ਪੈਂਦੀ। ਇੰਡੋ ਕੈਨੇਡੀਅਨ ਲੋਕ ਆਪਣੇ ਹੱਕਾਂ ਪ੍ਰਤੀ ਪੂਰੀ ਤਰਾਂ ਨਾਲ ਜਾਗਰੂਕ ਹਨ ਜਿਸ ਕਾਰਨ ਪੁਲਿਸ ਕੋਲ ਧੜਾ ਧੜ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਇਹ ਗੈਂਗਸਟਰ ਪੰਜਾਬੀਆਂ ਦੇ ਨਾਮ ‘ਤੇ ਕਾਲਾ ਧੱਬਾ ਹਨ ਤੇ ਆਪਣੇ ਭਾਈਚਾਰੇ ਦੀ ਬਦਨਾਮੀ ਤੇ ਦੁੱਖਾਂ ਦਾ ਕਾਰਨ ਬਣ ਰਹੇ ਹਨ। ਜੇ ਅੱਜ ਇਹ ਲੋਕ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਰਹੇ ਹਨ ਤਾਂ ਕਲ੍ਹ ਨੂੰ ਇਹ ਕਾਨੂੰਨ ਬਦਲ ਵੀ ਸਕਦੇ ਹਨ।

ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ 9501100062

ਇੱਕ ਸ਼ਰਾਬੀ ਮੰਤਰੀ ਦਾ ਕਾਰਨਾਮਾ

ਨੌਕਰੀ ਦੇ ਦੌਰਾਨ ਕਈ ਅਜੀਬੋ ਗਰੀਬ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਸਦਾ ਲਈ ਯਾਦ ਰਹਿ ਜਾਂਦੀਆਂ ਹਨ। 26 ਜਨਵਰੀ ਨੂੰ ਗਣਤੰਤਰ ਦਿਵਸ ਆ ਰਿਹਾ ਹੈ ਤੇ ਮੈਨੂੰ ਕਈ ਸਾਲ ਪਹਿਲਾਂ 26 ਜਨਵਰੀ ਵਾਲੇ ਦਿਨ ਵਾਪਰੀ ਇੱਕ ਦਿਲਚਸਪ ਘਟਨਾ ਅੱਜ ਵੀ ਯਾਦ ਹੈ। ਮੈਂ ਉਸ ਸਮੇਂ ਜਿਲ੍ਹਾ ਬਰਨਾਲਾ ਵਿੱਚ ਬਤੌਰ ਐਸ.ਪੀ. ਹੈੱਡਕਵਾਟਰ ਤਾਇਨਾਤ ਸੀ। 26 ਜਨਵਰੀ ਨੂੰ ਵੈਸੇ ਵੀ ਬਹੁਤ ਠੰਡ ਹੁੰਦੀ ਹੈ ਤੇ ਪਰੇਡ ਕਰਨ ਵਾਲੇ ਪੁਲਿਸ, ਹੋਮਗਾਰਡ ਅਤੇ ਐਨ.ਸੀ.ਸੀ. ਆਦਿ ਦੇ ਜਵਾਨਾਂ ਦੇ ਹੱਥ ਪੈਰ ਸੁੰਨ ਹੋ ਜਾਂਦੇ ਹਨ। ਹਰੇਕ ਜਿਲ੍ਹੇ ਵਿੱਚ ਪਰੇਡ ਤੋਂ ਸਲਾਮੀ ਲੈਣ ਲਈ ਇੱਕ ਮੰਤਰੀ ਦੀ ਡਿਊਟੀ ਲੱਗਦੀ ਹੈ ਜੋ 25 ਜਨਵਰੀ ਨੂੰ ਹੀ ਉਸ ਜਿਲ੍ਹੇ ਵਿੱਚ ਪਹੁੰਚ ਜਾਂਦਾ ਹੈ। ਉਸ ਸਾਲ ਵੀ ਅੱਜ ਵਾਂਗ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਪੈ ਰਹੀ ਸੀ ਜਿਸ ਕਾਰਨ ਮੰਤਰੀ ਸ਼ਾਮ 6 ਕੁ ਵਜੇ ਪੀ.ਡਬਲਿਊ.ਡੀ. ਰੈਸਟ ਹਾਊਸ ਪਹੁੰਚ ਗਿਆ ਜਿੱਥੇ ਡੀ.ਸੀ., ਐਸ.ਐਸ.ਪੀ. ਅਤੇ ਉਸ ਦੀ ਪਾਰਟੀ ਦੇ ਅਹੁਦੇਦਾਰਾਂ ਨੇ ਉਸ ਦਾ ਸਵਾਗਤ ਕੀਤਾ। ਰੈਸਟ ਹਾਊਸ ਦੀ ਸੁਰੱਖਿਆ ਦੀ ਨਿਗਰਾਨੀ ਮੇਰੇ ਕੋਲ ਸੀ ਪਰ ਅਸਲ ਵਿੱਚ ਡਿਊਟੀ ਡੀ.ਐਸ.ਪੀ. ਬਰਨਾਲਾ ਅਤੇ ਐਸ.ਐਚ.ਉ. ਕੋਤਵਾਲੀ ਨਿਭਾਅ ਰਹੇ ਸਨ।

ਮੰਤਰੀ ਦੇ ਸਵਾਗਤ ਸਤਿਕਾਰ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਸਾਰੇ ਅਫਸਰ ਚਲੇ ਗਏ ਤੇ ਮੰਤਰੀ ਨੇ ਆਪਣੀ ਪਾਰਟੀ ਦੇ ਕੁਝ ਚੋਣਵੇਂ ਅਹੁਦੇਦਾਰਾਂ ਨਾਲ ਸ਼ਰਾਬ ਅਤੇ ਕਬਾਬ ਦਾ ਦੌਰ ਸ਼ੁਰੂ ਕਰ ਦਿੱਤਾ। ਲੱਗਦਾ ਸੀ ਕਿ ਸ਼ਰਾਬ ਖਿੱਚਣ ਦੇ ਮਾਮਲੇ ਵਿੱਚ ਮੰਤਰੀ ਕੋਈ ਤਕੜਾ ਡਰੰਮ ਸੀ ਤੇ ਮਾਲੇ ਮੁਫਤ, ਦਿਲੇ ਬੇਰਹਿਮ ਦੇ ਅਸੂਲਾਂ ‘ਤੇ ਚੱਲਣ ਵਾਲਾ ਸੀ। ਉਸ ਨੇ ਵਿਸਕੀ ਅਤੇ ਮੁਰਗੇ ਮੱਛੀ ਦੀਆਂ ਧੱਜੀਆਂ ਉਡਾ ਦਿੱਤੀਆਂ। ਦਸ ਕੁ ਵਜੇ ਮੈਂ ਵੀ ਘਰ ਜਾ ਕੇ ਸੌਂ ਗਿਆ ਕਿਉਂਕਿ ਸਵੇਰੇ ਸੁਵੱਖਤੇ ਡਿਊਟੀ ਵਾਸਤੇ ਪਰੇਡ ਗਰਾਊਂਡ ਪਹੁੰਚਣਾ ਸੀ। 26 ਜਨਵਰੀ ਅਤੇ 15 ਅਗਸਤ ਸਮੇਂ ਝੰਡਾ ਝੁਲਾਉਣ ਦਾ ਸਾਰੇ ਭਾਰਤ ਵਿੱਚ ਇੱਕ ਨਿਸ਼ਚਿਤ ਟਾਈਮ ਹੁੰਦਾ ਹੈ, 26 ਜਨਵਰੀ ਨੂੰ ਸਾਢੇ ਨੌ ਵਜੇ ਤੇ 15 ਅਗਸਤ ਨੂੰ ਨੌ ਵਜੇ। ਪਰ ਮੰਤਰੀ ਸਾਹਿਬ ਨਸ਼ੇ ਦੀ ਲੋਰ ਵਿੱਚ ਸ਼ਾਇਦ ਭੁੱਲ ਹੀ ਗਏ ਕਿ ਉਹ ਬਰਨਾਲੇ ਕਿਸ ਕੰਮ ਆਏ ਹਨ। ਰਾਤ ਡੇਢ ਕੁ ਵਜੇ ਮੈਨੂੰ ਐਸ.ਐਚ.ਉ. ਦਾ ਫੋਨ ਆਇਆ ਕਿ ਜ਼ਨਾਬ ਇਹ ਤਾਂ ਸੌਂ ਹੀ ਨਹੀਂ ਰਿਹਾ, ਪੈੱਗ ‘ਤੇ ਪੈੱਗ ਠੋਕੀ ਜਾ ਰਿਹਾ ਹੈ। ਜੇ ਇਹੋ ਹਾਲ ਰਿਹਾ ਤਾਂ ਸਵੇਰੇ ਪਰੇਡ ਤੋਂ ਸਲਾਮੀ ਤੁਹਾਨੂੰ ਲੈਣੀ ਪਵੇਗੀ। ਐਸ.ਐਚ.ਉ. ਨੇ ਸਲਾਮੀ ਵਾਲੀ ਗੱਲ ਭਾਵੇਂ ਮਜ਼ਾਕ ਨਾਲ ਕਹੀ ਸੀ ਪਰ ਮੈਨੂੰ ਖੁੜਕ ਗਈ। ਮੈਂ ਉਸ ਨੂੰ ਕਿਹਾ ਕਿ ਮੇਰੀ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਕਰਵਾ। ਜਦੋਂ ਉਸ ਨੇ ਗੱਲ ਕਰਵਾਈ ਤਾਂ ਅੱਗੋਂ ਪ੍ਰਧਾਨ ਵੀ ਰੰਗ ਬਿਰੰਗਾ ਹੋਇਆ ਪਿਆ ਸੀ। ਮੈਂ ਉਸ ਨੂੰ ਥੋੜ੍ਹੀ ਸਖਤੀ ਜਿਹੀ ਨਾਲ ਸਮਝਾਇਆ ਕਿ ਮੰਤਰੀ ਨੂੰ ਰੋਟੀ ਖਵਾ ਕੇ ਸਵਾਂ ਦਿਉ। ਜੇ ਇਹ ਸਵੇਰੇ ਟਾਈਮ ਸਿਰ ਨਾ ਉੱਠਿਆ ਤਾਂ ਪਰਸੋਂ ਸਾਰੀਆਂ ਅਖਬਾਰਾਂ ਦੇ ਫਰੰਟ ਪੇਜ਼ ‘ਤੇ ਇਹ ਖਬਰ ਲੱਗਣੀ ਹੈ ਕਿ ਮੰਤਰੀ ਸ਼ਰਾਬ ਨਾਲ ਲੇਹੜ ਕੇ ਸੁੱਤਾ ਰਿਹਾ। ਮੇਰੀ ਗੱਲ ਸੁਣਦੇ ਸਾਰ ਪ੍ਰਧਾਨ ਦਾ ਸਾਰਾ ਨਸ਼ਾ ਹਿਰਨ ਹੋ ਗਿਆ ਤੇ ਉਸ ਨੂੰ ਆਪਣੀ ਪ੍ਰਧਾਨਗੀ ਜਾਂਦੀ ਲੱਗੀ। ਦਸ ਪੰਦਰਾਂ ਮਿੰਟਾਂ ਵਿੱਚ ਹੀ ਮੰਤਰੀ ਨੂੰ ਦੋ ਚਾਰ ਬੁਰਕੀਆਂ ਖਵਾ ਕੇ ਤੇ ਬਿਸਤਰੇ ‘ਤੇ ਸੁੱਟ ਕੇ ਸਾਰੇ ਚਿਮਚੇ ਚਪਾਟੇ ਪੱਤਰਾ ਵਾਚ ਗਏ।

ਅਸਲ ਪਵਾੜਾ ਤਾਂ ਅਗਲੇ ਦਿਨ ਸ਼ੁਰੂ ਹੋਇਆ। ਸਵੇਰੇ ਸੱਤ ਵਜੇ ਤੱਕ ਮੰਤਰੀ ਦੇ ਕਮਰੇ ਵਿੱਚੋਂ ਕੁੰਭਕਰਨ ਵਰਗੇ ਘੁਰਾੜਿਆਂ ਦੀ ਅਵਾਜ਼ ਆਈ ਜਾਵੇ, ਨਾ ਉਹ ਮੋਬਾਇਲ ਫੋਨ ਚੁੱਕੇ ਤੇ ਨਾ ਇੰਟਰਕਾਮ। ਮੌਤ ਨਾਲ ਸ਼ਰਤ ਲਗਾ ਕੇ ਪਿਆ ਹੋਇਆ ਸੀ। ਜਦੋਂ ਡੀ.ਐਸ.ਪੀ. ਤੇ ਐਸ.ਐਚ.ਉ. ਦੇ ਹੱਥ ਖੜੇ ਹੋ ਗਏ ਤਾਂ ਆਖਰ ਮੈਨੂੰ ਹੀ ਰੈਸਟ ਹਾਊਸ ਪਹੁੰਚਣਾ ਪਿਆ। ਮੁੱਕੀਆਂ ਠੁੱਡ ਮਾਰ ਮਾਰ ਕੇ ਜਦੋਂ ਦਰਵਾਜ਼ਾ ਟੁੱਟਣ ਦੀ ਨੌਬਤ ਆ ਗਈ ਤਾਂ ਕਿਤੇ ਜਾ ਕੇ ਮੰਤਰੀ ਨੇ ਆਪਣੇ ਚਸ਼ਮ ਚਿਰਾਗ ਖੋਲ੍ਹੇ। ਜਦੋਂ ਉਸ ਨੂੰ ਦੱਸਿਆ ਗਿਆ ਕਿ ਕੌਮੀ ਝੰਡਾ ਲਹਿਰਾਉਣ ਦਾ ਟਾਈਮ ਐਨੇ ਵਜੇ ਹੈ ਤਾਂ ਉਸ ਨੂੰ ਚੇਤਾ ਆਇਆ ਕਿ ਅੱਜ ਤਾਂ 26 ਜਨਵਰੀ ਹੈ। ਲੂਣ ਵਾਲੇ ਪਾਣੀ ਵਿੱਚ ਪੰਜ ਸੱਤ ਨਿੰਬੂ ਨਿਚੋੜ ਕੇ ਉਸ ਦੇ ਅੰਦਰ ਸੁੱਟੇ ਤਾਂ ਉਹ ਬਾਥਰੂਮ ਜਾਣ ਜੋਗਾ ਹੋਇਆ। ਗੱਲ ਮੁੱਕਦੀ ਕਿ ਉਹ ਰੋ ਪਿੱਟ ਕੇ ਬਹੁਤ ਮੁਸ਼ਕਿਲ ਸਹੀ ਟਾਈਮ ‘ਤੇ ਸਟੇਡੀਅਮ ਪਹੁੰਚ ਹੀ ਗਿਆ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਉਸ ਨੇ ਕੰਬਦੇ ਹੱਥਾਂ ਨਾਲ ਕੌਮੀ ਝੰਡਾ ਲਹਿਰਾਇਆ, ਪਰੇਡ ਦਾ ਮੁਆਇਨਾ ਕੀਤਾ ਤੇ ਸਲਾਮੀ ਲੈਣ ਲਈ ਮੰਚ ‘ਤੇ ਖੜਾ ਹੋ ਗਿਆ। ਉਸ ਦੀ ਹਾਲਤ ਵੇਖਣਯੋਗ ਸੀ। ਸ਼ਰਾਬ ਤੇ ਮੀਟ ਮੱਛੀ ਦੇ ਦੁਆਰਾ ਪੈਦਾ ਹੋ ਰਹੀ ਅੰਦਰੂਨੀ ਗਰਮੀ ਕਾਰਨ ਜਨਵਰੀ ਦੀ ਠੰਡ ਵਿੱਚ ਵੀ ਉਸ ਨੂੰ ਤਰੇਲੀਆਂ ਆ ਰਹੀਆਂ ਸਨ। ਸਭ ਦੀਆਂ ਨਜ਼ਰਾਂ ਉਸ ਵੱਲ ਲੱਗੀਆਂ ਹੋਈਆਂ ਸਨ ਕਿ ਇਹ ਹੁਣ ਡਿੱਗਾ ਤੇ ਹੁਣ ਡਿੱਗਾ। ਪਰ ਉਸ ਨੇ ਕਿਸੇ ਤਰਾਂ ਸਲਾਮੀ ਲੈ ਲਈ ਤੇ ਨਾਲ ਹੀ ਸੋਫੇ ‘ਤੇ ਢਹਿ ਢੇਰੀ ਹੋ ਗਿਆ। ਦਸਾਂ ਪੰਦਰਾਂ ਮਿੰਟਾਂ ਵਿੱਚ ਹੀ ਉਹ ਪੰਜ ਛੇ ਗਲਾਸ ਨਿੰਬੂ ਪਾਣੀ ਦੇ ਸੁੜਕ ਗਿਆ।

ਉਸ ਦੇ ਸੱਜੇ ਤੇ ਖੱਬੇ ਪਾਸੇ ਡੀ.ਸੀ. ਅਤੇ ਐਸ.ਐਸ.ਪੀ. ਬੈਠੇ ਹੋਏ ਸਨ ਜੋ ਉਸ ਦੇ ਸਾਹ ਦੀ ਬਦਬੂ ਕਾਰਨ ਮਰਨ ਵਾਲੇ ਹੋਏ ਪਏ ਸਨ। ਪਰ ਕੌਣ ਆਖੇ ਰਾਣੀ ਅੱਗਾ ਢੱਕ? ਸਾਨੂੰ ਨਹੀਂ ਪਤਾ ਕਿ ਉਸ ਨੇ ਪਰੇਡ ਤੋਂ ਬਾਅਦ ਹੋਣ ਵਾਲਾ ਇਨਾਮ ਵੰਡ ਅਤੇ ਸਭਿਆਚਾਰਕ ਪ੍ਰੋਗਰਾਮ ਕਿਵੇਂ ਅਟੈਂਡ ਕੀਤਾ। ਪ੍ਰੋਗਰਾਮ ਖਤਮ ਹੁੰਦੇ ਸਾਰ ਉਹ ਆਪਣੀ ਕਾਰ ਦੀ ਪਿਛਲੀ ਸੀਟ ‘ਤੇ ਆਲੂਆਂ ਦੀ ਬੋਰੀ ਵਾਂਗ ਢਹਿ ਢੇਰੀ ਹੋ ਗਿਆ। ਮੰਤਰੀ ਦੀਆਂ ਨਿੱਤ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਤਜ਼ਰਬੇਕਾਰ ਹੋ ਚੁੱਕਾ ਉਸ ਦਾ ਨਿੱਜੀ ਸਟਾਫ ਉਸ ਨੂੰ ਲੈ ਕੇ ਫੁੱਰਰ ਹੋ ਗਿਆ।

ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ 9501100062

ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ

ਹਰ ਵਿਅਕਤੀ ਦੀ ਸਹਿਣ ਸ਼ਕਤੀ ਅਲੱਗ ਅਲੱਗ ਹੈ। ਢੀਠ ਬੰਦੇ ਤਾਂ ਵੱਡੀ ਤੋਂ ਵੱਡੀ ਬੇਇੱਜ਼ਤੀ ਪਾਣੀ ਵਾਂਗ ਪੀ ਜਾਂਦੇ ਹਨ ਪਰ ਗੁੱਸੇਖੋਰ ਛੋਟੀ ਜਿਹੀ ਗੱਲ ਵੀ ਬਰਦਾਸ਼ਤ ਨਹੀਂ ਕਰਦੇ। ਪੰਜਾਬ ਵਿੱਚ ਮਾਂ, ਭੈਣ, ਧੀ, ਪਤਨੀ, ਪਿਉ ਅਤੇ ਜਵਾਈ ਵਰਗੇ ਕਈ ਰਿਸ਼ਤੇ ਐਨੇ ਨਾਜ਼ਕ ਹਨ ਕਿ ਉਨ੍ਹਾਂ ਦੀ ਬੇਇੱਜ਼ਤੀ ਪਿੱਛੇ ਕਤਲਾਂ ਤੱਕ ਗੱਲ ਪਹੁੰਚ ਜਾਂਦੀ ਹੈ ਚਾਹੇ ਅਜਿਹੀ ਹਿਮਾਕਤ ਕਿਸੇ ਵੱਡੇ ਤੋਂ ਵੱਡੇ ਬੰਦੇ ਨੇ ਕੀਤੀ ਹੋਵੇ। ਅਜਿਹਾ ਇੱਕ ਕਾਂਡ ਮੈਂ ਆਪਣੀ ਅੱਖੀਂ ਵੇਖਿਆ ਹੈ। ਤਿੰਨ ਚਾਰ ਪਹਿਲਾਂ ਮੈਨੂੰ ਪੰਜਾਬ ਸਿਵਲ ਸੈਕਟਰੀਏਟ ਵਿਖੇ ਇੱਕ ਮੰਤਰੀ ਦੇ ਦਫਤਰ ਜਾਣਾ ਪਿਆ ਕਿਉਂਕਿ ਮੈਂ ਕਿਸੇ ਅਫਸਰ ਨੂੰ ਇੱਕ ਕੰਮ ਵਾਸਤੇ ਫੋਨ ਕਰਾਉਣਾ ਸੀ। ਉਸ ਸਮੇਂ ਮੈਂ ਪੁਲਿਸ ਹੈੱਡਕਵਾਟਰ ਵਿਖੇ ਤਾਇਨਾਤ ਸੀ ਪਰ ਡੀ.ਐਸ.ਪੀ. ਹੁੰਦਿਆਂ ਕਈ ਸਾਲਾਂ ਤੱਕ ਉਸ ਮੰਤਰੀ ਦੀ ਸਬ ਡਵੀਜ਼ਨ ਵਿੱਚ ਲੱਗਾ ਰਿਹਾ ਸੀ। ਅਗਲੀਆਂ ਚੋਣਾਂ ਵਿੱਚ ਉਸ ਮੰਤਰੀ ਦੀ ਪਾਰਟੀ ਹਾਰ ਗਈ ਪਰ ਨਵੀਂ ਸਰਕਾਰ ਨੇ ਦੁਬਾਰਾ ਮੈਨੂੰ ਉਸ ਸਬ ਡਵੀਜ਼ਨ ਵਿੱਚ ਹੀ ਲਗਾ ਦਿੱਤਾ। ਭਾਵੇਂ ਕਿ ਉਹ ਉਸ ਵੇਲੇ ਵਿਰੋਧੀ ਧਿਰ ਵਿੱਚ ਸੀ, ਫਿਰ ਵੀ ਪੁਰਾਣੇ ਸਬੰਧਾਂ ਕਾਰਨ ਮੈਂ ਉਸ ਦੀ ਸਿਫਾਰਸ਼ ‘ਤੇ ਬਹੁਤ ਸਾਰੇ ਕੰਮ ਕਰ ਦਿੰਦਾ ਸੀ।

ਜਦੋਂ ਉਹ ਸਰਕਾਰ ਤੋਂ ਬਾਹਰ ਸੀ ਤਾਂ ਬਹੁਤ ਹੀ ਸ਼ਰੀਫ ਅਤੇ ਮਿੱਠ ਬੋਲੜਾ ਸਿਆਸਤਦਾਨ ਮੰਨਿਆਂ ਜਾਂਦਾ ਸੀ। ਸਿਆਣੇ ਕਹਿੰਦੇ ਹਨ ਕਿ ਬੰਦੇ ਦੀ ਅਸਲੀ ਔਕਾਤ ਉਸ ਵੇਲੇ ਪਤਾ ਚੱਲਦੀ ਹੈ ਜਦੋਂ ਉਸ ਕੋਲ ਤਾਕਤ ਹੋਵੇ। ਇਹ ਭੱਦਰ ਪੁਰਸ਼ ਵੀ ਦੁਬਾਰਾ ਚੋਣ ਜਿੱਤ ਕੇ ਜਦੋਂ ਮੰਤਰੀ ਬਣਿਆ ਤਾਂ ਉਸ ਦੇ ਰੰਗ ਢੰਗ ਹੀ ਬਦਲ ਗਏ, ਅਫਸਰਾਂ ਤੇ ਵਰਕਰਾਂ ਦੀ ਲਾਹ ਪਾਹ ਕਰਨੀ ਉਸ ਦਾ ਰੋਜ਼ਮਰ੍ਹਾ ਦਾ ਕੰਮ ਬਣ ਗਿਆ। ਮੈਂ ਮੰਤਰੀ ਦੇ ਬਹੁਤ ਹੀ ਨਜ਼ਦੀਕੀ ਤੇ ਚੰਗੇ ਮੰਦੇ ਕੰਮਾਂ ਦੇ ਰਾਜ਼ਦਾਰ ਸੰਤਪਾਲ ਸਿੰਘ (ਕਾਲਪਨਿਕ ਨਾਮ) ਨੂੰ ਨਾਲ ਲੈ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਖੈਰ ਉਸ ਨੇ ਮੇਰੀ ਸਤਿ ਸ੍ਰੀ ਅਕਾਲ ਦਾ ਮਾੜਾ ਜਿਹਾ ਸਿਰ ਹਿਲਾ ਕੇ ਜਵਾਬ ਦਿੱਤਾ ਤੇ ਸੰਤਪਾਲ ਸਿੰਘ ਦੇ ਕਹਿਣ ‘ਤੇ ਸਬੰਧਿਤ ਅਫਸਰ ਨੂੰ ਫੋਨ ਲਗਾ ਲਿਆ, “ਫਲਾਣਾ ਸਾਹਿਬ ਜੀ, ਮੈਂ ਕਈ ਦਿਨ ਪਹਿਲਾਂ ਤੁਹਾਨੂੰ ਇੱਕ ਐਸ.ਪੀ. ਦੇ ਕੰਮ ਬਾਰੇ ਕਿਹਾ ਸੀ, ਉਹ ਹੋਇਆ ਨਹੀਂ ਅਜੇ।”

ਅਫਸਰ ਨੇ ਅੱਗੋਂ ਪੁੱਛਿਆ ਹੋਣਾ ਹੈ ਕਿ ਕਿਹੜੇ ਐਸ.ਪੀ. ਦਾ? ਮੰਤਰੀ ਨੇ ਫੋਨ ਦੇ ਰਿਸੀਵਰ ‘ਤੇ ਹੱਥ ਰੱਖੇ ਬਗੈਰ ਹੀ ਖੁਸ਼ਕ ਜਿਹੀ ਅਵਾਜ਼ ਵਿੱਚ ਮੈਨੂੰ ਪੁੱਛਿਆ ਕਿ ਕਾਕਾ ਕੀ ਨਾਮ ਆ ਤੇਰਾ? ਮੈਂ ਸਮਝ ਗਿਆ ਕਿ ਐਨੀ ਪੁਰਾਣੀ ਵਾਕਫੀਅਤ ਤੋਂ ਬਾਅਦ ਜਿਹੜਾ ਬੰਦਾ ਮੇਰਾ ਨਾਮ ਹੀ ਭੁੱਲ ਗਿਆ, ਕੰਮ ਉਸ ਨੇ ਸਵਾਹ ਕਰਨਾ ਹੈ। ਮੈਂ ਖਿਸਿਆਨਾ ਜਿਹਾ ਹੱਸ ਕੇ ਕਿਹਾ, “ਸਰ ਤੁਸੀਂ ਰਹਿਣ ਹੀ ਦਿਉ, ਇਹ ਕੰਮ ਨਹੀਂ ਹੋਣਾ।” ਉਸ ਦੇ ਕਾਰਨ ਪੁੱਛਣ ‘ਤੇ ਮੈਂ ਦੱਸਿਆ, “ਜਦੋਂ ਆਪਾਂ ਸਿਫਾਰਸ਼ੀ ਫੋਨ ਕਰਦੇ ਸਮੇਂ ਮੌਕੇ ‘ਤੇ ਫਰਿਆਦੀ ਦਾ ਨਾਮ ਪੁੱਛਦੇ ਹਾਂ ਤਾਂ ਅਗਲਾ ਸਮਝ ਜਾਂਦਾ ਹੈ ਕਿ ਫੋਨ ਕਰਾਉਣ ਵਾਲਾ ਬੰਦਾ ਕੋਈ ਖਾਸ ਹਸਤੀ ਨਹੀਂ ਹੈ। ਮੰਤਰੀ ਸਾਹਿਬ ਉਸ ਨੂੰ ਗਲੋਂ ਲਾਹੁਣ ਲਈ ਐਵੇਂ ਫਾਰਮੈਲਟੀ ਕਰ ਰਹੇ ਹਨ।” ਮੇਰੀ ਗੱਲ ਸੁਣ ਕੇ ਮੰਤਰੀ ਖਿਝ੍ਹ ਤਾਂ ਗਿਆ, ਪਰ ਉਸ ਨੂੰ ਮੇਰਾ ਨਾਮ ਜਰੂਰ ਚੇਤੇ ਆ ਗਿਆ ਜੋ ਉਸ ਨੇ ਅਫਸਰ ਨੂੰ ਦੱਸ ਦਿੱਤਾ। ਮੇਰਾ ਕੰਮ ਨਾ ਹੋਣਾ ਸੀ, ਨਾ ਹੋਇਆ ਤੇ ਨਾ ਹੀ ਦੁਬਾਰਾ ਮੈਂ ਉਸ ਕੋਲ ਗਿਆ। ਮੈਂ ਉੱਠ ਕੇ ਤੁਰਨ ਲੱਗਾ ਤਾਂ ਚਾਹ ਆ ਗਈ ਤੇ ਸੰਤਪਾਲ ਨੇ ਮੈਨੂੰ ਚਾਹ ਪੀਣ ਲਈ ਰੋਕ ਲਿਆ।

ਸਾਡੇ ਚਾਹ ਪੀਂਦੇ ਸਮੇਂ ਇੱਕ ਅਜਿਹੀ ਘਟਨਾ ਵਾਪਰੀ ਕਿ ਉਸ ਬਦਜ਼ੁਬਾਨ ਮੰਤਰੀ ਨੂੰ ਦਿਨੇ ਤਾਰੇ ਨਜ਼ਰ ਆ ਗਏ। ਫਰਿਆਦੀਆਂ ਵਿੱਚ ਮੰਤਰੀ ਦੇ ਹਲਕੇ ਤੋਂ ਬਾਹਰ ਦਾ ਇੱਕ ਬਜ਼ੁਰਗ ਵਿਅਕਤੀ ਉਸ ਦੇ ਕਿਸੇ ਖਾਸ ਫੀਲ੍ਹੇ ਨੂੰ ਨਾਲ ਸਿਫਾਰਸ਼ੀ ਲੈ ਕੇ ਆਇਆ ਸੀ। ਬਜ਼ੁਰਗ ਦੀ ਸ਼ਖਸ਼ੀਅਤ ਬਹੁਤ ਹੀ ਪ੍ਰਭਾਵਸ਼ਾਲੀ ਸੀ। ਦੁੱਧ ਚਿੱਟਾ ਖੱਦਰ ਦਾ ਕੁੜਤਾ ਪਜ਼ਾਮਾ, ਠੋਕ ਕੇ ਬੱਝੀ ਪੱਗ ਅਤੇ ਖੁਲ੍ਹਾ ਦਾੜ੍ਹਾ। ਉਸ ਦਾ ਜਵਾਈ ਵੀ ਨਾਲ ਬੈਠਾ ਸੀ ਜਿਸ ਦਾ ਨੰਬਰਦਾਰੀ ਦਾ ਕੇਸ ਮੰਤਰੀ ਦੇ ਵਿਭਾਗ ਦੇ ਕਿਸੇ ਸੀਨੀਅਰ ਅਫਸਰ ਕੋਲ ਫਸਿਆ ਹੋਇਆ ਸੀ। ਬਜ਼ੁਰਗ ਸ਼ਾਇਦ ਇਸ ਕੰਮ ਲਈ ਪਹਿਲਾਂ ਵੀ ਕਾਫੀ ਗੇੜੇ ਮਾਰ ਚੁੱਕਾ ਸੀ ਕਿਉਂਕਿ ਉਸ ਦੇ ਬੋਲਣ ਸਾਰ ਮੰਤਰੀ ਉਸ ਨੂੰ ਟੁੱਟ ਕੇ ਪੈ ਗਿਆ, “ਚੁੱਪ ਕਰ ਯਾਰ, ਪਤਾ ਮੈਨੂੰ ਤੇਰੇ ਸਿਆਪੇ ਦਾ। ਰੋਜ ਈ ਆ ਵੜਦਾਂ ਤੂੰ ਮੂੰਹ ਚੁਕ ਕੇ।” ਸ਼ਰਮਿੰਦੇ ਜਿਹੇ ਹੋਏ ਬਜ਼ੁਰਗ ਨੇ ਕਿਹਾ ਕਿ ਉਸ ਦੇ ਜਵਾਈ ਦਾ ਕੰਮ ਹੈ, ਇਸ ਲਈ ਆਉਣਾ ਪੈਂਦਾ ਹੈ। ਪਰ ਮੰਤਰੀ ਨੇ ਦੁਬਾਰਾ ਉਸ ਦੀ ਝਾੜ੍ਹ ਝੰਬ ਕਰ ਦਿੱਤੀ। ਬਜ਼ੁਰਗ ਦਾ ਜਵਾਈ ਹੈਰਾਨੀ ਤੇ ਨਮੋਸ਼ੀ ਨਾਲ ਆਪਣੇ ਸਹੁਰੇ ਵੱਲ ਵੇਖ ਰਿਹਾ ਸੀ।

ਜਦੋਂ ਬਜ਼ੁਰਗ ਕੋਲੋਂ ਜਵਾਈ ਸਾਹਮਣੇ ਹੋ ਰਹੀ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਤਾਂ ਉਹ ਖੜਾ ਹੋ ਗਿਆ, “ਉੱਠ ਕਾਕਾ ਚੱਲੀਏ, ਢੱਠੇ ਖੂਹ ਵਿੱਚ ਪੈਂਦੀ ਆ ਇਹੋ ਜਿਹੀ ਨੰਬਰਦਾਰੀ। ਜੇ ਸਾਡੇ ਕਰਮਾਂ ‘ਚ ਹੋਊਗੀ ਤਾਂ ਮਿਲਜੂਗੀ। ਨਾਲੇ ਇਹ ਕਿਹੜਾ ‘ਕੱਲਾ ਮੰਤਰੀ ਆ ਪੰਜਾਬ ਵਿੱਚ, ਕਿਸੇ ਹੋਰ ਨਾਲ ਗੱਲ ਕਰ ਲੈਂਦੇ ਆਂ।” ਮੰਤਰੀ ਦੇ ਸਿਰ ਵਿੱਚ ਸੌ ਘੜਾ ਪਾਣੀ ਪੈ ਗਿਆ। ਉਹ ਕੁਝ ਬੋਲ ਕਬੋਲ ਕਰਨ ਹੀ ਲੱਗਾ ਸੀ ਕਿ ਬਜ਼ੁਰਗ ਫਿਰ ਗਰਜ ਪਿਆ, “ਮੰਤਰੀ ਸਾਹਿਬ ਧਿਆਨ ਨਾਲ। ਜੇ ਤੁਸੀਂ ਦੁਬਾਰਾ ਚੰਗਾ ਮੰਦਾ ਬੋਲਿਆ ਤਾਂ ਫਿਰ ਗੁੱਸਾ ਨਾ ਕਰਿਉ, ਸਾਨੂੰ ਵੀ ਜਵਾਬ ਦੇਣਾ ਆਉਂਦਾ ਆ। ਮੈਂ ਵਾਰ ਵਾਰ ਦੱਸ ਰਿਹਾਂ ਕਿ ਮੇਰਾ ਜਵਾਈ ਨਾਲ ਹੈ, ਤੁਸੀਂ ਫਿਰ ਵੀ ਵਾਹਯਾਤ ਬੋਲੀ ਜਾਂਦੇ ਉ। ਪਹਿਲਾਂ ਵਿਰੋਧੀ ਪਾਰਟੀ ਦੀ ਸਰਕਾਰ ਨੇ ਜ਼ਲੀਲ ਕਰ ਛੱਡਿਆ, ਹੁਣ ਸਾਡੇ ਆਪਣੇ ਈ ਸ਼ਰਮ ਲਾਹੀ ਬੈਠੇ ਆ।” ਇਸ ਤੋਂ ਪਹਿਲਾਂ ਕਿ ਮੰਤਰੀ ਦੇ ਗੰਨਮੈਨ ਕੁਝ ਹਰਕਤ ਕਰਦੇ, ਉਹ ਆਪਣੇ ਜਵਾਈ ਨੂੰ ਲੈ ਕੇ ਤੁਰਦਾ ਬਣਿਆਂ। ਸ਼ਰੇਆਮ ਹੋਈ ਘੋਰ ਬੇਇੱਜ਼ਤੀ ਕਾਰਨ ਮੰਤਰੀ ਨੂੰ ਤਾਂ ਚੱਕਰ ਆਉਣ ਲੱਗ ਪਏ, ਉਸ ਨੇ ਫਟਾਫਟ ਦਫਤਰ ਤੋਂ ਨਿਕਲਣ ਦੀ ਕੀਤੀ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062

ਗੁਰੂ ਘਰ ਦਾ ਅਨਿੰਨ ਭਗਤ, ਅੱਲਾ ਯਾਰ ਖਾਨ ਯੋਗੀ

ਹਿੰਦੂਆਂ ਤੇ ਸਿੱਖਾਂ ਤੋਂ ਇਲਾਵਾ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਘਰ ਦੇ ਸੱਚੇ ਪ੍ਰੇਮੀ ਹੋਏ ਹਨ। ਇਨ੍ਹਾਂ ਵਿੱਚ ਭਾਈ ਰਾਏ ਬੁਲਾਰ ਭੱਟੀ, ਮਰਦਾਨਾ, ਸਾਈਂ ਮੀਆਂ ਮੀਰ, ਬੀਬੀ ਕੌਲਾਂ, ਪੀਰ ਬੁੱਧੂ ਸ਼ਾਹ, ਨਿਹੰਗ ਖਾਨ, ਬੀਬੀ ਮੁਮਤਾਜ਼, ਨਬੀ ਖਾਨ, ਗਨੀ ਖਾਨ ਅਤੇ ਰਾਏ ਕੱਲ੍ਹਾ ਆਦਿ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਹਨ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਇਸ ਸਾਲ 28 ਦਸੰਬਰ ਨੂੰ ਮਨਾਇਆ ਜਾਣਾ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪ੍ਰਸੰਸਕ ਅਤੇ ਕਵੀ ਅੱਲਾ ਯਾਰ ਖਾਨ ਯੋਗੀ ਨੂੰ ਯਾਦ ਕਰਨਾ ਬਣਦਾ ਹੈ।

ਬਸ ਇੱਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ।

ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਵੇਂ ਪਾਤਸ਼ਾਹ ਦੀ ਮਹਾਨਤਾ ਦਾ ਵਰਨਣ ਕਰਨ ਲੱਗਿਆਂ ਆਮ ਤੌਰ ‘ਤੇ ਸਿੱਖ ਵਿਦਵਾਨ, ਇਤਿਹਾਸਕਾਰ ਅਤੇ ਰਾਗੀ-ਢਾਡੀ ਵੀ ਅੱਲ੍ਹਾ ਯਾਰ ਖਾਨ ਯੋਗੀ ਦੇ ਦੋਹਿਆਂ ਦਾ ਸਹਾਰਾ ਲੈਂਦੇ ਹਨ। ਇਹਨਾਂ ਦਰਦ ਭਰੇ ਦੋਹਿਆਂ ਦੇ ਰਚੇਤਾ ਅੱਲ੍ਹਾ ਖਾਨ ਯੋਗੀ ਦਾ ਨਾਮ ਸਿੱਖ ਇਤਿਹਾਸ ਵਿੱਚ ਅਮਰ ਹੋ ਚੁੱਕਾ ਹੈ। ਹੋਰ ਕੋਈ ਕਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਵੇਂ ਪਾਤਸ਼ਾਹ ਦੇ ਜ਼ਿਗਰੇ ਬਾਰੇ ਏਨੇ ਕਰੁਣਾ ਰਸ ਅਤੇ ਵੇਦਨਾਮਈ ਲੈਅ ਵਿੱਚ ਕਵਿਤਾ ਨਹੀਂ ਲਿਖ ਸਕਿਆ। ਯੋਗੀ ਅੱਲ੍ਹਾ ਯਾਰ ਖਾਨ ਦਾ ਨਾਮ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਪੱਕੇ ਤੌਰ ਤੇ ਜੁੜ ਚੁੱਕਾ ਹੈ। ਉਸ ਦੇ ਜਨਮ ਦੀ ਪੱਕੀ ਤਾਰੀਖ ਮੁਹੱਈਆ ਨਹੀਂ ਹੈ। ਮੰਨਿਆਂ ਜਾਂਦਾ ਹੈ ਕਿ ਉਸਦਾ ਜਨਮ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਹੋਇਆ ਤੇ ਉਸ ਨੇ 20ਵੀਂ ਸਦੀ ਦੇ ਅੱਧ ਤੱਕ ਉਮਰ ਭੋਗੀ। ਉਸ ਨੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਉਰਦੂ ਵਿੱਚ ਦੋ ਮਰਸੀਏ (ਆਪਣੇ ਪਿਆਰਿਆਂ ਦੀ ਮੌਤ ‘ਤੇ ਬੋਲੀ ਜਾਣ ਵਾਲੀ ਕਵਿਤਾ) ਲਿਖੇ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਲਿਖੇ ‘ਗੰਜ-ਏ-ਸ਼ਹੀਦਾਂ’ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਿਖੇ ‘ਸ਼ਹੀਦਾਂ-ਏ-ਵਫਾ’ ਨਾਮਕ ਮਰਸੀਆਂ ਨੇ ਉਸ ਦਾ ਨਾਮ ਹਮੇਸ਼ਾਂ ਲਈ ਸਿੱਖ ਪੰਥ ਵਿੱਚ ਅਮਰ ਕਰ ਦਿੱਤਾ ਹੈ। ਜਦੋਂ ਵੀ ਕੋਈ ਲਿਖਾਰੀ ਸਾਕਾ ਸਰਹੰਦ ਜਾਂ ਸਾਕਾ ਚਮਕੌਰ ਬਾਰੇ ਲਿਖਦਾ ਹੈ ਤਾਂ ਯੋਗੀ ਅੱਲ੍ਹਾ ਖਾਨ ਦੇ ਦੋਹਿਆਂ ਦਾ ਹਵਾਲਾ ਦਿੱਤੇ ਬਗੈਰ ਰਚਨਾਂ ਅਧੂਰੀ ਲੱਗਦੀ ਹੈ। ਸ਼ਾਇਦ ਉਹ ਇਕੱਲਾ ਮੁਸਲਮਾਨ ਕਵੀ ਹੈ ਜਿਸ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਦੋਹੇ ਨੂੰ ਕਿਸੇ ਗੁਰਦਵਾਰੇ ਦੀ ਇਮਾਰਤ ਵਿੱਚ ਜਗ੍ਹਾ ਮਿਲੀ ਹੋਵੇ। ਉਸ ਦਾ ਹੇਠ ਲਿਖਿਆ ਦੋਹਾ ਗੁਰਦਵਾਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਦੇ ਬਰਾਮਦੇ ਵਿੱਚ ਦਰਜ਼ ਹੈ;

“ਭਟਕਤੇ ਫਿਰਤੇ ਹੈ ਕਿਉਂ? ਹਜ਼ ਕਰੇਂ ਯਹਾਂ ਆ ਕਰ,
ਯੇ ਕਾਅਬਾ ਪਾਸ ਹੈ, ਹਰ ਏਕ ਖਾਲਸਾ ਕੇ ਲੀਏ”

ਹਕੀਮ ਅੱਲ੍ਹਾ ਖਾਨ ਯੋਗੀ ਅਨਾਰਕਲੀ (ਲਾਹੌਰ) ਦਾ ਰਹਿਣ ਵਾਲਾ ਸੀ। ਉਸ ਦੇ ਪੁਰਖੇ ਦੱਖਣ ਭਾਰਤ ਦੇ ਬਾਸ਼ਿੰਦੇ ਸਨ। ਪਰ ਯੋਗੀ ਨੂੰ ਲਾਹੌਰ ਐਨਾ ਪਸੰਦ ਆਇਆ ਕਿ ਉਹ ਪੱਕੇ ਤੌਰ ਤੇ ਇਥੇ ਹੀ ਵੱਸ ਗਿਆ। ਸਮਕਾਲੀ ਵੇਰਵਿਆਂ ਮੁਤਾਬਿਕ ਉਹ ਸ਼ਾਹੀ ਅਚਕਨ ਪਹਿਨਦਾ ਸੀ, ਲੰਬਾ ਅਤੇ ਮਜ਼ਬੂਤ ਸਰੀਰ ਵਾਲਾ ਸੀ, ਛੋਟੀਆਂ ਮੁੱਛਾਂ ਤੇ ਦਾੜ੍ਹੀ ਰੱਖਦਾ ਸੀ। ਬੋਲ ਚਾਲ ਤੇ ਪਹਿਰਾਵੇ ਤੋਂ ਉਹ ਇਰਾਨੀ ਮੂਲ ਦਾ ਲੱਗਦਾ ਸੀ। ਉਸ ਦੇ ਮਰਸੀਏ ਚਮਕੌਰ ਤੇ ਸਰਹਿੰਦ ਦੇ ਦਰਦਨਾਕ ਸਾਕਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਛੋਟਾ ਜਿਹਾ ਪਰ ਗੰਭੀਰ ਯਤਨ ਹਨ। ਉਰਦੂ ‘ਤੇ ਉਸ ਦੀ ਪਕੜ ਬਹੁਤ ਮਜ਼ਬੂਤ ਹੈ ਤੇ ਉਸ ਦੀ ਸ਼ੈਲੀ ਏਨੀ ਦਰਦ ਭਰੀ ਹੈ ਕਿ ਕਵਿਤਾ ਪੜ੍ਹ ਕੇ ਬਦੋਬਦੀ ਅੱਖਾਂ ਵਿੱਚ ਵਿੱਚ ਪਾਣੀ ਆ ਜਾਂਦਾ ਹੈ। ਉਸ ਨੇ ਪਹਿਲਾ ਮਰਸੀਆ ਗੰਜ-ਏ-ਸ਼ਹੀਦਾਂ 1913 ਅਤੇ ਸ਼ਹੀਦਾਂ-ਏ-ਵਫਾ 1915 ਈ. ਦੇ ਕਰੀਬ ਲਿਖਿਆ ਸੀ। ਛੋਟੀ ਉਮਰ ਦੇ ਸਾਹਿਬਜ਼ਾਦਿਆਂ ਵੱਲੋਂ ਦਿਖਾਈ ਗਈ ਅਸਧਾਰਨ ਵੀਰਤਾ ਨੂੰ ਇਸ ਕਵਿਤਾ ਰਾਹੀਂ ਬੜੇ ਦਰਦਮਈ ਅਤੇ ਵੀਰ ਰਸ ਨਾਲ ਭਰਪੂਰ ਤਰੀਕੇ ਦੁਆਰਾ ਦਰਸਾਇਆ ਗਿਆ ਹੈ। ਜਿਸ ਕਰੂਰਤਾ ਨਾਲ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਤੇ ਜਿਸ ਬਹਾਦਰੀ ਨਾਲ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ, ਇਨ੍ਹਾਂ ਕਵਿਤਾਵਾਂ ਦਾ ਮੂਲ ਹੈ। ਇਹ ਕਵਿਤਾ ਸਿੱਧੀ ਇਨਸਾਨ ਦੇ ਦਿਲ ‘ਤੇ ਅਸਰ ਕਰਦੀ ਹੈ। ਅੱਲ੍ਹਾ ਯਾਰ ਖਾਨ ਯੋਗੀ 1920ਵਿਆਂ ਤੇ 30ਵਿਆਂ ਵਿੱਚ ਸਿੱਖ ਸਟੇਜਾਂ ਤੋਂ ਇਹ ਕਵਿਤਾਵਾਂ ਬੜੇ ਤਰੰੁਨਮ ਨਾਲ ਪੜ੍ਹਿਆ ਕਰਦਾ ਸੀ। ਉਹ ਆਪਣੇ ਜੀਵਨ ਕਾਲ ਵਿੱਚ ਹੀ ਬਹੁਤ ਮਸ਼ਹੂਰ ਹੋ ਗਿਆ ਸੀ। ਯੋਗੀ ਦਾ ਗੁਰੂ ਸਾਹਿਬ ਨਾਲ ਪਿਆਰ ਤੇ ਉਨ੍ਹਾਂ ਦੇ ਸਤਿਕਾਰ ਵਿੱਚ ਲਿਖੀਆਂ ਕਵਿਤਾਵਾਂ ਕੱਟੜ ਮੁਸਲਮਾਨਾਂ ਨੂੰ ਇਸਲਾਮ ਦੇ ਖਿਲਾਫ ਲਗਦੀਆਂ ਸਨ ਤੇ ਉਹ ਇਸ ਨੂੰ ਗੈਰ ਇਸਲਾਮੀ ਸਮਝਦੇ ਸਨ। ਉਨ੍ਹਾਂ ਨੇ ਯੋਗੀ ਨੂੰ ਕਾਫਰ ਘੋਸ਼ਿਤ ਕਰ ਦਿੱਤਾ ਤੇ 30 ਸਾਲ ਤੱਕ ਕਿਸੇ ਮਸੀਤ ਵਿੱਚ ਨਹੀਂ ਵੜਨ ਦਿੱਤਾ।
ਜਦੋਂ ਯੋਗੀ ਬਜ਼ੁਰਗ ਹੋ ਗਿਆ ਤਾਂ ਉਸ ਦਾ ਅੰਤ ਨਜ਼ਦੀਕ ਜਾਣ ਕੇ ਇੱਕ ਕਾਜ਼ੀ ਨੇ ਉਸ ਦੇ ਘਰ ਜਾ ਕੇ ਉਸ ਨੂੰ ਪ੍ਰੇਰਣ ਦੀ ਕੋਸ਼ਿਸ਼ ਕੀਤੀ, “ਯੋਗੀਆ, ਮੇਰੇ ਨਾਲ ਮਸੀਤ ਚੱਲ ਤੇ ਅੱਲ੍ਹਾ ਤੋਂ ਮਾਫੀ ਮੰਗ ਲੈ। ਤੂੰ ਸਾਰੀ ਉਮਰ ਕਾਫਰ ਬਣ ਕੇ ਕੱਢ ਦਿੱਤੀ ਏ, ਮਰਨ ਤੋਂ ਪਹਿਲਾਂ ਤਾਂ ਮੋਮਨ ਬਣ ਜਾ।” ਗੁਰੂ ਸਾਹਿਬ ਦੇ ਰੰਗ ਵਿੱਚ ਰੰਗੇ ਅੱਲ੍ਹਾ ਯਾਰ ਖਾਨ ਨੇ ਜਵਾਬ ਦਿੱਤਾ, “ਮੈਂ ਕੁਝ ਵੀ ਗਲਤ ਨਹੀਂ ਕੀਤਾ। ਮੈਂ ਤੇਰੇ ਵਰਗਿਆਂ ਵਾਸਤੇ ਕਾਫਰ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਨਹੀਂ। ਮੈਂ ਜੋ ਵੀ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਬਾਰੇ ਲਿਖਿਆ ਹੈ, ਉਹ ਬਿਲਕੁਲ ਸੱਚ ਹੈ। ਮੈਂ ਸੱਚਾਈ ਤੋਂ ਮੂੰਹ ਨਹੀਂ ਮੋੜ ਸਕਦਾ।” ਇਹ ਸੁਣ ਕੇ ਕਾਜ਼ੀ ਗੁੱਸੇ ਵਿੱਚ ਆ ਗਿਆ ਤੇ ਬੋਲਿਆ, “ਜਾ, ਤੂੰ ਕਾਫਰ ਹੀ ਮਰੇਂਗਾ ਤੇ ਜਹੱਨੁੰਮ ਵਿੱਚ ਜਾਵੇਂਗਾ।” ਯੋਗੀ ਨੇ ਹੱਸ ਕੇ ਜਵਾਬ ਦਿੱਤਾ, “ਮੈਨੂੰ ਤੇਰੇ ਬਹਿਸ਼ਤ ਦੀ ਜਰੂਰਤ ਨਹੀਂ ਹੈ। ਔਹ ਵੇਖ ਗੁਰੂ ਸਾਹਿਬ ਬਹਿਸ਼ਤਾਂ ਵਿੱਚ ਬੈਠੇ ਮੈਨੂੰ ਆਪਣੇ ਵੱਲ ਬੁਲਾ ਰਹੇ ਹਨ। ਮੈਨੂੰ ਗੁਰੂ ਸਾਹਿਬ ਦਾ ਪਿਆਰ ਚਾਹੀਦਾ ਹੈ ਤੇ ਮੈਂ ਉਨ੍ਹਾਂ ਦੇ ਸੇਵਕ ਵਜੋਂ ਹੀ ਮਰਨਾ ਚਾਹੁੰਦਾ ਹਾਂ।” ਕਾਜ਼ੀ ਅੰਟ ਸ਼ੰਟ ਬੋਲਦਾ ਆਪਣੇ ਰਾਹ ਪੈ ਗਿਆ ਤੇ ਯੋਗੀ ਨਾਸ਼ਵਾਨ ਸਰੀਰ ਤਿਆਗ ਕੇ ਆਪਣੇ ਪੀਰ-ਉ-ਮੁਰਸ਼ਦ ਦੇ ਚਰਨਾਂ ਵਿੱਚ ਜਾ ਸੱਜਿਆ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062

ਸਾਕਾ ਸਰਹਿੰਦ ਦਾ ਇੱਕ ਮਹਾਨ ਨਾਇਕ, ਦੀਵਾਨ ਟੋਡਰ ਮੱਲ

ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜ਼ਿਗਰਾਂ ਦੇ ਅੰਤਿਮ ਸੰਸਕਾਰ ਲਈ ਸੰਸਾਰ ਦੀ ਸਭ ਤੋਂ ਵੱਧ ਕੀਮਤੀ ਜ਼ਮੀਨ ਖਰੀਦੀ ਸੀ। ਇਹ ਅਦੁੱਤੀ ਕਾਰਨਾਮਾ ਕਰ ਕੇ ਉਹ ਰਾਤੋ ਰਾਤ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਿਆ। ਉਸ ਦੀ ਇਹ ਕੁਰਬਾਨੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚਾਉਣ ਵਾਲੇ ਭਾਈ ਜੈਤਾ ਤੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਹੈ। ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜਿਆਦਾ ਕੁਝ ਨਹੀਂ ਮਿਲਦਾ। ਕਈ ਵਿਦਵਾਨ ਦੀਵਾਨ ਟੋਡਰ ਮੱਲ ਸਰਹਿੰਦੀ ਨੂੰ ਅਕਬਰ ਦਾ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਹੋਣ ਬਾਰੇ ਭੁਲੇਖਾ ਖਾ ਜਾਂਦੇ ਹਨ। ਦੋਵਾਂ ਦੇ ਜੀਵਨ ਕਾਲ ਵਿੱਚ ਕਰੀਬ 125 ਸਾਲ ਦਾ ਫਰਕ ਹੈ। ਮੰਨਿਆਂ ਜਾਂਦਾ ਹੈ ਕਿ ਉਹ ਜ਼ਾਤ ਦਾ ਜੈਨ ਖੱਤਰੀ ਸੀ ਤੇ ਗੁਰੂ ਘਰ ਦਾ ਅਤਿਅੰਤ ਸ਼ਰਧਾਲੂ ਸੀ। ਉਹ ਉਸ ਵੇਲੇ ਸਰਹਿੰਦ ਸੂਬੇ ਦਾ ਇੱਕ ਸਭ ਤੋਂ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਸੀ। ਪਟਿਆਲਾ ਸਟੇਟ ਗਜ਼ਟੀਅਰ ਦੇ ਮੁਤਾਬਕ ਉਸ ਦਾ ਜੱਦੀ ਪਿੰਡ ਕਾਕੜਾ ਸੀ ਜੋ ਸਮਾਣਾ-ਪਟਿਆਲਾ ਸੜਕ ‘ਤੇ ਸਥਿੱਤ ਹੈ ਤੇ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵੱਸ ਗਏ ਸਨ। ਉਸ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ ਸ਼ੌਕਤ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਮਹਿਲ ਦੇ ਬਿਲਕੁਲ ਨਜ਼ਦੀਕ ਸੀ।

ਸੰਨ 13 ਦਸੰਬਰ 1704 ਈ. ਨੂੰ ਵਜ਼ੀਰ ਖਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸ ਅਨੁਸਾਰ ਇਸ ਕਾਂਡ ਵਿੱਚ ਦੀਵਾਨ ਸੁੱਚਾ ਨੰਦ ਨੇ ਬਹੁਤ ਘਟੀਆ ਅਤੇ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਬਹੁਤ ਸ਼ਲਾਘਾ ਯੋਗ ਕਿਰਦਾਰ ਨਿਭਾਇਆ ਸੀ। ਹੋ ਸਕਦਾ ਹੈ ਕਿ ਗੁਰੂ ਘਰ ਦੇ ਪ੍ਰੇਮੀ ਦੀਵਾਨ ਟੋਡਰ ਮੱਲ ਅਤੇ ਹੋਰ ਪਤਵੰਤਿਆਂ ਨੇ ਵੀ ਵਜ਼ੀਰ ਖਾਨ ਨੂੰ ਸਮਝਾਇਆ ਹੋਵੇ, ਪਰ ਪੱਥਰ ਦਿਲ ਸੂਬੇਦਾਰ ਨੇ ਕਿਸੇ ਦੀ ਨਾ ਸੁਣੀ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਤੋਂ ਬਾਅਦ ਡਰਦੇ ਮਾਰੇ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਅੰਤਿਮ ਸੰਸਕਾਰ ਕਰ ਸਕੇ। ਉਸ ਵੇਲੇ ਸਰਹਿੰਦ ਵਿੱਚ ਹਿੰਦੂ ਵੱਡੀ ਗਿਣਤੀ ਵਿੱਚ ਵੱਸਦੇ ਸਨ ਤੇ ਉਥੇ ਹਿੰਦੂਆਂ ਦੇ ਕਈ ਸ਼ਮਸ਼ਾਨ ਘਾਟ ਵੀ ਮੌਜੂਦ ਸਨ। ਫਿਰ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਉਥੇ ਕਿਉਂ ਨਾ ਕੀਤਾ ਗਿਆ? ਕਿਉਂ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਖਰੀਦਣੀ ਪਈ? ਲੱਗਦਾ ਹੈ ਕਿ ਸੂਬੇਦਾਰ ਦਾ ਦਿਲ ਗੁਰੂਘਰ ਪ੍ਰਤੀ ਨਫਰਤ ਨਾਲ ਐਨਾ ਭਰਿਆ ਹੋਇਆ ਸੀ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ। ਉਹ ਸ਼ਾਇਦ ਪਵਿੱਤਰ ਦੇਹਾਂ ਦਾ ਵੀ ਅਪਮਾਨ ਕਰਨਾ ਚਾਹੁੰਦਾ ਸੀ। ਉਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਿਸੇ ਸ਼ਮਸ਼ਾਨ ਘਾਟ ਵਿੱਚ ਨਾ ਕੀਤਾ ਜਾਵੇ। ਇਹ ਵੀ ਹੋ ਸਕਦਾ ਹੈ ਕਿ ਜਦੋਂ ਦੀਵਾਨ ਟੋਡਰ ਮੱਲ ਨੇ ਤਰਲੇ ਮਿੰਨਤਾਂ ਕਰ ਕੇ ਦੇਹਾਂ ਪ੍ਰਾਪਤ ਕੀਤੀਆਂ ਹੋਣ ਤਾਂ ਕਿਸੇ ਸੁੱਚਾ ਨੰਦ ਵਰਗੇ “ਸਿਆਣੇ” ਨੇ ਸੂਬੇਦਾਰ ਨੂੰ ਸਲਾਹ ਦਿੱਤੀ ਹੋਵੇ ਕਿ ਸੇਠ ਕੋਲ ਬਹੁਤ ਪੈਸਾ ਹੈ, ਜੇ ਉਸ ਨੇ ਅੰਤਿਮ ਸੰਸਕਾਰ ਕਰਨਾ ਹੈ ਤਾਂ ਉਸ ਨੂੰ ਜਗ੍ਹਾ ਖਰੀਦਣੀ ਚਾਹੀਦੀ ਹੈ। ਇਸ ਲਈ ਲੱਗਦਾ ਕਿ ਸੂਬੇਦਾਰ ਨੇ ਉਸ ਨੂੰ ਸ਼ਰਤਾਂ ਅਧੀਨ ਹੀ ਦੇਹਾਂ ਦਿੱਤੀਆਂ ਹੋਣਗੀਆਂ।

ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿੰੰਮੀਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿੰਮੀਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਰਾਜ਼ੀ ਹੋ ਗਿਆ। ਪਰ ਉਸ ਨੇ ਵੀ ਰੱਜ ਕੇ ਦੀਵਾਨ ਦੀ ਮਜ਼ਬੂਰੀ ਦਾ ਫਾਇਦਾ ਉਠਾਇਆ। ਉਸ ਨੇ ਸ਼ਰਤ ਰੱਖੀ ਕਿ ਜੇ ਜ਼ਮੀਨ ਚਾਹੀਦੀ ਹੈ ਤਾਂ ਉਸ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਈ ਤਾਂ ਕਹਿੰਦੇ ਹਨ ਕਿ ਉਸ ਨੇ ਸੋਨੇ ਦੇ ਸਿੱਕੇ ਖੜੇ ਕਰ ਕੇ ਕੀਮਤ ਲਈ ਸੀ। ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ (10 ਗ੍ਰਾਮ) ਹੁੰਦਾ ਸੀ। ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਘੱਟੋ ਘੱਟ 2 ਣ 2 ਮੀਟਰ ਅਤੇ ਮਾਤਾ ਜੀ ਲਈ 2 ਣ 1.5 ਮੀਟਰ ਦੇ ਕਰੀਬ ਜਗ੍ਹਾ ਖਰੀਦੀ ਗਈ ਹੋਵੇਗੀ। ਇਸ ਲਈ ਕਰੀਬ 7800 ਅਸ਼ਰਫੀਆਂ (78 ਕਿੱਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ। ਜੇ ਅਸ਼ਰਫੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫੀਆਂ (780 ਕਿੱਲੋ ਸੋਨਾ) ਵਿਛਾਉਣੀਆਂ ਪਈਆਂ ਹੋਣਗੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿੱਚ ਲੱਗ ਗਈ ਤੇ ਘਰ ਬਾਰ ਗਹਿਣੇ ਪੈ ਗਿਆ ਹੋਵੇਗਾ। ਪਰ ਉਸ ਮਹਾਨ ਇਨਸਾਨ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਆਪਣੇ ਵਿਸ਼ਵਾਸ਼ ਨੂੰ ਡੋਲਣ ਨਾ ਦਿੱਤਾ। ਉਸ ਨੇ ਆਪਣਾ ਸਭ ਕੁਝ ਦਾਅ ‘ਤੇ ਲਗਾ ਕੇ ਵੀ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਈ 1710 ਈ. ਵਿੱਚ ਸਰਹਿੰਦ ਫਤਿਹ ਕੀਤੀ ਤਾਂ ਉਨ੍ਹਾਂ ਨੂੰ ਵੀ ਦੀਵਾਨ ਟੋਡਰ ਮੱਲ ਦੀ ਇਸ ਕੁਰਬਾਨੀ ਬਾਰੇ ਪਤਾ ਸੀ। ਦੀਵਾਨ ਟੋਡਰ ਮੱਲ ਦੇ ਘਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ।

ਸੂਬਾ ਸਰਹਿੰਦ ਵਜ਼ੀਰ ਖਾਨ ਬਹੁਤ ਹੀ ਜ਼ਾਲਮ, ਬੇਰਹਿਮ ਤੇ ਪਾਪੀ ਕਿਸਮ ਦਾ ਇਨਸਾਨ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ ਇਸ ਕਾਰਨ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਸ ਨੇ ਮਾਤਾ ਗੁਜ਼ਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਡੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਸ ਦੀ ਹੁਕਮ ਅਦੂਲੀ ਕਰ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਕਰੇ? ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ “ਗੁਨਾਹ” ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ ਦੀਵਾਨ ‘ਤੇ ਟੁੱਟ ਪਿਆ। ਉਸ ਨੇ ਦੀਵਾਨ ਟੋਡਰ ਮੱਲ ਨੂੰ ਬਿਲਕੁਲ ਬਰਬਾਦ ਕਰ ਦਿੱਤਾ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਜੰਮਿਆਂ ਜਮਾਇਆ ਘਰ ਬਾਰ ਅਤੇ ਕਾਰੋਬਾਰ ਛੱਡ ਕੇ ਇਤਿਹਾਸ ਦੇ ਹਨੇਰਿਆਂ ਵਿੱਚ ਗੁੰਮ ਹੋ ਜਾਣਾ ਪਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਜਾਂ ਉਸ ਦੇ ਆਖਰੀ ਦਿਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਉਸ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ‘ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ। ਕਿਸੇ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਜਾਂ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਲਾਵਾਰਿਸ ਪਈ ਹਵੇਲੀ ਹੌਲੀ ਹੌਲੀ ਵਕਤ ਦੇ ਥਪੇੜਿਆਂ ਅਤੇ ਨਜਾਇਜ਼ ਕਬਜਿਆਂ ਕਾਰਨ ਢਹਿਣ ਲੱਗ ਪਈ। ਹੁਣ ਇੱਕ ਬਹੁਤ ਹੀ ਵਧੀਆ ਉਪਰਾਲੇ ਹੇਠ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਹਾਜ਼ ਹਵੇਲੀ ਦੀ ਮੁਰੰਮਤ ਦਾ ਬੀੜਾ ਚੁੱਕਿਆ ਹੈ। ਮਾਹਰ ਕਾਰੀਗਰ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਅਤਿ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਮੁੜ ਉਸਾਰੀ ਕਰ ਰਹੇ ਹਨ।

ਸਿੱਖ ਪੰਥ ਵਿੱਚ ਦੀਵਾਨ ਟੋਡਰ ਮੱਲ ਦਾ ਬਹੁਤ ਸਤਿਕਾਰ ਹੈ। ਉਸ ਦੀ ਯਾਦ ਵਿੱਚ ਗੁਰਦਵਾਰਾ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਬਹੁਤ ਵਿਸ਼ਾਲ ਦੀਵਾਨ ਟੋਡਰ ਮੱਲ ਦੀਵਾਨ ਹਾਲ ਬਣਿਆ ਹੋਇਆ ਹੈ। ਗੁਰਦਵਾਰਾ ਫਤਿਹਗੜ੍ਹ ਸਾਹਿਬ ਅਤੇ ਗੁਰਦਵਾਰਾ ਜੋਤੀ ਸਰੂਪ ਵਿਚਾਲੜੀ ਸੜਕ ਦਾ ਨਾਮ ਦੀਵਾਨ ਟੋਡਰ ਮੱਲ ਮਾਰਗ ਹੈ। ਜੀ.ਟੀ ਰੋਡ ਤੋਂ ਸਰਹਿੰਦ ਨੂੰ ਆਉਣ ਵਾਲੀ ਸੜਕ ‘ਤੇ ਇੱਕ ਸ਼ਾਨਦਾਰ ਦੀਵਾਨ ਟੋਡਰ ਮੱਲ ਸਵਾਗਤੀ ਦੁਆਰ ਵੀ ਉਸਾਰਿਆ ਗਿਆ ਹੈ। ਇਹ ਅਤਿਅੰਤ ਜਰੂਰੀ ਹੈ ਕਿ ਇਤਿਹਾਸਕਾਰ ਦੀਵਾਨ ਟੋਡਰ ਮੱਲ ਵਰਗੇ ਮਹਾਨ ਇਨਸਾਨ ਦੇ ਵਾਰਸਾਂ ਬਾਰੇ ਖੋਜ ਕਰ ਕੇ ਉਨ੍ਹਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ। ਇਹ ਉਸ ਨੇਕ ਇਨਸਾਨ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062

ਫੌਜ ਦੀ ਮਰਜ਼ੀ ਤੋਂ ਬਗੈਰ ਨਹੀਂ ਬਣ ਸਕਦਾ ਕੋਈ ਪਾਕਿਸਤਾਨ ਦਾ ਪ੍ਰਧਾਨ ਮੰਤਰੀ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਾਰਲੀਮੈਂਟ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ ਜੋ ਅਗਲੇ ਸਾਲ 8 ਫਰਵਰੀ ਨੂੰ ਹੋਣਗੀਆਂ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ. ਬਿਲਾਵਲ ਜ਼ਰਦਾਰੀ), ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ (ਪੀ.ਟੀ.ਆਈ. ਇਮਰਾਨ ਖਾਨ) ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ. ਨਵਾਜ਼ ਸ਼ਰੀਫ) ਆਦਿ ਨੇ ਚੁਣਾਵੀ ਜੰਗ ਦੇ ਬਿਗਲ ਵਜਾ ਦਿੱਤੇ ਹਨ। ਪਾਕਿਸਤਾਨ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬਣਨਾ ਹੈ ਕਿਉਂਕਿ ਫਿਲਹਾਲ ਫੌਜ ਦਾ ਹੱਥ ਉਸ ਦੇ ਸਿਰ ‘ਤੇ ਹੈ। ਉਸ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦਰਜ਼ਨਾਂ ਕੇਸ ਦਰਜ਼ ਸਨ ਜਿਸ ਕਾਰਨ ਉਸ ਨੂੰ ਸਾਊਦੀ ਅਰਬ ਤੇ ਬਾਅਦ ਵਿੱਚ ਇੰਗਲੈਂਡ ਭੱਜਣਾ ਪਿਆ ਸੀ। ਹੁਣ 21 ਅਕਤੂਬਰ ਨੂੰ ਉਹ ਵਾਪਸ ਆ ਚੁੱਕਾ ਹੈ ਤੇ ਫੌਜ ਦੀ ਕ੍ਰਿਪਾ ਨਾਲ ਅਦਾਲਤਾਂ ਉਸ ਨੂੰ ਧੜਾ ਧੜ ਬਰੀ ਕਰ ਰਹੀਆਂ ਹਨ। ਉਮੀਦ ਹੈ ਕਿ ਦਸੰਬਰ ਦੇ ਅਖੀਰ ਤੱਕ ਉਸ ਨੂੰ ਕਾਨੂੰਨੀ ਤੌਰ ‘ਤੇ ਬਿਲਕੁਲ ਪਾਕ ਸਾਫ ਤੇ ਪਾਕਿਸਤਾਨ ਦਾ ਸਭ ਤੋਂ ਇਮਾਨਦਾਰ ਸਿਆਸਤਦਾਨ ਘੋਸ਼ਿਤ ਕਰ ਦਿੱਤਾ ਜਾਵੇਗਾ। ਨਵਾਜ਼ ਸ਼ਰੀਫ ਦੀ ਮੌਜੂਦਾ ਸਿਆਸੀ ਹੈਸੀਅਤ ਵੇਖ ਕੇ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਵੀ ਉਸ ਦੇ ਖੇਮੇ ਵਿੱਚ ਆ ਚੁੱਕੀਆਂ ਹਨ। ਨਵਾਜ਼ ਸ਼ਰੀਫ ਪਾਕਿਸਤਾਨ ਦਾ ਸਭ ਤੋਂ ਲੰਬਾ ਸਮਾਂ (9 ਸਾਲ) ਪ੍ਰਧਾਨ ਮੰਤਰੀ ਰਿਹਾ ਹੈ। ਉਹ ਤਿੰਨ ਵਾਰ ਪ੍ਰਧਾਨ ਮੰਤਰੀ ਬਣਿਆਂ ਪਰ ਕਦੇ ਵੀ ਪੰਜ ਸਾਲ ਪੂਰੇ ਨਹੀਂ ਕਰ ਸਕਿਆ।

ਫੌਜ ਨੇ ਨਵਾਜ਼ ਸ਼ਰੀਫ ਦੀ ਇਮਦਾਦ ਕਰਨ ਦੇ ਇਵਜ਼ਾਨੇ ਵਜੋਂ ਦੋ ਸ਼ਰਤਾਂ ਰੱਖੀਆਂ ਹਨ। ਪਹਿਲੀ ਕਿ ਉਹ ਫੌਜ ਦੀ ਸਰਵਉੱਚਤਾ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖੇਗਾ ਤੇ ਨਾ ਹੀ ਉਸ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਵੇਗਾ। ਦੂਸਰੀ ਕਿ ਉਹ ਪਾਕਿਸਤਾਨ ਦੀ ਗਰਕ ਚੁੱਕੀ ਆਰਥਿਕ ਹਾਲਤ ਨੂੰ ਮੁੜ ਲੀਹਾਂ ‘ਤੇ ਲਿਆਵੇਗਾ ਪਰ ਫੌਜ ਦੀ ਵਪਾਰਿਕ ਸਲਤਨਤ ਤੇ ਉਸ ਦੇ ਚਹੇਤੇ ਧਨਾਡਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏ ਬਗੈਰ। ਅਸਲ ਵਿੱਚ ਨਵਾਜ਼ ਸ਼ਰੀਫ ਫੌਜ ਦੀ ਹੀ ਪੈਦਾਇਸ਼ ਹੈ ਕਿਉਂਕਿ ਜਨਰਲ ਜ਼ਿਆ ਉੱਲ ਹੱਕ ਉਸ ਨੂੰ ਸਿਆਸਤ ਵਿੱਚ ਲੈ ਕੇ ਆਇਆ ਸੀ। ਜ਼ਿਆ ਨੇ ਉਸ ਨੂੰ 1981 ਵਿੱਚ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਸੀ ਤੇ 1985 ਵਿੱਚ ਪੰਜਾਬ ਦਾ ਮੁੱਖ ਮੰਤਰੀ। ਉਸ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਹੁਣ ਉਸ ਦੇ ਭਰਾ ਸ਼ਾਹਬਾਜ਼ ਸ਼ਰੀਫ (ਸਾਬਕਾ ਪ੍ਰਧਾਨ ਮੰਤਰੀ) ਤੇ ਬੇਟੀ ਮਰੀਅਮ ਸ਼ਰੀਫ (ਸਾਬਕਾ ਮੰਤਰੀ) ਸਮੇਤ ਕਰੀਬ ਕਰੀਬ ਅੱਧਾ ਪਰਿਵਾਰ ਸਿਆਸਤ ਵਿੱਚ ਹੈ। ਫੌਜ ਨਾਲ ਉਸ ਦਾ ਹੋਇਆ ਗੱਠਜੋੜ ਇਸ ਗੱਲ ਤੋਂ ਸਾਹਮਣੇ ਆਉਂਦਾ ਹੈ ਕਿ ਜਦੋਂ ਉਹ ਲੰਡਨ ਵਿਖੇ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਤਾਂ ਉਸ ਨੇ ਕਈ ਵਾਰ ਖੁਲ੍ਹ ਕੇ ਪਾਕਿਸਤਾਨੀ ਫੌਜ ਦੀ ਨੁਕਤਾਚੀਨੀ ਕੀਤੀ ਸੀ। ਉਸ ਨੇ ਐਲਾਨ ਕੀਤਾ ਸੀ ਕਿ ਜੇ ਉਸ ਦੀ ਪਾਰਟੀ ਮੁੜ ਸੱਤਾ ਵਿੱਚ ਆਈ ਤਾਂ ਸਾਬਕਾ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਅਤੇ ਪਾਕਿਸਤਾਨ ਦੀ ਸਰਵ ਸ਼ਕਤੀਮਾਨ ਖੁਫੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਡਾਇਰੈਕਟਰ ਜਨਰਲ ਫੈਜ਼ ਹਮੀਦ ਦੇ ਖਿਲਾਫ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਹਾਈ ਕੋਰਟ ਦੇ ਜੱਜ ਰਾਹੀਂ ਜਾਂਚ ਕਰਵਾਈ ਜਾਵੇਗੀ। ਪਰ ਆਪਣੇ ਭਰਾ ਸ਼ਾਹਬਾਜ਼ ਸ਼ਰੀਫ ਤੇ ਹੋਰ ਸੀਨੀਅਰ ਪਾਰਟੀ ਲੀਡਰਾਂ ਦੇ ਸਮਝਾਉਣ ‘ਤੇ ਹੁਣ ਉਹ ਇਸ ਬਿਆਨ ਤੋਂ ਮੁੱਕਰ ਗਿਆ ਹੈ।

ਪਰ ਫੌਜ ਨਾਲ ਪਿਛਲੇ ਸਮੇਂ ਵਿੱਚ ਰਹੇ ਵਿਵਾਦਾਂ ਕਾਰਨ ਇਹ ਲੱਗਦਾ ਨਹੀਂ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਲੰਬਾ ਸਮਾਂ ਫੌਜ ਦੇ ਹੁਕਮਾਂ ਅਨੁਸਾਰ ਚੱਲੇਗਾ। ਪਾਕਿਸਤਾਨ ਦੀ ਆਰਥਿਕ ਬਰਬਾਦੀ ਦਾ ਮੁੱਖ ਕਾਰਨ ਉਸ ਵੱਲੋਂ ਭਾਰਤ ਨਾਲ ਬਿਨਾਂ ਵਜ੍ਹਾ ਵਿਗਾੜੇ ਹੋਏ ਸਬੰਧ ਹਨ, ਜਿਸ ਕਾਰਨ ਉਸ ਨੂੰ ਆਪਣੀ ਔਕਾਤ ਤੋਂ ਵੱਧ ਹਥਿਆਰਾਂ ‘ਤੇ ਖਰਚਾ ਕਰਨਾ ਪੈਂਦਾ ਤੇ ਭੀਖ ਦਾ ਕਟੋਰਾ ਲੈ ਕੇ ਇੰਟਰਨੈਸ਼ਨਲ ਮਾਨੀਟਰੀ ਫੰਡ, ਅਮਰੀਕਾ ਤੇ ਸਾਊਦੀ ਅਰਬ ਵੱਲ ਭੱਜਣਾ ਪੈਂਦਾ ਹੈ। ਭਾਰਤ ਨਾਲ ਦੁਵੱਲਾ ਵਪਾਰ ਕਰ ਕੇ ਪਾਕਿਸਤਾਨ ਅਰਾਮ ਨਾਲ ਆਪਣੇ ਹਾਲਾਤ ਸੁਧਾਰ ਸਕਦਾ ਹੈ। ਆਪਣੇ ਭਾਸ਼ਣਾਂ ਵਿੱਚ ਨਵਾਜ਼ ਸ਼ਰੀਫ ਭਾਰਤ ਨਾਲ ਸਬੰਧ ਸੁਧਾਰਨ ਬਾਰੇ ਗੱਲ ਕਰਦਾ ਹੈ। ਉਸ ਦੀ ਸੋਚ ਇਹ ਲੱਗਦੀ ਹੈ ਕਿ ਇਸ ਨਾਲ ਇੱਕ ਤਾਂ ਦੇਸ਼ ਵਿੱਚ ਖੁਸ਼ਹਾਲੀ ਆਵੇਗੀ ਤੇ ਦੂਸਰਾ ਭਾਰਤ ਨਾਲ ਦੁਸ਼ਮਣੀ ਘਟਣ ਕਾਰਨ ਫੌਜ ਵੀ ਮਹੱਤਵਹੀਣ ਹੋ ਕੇ ਕਮਜ਼ੋਰ ਹੋ ਜਾਵੇਗੀ। ਪਾਕਿਸਤਾਨੀ ਫੌਜ ਕੋਲ ਆਮ ਲੋਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਦਾ ਸਭ ਤੋਂ ਵੱਡਾ ਹਥਿਆਰ ਕਾਲਪਨਿਕ ਭਾਰਤੀ ਹਮਲੇ ਦਾ ਹਊਆ ਤੇ ਕਸ਼ਮੀਰ ਮਸਲਾ ਹਨ।

ਪਰ ਨਵਾਜ਼ ਸ਼ਰੀਫ 2024 ਦੀ ਚੋਣ ਜਿੱਤ ਪਾਉਂਦਾ ਹੈ ਕਿ ਨਹੀਂ, ਫਿਲਹਾਲ ਫੌਜ ਦੇ ਹੱਥ ਵਿੱਚ ਹੈ। ਨਵਾਜ਼ ਸ਼ਰੀਫ ਪਾਕਿਸਤਾਨ ਵਿੱਚ ਮੈਗਾ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਵਾਲਾ ਪ੍ਰਧਾਨ ਮੰਤਰੀ ਮੰਨਿਆਂ ਜਾਂਦਾ ਹੈ। ਚੀਨ – ਪਾਕਿਸਤਾਨ ਆਰਥਿਕ ਕਾਰੀਡੋਰ ਇਸ ਦੀ ਇੱਕ ਮਿਸਾਲ ਹੈ। ਉਸ ਦੇ ਇਨ੍ਹਾਂ ਕੰਮਾਂ ਕਾਰਨ ਅਸਥਾਈ ਆਰਥਿਕ ਵਿਕਾਸ ਤਾਂ ਜਰੂਰ ਹੋਇਆ ਸੀ ਪਰ ਨਾਲ ਹੀ ਦੇਸ਼ ਕਰਜੇ ਦੇ ਬੋਝ ਹੇਠ ਦੱਬਿਆ ਗਿਆ ਤੇ ਹੁਣ ਦੀਵਾਲੀਆ ਹੋਣ ਦੇ ਕਗਾਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਉਹ ਖੁਦ ਦੇਸ਼ ਦੇ ਚੋਟੀ ਦੇ ਅਮੀਰਾਂ ਵਿੱਚ ਆਉਂਦਾ ਹੈ। ਇਸ ਕਾਰਨ ਆਪਣੇ ਸਾਬਕਾ ਕਾਰਜ ਕਾਲਾਂ ਦੌਰਾਨ ਉਸ ਨੇ ਅਮੀਰਾਂ ‘ਤੇ ਟੈਕਸ ਵਧਾ ਕੇ ਦੇਸ਼ ਦਾ ਖਜ਼ਾਨਾ ਭਰਨ ਦੀ ਬਜਾਏ ਤੇਲ ਗੈਸ ਆਦਿ ਜਰੂਰੀ ਵਸਤੂਆਂ ਦੀਆਂ ਕੀਮਤਾਂ ਵਧਾ ਕੇ ਗਰੀਬਾਂ ਦਾ ਖੂਨ ਚੂਸਣ ਨੂੰ ਪਹਿਲ ਦਿੱਤੀ ਸੀ।

ਫਿਲਹਾਲ ਨਵਾਜ਼ ਸ਼ਰੀਫ ਲਈ ਦਿੱਲੀ ਦੂਰ ਹੈ ਕਿਉਂਕਿ ਉਸ ਦੇ ਰਸਤੇ ਵਿੱਚ ਹਾਲੇ ਵੀ ਅਨੇਕਾਂ ਕਾਨੂੰਨੀ ਅੜਿੱਚਣਾਂ ਮੌਜੂਦ ਹਨ। ਸੁਪਰੀਮ ਕੋਰਟ ਨੇ ਸੰਨ 2018 ਵਿੱਚ ਉਸ ‘ਤੇ ਜ਼ਿੰਦਗੀ ਭਰ ਲਈ ਚੋਣ ਲੜਨ ‘ਤੇ ਪਾਬੰਦੀ ਲਗਾਈ ਹੋਈ ਹੈ। ਫੌਜ ਚਾਹੁੰਦੀ ਹੈ ਕਿ ਉਹ ਇਮਰਾਨ ਖਾਨ ਦੀ ਲੋਕਪ੍ਰਿਯਤਾ ਦਾ ਮੁਕਾਬਲਾ ਕਰਨ ਲਈ ਕੋਈ ਸਟੀਕ ਯੋਜਨਾ ਤਿਆਰ ਕਰੇ ਕਿਉਂਕਿ ਇਮਰਾਨ ਖਾਨ ਜਦੋਂ ਦਾ ਜੇਲ੍ਹ ਗਿਆ ਹੈ, ਹੋਰ ਪ੍ਰਸਿੱਧ ਹੋ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਪੁਰਾਣੇ ਰਿਕਾਰਡ ਨੂੰ ਵੇਖਦੇ ਹੋਏ ਹੋ ਸਕਦਾ ਹੈ ਕਿ ਫੌਜ ਉਸ ਦੀ ਬਜਾਏ ਉਸ ਦੇ ਭਰਾ ਸ਼ਾਹਬਾਜ਼ ਸ਼ਰੀਫ ਨੂੰ ਅੱਗੇ ਕਰ ਦੇਵੇ। ਇਸ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਮੁਸ਼ਕਿਲਾਂ ਹਨ ਜਿਨ੍ਹਾਂ ਦੇ ਹੱਲ ਕੱਢਣ ਲਈ ਉਸ ਨੂੰ ਸਖਤ ਮਿਹਨਤ ਕਰਨੀ ਪੈਣੀ ਹੈ। ਸਭ ਤੋਂ ਪਹਿਲਾਂ ਤਾਂ ਉਸ ਨੂੰ ਨੌਜਵਾਨ ਪੀੜ੍ਹੀ ਦਾ ਦਿਲ ਜਿੱਤਣਾ ਹੋਵੇਗਾ ਜੋ ਇਮਰਾਨ ਖਾਨ ਨੂੰ ਚਾਹੁੰਦੀ ਹੈ ਤੇ ਪੁਰਾਣੇ ਘਾਗ ਲੀਡਰਾਂ ਦੀ ਸ਼ਕਲ ਵੀ ਵੇਖਣਾ ਪਸੰਦ ਨਹੀਂ ਕਰਦੀ। ਇਸ ਤੋਂ ਇਲਾਵਾ ਉਸ ‘ਤੇ ਫੌਜ ਦਾ ਲਾਡਲਾ ਤੇ ਝੋਲੀ ਚੁੱਕ ਹੋਣ ਦਾ ਜੋ ਦਾਗ ਲੱਗ ਗਿਆ ਹੈ, ਉਹ ਵੀ ਧੋਣਾ ਹੋਵੇਗਾ।

ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਨੂੰ ਵੀ ਚੋਣ ਦੰਗਲ ਵਿੱਚੋਂ ਅਜੇ ਪੂਰੀ ਤਰਾਂ ਬਾਹਰ ਨਹੀਂ ਸਮਝਿਆ ਜਾ ਸਕਦਾ। ਇਹ ਪਾਰਟੀ ਫਿਲਹਾਲ ਅਪੰਗ ਹੈ ਕਿਉਂਕਿ ਇਸ ਦੇ ਜਿਆਦਾਤਰ ਸੀਨੀਅਰ ਲੀਡਰ ਫੌਜ ਤੋਂ ਡਰਦੇ ਮਾਰੇ ਜਾਂ ਤਾਂ ਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਹਨ ਜਾਂ ਸੱਚੇ ਝੂਠੇ ਮੁਕੱਦਮਿਆਂ ਕਾਰਨ ਜੇਲ੍ਹਾਂ ਵਿੱਚ ਠੂਸ ਦਿੱਤੇ ਗਏ ਹਨ। ਇਮਰਾਨ ਖਾਨ ਦੇ ਵੀ 8 ਫਰਵਰੀ ਤੱਕ ਜੇਲ੍ਹ ਵਿੱਚੋਂ ਰਿਹਾਅ ਹੋਣ ਦੀ ਉਮੀਦ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ 2018 ਦੀਆਂ ਚੋਣਾਂ ਵੇਲੇ ਫੌਜ ਦੀਆਂ ਅੱਖਾਂ ਦਾ ਤਾਰਾ ਇਮਰਾਨ ਖਾਨ ਇਸ ਵੇਲੇ ਉਸ ਦਾ ਦੁਸ਼ਮਣ ਨੰਬਰ ਇੱਕ ਹੈ। ਇਸ ਸਮੇਂ ਉਸ ਕੋਲ ਨਾ ਤਾਂ ਚੋਣ ਲੜਨ ਲਈ ਪੂਰੇ ਸਾਧਨ ਹਨ ਤੇ ਨਾ ਹੀ ਚੰਗੇ ਉਮੀਦਵਾਰ ਬਚੇ ਹਨ ਜੋ ਨਵਾਜ਼ ਸ਼ਰੀਫ ਤੇ ਪੀ ਪੀ ਪੀ ਨੂੰ ਫਸਵੀਂ ਟੱਕਰ ਦੇ ਸਕਣ। ਫੌਜ ਦੇ ਡਰ ਕਾਰਨ ਹੋ ਸਕਦਾ ਹੈ ਕਿ ਇਸ ਦੇ ਬਹੁਤੇ ਸਮਰਥਕ ਚੋਣਾਂ ਵੇਲੇ ਘਰ ਬੈਠਣ ਨੂੰ ਹੀ ਤਰਜ਼ੀਹ ਦੇਣ। ਇਹ ਵੀ ਸੱਚ ਹੈ ਕਿ ਇਮਰਾਨ ਖਾਨ ਨੂੰ ਤਬਾਹ ਕਰਨ ਖਾਤਰ ਗੱਠਜੋੜ ਕਰਨ ਵਾਲੀ ਫੌਜ, ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਹੁਣ ਆਪੋ ਆਪਣੀ ਡਫਲੀ ਵਜਾ ਰਹੇ ਹਨ ਤੇ ਇੱਕ ਦੂਸਰੇ ਨੂੰ ਠਿੱਬੀ ਲਗਾਉਣ ਦੀ ਸਿਰ ਤੋੜ ਕੋਸ਼ਿਸ਼ ਕਰ ਰਹੇ ਹਨ। ਸਿੰਧ ਸੂਬੇ ਵਿੱਚ ਪੀਪਲਜ਼ ਪਾਰਟੀ ਦਾ 1967 ਤੋਂ ਹੀ ਇਕਛਤਰ ਰਾਜ ਚੱਲ ਰਿਹਾ ਹੈ। ਪਰ ਹੁਣ ਉਹ ਸਭ ਤੋਂ ਵੱਧ ਸੀਟਾਂ ਵਾਲੇ ਸੂਬੇ ਪੰਜਾਬ ਵਿੱਚ ਵੀ ਦੁਬਾਰਾ ਪੈਰ ਜਮਾਉਣ ਦੀ ਕੋਸ਼ਿਸ਼ ਵਿੱਚ ਹੈ ਕਿਉਂਕਿ ਸ਼ਾਹਬਾਜ਼ ਸ਼ਰੀਫ ਨੇ ਆਪਣੇ ਛੋਟੇ ਜਿਹੇ ਪ੍ਰਧਾਨ ਮੰਤਰੀ ਕਾਲ (11 ਅਪਰੈਲ 2022 ਤੋਂ 13 ਅਗਸਤ 2023) ਵਿੱਚ ਹੀ ਮੂਰਖਾਨਾ ਆਰਿਥਕ ਨੀਤੀਆਂ ਕਾਰਨ ਦੇਸ਼ ਦੀ ਅੱਧੀ ਤੋਂ ਵੱਧ ਜਨਤਾ ਨੂੰ ਮੁਸਲਿਮ ਲੀਗ ਦੇ ਖਿਲਾਫ ਕਰ ਲਿਆ ਹੈ।

ਇਸ ਵੇਲੇ ਪਾਕਿਸਤਾਨ ਵਿੱਚ ਕੋਈ ਵੀ ਪਾਰਟੀ ਬਹੁਮੱਤ ਲੈਂਦੀ ਦਿਖਾਈ ਨਹੀਂ ਦੇ ਰਹੀ। ਫੌਜ ਵੀ ਇਹ ਚਾਹੁੰਦੀ ਹੈ ਲੰਗੜੀ ਪਾਰਲੀਮੈਂਟ ਬਣੇ ਤਾਂ ਜੋ ਉਹ ਛੋਟੀਆਂ ਪਾਰਟੀਆਂ ਦੇ ਜਿੱਤੇ ਹੋਏ ਉਮੀਦਵਾਰਾਂ ਦੀ ਮਦਦ ਨਾਲ ਆਪਣੀ ਮਨਮਰਜ਼ੀ ਦੀ ਸਰਕਾਰ ਕਾਇਮ ਕਰ ਸਕੇ। ਪੀ.ਟੀ.ਆਈ. ਦੇ ਫੌਜ ਪੱਖੀ ਬਾਗੀ ਸਿਆਸਤਦਾਨਾਂ ਵੱਲੋਂ ਬਣਾਈਆਂ ਗਈਆਂ ਇਸਤੈਹਕਾਮ ਏ ਪਾਕਿਸਤਾਨ ਤੇ ਪੀ.ਟੀ.ਆਈ (ਪਾਰਲੀਮੈਂਟੇਰੀਅਨ) ਤੋਂ ਇਲਾਵਾ ਚਾਰ ਹੋਰ ਖੇਤਰੀ ਪਾਰਟੀਆਂ ਫੌਜ ਨੇ ਕਾਬੂ ਵਿੱਚ ਕਰ ਵੀ ਲਈਆਂ ਹਨ। ਇਨ੍ਹਾਂ ਪਾਰਟੀਆਂ ਦਾ ਸਾਰਾ ਚੋਣ ਖਰਚਾ ਫੌਜ ਵੱਲੋਂ ਚੁੱਕੇ ਜਾਣ ਦੀ ਚਰਚਾ ਹੈ। ਇਸ ਤਰਾਂ ਲੱਗ ਰਿਹਾ ਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ, ਉਸ ਨੂੰ ਫੌਜ ਦੇ ਹੇਠਾਂ ਲੱਗ ਕੇ ਹੀ ਚੱਲਣਾ ਪਵੇਗਾ। ਵਰਨਾ ਉਸ ਦੀ ਹਾਲਤ ਵੀ ਇਮਰਾਨ ਖਾਨ ਵਰਗੀ ਕਰ ਦਿੱਤੀ ਜਾਵੇਗੀ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062

ਜੰਗ ਦਾ ਖਮਿਆਜ਼ਾ ਹਮੇਸ਼ਾਂ ਬੇਕਸੂਰ ਔਰਤਾਂ ਅਤੇ ਮਾਸੂਮ ਬੱਚਿਆਂ ਨੂੰ ਹੀ ਭੁਗਤਣਾ ਪੈਂਦਾ ਹੈ।

ਵਿਸ਼ਵ ਵਿੱਚ ਇਸ ਵੇਲੇ ਹੱਮਾਸ – ਇਜ਼ਰਾਈਲ ਅਤੇ ਰੂਸ – ਯੂਕਰੇਨ, ਦੋ ਵੱਡੀਆਂ ਜੰਗਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਰਮਾ, ਯਮਨ, ਸੁਡਾਨ, ਨਾਈਜ਼ੀਰੀਆ ਅਤੇ ਮਾਲੀ ਆਦਿ ਦੇਸ਼ਾਂ ਵਿੱਚ ਵੀ ਫੌਜ ਅਤੇ ਬਾਗੀਆਂ ਦਰਮਿਆਨ ਗਹਿਗੱਚ ਝੜਪਾਂ ਚੱਲ ਰਹੀਆਂ ਹਨ। ਪਰ ਅੱਜ ਕਲ੍ਹ ਦੀਆਂ ਜੰਗਾਂ ਦੀ ਹੈਰਾਨੀਜਨਕ ਗੱਲ ਇਹ ਹੈ ਕਿ ਸੈਨਿਕ ਸੈਂਕੜਿਆਂ ਦੀ ਗਿਣਤੀ ਵਿੱਚ ਜਦ ਕਿ ਆਮ ਜਨਤਾ ਹਜ਼ਾਰਾਂ ਦੀ ਗਿਣਤੀ ਵਿੱਚ ਮੌਤ ਦੇ ਮੂੰਹ ਪੈ ਰਹੀ ਹੈ। ਜੰਗ ਦਾ ਜ਼ਿੰਮੇਵਾਰ ਚਾਹੇ ਕੋਈ ਵੀ ਹੋਵੇ, ਖਮਿਆਜ਼ਾ ਆਖਰ ਬੇਕਸੂਰ ਔਰਤਾਂ, ਬੱਚਿਆਂ, ਬਿਮਾਰਾਂ ਤੇ ਬਜ਼ੁਰਗਾਂ ਨੂੰ ਹੀ ਭੁਗਤਣਾ ਪੈਂਦਾ ਹੈ।

ਪ੍ਰਚੀਨ ਅਤੇ ਮੱਧ ਕਾਲ ਦੀਆਂ ਜੰਗਾਂ ਸਮੇਂ ਜਿੱਤਣ ਵਾਲੀਆਂ ਫੌਜਾਂ ਹਾਰਨ ਵਾਲੇ ਦੇਸ਼ ਵਿੱਚ ਰੱਜ ਕੇ ਲੁੱਟ ਮਾਰ, ਕਤਲੇਆਮ ਅਤੇ ਔਰਤਾਂ ਦੀ ਬੇਇੱਜ਼ਤੀ ਕਰਦੀਆਂ ਸਨ। ਮੰਗੋਲ ਬਾਦਸ਼ਾਹ ਚੰਗੇਜ਼ ਖਾਨ ਅਤੇ ਸੁਲਤਾਨ ਤੈਮੂਰ ਲੰਗੜੇ ਵਰਗੇ ਜ਼ਾਲਮ ਹਾਕਮ ਤਾਂ ਆਪਣੇ ਪਿੱਛੇ ਸਿਰਫ ਸੜੇ ਹੋਏ ਸ਼ਹਿਰ ਅਤੇ ਲਾਸ਼ਾਂ ਦੇ ਢੇਰ ਹੀ ਛੱਡਦੇ ਸਨ। ਪਰ ਜਦੋਂ ਸੰਸਾਰ ਵਿੱਚ ਯੂਰਪੀਨ ਦੇਸ਼ਾਂ ਦੀ ਚੜ੍ਹਾਈ ਹੋਈ ਤਾਂ ਜੰਗਾਂ ਸਿਰਫ ਫੌਜਾਂ ਦਰਮਿਆਨ ਹੋਣ ਲੱਗੀਆਂ। ਦੋ ਚਾਰ ਵਾਕਿਆਤ ਨੂੰ ਛੱਡ ਦਿੱਤਾ ਜਾਵੇ ਤਾਂ ਜਿੱਤੇ ਹੋਏ ਦੇਸ਼ ਵਿੱਚ ਲੁੱਟ ਮਾਰ ਅਤੇ ਕਤਲੇਆਮ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਪਹਿਲੇ ਸੰਸਾਰ ਯੁੱਧ (1914 ਤੋਂ 1918 ਈਸਵੀ) ਵੇਲੇ ਵੀ ਜਰਮਨੀ ਅਤੇ ਇੰਗਲੈਂਡ – ਫਰਾਂਸ ਨੇ ਇੱਕ ਦੂਸਰੇ ਦੇ ਸੈਨਿਕ ਟਿਕਾਣਿਆਂ ‘ਤੇ ਹੀ ਗੋਲਾਬਾਰੀ ਕੀਤੀ ਸੀ। ਸ਼ਹਿਰੀ ਅਬਾਦੀ ‘ਤੇ ਬੰਬਾਰੀ ਕਰਨਾ ਦੂਸਰੇ ਸੰਸਾਰ ਯੁੱਧ ਵੇਲੇ ਸ਼ੁਰੂ ਹੋਇਆ ਸੀ, ਉਹ ਵੀ ਇੱਕ ਜਰਮਨ ਪਾਇਲਟ ਦੀ ਗਲਤੀ ਕਾਰਨ।

7 ਸਤੰਬਰ 1940 ਦੀ ਰਾਤ ਨੂੰ ਇੱਕ ਜਰਮਨ ਪਾਇਲਟ ਨੇ ਲੰਡਨ ‘ਤੇ ਬੰਬਾਰੀ ਕਰਦੇ ਸਮੇਂ ਗਲਤੀ ਨਾਲ ਨਿਸ਼ਚਿਤ ਨਿਸ਼ਾਨੇ (ਇੱਕ ਸੈਨਿਕ ਅੱਡੇ) ਦੀ ਬਜਾਏ ਨਜ਼ਦੀਕ ਦੇ ਸ਼ਹਿਰੀ ਇਲਾਕੇ ‘ਤੇ ਬੰਬ ਸੁੱਟ ਦਿੱਤੇ ਜਿਸ ਕਾਰਨ ਅਨੇਕਾਂ ਘਰ ਨਸ਼ਟ ਹੋ ਗਏ ਤੇ 100 ਤੋਂ ਵੱਧ ਨਾਗਰਿਕ ਮਾਰੇ ਗਏ। ਇਸ ਦੇ ਜਵਾਬ ਵਿੱਚ ਇਤਿਹਾਦੀ ਫੌਜਾਂ ਨੇ ਵੀ ਜਰਮਨੀ ਅਤੇ ਇਟਲੀ ਦੇ ਸ਼ਹਿਰਾਂ ਵਿੱਚ ਤਬਾਹੀ ਮਚਾ ਦਿੱਤੀ ਜੋ 2 ਸਤੰਬਰ 1945 ਨੂੰ ਜਰਮਨੀ ਦੀ ਹਾਰ ਤੱਕ ਚੱਲਦੀ ਰਹੀ। ਇਸ ਦੇ ਸਿੱਟੇ ਵਜੋਂ ਲੱਖਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਤੇ ਲੰਡਨ, ਸਟਾਲਿਨਗਰਾਦ (ਹੁਣ ਵੋਲਗੋਗਰਾਦ) ਅਤੇ ਬਰਲਿਨ ਵਰਗੇ ਇਤਿਹਾਸਿਕ ਸ਼ਹਿਰ ਮਲਬੇ ਦਾ ਢੇਰ ਬਣ ਗਏ। ਇਸ ਜੰਗ ਵਿੱਚ ਇਤਿਹਾਦੀ ਦੇਸ਼ਾਂ ਦੇ ਕਰੀਬ ਸਾਢੇ ਚਾਰ ਕਰੋੜ ਅਤੇ ਜਰਮਨੀ ਤੇ ਸਾਥੀਆਂ ਦੇ ਕਰੀਬ 40 ਲੱਖ ਆਮ ਸ਼ਹਿਰੀ ਮਾਰੇ ਗਏ ਸਨ। ਇਕੱਲੇ ਰੂਸ ਦੇ 87 ਲੱਖ ਫੌਜੀ ਅਤੇ ਦੋ ਕਰੋੜ ਦੇ ਕਰੀਬ ਆਮ ਸ਼ਹਿਰੀ ਮਾਰੇ ਗਏ ਸਨ ਜੋ ਕੁੱਲ ਅਬਾਦੀ ਦਾ ਚੌਥਾ ਹਿੱਸਾ ਬਣਦੇ ਸਨ। ਹਿਟਲਰ ਯਹੂਦੀਆਂ ਨੂੰ ਬੇਹੱਦ ਨਫਰਤ ਕਰਦਾ ਸੀ। ਉਸ ਨੇ ਫਾਇਰਿੰਗ ਸੁਕੈਡਾਂ ਅਤੇ ਗੈਸ ਚੈਂਬਰਾਂ ਵਿੱਚ ਸੁੱਟ ਕੇ 60 ਲੱਖ ਦੇ ਕਰੀਬ ਯਹੂਦੀਆਂ ਨੂੰ ਕਤਲ ਕਰ ਦਿੱਤਾ ਸੀ ਤੇ ਹੋਰ ਲੱਖਾਂ ਨੂੰ ਭੁੱਖੇ ਮਰਨ ਲਈ ਤਸੀਹਾ ਕੈਂਪਾਂ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਯਹੂਦੀਆਂ ਦੇ ਵਾਰਸਾਂ ਨੇ ਹੀ 1948 ਈਸਵੀ ਵਿੱਚ ਇਜ਼ਰਾਈਲ ਦੇਸ਼ ਦੀ ਸਥਾਪਨਾ ਕੀਤੀ ਸੀ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੀਆਂ ਦੋ ਕੌਮਾਂ ਨੇ ਨਾਜ਼ੀ ਜਰਮਨੀ ਦੇ ਸਭ ਤੋਂ ਵੱਧ ਜ਼ੁਲਮ ਸਹਾਰੇ ਸਨ, ਹੁਣ ਉਹ ਹੀ ਉਸ ਤਰਾਂ ਦਾ ਵਿਹਾਰ ਯੂਕਰੇਨ ਅਤੇ ਗਾਜ਼ਾ ਪੱਟੀ ਵਿੱਚ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਤਵਾਦੀ ਜਥੇਬੰਦੀ ਹੱਮਾਸ ਨੇ 7 ਅਕਤੂਬਰ 2023 ਨੂੰ ਜੋ 1200 ਦੇ ਕਰੀਬ ਇਜ਼ਰਾਈਲੀ ਮਰਦਾਂ, ਔਰਤਾਂ ਤੇ ਮਾਸੂਮ ਬੱਚਿਆਂ ਦੀ ਹੱਤਿਆ ਕੀਤੀ ਸੀ ਤੇ 247 ਨੂੰ ਬੰਦੀ ਬਣਾ ਲਿਆ ਸੀ, ਉਹ ਵਹਿਸ਼ਿਆਨਾ ਅਤੇ ਇਖਲਾਕ ਤੋਂ ਬੇਹੱਦ ਗਿਰੀ ਹੋਈ ਘਟਨਾ ਸੀ। ਪਰ ਹੁਣ ਜੋ ਇਜ਼ਰਾਈਲੀ ਫੌਜ ਗਾਜ਼ਾ ਪੱਟੀ ਦੇ ਪਹਿਲਾਂ ਤੋਂ ਹੀ ਨਰਕ ਵਰਗੀ ਜ਼ਿੰਦਗੀ ਭੋਗ ਰਹੇ 24 ਲੱਖ ਦੇ ਕਰੀਬ ਮਰਦਾਂ, ਔਰਤਾਂ ਅਤੇ ਬੱਚਿਆਂ ਨਾਲ ਕਰ ਰਹੀ ਹੈ, ਉਸ ਨੂੰ ਵੀ ਕਿਸੇ ਤਰਾਂ ਨਾਲ ਠੀਕ ਨਹੀਂ ਠਹਿਰਾਇਆ ਜਾ ਸਕਦਾ। ਸਿਰਫ 20 – 25 ਹਜ਼ਾਰ ਮੈਂਬਰਾਂ ਵਾਲੀ ਹੱਮਾਸ ਅੱਤਵਾਦੀ ਜਥੇਬੰਦੀ ਵੱਲੋਂ ਕੀਤੀ ਕਰਤੂਤ ਦੀ ਸਜ਼ਾ ਬੇਕਸੂਰ ਲੋਕਾਂ ਨੂੰ ਦੇਣਾ ਅਣਮਨੁੱਖੀ ਤੇ ਵਿਆਨਾ ਕੰਨਵੈਨਸ਼ਨ ਦੇ ਅਸੂਲਾਂ ਦੀ ਘੋਰ ਉਲੰਘਣਾ ਹੈ। ਗਾਜ਼ਾ ਪੱਟੀ ਸਿਰਫ 45 ਕਿ.ਮੀ. ਲੰਬਾ ਤੇ 6 ਤੋਂ 10 ਕਿ.ਮੀ. ਚੌੜਾ (365 ਸੁਕੇਅਰ ਕਿ.ਮੀ) ਧਰਤੀ ਦਾ ਇੱਕ ਛੋਟਾ ਜਿਹਾ ਟੁਕੜਾ ਹੈ ਜੋ ਦੋ ਪਾਸਿਆਂ ਤੋਂ ਇਜ਼ਰਾਈਲ, ਤੀਸਰੇ ਪਾਸੇ ਤੋਂ ਸਮੁੰਦਰ ਤੇ ਚੌਥੇ ਪਾਸੇ ਤੋਂ ਮਿਸਰ ਨਾਲ ਘਿਰਿਆ ਹੋਇਆ ਹੈ। ਸਮੁੰਦਰ ਵੀ ਪੂਰੀ ਤਰਾਂ ਇਜ਼ਰਾਈਲ ਦੇ ਕੰਟਰੋਲ ਹੇਠ ਹੈ। ਗਾਜ਼ਾ ਪੱਟੀ ਦਾ ਇਲਾਕਾ ਦੁਨੀਆਂ ਦਾ ਇੱਕ ਸਭ ਤੋਂ ਵੱਧ ਸੰਘਣੀ ਅਬਾਦੀ ਵਾਲਾ ਇਲਾਕਾ ਹੈ। ਇਥੇ ਕੋਈ ਉਦਯੋਗ ਜਾਂ ਰੋਜ਼ਗਾਰ ਨਹੀਂ ਹੈ ਤੇ ਇਹ ਪੂਰੀ ਤਰਾਂ ਨਾਲ ਯੂ.ਐਨ.ਉ., ਦਾਨੀ ਸੰਸਥਾਵਾਂ, ਇਜ਼ਰਾਈਲ ਅਤੇ ਮਿਸਰ ਦੀ ਮਦਦ ‘ਤੇ ਨਿਰਭਰ ਹੈ।

ਹਰੇਕ ਜੰਗ ਜਾਂ ਗੜਬੜ ਸਮੇਂ ਸਭ ਤੋਂ ਵੱਧ ਮੁਸੀਬਤ ਔਰਤਾਂ ਅਤੇ ਬੱਚਿਆਂ ਨੂੰ ਸਹਿਣੀ ਪੈਂਦੀ ਹੈ ਤੇ ਗਾਜ਼ਾ ਵਿੱਚ ਵੀ ਇਹ ਕੁਝ ਹੀ ਹੋ ਰਿਹਾ ਹੈ। ਇਸ ਜੰਗ ਵਿੱਚ ਹੁਣ ਤੱਕ 14000 ਦੇ ਕਰੀਬ ਗਾਜ਼ਾ ਵਾਸੀਆਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਲੋਕ ਬੇਘਰ ਹੋ ਗਏ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ। ਔਰਤਾਂ ਅਤੇ ਬੱਚਿਆਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਪਾਣੀ, ਖਾਣੇ ਅਤੇ ਦਵਾਈਆਂ ਦੀ ਪੇਸ਼ ਆ ਰਹੀ ਹੈ ਕਿਉਂਕਿ ਇਜ਼ਰਾਈਲ ਨੇ ਬਾਰਡਰ ਦੀ ਬਿਲਕੁਲ ਨਾਕਾਬੰਦੀ ਕਰ ਦਿੱਤੀ ਹੈ। ਧਾਰਮਿਕ ਅਕੀਦਿਆਂ ਅਤੇ ਨਿੱਤ ਦੀਆਂ ਜੰਗਾਂ ਕਾਰਨ ਗਾਜ਼ਾ ਪੱਟੀ ਦੀਆਂ ਜਿਆਦਾਤਰ ਔਰਤਾਂ ਨੇ ਹੁਣ ਤੱਕ ਪਰਦੇ ਵਾਲੀ ਜ਼ਿੰਦਗੀ ਬਿਤਾਈ ਹੈ। ਬੇਘਰ ਹੋਣ ਤੋਂ ਬਾਅਦ ਹੁਣ ਉਹ ਆਰਥਿਕ ਮਦਦ, ਘਰ, ਪਾਣੀ ਅਤੇ ਖਾਣੇ ਤੋਂ ਮਹਿਰੂਮ ਹੋ ਗਈਆਂ ਹਨ। ਗਰਭਵਤੀ ਔਰਤਾਂ ਦੇ ਹਾਲਾਤ ਤਾਂ ਹੋਰ ਵੀ ਬੁਰੇ ਹਨ। ਥਕਾਵਟ, ਭੁੱਖ, ਪਿਆਸ, ਕਮਜ਼ੋਰੀ, ਮੈਡੀਕਲ ਸਹੂਲਤਾਂ ਦੀ ਅਣਹੋਂਦ ਅਤੇ ਤਣਾਅ ਕਾਰਨ ਹਜ਼ਾਰਾਂ ਔਰਤਾਂ ਦਾ ਗਰਭਪਾਤ ਹੋ ਗਿਆ ਹੈ, ਸੈਂਕੜੇ ਬੱਚੇ ਮੁਰਦਾ ਪੈਦਾ ਹੋ ਰਹੇ ਹਨ ਜਾਂ ਪੈਦਾ ਹੋਣ ਤੋਂ ਬਾਅਦ ਜਰੂਰੀ ਦਵਾਈਆਂ ਤੇ ਟੀਕੇ ਆਦਿ ਨਾ ਮਿਲਣ ਕਾਰਨ ਅਣਿਆਈ ਮੌਤੇ ਮਰ ਰਹੇ ਹਨ।

ਗਾਜ਼ਾ ਦੀਆਂ ਅੱਧ ਤੋਂ ਵੱਧ ਬੇਸਹਾਰਾ ਔਰਤਾਂ ਭੈਅ ਅਤੇ ਡੈਪਰੈਸ਼ਨ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। ਕਿਸੇ ਦਾ ਪਤੀ ਮਰ ਗਿਆ ਹੈ, ਕਿਸੇ ਦੇ ਬੱਚੇ ਤੇ ਕਿਸੇ ਦੇ ਭੈਣ ਭਰਾ ਤੇ ਨਜ਼ਦੀਕੀ ਰਿਸ਼ਤੇਦਾਰ। ਔਰਤਾਂ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ ਹਨ। ਇੱਕ ਰਿਸ਼ਤੇਦਾਰ ਦਾ ਅਫਸੋਸ ਅਜੇ ਮਨਾਇਆ ਜਾ ਰਿਹਾ ਹੁੰਦਾ ਹੈ ਕਿ ਦੂਸਰੇ ਦੇ ਮਰਨ ਦੀ ਖਬਰ ਪਹੁੰਚ ਜਾਂਦੀ ਹੈ। ਕੈਂਪਾਂ ਵਿੱਚ ਸ਼ਰਨ ਲਈ ਬੈਠੀਆਂ ਔਰਤਾਂ ਨੂੰ ਹਰ ਵੇਲੇ ਸ਼ੋਹਦਿਆਂ ਕੋਲੋਂ ਆਪਣੀ ਤੇ ਬੱਚੀਆਂ ਦੀ ਇੱਜ਼ਤ ਬਚਾਉਣ ਦਾ ਫਿਕਰ ਲੱਗਾ ਰਹਿੰਦਾ ਹੈ। ਗਾਜ਼ਾ ਵਿੱਚ ਪਾਣੀ ਦੀ ਬੇਹੱਦ ਕਮੀ ਹੋਣ ਕਾਰਨ ਇਜ਼ਰਾਈਲ ਨੇ ਸਭ ਤੋਂ ਪਹਿਲਾ ਵਾਰ ਪਾਣੀ ‘ਤੇ ਕੀਤਾ ਹੈ। ਇਹ ਇਜ਼ਰਾਈਲ ਤੋਂ ਸਪਲਾਈ ਹੁੰਦਾ ਸੀ ਤੇ ਇਜ਼ਰਾਈਲ ਨੇ ਪਾਈਪ ਲਾਈਨ ਬੰਦ ਕਰ ਦਿੱਤੀ ਹੈ। ਗਾਜ਼ਾ ਵਿੱਚ ਕੋਈ ਦਰਿਆ ਜਾਂ ਪੀਣ ਯੋਗ ਧਰਤੀ ਹੇਠਲਾ ਪਾਣੀ ਨਹੀਂ ਹੈ। ਪਾਣੀ ਦੀ ਕਮੀ ਕਾਰਨ ਸੈਂਕੜੇ ਔਰਤਾਂ ਅਤੇ ਬੱਚਿਆਂ ਨੇ ਦਮ ਤੋੜ ਦਿੱਤਾ ਹੈ। ਪਰ ਹੱਮਾਸ ‘ਤੇ ਇਨ੍ਹਾਂ ਨਾਕਾਬੰਦੀਆਂ ਦਾ ਕੋਈ ਖਾਸ ਅਸਰ ਨਹੀਂ ਹੋਇਆ ਕਿਉਂਕਿ ਉਸ ਨੇ ਇਸ ਹਮਲੇ ਦੀ ਤਿਆਰੀ ਕਈ ਸਾਲ ਪਹਿਲਾਂ ਤੋਂ ਹੀ ਕੀਤੀ ਹੋਈ ਸੀ। ਉਸ ਦੇ ਲੜਾਕਿਆਂ ਕੋਲ ਇੱਕ ਸਾਲ ਤੋਂ ਵੱਧ ਦੀ ਜਰੂਰਤ ਦਾ ਦਾਣਾ ਪਾਣੀ ਜਮ੍ਹਾਂ ਹੈ।

ਅਮਰੀਕਾ ਅਤੇ ਇਸ ਦੇ ਸਾਥੀਆਂ ਨੂੰ ਹੱਮਾਸ ਵੱਲੋਂ ਇਜ਼ਰਾਈਲ ਵਿੱਚ ਕੀਤੇ ਗਏ ਜ਼ੁਲਮ ਤਾਂ ਦਿਸਦੇ ਹਨ ਪਰ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀਆਂ ਔਰਤਾਂ ਅਤੇ ਬੱਚਿਆਂ ਪ੍ਰਤੀ ਕੀਤੇ ਜਾ ਰਹੇ ਪਾਪ ਨਜ਼ਰ ਨਹੀਂ ਆ ਰਹੇ। ਕੋਈ ਵੀ ਪੱਛਮੀ ਦੇਸ਼ ਸਖਤੀ ਨਾਲ ਇਜ਼ਰਾਈਲ ਨੂੰ ਬੇਬਸ ਜਨਤਾ ਨੂੰ ਤਬਾਹੋ ਬਰਬਾਦ ਕਰਨ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਲਟਾ ਉਸ ਨੂੰ ਵੱਡੀ ਗਿਣਤੀ ਵਿੱਚ ਮਾਰੂ ਹਥਿਆਰ ਭੇਜੇ ਜਾ ਰਹੇ ਹਨ। ਆਮ ਨਾਗਰਿਕਾਂ ਦੀਆਂ ਐਨੀਆਂ ਹੱਤਿਆਵਾਂ ਕਰਨ ਦੇ ਬਾਵਜੂਦ ਇਜ਼ਰਾਈਲ ਨੂੰ ਹੱਮਾਸ ਦੇ ਖਿਲਾਫ ਅਜੇ ਤੱਕ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋ ਸਕੀ। ਹੱਮਾਸ ਦੇ ਮੁਖੀ ਇਸਮਾਈਲ ਹਾਨੀਏਹ, ਉੱਪ ਮੁਖੀ ਸਾਲਾਏਹ ਅਰੋਰੀ, ਮਿਲਟਰੀ ਚੀਫ ਮੁਹੰਮਦ ਦਾਇਫ, ਉੱਪ ਫੌਜੀ ਮੁਖੀ ਮਰਵਾਨ ਈਸਾ ਅਤੇ ਯਾਹੀਆ ਸਿਨਵਾਰ ਵਰਗੇ ਕਿਸੇ ਵੀ ਚੋਟੀ ਦੇ ਕਮਾਂਡਰ ਨੂੰ ਨਾ ਤਾਂ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਤੇ ਨਾ ਹੀ ਮਾਰਿਆ। ਇਤਿਹਾਸ ਗਵਾਹ ਹੈ ਕਿ ਕਿਸੇ ਦੇਸ਼ ਦੇ ਅੰਦਰ ਜਾ ਕੇ ਉਸ ਦੇ ਛਾਪਾਮਾਰ ਲੜਾਕਿਆਂ ਤੋਂ ਜੰਗ ਜਿੱਤਣੀ ਲੱਗਭਗ ਅਸੰਭਵ ਹੁੰਦੀ ਹੈ। ਅਮਰੀਕਾ ਅਤੇ ਰੂਸ ਵੀਅਤਨਾਮ ਅਤੇ ਅਫਗਾਨਿਸਤਾਨ ਵਿੱਚ ਇਹ ਸਬਕ ਸਿੱਖ ਚੁੱਕੇ ਹਨ। ਮਹੀਨੇ ਡੇਢ ਮਹੀਨੇ ਬਾਅਦ ਇਹ ਨਤੀਜਾ ਵੀ ਸਭ ਦੇ ਸਾਹਮਣੇ ਆ ਜਾਵੇਗਾ ਕਿ ਗਾਜ਼ਾ ਪੱਟੀ ‘ਤੇ ਕਬਜ਼ਾ ਕਰ ਕੇ ਇਜ਼ਰਾਈਲ ਨੇ ਠੀਕ ਕੀਤਾ ਹੈ ਜਾਂ ਗਲਤ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062

ਬੁੱਧੀ ਭ੍ਰਿਸ਼ਟ

ਕਈ ਵਾਰ ਚੰਗੇ ਭਲੇ ਆਦਮੀ ਦੀ ਮੱਤ ਮਾਰੀ ਜਾਂਦੀ ਹੈ ਤੇ ਉਹ ਬੈਠੇ ਬਿਠਾਏ ਅਜਿਹਾ ਪੰਗਾ ਲੈ ਬੈਠਦਾ ਹੈ ਕਿ ਨਾ ਅੱਗੇ ਜੋਗਾ ਰਹਿੰਦਾ ਹੈ ਤੇ ਨਾ ਪਿੱਛੇ ਜੋਗਾ। ਅਜਿਹਾ ਇੱਕ ਵਾਕਿਆ 8 – 10 ਸਾਲ ਪਹਿਲਾਂ ਕੈਨੇਡਾ ਵਿਖੇ ਵਾਪਰਿਆ ਸੀ। ਇੱਕ ਵਿਆਹੁਤਾ ਜੋੜੇ ਦੀ ਅਜਿਹੀ ਬੁੱਧੀ ਭ੍ਰਿਸ਼ਟ ਹੋਈ ਕਿ ਉਹ ਆਪਣਾ ਹੱਸਦਾ ਵੱਸਦਾ ਪਰਿਵਾਰ ਤਬਾਹ ਕਰ ਕੇ ਬੈਠ ਗਏ। ਚਰਨਜੀਤ ਤੇ ਉਸ ਦੀ ਪਤਨੀ ਹਰਿੰਦਰ (ਕਾਲਪਨਿਕ ਨਾਮ) ਲੰਡਨ (ਇੰਗਲੈਂਡ) ਵਿਖੇ ਆਪਣੀ 8 – 9 ਸਾਲ ਦੀ ਬੇਟੀ ਸਮੇਤ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਸਨ। ਚਰਨਜੀਤ ਇੰਜੀਨੀਅਰ ਸੀ ਤੇ ਇੱਕ ਵੱਡੀ ਕੰਪਨੀ ਵਿੱਚ ਚੰਗੇ ਅਹੁਦੇ ‘ਤੇ ਤਾਇਨਾਤ ਸੀ। ਹਰਿੰਦਰ ਸਰਕਾਰੀ ਹਸਪਤਾਲ ਵਿੱਚ ਨਰਸ ਸੀ। ਪੱਛਮੀ ਦੇਸ਼ਾਂ ਵਿੱਚ ਨਰਸਾਂ ਨੂੰ ਮੋਟੀ ਤਨਖਾਹ ਮਿਲਦੀ ਹੈ। ਪਰ ਕਹਿੰਦੇ ਹਨ ਕਿ ਜਦੋਂ ਮਾੜੇ ਦਿਨ ਆਉਣ ਤਾਂ ਊਠ ‘ਤੇ ਚੜ੍ਹੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ। ਹਰਿੰਦਰ ਦੀ ਵੱਡੀ ਭੈਣ ਨਵਦੀਪ ਵੈਨਕੂਵਰ ਰਹਿੰਦੀ ਸੀ ਤੇ ਉਸ ਦਾ ਪਤੀ ਮਹਾਂ ਨਲਾਇਕ ਤੇ ਵਿਹਲੜ ਕਿਸਮ ਦਾ ਆਦਮੀ ਸੀ। ਉਹ ਟੁੱਟੇ ਡੰਗ ਜੋ ਥੋੜ੍ਹਾ ਬਹੁਤ ਕਮਾਉਂਦਾ, ਸ਼ਰਾਬ ਅਤੇ ਨਸ਼ਿਆਂ ਵਿੱਚ ਉਡਾ ਦਿੰਦਾ। ਘਰ ਦਾ ਗੁਜ਼ਾਰਾ ਚਲਾਉਣ ਲਈ ਨਵਦੀਪ ਨੇ ਕੁਝ ਸਾਲਾਂ ਤੋਂ ਇੱਕ ਕੁੰਵਾਰਾ ਤੇ ਦੋ ਨੰਬਰ ਵਿੱਚ ਕੈਨੇਡਾ ਆਇਆ ਜੱਸੀ ਨਾਮ ਦਾ ਪੰਜਾਬੀ ਬੁਆਏ ਫਰੈਂਡ ਇਹ ਲਾਰਾ ਲਾ ਕੇ ਫਸਾਇਆ ਹੋਇਆ ਸੀ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇ ਕੇ, ਤੇਰੇ ਨਾਲ ਵਿਆਹ ਕਰਵਾ ਕੇ ਤੈਨੂੰ ਪੱਕਾ ਕਰਵਾ ਦੇਵਾਂਗੀ।

ਜੱਸੀ ਹੁਣ ਨਵਦੀਪ ਦੇ ਲਾਰਿਆਂ ਤੋਂ ਅੱਕਿਆ ਪਿਆ ਸੀ। ਦੋ ਕਿੱਲੇ ਵੇਚ ਕੇ ਜੱਸੀ ਨੂੰ ਕੈਨੇਡਾ ਭੇਜਣ ਵਾਲਾ ਉਸ ਦਾ ਪਿਉ ਵੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਪਰ ਨਵਦੀਪ ਉਸ ਕੋਲ ਕੋਈ ਪੈਸਾ ਛੱਡੇ ਤਾਂ ਉਹ ਇੰਡੀਆ ਭੇਜੇ। ਜੱਸੀ ਨੇ ਨਵਦੀਪ ਨੂੰ ਆਖਰੀ ਚੇਤਾਵਨੀ ਦੇ ਦਿੱਤੀ ਕਿ ਜਾਂ ਤਾਂ ਮੈਨੂੰ ਪੱਕਾ ਕਰਵਾ ਨਹੀਂ ਮੈਂ ਕੋਈ ਹੋਰ ਜੁਗਾੜ ਭਾਲਦਾ ਹਾਂ। ਨਵਦੀਪ ਬਹੁਤ ਹੀ ਸ਼ਾਤਰ ਕਿਸਮ ਦੀ ਔਰਤ ਸੀ। ਉਸ ਨੇ ਸੋਚਿਆ ਕਿ ਜੇ ਹਰਿੰਦਰ ਵੈਨਕੂਵਰ ਆ ਜਾਵੇ ਤਾਂ ਉਸ ਦਾ ਜੱਸੀ ਨਾਲ ਵਿਆਹ ਕਰਵਾ ਕੇ ਇਸ ਮੁਸ਼ਕਿਲ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਤਰਾਂ ਇੱਕ ਦੀ ਬਜਾਏ ਸੋਨੇ ਦੇ ਅੰਡੇ ਦੇਣ ਵਾਲੀਆਂ ਦੋ ਮੁਰਗੀਆਂ ਕਾਬੂ ਆ ਜਾਣਗੀਆਂ। ਉਸ ਨੇ ਫੋਨ ਰਾਹੀਂ ਹੌਲੀ ਹੌਲੀ ਹਰਿੰਦਰ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਕਿ ਜੇ ਉਹ ਤੇ ਚਰਨਜੀਤ ਵੈਨਕੂਵਰ ਆ ਜਾਣ ਤਾਂ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ। ਇਥੇ ਇੰਜੀਨੀਅਰ ਤੇ ਨਰਸ ਨੂੰ ਇੰਗਲੈਂਡ ਨਾਲੋਂ ਕਈ ਗੁਣਾ ਵੱਧ ਤਨਖਾਹ ਮਿਲਦੀ ਹੈ ਤੇ ਘਰ ਵੀ ਸਸਤੇ ਹਨ। ਪਹਿਲਾਂ ਤਾਂ ਉਹ ਨਾ ਮੰਨੇ ਪਰ ਹੌਲੀ ਹੌਲੀ ਉਨ੍ਹਾਂ ‘ਤੇ ਨਵਦੀਪ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦਾ ਅਸਰ ਹੋ ਗਿਆ ਤੇ ਉਹ ਆਪਣਾ ਬੋਰੀ ਬਿਸਤਰਾ ਸਮੇਟ ਕੇ ਵੈਨਕੂਵਰ ਪਹੁੰਚ ਗਏ।

ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਮਹੀਨੇ ਨਵਦੀਪ ਨੇ ਆਪਣੇ ਘਰ ਰੱਖਿਆ ਤੇ ਫਿਰ ਨਜ਼ਦੀਕ ਹੀ ਕਿਰਾਏ ‘ਤੇ ਇੱਕ ਮਕਾਨ ਲੈ ਦਿੱਤਾ। ਕਹਾਵਤ ਹੈ ਕਿ ਇੱਕ ਗੰਦੀ ਮਛਲੀ ਸਾਰਾ ਤਲਾਬ ਗੰਦਾ ਕਰ ਦਿੰਦੀ ਹੈ। ਨਵਦੀਪ ਨੇ ਵੀ ਮੋਮੋਠਗਣੀ ਬਣ ਕੇ ਆਪਣੀ ਭੈਣ ਦਾ ਘਰ ਉਜਾੜ ਦਿੱਤਾ ਤੇ ਉਸ ਦੀ ਦੋਸਤੀ ਜੱਸੀ ਨਾਲ ਕਰਵਾ ਦਿੱਤੀ। ਜਦੋਂ ਚਰਨਜੀਤ ਨੂੰ ਪਤਾ ਲੱਗਾ ਤਾਂ ਘਰ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ ਤੇ ਜਲਦੀ ਹੀ ਦੋਵਾਂ ਵਿੱਚ ਤਲਾਕ ਹੋ ਗਿਆ। ਤਲਾਕਨਾਮੇ ਦੇ ਮੁਤਾਬਕ ਬੱਚੀ ਹਰਿੰਦਰ ਕੋਲ ਰਹਿ ਗਈ। ਨਵਦੀਪ ਨੇ ਕੁਝ ਦਿਨਾਂ ਬਾਅਦ ਹੀ ਹਰਿੰਦਰ ਤੇ ਜੱਸੀ ਦਾ ਵਿਆਹ ਕਰਵਾ ਦਿੱਤਾ। ਇਸ ਸਾਰੇ ਘਟਨਾਕ੍ਰਮ ਕਾਰਨ ਚਰਨਜੀਤ ਦਾ ਦਿੱਲ ਟੁੱਟ ਗਿਆ। ਉਸ ਨੇ ਕੈਨੇਡਾ ਵਿੱਚ ਰਹਿਣ ਤੋਂ ਤੌਬਾ ਕਰ ਲਈ ਤੇ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਹਾਸਲ ਕਰ ਕੇ ਆਸਟਰੇਲੀਆ ਚਲਾ ਗਿਆ। ਕੁਝ ਸਮੇਂ ਬਾਅਦ ਉਸ ਨੇ ਉਥੇ ਹੀ ਵਿਆਹ ਕਰਵਾ ਲਿਆ।

ਮੋਟੇ ਦਿਮਾਗ ਦੇ ਜੱਸੀ ਨੇ ਸਮਝਿਆ ਕਿ ਹੁਣ ਤਾਂ ਮੈਂ ਪੱਕਾ ਹੋ ਹੀ ਜਾਣਾ ਹੈ ਤੇ ਜਲਦੀ ਹੀ ਉਸ ਨੇ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਰੋਜ਼ਾਨਾ ਸ਼ਰਾਬ ਨਾਲ ਰੱਜ ਕੇ ਤਾਹਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਮੈਂ ਤਾਂ ਪੱਕਾ ਹੋਣ ਦੇ ਚੱਕਰ ਵਿੱਚ ਫਸ ਗਿਆ, ਨਹੀਂ ਤੇਰੇ ਵਰਗੀ ਛੁੱਟੜ ਨਾਲ ਕੌਣ ਵਿਆਹ ਕਰਵਾਉਂਦਾ। ਗਾਲ ਮੰਦੇ ਤੋਂ ਗੱਲ ਕੁੱਟ ਮਾਰ ਤੱਕ ਪਹੁੰਚ ਗਈ। ਹੌਲੀ ਹੌਲੀ ਹਰਿੰਦਰ ਨੂੰ ਆਪਣੀ ਭੈਣ ਦੀ ਅਸਲੀਅਤ ਪਤਾ ਚੱਲ ਗਈ ਤੇ ਉਹ ਉਸ ਸਮੇਂ ਨੂੰ ਪਛਤਾਉਣ ਲੱਗੀ ਜਦੋਂ ਉਹ ਇਸ ਬਾਰਾਂ ਤਾਲੀ ਦੀਆਂ ਗੱਲਾਂ ਵਿੱਚ ਫਸ ਕੇ ਕੈਨੇਡਾ ਆ ਗਈ ਸੀ। ਦੂਸਰੇ ਪਾਸੇ ਚਰਨਜੀਤ ਦਾ ਵੀ ਪੰਗਾ ਪੈ ਗਿਆ ਕਿਉਂਕਿ ਉਸ ਦੀ ਪਤਨੀ ਬੇਹੱਦ ਸ਼ੱਕੀ ਕਿਸਮ ਦੀ ਔਰਤ ਸੀ। ਜਦੋਂ ਚਰਨਜੀਤ ਆਪਣੀ ਬੱਚੀ ਨਾਲ ਕੈਨੇਡਾ ਫੋਨ ‘ਤੇ ਗੱਲ ਕਰਦਾ ਤਾਂ ਉਹ ਪਵਾੜਾ ਪਾ ਕੇ ਬੈਠ ਜਾਂਦੀ ਕਿ ਉਹ ਆਪਣੀ ਪਹਿਲੀ ਪਤਨੀ ਨਾਲ ਗੱਲਾਂ ਕਰਦਾ ਹੈ। ਜਦੋਂ ਚਰਨਜੀਤ ਦੇ ਸਿਰ ਤੋਂ ਪਾਣੀ ਲੰਘ ਗਿਆ ਤਾਂ ਉਸ ਨੇ ਲੰਡਨ ਵਿਖੇ ਆਪਣੇ ਕਿਸੇ ਸਿਆਣੇ ਰਿਸ਼ਤੇਦਾਰ ਨਾਲ ਦੁੱਖ ਫੋਲਿਆ। ਰਿਸ਼ਤੇਦਾਰ ਨੂੰ ਸਾਰੀ ਰਾਮ ਕਹਾਣੀ ਦਾ ਪਤਾ ਲੱਗਾ ਤਾਂ ਉਸ ਨੇ ਹਰਿੰਦਰ ਨਾਲ ਗੱਲ ਕੀਤੀ ਤੇ ਵਿੱਚ ਪੈ ਕੇ ਦੋਵਾਂ ਦੀ ਸੁਲ੍ਹਾ ਸਫਾਈ ਕਰਵਾ ਦਿੱਤੀ। ਦੋਵੇਂ ਤਲਾਕ ਲੈ ਕੇ ਦੁਬਾਰਾ ਲੰਡਨ ਪਹੁੰਚ ਗਏ ਤੇ ਹੁਣ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਨਵਦੀਪ ਨਾਲ ਬਹੁਤ ਬੁਰੀ ਹੋਈ। ਉਸ ਨੂੰ ਪਤੀ ਨੇ ਵੀ ਛੱਡ ਦਿੱਤਾ ਤੇ ਪੱਕਾ ਨਾ ਹੋਣ ਕਾਰਨ ਬੁਆਏ ਫਰੈਂਡ ਨੇ ਵੀ। ਕਿਸ਼ਤਾਂ ਨਾ ਭਰ ਸਕਣ ਕਾਰਨ ਮਕਾਨ ਬੈਂਕ ਨੇ ਜ਼ਬਤ ਕਰ ਲਿਆ ਤੇ ਹੁਣ ਉਹ ਕਿਰਾਏ ਦੀ ਬੇਸਮੈਂਟ ਲੈ ਕੇ ਤੇ ਛੋਟੇ ਮੋਟੇ ਕੰਮ ਕਰ ਕੇ ਬੱਚੇ ਪਾਲ ਰਹੀ ਹੈ। ਜੱਸੀ ਵੀ ਜੇ ਸਾਲ ਛੇ ਮਹੀਨੇ ਆਪਣੀ ਜ਼ੁਬਾਨ ‘ਤੇ ਕੰਟਰੋਲ ਰੱਖਦਾ ਤਾਂ ਸ਼ਾਇਦ ਪੱਕਾ ਹੋ ਜਾਂਦਾ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062

ਦੁਨੀਆਂ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਹਥਿਆਰ, ਏ.ਕੇ. 47

ਏ ਕੇ 47 ਇੱਕ ਅਜਿਹਾ ਹਥਿਆਰ ਹੈ ਜੋ ਜਿਸ ਦੇ ਵੀ ਹੱਥ ਵਿੱਚ ਆ ਜਾਵੇ, ਉਹ ਆਪਣੇ ਆਪ ਨੂੰ ਬਾਕੀ ਮਨੁੱਖਾਂ ਤੋਂ ਸ਼ਕਤੀਸ਼ਾਲੀ ਸਮਝਣ ਲੱਗ ਜਾਂਦਾ ਹੈ। ਇਹ ਜਿਸ ਵੀ ਅੱਤਵਾਦੀ, ਵੱਖਵਾਦੀ, ਡਰੱਗ ਮਾਫੀਆ ਜਾਂ ਬਦਮਾਸ਼ਾਂ ਦੇ ਹੱਥ ਲੱਗ ਜਾਵੇ, ਉਹ ਸਰਕਾਰਾਂ ਨੂੰ ਧਮਕਾਉਣ ਦੇ ਕਾਬਲ ਹੋ ਜਾਂਦੇ ਹਨ। ਤਾਲਿਬਾਨ ਹੋਣ ਜਾਂ ਅਲ ਕਾਇਦਾ, ਮੈਕਸੀਕਨ ਡਰੱਗ ਗੈਂਗ ਜਾਂ ਆਈ.ਐਸ., ਇਹ ਸਭ ਦਾ ਪਸੰਦੀਦਾ ਹਥਿਆਰ ਹੈ। ਪੰਜਾਬ ਵਿੱਚ ਅੱਤਵਾਦ ਦੇ ਦੌਰਾਨ ਅਨੇਕਾਂ ਨੌਜਵਾਨ ਏ.ਕੇ. 47 ਗਲ ‘ਚ ਪਾ ਕੇ ਫੋਟੋ ਲੁਹਾਉਣ ਦੇ ਚਾਅ ਕਾਰਨ ਹੀ ਜਾਨਾਂ ਗਵਾ ਬੈਠੇ ਸਨ। ਪੰਜਾਬ ਦੇ ਕਥਿੱਤ ਵੀ.ਆਈ.ਪੀ. ਪਹਿਲਾਂ ਅਫਸਰਾਂ ਦੇ ਗੋਡੇ ਗਿੱਟੇ ਫੜ੍ਹ ਕੇ ਗੰਨਮੈਨ ਅਲਾਟ ਕਰਵਾਉਂਦੇ ਹਨ ਤੇ ਫਿਰ ਗੰਨਮੈਨ ਨੂੰ ਅਸਾਲਟ। ਇਹ ਏ.ਕੇ. 47 ਹੁਣ ਤੱਕ ਕਿਸੇ ਵੀ ਹੋਰ ਹਥਿਆਰ ਤੋਂ ਵੱਧ ਬਣਾਇਆ ਜਾ ਚੁੱਕਾ ਹੈ। ਸੰਸਾਰ ਦੀਆਂ ਕੁੱਲ ਕਰੀਬ 70 ਕਰੋੜ ਰਾਈਫਲਾਂ ਵਿੱਚੋਂ 18 ਕਰੋੜ ਤੋਂ ਵੱਧ ਏ.ਕੇ. 47 ਹਨ।

ਇਸ ਦੀ ਖੋਜ ਸੋਵੀਅਤ ਯੂਨੀਅਨ ਦੇ ਸੈਨਿਕ ਹਥਿਆਰ ਡਿਜ਼ਾਈਨਰ ਮਿਖਾਈਲ ਕਲੈਸ਼ਨੀਕੋਵ ਨੇ 1947 ਵਿੱਚ ਕੀਤੀ ਸੀ। ਏ.ਕੇ. 47 ਦਾ ਪੂਰਾ ਨਾਮ ਹੈ ਐਵਟੋਮੈਟ ਕਲੈਸ਼ਨੀਕੋਵਾ ਹੈ, ਜਿਸ ਦਾ ਮਤਲਬ ਹੈ ਕਲੈਸ਼ਨੀਕੋਵ ਦਾ ਆਟੋਮੈਟਿਕ ਹਥਿਆਰ। ਦੂਸਰੇ ਸੰਸਾਰ ਯੁੱਧ ਦੌਰਾਨ ਜਰਮਨੀ ਦੀ ਫੌਜ ਅਤਿ ਆਧੁਨਿਕ ਸਟਰਮਗੈਵਰ-44 ਰਾਈਫਲਾਂ ਨਾਲ ਲੈਸ ਸੀ ਜਿਸ ਨੇ ਰੂਸੀ ਫੌਜਾਂ ਦਾ ਸਖਤ ਜਾਨੀ ਨੁਕਸਾਨ ਕੀਤਾ ਸੀ। ਇਸ ਦੇ ਮੁਕਾਬਲੇ ਲਾਲ ਫੌਜ ਘਟੀਆ ਕਿਸਮ ਦੀ ਪੀ.ਪੀ.ਐਸ.ਐੱਚ-41 ਕਾਰਬਾਈਨ ਅਤੇ ਮੋਜ਼ਿਨ-ਨਗਾਂਟ ਬੋਲਟ ਐਕਸ਼ਨ ਰਾਈਫਲ ਨਾਲ ਲੈਸ ਸੀ। ਰੂਸੀ ਜੰਗ ਤਾਂ ਜਿੱਤ ਗਏ ਪਰ ਉਸ ਦੇ ਕਰੀਬ ਦੋ ਕਰੋੜ (ਉਸ ਵੇਲੇ ਰੂਸ ਦੀ ਕੁੱਲ ਅਬਾਦੀ 17 ਕਰੋੜ ਸੀ) ਸੈਨਿਕ ਅਤੇ ਆਮ ਨਾਗਰਿਕ ਇਸ ਜੰਗ ਵਿੱਚ ਮਾਰੇ ਗਏ ਸਨ। ਇਸ ਕਾਰਨ ਸੋਵੀਅਤ ਯੂਨੀਅਨ ਦੇ ਹਥਿਆਰ ਕਮਿਸ਼ਨ ਦੁਆਰਾ ਇੱਕ ਹਥਿਆਰ ਖੋਜ ਮੁਕਾਬਲਾ ਕਰਾਇਆ ਗਿਆ। 1943 ਵਿੱਚ ਕਲੈਸ਼ਨੀਕੋਵ ਨੇ ਆਪਣਾ ਮਾਡਲ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ। ਕਮਿਸ਼ਨ ਇਸ ਅਤਿ ਸਰਲ ਅਤੇ ਆਧੁਨਿਕ ਮਾਡਲ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਫੌਰਨ ਮੰਨਜ਼ੂਰੀ ਦੇ ਦਿੱਤੀ।

1946 ਵਿੱਚ ਏ.ਕੇ. 47 ਨੂੰ ਮਿਲਟਰੀ ਟਰਾਇਲਾਂ ਲਈ ਪੇਸ਼ ਕੀਤਾ ਗਿਆ ਤੇ ਕਾਮਯਾਬ ਹੋਣ ‘ਤੇ ਇਸ ਦਾ ਜੰਗੀ ਪੱਧਰ ‘ਤੇ ਉਤਪਾਦਨ ਹੋਣ ਲੱਗਾ। 1949 ਤੱਕ ਜਿਆਦਾਤਰ ਰੂਸੀ ਅਤੇ ਵਾਰਸਾ ਸੰਧੀ ਦੇ ਦੇਸ਼ਾਂ ਦੀਆਂ ਫੌਜਾਂ ਏ.ਕੇ. 47 ਨਾਲ ਲੈਸ ਕਰ ਦਿੱਤੀਆਂ ਗਈਆਂ। ਕੋਰੀਆ ਅਤੇ ਵੀਅਤਨਾਮ ਜੰਗ ਦੌਰਾਨ ਉੱਤਰੀ ਕੋਰੀਆ ਅਤੇ ਵੀਅਤਨਾਮ ਨੂੰ ਸੋਵੀਅਤ ਸੰਘ ਦੁਆਰਾ ਖੁਲੇ੍ਹ ਦਿਲ ਨਾਲ ਅਸਾਲਟਾਂ ਸਪਲਾਈ ਕੀਤੀਆਂ ਗਈਆਂ। ਇਨ੍ਹਾਂ ਨੇ ਅਮਰੀਕੀ ਫੌਜਾਂ ‘ਤੇ ਉਹ ਕਹਿਰ ਢਾਹਿਆ ਕਿ ਦੁਨੀਆਂ ਭਰ ਵਿੱਚ ਅਸਾਲਟ ਦੀਆਂ ਧੁੰਮਾਂ ਪੈ ਗਈਆਂ। ਵੀਅਤਨਾਮ ਜੰਗ ਵਿੱਚ ਤਾਂ ਇਹ ਹਾਲ ਸੀ ਕਿ ਅਮਰੀਕੀ ਫੌਜੀ ਆਪਣੀਆਂ ਐਮ-16 ਰਾਈਫਲਾਂ ਸੁੱਟ ਕੇ ਮਰੇ ਹੋਏ ਵੀਅਤਨਾਮੀ ਫੌਜੀਆਂ ਦੀਆਂ ਅਸਾਲਟਾਂ ਚੁੱਕ ਲੈਂਦੇ ਸਨ। ਇਸ ਤੋਂ ਬਾਅਦ ਇਸ ਵਿੱਚ ਨਿਰੰਤਰ ਸੁਧਾਰ ਹੁੰਦਾ ਗਿਆ। ਸੰਨ ਦੇ ਹਿਸਾਬ ਨਾਲ ਏ.ਕੇ. 47 ਤੋਂ ਬਾਅਦ ਏ.ਕੇ. 56, ਏ.ਕੇ-74, ਏ.ਕੇ. 94 ਅਤੇ ਏ.ਕੇ. 103 ਆਦਿ ਮਾਰਕੀਟ ਵਿੱਚ ਆ ਚੁੱਕੀਆਂ ਹਨ। ਇਸ ਵੇਲੇ ਭਾਰਤ, ਅਮਰੀਕਾ, ਰੂਸ ਅਤੇ ਪਾਕਿਸਤਾਨ ਸਮੇਤ ਸੰਸਾਰ ਦੇ ਕਰੀਬ 50 ਦੇਸ਼ਾਂ ਦੁਆਰਾ ਜਾਇਜ਼ ਨਜਾਇਜ਼ ਤਰੀਕੇ ਨਾਲ ਅਸਾਲਟ ਬਣਾਈ ਅਤੇ 175 ਦੇਸ਼ਾਂ ਦੀਆਂ ਫੌਜਾਂ ਦੁਆਰਾ ਵਰਤੀ ਜਾ ਰਹੀ ਹੈ। ਚੀਨ ਸਭ ਤੋਂ ਵੱਧ ਅਸਾਲਟਾਂ ਬਲੈਕ ਮਾਰਕੀਟ ਵਿੱਚ ਅੱਤਵਾਦੀਆਂ ਨੂੰ ਵੇਚਣ ਲਈ ਬਦਨਾਮ ਹੈ। ਸਸਤੀਆਂ ਨਕਲਾਂ, ਜਿਵੇਂ ਪਾਕਿਸਤਾਨ ਦੇ ਦਰਾ ਖੈਬਰ ਵਿੱਚ ਬਣਨ ਵਾਲੀ ਦੇਸੀ ਅਸਾਲਟ ਦੀ ਔਸਤ ਕੀਮਤ 1000 ਅਮਰੀਕਨ ਡਾਲਰ (85000 ਰੁ.) ਦੇ ਬਰਾਬਰ ਹੈ।

ਇਹ ਇੱਕੋ ਇੱਕ ਮਾਡਰਨ ਹਥਿਆਰ ਹੈ ਜਿਸ ਨੂੰ ਕਿਸੇ ਦੇਸ਼ ਦੇ ਝੰਡੇ ‘ਤੇ ਜਗ੍ਹਾ ਮਿਲੀ ਹੈ। ਮੌਜੰਬਬੀਕ ਦੇ ਝੰਡੇ ‘ਤੇ ਏ.ਕੇ.47 ਦੀ ਫੋਟੋ ਬਣੀ ਹੋਈ ਹੈ ਕਿਉਂਕਿ ਇਸ ਨੇ ਉਨ੍ਹਾਂ ਦੀ ਅਜ਼ਾਦ ਹੋਣ ਵਿੱਚ ਮਦਦ ਕੀਤੀ ਸੀ। ਅਸਾਲਟ ਦੇ ਸੰਸਾਰ ਪੱਧਰ ‘ਤੇ ਲੋਕਪ੍ਰਿਯ ਬਣਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਬਹੁਤ ਹੀ ਕਾਰਗਰ ਹੈ ਤੇ ਬਣਾਉਣੀ ਸਸਤੀ ਪੈਂਦੀ ਹੈ। ਇਹ ਪਾਣੀ, ਮਿੱਟੀ ਘੱਟੇ, ਬਰਫਬਾਰੀ ਅਤੇ ਤਪਦੇ ਰੇਗਸਤਾਨ ਵਿੱਚ ਵੀ ਖਰਾਬ ਨਹੀਂ ਹੁੰਦੀ। ਇਸ ਵਿੱਚ ਚਾਲ ਦੇ ਪੁਰਜ਼ੇ ਮਜ਼ਬੂਤ ਅਤੇ ਬਹੁਤ ਹੀ ਘੱਟ ਲਗਾਏ ਗਏ ਹਨ ਤਾਂ ਜੋ ਰੁਕਾਵਟਾਂ ਨਾ ਪੈਣ। ਇਸ ਦਾ ਗੈਸ ਪਿਸਟਨ ਵੱਡਾ ਹੈ ਤੇ ਉਸ ਵਿੱਚ ਵਾਰ ਵਾਰ ਐਡਜਸਟਮੈਂਟ ਨਹੀਂ ਕਰਨੀ ਪੈਂਦੀ। ਇਸ ਵਿੱਚ ਗੈਸ ਵਾਲਵ ਨਹੀਂ ਹੈ ਅਤੇ ਵਾਧੂ ਗੈਸ ਆਪਣੇ ਆਪ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਸਿੰਗਲ ਫਾਇਰ ਜਾਂ ਬਰਸਟ ਮਾਰੇ ਜਾ ਸਕਦੇ ਹਨ। ਪੰਜਾਬ ਪੁਲਿਸ ਨੂੰ ਅੱਤਵਾਦ ਦੇ ਦਿਨਾਂ ਵਿੱਚ ਅਸਾਲਟਾਂ ਮਿਲੀਆਂ ਸਨ। ਉਨ੍ਹਾਂ ਵਿੱਚੋਂ ਹੁਣ ਤੱਕ ਕਿਸੇ ਐਕਸੀਡੈਂਟ ਵਿੱਚ ਟੁੱਟ ਭੱਜ ਜਾਣ ਤੋਂ ਇਲਾਵਾ ਕੋਈ ਇੱਕ ਅੱਧੀ ਹੀ ਕੰਡਮ ਹੋਈ ਹੋਵੇਗੀ।

ਇਸ ਨੂੰ 30 ਗੋਲੀਆਂ ਵਾਲੇ ਸਧਾਰਨ ਜਾਂ 75 ਗੋਲੀਆਂ ਵਾਲੇ ਡਰੰਮ ਮੈਗਜ਼ੀਨ ਲੱਗਦੇ ਹਨ। ਮੈਗਜ਼ੀਨ ਥੋੜ੍ਹਾ ਜਿਹਾ ਅੱਗੇ ਵੱਲ ਮੁੜਿਆ ਹੋਇਆ ਕਾਰਨ ਸਪਰਿੰਗ ਗੋਲੀ ਨੂੰ ਉੱਪਰ ਵੱਲ ਅਸਾਨੀ ਨਾਲ ਧੱਕ ਦੇਂਦਾ ਹੈ। ਅਸਾਲਟ ਆਮ ਤੌਰ ‘ਤੇ ਦਸ ਤੋਂ ਪੰਦਰਾਂ ਹਜ਼ਾਰ ਗੋਲੀਆਂ ਫਾਇਰ ਕਰਨ ਲਈ ਡਿਜ਼ਾਈਨ ਕੀਤੀ ਗਈ ਸੀ ਪਰ ਥੋੜ੍ਹੀ ਬਹੁਤੀ ਮੁਰੰਮਤ ਨਾਲ ਇਹ ਸਾਲਾਂ ਬੱਧੀ ਚੱਲਦੀ ਰਹਿੰਦੀ ਹੈ। ਸਟੈਂਡਰਡ ਅਸਾਲਟ ਦਾ ਖਾਲੀ ਮੈਗਜ਼ੀਨ ਸਮੇਤ ਭਾਰ ਕਰੀਬ ਚਾਰ ਕਿੱਲੋ, ਲੱਕੜ ਦੇ ਬੱਟ ਨਾਲ ਲੰਬਾਈ 35 ਇੰਚ, ਫੋਲਡ ਹੋਏ ਬੱਟ ਨਾਲ 26 ਇੰਚ, ਨਾਲੀ ਦੀ ਲੰਬਾਈ 16.3 ਇੰਚ, ਕਾਰਤੂਸ 7.62 ਗੁਣਾ 39 ਮਿ.ਮੀ., ਫਾਇਰ ਸਪੀਡ 600 ਰੌਂਦ ਪ੍ਰਤੀ ਮਿੰਟ ਅਤੇ ਅਸਰਦਾਰ ਮਾਰ 350 ਮੀਟਰ ਤੱਕ ਹੈ। ਇਸ ਨਾਲ ਸੰਗੀਨ ਅਤੇ ਗਰਨੇਡ ਲਾਂਚਰ ਵੀ ਫਿੱਟ ਹੋ ਸਕਦੇ ਹਨ।

ਇਸ ਦੇ ਡਿਜ਼ਾਈਨਰ ਲੈਫਟੀਨੈਂਟ ਜਨਰਲ ਮਿਖਾਈਲ ਤਿਮੋਫੇਯੇਵਿਚ ਕਲੈਸ਼ਿਨਕੋਵ ਦਾ ਜਨਮ 10 ਨਵੰਬਰ 1919 ਨੂੰ ਰੂਸ ਦੇ ਇਲਾਕੇ ਅਲਤਾਈ ਕਰਾਈ ਦੇ ਪਿੰਡ ਕੁਰੀਆ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਤਿਮੋਫੇ ਅਲੈਕਜ਼ੈਂਦਰੋਵਿਚ ਕਲੈਸ਼ਨੀਕੋਵ ਅਤੇ ਮਾਤਾ ਦਾ ਨਾਮ ਅਲੈਕਜ਼ੈਂਦਰਾ ਫਰੋਲੋਵਨਾ ਕਲੈਸ਼ਨੀਕੋਵਾ ਸੀ। ਉਨ੍ਹਾਂ ਦੇ 19 ਬੱਚੇ ਸਨ ਪਰ 8 ਹੀ ਬਚ ਸਕੇ ਤੇ ਮਿਖਾਈਲ ਦਾ ਨੰਬਰ 17ਵਾਂ ਸੀ। 1930 ਵਿੱਚ ਸਰਕਾਰ ਨੇ ਕੁਲਕ (ਜਾਗੀਰਦਾਰ) ਹੋਣ ਦਾ ਇਲਜ਼ਾਮ ਲਗਾ ਕੇ ਉਨ੍ਹਾਂ ਦੀ ਜ਼ਮੀਨ ਜ਼ਬਤ ਕਰ ਲਈ ਤੇ ਸਾਇਬੇਰੀਆ ਦੇ ਨਿਜ਼ਨਿਯਾਯਾ ਮੋਖੋਵਾਯਾ ਨਾਮਕ ਪਿੰਡ ਵਿੱਚ ਜਲਾਵਤਨ ਕਰ ਦਿੱਤਾ ਗਿਆ। ਬਚਪਨ ਤੋਂ ਹੀ ਉਸ ਨੂੰ ਮਸ਼ੀਨਾਂ ਦਾ ਬਹੁਤ ਸ਼ੌਕ ਸੀ। 1938 ਵਿੱਚ ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ 19 ਸਾਲ ਦੀ ਉਮਰ ਵਿੱਚ ਉਹ ਫੌਜ ਵਿੱਚ ਬਤੌਰ ਟੈਂਕ ਮਕੈਨਿਕ ਭਰਤੀ ਹੋ ਗਿਆ ਤੇ ਤਰੱਕੀ ਕਰਦਾ ਹੋਇਆ ਟੈਂਕ ਕਮਾਂਡਰ ਬਣ ਗਿਆ। ਉਸ ਨੇ ਦੂਸਰੀ ਸੰਸਾਰ ਜੰਗ ਵਿੱਚ ਹਿੱਸਾ ਲਿਆ ਅਤੇ ਅਕਤੂਬਰ 1941 ਨੂੰ ਜਰਮਨੀ ਨਾਲ ਹੋਈ ਬਰਿਆਂਸਕ ਦੀ ਲੜਾਈ ਵਿੱਚ ਗੰਭੀਰ ਜ਼ਖਮੀ ਹੋ ਗਿਆ। ਉਹ ਅਪਰੈਲ 1942 ਤੱਕ ਹਸਪਤਾਲ ਵਿੱਚ ਦਾਖਲ ਰਿਹਾ। ਹਸਪਤਾਲ ਵਿੱਚ ਬਾਕੀ ਜ਼ਖਮੀ ਸੈਨਿਕ ਰੂਸੀ ਰਾਈਫਲਾਂ ਦੇ ਘਟੀਆ ਹੋਣ ਬਾਰੇ ਬਹੁਤ ਨੁਕਤਾਚੀਨੀ ਕਰਦੇ ਸਨ ਜਿਸ ਕਾਰਨ ਉਸ ਦੇ ਮਨ ਵਿੱਚ ਨਵੀਂ ਰਾਈਫਲ ਈਜ਼ਾਦ ਕਰਨ ਦਾ ਫੁਰਨਾ ਫੁਰਿਆ।

ਉਸ ਨੇ ਸਭ ਤੋਂ ਪਹਿਲਾਂ ਇੱਕ ਸਬ ਮਸ਼ੀਨਗੰਨ ਦੀ ਕਾਢ ਕੀਤੀ ਜੋ ਫੌਜ ਦੁਆਰਾ ਮੰਨਜ਼ੂਰ ਨਾ ਕੀਤੀ ਗਈ, ਪਰ ਸਭ ਨੇ ਉਸ ਨੇ ਯਤਨ ਦੀ ਸ਼ਲਾਘਾ ਕੀਤੀ। 1944 ਵਿੱਚ ਉਸ ਨੇ ਫਿਰ ਇੱਕ ਕਾਰਬਾਈਨ ਦੀ ਕਾਢ ਕੱਢੀ ਜੋ ਮੁਕਾਬਲੇ ਵਿੱਚ ਸਿਮੋਨੋਵ ਕਾਰਬਾਈਨ ਤੋਂ ਹਾਰ ਗਈ। ਪਰ ਉਸ ਨੇ ਹੌਸਲਾ ਨਾ ਛੱਢਿਆ ਤੇ 1947 ਵਿੱਚ ਲਾਸਾਨੀ ਰਾਈਫਲ, ਏ.ਕੇ. 47 ਦੁਨੀਆਂ ਸਾਹਮਣੇ ਆ ਗਈ। ਇਸ ਤੋਂ ਇਲਾਵਾ ਉਸ ਨੇ ਏ.ਕੇ. 74, ਏ.ਕੇ.ਐਮ., ਏ.ਕੇ. 101, ਏ.ਕੇ.102 ਅਤੇ ਪੀ.ਕੇ. ਨਾਮ ਦੀ ਹੈਵੀ ਮਸ਼ੀਨ ਗੰਨ ਆਦਿ ਦੇ ਡਿਜ਼ਾਈਨ ਵੀ ਤਿਆਰ ਕੀਤੇ। 1949 ਤੋਂ ਬਾਅਦ ਉਹ ਇਜੇਵਸਕ ਸ਼ਹਿਰ ਵਿੱਚ ਨੌਕਰੀ ਕਰਦਾ ਰਿਹਾ ਤੇ ਟੈਕਨੀਕਲ ਸਾਇੰਸ ਵਿੱਚ ਡਾਕਟਰੇਟ ਕੀਤੀ। ਉਹ 16 ਅਕੈਡਮੀਆਂ ਦਾ ਮੈਂਬਰ ਸੀ ਤੇ ਜਦੋਂ ਸੰਨ 2000 ਵਿੱਚ ਉਹ ਸਰਕਾਰੀ ਸੱਦੇ ‘ਤੇ ਅਮਰੀਕਾ ਗਿਆ ਤਾਂ ਉਸ ਦਾ ਬੇਮਿਸਾਲ ਸਵਾਗਤ ਹੋਇਆ। ਉਹ ਆਪਣੀ ਖੋਜ ‘ਤੇ ਬਹੁਤ ਮਾਣ ਕਰਦਾ ਸੀ ਪਰ ਕਈ ਵਾਰ ਏ.ਕੇ. 47 ਕਾਰਨ ਹੋ ਰਹੀਆਂ ਮੌਤਾਂ ਬਾਰੇ ਸੋਚ ਕੇ ਪਰੇਸ਼ਾਨ ਵੀ ਹੋ ਜਾਂਦਾ ਸੀ। ਉਸ ਦੀ ਪਤਨੀ ਵਿਕਟੋਰੋਵਨਾ ਮੋਈਸੇਯਾਵਾ ਇੰਜੀਨੀਅਰ ਸੀ ਤੇ ਉਨ੍ਹਾਂ ਦੇ ਚਾਰ ਬੱਚੇ ਸਨ, ਨੈਲੀ, ਈਲੀਨਾ ਅਤੇ ਨਤਾਲਿਆ ਨਾਮਕ ਤਿੰਨ ਲੜਕੀਆਂ ਤੇ ਵਿਕਟਰ ਨਾਮ ਦਾ ਇੱਕ ਲੜਕਾ। ਆਪਣੇ ਪਿਤਾ ਵਾਂਗ ਵਿਕਟਰ ਵੀ ਇੱਕ ਮਸ਼ਹੂਰ ਹਥਿਆਰ ਡਿਜ਼ਾਈਨਰ ਹੈ। 23 ਦਸੰਬਰ 2013 ਨੂੰ ਮਿਖਾਈਲ ਦੀ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਹ ਉਨ੍ਹਾਂ ਚੰਦ ਰੂਸੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਫੈਡਰਲ ਮਿਲਟਰੀ ਮੈਮੋਰੀਅਲ ਕਬਰਿਸਤਾਨ (ਮਾਸਕੋ) ਵਿਖੇ ਦਫਨ ਹੋਣ ਦਾ ਸਨਮਾਨ ਹਾਸਲ ਹੈ।

ਰੂਸ ਨੇ ਉਸ ਨੂੰ ਅਤਿਅੰਤ ਇੱਜ਼ਤ ਬਖਸ਼ੀ ਹੈ। ਉਸ ਨੂੰ ਸਰਵਉੱਚ ਸਨਮਾਨ ਆਰਡਰ ਆਫ ਲੈਨਿਨ ਅਤੇ ਹੀਰੋ ਆਫ ਸੋਵੀਅਤ ਯੂਨੀਅਨ ਤੋਂ ਇਲਾਵਾ ਹੀਰੋ ਆਫ ਸੋਸ਼ਲਿਸਟ ਲੇਬਰ, ਆਰਡਰ ਆਫ ਰੈੱਡ ਸਟਾਰ ਅਤੇ ਹੀਰੋ ਆਫ ਰਸ਼ੀਅਨ ਫੈਡਰੇਸ਼ਨ ਸਮੇਤ 100 ਦੇ ਕਰੀਬ ਮੈਡਲ, ਸਨਮਾਨ ਅਤੇ ਅਨੇਕਾਂ ਯੂਨੀਵਰਸਿਟੀਆਂ ਵੱਲੋਂ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। 2012 ਵਿੱਚ ਇਜੇਵਸਕ ਸਟੇਟ ਟੈਕਨੀਕਲ ਯੂਨੀਵਰਸਿਟੀ ਦਾ ਨਾਲ ਉਸ ਦੇ ਨਾਮ ‘ਤੇ ਰੱਖਿਆ ਗਿਆ ਤੇ 7 ਨਵੰਬਰ 2014 ਨੂੰ ਉਸ ਦਾ ਬੁੱਤ ਆਰਮੀਨੀਆਂ ਦੇ ਸ਼ਹਿਰ ਯੂਮਰੀ ਵਿਖੇ ਸਥਾਪਿਤ ਕੀਤਾ ਗਿਆ। ਦੁਨੀਆਂ ਦਾ ਹੋਰ ਕੋਈ ਵੀ ਹਥਿਆਰ ਅਤੇ ਹਥਿਆਰ ਨਿਰਮਾਤਾ ਅਜਿਹੀ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕਿਆ। ਰੂਸੀ ਸਰਕਾਰ ਨੇ ਕੁਝ ਸਾਲ ਪਹਿਲਾਂ ਉਸ ਦਾ ਇੱਕ ਸੱਤ ਮੀਟਰ ਉੱਚਾ ਕਾਂਸੇ ਦਾ ਬੁੱਤ ਰਾਜਧਾਨੀ ਮਾਸਕੋ ਵਿਖੇ ਸਥਾਪਿਤ ਕੀਤਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ (ਰਿਟਾਇਰਡ)
ਪੰਡੋਰੀ ਸਿੱਧਵਾਂ 9501100062

ਬਹੁਤ ਬੁਰੀ ਹੈ ਸ਼ੱਕ ਦੀ ਬਿਮਾਰੀ

ਪੁਰਾਣੀ ਕਹਾਵਤ ਹੈ ਕਿ ਸ਼ੱਕ ਅਤੇ ਵਹਿਮ ਦੀ ਬਿਮਾਰੀ ਦਾ ਇਲਾਜ ਹਕੀਮ ਲੁਕਮਾਨ ਕੋਲ ਵੀ ਨਹੀਂ ਸੀ। ਪੰਜਾਬ ਵਿੱਚ ਕੁੱਲ ਕਤਲਾਂ ਦੇ ਕਰੀਬ 10% ਕਤਲ ਪਤੀਆਂ ਵੱਲੋਂ ਪਤਨੀਆਂ ਦੇ ਇਸ ਸ਼ੱਕ ਕਾਰਨ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੇ ਕਿਸੇ ਨਾਲ ਨਜਾਇਜ਼ ਸਬੰਧ ਹਨ। ਅੱਜ ਦੇ ਜ਼ਮਾਨੇ ਵਿੱਚ ਜੇ ਕਿਸੇ ਨਾਲ ਨਹੀਂ ਨਿਭਦੀ ਜਾਂ ਕੋਈ ਨਜਾਇਜ਼ ਸਬੰਧਾਂ ਵਰਗੀ ਗੱਲ ਹੈ ਤਾਂ ਅਰਾਮ ਨਾਲ ਤਲਾਕ ਲਿਆ ਜਾ ਸਕਦਾ ਹੈ, ਕਤਲ ਵਰਗਾ ਗੁਨਾਹੇ ਅਜ਼ੀਮ ਕਰਨ ਦੀ ਕੀ ਜਰੂਰਤ ਹੈ ?

ਸਰਕਾਰੀ ਮਹਿਕਮਿਆਂ ਵਿੱਚ ਵੀ ਇੱਕ ਤੋਂ ਵੱਧ ਇੱਕ ਸ਼ੱਕੀ ਅਫਸਰ ਵੇਖਣ ਨੂੰ ਮਿਲਦੇ ਹਨ। ਕਈ ਤਾਂ ਆਪਣੇ ਸਟਾਫ ‘ਤੇ ਵੀ ਯਕੀਨ ਨਹੀਂ ਕਰਦੇ। ਸਾਡਾ ਇੱਕ ਅਫਸਰ ਹੁੰਦਾ ਸੀ ਜੋ ਹਰ ਤੀਸਰੇ ਦਿਨ ਡਰਾਈਵਰ ਬਦਲ ਦਿੰਦਾ ਸੀ। ਉਹ ਤੁਰਨ ਵੇਲੇ ਡਰਾਈਵਰ ਨੂੰ ਕਦੇ ਵੀ ਇਹ ਨਹੀਂ ਸੀ ਦੱਸਦਾ ਹੁੰਦਾ ਕਿ ਜਾਣਾ ਕਿੱਥੇ ਹੈ, ਬੱਸ ਮੋੜ ਆਉਣ ‘ਤੇ ਸੱਜੇ ਖੱਬੇ ਕਹੀ ਜਾਣਾ। ਡਰਾਈਵਰ ਦੀ ਜਾਨ ਟੰਗੀ ਰਹਿੰਦੀ ਸੀ ਕਿ ਪਤਾ ਨਹੀਂ ਅਗਲੇ ਮੋੜ ਤੋਂ ਕਿਸ ਪਾਸੇ ਮੁੜਨਾ ਹੈ ? ਘਬਰਾਹਟ ਕਾਰਨ ਡਰਾਈਵਰ ਤੋਂ ਗਲਤੀ ਹੋ ਜਾਂਦੀ ਸੀ ਤੇ ਨਾਲ ਹੀ ਬਦਲੀ। ਬਦਲੇ ਜਾਣ ‘ਤੇ ਸਭ ਤੋਂ ਪਹਿਲਾਂ ਡਰਾਈਵਰ ਆਪਣੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਜਾਂਦੇ ਸਨ ਕਿ ਜਾਨ ਛੁੱਟੀ। ਇੱਕ ਵਾਰ ਉਸ ਦੀ ਪੋਸਟਿੰਗ ਚੰਡੀਗੜ੍ਹ ਸੀ ਤੇ ਉਸ ਨੇ ਕੋਈ ਚਿੱਠੀ ਪੋਸਟ ਕਰਨੀ ਸੀ। ਉਸ ਨੇ ਇੱਕ ਲੈਟਰ ਬਾਕਸ ਵੇਖ ਕੇ ਗੱਡੀ ਰੁਕਵਾ ਲਈ ਤੇ ਆਪਣੇ ਗੰਨਮੈਨ ਨੂੰ ਚਿੱਠੀ ਪੋਸਟ ਕਰਨ ਲਈ ਭੇਜ ਦਿੱਤਾ। ਗੰਨਮੈਨ ਦੀ ਮਾੜੀ ਕਿਸਮਤ ਕਿ ਉਸੇ ਵੇਲੇ ਡਾਕੀਏ ਨੇ ਲੈਟਰ ਬਾਕਸ ਖੋਲ੍ਹ ਕੇ ਚਿੱਠੀਆਂ ਬੈਗ ਵਿੱਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ।

ਗੰਨਮੈਨ ਨੇ ਫੁਰਤੀ ਮਾਰੀ ਤੇ ਫਟਾਫਟ ਚਿੱਠੀ ਡਾਕੀਏ ਨੂੰ ਫੜ੍ਹਾ ਦਿੱਤੀ ਜੋ ਉਸ ਨੇ ਬਿਨਾਂ ਵੇਖੇ ਝੋਲੇ ਵਿੱਚ ਸੁੱਟ ਲਈ। ਜਦੋਂ ਗੰਨਮੈਨ ਵਾਪਸ ਆਇਆ ਤਾਂ ਅਫਸਰ ਨੇ ਉਸ ਦੀ ਲਾਹ ਪਾਹ ਕਰ ਦਿੱਤੀ ਕਿ ਮੈਂ ਤੈਨੂੰ ਚਿੱਠੀ ਲੈਟਰ ਬਾਕਸ ਵਿੱਚ ਪਾਉਣ ਵਾਸਤੇ ਦਿੱਤੀ ਸੀ ਕਿ ਡਾਕੀਏ ਨੂੰ ਫੜਾਉਣ ਵਾਸਤੇ? ਜੇ ਉਸ ਨੇ ਮੇਰੀ ਚਿੱਠੀ ਪੜ੍ਹ ਲਈ ਤਾਂ ? ਦਫਾ ਹੋ ਜਾ, ਉਸ ਤੋਂ ਚਿੱਠੀ ਲੈ ਕੇ ਦੁਬਾਰਾ ਲੈਟਰ ਬਾਕਸ ਵਿੱਚ ਪਾ ਕੇ ਆ। ਗੰਨਮੈਨ ਵਿਚਾਰਾ ਭੱਜ ਕੇ ਗਿਆ ਤੇ ਡਾਕੀਏ ਦੇ ਤਰਲੇ ਮਿੰਨਤਾਂ ਕਰ ਕੇ ਬੜੀ ਮੁਸ਼ਕਿਲ ਨਾਲ ਚਿੱਠੀ ਵਾਪਿਸ ਲੈ ਕੇ ਦੁਬਾਰਾ ਲੈਟਰ ਬਾਕਸ ਵਿੱਚ ਪਾ ਕੇ ਆਇਆ। ਇੱਕ ਹੋਰ ਅਫਸਰ, ਜੋ ਇੱਕ ਅੱਧ ਵਾਰ ਹੀ ਐਸ.ਐਸ.ਪੀ. ਜਾਂ ਕਿਸੇ ਹੋਰ ਪਬਲਿਕ ਡੀਲਿੰਗ ਵਾਲੀ ਪੋਸਟ ‘ਤੇ ਤਾਇਨਾਤ ਰਿਹਾ ਹੈ, ਨੂੰ ਸ਼ੱਕ ਸੀ ਪੰਜਾਬ ਪੁਲਿਸ ਵਿੱਚ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਥਾਣੇ ਦੇ ਐਸ.ਐਚ.ਉ. ਨੇ ਮੁੱਖ ਮੁੰਸ਼ੀ ਹੀ ਹੁੰਦੇ ਹਨ। ਜਦੋਂ ਵੀ ਉਸ ਨੇ ਥਾਣੇ ਜਾਣਾ ਤਾਂ ਸਭ ਤੋਂ ਪਹਿਲਾਂ ਐਸ.ਐਚ.ਉ. ਤੇ ਮੁੰਸ਼ੀ ਦੇ ਕਵਾਟਰ ਦੀ ਤਲਾਸ਼ੀ ਲੈਣੀ, ਪਰ ਵਿਚਾਰੇ ਦੇ ਹੱਥ ਕਦੇ ਕੁਝ ਨਹੀਂ ਸੀ ਆਇਆ।

ਇਸੇ ਤਰਾਂ ਦਾ ਇੱਕ ਹੋਰ ਸ਼ੱਕੀ ਅਫਸਰ ਬਾਰਡਰ ‘ਤੇ ਸਥਿੱਤ ਕਿਸੇ ਰੇਂਜ ਦਾ ਡੀ.ਆਈ.ਜੀ. ਲੱਗਾ ਹੋਇਆ ਸੀ ਜਿਸ ਨੂੰ ਵਹਿਮ ਸੀ ਕਿ ਸਾਰੀ ਪੰਜਾਬ ਪੁਲਿਸ ਵਿੱਚ ਸਿਰਫ ਉਹ ਹੀ ਇੱਕ ਇਮਾਨਦਾਰ ਅਫਸਰ ਹੈ। ਉਸ ਦੇ ਨਾਮ ਦਾ ਸ਼ਾਬਦਿਕ ਅਰਥ ਤਾਂ ਸੁੱਖ ਦੇਣ ਵਾਲਾ ਸੀ ਪਰ ਉਸ ਦੇ ਪੁੱਠੇ ਕੰਮਾਂ ਕਰ ਕੇ ਪੁਲਿਸ ਨੇ ਉਸ ਦਾ ਨਾਮ ਦੁੱਖ ਦੇਣ ਵਾਲਾ ਰੱਖਿਆ ਹੋਇਆ ਸੀ। ਉਸ ਰੇਂਜ ਦੀ ਇੱਕ ਸਬ ਡਵੀਜ਼ਨ ਦਾ ਡੀ.ਐਸ.ਪੀ. ਅਤੇ ਉਸ ਦੇ ਅਧੀਨ ਇੱਕ ਥਾਣੇ ਦਾ ਐਸ.ਐਚ.ਉ. ਇਕੱਠੇ ਰਾਤਰੀ ਗਸ਼ਤ ਕਰ ਰਹੇ ਸਨ। 1993-94 ਤੱਕ ਵੀ ਅੱਤਵਾਦ ਦਾ ਮਾੜਾ ਮੋਟਾ ਡਰ ਬਾਕੀ ਸੀ ਤੇ ਲੋਕ ਰਾਤ ਨੂੰ ਸਫਰ ਕਰਨ ਤੋਂ ਗੁਰੇਜ਼ ਹੀ ਕਰਦੇ ਸਨ। ਸੜਕਾਂ ਤਕਰੀਬਨ ਖਾਲੀ ਸਨ ਤੇ ਉਨ੍ਹਾਂ ਨੇ ਬੋਰੀਅਤ ਦੂਰ ਕਰਨ ਲਈ ਇੱਕ ਢਾਬੇ ਦੇ ਨਜ਼ਦੀਕ ਨਾਕਾ ਲਗਾ ਲਿਆ ਕਿ ਚਲੋ ਚਾਹ ਪੀ ਲੈਂਦੇ ਹਾਂ ਤੇ ਨਾਲੇ ਜੇ ਕੋਈ ਗੱਡੀ ਆਈ ਤਾਂ ਚੈੱਕ ਕਰ ਲਵਾਂਗੇ। ਰਾਤ ਦੇ ਇੱਕ ਦੋ ਵਜੇ ਰਾਜਸਥਾਨ ਵੱਲੋਂ ਇੱਕ ਗੱਡੀ ਆਈ ਜਿਸ ਨੂੰ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਰੁਕਣ ਦੀ ਬਜਾਏ ਗੱਡੀ ਭਜਾ ਕੇ ਲੈ ਗਏ। ਪੁਲਿਸ ਨੇ ਫੌਰਨ ਪਿੱਛਾ ਕੀਤਾ ਤੇ ਗੱਡੀ ਘੇਰ ਕੇ ਵਾਪਸ ਢਾਬੇ ‘ਤੇ ਲੈ ਆਏ।

ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 141 ਸੋਨੇ ਦੇ ਬਿਸਕੁਟ ਬਰਾਮਦ ਹੋਏ। ਉਨ੍ਹਾਂ ਦਿਨਾਂ ਵਿੱਚ ਹੈਰੋਇਨ ਦੀ ਸਮੱਸਿਆ ਅਜੇ ਸ਼ੁਰੂ ਨਹੀਂ ਸੀ ਹੋਈ। ਸਮੱਗਲਰਾਂ ਦਾ ਅਸੂਲ ਹੈ ਕਿ ਜੇ ਸੋਨਾ ਪਕੜਿਆ ਜਾਵੇ ਤਾਂ ਦਰਜ਼ ਹੋਏ ਮੁਕੱਦਮੇ ਦੀ ਐਫ.ਆਈ.ਆਰ. ਦੀ ਕਾਪੀ ਪਾਕਿਸਤਾਨ ਭੇਜਣੀ ਪੈਂਦੀ ਜਿਸ ਨਾਲ ਭਾਰਤੀ ਸਮੱਗਲਰ ਦੇ ਪੈਸੇ ਮਾਫ ਹੋ ਜਾਂਦੇ ਹਨ। ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੁੰਦਾ ਹੈ ਤੇ ਸੋਨੇ ਦੇ ਬਿਸਕੁਟ ਗਬਨ ਕਰਨ ‘ਤੇ ਬਹੁਤ ਰੌਲਾ ਪੈਂਦਾ ਹੈ, ਇਸ ਲਈ ਕੋਈ ਵਿਰਲਾ ਹੀ ਲੱਥੀ ਚੜ੍ਹੀ ਤੋਂ ਬੇਪ੍ਰਵਾਹ ਮਹਾਂ ਭ੍ਰਿਸ਼ਟ ਅਫਸਰ ਹੀ ਸੋਨਾ ਗਾਇਬ ਕਰਨ ਦੀ ਹਿੰਮਤ ਕਰਦਾ ਹੈ। ਵੈਸੇ ਵੀ ਸੋਨਾ ਪਕੜਨ ਵਾਲੇ ਇਹ ਦੋਵੇਂ ਪੁਲਿਸ ਅਫਸਰ ਇਮਾਨਦਾਰ ਕਿਸਮ ਦੇ ਸਨ। ਉਸ ਵੇਲੇ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸਨ, ਇਸ ਲਈ ਡੀ.ਐਸ.ਪੀ. ਨੇ ਫੌਰਨ ਥਾਣੇ ਪਹੁੰਚ ਕੇ ਐਸ.ਐਸ.ਪੀ. ਨੂੰ ਫੋਨ ਖੜਕਾ ਦਿੱਤਾ। ਉਸ ਨੇ ਅੱਗੋਂ ਰੱਜ ਕੇ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਸਵੇਰੇ ਥਾਣੇ ਹਾਜ਼ਰ ਰਹਿਣਾ, ਮੈਂ ਤੇ ਡੀ.ਆਈ.ਜੀ. 10 ਕੁ ਵਜੇ ਥਾਣੇ ਆਵਾਂਗੇ ਤੇ ਤੁਹਾਨੂੰ ਡੀ.ਆਈ.ਜੀ. ਕੋਲੋਂ ਇਨਾਮ ਇਕਰਾਮ ਦੁਆਵਾਂਗੇ।

ਡੀ.ਐਸ.ਪੀ. ਤੇ ਐਸ.ਐਚ.ਉ. ਨੂੰ ਖੁਸ਼ੀ ਦੇ ਮਾਰੇ ਰਾਤ ਨੂੰ ਨੀਂਦ ਨਾ ਆਈ ਤੇ ਉਹ ਸਵੇਰੇ ਸੱਤ ਵਜੇ ਹੀ ਥਾਣੇ ਪਹੁੰਚ ਗਏ। ਥਾਣੇ ਦੀ ਸਫਾਈ ਕਰਵਾ ਕੇ ਪਾਣੀ ਆਦਿ ਛਿੜਕਿਆ ਗਿਆ ਤੇ ਗੇਟ ਦੇ ਸਾਹਮਣੇ ਸੜਕ ‘ਤੇ ਕਲੀ ਨਾਲ ਵੱਡਾ ਸਾਰਾ ਵੈੱਲਕਮ ਵੀ ਲਿਖਿਆ ਗਿਆ। ਦੋਵੇਂ ਜਣੇ ਪ੍ਰੈੱਸ ਕੀਤੀਆਂ ਹੋਈਆਂ ਨਵੀਆਂ ਵਰਦੀਆਂ ਪਹਿਨ ਕੇ ਆਏ ਸਨ ਤਾਂ ਜੋ ਅਖਬਾਰਾਂ ਵਿੱਚ ਫੋਟੋ ਵਧੀਆ ਆਵੇ। 11 ਕੁ ਵਜੇ ਡੀ.ਆਈ.ਜੀ. ਤੇ ਐਸ.ਐਸ.ਪੀ. ਦੀਆਂ ਗੱਡੀਆਂ ਧੂੜਾਂ ਉਡਾਉਂਦੀਆਂ ਥਾਣੇ ਆਣ ਵੜੀਆਂ। ਡੀ.ਐਸ.ਪੀ. ਤੇ ਐਸ.ਐਚ.ਉ. ਦੇ ਉਦੋਂ ਹੋਸ਼ ਉੱਡ ਗਏ ਜਦੋਂ ਡੀ.ਆਈ.ਜੀ. ਨੇ ਹੱਥ ਮਿਲਾਉਣ ਤੇ ਸ਼ਾਬਾਸ਼ ਦੇਣ ਦੀ ਬਜਾਏ ਦੋਵਾਂ ਨੂੰ ਖੁਸ਼ਕੀ ਜਿਹੀ ਨਾਲ ਦਫਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਤੇ ਖੁਦ ਸਮਗਲਰਾਂ ਨੂੰ ਢਾਹ ਲਿਆ। ਉਸ ਸ਼ੱਕੀ ਬੰਦੇ ਦਾ ਇੱਕ ਹੀ ਸਵਾਲ ਸੀ ਕਿ ਬਿਸਕੁਟ 140 ਜਾਂ 145 ਕਿਉਂ ਨਹੀਂ ਹਨ, 141 ਤਾਂ ਗੱਲ ਹੀ ਨਹੀਂ ਬਣਦੀ। ਦੱਸੋ ਡੀ.ਐਸ.ਪੀ. ਤੇ ਐਸ.ਐਚ.ਉ. ਨੇ ਕਿੰਨੇ ਬਿਸਕੁਟ ਕੱਢੇ ਹਨ ?

ਉਹ ਵਿਚਾਰੇ ਲੇਲਹੜੀਆਂ ਲੈਣ ਕਿ ਜ਼ਨਾਬ ਅਸੀਂ ਤਾਂ ਪਾਂਡੀ (ਕੋਰੀਅਰ) ਹਾਂ। ਸਾਨੂੰ 141 ਬਿਸਕੁਟ ਹੀ ਮਿਲੇ ਸਨ, ਇਨ੍ਹਾਂ ਨੇ ਕੋਈ ਬਿਸਕੁਟ ਨਹੀਂ ਕੱਢਿਆ। ਇਸ ਬੈਗ ਵਿੱਚ ਸੋਨੇ ਦਾ ਨਾਲ ਪਾਕਿਸਤਾਨ ਤੋਂ ਆਈ ਇੱਕ ਚਿੱਟ ਵੀ ਪਈ ਹੈ, ਉਸ ‘ਤੇ ਲਿਖਿਆ ਹੈ ਕਿ ਕਿੰਨੇ ਬਿਸਕੁਟ ਹਨ ਤੇ ਕਿਹੜੇ ਬੰਦੇ ਨੂੰ ਕਿੰਨੇ ਬਿਸਕੁਟ ਪਹੁੰਚਾਉਣੇ ਹਨ। ਜਦੋਂ ਬੈਗ ਫਰੋਲਿਆ ਗਿਆ ਤਾਂ ਉਸ ਵਿੱਚੋਂ ਵਾਕਿਆ ਹੀ ਇੱਕ ਚਿੱਟ ਨਿਕਲ ਆਈ ਜਿਸ ‘ਤੇ ਉਰਦੂ ਵਿੱਚ ਕੁਝ ਲਿਖਿਆ ਹੋਇਆ ਸੀ। ਸ਼ਹਿਰ ਵਿੱਚੋਂ ਉਰਦੂ ਜਾਨਣ ਵਾਲਾ ਇੱਕ ਬਜ਼ੁਰਗ ਆਦਮੀ ਲੱਭਿਆ ਗਿਆ ਜਿਸ ਨੇ ਪੜ੍ਹ ਕੇ ਦੱਸਿਆ ਕਿ 141 ਬਿਸਕੁਟ ਹਨ ਜੋ ਫਲਾਣੇ ਫਲਾਣੇ ਬੰਦੇ ਨੂੰ ਪਹੁੰਚਾਉਣੇ ਹਨ। ਪਰ ਡੀ.ਆਈ.ਜੀ. ‘ਤੇ ਫਿਰ ਵੀ ਕੋਈ ਅਸਰ ਨਾ ਹੋਇਆ। ਉਸ ਨੇ ਐਸ.ਐਸ.ਪੀ. ਨੂੰ ਕਿਹਾ ਕਿ ਕੀ ਪਤਾ ਤੁਹਾਡੇ ਅਫਸਰਾਂ ਨੇ ਇਹ ਪਰਚੀ ਖੁਦ ਹੀ ਲਿਖ ਕੇ ਪਾਈ ਹੋਵੇ। ਐਸ.ਐਸ.ਪੀ. ਨੇ ਬਥੇਰਾ ਕਿਹਾ ਕਿ ਸਰ ਮੈਂ ਆਪਣੇ ‘ਕੱਲੇ ‘ਕੱਲੇ ਅਫਸਰ ਨੂੰ ਜਾਣਦਾ ਹਾਂ, ਇਹ ਦੋਵੇਂ ਇਹੋ ਜਿਹੇ ਨਹੀਂ ਹਨ।

ਪਰ ਸ਼ੱਕੀ ਡੀ.ਆਈ.ਜੀ. ‘ਤੇ ਆਪਣੀ ਗੱਲ ‘ਤੇ ਅਟੱਲ ਰਿਹਾ। ਉਹ ਦੋਵਾਂ ਪਾਂਡੀਆਂ ਨੂੰ ਇੱਕ ਐਸ.ਟੀ.ਡੀ. ਬੂਥ ‘ਤੇ ਲੈ ਗਿਆ ਤੇ ਸਪੀਕਰ ਫੋਨ ਲਗਾ ਕੇ ਉਨ੍ਹਾਂ ਦੀ ਸੋਨਾ ਭੇਜਣ ਵਾਲੇ ਪਾਕਿਸਤਾਨੀ ਸਮੱਗਲਰ ਨਾਲ ਗੱਲ ਕਰਵਾਈ। ਜਦੋਂ ਉਸ ਨੇ ਕਿਹਾ ਕਿ ਬਿਸਕੁਟ 141 ਹੀ ਸਨ ਤਾਂ ਜਾ ਕੇ ਕਿਤੇ ਡੀ.ਐਸ.ਪੀ. ਤੇ ਐਸ.ਐਚ.ਉ. ਦੀ ਖਲਾਸੀ ਹੋਈ, ਇਨਾਮ ਤਾਂ ਕਿਹੜਾ ਮਿਲਣਾ ਸੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ (ਰਿਟਾਇਰਡ)
ਪੰਡੋਰੀ ਸਿੱਧਵਾਂ 9501100062

ਅਰਬ ਇਜ਼ਰਾਈਲ ਹਿੰਸਾ ਅਤੇ ਜੇਰੂਸ਼ਲਮ

7 ਅਕਤੂਬਰ ਨੂੰ ਗਾਜ਼ਾ ਪੱਟੀ ਦੀ ਕਾਬਜ਼ ਅੱਤਵਾਦੀ ਜਥੇਬੰਦੀ ਹੱਮਾਸ ਨੇ ਸਵੇਰੇ 6.30 ਵਜੇ ਅਚਾਨਕ ਇਜ਼ਰਾਈਲ ਦੇ ਵੱਖ ਵੱਖ ਸ਼ਹਿਰਾਂ ‘ਤੇ ਕਰੀਬ 5000 ਰਾਕਟ ਦਾਗ ਕੇ ਉਸ ਨੂੰ ਭੌਂਚੱਕੇ ਕਰ ਦਿੱਤਾ। ਇਜ਼ਰਾਈਲ ਦਾ ਐਂਟੀ ਮਿਜ਼ਾਈਲ ਸਿਸਟਮ (ਆਇਰਨ ਡੋਮ) ਕਈ ਦਹਾਕਿਆਂ ਤੋਂ ਉਸ ਦੀ ਕਿਸੇ ਵੀ ਦੁਸ਼ਮਣ ਦੇਸ਼ ਦੇ ਰਾਕਟ, ਮਿਜ਼ਾਈਲ ਅਤੇ ਡਰੋਨ ਆਦਿ ਤੋਂ ਉਸ ਦੀ ਸਫਲਤਾ ਪੂਰਵਕ ਰੱਖਿਆ ਕਰ ਰਿਹਾ ਸੀ। ਪਰ ਕਈ ਸਾਲਾਂ ਤੋਂ ਆਇਰਨ ਡੋਮ ਦੀ ਕਾਰਜ ਪ੍ਰਣਾਲੀ ‘ਤੇ ਬਰੀਕੀ ਨਾਲ ਨਿਗ੍ਹਾ ਰੱਖ ਰਹੇ ਹੱਮਾਸ ਨੂੰ ਪਤਾ ਸੀ ਕਿ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਝੁੰਡ ਵਾਂਗ ਆ ਰਹੇ ਰਾਕਟਾਂ ਦੀ ਹਨੇਰੀ ਨੂੰ ਨਹੀਂ ਰੋਕ ਸਕੇਗਾ। ਉਹ ਹੀ ਗੱਲ ਹੋਈ ਤੇ ਇਜ਼ਰਾਈਲ ਦੇ ਔਫਾਕਿਮ, ਰੀਮ, ਸਦੈਰਟ, ਆਸ਼ਕੇਲੋਨ ਅਤੇ ਏਰਾਜ ਆਦਿ ਦਰਜ਼ਨਾਂ ਸ਼ਹਿਰਾਂ ਵਿੱਚ ਭਿਆਨਕ ਤਬਾਹੀ ਹੋਈ। ਇਸ ਦੇ ਨਾਲ ਹੀ ਹੱਮਾਸ ਦੇ ਸੈਂਕੜੇ ਲੜਾਕੇ ਧਰਤੀ, ਸਮੁੰਦਰ ਅਤੇ ਪੈਰਾਗਲਾਈਡਰਾਂ ਰਾਹੀਂ ਇਜ਼ਰਾਈਲ ‘ਤੇ ਟੁੱਟ ਪਏ। ਉਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਇਹ ਇਜ਼ਰਾਈਲ ‘ਤੇ 1973 ਦੇ ਮਿਸਰ ਅਤੇ ਸੀਰੀਆ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਸਭ ਤੋਂ ਵੱਧ ਭਿਆਨਕ ਹਮਲਾ ਹੈ। ਦੋਵੇਂ ਧਿਰਾਂ ਇੱਕ ਦੂਸਰੇ ‘ਤੇ ਬੇਰਿਹਮੀ ਨਾਲ ਅੱਗ ਵਰ੍ਹਾ ਰਹੀਆਂ ਹਨ ਤੇ ਹੁਣ ਤੱਕ ਹਜ਼ਾਰਾਂ ਗੁਨਾਹਗਾਰ ਤੇ ਬੇਗੁਨਾਹ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਨੇ ਗਾਜ਼ਾ ਪੱਟੀ ਦੀ ਬਿਜਲੀ ਪਾਣੀ ਬੰਦ ਕਰ ਕੇ ਸਾਰੇ ਪਾਸੇ ਤੋਂ ਨਾਕਾਬੰਦੀ ਕਰ ਦਿੱਤੀ ਹੈ ਤੇ ਖਾਣਾ ਅਤੇ ਦਵਾਈਆਂ ਆਦਿ ਕਿਸੇ ਵੀ ਜਰੂਰੀ ਵਸਤੂ ਦੀ ਆਪੂਰਤੀ ‘ਤੇ ਸਖਤੀ ਨਾਲ ਪਾਬੰਦੀ ਲਗਾ ਦਿੱਤੀ ਹੈ। ਵਰਨਣਯੋਗ ਹੈ ਕਿ ਕਈ ਸਾਲਾਂ ਤੋਂ ਇਜ਼ਰਾਈਲ ਵਰਗੀ ਸੁਪਰ ਪਾਵਰ ਦੇ ਨੱਕ ਵਿੱਚ ਦਮ ਕਰ ਕੇ ਰੱਖ ਦੇਣ ਵਾਲਾ ਗਾਜ਼ਾ ਪੱਟੀ ਸਿਰਫ 45 ਕਿ.ਮੀ. ਲੰਬਾ ਤੇ 6 ਤੋਂ 10 ਕਿ.ਮੀ. ਚੌੜਾ ਧਰਤੀ ਦਾ ਇੱਕ ਛੋਟਾ ਜਿਹਾ ਟੁਕੜਾ ਹੈ।

ਇਸ ਝਗੜੇ ਦਾ ਸਭ ਤੋਂ ਵੱਡਾ ਕਾਰਨ ਇਜ਼ਰਾਈਲ ਵੱਲੋਂ ਯੋਰੂਸ਼ਲਮ ਸ਼ਹਿਰ ‘ਤੇ ਕਬਜ਼ਾ ਹੈ। ਇਸ ਸ਼ਹਿਰ ਵਿੱਚ ਮੁਸਲਮਾਨਾਂ, ਯਹੂਦੀਆਂ ਅਤੇ ਇਸਾਈਆਂ ਦੇ ਸਭ ਤੋਂ ਵੱਧ ਪਵਿੱਤਰ ਧਾਰਮਿਕ ਸਥਾਨ ਹਨ। ਮੁਸਲਮਾਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਇਜ਼ਰਾਈਲ ਉਨ੍ਹਾਂ ਦੀ ਪਵਿੱਤਰ ਅਲ ਅਕਸਾ ਮਸਜਿਦ ‘ਤੇ ਕੰਟਰੋਲ ਰੱਖੇ। ਹੱਮਾਸ ਨੇ ਆਪਣੇ ਇਸ ਹਮਲੇ ਦਾ ਨਾਮ ਵੀ ਅਲ ਅਕਸਾ ਸਟੌਰਮ (ਤੂਫਾਨ) ਰੱਖਿਆ ਹੈ। ਜੇਰੂਸ਼ਲਮ ਇਜ਼ਰਾਈਲ ਦੀ ਰਾਜਧਾਨੀ ਹੈ ਤੇ ਸੰਸਾਰ ਦਾ ਇੱਕੋ ਇੱਕ ਸ਼ਹਿਰ ਹੈ ਜੋ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਵੱਲੋਂ ਸਮਾਨ ਰੂਪ ਵਿੱਚ ਪਵਿੱਤਰ ਮੰਨਿਆਂ ਜਾਂਦਾ ਹੈ। ਯਹੂਦੀਆਂ ਦਾ ਸਭ ਤੋਂ ਪਵਿੱਤਰ ਸਥਾਨ ਵੇਲਿੰਗ ਵਾਲ (ਪੱਛਮੀ ਦੀਵਾਰ), ਇਸਾਈਆਂ ਦੀ ਡੋਮ ਆਫ ਰੌਕ ਚਰਚ ਅਤੇ ਮੁਸਲਮਾਨਾਂ ਦੀ ਅਲ ਅਕਸਾ ਮਸਜਿਦ ਇਥੇ ਬਿਲਕੁਲ ਨਾਲ ਨਾਲ ਸਥਿੱਤ ਹਨ। ਜੋਰੂਸ਼ਲਮ ਦੀ ਸਥਾਪਨਾ ਅੱਜ ਤੋਂ ਕਰੀਬ 3000 ਸਾਲ ਪਹਿਲਾਂ ਯਹੂਦੀ ਕਬੀਲਿਆਂ ਨੇ ਕੀਤੀ ਸੀ ਤੇ ਇਹ ਸੰਸਾਰ ਦਾ ਇੱਕ ਸਭ ਤੋਂ ਪ੍ਰਚੀਨ ਸ਼ਹਿਰ ਹੈ। ਇਸ ਵੇਲੇ ਇਹ ਸ਼ਹਿਰ ਕਾਫੀ ਫੈਲ ਚੁੱਕਾ ਹੈ ਤੇ ਇਸ ਦੀ ਅਬਾਦੀ ਕਰੀਬ ਦਸ ਲੱਖ ਹੈ। ਪਹਿਲਾਂ ਇਜ਼ਰਾਈਲ ਦੀ ਰਾਜਧਾਨੀ ਤੈਲਅਵੀਵ ਹੁੰਦੀ ਸੀ ਪਰ ਸੰਨ 1980 ਵਿੱਚ ਅਰਬ ਦੇਸ਼ਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਉਸ ਨੇ ਜੋਰੂਸ਼ਲਮ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ। ਜੋਰੂਸ਼ਲਮ ਵਿੱਚ 70% ਯਹੂਦੀ, 39% ਅਰਬ ਅਤੇ 1% ਹੋਰ ਕੌਮਾਂ ਦੇ ਲੋਕ ਵੱਸਦੇ ਹਨ।

ਵੈਸਟਨ ਵਾਲ (ਵੇਲਿੰਗ ਵਾਲ) – ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਯਹੂਦੀ ਰਾਜਾ ਹੈਰੋਡ ਮਹਾਨ ਵੱਲੋਂ ਸੰਨ 19 ਬੀ.ਸੀ. ਵਿੱਚ ਉਸਾਰੇ ਗਏ ਯਹੂਦੀ ਮੰਦਰ (ਟੈਂਪਲ ਮਾਊਂਟ) ਦਾ ਬਚਿਆ ਹੋਇਆ ਹਿੱਸਾ ਹੈ। ਇਹ ਚੂਨਾ ਪੱਥਰਾਂ ਦੀ ਬਣੀ ਹੋਈ ਹੈ ਤੇ ਇਸ ਦੀ ਲੰਬਾਈ 488 ਮੀਟਰ ਅਤੇ ਉਚਾਈ 19 ਮੀਟਰ ਹੈ। ਸੰਨ 70 ਈਸਵੀ ਵਿੱਚ ਰੋਮਨਾਂ ਨੇ ਟੈਂਪਲ ਮਾਊਂਟ ਨੂੰ ਬਿਲਕੁਲ ਤਬਾਹ ਕਰ ਦਿੱਤਾ ਸੀ ਤੇ ਸਿਰਫ ਇਹ ਦੀਵਾਰ ਹੀ ਬਚੀ ਸੀ। ਇਸ ਦੇ ਨਾਲ ਹੀ ਯਹੂਦੀਆਂ ਦਾ ਰਾਜ ਵੀ ਖਤਮ ਹੋ ਗਿਆ ਜਿਸ ਕਾਰਨ ਟੈਂਪਲ ਮਾਊਂਟ ਦੁਬਾਰਾ ਨਾ ਬਣ ਸਕਿਆ। ਯਹੂਦੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਉਹ ਸਾਰੇ ਸੰਸਾਰ ਵਿੱਚ ਖਿੱਲਰ ਗਏ। ਪਰ ਜਦੋਂ ਵੀ ਮੌਕਾ ਮਿਲਦਾ, ਉਹ ਵੇਲਿੰਗ ਵਾਲ ਦੀ ਯਾਤਰਾ ਕਰਦੇ ਤੇ ਦੀਵਾਰ ਦੇ ਸਾਹਮਣੇ ਖੜੇ ਹੋ ਕੇ ਮੰਦਰ ਨੂੰ ਯਾਦ ਕਰ ਕੇ ਉੱਚੀ ਉੱਚੀ ਰੋਂਦੇ ਸਨ। ਇਹ ਵਰਤਾਰਾ ਹੁਣ ਵੀ ਚੱਲ ਰਿਹਾ ਹੈ। ਇਸ ਕਾਰਨ ਇਸ ਦੀਵਾਰ ਦਾ ਨਾਮ ਵੇਲਿੰਗ ਵਾਲ ਜਾਂ ਵੈਣ ਪਾਉਣ ਵਾਲੀ ਦੀਵਾਰ ਪੈ ਗਿਆ। 1948 ਵਿੱਚ ਇਜ਼ਰਾਈਲ ਦੀ ਸਥਾਪਨਾ ਹੋਣ ਤੋਂ ਬਾਅਦ ਕੱਟੜ ਯਹੂਦੀਆਂ ਨੇ ਮੰਦਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਲ ਅਕਸਾ ਮਸਜਿਦ ਦੇ ਬਿਲਕੁਲ ਨਾਲ ਹੋਣ ਕਾਰਨ ਮੁਸਲਮਾਨਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਤੇ ਕਈ ਵਾਰ ਭਿਆਨਕ ਦੰਗੇ ਵੀ ਹੋਏ। ਹੁਣ ਵੀ ਦੋਵਾਂ ਧਿਰਾਂ ਨੂੰ ਅਲ਼ੱਗ ਅਲੱਗ ਰੱਖਣ ਲਈ ਵੱਖੋ ਵੱਖਰੇ ਪ੍ਰਵੇਸ਼ ਦੁਆਰ ਹਨ ਤੇ ਪੁਲਿਸ ਦਾ ਭਾਰੀ ਬੰਦੋਬਸਤ ਰਹਿੰਦਾ ਹੈ।

ਚਰਚ ਆਫ ਹੋਲੀ ਸਪਰਚਰ – ਚਰਚ ਆਫ ਹੋਲੀ ਸਪਰਚਰ ਪੁਰਾਣੇ ਯੋਰੂਸ਼ਲਮ ਵਿੱਚ ਉਸ ਜਗ੍ਹਾ ‘ਤੇ ਸਥਿੱਤ ਹੈ ਜਿੱਥੇ ਈਸਾ ਮਸੀਹ ਨੂੰ ਸੂਲੀ ‘ਤੇ ਚੜ੍ਹਾਇਆ ਗਿਆ ਸੀ। ਇਸ ਦੀ ਉਸਾਰੀ ਬਾਈਜ਼ਨਟਾਈਨ ਸਾਮਰਾਜ ਦੇ ਬਾਦਸ਼ਾਹ ਕਾਂਸਟਨਟਾਈਨ ਮਹਾਨ ਨੇ ਸੰਨ 326 ਈਸਵੀ ਨੂੰ ਸ਼ੁਰੂ ਕਰਵਾਈ ਜੋ ਸੰਨ 335 ਵਿੱਚ ਮੁਕੰਮਲ ਹੋਈ। ਇਹ ਇਸਾਈਆਂ ਦਾ ਇੱਕ ਸਭ ਤੋਂ ਵੱਧ ਪੂਜਣਯੋਗ ਸਥਾਨ ਹੈ ਤੇ ਹਰ ਸਾਲ ਸੰਸਾਰ ਭਰ ਤੋਂ ਲੱਖਾਂ ਇਸਾਈ ਇਸ ਦੀ ਯਾਤਰਾ ਕਰਨ ਲਈ ਪਹੁੰਚਦੇ ਹਨ। ਕਹਿੰਦੇ ਹਨ ਕਿ ਸਮਰਾਟ ਕਾਂਸਟਨਟਾਈਨ ਨੂੰ ਇਸ ਸਬੰਧੀ ਸੁਪਨਾ ਆਇਆ ਸੀ ਤੇ ਉਸ ਨੇ ਆਪਣੀ ਮਾਂ ਹੈਲੇਨਾ ਨੂੰ ਇਹ ਸਥਾਨ ਲੱਭਣ ਲਈ ਭੇਜਿਆ। ਹੈਲੇਨਾ ਨੇ ਜੇਰੂਸ਼ਲਮ ਦੇ ਬਿਸ਼ਪ ਮਾਸੇਰੀਅਸ ਦੀ ਮਦਦ ਨਾਲ ਇਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਤਾਂ ਉਸ ਨੂੰ ਇਸ ਜਗ੍ਹਾ ਤੋਂ ਤਿੰਨ ਅਸਲੀ ਕਰਾਸ ਮਿਲੇ। ਰੋਮਨਾਂ ਨੇ ਇਥੇ ਜੂਪੀਟਰ ਅਤੇ ਵੀਨਸ ਦਾ ਮੰਦਰ ਬਣਾਇਆ ਹੋਇਆ ਸੀ। ਜਦੋਂ ਉਸ ਮੰਦਰ ਨੂੰ ਢਾਹ ਕੇ ਮਲਬਾ ਸਾਫ ਕੀਤਾ ਗਿਆ ਤਾਂ ਉਸ ਦੀਆਂ ਨੀਹਾਂ ਵਿੱਚ ਉਹ ਗੁਫਾ ਵੀ ਲੱਭ ਗਈ ਜਿੱਥੇ ਕਰਾਸ ‘ਤੇ ਚੜ੍ਹਾਉਣ ਤੋਂ ਬਾਅਦ ਈਸਾ ਮਸੀਹ ਨੂੰ ਦਫਨਾਇਆ ਗਿਆ ਸੀ। ਉਸ ਸਥਾਨ ‘ਤੇ ਹੀ ਇਸ ਚਰਚ ਦੀ ਸਥਾਪਨਾ ਕੀਤੀ ਗਈ ਹੈ।

ਇਸ ਚਰਚ ਨੂੰ ਕਈ ਵਾਰ ਤਬਾਹੀ ਦਾ ਸਾਹਮਣਾ ਕਰਨਾ ਪਿਆ। ਸੰਨ 614 ਈਸਵੀ ਵਿੱਚ ਈਰਾਨ ਦੇ ਬਾਦਸ਼ਾਹ ਖੁਸਰੋ ਨੇ ਜੋਰੂਸ਼ਲਮ ‘ਤੇ ਕਬਜ਼ਾ ਕਰ ਲਿਆ ਤੇ ਚਰਚ ਨੂੰ ਸਾੜ ਦਿੱਤਾ। ਪਰ ਜਲਦੀ ਹੀ ਬਾਈਜ਼ਨਟਾਈਨ ਸਮਰਾਟ ਹਰਕੇਲੀਅਸ ਨੇ ਜੋਰੂਸ਼ਲਮ ਈਰਾਨੀਆਂ ਤੋਂ ਖੋਹ ਲਿਆ ਤੇ ਚਰਚ ਦੀ ਦੁਬਾਰਾ ਉਸਾਰੀ ਕੀਤੀ ਗਈ। ਇਸ ਤੋਂ ਬਾਅਦ ਅਰਬਾਂ ਨੇ ਜੋਰੂਸ਼ਲਮ ‘ਤੇ ਕਬਜ਼ਾ ਕਰ ਲਿਆ ਪਰ ਉਨ੍ਹਾਂ ਨੇ ਚਰਚ ਨਾਲ ਕੋਈ ਛੇੜ ਛਾੜ ਨਾ ਕੀਤੀ। ਪਰ ਖਲੀਫਾ ਅਲ ਹਾਕਿਮ ਬਿਨ ਅਮਰੱਲਾਹ ਨੇ ਸੰਨ 1009 ਈਸਵੀ ਵਿੱਚ ਇਸ ਚਰਚ ਨੂੰ ਬਿਲਕੁਲ ਹੀ ਨੇਸਤਾਨਾਬੂਦ ਕਰ ਦਿੱਤਾ। ਸੰਨ 1027 ਵਿੱਚ ਨਵੇਂ ਖਲੀਫਾ ਅਲੀ ਅਜ਼ਹੀਰ ਅਤੇ ਬਾਈਜ਼ਨਟਾਈਨ ਸਮਰਾਟ ਕਾਂਸਟਨਟਾਈਨ ਨੌਵੇਂ ਵਿੱਚਕਾਰ ਹੋਏ ਇੱਕ ਸਮਝੌਤੇ ਤਹਿਤ ਇਸ ਦੇ ਕੁਝ ਹਿੱਸੇ ਦਾ ਨਿਰਮਾਣ ਕੀਤਾ ਗਿਆ। ਸੰਨ 1095 ਈਸਵੀ ਨੂੰ ਪੋਪ ਨੇ ਜੇਰੂਸ਼ਲਮ ‘ਤੇ ਕਬਜ਼ਾ ਕਰਨ ਲਈ ਧਰਮ ਯੁੱਧ (ਕਰੂਸੇਡ) ਦਾ ਐਲਾਨ ਕਰ ਦਿੱਤਾ ਜਿਸ ਵਿੱਚ ਹਿੱਸਾ ਲੈਣ ਲਈ ਯੂਰਪ ਦੇ ਸਾਰੇ ਦੇਸ਼ਾਂ ਨੇ ਆਪਣੇ ਸੈਨਿਕ ਭੇਜੇ। ਸੰਨ 1096 ਈਸਵੀ ਵਿੱਚ ਈਸਾਈਆਂ ਦਾ ਜੇਰੂਸ਼ਲਮ ‘ਤੇ ਕਬਜ਼ਾ ਹੋ ਗਿਆ। ਨਵੇਂ ਰਾਜੇ ਗੌਡਫਰੇ ਨੇ ਯੂਰਪੀਨ ਰਾਜਿਆਂ ਦੀ ਮਦਦ ਨਾਲ ਚਰਚ ਦੀ ਉਸਾਰੀ ਮੁਕੰਮਲ ਕੀਤੀ। 1810 ਵਿੱਚ ਚਰਚ ਦੀ ਮੁੜ ਵੱਡੇ ਪੱਧਰ ‘ਤੇ ਮੁਰੰਮਤ ਕੀਤੀ ਗਈ ਤੇ ਇਹ ਮੌਜੂਦਾ ਰੂਪ ਵਿੱਚ ਸੰਸਾਰ ਦੇ ਸਾਹਮਣੇ ਆਈ।

ਅਲ ਅਕਸਾ ਮਸਜਿਦ – ਅਲ ਅਕਸਾ ਮਸਜਿਦ ਇਸਲਾਮ ਵਿੱਚ ਮੱਕਾ ਅਤੇ ਮਦੀਨਾ ਤੋਂ ਬਾਅਦ ਸਭ ਤੋਂ ਵੱਧ ਪਵਿੱਤਰ ਧਾਰਮਿਕ ਅਸਥਾਨ ਮੰਨਿਆਂ ਜਾਂਦਾ ਹੈ। ਇਸਲਾਮਿਕ ਮਾਨਤਾਵਾਂ ਅਨੁਸਾਰ ਇਸ ਸਥਾਨ ਤੋਂ ਹਜ਼ਰਤ ਮੁਹੰਮਦ ਜ਼ੱਨਤ ਨੂੰ ਗਏ ਸਨ। ਸਭ ਤੋਂ ਪਹਿਲਾਂ ਬਗਦਾਦ ਦੇ ਖਲੀਫਾ ਉਮਰ ਨੇ ਇਸ ਜਗ੍ਹਾ ‘ਤੇ ਇੱਕ ਜਿਹੀ ਛੋਟੀ ਮਸਜਿਦ ਦੀ ਉਸਾਰੀ ਕਰਵਾਈ ਸੀ। ਪਰ ਵੱਡੇ ਪੱਧਰ ਤੇ ਅਲ ਅਕਸਾ ਦੀ ਉਸਾਰੀ ਖਲੀਫਾ ਅਬੂ ਅਲ ਮਲਿਕ ਨੇ 680 ਈਸਵੀ ਵਿੱਚ ਸ਼ੁਰੂ ਕਰਵਾਈ ਜੋ ਉਸ ਦੇ ਬੇਟੇ ਖਲੀਫਾ ਅਲ ਵਾਲਿਦ ਦੇ ਰਾਜ ਸਮੇਂ 705 ਈਸਵੀ ਵਿੱਚ ਮੁਕੰਮਲ ਹੋਈ। ਇਹ ਮਸਜਿਦ 746 ਈਸਵੀ ਵਿੱਚ ਆਏ ਇੱਕ ਭੁਚਾਲ ਕਾਰਨ ਮੁਕੰਮਲ ਤੌਰ ‘ਤੇ ਤਬਾਹ ਹੋ ਗਈ ਤੇ ਇਸ ਦੀ ਮੁੜ ਉਸਾਰੀ ਖਲੀਫਾ ਅਲ ਮੰਨਸੂਰ ਨੇ 754 ਈਸਵੀ ਵਿੱਚ ਕਰਵਾਈ। ਪਰ ਸੰਨ 1033 ਵਿੱਚ ਆਏ ਇੱਕ ਹੋਰ ਭਿਆਨਕ ਭੁਚਾਲ ਕਾਰਨ ਇਹ ਦੁਬਾਰਾ ਤਬਾਹ ਹੋ ਗਈ ਤੇ ਇਸ ਦੀ ਦੁਬਾਰਾ ਉਸਾਰੀ ਖਲੀਫਾ ਅਲੀ ਜ਼ਹੀਰ ਨੇ ਕਰਵਾਈ। ਇਸ ਤੋਂ ਬਾਅਦ ਤੁਰਕੀ, ਮਿਸਰ, ਸਾਊਦੀ ਅਰਬ ਅਤੇ ਜਾਰਡਨ ਦੇ ਬਾਦਸ਼ਾਹਾਂ ਸਮੇਤ ਅਨੇਕਾਂ ਸ਼ਰਧਾਲੂਆਂ ਨੇ ਇਸ ਦੀ ਇਮਾਰਤ ਅਤੇ ਖੂਬਸੂਰਤੀ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ।

ਇਸ ਦੀ ਭਵਨ ਨਿਰਮਾਣ ਕਲਾ ਇਸਲਾਮਿਕ ਹੈ ਤੇ ਇਸ ਵਿੱਚ ਇੱਕੋ ਸਮੇਂ 5000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨ। ਇਸ ਦੇ ਦੋ ਵੱਡੇ ਤੇ ਅਨੇਕਾਂ ਛੋਟੇ ਗੁੰਬਦ ਤੇ ਚਾਰ ਮੀਨਾਰ ਹਨ। ਮੀਨਾਰਾਂ ਦੀ ਉਚਾਈ 37 ਮੀਟਰ ਹਰੇਕ ਹੈ। ਇਸ ਦੇ ਅੰਦਰ ਅਤੇ ਬਾਹਰ ਇਸਲਾਮੀ ਜਗਤ ਦੇ ਬੇਹਤਰੀਨ ਉਸਤਾਦ ਕਾਰੀਗਰਾਂ ਦੁਆਰਾ ਕੁਰਾਨ ਦੀਆਂ ਆਇਤਾਂ ਅਤੇ ਫੁੱਲ ਬੂਟਿਆਂ ਦੀ ਅਤਿ ਸੂਖਮ ਅਤੇ ਖੂਬਸੂਰਤ ਮੀਨਾਕਾਰੀ ਤੇ ਪੱਚੀਕਾਰੀ ਕੀਤੀ ਗਈ ਹੈ। ਇਸ ਦਾ ਪ੍ਰਬੰਧ ਇੱਕ ਜਾਰਡਨੀ – ਫਲਸਤੀਨੀ ਵਕਫ ਸੰਭਾਲਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਜਾਨ ਹੈ ਤਾਂ ਜਹਾਨ ਹੈ

ਇਹ ਅਟੱਲ ਸੱਚਾਈ ਹੈ ਕਿ ਇਨਸਾਨ ਵਾਸਤੇ ਸਭ ਤੋਂ ਅਣਮੋਲ ਵਸਤੂ ਉਸ ਦੀ ਜ਼ਿੰਦਗੀ ਹੁੰਦੀ ਹੈ। ਮੌਤ ਨੂੰ ਸਾਹਮਣੇ ਵੇਖ ਕੇ ਵੱਡੇ ਵੱਡੇ ਸੂਰਮੇ ਵੀ ਸੁੱਕੇ ਪੱਤੇ ਵਾਂਗ ਕੰਬਣ ਲੱਗ ਜਾਂਦੇ ਹਨ। ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਜੋ ਉਸ ਨੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਰਗੜ ਕੇ ਪ੍ਰਾਪਤ ਕੀਤਾ ਸੀ। ਰਾਜਕੁਮਾਰ ਅਜੇ ਦੋ ਤਿੰਨ ਸਾਲਾਂ ਦਾ ਹੀ ਸੀ ਕਿ ਕਿਸੇ ਨਾਮੁਰਾਦ ਬਿਮਾਰੀ ਕਾਰਨ ਮਰਨ ਕਿਨਾਰੇ ਪਹੁੰਚ ਗਿਆ। ਸਾਫ ਲੱਗਦਾ ਸੀ ਕਿ ਉਹ ਥੋੜ੍ਹੇ ਦਿਨਾਂ ਦਾ ਹੀ ਮਹਿਮਾਨ ਹੈ। ਮਹਿਲਾਂ ਵਿੱਚ ਵਿਰਲਾਪ ਪੈ ਗਿਆ। ਰਾਜਾ ਕਹੇ ਕਿ ਹਾਏ ਰੱਬਾ ਮੇਰੀ ਜਾਨ ਲੈ ਲਾ, ਪਰ ਮੇਰੇ ਪੁੱਤਰ ਦੀ ਜਾਨ ਬਖਸ਼ ਦੇ। ਰਾਣੀ ਧਾਹਾਂ ਮਾਰੀ ਜਾਵੇ ਕਿ ਰੱਬਾ ਮੈਨੂੰ ਚੁੱਕ ਲਾ ਤੇ ਰਾਜੇ ਦੀ ਖੁਸ਼ਨੂਦੀ ਹਾਸਲ ਕਰਨ ਲਈ ਸਾਰੇ ਮੰਤਰੀ ਸੰਤਰੀ ਵੀ ਇਹ ਹੀ ਵਿਰਲਾਪ ਕਰੀ ਜਾਣ। ਜਦੋਂ ਦਰਬਾਰੀ ਵੈਦਾਂ ਨੇ ਹੱਥ ਖੜੇ ਕਰ ਦਿੱਤੇ ਤਾਂ ਰਾਜੇ ਨੇ ਸਾਰੇ ਰਾਜ ਵਿੱਚ ਢੰਡੋਰਾ ਫਿਰਵਾ ਦਿੱਤਾ ਕਿ ਜਿਹੜਾ ਵੀ ਮੇਰੇ ਪੁੱਤਰ ਨੂੰ ਠੀਕ ਕਰ ਦੇਵੇਗਾ, ਉਸ ਨੂੰ ਮੂੰਹ ਮੰਗਿਆ ਇਨਾਮ ਬਖਸ਼ਿਆ ਜਾਵੇਗਾ। ਇਹ ਸੁਣ ਕੇ ਵੱਡੇ ਵੱਡੇ ਵੈਦ, ਹਕੀਮ, ਤਾਂਤਰਿਕ ਅਤੇ ਮਾਂਤਰਿਕ ਆਦਿ ਮਹਿਲਾਂ ਵਿੱਚ ਪਹੁੰਚ ਗਏ ਤੇ ਆਪਣੀ ਵਾਹ ਲਗਾ ਲਈ, ਪਰ ਕੋਈ ਫਰਕ ਨਾ ਪਿਆ।

ਕੁਝ ਦਿਨਾਂ ਬਾਅਦ ਰਿੱਧੀਆਂ ਸਿੱਧੀਆਂ ਦਾ ਮਾਲਕ ਇੱਕ ਚਮਤਕਾਰੀ ਸੰਤ ਵੀ ਦਰਬਾਰ ਵਿੱਚ ਆਣ ਪਹੁੰਚਿਆ। ਉਸ ਨੇ ਰਾਜੇ ਨੂੰ ਕਿਹਾ, “ਮੈਂ ਰਾਜਕੁਮਾਰ ਦੀ ਜਾਨ ਬਚਾ ਸਕਦਾ ਹਾਂ। ਪਰ ਇਹ ਤਾਂ ਹੀ ਸੰਭਵ ਹੈ ਜੇ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਇਸ ਦੀ ਜਗ੍ਹਾ ਜਾਨ ਨਿਸ਼ਾਵਰ ਕਰਨ ਲਈ ਤਿਆਰ ਹੋ ਜਾਵੇ। ਕੀ ਤੁਸੀਂ ਇਹ ਕੁਰਬਾਨੀ ਦੇ ਸਕਦੇ ਹੋ?” ਸੁਣ ਕੇ ਰਾਜਾ ਝਾੜ ਵਿੱਚ ਫਸੇ ਬਿੱਲੇ ਵਾਂਗ ਇਧਰ ਉਧਰ ਝਾਕਣ ਲੱਗ ਪਿਆ। ਉਸ ਨੇ ਸੋਚਿਆ ਕਿ ਰਾਜ ਪਾਟ ਸੰਭਾਲਣ ਵਾਸਤੇ ਰਾਜਕੁਮਾਰ ਦੀ ਉਮਰ ਅਜੇ ਬਹੁਤ ਛੋਟੀ ਹੈ। ਜੇ ਮੈਂ ਮਰ ਗਿਆ ਤਾਂ ਦੁਸ਼ਮਣਾਂ ਨੇ ਇਸ ਨੂੰ ਦੋ ਦਿਨਾਂ ਵਿੱਚ ਹੀ ਮਾਰ ਕੇ ਰਾਜ ‘ਤੇ ਕਬਜ਼ਾ ਕਰ ਲੈਣਾ ਹੈ ਤੇ ਮੇਰੀ ਕੁਰਬਾਨੀ ਭੰਗ ਦੇ ਭਾੜੇ ਜਾਵੇਗੀ। ਮੈਂ ਫਿਰ ਆਪਣੀ ਜਾਨ ਕਿਉਂ ਜਾਇਆ ਕਰਾਂ? ਕੀ ਪਤਾ ਰੱਬ ਮੈਨੂੰ ਹੋਰ ਪੁੱਤਰ ਦੀ ਦਾਤ ਦੇ ਦੇਵੇ। ਉਸ ਨੇ ਜਾਨ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਸੰਤ ਨੇ ਰਾਣੀ ਨੂੰ ਪੁੱਛਿਆ। ਰਾਣੀ ਨੇ ਸੋਚਿਆ ਕਿ ਜੇ ਮੈਂ ਮਰ ਗਈ, ਰਾਜੇ ਨੇ ਤਾਂ ਚਾਰ ਦਿਨਾਂ ਬਾਅਦ ਹੀ ਦੂਸਰਾ ਵਿਆਹ ਕਰ ਲੈਣਾ ਹੈ। ਮਤਰੇਈ ਮਾਂ ਨੇ ਮੇਰੇ ਪੁਤਰ ਨੂੰ ਜਿੰਦਾ ਨਹੀਂ ਰਹਿਣ ਦੇਣਾ ਕਿਉਂਕਿ ਉਹ ਤਾਂ ਆਪਣੇ ਪੁਤਰ ਨੂੰ ਹੀ ਗੱਦੀ ‘ਤੇ ਬਿਠਾਉਣਾ ਚਾਹੇਗੀ। ਰਾਣੀ ਨੇ ਵੀ ਆਪਣੀ ਜਾਨ ਦੇਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਸੰਤ ਨੇ ਭੁੱਖੇ ਕੱਟਿਆਂ ਵਾਂਗ ਉੱਚੀ ਉੱਚੀ ਵਿਰਲਾਪ ਕਰ ਰਹੇ ਸੈਨਾਪਤੀ, ਮੰਤਰੀ ਅਤੇ ਦਰਬਾਰੀਆਂ ਆਦਿ ਨੂੰ ਇਹ ਸਵਾਲ ਪਾਇਆ ਤਾਂ ਉਹ ਵੀ ਗੁੰਮ ਸੁੰਮ ਹੋ ਗਏ। ਉਹਨਾਂ ਸੋਚਿਆ ਕਿ ਜੇ ਰਾਜਕੁਮਾਰ ਦੇ ਸਕੇ ਮਾਂ ਬਾਪ ਆਪਣੀ ਜਾਨ ਦੇਣ ਲਈ ਤਿਆਰ ਨਹੀਂ ਹਨ ਤਾਂ ਸਾਨੂੰ ਮਰਨ ਦੀ ਕੀ ਜਰੂਰਤ ਹੈ? ਇਹ ਸਾਡਾ ਕੀ ਲੱਗਦਾ ਹੈ? ਮੁੱਕਦੀ ਗੱਲ ਕਿ ਅੱਜ ਦੇ ਲੀਡਰਾਂ ਵਾਂਗ ਵੱਡੇ ਵੱਡੇ ਦਾਅਵੇ ਕਰਨ ਵਾਲਾ ਕੋਈ ਵੀ ਵਿਅਕਤੀ ਆਪਣੀ ਜਾਨ ਦੇਣ ਲਈ ਤਿਆਰ ਨਾ ਹੋਇਆ। ਲੋਕਾਂ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਵੇਖ ਕੇ ਸੰਤ ਮੰਦ ਮੰਦ ਮੁਸਕਰਾਉਂਦਾ ਹੋਇਆ ਆਪਣੇ ਰਾਹ ਪੈ ਗਿਆ ਤੇ ਰਾਜਾ, ਰਾਣੀ ਅਤੇ ਦਰਬਾਰੀ ਸ਼ਰਮਿੰਦੇ ਜਿਹੇ ਹੋਏ ਇੱਕ ਦੂਸਰੇ ਤੋਂ ਨਜ਼ਰਾਂ ਚੁਰਾ ਕੇ ਇਧਰ ਉਧਰ ਝਾਕਣ ਲੱਗ ਪਏ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਲੀਡਰ ਦਾ ਮੁੰਡਾ

ਇੱਕ ਲੀਡਰ ਨੇ ਆਪਣੀ ਆਲੀਸ਼ਾਨ ਕੋਠੀ ਵਿੱਚ ਵਰਕਰਾਂ ਦੀ ਮੀਟਿੰਗ ਬੁਲਾਈ ਹੋਈ ਸੀ। ਵੈਸੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਨੇਤਾ ਜੀ ਖਾਨਦਾਨੀ ਨੰਗ ਹੁੰਦੇ ਸਨ ਪਰ ਤਿੰਨ ਵਾਰ ਮੰਤਰੀ ਬਣ ਕੇ ਲੋਕਾਂ ਦੀ ਸੇਵਾ ਦੇ ਨਾਮ ‘ਤੇ ਮੇਵਾ ਛਕ ਕੇ ਕਰੋੜਪਤੀ ਬਣ ਚੁੱਕੇ ਸਨ। ਉਹਨਾਂ ਨੇ ਇਧਰ ਉਧਰ ਦੀਆਂ ਕੁਝ ਗੱਲਾਂ ਮਾਰਨ ਤੋਂ ਬਾਅਦ ਵਰਕਰਾਂ ਨੂੰ ਲਲਕਾਰਿਆ, “ਜਵਾਨੋਂ ਗੱਲ ਸੁਣੋ ਮੇਰੀ ਧਿਆਨ ਨਾਲ। ਕਲ੍ਹ ਦਾ ਦੂਸਰੇ ਧਰਮ ਵਾਲਿਆਂ ਨੇ ਆਪਣੇ ਧਰਮ ‘ਤੇ ਹਮਲਾ ਕਰ ਕੀਤਾ ਹੋਇਆ ਹੈ। ਦੋ ਬੰਦੇ ਮਾਰ ਦਿੱਤੇ ਹਨ ਤੇ ਪੰਜ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ। ਹੁਣ ਤੁਸੀਂ ਵੀ ਸਿਰਾਂ ‘ਤੇ ਖੱਫਣ ਬੰਨ੍ਹ ਲਉ ਤੇ ਕਲ੍ਹ ਤੜ੍ਹਕੇ ਈ ਪੈ ਜੋ ਇਹਨਾਂ ਨੂੰ, ਮਜ਼ਾ ਚਖਾ ਦਿਉ। ਨਾ ਇਹਨਾਂ ਦਾ ਕੋਈ ਧਾਰਮਿਕ ਸਥਾਨ ਸਬੂਤਾ ਛੱਡਣਾ ਆ ਤੇ ਨਾ ਈ ਕੋਈ ਬੰਦਾ ਜਨਾਨੀ ਜ਼ਿੰਦਾ ਬਚੇ। ਬਾਕੀ ਪੁਲਿਸ ਦੀ ਜ਼ਿੰਮੇਵਾਰੀ ਮੇਰੀ ਆ।

ਲੀਡਰ ਨੂੰ ਖੜੱਪੇ ਸੱਪ ਵਾਂਗ ਨਫਰਤ ਦਾ ਜ਼ਹਿਰ ਉਗਲਦਾ ਵੇਖ ਕੇ ਉਸ ਦਾ ਇੱਕ ਖਾਸ ਚੇਲਾ ਲੱਡੂ ਭਲਵਾਨ ਫਿੱਕਾ ਜਿਹਾ ਮੁਸਕਰਾਇਆ। ਦੋ ਕੁ ਮਹੀਨੇ ਪਹਿਲਾਂ ਇਸੇ ਲੀਡਰ ਦੇ ਆਖੇ ਲੱਗ ਕੇ ਦੂਸਰੇ ਧਰਮ ਵਾਲਿਆਂ ਦੇ ਦੋ ਬੰਦਿਆਂ ਦੀਆਂ ਲੱਤਾਂ ਤੋੜਨ ਕਾਰਨ ਉਹ ਅਜੇ ਕਲ੍ਹ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਨਾ ਤਾਂ ਇਸ ਨੇ ਲੱਡੂ ਨੂੰ ਪੁਲਿਸ ਤੋਂ ਬਚਾਇਆ ਸੀ ਤੇ ਨਾ ਹੀ ਵਕੀਲ ਦੀ ਫੀਸ ਵਾਸਤੇ ਕੋਈ ਪੈਸਾ ਦਿੱਤਾ ਸੀ। ਉਸ ਨੇ ਲੀਡਰ ਨੂੰ ਪੁੱਛਿਆ, “ਨੇਤਾ ਜੀ, ਪਿੰਟੂ ਵੀਰ ਜੀ ਨਈਂ ਦਿਸਦੇ ਕਿਤੇ?” ਪਿੰਟੂ ਲੀਡਰ ਦੇ ਮੁੰਡੇ ਦਾ ਨਾਮ ਸੀ। ਲੀਡਰ ਬੋਲਿਆ, “ਕਿਉਂ, ਕੀ ਕੰਮ ਪੈ ਗਿਆ ਤੈਨੂੰ ਪਿੰਟੂ ਨਾਲ? ਗਿਆ ਹੋਣਾ ਕਿਤੇ ਦੋਸਤਾਂ ਨਾਲ ਮੌਜ ਮਸਤੀ ਕਰਨ।” ਲੱਡੂ ਨੇ ਭੋਲਾ ਜਿਹਾ ਬਣ ਕੇ ਕਿਹਾ, “ਨੇਤਾ ਜੀ ਮੈਨੂੰ ਇੱਕ ਫੁਰਨਾ ਫੁਰਿਆ ਆ। ਇਸ ਵਾਰ ਪਿੰਟੂ ਦੀ ਅਗਵਾਈ ਹੇਠ ਜਾਨੇ ਆਂ ਵੱਢ ਟੁੱਕ ਕਰਨ ਲਈ। ਇਸ ਨਾਲ ਨੌਜਵਾਨਾਂ ਨੂੰ ਹੌਂਸਲਾ ਮਿਲੇਗਾ ਤੇ ਉਹ ਦੂਸਰੀ ਧਿਰ ਦੇ ਬੰਦੇ ਵੀ ਵੱਧ ਮਾਰਨਗੇ।” ਸੁਣ ਕੇ ਲੀਡਰ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ, “ਤੇਰਾ ਦਿਮਾਗ ਖਰਾਬ ਹੋ ਗਿਆ ਉਏ? ਪਿੰਟੂ ਪੜ੍ਹਨ ਲਿੱਖਣਾ ਵਾਲਾ ਮੁੰਡਾ ਆ, ਉਹਨੇ ਕੀ ਲੈਣਾ ਗੁੰਡਾਗਰਦੀ ਤੋਂ। ਨਾਲੇ ਉਸ ਦੀ ਪਰਸੋਂ ਫਲਾਈਟ ਆ, ਇੰਗਲੈਂਡ ਜਾ ਰਿਹਾ ਆਕਸਫੋਰਡ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰਨ ਵਾਸਤੇ।” ਲੱਡੂ ਭਲਵਾਨ ਉੱਠ ਕੇ ਉੱਚੀ ਉੱਚੀ ਬੋਲਣ ਲੱਗਾ, “ਵਾਹ ਉਏ ਨੇਤਾ ਵਾਹ, ਨਈਂ ਰੀਸਾਂ ਤੇਰੀਆਂ। ਤੇਰਾ ਮੁੰਡਾ ਇੰਗਲੈਂਡ ਤੋਂ ਐਮ.ਬੀ.ਏ. ਕਰੇ ਤੇ ਅਸੀਂ ਗਰੀਬ ਗੁਰਬੇ ਤੇਰੀ ਖਾਤਰ ਦੰਗੇ ਕਰ ਕੇ ਪੁਲਿਸ ਤੋਂ ਛਿੱਤਰ ਖਾਈਏ ਤੇ ਜੇਲ੍ਹਾਂ ਕੱਟੀਏ। ਚਲੋ ਉਏ ਉੱਠੋ, ਬਥੇਰਾ ਬੇਵਕੂਫ ਬਣਾ ਲਿਆ ਇਹੋ ਜਿਹੇ ਲੀਡਰਾਂ ਨੇ ਸਾਨੂੰ।” ਅੱਧਿਉਂ ਵੱਧ ਵਰਕਰ ਉੱਠ ਕੇ ਲੱਡੂ ਦੇ ਪਿੱਛੇ ਪਿੱਛੇ ਚੱਲ ਪਏ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

1965 ਦੀ ਭਾਰਤ ਪਾਕਿਸਤਾਨ ਜੰਗ (5 ਅਗਸਤ ਤੋਂ 23 ਸਤੰਬਰ) ਦੀ ਇੱਕ ਯਾਦ

5 ਅਗਸਤ 1965 ਨੂੰ ਪਾਕਿਸਤਾਨੀ ਸੈਨਾ ਨੇ ਉਪਰੇਸ਼ਨ ਗਰੈਂਡ ਸਲੈਮ ਅਧੀਨ ਕਸ਼ਮੀਰ ‘ਤੇ ਹਮਲਾ ਕਰ ਦਿੱਤਾ ਸੀ। ਪਾਕਿਸਤਾਨੀ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੇ ਸੋਚਿਆ ਸੀ ਕਿ ਉਹ ਕੁਝ ਹੀ ਦਿਨਾਂ ਵਿੱਚ ਕਸ਼ਮੀਰ ‘ਤੇ ਕਬਜ਼ਾ ਕਰ ਲਵੇਗਾ। ਪਰ ਭਾਰਤ ਦੇ ਦੂਰਦਰਸ਼ੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਨੇ ਪੰਜਾਬ ਦਾ ਫਰੰਟ ਖੋਲ੍ਹ ਕੇ ਉਸ ਦੇ ਸਾਰੇ ਮਨਸੂਬੇ ਮਿੱਟੀ ਵਿੱਚ ਮਿਲਾ ਦਿੱਤੀ। ਇਸ ਕਾਰਨ ਪਾਕਿਸਤਾਨੀ ਫੌਜ ਵੰਡੀ ਗਈ ਤੇ ਕੁਝ ਹੀ ਦਿਨਾਂ ਵਿੱਚ ਉਸ ਨੂੰ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਫੌਜ ਇੱਕ ਵਾਰ ਤਾਂ ਖੇਮਕਰਨ ਅਤੇ ਛੰਭ ਜੌੜੀਆਂ ਸੈਕਟਰ ਵਿੱਚ ਕਾਫੀ ਅੱਗੇ ਵੱਧ ਆਈ ਸੀ। ਜੰਗਬੰਦੀ ਹੋਣ ਤੋਂ ਬਾਅਦ ਜਦੋਂ ਲੋਕ ਵਾਪਸ ਘਰਾਂ ਨੂੰ ਗਏ ਸਨ ਤਾਂ ਪਾਕਿਸਤਾਨੀ ਧਾੜਾਂ ਮਕਾਨਾਂ ਦੀਆਂ ਨੀਹਾਂ ਤੱਕ ਪੁੱਟ ਕੇ ਲੈ ਗਈਆਂ ਸਨ। ਕੋਈ ਕੋਠਾ, ਮੋਟਰ, ਬਿਜਲੀ ਦੀ ਤਾਰਾਂ, ਖੰਭਾ, ਵੱਡਾ ਦਰਖਤ ਅਤੇ ਡੰਗਰ ਨਹੀਂ ਸੀ ਛੱਡਿਆ। ਭਾਰਤ-ਪਾਕਿ ਫੌਜ ਵੱਲੋਂ ਖੇਤਾਂ ਵਿੱਚ ਸੈਂਕੜੇ ਬਰੂਦੀ ਸੁਰੰਗਾਂ ਦੱਬੀਆਂ ਗਈਆਂ ਸਨ। ਭਾਰਤੀ ਫੌਜ ਵੱਲੋਂ ਬਹੁਤ ਖੋਜ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਵਿੱਚ ਥੋੜ੍ਹੀਆਂ ਬਹੁਤ ਬਚੀਆਂ ਰਹਿ ਗਈਆਂ ਸਨ ਜਿਨ੍ਹਾਂ ਦੇ ਫਟਣ ਕਾਰਨ ਕਈ ਲੋਕ ਮਾਰੇ ਗਏ ਤੇ ਕਈ ਅੰਗਹੀਣ ਹੋ ਗਏ ਸਨ। ਟਰੈਕਟਰ ਵਾਹੁਣ ਵੇਲੇ ਸਾਰੇ ਦੇਵੀ ਦੇਵਤੇ ਧਿਆ ਕੇ ਖੇਤ ਵਿੱਚ ਵੜੀਦਾ ਸੀ ਕਿ ਪਤਾ ਨਹੀਂ ਵਾਪਸ ਆਉਣਾ ਹੈ ਜਾਂ ਸੁਰੰਗ ਫਟਣ ਕਾਰਨ ਮਾਰੇ ਜਾਣਾ ਹੈ।

1965 ਅਤੇ 1971 ਦੀਆਂ ਜੰਗਾਂ ਵੇਲੇ ਪੰਜਾਬ ਦੇ ਸਰਹੱਦੀ ਲੋਕਾਂ ਦਾ ਹੌਂਸਲਾ ਸਲਾਹਣ ਯੋਗ ਸੀ। ਅੰਮ੍ਰਿਤਸਰ ਵਿੱਚੋਂ ਲੰਘਣ ਵੇਲੇ ਲੋਕ ਫੌਜ ਦੇ ਟਰੱਕਾਂ ਵਿੱਚ ਭੁੱਜੇ ਛੋਲੇ ਤੇ ਹੋਰ ਖਾਣ ਪੀਣ ਦਾ ਸਮਾਨ ਸੁੱਟੀ ਜਾਂਦੇ ਸਨ। ਪਿੰਡਾਂ ਦੇ ਨੌਜਵਾਨ ਮੋਰਚਿਆ ‘ਤੇ ਜਾ ਕੇ ਤੋਪਚੀਆਂ ਦੀ ਗੋਲੇ ਲੋਡ ਕਰਨ ਵਿੱਚ ਮਦਦ ਕਰਦੇ ਸਨ ਤੇ ਫੌਜੀਆਂ ਨੂੰ ਅਗਲੇ ਮੋਰਚਿਆਂ ਤੱਕ ਰੋਟੀਆਂ ਪਹੁੰਚਾਉਂਦੇ ਸਨ। ਕਹਿੰਦੇ ਹਨ 1965 ਦੀ ਜੰਗ ਵੇਲੇ ਇੰਗਲੈਂਡ ਦੀ ਇੱਕ ਅਖਬਾਰ ਦਾ ਰਿਪੋਟਰ ਅੰਮ੍ਰਿਤਸਰ ਆਇਆ ਸੀ। ਉਹ ਲੋਕਾਂ ਦਾ ਵਤੀਰਾ ਵੇਖ ਕੇ ਹੈਰਾਨ ਰਹਿ ਗਿਆ ਕਿ ਹਵਾਈ ਹਮਲੇ ਦਾ ਸਾਰਿੲਨ ਵੱਜਣ ‘ਤੇ ਲੋਕ ਬੰਕਰਾਂ ਵਿੱਚ ਲੁਕਣ ਦੀ ਬਜਾਏ ਬਜ਼ਾਰਾਂ ਵਿੱਚ ਹਵਾਈ ਜਹਾਜ ਵੇਖਣ ਨਿਕਲ ਆਉਂਦੇ ਸਨ। 1965 ਦੀ ਜੰਗ ਸਮੇਂ ਅੰਮ੍ਰਿਤਸਰ ਦੀ ਸੁਰੱਖਿਆ ਲਈ ਤਾਇਨਾਤ ਹਵਾਈ ਜਹਾਜ ਡੇਗਣ ਵਾਲੀਆਂ ਤੋਪਾਂ ਦਾ ਇੰਚਾਰਜ ਇੱਕ ਦੱਖਣ ਭਾਰਤੀ ਸੂਬੇਦਾਰ ਸੀ। ਕਿਸੇ ਨੂੰ ਉਸ ਦਾ ਪੂਰਾ ਨਾਮ ਤਾਂ ਨਹੀਂ ਯਾਦ, ਪਰ ਉਸ ਦਾ ਸਰ ਨੇਮ ਰਾਜੂ ਅੱਜ ਵੀ ਲੋਕ ਇੱਕ ਹੀਰੋ ਵਜੋਂ ਯਾਦ ਕਰਦੇ ਹਨ। ਦੂਰੋਂ ਦੂਰੋਂ ਲੋਕ ਉਸ ਨੂੰ ਵੇਖਣ ਆਉਂਦੇ ਸਨ। ਉਸ ਦੀ ਸਟੀਕ ਗੋਲਾਬਾਰੀ ਕਾਰਨ ਇਸ ਸਰਹੱਦੀ ਸ਼ਹਿਰ ‘ਤੇ ਪਾਕਿਸਤਾਨੀ ਜਹਾਜ ਕੋਈ ਬੰਬ ਨਹੀਂ ਸਨ ਸੁੱਟ ਸਕੇ। ਜੰਗ ਬੰਦੀ ਹੋਣ ਤੋਂ ਬਾਅਦ 23 ਸਤੰਬਰ ਸ਼ਾਮ ਨੂੰ ਛੇਹਰਟੇ ਦੇ ਬਜ਼ਾਰ ਵਿੱਚ 2-3 ਬੰਬ ਸੁੱਟ ਕੇ ਕਾਹਲੀ ਕਾਹਲੀ ਵਾਪਸ ਦੌੜ ਗਏ ਸਨ।

ਮੇਰਾ ਪਿੰਡ ਪੰਡੋਰੀ ਸਿੱਧਵਾਂ ਜਿਲ੍ਹਾ ਤਰਨ ਤਾਰਨ ਬਾਰਡਰ ਤੋਂ ਸਿਰਫ 14-15 ਕਿ.ਮੀ. ਦੂਰ ਹੈ। ਜੰਗ ਵੇਲੇ ਗੋਲਾਬਾਰੀ ਕਾਰਨ ਖਿੜਕੀਆਂ ਦਰਵਾਜੇ ਇੰਜ ਖੜਕਦੇ ਸਨ ਜਿਵੇਂ ਜੰਗ ਘਰ ਦੇ ਬਾਹਰ ਹੋ ਰਹੀ ਹੋਵੇ। ਰਾਤਾਂ ਨੂੰ ਬਲੈਕ ਆਊਟ ‘ਤੇ ਬਹੁਤ ਸਖਤੀ ਨਾਲ ਅਮਲ ਕਰਾਇਆ ਜਾਂਦਾ ਸੀ। ਲੋਕ ਠੀਕਰੀ ਪਹਿਰਾ ਦੇਂਦੇ ਸਨ ਤੇ ਰਾਤ ਨੂੰ ਬਲਬ ਤਾਂ ਕੀ ਕਿਸੇ ਨੂੰ ਦੀਵਾ ਬੱਤੀ ਵੀ ਨਹੀਂ ਸੀ ਬਾਲਣ ਦੇਂਦੇ। ਸਾਡੇ ਗੁਆਂਢੀ ਘਰ ਵਿੱਚ ਜੰਗ ਦੇ ਦੌਰਾਨ ਇੱਕ ਲੜਕਾ ਪੈਦਾ ਹੋ ਗਿਆ। ਸ਼ਗਨ ਵਜੋਂ ਰਾਤ ਨੂੰ ਜੱਚਾ ਬੱਚਾ ਕੋਲ ਸਰੋ੍ਹਂ ਦੇ ਤੇਲ ਦਾ ਦੀਵਾ ਬਾਲ ਕੇ ਰੱਖਿਆ ਜਾਂਦਾ ਹੈ। ਲੋਕਾਂ ਨੇ ਉਸ ਦਾ ਘਰ ਘੇਰ ਲਿਆ ਕਿ ਤੂੰ ਸਾਰਾ ਪਿੰਡ ਮਰਵਾਉਣਾ ਹੈ? ਜੇ ਦੀਵਾ ਬਾਲਣਾ ਹੈ ਤਾਂ ਸਵੇਰੇ ਪਰਿਵਾਰ ਸਮੇਤ ਪਿੰਡ ਛੱਡ ਜਾਉ, ਵਿਚਾਰੇ ਨੂੰ ਦੀਵਾ ਬੰਦ ਕਰਨਾ ਪਿਆ ਸੀ।

1965 ਦੀ ਜੰਗ ਵੇਲੇ ਸਾਡੇ ਪਿੰਡ ਦੇ ਅਸਮਾਨ ‘ਤੇ ਇੱਕ ਬਹੁਤ ਭਿਆਨਕ ਹਵਾਈ ਲੜਾਈ ਹੋਈ ਸੀ। ਉਸ ਲੜਾਈ ਨੂੰ ਅੱਖੀਂ ਵੇਖਣ ਵਾਲੇ ਬਜ਼ੁਰਗ ਅੱਜ ਵੀ ਸੱਥ ਵਿੱਚ ਉਸ ਦੀ ਕਹਾਣੀ ਸੁਣਾਉਂਦੇ ਹਨ। ਜੰਗਬੰਦੀ ਤੋਂ ਇੱਕ ਦਿਨ ਪਹਿਲਾਂ 21 ਸਤੰਬਰ ਨੂੰ ਭਾਰਤ ਦੇ ਕੁਝ ਜਹਾਜ ਪਾਕਿਸਤਾਨ ਦੇ ਸ਼ਹਿਰ ਸਰਗੋਧੇ ਦੇ ਫੌਜੀ ਟਿਕਾਣਿਆਂ ‘ਤੇ ਬੰਬਾਰੀ ਕਰਨ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਪਿੱਛੇ ਪਾਕਿਸਤਾਨੀ ਸੇਬਰ ਜੈੱਟ ਲੱਗ ਗਏ। ਬਾਕੀ ਜਹਾਜ਼ ਤਾਂ ਪਤਾ ਨਹੀਂ ਕਿਸ ਪਾਸੇ ਗਏ, ਪਰ ਇੱਕ ਭਾਰਤੀ ਜਹਾਜ ਨੂੰ ਚਾਰ ਸੇਬਰਾਂ ਨੇ ਘੇਰ ਲਿਆ। ਉਹ ਇੱਕ ਦੂਸਰੇ ਨੂੰ ਸੁੱਟਣ ਦੀ ਕੋਸ਼ਿਸ਼ ਵਿੱਚ ਲੜਦੇ ਹੋਏ ਪਾਕਿਸਤਾਨ ਦੀ ਹੱਦ ਟੱਪ ਕੇ ਭਾਰਤ ਦੀ ਹਵਾਈ ਸੀਮਾ ਵਿੱਚ ਆਣ ਵੜੇ। ਸਾਡੇ ਪਿੰਡ ਉੱਪਰ ਆ ਕੇ ਭਾਰਤੀ ਜਹਾਜ ਦੀਆਂ ਮਸ਼ੀਨ ਗੰਨਾਂ ਦੀਆਂ ਗੋਲੀਆਂ ਖਤਮ ਹੋ ਗਈਆਂ। ਪਾਕਿਸਤਾਨੀ ਜਹਾਜਾਂ ਨੇ ਉਸ ਦੇ ਸੱਜੇ, ਖੱਬੇ, ਉੱਪਰ ਅਤੇ ਪਿੱਛਲੇ ਪਾਸੇ ਪੁਜੀਸ਼ਨਾਂ ਲੈ ਲਈਆਂ। ਉਹ ਭਾਰਤੀ ਜਹਾਜ ਨੂੰ ਘੇਰ ਕੇ ਪਾਕਿਸਤਾਨ ਵੱਲ ਲਿਜਾਣ ਦੀ ਸਿਰ ਤੋੜ ਕੋਸ਼ਿਸ਼ ਕਰ ਰਹੇ ਸਨ। ਸਾਰਾ ਪਿੰਡ ਕੋਠਿਆਂ ‘ਤੇ ਚੜ੍ਹ ਕੇ ਲੜਾਈ ਵੇਖ ਰਿਹਾ ਸੀ। ਭਾਰਤੀ ਜਹਾਜ ਹਲਵਾਰੇ ਜਾਂ ਆਦਮਪੁਰ ਹਵਾਈ ਅੱਡੇ ਵੱਲ ਬਚ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੇਬਰ ਜੈੱਟ ਉਸ ਦੀਆਂ ਸਾਈਡਾਂ ਤੋਂ ਗੋਲੀਆਂ ਲੰਘਾ ਕੇ ਉਸ ਨੂੰ ਡਰਾ ਕੇ ਪਾਕਿਸਤਾਨ ਵੱਲ ਮੁੜਨ ਲਈ ਮਜਬੂਰ ਕਰ ਰਹੇ ਸਨ। ਨੀਲੇ ਅਸਮਾਨ ਵਿੱਚ ਗੋਲੀਆਂ ਦੀਆਂ ਧਾਗੇ ਵਰਗੀਆਂ ਚਿੱਟੀਆਂ ਲਾਈਨਾਂ ਸਾਫ ਦਿਖਾਈ ਦੇ ਰਹੀਆਂ ਸਨ। ਅਸਲ੍ਹਾ ਖਤਮ ਹੋਣ ਕਾਰਨ ਭਾਰਤੀ ਜਹਾਜ ਜਵਾਬੀ ਫਾਇਰ ਨਹੀਂ ਸੀ ਕਰ ਰਿਹਾ। ਭਾਰਤੀ ਜਹਾਜ ਛੋਟਾ ਹੋਣ ਕਾਰਨ ਬਹੁਤ ਤੇਜ਼ੀ ਨਾਲ ਝਕਾਨੀਆਂ ਦੇ ਰਿਹਾ ਸੀ ਪਰ ਪਾਕਿਸਤਾਨੀ ਜਹਾਜ ਜਿਆਦਾ ਹੋਣ ਕਾਰਨ ਉਸ ਦੀ ਪੇਸ਼ ਨਹੀਂ ਸੀ ਜਾ ਰਹੀ। ਜਹਾਜ ਕਈ ਵਾਰ ਐਨੀ ਘੱਟ ਉੱਚਾਈ ‘ਤੇ ਆ ਜਾਂਦੇ ਕਿ ਵਿੱਚ ਬੈਠੇ ਪਾਇਲਟ ਵੀ ਦਿਖਾਈ ਦੇ ਰਹੇ ਸਨ।

ਹਵਾਈ ਜਹਾਜਾਂ ਦੀਆਂ ਗੋਲੀਆਂ ਕਾਰਨ ਡੰਗਰ ਚਾਰਦੇ ਕਈ ਵਾਗੀ ਬਹੁਤ ਮੁਸ਼ਕਲ ਨਾਲ ਜਾਨਾਂ ਬਚਾ ਕੇ ਨੱਸੇ ਸਨ ਤੇ ਇੱਕ ਕਿਸਾਨ ਦੀਆਂ ਦੋ ਮੱਝਾਂ ਮਾਰੀਆਂ ਗਈਆਂ ਸਨ। ਸਾਰਾ ਪਿੰਡ ਸਾਹ ਰੋਕ ਕੇ ਇਸ ਅਸਾਵੀਂ ਲੜਾਈ ਨੂੰ ਵੇਖ ਰਿਹਾ ਸੀ। ਸਾਫ ਦਿਸ ਰਿਹਾ ਸੀ ਕਿ ਭਾਰਤੀ ਪਾਇਲਟ ਹਾਰੀ ਹੋਈ ਲੜਾਈ ਲੜ ਰਿਹਾ ਹੈ। ਪਰ ਆਖਰ ਉਸ ਬਹਾਦਰ ਯੋਧੇ ਨੇ ਪਾਕਿਸਤਾਨ ਦਾ ਬੰਦੀ ਬਣ ਕੇ ਤਸੀਹੇ ਅਤੇ ਬੇਇੱਜ਼ਤੀ ਸਹਿਣ ਦੀ ਬਜਾਏ ਅਣਖ ਦੀ ਮੌਤ ਚੁਣ ਲਈ। ਉਸ ਨੇ ਅੰਨ੍ਹੇ ਵਾਹ ਜਹਾਜ ਪੂਰਬ ਵੱਲ ਭਜਾ ਲਿਆ। ਬਾਜ਼ੀ ਹੱਥੋਂ ਜਾਂਦੀ ਵੇਖ ਕੇ ਪਾਕਿਸਤਾਨੀ ਜਹਾਜਾਂ ਨੇ ਉਸ ਨੂੰ ਗੋਲੀਆਂ ਨਾਲ ਛਲਨੀ ਕਰ ਦਿੱਤਾ ਤੇ ਅੱਗ ਦਾ ਗੋਲਾ ਬਣਿਆ ਭਾਰਤੀ ਜਹਾਜ ਪਿੰਡ ਲਾਲੂ ਘੁੰਮਣ ਦੇ ਖੇਤਾਂ ਵਿੱਚ ਜਾ ਡਿੱਗਾ। ਬਹੁਤ ਘੱਟ ਉੱਚਾਈ ’ਤੇ ਹੋਣ ਕਾਰਨ ਪਾਇਲਟ ਬਾਹਰ ਨਾ ਨਿਕਲ ਸਕਿਆ ਤੇ ਸੜਨ ਕਾਰਨ ਵਿੱਚੇ ਹੀ ਮਾਰਿਆ ਗਿਆ। ਪਾਕਿਸਤਾਨੀ ਜਹਾਜ ਸੁਰੱਖਿਅਤ ਵਾਪਸ ਮੁੜ ਗਏ। ਉਸ ਦੇ ਡਿੱਗਣ ਤੋਂ ਬਾਅਦ ਜਲਦੀ ਹੀ ਆਰਮੀ ਅਤੇ ਹਵਾਈ ਫੌਜ ਦੇ ਅਫਸਰ ਮੌਕੇ ‘ਤੇ ਪਹੁੰਚ ਗਏ। ਅੱਖੀਂ ਵੇਖਣ ਵਾਲੇ ਦੱਸਦੇ ਹਨ ਕਿ ਏਅਰ ਫੋਰਸ ਦਾ ਇੱਕ ਸੀਨੀਅਰ ਅਫਸਰ ਉਸ ਬਹਾਦਰ ਦੀ ਬੁਰੀ ਤਰਾਂ ਸੜੀ ਹੋਈ ਲਾਸ਼ ਨੂੰ ਗਲ ਨਾਲ ਲਗਾ ਕੇ ਉੱਚੀ ਉੱਚੀ ਰੋਣ ਲੱਗ ਪਿਆ ਸੀ। ਲੋਕ ਅੱਜ ਤੱਕ ਉਸ ਸੂਰਮੇ ਪਾਇਲਟ ਦੀ ਬਹਾਦਰੀ ਨੂੰ ਯਾਦ ਕਰਦੇ ਹਨ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾ 9501100062

ਜੱਟਵਾਦ

ਕੁਝ ਪੰਜਾਬੀ ਗਾਇਕਾਂ ਅਤੇ ਫਿਲਮ ਨਿਰਮਾਤਾਵਾਂ ਵੱਲੋਂ ਸ਼ੁਰੂ ਕੀਤੀ ਜੱਟਵਾਦ ਦੀ ਬਿਮਾਰੀ ਕਾਰਨ ਪੰਜਾਬ ਵਿੱਚ ਹਿੰਸਕ ਗਾਣਿਆਂ, ਗੈਂਗਸਟਰਾਂ ਅਤੇ ਲੜਾਈ ਝਗੜਿਆਂ ਦਾ ਹੜ੍ਹ ਆ ਗਿਆ ਹੈ। ਸਿਰਫ ਪੈਸੇ ਕਮਾਉਣ ਦੀ ਖਾਤਰ ਫੁਕਰੇ ਗਾਇਕਾਂ ਦੇ ਅੱਗ ਲਾਊ ਗਾਣੇ ਸੁਣ ਕੇ ਇਸ ਤਰਾਂ ਲੱਗਦਾ ਹੈ ਜਿਵੇਂ ਜੱਟਾਂ ਨੂੰ ਬੰਦੇ ਵੱਢਣ ਜਾਂ ਮਾਸ਼ੂਕਾ ਉਧਾਲਣ ਤੋਂ ਸਿਵਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ। ਜੱਟ ਨੂੰ ਬੇਹੱਦ ਖੂੰਖਾਰ, ਬਦਲੇਖੋਰ ਅਤੇ ਲੱਥੀ ਚੜ੍ਹੀ ਤੋਂ ਬੇਪ੍ਰਵਾਹ ਇਨਸਾਨ ਦਿਖਾਇਆ ਜਾਂਦਾ ਹੈ। ਇਨ੍ਹਾਂ ਕੱਚ ਘਰੜ ਗਾਇਕਾਂ ਨੇ ਤਾਂ ਸਾਰੇ ਜੱਟ ਗੁੰਡੇ ਹੀ ਬਣਾ ਕੇ ਰੱਖ ਦਿੱਤੇ ਹਨ। 100% ਗਵੱਈਏ ਜੱਟਾਂ ਦੇ ਅਸਲ ਹਾਲਾਤ ਤੋਂ ਅਣਜਾਣ ਹਨ। ਕਿਸਾਨੀ ਦੀ ਹਾਲਤ ਇਹ ਹੈ ਕਿ ਜੇ ਫਸਲ ਸਹੀ ਸਲਾਮਤ ਸਿਰੇ ਚੜ੍ਹ ਜਾਵੇ ਤਾਂ ਵਿਕਦੀ ਨਹੀਂ ਤੇ ਜੇ ਵਿਕ ਜਾਵੇ ਤਾਂ ਵਾਜਿਬ ਰੇਟ ਨਹੀਂ ਮਿਲਦੇ। ਆੜ੍ਹਤੀ ਤੇ ਬੈਂਕਾਂ ਮਨਮਰਜ਼ੀ ਦੇ ਚਕਰਵਰਤੀ ਵਿਆਜ਼ ਠੋਕਦੇ ਹਨ। ਫਸਲ ਨੂੰ ਕਦੇ ਮੌਸਮ ਦੀ ਮਾਰ ਪੈ ਜਾਂਦੀ, ਕਦੇ ਬਿਮਾਰੀਆਂ ਤੇ ਕਦੇ ਕੀੜਿਆਂ ਦੀ। ਆਮ ਤੌਰ ‘ਤੇ ਦੂਸਰੀ ਜਾਂ ਤੀਸਰੀ ਫਸਲ ਖਰਾਬ ਹੋ ਹੀ ਜਾਂਦੀ ਹੈ। ਜੇ ਕਿਸਾਨ ਗਾਣਿਆਂ ਵਿੱਚ ਦਰਸਾਏ ਗਏ ਜੱਟਾਂ ਵਰਗੇ ਅਮੀਰ, ਵਹਿਸ਼ੀ ਅਤੇ ਅਣਖੀਲੇ ਹੁੰਦੇ ਤਾਂ ਰੋਜ਼ਾਨਾ ਆਤਮ ਹੱਤਿਆਵਾਂ ਕਿਉਂ ਕਰਦੇ? ਜੱਟਾਂ ਦੀ ਖੁਦਕਸ਼ੀ ਔਸਤ ਸਾਰੇ ਪੰਜਾਬ ਨਾਲੋਂ ਵੱਧ ਹੈ।

ਜੱਟ ਜਿਆਦਾਤਰ ਪੰਜਾਬ (ਭਾਰਤੀ ਤੇ ਪਾਕਿਸਤਾਨੀ), ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੱਸਦੇ ਹਨ ਤੇ ਬਹੁਤੇ ਖੇਤੀਬਾੜੀ ਦਾ ਧੰਦਾ ਕਰਦੇ ਹਨ। ਭਾਰਤ ਵਿੱਚ ਜੱਟਾਂ (ਜਾਟਾਂ ਸਮੇਤ) ਦੀ ਅਬਾਦੀ 9 ਕਰੋੜ ਦੇ ਕਰੀਬ ਹੈ, ਜਿਸ ਵਿੱਚੋਂ ਪੰਜਾਬ ‘ਚ 21%, ਰਾਜਸਥਾਨ ਵਿੱਚ 12%, ਹਰਿਆਣੇ ਵਿੱਚ 29% ਅਤੇ ਯੂ.ਪੀ. ਵਿੱਚ ਸਿਰਫ 6% ਹੈ। ਅਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਜੱਟਾਂ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸਨ। ਅੱਜ ਚਾਹੇ ਉਹ ਆਪਣੇ ਆਪ ਨੂੰ ਸਭ ਤੋਂ ਉੱਚੀ ਜ਼ਾਤ ਦਾ ਸਮਝਦੇ ਹਨ, ਪਰ ਪਹਿਲਾਂ ਹਿੰਦੂ ਸਮਾਜ ਦੀਆਂ ਕਥਿੱਤ ਸਵਰਨ ਜ਼ਾਤਾਂ ਉਨ੍ਹਾਂ ਨੂੰ ਅਛੂਤ ਹੀ ਮੰਨਦੀਆਂ ਸਨ। ਰਾਜਸਥਾਨ ਵਿੱਚ ਤਾਂ ਥੋੜ੍ਹੇ ਸਾਲ ਪਹਿਲਾਂ ਤੱਕ ਵੀ ਕੋਈ ਜਾਟ ਆਪਣੇ ਨਾਮ ਨਾਲ ਸਿੰਘ ਨਹੀਂ ਸੀ ਲਿਖਾ ਸਕਦਾ (ਇਹ ਸਿਰਫ ਰਾਜਪੂਤਾਂ ਵਾਸਤੇ ਰਿਜ਼ਰਵ ਸੀ), ਘੋੜੀ ‘ਤੇ ਨਹੀਂ ਸੀ ਚੜ੍ਹ ਸਕਦਾ ਤੇ ਚੰਗਾ ਊਠ ਨਹੀਂ ਸੀ ਰੱਖ ਸਕਦਾ। ਅੱਜ ਵੀ ਰਾਜਸਥਾਨ ‘ਚ ਜਾਟਾਂ ਦੇ ਬਹੁਤੇ ਨਾਮ ਸ਼ਾਮ ਲਾਲ, ਨਿਉਲਾ ਰਾਮ, ਦੂੜੇ ਰਾਮ, ਰਤਨ ਲਾਲ ਜਾਂ ਗੋਦਾ ਰਾਮ ਆਦਿ ਹਨ। ਧਰਮਿੰਦਰ ਦੀ ਫਿਲਮ ਗੁਲਾਮੀ (1985) ਵਿੱਚ ਇਹ ਭੇਦ ਭਾਵ ਬਹੁਤ ਬਰੀਕੀ ਨਾਲ ਵਿਖਾਇਆ ਗਿਆ ਸੀ।

ਪੰਜਾਬ ਵਿੱਚ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਜੱਟਾਂ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਜਾਣਦਾ। ਮਿਸਲਾਂ ਤੋਂ ਪਹਿਲਾਂ ਪੰਜਾਬ ਦੇ ਇਤਿਹਾਸ ਵਿੱਚ ਕੋਈ ਜੱਟ ਰਾਜਾ ਨਹੀਂ ਹੋਇਆ। ਪੰਜਾਬ ਤੋਂ ਬਾਹਰ ਸਾਰੇ ਭਾਰਤ ਵਿੱਚ ਸਿਰਫ ਭਰਤਪੁਰ (ਰਾਜਸਥਾਨ, 1680 ਤੋਂ 1947 ਈਸਵੀ) ‘ਤੇ ਜਾਟ ਰਾਜਿਆਂ ਨੇ ਰਾਜ ਕੀਤਾ ਹੈ। ਜੱਟਾਂ ਨੇ ਸਿੱਖ ਧਰਮ ਅਖਤਿਆਰ ਕਰਨ ਤੋਂ ਬਾਅਦ ਮੁਗਲ-ਸਿੱਖ ਸੰਘਰਸ਼ ਵਿੱਚ ਮੋਹਰੀ ਰੋਲ ਨਿਭਾਇਆ ਤੇ ਹੌਲੀ ਹੌਲੀ ਸਾਰੇ ਪੰਜਾਬ ‘ਤੇ ਕਬਜ਼ਾ ਜਮਾ ਲਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੱਟ ਸ਼ਕਤੀ ਦਾ ਸਿਖਰ ਸੀ। ਉਦੋਂ ਵੀ ਸਿਰਫ ਫੌਜੀ ਅਫਸਰਾਂ, ਜਾਗੀਰਦਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਹਾਲਤ ਹੀ ਠੀਕ ਸੀ, ਬਾਕੀ ਖੇਤੀ ਕਰਨ ਵਾਲੇ ਜੱਟਾਂ ਦੀ ਜੂਨ ਅੱਜ ਵਾਂਗ ਹੀ ਬੇਹੱਦ ਮਾੜੀ ਸੀ। ਅਸਲ ਵਿੱਚ ਜੱਟਾਂ ਦੀ ਬੁਰੀ ਹਾਲਤ ਦਾ ਸਭ ਤੋਂ ਵੱਡਾ ਕਾਰਣ ਇਨ੍ਹਾਂ ਦਾ ਸਦੀਆਂ ਤੋਂ ਗੈਰ ਮੁਨਾਫਾ ਬਖਸ਼ ਧੰਦੇ ਖੇਤੀ, ਜੋ ਸਿਰਫ ਤੇ ਸਿਰਫ ਮੌਸਮ ‘ਤੇ ਨਿਰਭਰ ਹੈ, ਨਾਲ ਜੁੜੇ ਹੋਣਾ ਹੈ। ਅੰਗਰੇਜ਼ ਰਾਜ ਦੌਰਾਨ ਪੰਜਾਬ ਵਿੱਚ ਨਹਿਰਾਂ ਨਿਕਲਣ ਨਾਲ ਜੱਟਾਂ ਦੀ ਹਾਲਤ ਵਿੱਚ ਕੁਝ ਸੁਧਾਰ ਆਉਣਾ ਸ਼ੁਰੂ ਹੋ ਗਿਆ ਸੀ।

ਪੰਜਾਬ ਦੇ ਜਿਆਦਾਤਰ ਜੱਟ ਸੰਨ 1929 ਤੋਂ ਪਹਿਲਾਂ ਭੂਮੀਹੀਣ ਸਨ। ਉਹ ਜ਼ਮੀਨ ਦੇ ਮਾਲਕ ਨਹੀਂ, ਬਲਕਿ ਜਾਗੀਰਦਾਰਾਂ, ਸ਼ਾਹੂਕਾਰਾਂ, ਡੇਰੇਦਾਰਾਂ ਅਤੇ ਰਜਵਾੜਿਆਂ ਦੇ ਮੁਜ਼ਾਰੇ ਸਨ ਜੋ ਜੱਟਾਂ ਕੋਲੋਂ ਬੇਦਰਦੀ ਨਾਲ ਮੋਟਾ ਲਗਾਨ ਵਸੂਲਦੇ ਸਨ। ਜੱਟਾਂ ਦੀ ਜ਼ਿੰਦਗੀ ਇਨ੍ਹਾਂ ਦੇ ਗੁਲਾਮਾਂ ਤੋਂ ਵੀ ਬਦਤਰ ਸੀ। ਘੋਰ ਗਰੀਬੀ ਦੀ ਦਲਦਲ ਵਿੱਚ ਫਸੇ ਹੋਣ ਕਾਰਨ ਕਾਲੀ ਮਿੱਟੀ ਤੋਂ ਮੁੱਲ ਦੀ ਤੀਵੀਂ ਲਿਆਉਣੀ, ਵੱਟੇ ਦਾ ਵਿਆਹ ਅਤੇ ਇੱਕ ਵਿਆਹਿਆ ਗਿਆ ਸਾਰੇ ਵਿਆਹੇ ਗਏ, ਵਰਗੇ ਰਿਵਾਜ਼ ਆਮ ਸਨ। ਪੰਜਾਬ ਵਿੱਚ ਛੜਿਆਂ ਦੀਆਂ ਹੇੜਾਂ ਫਿਰਦੀਆਂ ਸਨ। ਅਜਿਹੇ ਕਾਲੇ ਦਿਨਾਂ ਵਿੱਚ ਪੰਜਾਬ ਦੇ ਜੱਟਾਂ ਵਾਸਤੇ ਸਾਂਝੇ ਪੰਜਾਬ ਦਾ ਮਾਲ ਮੰਤਰੀ ਸਰ ਛੋਟੂ ਰਾਮ ਜਾਟ (ਯੂਨੀਅਨਿਸਟ ਪਾਰਟੀ, ਮੁੱਖ ਮੰਤਰੀ ਸਰ ਸਿਕੰਦਰ ਹਯਾਤ ਖਾਨ ਟਿਵਾਣਾ) ਮਸੀਹਾ ਬਣ ਕੇ ਬਹੁੜਿਆ। ਉਸ ਨੇ 1929 ਵਿੱਚ ਪੰਜਾਬ ਲੈਂਡ ਰੈਵਿਨਿਊ ਐਕਟ ਰਾਹੀਂ ਜਾਗੀਰਦਾਰਾਂ ਦੇ ਅਧਿਕਾਰ ਸੀਮਤ ਕਰ ਕੇ ਮੁਜ਼ਾਰਿਆਂ ਨੂੰ ਜ਼ਮੀਨਾਂ ਦਾ ਹੱਕ ਦਿਵਾਇਆ ਅਤੇ 1930 ਵਿੱਚ ਪੰਜਾਬ ਰੈਗੂਲੇਸ਼ਨ ਆਫ ਅਕਾਊਂਟਸ ਐਕਟ ਪਾਸ ਕਰ ਕੇ ਜਨਤਾ ਨੂੰ ਸੂਦਖੋਰ ਸ਼ਾਹੂਕਾਰਾਂ ਦੇ ਖੂਨੀ ਪੰਜੇ ਤੋਂ ਮੁਕਤ ਕਰਵਾਇਆ। 1955-56 ਵਿੱਚ ਚੱਲੀ ਮੁਜ਼ਾਰਾ ਲਹਿਰ ਨੇ ਪੰਜਾਬ ਵਿੱਚੋਂ ਜਾਗੀਰਦਾਰੀ ਸਿਸਟਮ ਬਿਲਕੁਲ ਹੀ ਖਤਮ ਕਰ ਦਿੱਤਾ। ਮਾਲਕੀ (ਏਕੜਾਂ ਦੀ ਗਿਣਤੀ) ਨਿਸ਼ਚਿਤ ਕਰ ਦਿੱਤੀ ਗਈ ਤੇ ਜਿਸ ਦਾ ਹਲ ਉਸ ਦੀ ਜ਼ਮੀਨ, ਵਰਗੇ ਕਾਨੂੰਨ ਪਾਸ ਹੋਏ।

ਜੱਟਾਂ ਵਾਸਤੇ ਦੂਸਰਾ ਮਸੀਹਾ ਸਾਬਤ ਹੋਇਆ ਪੰਜਾਬ ਦਾ ਗਾਥਾਮਈ ਮੁੱਖ ਮੰਤਰੀ (1901-1965) ਸ. ਪ੍ਰਤਾਪ ਸਿੰਘ ਕੈਰੋਂ। ਉਸ ਨੇ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਰ ਕੇ ਪੰਜਾਬ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਪਹਿਲਾਂ ਪੰਜਾਬ ਵਿੱਚ ਸਾਰੇ ਸਾਲ ਦੌਰਾਨ ਸਿਰਫ ਇੱਕ ਹੀ ਫਸਲ, ਕਣਕ ਹੁੰਦੀ ਸੀ। ਜੱਟ ਖੇਤਾਂ ਵਿੱਚੋਂ ਘਾਹ, ਪੋਹਲੀ, ਇਟਸਿਟ, ਅੱਕ, ਢੱਕ, ਬਾਥੂ, ਲੇਹਾ, ਭਖੜਾ, ਪਾਪੜਾ ਅਤੇ ਮੈਣਾ ਆਦਿ ਗੋਡਦੇ ਹੀ ਪ੍ਰਲੋਕ ਸਿਧਾਰ ਜਾਂਦੇ ਸਨ। ਪੇਂਡੂ ਸਕੂਲ, ਨਹਿਰਾਂ, ਸੇਮ ਨਾਲੇ, ਪਿੰਡ ਪਿੰਡ ਬਿਜਲੀ, ਸੜਕਾਂ, ਟਿਊਬਵੈੱਲ, ਟਰੈਕਟਰ, ਮੁਰੱਬੇਬੰਦੀ, ਭਾਖੜਾ ਡੈਮ, ਚੰਡੀਗੜ੍ਹ ਅਤੇ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਕੈਰੋਂ ਦੀ ਹੀ ਦੇਣ ਹੈ। ਝੋਨੇ ਅਤੇ ਨਰਮੇ ਦੀ ਕਮਾਈ ਨੇ ਲਹਿਰਾਂ ਬਹਿਰਾਂ ਕਰ ਦਿੱਤੀਆਂ। ਵਿਦਿਆ ਨੇ ਜੱਟਾਂ ਦਾ ਤੀਸਰਾ ਨੇਤਰ ਖੋਲ੍ਹ ਦਿੱਤਾ, ਪੇਂਡੂ ਸਕੂਲਾਂ ਦੇ ਪੜ੍ਹੇ ਬੱਚੇ ਸਰਕਾਰੀ ਨੌਕਰੀਆਂ ‘ਤੇ ਭਰਤੀ ਹੋਣ ਲੱਗ ਪਏ। ਜੇ ਕਿਤੇ ਉਸ ਦੀ ਬੇਵਕਤੀ ਮੌਤ ਨਾ ਹੋਈ ਹੁੰਦੀ ਤਾਂ ਪਤਾ ਨਹੀਂ ਉਹ ਪੰਜਾਬ ਨੂੰ ਕਿੱਥੇ ਦਾ ਕਿੱਥੇ ਲੈ ਜਾਂਦਾ। ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਜੱਟਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਚਲਾਈਆਂ। ਪਰ ਐਨਾ ਕੁਝ ਹੋਣ ਦੇ ਬਾਵਜੂਦ ਵੀ ਜੱਟਾਂ ਨੇ ਆਪਣੀਆਂ ਪੁਰਾਣੀਆਂ ਆਦਤਾਂ ਨਹੀਂ ਛੱਡੀਆਂ। ਇਹ ਯਹੂਦੀਆਂ ਵਾਂਗ ਸੰਸਾਰ ਦੀ ਨੰਬਰ ਇੱਕ ਕੌਮ ਬਣ ਸਕਦੇ ਸਨ, ਪਰ ਸ਼ੋਸ਼ੇਬਾਜ਼ੀ, ਸੌਂਕਣ ਸਾੜਾ, ਸਿਆਸੀ ਖਿੱਚ ਧੂਹ, ਲੜਾਈ ਝਗੜੇ, ਕਤਲਾਂ, ਨਸ਼ਿਆਂ ਅਤੇ ਸ਼ਰਾਬ ਨੇ ਇਨ੍ਹਾਂ ਨੂੰ ਗੁਰਬਤ ਵਿੱਚੋਂ ਨਿਕਲਣ ਨਹੀਂ ਦਿੱਤਾ। ਖੂਹ ਦੀ ਮਿੱਟੀ ਖੂਹ ਵਿੱਚ ਹੀ ਲੱਗ ਜਾਂਦੀ ਹੈ। ਅੱਜ ਪੰਜਾਬ ਦੀਆਂ ਅਦਾਲਤਾਂ ਵਿੱਚ 80-85% ਫੌਜ਼ਦਾਰੀ ਮੁਕੱਦਮੇ ‘ਕੱਲੇ ਜੱਟਾਂ ਦੇ ਹੀ ਚੱਲ ਰਹੇ ਹਨ। ਕਚਿਹਰੀ ਵਿੱਚ ਨਿਗਾਹ ਮਾਰ ਲਉ, ਹਰ ਪਾਸੇ ਚਿੱਟੇ ਕੱਪੜੇ ਪਾਈ ਜੱਟ ਇਵੇਂ ਟਹਿਲਦੇ ਦਿਖਾਈ ਦੇਣਗੇ ਜਿਵੇਂ ਬਹੁਤ ਵੱਡਾ ਮਾਅਰਕਾ ਮਾਰਿਆ ਹੋਵੇ। ਹੁਣ ਤਾਂ ਕੈਨੇਡਾ ਵਿੱਚ ਵੀ ਪੰਜਾਬੀ ਸਟੂਡੈਂਟਾਂ ਦੀਆਂ ਛਿੱਤਰੋ ਛਿਤਰੀ ਹੋਣ ਦੀਆਂ ਵੀਡੀਉ ਵਾਇਰਲ ਹੋ ਰਹੀਆਂ ਹਨ।

ਰਹੀ ਸਹੀ ਕਸਰ ਹੁਣ ਨਵੀਂ ਪੀੜੀ ਨੇ ਕੱਢ ਦਿੱਤੀ ਹੈ। ਲੱਗਦਾ ਹੈ 50 ਸਾਲਾਂ ਤੱਕ ਪੰਜਾਬ ਵਿੱਚ ਕੋਈ ਜੱਟ ਰਹਿਣਾ ਹੀ ਨਹੀਂ। ਲੋਕ ਧੜਾ ਧੜ ਜ਼ਮੀਨਾਂ ਵੇਚ ਕੇ ਬੱਚੇ ਬਾਹਰ ਭੇਜ ਰਹੇ ਹਨ। ਜੱਟਾਂ ਵਿੱਚ ਇੱਕ ਹੋਰ ਮਾੜੀ ਆਦਤ ਭੂਤ ਕਾਲ ਵਿੱਚ ਜਿਊਣ ਦੀ ਹੈ। ਜੋ ਕੁਝ ਕੋਲ ਹੈ, ਉਸ ਨੂੰ ਭੁੱਲ ਕੇ ਪਿੱਛੇ ਪਕਿਸਤਾਨ ਦੀਆਂ ਬਾਰਾਂ ਵਿੱਚ ਰਹਿ ਗਏ ਮੁਰੱਬਿਆਂ ਦੀਆਂ ਗੱਲਾਂ ਕਰ ਕੇ ਹੌਕੇ ਭਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਜੱਟਾਂ ਦੀ ਹਰ ਗੋਤ ਆਪਣੇ ਆਪ ਨੂੰ ਕਿਸੇ ਨਾ ਕਿਸੇ ਰਾਜੇ ਦੇ ਖਾਨਦਾਨ ਨਾਲ ਜੋੜਦੀ ਹੈ। ਕੋਈ ਆਪਣੇ ਆਪ ਨੂੰ ਜੈਸਲਮੇਰ ਤੇ ਕੋਈ ਬੀਕਾਨੇਰ ਦੇ ਰਾਜੇ ਦਾ ਵੰਸ਼ਜ ਦੱਸ ਰਿਹਾ ਹੈ। ਇਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਕਿ ਰਾਜਪੂਤ, ਜਾਟਾਂ ਨੂੰ ਹਮੇਸ਼ਾਂ ਤੋਂ ਨੀਵੀਂ ਜ਼ਾਤ ਸਮਝ ਕੇ ਤ੍ਰਿਸਕਾਰ ਨਾਲ ਵੇਖਦੇ ਰਹੇ ਹਨ। ਰਾਜਸਥਾਨ ਵਿੱਚ ਤਾਂ ਅੱਜ ਵੀ ਕੋਈ ਰਾਜਪੂਤ ਜਾਟਣੀ ਨਾਲ ਵਿਆਹ ਨਹੀਂ ਕਰਵਾਉਂਦਾ, ਜੇ ਕਰਵਾ ਵੀ ਲਿਆ ਹੋਵੇ ਤਾਂ ਬੱਚੇ ਨੇ ਆਪਣੇ ਪਿਉ ਦੀ ਜ਼ਾਤ ਧਾਰਨ ਕਰਨੀ ਸੀ ਕਿ ਮਾਂ ਦੀ? ਉਹ ਆਪਣੀ ਹਾਕਮ ਜ਼ਮਾਤ ਰਾਜਪੂਤ ਛੱਡ ਕੇ ਜੱਟ ਕਿਉਂ ਬਣਦਾ? ਜੱਟ ਵੀ ਬਾਕੀ ਜ਼ਾਤਾਂ ਵਾਂਗ ਹਜ਼ਾਰਾਂ ਸਾਲਾਂ ਤੋਂ ਪੰਜਾਬ ਵਿੱਚ ਹੀ ਰਹਿ ਰਹੇ ਹਨ। ਕਿਸੇ ਇੱਕ ਬੰਦੇ ਦੀ ਔਲਾਦ ਤੋਂ ਐਨੀ ਜਨਸੰਖਿਆ ਪੈਦਾ ਨਹੀਂ ਹੋ ਸਕਦੀ ਤੇ ਨਾ ਹੀ ਰਾਜਪੂਤ ਤੋਂ ਜੱਟ ਬਣੇ ਕਿਸੇ ਵਿਅਕਤੀ ਨੂੰ ਜੈਸਲਮੇਰ ਤੋਂ 600 ਕਿ.ਮੀ. ਦੂਰ ਆ ਕੇ ਪੰਜਾਬ ਵਿੱਚ ਵੱਸਣ ਦੀ ਜਰੂਰਤ ਸੀ।

ਇਸ ਲਈ ਬੁਰੀਆਂ ਆਦਤਾਂ ਛੱਡ ਕੇ ਜੋ ਕੁਝ ਸਾਡੇ ਕੋਲ ਹੈ, ਉਸ ਨਾਲ ਗੁਜ਼ਾਰਾ ਕਰਨਾ ਸਿੱਖਣਾ ਚਾਹੀਦਾ ਹੈ। ਜੇ ਕਿਸੇ ਜ਼ਾਤ ਜਾਂ ਗੋਤਰ ਦਾ ਕੋਈ ਲੀਡਰ, ਮੰਤਰੀ ਜਾਂ ਅਫਸਰ ਬਣ ਜਾਂਦਾ ਹੈ ਤਾਂ ਬਹੁਤੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ, ਸਭ ਆਪਣਾ ਹੀ ਢਿੱਡ ਭਰਦੇ ਹਨ। ਆਮ ਆਦਮੀ ਨੂੰ ਆਪਣੀ ਮਿਹਨਤ ਨਾਲ ਹੀ ਰੋਟੀ ਕਮਾਉਣੀ ਪੈਂਦੀ ਹੈ। ਜੇ ਜੱਟ ਅੱਜ ਵੀ ਦਿਲ ਲਗਾ ਕੇ ਵਿਗਿਆਨਕ ਤਰੀਕੇ ਨਾਲ ਖੇਤੀਬਾੜੀ ਕਰਨ ਤਾਂ ਗੁਜ਼ਾਰਾ ਵਧੀਆ ਚੱਲ ਸਕਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਬਾਂਦਰ ਵਰਗੀ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈ

ਕਈ ਵਾਰ ਕੋਈ ਦੁਖਿਆਰਾ ਕਿਸੇ ਲੀਡਰ, ਅਫਸਰ ਜਾਂ ਮੋਹਤਬਰ ਕੋਲ ਆਪਣੀ ਮੁਸੀਬਤ ਦੇ ਹੱਲ ਲਈ ਬੜੀ ਆਸ ਨਾਲ ਜਾਂਦਾ ਹੈ। ਅੱਗੋਂ ਉਸ ਬੰਦੇ ਦੀ ਔਕਾਤ ਨਹੀਂ ਹੁੰਦੀ ਕਿ ਉਹ ਉਸ ਦਾ ਮਸਲਾ ਹੱਲ ਕਰ ਸਕੇ। ਪਰ ਫਿਰ ਵੀ ਉਹ ਦੁਖਿਆਰੇ ਨੂੰ ਮੂਰਖ ਬਣਾਉਣ ਲਈ ਇਹ ਵਿਖਾਵਾ ਕਰਦਾ ਹੈ ਕਿ ਉਹ ਹੀ ਉਸ ਦੀ ਮੁਸ਼ਕਿਲ ਦਾ ਹੱਲ ਕਰ ਸਕਦਾ ਹੈ। ਕਿਸੇ ਜੰਗਲ ਦੇ ਰਾਜੇ ਸ਼ੇਰ ਦੀਆਂ ਜਿਆਦਤੀਆਂ ਤੋਂ ਦੁਖੀ ਹੋ ਕੇ ਜਨਤਾ ਨੇ ਬਗਾਵਤ ਕਰ ਦਿੱਤੀ ਤੇ ਉਸ ਨੂੰ ਗੱਦੀ ਤੋਂ ਉਤਾਰ ਕੇ ਲੋਕ ਰਾਜ ਦੀ ਸਥਾਪਨਾ ਕਰ ਲਈ। ਕੁਝ ਦਿਨਾਂ ਬਾਅਦ ਚੋਣਾਂ ਹੋਈਆਂ ਤਾਂ ਇੱਕ ਚਲਾਕ ਬਾਂਦਰ ਸਭ ਉਮੀਦਵਾਰਾਂ ਨੂੰ ਹਰਾ ਕੇ ਜੰਗਲ ਦਾ ਪ੍ਰਧਾਨ ਮੰਤਰੀ ਬਣ ਗਿਆ। ਬਾਂਦਰ ਨੂੰ ਅਜੇ ਰਾਜ ਸੱਤਾ ਦਾ ਸੁੱਖ ਭੋਗਦੇ ਕੁਝ ਹੀ ਦਿਨ ਹੋਏ ਸਨ ਕਿ ਤਖਤ ਬਰਦਾਰ ਹੋਏ ਸ਼ੇਰ ਨੇ ਬਾਂਦਰ ਨੂੰ ਉਸ ਦੀ ਔਕਾਤ ਵਿਖਾਉਣ ਲਈ ਇੱਕ ਹਿਰਨੀ ਦਾ ਬੱਚਾ ਪਕੜ ਲਿਆ। ਉਸ ਨੇ ਹਿਰਨੀ ਨੂੰ ਕਿਹਾ ਕਿ ਜਾ ਕੇ ਬਾਂਦਰ ਨੂੰ ਕਹਿ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਬੱਚੇ ਨੂੰ ਮੇਰੇ ਪੰਜਿਆਂ ਵਿੱਚੋਂ ਬਚਾ ਕੇ ਵਿਖਾਵੇ।

ਹਿਰਨੀ ਭੱਜੀ ਭੱਜੀ ਬਾਂਦਰ ਕੋਲ ਪਹੁੰਚੀ ਜੋ ਇੱਕ ਦਰਖਤ ਹੇਠ ਬੈਠਾ ਕੈਬਨਿਟ ਮੀਟਿੰਗ ਕਰ ਰਿਹਾ ਸੀ ਕਿ ਕਿਵੇਂ ਟੈਕਸ ਵਧਾ ਕੇ ਜਨਤਾ ਦਾ ਕਚੂੰਮਰ ਕੱਢਣਾ ਹੈ। ਹਿਰਨੀ ਨੇ ਆਪਣਾ ਬੱਚਾ ਬਚਾਉਣ ਲਈ ਫਰਿਆਦ ਕੀਤੀ ਤਾਂ ਬਾਂਦਰ ਕਹਿੰਦਾ ਕਿ ਗੱਲ ਹੀ ਕੋਈ ਨਹੀਂ, ਹੁਣੇ ਛੁਡਾ ਦਿੰਦੇ ਹਾਂ। ਸ਼ੇਰ ਦੀ ਕੀ ਹਿੰਮਤ ਜੋ ਮੇਰੇ ਰਾਜ ਵਿੱਚ ਅਜਿਹੀ ਬਦਮਾਸ਼ੀ ਕਰ ਸਕੇ। ਸੁਣ ਕੇ ਸਾਰੇ ਮੰਤਰੀਆਂ ਨੇ ਖੁਸ਼ੀ ਨਾਲ ਤਾੜੀਆਂ ਵਜਾਈਆਂ ਤੇ ਬਾਂਦਰ ਟਪੂਸੀ ਮਾਰ ਕੇ ਦਰਖਤ ‘ਤੇ ਚੜ੍ਹ ਗਿਆ। ਕਦੇ ਇੱਕ ਟਾਹਣੀ ‘ਤੇ ਕੁੱਦੇ ਤੇ ਕਦੇ ਦੂਸਰੀ ਟਾਹਣੀ ‘ਤੇ ਲਟਕੇ। ਕੁਝ ਮਿੰਟਾਂ ਬਾਅਦ ਸਾਹੋ ਸਾਹੀ ਹੋਇਆ ਹੇਠਾਂ ਉੱਤਰ ਆਇਆ। ਹਿਰਨੀ ਕੁਰਲਾਉਣ ਲੱਗੀ ਕਿ ਪ੍ਰਧਾਨ ਮੰਤਰੀ ਸਾਹਿਬ ਟਪੂਸੀਆਂ ਮਾਰਨ ਦੀ ਬਜਾਏ ਮੇਰੇ ਨਾਲ ਚੱਲ ਕੇ ਮੇਰੇ ਬੱਚੇ ਨੂੰ ਬਚਾਉ। ਇਹ ਸੁਣ ਕੇ ਬਾਂਦਰ ਦੁਬਾਰਾ ਦਰਖਤ ‘ਤੇ ਜਾ ਚੜ੍ਹਿਆ ਤੇ ਅੱਗੇ ਨਾਲੋਂ ਵੀ ਜਿਆਦਾ ਟਪੂਸੀਆਂ ਮਾਰ ਕੇ ਆਪਣੇ ਆਸਨ ‘ਤੇ ਜਾ ਬੈਠਾ। ਹਿਰਨੀ ਜਦੋਂ ਫਿਰ ਕੁਝ ਬੋਲਣ ਲੱਗੀ ਤਾਂ ਉਸ ਨੂੰ ਵਿੱਚੋਂ ਹੀ ਟੋਕ ਕੇ ਬਾਂਦਰ ਨੇ ਕਿਹਾ, “ਬੀਬੀ ਗੱਲ ਇਹ ਆ ਕਿ ਮੈਂ ਜੋ ਕਰ ਸਕਦਾ ਸੀ, ਉਹ ਕਰ ਰਿਹਾ ਹਾਂ। ਮੇਰੀ ਮਿਹਨਤ ਵਿੱਚ ਕੋਈ ਕਸਰ ਹੈ ਤਾਂ ਦੱਸ? ਹੁਣ ਤੇਰਾ ਬੱਚਾ ਬਚਦਾ ਹੈ ਕਿ ਮਰਦਾ ਹੈ ਰੱਬ ਦੀ ਮਰਜ਼ੀ, ਮੈਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦਾ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਜ਼ੇਬਕਤਰਾ

ਜ਼ਿੰਦਗੀ ਵਿੱਚ ਕਈ ਅਜਿਹੇ ਬੰਦੇ ਮਿਲਦੇ ਹਨ ਜੋ ਸਾਨੂੰ ਬਹੁਤ ਵੱਡੇ ਸ਼ੁਭਚਿੰਤਕ ਲੱਗਦੇ ਹਨ, ਪਰ ਬਾਅਦ ਵਿੱਚ ਪਤਾ ਚਲਦਾ ਹੈ ਕਿ ਹੁਣ ਤੱਕ ਸਾਡੀਆਂ ਜੜ੍ਹਾਂ ਵੱਢਣ ਵਾਲਾ ਉਹ ਕੱਥਿਤ ਸ਼ੁੱਭਚਿੰਤਕ ਹੀ ਸੀ। ਅਜਿਹੀ ਹੀ ਇੱਕ ਜੱਗਬੀਤੀ ਹੈ ਕਿ ਦੇਬਾ ਨਾਮ ਦਾ ਇੱਕ ਬੰਦਾ ਅੰਮ੍ਰਿਤਸਰ ਤੋਂ ਤਰਨ ਤਾਰਨ ਜਾਣ ਵਾਲੀ ਬੱਸ ਵਿੱਚ ਬੈਠ ਗਿਆ। ਜਦੋਂ ਕੰਡਕਟਰ ਨੇ ਟਿਕਟ ਕਟਾਉਣ ਲਈ ਕਿਹਾ ਤਾਂ ਉਸ ਨੇ ਆਪਣੀ ਪੈਂਟ ਦੀ ਪਿੱਛਲੀ ਜ਼ੇਬ ਵਿੱਚ ਹੱਥ ਮਾਰਿਆ ਤਾਂ ਪਤਾ ਲੱਗਾ ਕਿ ਬਟੂਆ ਗਾਇਬ ਹੈ। ਜਦੋਂ ਉਸ ਨੇ ਕੰਡਕਟਰ ਨੂੰ ਦੱਸਿਆ ਕਿ ਮੇਰੀ ਜ਼ੇਬ ਕੱਟੀ ਗਈ ਹੈ ਤਾਂ ਅੱਗੋਂ ਕੰਡਕਟਰ ਉਸ ਨੂੰ ਖਿਝ੍ਹ ਕੇ ਪਿਆ ਕਿ ਸਾਡਾ ਰੋਜ਼ਾਨਾ ਤੇਰੇ ਵਰਗਿਆਂ ਨਾਲ ਹੀ ਵਾਹ ਪੈਂਦਾ ਹੈ, ਜਾਂ ਤਾਂ ਪੈਸੇ ਕੱਢ ਨਹੀਂ ਥੱਲੇ ਉੱਤਰ। ਕਿਉਂਕਿ ਰਾਤ ਦਾ ਸਮਾਂ ਹੋਣ ਕਾਰਨ ਤਰਨ ਤਾਰਨ ਜਾਣ ਵਾਲੀ ਇਹ ਆਖਰੀ ਬੱਸ ਸੀ, ਇਸ ਲਈ ਉਸ ਨੇ ਕੰਡਕਟਰ ਦੇ ਬਹੁਤ ਤਰਲੇ ਕੱਢੇ ਪਰ ਉਹ ਨਾ ਮੰਨਿਆਂ। ਇਹ ਵੇਖ ਕੇ ਉਸ ਦੇ ਨਾਲ ਬੈਠੇ ਬੰਦੇ ਨੇ ਕਿਹਾ ਕਿ ਕੋਈ ਗੱਲ ਨਹੀਂ, ਇਸ ਦਾ ਕਿਰਾਇਆ ਮੈਂ ਦੇ ਦਿੰਦਾ ਹਾਂ।

ਉਸ ਨੇ ਕੰਡਕਟਰ ਨੂੰ ਪੈਸੇ ਦੇ ਦਿੱਤੇ ਤੇ ਦੇਬੇ ਨੇ ਉਸ ਦਾ ਬਹੁਤ ਬਹੁਤ ਧੰਨਵਾਦ ਕੀਤਾ। ਨਾਲ ਬੈਠੀਆਂ ਸਵਾਰੀਆਂ ਵਿੱਚ ਵੀ ਘੁਸਰ ਮੁਸਰ ਹੋਣ ਲੱਗ ਪਈ ਕਿ ਕਿੰਨਾ ਚੰਗਾ ਬੰਦਾ ਹੈ, ਧਰਤੀ ਅਜਿਹੇ ਦਾਨਵੀਰਾਂ ਦੇ ਸਿਰ ‘ਤੇ ਹੀ ਖੜੀ ਹੈ। ਜਦੋਂ ਬੱਸ ਨੇ ਚਾਟੀਵਿੰਡ ਗੇਟ ਅੱਡੇ ‘ਤੇ ਸਵਾਰੀਆਂ ਲੈਣ ਲਈ ਕੁਝ ਮਿੰਟਾਂ ਲਈ ਬਰੇਕ ਮਾਰੀ ਤਾਂ ਇੱਕ ਮੁਰਮੁਰਾ ਵੇਚਣ ਵਾਲਾ ਬੱਸ ਵਿੱਚ ਚੜ੍ਹ ਗਿਆ। ਦੇਬੇ ਦੀ ਟਿਕਟ ਕਟਾਉਣ ਵਾਲੇ ਬੰਦੇ ਨੇ ਬਟੂਆ ਕੱਢਿਆ ਤੇ ਵੀਹ ਰੁਪਏ ਦਾ ਮੁਰਮੁਰਾ ਲੈ ਲਿਆ। ਬਟੂਆ ਵੇਖ ਕੇ ਦੇਬਾ ਅੱਗ ਬਬੂਲਾ ਹੋ ਗਿਆ। ਉਸ ਨੇ ਇੱਕ ਹੱਥ ਨਾਲ ਬਟੂਆ ਖੋਹ ਲਿਆ ਤੇ ਦੂਸਰੇ ਹੱਥ ਨਾਲ ਦੇ ਥੱਪੜ ‘ਤੇ ਥੱਪੜ। ਟਿਕਟ ਕਟਾਉਣ ਵਾਲਾ ਬੰਦਾ ਕੁੱਟ ਖਾਂਦਾ ਖਾਂਦਾ ਬੱਸ ‘ਚੋਂ ਨਿਕਲ ਕੇ ਫਰਾਰ ਹੋ ਗਿਆ। ਆਸ ਪਾਸ ਦੀਆਂ ਸਵਾਰੀਆਂ ਦੇਬੇ ਨੂੰ ਲਾਹਨਤਾਂ ਪਾਉਣ ਲੱਗੀਆਂ ਕਿ ਤੂੰ ਕਿੰਨਾ ਘਟੀਆ ਬੰਦਾ ਆਂ। ਜਿਸ ਨੇ ਰਹਿਮ ਕਰ ਕੇ ਤੇਰੀ ਟਿਕਟ ਕਟਵਾਈ ਸੀ, ਉਸ ਨੂੰ ਹੀ ਕੁੱਟ ਦਿੱਤਾ। ਲੋਕਾਂ ਦੀਆਂ ਗੱਲਾਂ ਸੁਣ ਕੇ ਦੇਬੇ ਨੇ ਬਟੂਏ ਵਿੱਚੋਂ ਆਪਣਾ ਅਧਾਰ ਕਾਰਡ ਕੱਢ ਕੇ ਵਿਖਾਇਆ ਤੇ ਬੋਲਿਆ, “ਇਹ ਦਾਨਵੀਰ ਕਰਣ ਹੀ ਜ਼ੇਬਕਤਰਾ ਸੀ। ਭੂਤਨੀ ਦੇ ਨੇ ਮੇਰੀ ਹੀ ਜ਼ੇਬ ਕੱਟ ਕੇ, ਮੇਰੀ ਟਿਕਟ ਕਟਾ ਕੇ ਮੇਰੇ ‘ਤੇ ਹੀ ਅਹਿਸਾਨ ਕਰ ਦਿੱਤਾ।”

-ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਜਦੋਂ ਇੱਕ ਕਮਅਕਲ ਅਫਸਰ ਨੇ ਬਿਨਾਂ ਮਤਲਬ ਬੇਇੱਜ਼ਤੀ ਕਰਵਾਈ

ਕਈ ਬੰਦਿਆਂ ਨੂੰ ਪੰਗੇ ਲੈਣ ਦਾ ਬਹੁਤ ਸ਼ੌਕ ਹੁੰਦਾ ਹੈ ਜਿਸ ਕਾਰਨ ਉਹ ਆਪਣੀ ਵੀ ਇੱਜ਼ਤ ਲੁਹਾਉਂਦੇ ਹਨ ਤੇ ਨਾਲ ਦੇ ਦੀ ਵੀ। ਮੇਰੇ ਨਾਲ ਇੱਕ ਅਜਿਹੀ ਹੀ ਘਟਨਾ ਸੰਨ 2000 ਦੌਰਾਨ ਵਾਪਰੀ ਸੀ ਜਦੋਂ ਮੈਂ ਸਬ ਡਵੀਜ਼ਨ ਪਾਇਲ (ਪੁਲਿਸ ਜਿਲ੍ਹਾ ਖੰਨਾ) ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ। ਫਰਵਰੀ ਦੇ ਮਹੀਨੇ ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਵਿਖੇ ਦੋ ਦਿਨ ਦਾ ਇੱਕ ਕੋਰਸ ਚੱਲਣਾ ਸੀ ਜਿਸ ਲਈ ਮੇਰਾ ਨਾਮ ਨੌਮੀਨੇਟ ਕੀਤਾ ਗਿਆ ਸੀ। ਹੁਣ ਦਾ ਤਾਂ ਪਤਾ ਨਹੀਂ, ਪਰ ਸਾਡੇ ਸਮੇਂ ਅਕੈਡਮੀ ਦੇ ਸ਼ਾਰਟ ਕੋਰਸ ਬਹੁਤ ਮਜ਼ੇਦਾਰ ਹੁੰਦੇ ਸਨ। ਵਧੀਆ ਖਾਣਾ ਪਾਣੀ ਤੇ ਨਾਲੇ ਦੂਰ ਦੁਰਾਡੇ ਲੱਗੇ ਹੋਏ ਬੈਚਮੇਟਾਂ ਨੂੰ ਮਿਲਣ ਦਾ ਮੌਕਾ ਵੀ ਮਿਲ ਜਾਂਦਾ ਸੀ। ਪਹਿਲੇ ਹੀ ਦਿਨ ਮੈਨੂੰ ਕੋਰਸ ਕਰਨ ਆਇਆ ਪੰਗਾ ਸਿੰਘ (ਕਾਲਪਨਿਕ ਨਾਮ) ਨਾਮ ਦਾ ਇੱਕ ਅਫਸਰ ਮਿਲ ਗਿਆ ਜੋ ਸ਼ਾਇਦ ਪਠਾਨਕੋਟ ਵਾਲੇ ਪਾਸੇ ਲੱਗਾ ਹੋਇਆ ਸੀ। ਉਹ ਪੰਜਾਬ ਦੇ ਸਭ ਤੋਂ ਵੱਡੇ ਪੰਗੇਬਾਜ਼ ਦੇ ਤੌਰ ‘ਤੇ ਪ੍ਰਸਿੱਧ ਸੀ ਤੇ ਹੋਮ ਗਾਰਡ ਤੱਕ ਦੇ ਜਵਾਨਾਂ ਨਾਲ ਗੁੱਥਮ ਗੁੱਥਾ ਹੋ ਚੁੱਕਾ ਸੀ।

ਉਸ ਸਮੇਂ ਮੇਰੀ ਰਿਹਾਇਸ਼ ਮੋਹਾਲੀ ਸੀ ਤੇ ਮੈਂ ਪ੍ਰਾਈਵੇਟ ਗੱਡੀ ਲੈ ਕੇ ਗਿਆ ਸੀ ਤਾਂ ਜੋ ਸ਼ਾਮ ਨੂੰ ਘਰ ਜਾ ਸਕਾਂ। ਜਦੋਂ ਪਹਿਲੇ ਦਿਨ ਦਾ ਸ਼ੈਸ਼ਨ ਖਤਮ ਹੋਇਆ ਤਾਂ ਪੰਗਾ ਸਿੰਘ ਮੈਨੂੰ ਕਹਿਣ ਲੱਗਾ ਕਿ ਮੈਂ ਪਠਾਨਕੋਟ ਤੋਂ ਸਰਕਾਰੀ ਜਿਪਸੀ ਲੈ ਕੇ ਆਇਆ ਹਾਂ ਤੇ ਮੈਨੂੰ ਸਿਰਫ ਆਉਣ ਜਾਣ ਦਾ ਤੇਲ ਮਿਲਿਆ ਹੈ। ਮੇਰੀ ਰਿਹਾਇਸ਼ ਵੀ ਮੋਹਾਲੀ ਹੈ, ਜੇ ਤੂੰ ਘਰ ਜਾਣਾ ਹੈ ਤਾਂ ਮੈਨੂੰ ਵੀ ਨਾਲ ਲੈ ਚੱਲੀਂ। ਮੈਂ ਉਸ ਦੀਆਂ ਕਰਤੂਤਾਂ ਤੋਂ ਭਲੀ ਭਾਂਤ ਜਾਣੂ ਸੀ, ਪਰ ਫਿਰ ਵੀ ਨਾਂਹ ਨਾ ਕਰ ਸਕਿਆ। ਮੈਂ ਡਰਾਈਵਰ ਤੇ ਗੰਨਮੈਨ ਇਹ ਕਹਿ ਕੇ ਪਾਇਲ ਭੇਜ ਦਿੱਤੇ ਕਿ ਸਵੇਰੇ ਆ ਜਾਇਉ ਤੇ ਖੁਦ ਗੱਡੀ ਚਲਾਉਣ ਲੱਗ ਪਿਆ। ਚਲੋ ਵਹਿਗੁਰੂ ਵਾਹਿਗੁਰੂ ਕਰਦੇ ਮੋਹਾਲੀ ਤੱਕ ਦਾ ਸਫਰ ਸੁੱਖੀਂ ਸਾਂਦੀ ਪੂਰਾ ਹੋ ਗਿਆ ਤੇ ਅਗਲੇ ਦਿਨ ਉਸ ਨੂੰ ਲੈ ਕੇ ਮੈਂ ਫਿਲੌਰ ਵੱਲ ਚੱਲ ਪਿਆ। ਜਦੋਂ ਅਸੀਂ ਨੀਲੋਂ ਪੁਲ ਪਾਰ ਕੀਤਾ ਤਾਂ ਅੱਗੇ ਪੁਲਿਸ ਅਤੇ ਐਕਸਾਈਜ਼ ਮਹਿਕਮੇ ਦਾ ਕਾਫੀ ਵੱਡਾ ਨਾਕਾ ਲੱਗਾ ਹੋਇਆ ਸੀ ਜੋ ਚੰਡੀਗੜ੍ਹ ਤੋਂ ਸਮਗਲ ਹੋ ਕੇ ਆਉਣ ਵਾਲੀ ਸ਼ਰਾਬ ਚੈੱਕ ਕਰ ਰਹੇ ਸਨ। ਚੰਡੀਗੜ੍ਹ ਵਿੱਚ ਸ਼ਰਾਬ ਪੰਜਾਬ ਨਾਲੋਂ ਕਾਫੀ ਸਸਤੀ ਮਿਲਦੀ ਹੈ ਜਿਸ ਕਾਰਨ ਕਈ ਲੋਕ ਉਥੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਹਨ। ਇਹ ਵੇਖ ਕੇ ਕਲ੍ਹ ਤੋਂ ਚੁੱਪ ਚਾਪ ਬੈਠੇ ਪੰਗਾ ਸਿੰਘ ਦੇ ਅੰਦਰ ਪੰਗਾ ਲੈਣ ਦਾ ਕੀੜਾ ਕੁਲਬੁਲਾ ਉੱਠਿਆ।

ਉਨ੍ਹਾਂ ਨੇ ਸਾਨੂੰ ਵੀ ਹੱਥ ਦੇ ਦਿੱਤਾ ਕਿਉਂਕਿ ਨਾ ਤਾਂ ਅਸੀਂ ਵਰਦੀਆਂ ਪਹਿਨੀਆਂ ਹੋਈਆਂ ਸਨ ਤੇ ਨਾ ਹੀ ਸਾਡੇ ਨਾਲ ਕੋਈ ਗੰਨਮੈਨ ਸੀ। ਇੱਕ ਹੌਲਦਾਰ ਸਾਡੇ ਕੋਲ ਆਇਆ ਤੇ ਬਹੁਤ ਹੀ ਹਲੀਮੀ ਨਾਲ ਡਿੱਗੀ ਖੋਲ੍ਹਣ ਲਈ ਕਿਹਾ। ਜਦੋਂ ਮੈਂ ਸੀਟ ਦੇ ਥੱਲੇ ਲੱਗੀ ਕਿੱਲੀ ਨੂੰ ਖਿੱਚ ਕੇ ਡਿੱਗੀ ਖੋਲ੍ਹਣ ਲੱਗਾ ਤਾਂ ਉਸ ਪੰਗਾ ਸਿੰਘ ਨੇ ਮੈਨੂੰ ਰੋਕ ਦਿੱਤਾ ਕਿ ਡਿੱਗੀ ਨਹੀਂ ਖੋਲ੍ਹਣੀ, ਮੈਂ ਇਨ੍ਹਾਂ ਨਾਲ ਗੱਲ ਕਰਦਾ ਹਾਂ। ਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੋਣ ਕਾਰਨ ਮੈਂ ਸਮਝ ਗਿਆ ਕਿ ਇਹ ਹੁਣ ਕੋਈ ਸਿਆਪਾ ਖੜਾ ਕਰੇਗਾ। ਮੈਂ ਖਿਝ੍ਹ ਕੇ ਕਿਹਾ ਕਿ ਤੂੰ ਕੀ ਗੱਲ ਕਰਨੀ ਹੈ, ਆਪਾਂ ਕਿਹੜਾ ਸ਼ਰਾਬ ਲੈ ਕੇ ਆਏ ਹਾਂ? 9 ਵਜੇ ਕੋਰਸ ਸ਼ੁਰੂ ਹੋਣਾ ਹੈ ਤੇ 8 ਵੱਜ ਗਏ ਹਨ। ਪਰ ਉਹ ਨਾ ਟਲਿਆ ਤੇ ਹੌਲਦਾਰ ਨੂੰ ਕਹਿਣ ਲੱਗਾ ਕਿ ਜੋ ਤੂੰ ਲੱਭ ਰਿਹਾ ਹੈਂ (ਸ਼ਰਾਬ) ਉਹ ਸਾਡੇ ਕੋਲ ਨਹੀਂ ਹੈ। ਹੌਲਦਾਰ ਨੇ ਫਿਰ ਅਦਬ ਨਾਲ ਕਿਹਾ ਕਿ ਜੇ ਨਹੀਂ ਹੈ ਤਾਂ ਡਿੱਗੀ ਖੋਲ੍ਹ ਕੇ ਵਿਖਾ ਦਿਉ ਤੇ ਜਾਉ। ਪੰਗਾ ਫਿਰ ਬੋਲਿਆ ਕਿ ਅਸੀਂ ਡਿੱਗੀ ਵੀ ਨਹੀਂ ਖੋਲ੍ਹਣੀ। ਹੌਲਦਾਰ ਥੋੜ੍ਹਾ ਜਿਹਾ ਖਿਝ੍ਹ ਗਿਆ ਤੇ ਬੋਲਿਆ ਕਿ ਜੇ ਡਿੱਗੀ ਖੋਲ੍ਹਣੀ ਤਾਂ ਫਿਰ ਦੱਸ ਦਿਉ ਤੁਸੀਂ ਕੌਣ ਹੋ?

ਪੰਗੇ ਨੇ ਮੁੱਛਾਂ ਨੂੰ ਤਾਅ ਦੇ ਕੇ ਕਿਹਾ ਕਿ ਅਸੀਂ ਦੱਸਣਾ ਵੀ ਨਹੀਂ ਅਸੀਂ ਕੌਣ ਹਾਂ? ਹੌਲੀ ਹੌਲੀ ਗੱਲ ਐਨੀ ਵਧ ਗਈ ਕਿ ਹੌਲਦਾਰ ਤੇ ਪੰਗਾ ਹੱਥੋਪਾਈ ਹੋਣ ਤੱਕ ਪਹੁੰਚ ਗਏ। ਪੰਗੇ ਦੀ ਵਾਹਯਾਤੀ ਤੋਂ ਖਿਝ੍ਹਿਆ ਹੋਇਆ ਮੈਂ ਸੋਚ ਰਿਹਾ ਸੀ ਕਿ ਅੱਜ ਇਸ ਦੇ ਚਪੇੜਾਂ ਵੱਜ ਹੀ ਲੈਣ ਦਿੱਤੀਆਂ ਜਾਣ। ਰੌਲਾ ਗੌਲਾ ਪੈਂਦਾ ਵੇਖ ਕੇ ਨਜ਼ਦੀਕ ਹੀ ਖੜ੍ਹਾ ਇੱਕ ਸਿਆਣਾ ਜਿਹਾ ਇੰਸਪੈਕਟਰ ਸਾਡੀ ਗੱਡੀ ਕੋਲ ਪਹੁੰਚ ਗਿਆ ਤੇ ਮਾਮਲੇ ਦੀ ਦਰਿਆਫਤ ਕੀਤੀ। ਹੁਣ ਤੱਕ ਪੰਗਾ ਸਿੰਘ ਵੀ ਗੱਲ ਵਧਦੀ ਵੇਖ ਕੇ ਡਰ ਚੁੱਕਾ ਸੀ ਤੇ ਇੰਸਪੈਕਟਰ ਨੂੰ ਦੱਸਣ ਲੱਗਾ ਕਿ ਮੈਂ ਫਲਾਣਾ ਹਾਂ ਤੇ ਇਹ ਮੇਰੇ ਨਾਲ ਬੈਠਾ ਫਲਾਣਾ ਹੈ। ਮੈਂ ਉੇਸ ਦੀਆਂ ਮੂਰਖਾਨਾ ਗੱਲਾਂ ਕਾਰਨ ਪਹਿਲਾਂ ਹੀ ਸੜਿਆ ਬਲਿਆ ਬੈਠਾ ਸੀ। ਮੈਂ ਉਸ ਦੀ ਗੱਲ ਵਿੱਚੋਂ ਹੀ ਕੱਟ ਦਿੱਤੀ ਤੇ ਇੰਸਪੈਕਟਰ ਨੂੰ ਕਹਿ ਦਿੱਤਾ ਕਿ ਮੈਂ ਕੁਝ ਵੀ ਨਹੀਂ ਹਾਂ ਬਲਕਿ ਇਨ੍ਹਾਂ ਜ਼ਨਾਬ ਹੁਣਾ ਦਾ ਡਰਾਈਵਰ ਹਾਂ। ਪੰਗੇ ਨੇ ਇੰਸਪੈਕਟਰ ਨੂੰ ਕਿਹਾ ਕਿ ਹੌਲਦਾਰ ਬਦਤਮੀਜ਼ ਹੈ ਤੇ ਇਸ ਨੂੰ ਕਿਸੇ ਅਫਸਰ ਨਾਲ ਗੱਲ ਕਰਨ ਦੀ ਅਕਲ ਨਹੀਂ ਹੈ। ਇੰਸਪੈਕਟਰ ਅੱਗੋਂ ਹੱਸ ਕੇ ਬੋਲਿਆ ਕਿ ਜ਼ਨਾਬ ਅਕਲ ਤਾਂ ਤੁਹਾਨੂੰ ਨਹੀਂ ਹੈ, ਜਿਸ ਕੋਲੋਂ ਤੁਸੀਂ ਸਲੂਟ ਲੈਣਾ ਸੀ ਉਸ ਤੋਂ ਜੁੱਤੀਆਂ ਖਾਣ ਲੱਗੇ ਸੋ।

ਚਲੋ ਖੈਰ ਉਨ੍ਹਾਂ ਨੇ ਸਾਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ ਤੇ ਮੈਂ ਖਿਝ੍ਹੇ ਖਪੇ ਨੇ ਇੱਕ ਦਮ ਗੱਡੀ ਸੌ ਦੀ ਸਪੀਡ ‘ਤੇ ਖਿੱਚ ਦਿੱਤੀ। ਅੱਗੇ ਵੇਖੋ ਉਸ ਅਫਸਰ ਦੀ ਬੇਸ਼ਰਮੀ ਦੀ ਇੰਤਹਾ। ਮੈਨੂੰ ਕਹਿੰਦਾ ਵੇਖਿਆ ਈ? ਮੈਂ ਗੱਡੀ ਸਾਈਡ ‘ਤੇ ਲਗਾ ਦਿੱਤੀ ਤੇ ਪੁੱਛਿਆ ਕਿ ਬਾਕੀ ਤਾਂ ਮੈਂ ਸਭ ਕੁਝ ਵੇਖ ਲਿਆ ਹੈ, ਫਿਰ ਵੀ ਜੇ ਕੁਝ ਬਚ ਗਿਆ ਹੈ ਤਾਂ ਤੂੰ ਉਹ ਵੀ ਦੱਸ ਦੇ। ਪੰਗੇ ਨੇ ਬਿਨਾਂ ਕਿਸੇ ਸ਼ਰਮ ਹਯਾ ਦੇ ਪੂਰੇ ਮਾਣ ਨਾਲ ਕਿਹਾ ਕਿਉਂ, ਕਰਾਈ ਕਿ ਨਹੀਂ ਮੈਂ ਹੌਲਦਾਰ ਦੀ ਤਸੱਲੀ? ਮੈਂ ਕੁਝ ਦੇਰ ਤੱਕ ਉਸ ਵੱਲ ਹੈਰਾਨੀ ਨਾਲ ਵੇਖਦਾ ਰਿਹਾ ਕਿ ਕੋਈ ਇਨਸਾਨ ਐਨਾ ਵੀ ਵਾਹਯਾਤ ਹੋ ਸਕਦਾ ਹੈ? ਫਿਰ ਦਿਲ ‘ਤੇ ਪੱਥਰ ਰੱਖ ਕੇ ਕਿਹਾ, “ਜੇ ਇਸ ਨੂੰ ਤਸੱਲੀ ਕਰਾਉਣਾ ਕਹਿੰਦੇ ਹਨ ਤਾਂ ਫਿਰ ਜੁੱਤੀਆਂ ਖਾਣੀਆਂ ਕਿਸ ਨੂੰ ਕਹਿੰਦੇ ਹਨ? ਮੈਂ ਸਹੁੰ ਖਾਂਦਾ ਹਾਂ ਕਿ ਤੂੰ ਬੱਸ ਕਾਰ ਦੀ ਤਾਂ ਗੱਲ ਹੀ ਛੱਡ, ਜੇ ਕਿਸੇ ਟਰੇਨ ਵਿੱਚ ਵੀ ਬੈਠਾ ਹੋਵੇਂਗਾ ਤਾਂ ਮੈਂ ਬਾਹਰ ਛਾਲ ਮਾਰ ਦੇਵਾਂਗਾ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਰੱਬ ਬਣ ਕੇ ਬਹੁੜੇ ਹਨ ਹਿਮਾਚਲ ਵਿੱਚ ਗੁਰੁਦਵਾਰੇ ਅਤੇ ਸਿੱਖ ਸੰਗਤ ਹੜ੍ਹ ਪੀੜਤਾਂ ਵਾਸਤੇ

ਇਸ ਵਾਰ ਦੀ ਬਰਸਾਤ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਪਟਿਆਲੇ ਦਾ ਇੱਕ ਡੀ.ਐਸ.ਪੀ. ਆਪਣੇ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਗਿਆ ਸੀ। ਉਸ ਨੇ ਸੁੰਦਰ ਨਗਰ ਦੇ ਨਜ਼ਦੀਕ ਸੇਬਾਂ ਨਾਲ ਲੱਦੇ ਇੱਕ ਖੁਬਸੂਰਤ ਇਕਾਂਤ ਪਹਾੜੀ ਪਿੰਡ ਵਿਖੇ ਹੋਮ ਸਟੇਅ ਵਿੱਚ ਕਮਰੇ ਬੁੱਕ ਕਰਵਾਏ ਹੋਏ ਸਨ। ਪਰ ਅਗਲੇ ਹੀ ਦਿਨ ਬਾਰਸ਼ ਸ਼ੁਰੂ ਹੋ ਗਈ ਤੇ ਛੱਪਰ ਪਾੜ ਮੀਂਹ ਕਾਰਨ ਆਏ ਹੜ੍ਹਾਂ ਨੇ ਮੰਡੀ ਮਨਾਲੀ ਰੋਡ ਨੂੰ ਜਗ੍ਹਾ ਜਗ੍ਹਾ ਤੋਂ ਨਸ਼ਟ ਕਰ ਦਿੱਤਾ। ਉਹਨਾਂ ਨੇ ਤਿੰਨ ਚਾਰ ਦਿਨ ਇੰਤਜ਼ਾਰ ਕੀਤਾ ਪਰ ਜਦੋਂ ਸੜਕਾਂ ਖੁਲਣ੍ਹ ਦੀ ਕੋਈ ਉਮੀਦ ਨਾ ਰਹੀ ਤਾਂ ਉਹ ਆਪਣੀ ਗੱਡੀ ਉਥੇ ਹੀ ਛੱਡ ਕੇ ਪੈਦਲ ਸੁੰਦਰ ਨਗਰ ਵੱਲ ਚੱਲ ਪਏ ਕਿਉਂਕਿ ਡੀ.ਐਸ.ਪੀ. ਦੀਆਂ ਛੁੱਟੀਆਂ ਵੀ ਖਤਮ ਹੋ ਗਈਆਂ ਸਨ। ਜਿਸ ਘਰ ਵਿੱਚ ਉਹ ਠਹਿਰੇ ਸਨ, ਉਸ ਦੇ ਮਾਲਕ ਨੇ ਦੱਸਿਆ ਕਿ ਇਥੋਂ 10 – 12 ਕਿ.ਮੀ. ਦੂਰ ਮੇਨ ਰੋਡ ‘ਤੇ ਇੱਕ ਸਿੰਘ ਸਭਾ ਗੁਰਦਵਾਰਾ ਹੈ ਤੇ ਇਸ ਵੇਲੇ ਪੰਜਾਬ ਪਹੁੰਚਣ ਲਈ ਸਿਰਫ ਉਥੋਂ ਹੀ ਮਦਦ ਮਿਲ ਸਕਦੀ ਹੈ। ਬੁਰੇ ਹਾਲਾਤ ਵਿੱਚ ਪੈਦਲ ਚੱਲ ਕੇ ਉਹ ਗੁਰਦਵਾਰੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਉਹਨਾਂ ਵਰਗੇ 30 – 35 ਹੋਰ ਸੈਲਾਨੀ ਵੀ ਉਥੇ ਸ਼ਰਨ ਲਈ ਬੈਠੇ ਸਨ।

ਗੁਰਦਵਾਰੇ ਵਾਲਿਆਂ ਨੇ ਉਹਨਾਂ ਦੇ ਰਹਿਣ ਵਾਸਤੇ ਹਾਲਾਂ ਅਤੇ ਕਮਰਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ ਸੀ। ਜਦੋਂ ਡੀ.ਐਸ.ਪੀ. ਨੇ ਆਪਣੀ ਛੁੱਟੀ ਖਤਮ ਹੋਣ ਕਾਰਨ ਪੰਜਾਬ ਪਹੁੰਚਣ ਦੀ ਮਜ਼ਬੂਰੀ ਦੱਸੀ ਤਾਂ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਟਰੈਕਟਰਾਂ ਦੀ ਮਦਦ ਨਾਲ ਸੁੰਦਰ ਨਗਰ ਤੋਂ ਅੱਗੇ ਉਸ ਜਗ੍ਹਾ ‘ਤੇ ਪਹੁੰਚਾ ਦਿੱਤਾ ਜਿੱਥੋਂ ਪੰਜਾਬ ਵਾਸਤੇ ਟੈਕਸੀਆਂ ਮਿਲ ਰਹੀਆਂ ਸਨ। ਡੀ.ਐਸ.ਪੀ ਨੇ ਗੁਰਦਵਾਰੇ ਦੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੀ ਮਦਦ ਨਾਲ ਉਹ ਟਾਈਮ ਸਿਰ ਆਪਣੀ ਡਿਊਟੀ ‘ਤੇ ਪਹੁੰਚ ਸਕਿਆ।
ਇਸ ਵਾਰ ਦੇ ਹੜ੍ਹਾਂ ਨੇ ਐਨੀ ਤਬਾਹੀ ਮਚਾਈ ਹੈ ਕਿ ਇੱਕ ਵਾਰ ਤਾਂ ਹਿਮਾਚਲ ਸਰਕਾਰ ਵੀ ਬੇਵੱਸ ਹੋ ਗਈ ਸੀ। ਭਾਰੀ ਬਾਰਸ਼ ਨੇ ਤਬਾਹੀ ਅਤੇ ਮੌਤ ਦਾ ਅਜਿਹਾ ਤਾਂਡਵ ਕੀਤਾ ਕਿ ਜ਼ਿੰਦਗੀ ਇੱਕ ਵਾਰ ਰੁਕ ਜਿਹੀ ਗਈ। ਸੜਕਾਂ ਪਾਣੀ ਨਾਲ ਭਰ ਗਈਆਂ, ਹਾਈਵੇ ਖਤਮ ਹੋ ਗਏ, ਘਰ ਅਤੇ ਗੱਡੀਆਂ ਪਾਣੀ ਵਿੱਚ ਰੁੜ੍ਹ ਗਈਆਂ ਅਤੇ ਬਿਜਲੀ, ਪਾਣੀ ਤੇ ਟੈਲੀਫੂਨ ਸਰਵਿਸ ਕਈ ਹਫਤਿਆਂ ਤਕ ਬੰਦ ਰਹੀ। ਇਸ ਮੁਸੀਬਤ ਦੀ ਘੜੀ ਗੁਰਦਵਾਰੇ ਅਤੇ ਸਿੱਖ ਸੰਗਤ ਪਹਾੜਾਂ ਵਿੱਚ ਫਸੀ ਆਮ ਜਨਤਾ ਤੇ ਸੈਲਾਨੀਆਂ ਲਈ ਰੱਬ ਬਣ ਕੇ ਬਹੁੜੇ। ਹਿਮਾਚਲ ਵਿੱਚ ਜਿੱਥੇ ਵੀ ਹੜ੍ਹ ਆਏ, ਉਥੇ ਹੀ ਸਿੱਖ ਸੰਗਤਾਂ ਨੇ ਆਪਣੀ ਜਾਨ ‘ਤੇ ਖੇਡ ਕੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਕੀਤੀ। ਇਥੇ ਕੁਝ ਗੁਰਦਵਾਰਿਆਂ ਦਾ ਜ਼ਿਕਰ ਕਰਨਾ ਜਰੂਰੀ ਹੈ। ਜਦੋਂ ਮੰਡੀ ਕੁੱਲੂ ਹਾਈਵੇ ਬੰਦ ਹੋ ਗਈ ਤਾਂ ਮੰਡੀ ਸ਼ਹਿਰ ਦਾ ਸਾਰੇ ਸੂਬੇ ਨਾਲੋਂ ਸੰਪਰਕ ਟੁੱਟ ਗਿਆ ਸੀ ਕਿਉਂਕਿ ਇਸ ਦੇ ਆਲੇ ਦੁਆਲੇ ਦੇ ਸੱਤ ਪੁੱਲ ਨੁਕਸਾਨੇ ਗਏ ਸਨ। ਇਸ ਵੇਲੇ ਮੰਡੀ ਦੇ ਇਤਿਹਾਸਿਕ ਗੁਰੂਘਰ, ਗੁਰਦਵਾਰਾ ਗੁਰੂ ਗੋਬਿੰਦ ਸਿੰਘ ਦੇ ਪ੍ਰਬੰਧਕ ਅਤੇ ਸੰਗਤ ਪੀੜਤਾਂ ਦੀ ਮਦਦ ਲਈ ਸਾਹਮਣੇ ਆਏ।

ਉਹਨਾਂ ਨੇ ਲੰਗਰ ਤਿਆਰ ਕੀਤਾ ਤੇ ਆਪਣੀ ਜਾਨ ‘ਤੇ ਖੇਡ ਕੇ ਸ਼ੂਕਦੇ ਪਾਣੀ ਥਾਣੀਂ ਲੰਘ ਕੇ ਜਗ੍ਹਾ ਜਗ੍ਹਾ ਫਸੇ ਸੈਲਾਨੀਆਂ ਨੂੰ ਉਹਨਾਂ ਦੀਆਂ ਗੱਡੀਆਂ ਤੱਕ ਪਹੁੰਚਾਇਆ। ਇਸ ਤੋਂ ਬਾਅਦ ਉਹਨਾਂ ਨੈ ਸੈਲਾਨੀਆਂ ਵਾਸਤੇ ਗੁਰਦਵਾਰੇ ਵਿਖੇ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਤੇ ਉਦੋਂ ਤੱਕ ਉਹਨਾਂ ਨੂੰ ਆਪਣੇ ਕੋਲ ਰੱਖਿਆ ਜਦ ਤੱਕ ਰਸਤੇ ਸਾਫ ਨਾ ਹੋ ਗਏ। ਸੈਲਾਨੀਆਂ ਤੋਂ ਇਲਾਵਾ ਉਹਨਾਂ ਨੇ ਝੁੱਗੀ ਝੌਂਪੜੀ ਵਾਲਿਆਂ ਸਮੇਤ ਉਹਨਾਂ ਸਾਰੇ ਲੋਕਾਂ ਨੂੰ ਗੁਰਦਵਾਰੇ ਵਿੱਚ ਸ਼ਰਣ ਦਿੱਤੀ ਜਿਹਨਾਂ ਦੇ ਘਰ ਬਾਰ ਇਸ ਬਾਰਸ਼ ਕਰਨ ਤਬਾਹ ਹੋ ਗਏ ਸਨ। ਸਿੰਘ ਸਭਾ ਗੁਰਦਵਾਰਾ ਅਖਾੜਾ ਬਜ਼ਾਰ ਕੁੁੱਲੂ ਨੇ ਵੀ ਇਸ ਤਬਾਹੀ ਦੇ ਸਮੇਂ ਲੋਕਾਈ ਦੀ ਵੱਡੀ ਸੇਵਾ ਕੀਤੀ। ਉਹਨਾਂ ਨੇ ਆਪਣੇ ਸਾਰੇ 18 ਕਮਰੇ ਲੋੜਵੰਦਾਂ ਲਈ ਖੋਲ੍ਹ ਦਿੱਤੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ। ਕਿਉਂਕਿ ਘਰਾਂ ਵਿੱਚੋਂ ਗੈਸ ਖਤਮ ਹੋ ਗਈ ਸੀ ਤੇ ਬਿਜਲੀ ਬੰਦ ਸੀ, ਇਸ ਲਈ ਸ਼ਹਿਰ ਦੇ ਸੈਂਕੜੇ ਲੋਕ ਰੋਜ਼ਾਨਾ ਗੁਰਦਵਾਰੇ ਵਿਖੇ ਲੰਗਰ ਛਕਦੇ ਸਨ। ਜਿਹਨਾਂ ਸੈਲਾਨੀਆਂ ਕੋਲੋਂ ਪੈਸੇ ਖਤਮ ਹੋ ਗਏ ਸਨ, ਉਹਨਾਂ ਦੀ ਮਾਇਆ ਨਾਲ ਵੀ ਮਦਦ ਕੀਤੀ ਗਈ।

ਭੁੰਤਰ ਵਿਖੇ ਸਥਿੱਤ ਗੁਰਦਵਾਰਾ ਗੋਦੜੀ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤ ਨੇ ਲੋਕਾਂ ਦੀ ਰਿਹਾਇਸ਼ ਅਤੇ ਲੰਗਰ ਨਾਲ ਸੇਵਾ ਕਰਨ ਤੋਂ ਇਲਾਵਾ ਇਲਾਕੇ ਦੀਆਂ ਬੰਦ ਸੜਕਾਂ ਖੋਲ੍ਹਣ ਲਈ ਪੀ.ਡਬਲਿਊ.ਡੀ. ਦੇ ਮੁਲਾਜ਼ਮਾਂ ਨਾਲ ਮੋਢੇ ਮੋਢਾ ਡਾਹ ਕੇ ਚੌਵੀ ਚੌਵੀ ਘੰਟੇ ਕੰਮ ਕੀਤਾ। ਇਹਨਾਂ ਮੁਲਾਜ਼ਮਾਂ ਦਾ ਲੰਗਰ ਗੁਰਦਵਾਰੇ ਤੋਂ ਪਹੁੰਚਾਇਆ ਜਾਂਦਾ ਸੀ। ਜਦੋਂ ਹੜ੍ਹ ਆਇਆ ਤਾਂ ਉਸ ਵੇਲੇ ਗੁਰਦਵਾਰਾ ਮਣੀਕਰਨ ਵਿਖੇ 1500 ਦੇ ਕਰੀਬ ਸ਼ਰਧਾਲੂ ਮੌਜੂਦ ਸਨ। ਗੁਰਦਵਾਰੇ ਦੀ ਬਿਜਲੀ ਲਗਾਤਾਰ 15 ਦਿਨ ਬੰਦ ਰਹੀ ਸੀ। ਸ਼ਰਧਾਲੂਆਂ ਦੇ ਮੋਬਾਇਲ ਆਦਿ ਚਾਰਜ ਕਰਨ ਵਾਸਤੇ ਦਿਨ ਵਿੱਚ ਇੱਕ ਘੰਟਾ ਜਨਰੇਟਰ ਚਲਾ ਕੇ ਬਿਜਲੀ ਸਪਲਾਈ ਕੀਤੀ ਜਾਂਦੀ ਸੀ। ਇਸ ਸਮੇਂ ਵੀ ਲੰਗਰ ਅਟੁੱਟ ਵਰਤਦਾ ਰਿਹਾ। ਇਹਨਾਂ ਗੁਰੂਘਰਾਂ ਤੋਂ ਇਲਾਵਾ ਸਿੰਘ ਸਭਾ ਗੁਰਦਵਾਰਾ ਕਾਂਗੜਾ ਅਤੇ ਪਹਾੜੀ ਸ਼ਹਿਰਾਂ ਵਿਖੇ ਸਥਿੱਤ ਦਰਜ਼ਨਾਂ ਹੋਰ ਗੁਰਦਵਾਰਿਆਂ ਨੇ ਸਥਾਨਕ ਜਨਤਾ ਅਤੇ ਸੈਲਨਾੀਆਂ ਦੀ ਸੇਵਾਂ ਵਿੱਚ ਕੋਈ ਕਸਰ ਨਹੀਂ ਸੀ ਛੱਡੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਅੰਮ੍ਰਿਤਸਰ ਵਿਖੇ ਵਾਪਰੀ ਸੀ ਗਦਰ ਫਿਲਮ ਵਰਗੀ ਅਸਲੀ ਲਵ ਸਟੋਰੀ

ਸੰਨੀ ਦਿਉਲ ਦੀ ਸੁਪਰ ਹਿੱਟ ਫਿਲਮ ਗਦਰ (2001) ਤੋਂ ਬਾਅਦ ਗਦਰ ਟੂ ਵੀ ਸਿਨਮਾਂ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ ਤੇ ਇਹ ਫਿਲਮ ਵੀ ਸਫਲ ਸਾਬਤ ਹੋਈ ਹੈ। ਇਸ ਫਿਲਮ ਨਾਲ ਮਿਲਦੀ ਜੁਲਦੀ ਇੱਕ ਅਸਲ ਪ੍ਰੇਮ ਕਹਾਣੀ 1947 ਵਿੱਚ ਸੱਚਮੁੱਚ ਅੰਮ੍ਰਿਤਸਰ ਵਿਖੇ ਵਾਪਰੀ ਸੀ। ਉਸ ਕਹਾਣੀ ਬਾਰੇ ਜਾਣ ਕੇ ਸੱਚਮੁੱਚ ਅਜਿਹਾ ਲੱਗਦਾ ਹੈ ਜਿਵੇਂ ਗਦਰ ਫਿਲਮ ਦੀ ਕਹਾਣੀ ਉਸ ‘ਤੇ ਅਧਾਰਿਤ ਹੋਵੇ। ਅੰਮ੍ਰਿਤਸਰ ਹਾਲ ਬਜ਼ਾਰ ਦੇ ਨਜ਼ਦੀਕ ਇੱਕ ਬਜ਼ਾਰ ਵਿੱਚ ਬਹੁਤ ਮਸ਼ਹੂਰ ਦੁਕਾਨ ਕਰੋੜ ਟੇਲਰਜ਼ (ਨਾਮ ਬਦਲਿਆ ਹੋਇਆ) ਅੱਜ ਵੀ ਮੌਜੂਦ ਹੈ। ਇਹ ਦੁਕਾਨ ਕਰੋੜ ਸਿੰਘ (ਨਾਮ ਬਦਲਿਆ ਹੋਇਆ) ਨਾਮਕ ਦਰਜ਼ੀ ਦੇ ਬਾਪ ਨੇ ਅਜ਼ਾਦੀ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਤੇ ਅੱਜ ਕਲ੍ਹ ਇਸ ਨੂੰ ਕਰੋੜ ਸਿੰਘ ਦੇ ਪੁੱਤ ਪੋਤਰੇ ਸਫਲਤਾ ਨਾਲ ਚਲਾ ਰਹੇ ਹਨ। 1947 ਤੋਂ ਦੋ ਤਿੰਨ ਸਾਲ ਪਹਿਲਾਂ ਕਰੋੜ ਸਿੰਘ ਦਾ ਇੱਕ ਮੁਸਲਿਮ ਪਰਿਵਾਰ ਦੀ ਲੜਕੀ ਸਲਮਾ (ਨਾਮ ਬਦਲਿਆ ਹੋਇਆ) ਨਾਲ ਇਸ਼ਕ ਪੇਚਾ ਪੈ ਗਿਆ। ਜਦੋਂ ਸਲਮਾ ਅਤੇ ਕਰੋੜ ਸਿੰਘ ਦੇ ਪਰਿਵਾਰਾਂ ਨੂੰ ਇਸ ਪ੍ਰੇਮ ਕਹਾਣੀ ਬਾਰੇ ਪਤਾ ਚੱਲਿਆ ਤਾਂ ਜਲਜਲਾ ਆ ਗਿਆ। ਕਰੋੜ ਸਿੰਘ ਦਾ ਪਿਤਾ ਕੱਟੜ ਆਰੀਆ ਸਮਾਜੀ ਸੀ ਤੇ ਲੜਕੀ ਦਾ ਪਿਤਾ ਮੁਸਲਿਮ ਲੀਗ ਦਾ ਸਰਗਰਮ ਕਾਰਕੁੰਨ ਸੀ। ਦੋਵਾਂ ਧਿਰਾਂ ਵਿੱਚ ਜੰਮ ਕੇ ਲੜਾਈ ਝਗੜਾ ਹੋਇਆ ਤੇ ਗੱਲ ਐਨੀ ਵਧ ਗਈ ਕਿ ਸ਼ਹਿਰ ਵਿੱਚ ਫਿਰਕੂ ਦੰਗੇ ਭੜਕ ਪੈਣ ਦਾ ਖਤਰਾ ਪੈਦਾ ਹੋ ਗਿਆ। ਸਲਮਾ ਅਤੇ ਕਰੋੜ ਸਿੰਘ ਦੀ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਰੱਜ ਕੇ ਮਾਰ ਕੁਟਾਈ ਕੀਤੀ ਗਈ। ਜਦੋਂ ਕਿਸੇ ਪਾਸੇ ਵਾਹ ਨਾ ਚੱਲੀ ਤਾਂ ਮਜ਼ਬੂਰ ਹੋ ਕੇ ਕਰੋੜ ਸਿੰਘ ਤੇ ਸਲਮਾ ਸ਼ਹਿਰ ਤੋਂ ਫਰਾਰ ਹੋ ਗਏ। ਜਦੋਂ ਕਾਫੀ ਭਾਲ ਕਰਨ ‘ਤੇ ਵੀ ਸਲਮਾ ਨਾ ਲੱਭੀ ਤਾਂ ਉਸ ਦੇ ਪਰਿਵਾਰ ਵਾਲੇ ਸਬਰ ਦਾ ਘੁੱਟ ਭਰ ਕੇ ਰਹਿ ਗਏ ਪਰ ਉਨ੍ਹਾਂ ਦੇ ਦਿਲ ਵਿੱਚ ਬਦਲਾ ਲੈਣ ਦੀ ਅੱਗ ਹਮੇਸ਼ਾਂ ਭਖਦੀ ਰਹੀ।

15 ਅਗਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ ਤੇ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਭਿਆਨਕ ਫਿਰਕੂ ਹਿੰਸਾ ਭੜਕ ਉੱਠੀ। ਬਾਕੀ ਲੋਕਾਂ ਵਾਂਗ ਸਲਮਾ ਦਾ ਪਰਿਵਾਰ ਵੀ ਜਾਨ ਬਚਾ ਕੇ ਪਾਕਿਸਤਾਨ ਪਹੁੰਚ ਗਿਆ ਤੇ ਉਨ੍ਹਾਂ ਨੂੰ ਲਾਹੌਰ ਦੇ ਨਜ਼ਦੀਕ ਕਿਸੇ ਪਿੰਡ ਵਿੱਚ ਕੁਝ ਜ਼ਮੀਨ ਅਲਾਟ ਹੋ ਗਈ। ਉਨ੍ਹਾਂ ਦੇ ਜਾਣ ਤੋਂ ਮਹੀਨੇ ਕੁ ਬਾਅਦ ਕਰੋੜ ਸਿੰਘ ਨੇ ਵੀ ਆਣ ਸਿਰੀ ਕੱਢੀ ਕਿਉਂਕਿ ਸਲਮਾ ਦੇ ਪਰਿਵਾਰ ਦਾ ਡਰ ਖਤਮ ਹੋ ਚੁੱਕਾ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਸਲਮਾ ਦੇ ਕੁੱਛੜ ਚਾਰ ਕੁ ਮਹੀਨੇ ਦਾ ਲੜਕਾ ਵੇਖ ਕੇ ਕਰੋੜ ਸਿੰਘ ਦਾ ਪਰਿਵਾਰ ਖੁਸ਼ ਹੋ ਗਿਆ। ਕਰੋੜ ਸਿੰਘ ਦਾ ਪਿਉ ਮਹੀਨਾ ਕੁ ਤਾਂ ਦੁਖੀ ਰਿਹਾ ਪਰ ਔਲਾਦ ਆਖਰ ਔਲਾਦ ਹੁੰਦੀ ਹੈ ਤੇ ਕਰੋੜ ਸਿੰਘ ਉਸ ਦੀ ਇੱਕਲੌਤੀ ਸੰਤਾਨ ਸੀ। ਆਖਰ ਉਸ ਨੇ ਵੀ ਸਲਮਾ ਨੂੰ ਆਪਣੀ ਨੂੰਹ ਸਵੀਕਾਰ ਕਰ ਲਿਆ। ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਕਰੋੜ ਸਿੰਘ ਅਤੇ ਸਲਮਾ ਲਈ ਮੁਸੀਬਤ ਅਜੇ ਖਤਮ ਨਹੀਂ ਸੀ ਹੋਈ। ਵੰਡ ਤੋਂ ਡੇਢ ਦੋ ਮਹੀਨੇ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਸਮਝੌਤਾ ਹੋ ਗਿਆ ਕਿ ਦੰਗਿਆਂ ਦੌਰਾਨ ਅਗਵਾ ਕੀਤੀਆਂ ਗਈਆਂ ਔਰਤਾਂ ਆਪੋ ਆਪਣੇ ਦੇਸ਼ ਨੂੰ ਵਾਪਸ ਭੇਜੀਆਂ ਜਾਣ। ਦੋਵਾਂ ਦੇਸ਼ਾਂ ਦੀ ਪੁਲਿਸ ਅਜਿਹੀਆਂ ਔਰਤਾਂ ਨੂੰ ਲੱਭ ਕੇ ਸਰਹੱਦਾਂ ਤੋਂ ਪਾਰ ਭੇਜਣ ਲੱਗੀ। ਕਰੋੜ ਸਿੰਘ ਦੇ ਸਹੁਰਿਆਂ ਨੂੰ ਕਿਸੇ ਤਰਾਂ ਪਤਾ ਲੱਗ ਗਿਆ ਸੀ ਕਿ ਸਲਮਾ ਅੰਮ੍ਰਿਤਸਰ ਵਾਪਸ ਆ ਗਈ ਹੈ। ਉਨ੍ਹਾਂ ਨੇ ਪਾਕਿਸਤਾਨ ਵਿੱਚ ਸਬੰਧਿਤ ਮਹਿਕਮੇ ਨੂੰ ਸ਼ਿਕਾਇਤ ਕਰ ਦਿੱਤੀ ਕਿ ਉਨ੍ਹਾਂ ਦੀ ਲੜਕੀ ਵੀ ਅਗਵਾ ਕਰ ਕੇ ਜਬਰਦਸਤੀ ਫਲਾਣੇ ਥਾਂ ‘ਤੇ ਰੱਖੀ ਹੋਈ ਹੈ। ਇੱਕ ਦਿਨ ਤੜਕੇ ਹੀ ਪੁਲਿਸ ਦੀ ਇੱਕ ਟੁਕੜੀ ਕਰੋੜ ਸਿੰਘ ਦੇ ਘਰ ਆਣ ਧਮਕੀ। ਸਲਮਾ ਨੇ ਬਥੇਰੀ ਹਾਲ ਪਾਹਰਿਆ ਮਚਾਈ ਕਿ ਉਸ ਦੀ ਸ਼ਾਦੀ ਤਾਂ ਉਸ ਦੀ ਮਰਜ਼ੀ ਨਾਲ ਵੰਡ ਤੋਂ ਕਈ ਸਾਲ ਪਹਿਲਾਂ ਹੀ ਹੋ ਗਈ ਸੀ ਤੇ ਉਹ ਹੁਣ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ। ਪਰ ਹੁਕਮ ਦੀ ਬੱਝ੍ਹੀ ਪੁਲਿਸ ਨੇ ਉਸ ਦੀ ਕੋਈ ਗੱਲ ਨਾ ਸੁਣੀ ਤੇ ਉਸ ਨੂੰ ਧੂਹ ਕੇ ਟਰੱਕ ਵਿੱਚ ਸੁੱਟ ਦਿੱਤਾ ਗਿਆ। ਉਸ ਦਾ ਬੇਟਾ ਕਰੋੜ ਸਿੰਘ ਕੋਲ ਹੀ ਰਹਿ ਗਿਆ।

ਕਰੋੜ ਸਿੰਘ ਸਦਮੇ ਨਾਲ ਇੱਕ ਤਰਾਂ ਨਾਲ ਪਾਗਲ ਜਿਹਾ ਹੋ ਗਿਆ। ਕੁਝ ਦਿਨਾਂ ਬਾਅਦ ਉਸ ਨੇ ਸੁਰਤ ਸੰਭਲੀ ਤਾਂ ਉਹ ਥਾਣਾ ਲੋਪੋਕੇ (ਮੌਜੂਦਾ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ) ਦੇ ਪਿੰਡ ਮਾਨਾਂਵਾਲੇ ਦੇ ਆਪਣੇ ਗੂੜ੍ਹੇ ਯਾਰ ਬਾਬੇ ਸੁੱਖਾ ਸਿੰਘ ਕੋਲ ਪਹੁੰਚ ਗਿਆ ਤੇ ਆਪਣੀ ਦਰਦ ਕਹਾਣੀ ਸੁਣਾਈ। ਉਸ ਨੇ ਰੋਂਦੇ ਹੋਏ ਸੁੱਖਾ ਸਿੰਘ ਦੇ ਗਲ ਲੱਗ ਕੇ ਦੱਸਿਆ ਕਿ ਜੇ ਉਸ ਨੂੰ ਸਲਮਾ ਨਾ ਮਿਲੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਸੁੱਖਾ ਸਿੰਘ ਸਮੱਗਲਿੰਗ ਕਰਦਾ ਸੀ ਤੇ ਉਸ ਦਾ ਪਾਕਿਸਤਾਨ ਵਿੱਚ ਆਮ ਹੀ ਆਉਣ ਜਾਣ ਸੀ। ਉਸ ਨੇ ਆਪਣੇ ਸਾਥੀ ਪਾਕਿਸਤਾਨੀ ਸਮੱਗਲਰਾਂ ਰਾਹੀਂ ਦਸ ਕੁ ਦਿਨਾਂ ਵਿੱਚ ਹੀ ਸੂਹ ਕੱਢ ਲਈ ਕਿ ਸਲਮਾ ਦੇ ਪੇਕੇ ਕਿਸ ਪਿੰਡ ਵਿੱਚ ਬੈਠੇ ਹਨ। ਉਹ ਪਿੰਡ ਭਾਰਤ ਪਾਕਿ ਸਰਹੱਦ ਦੇ ਨਜ਼ਦੀਕ ਹੀ ਸੀ। ਇੱਕ ਰਾਤ ਸੁੱਖਾ ਸਿੰਘ ਕਰੋੜ ਸਿੰਘ ਨੂੰ ਲੈ ਕੇ ਬਾਰਡਰ ਟੱਪ ਗਿਆ ਤੇ ਉਸ ਨੂੰ ਸਲਮਾ ਦੇ ਪਿੰਡ ਨੇ ਨਜ਼ਦੀਕ ਰਹਿਣ ਵਾਲੇ ਆਪਣੇ ਇੱਕ ਬਹੁਤ ਹੀ ਵਿਸ਼ਵਾਸ਼ਪਾਤਰ ਸਾਥੀ ਦੇ ਹਵਾਲੇ ਕਰ ਆਇਆ। ਕਰੋੜ ਸਿੰਘ ਨੇ ਮੁਸਲਮਾਨਾਂ ਵਰਗਾ ਭੇਸ ਬਣਾ ਲਿਆ ਤੇ ਚੂੜੀਆਂ ਵੇਚਣ ਵਾਲਾ ਬਣ ਕੇ ਸਲਮਾ ਦੇ ਪਿੰਡ ਵਿੱਚ ਗੇੜੀਆਂ ਦੇਣ ਲੱਗ ਪਿਆ। ਸਲਮਾ ਦੇ ਪਰਿਵਾਰ ਦੇ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਕਿ ਕਰੋੜ ਸਿੰਘ ਪਾਕਿਸਤਾਨ ਆਉਣ ਦੀ ਹਿੰਮਤ ਕਰ ਸਕਦਾ ਹੈ। ਇਸ ਕਾਰਨ ਸਲਮਾ ‘ਤੇ ਕੋਈ ਪਹਿਰਾ ਨਹੀਂ ਸੀ ਤੇ ਉਸ ਦੀ ਦੂਸਰੀ ਸ਼ਾਦੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਰੋੜ ਸਿੰਘ ਦੀ ਜਲਦੀ ਹੀ ਚੂੜੀਆਂ ਚੜ੍ਹਾਉਣ ਦੇ ਬਹਾਨੇ ਸਲਮਾ ਨਾਲ ਮੁਲਾਕਾਤ ਹੋ ਗਈ ਤੇ ਦੋਵਾਂ ਨੇ ਫਰਾਰ ਹੋਣ ਦਾ ਪ੍ਰੋਗਰਾਮ ਪੱਕਾ ਕਰ ਲਿਆ। ਦੋ ਤਿੰਨ ਦਿਨ ਬਾਅਦ ਹੀ ਇੱਕ ਰਾਤ ਸਲਮਾ ਕਰੋੜ ਸਿੰਘ ਨਾਲ ਫਰਾਰ ਹੋ ਗਈ। ਸੁੱਖਾ ਸਿੰਘ ਦਾ ਸਾਥੀ ਘੋੜੀਆਂ ਲੈ ਕੇ ਪਿੰਡ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਸਿਰਫ ਡੇਢ ਦੋ ਘੰਟਿਆਂ ਵਿੱਚ ਹੀ ਉਹ ਬਾਰਡਰ ਟੱਪ ਕੇ ਭਾਰਤ ਵਾਲੇ ਪਾਸੇ ਆ ਗਏ ਤੇ ਅਟਾਰੀ ਤੋਂ ਟਾਂਗਾ ਲੈ ਕੇ ਅੰਮ੍ਰਿਤਸਰ ਪਹੁੰਚ ਗਏ। ਇਸ ਤੋਂ ਬਾਅਦ ਸਲਮਾ ਦੇ ਪਰਿਵਾਰ ਨੇ ਉਨ੍ਹਾਂ ਦਾ ਖਹਿੜਾ ਛੱਡ ਦਿੱਤਾ। ਦੋਵਾਂ ਨੇ ਪਿਆਰ ਭਰੀ ਭਰਪੂਰ ਜ਼ਿੰਦਗੀ ਬਤੀਤ ਕੀਤੀ ਤੇ ਕਈ ਪੁੱਤ ਪੋਤਰਿਆਂ ਦੇ ਭਰੇ ਪੂਰੇ ਪਰਿਵਾਰ ਨੂੰ ਛੱਡ ਕੇ ਰੱਬ ਨੂੰ ਪਿਆਰੇ ਹੋਏ।

ਜਦੋਂ ਗਦਰ ਫਿਲਮ ਆਈ ਸੀ ਤਾਂ ਕਈ ਮਖੌਲੀਏ ਯਾਰ ਬੇਲੀ ਉਸ ਦੇ ਪੁੱਤ ਪੋਤਰਿਆਂ ਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ ਤੁਸੀਂ ਫਿਲਮ ਦੇ ਡਾਇਰੈਕਟਰ ‘ਤੇ ਕੇਸ ਕਰ ਦਿਉ, ਕਿਉਂਕਿ ਉਸ ਨੇ ਤੁਹਾਡੇ ਬਜ਼ੁਰਗ ਦੀ ਇਸ਼ਕ ਕਹਾਣੀ ਚੋਰੀ ਕੀਤੀ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਨਾਨਕਿਆਂ ਦਾ ਮੋਹ (15 ਅਗਸਤ 1947 ਦੀ ਇੱਕ ਦਾਸਤਾਨ)

1947 ਵਿੱਚ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਅੰਤਾਂ ਦੀ ਨਫਰਤ ਦੀ ਹਨੇਰੀ ਝੁੱਲੀ ਸੀ। ਸੰਸਾਰ ਵਿੱਚ ਦੋ ਦੇਸ਼ਾਂ ਦਰਮਿਆਨ ਐਨਾ ਵੱਡਾ ਅਬਾਦੀ ਦਾ ਤਬਾਦਲਾ ਇਤਿਹਾਸ ਵਿੱਚ ਅੱਜ ਤੱਕ ਨਹੀਂ ਹੋਇਆ। ਰਾਤੋ ਰਾਤ ਕੱਖਪਤੀ ਲੱਖਪਤੀ ਬਣ ਗਏ ਤੇ ਲੱਖਪਤੀ ਸੜਕਾਂ ‘ਤੇ ਰੁਲਣ ਲੱਗੇ। ਦੰਗਿਆਂ ਸਬੰਧੀ ਭਾਰਤ ਅਤੇ ਪਾਕਿਸਤਾਨ ਵਿੱਚ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਅਤੇ ਅਨੇਕਾਂ ਫਿਲਮਾਂ ਬਣੀਆਂ ਹਨ। ਉਸ ਇਨਸਾਨੀਅਤ ਤੋਂ ਗਿਰੇ ਹੋਏ ਕਤਲੇਆਮ ਲਈ ਦੋਵੇਂ ਦੇਸ਼ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਪਰ ਇਹ ਕੌੜਾ ਸੱਚ ਹੈ ਹੈ ਕਿ ਕਿਸੇ ਧਿਰ ਨੇ ਵੀ ਘੱਟ ਨਹੀਂ ਸੀ ਗੁਜ਼ਾਰੀ। ਦੋਵੇਂ ਪਾਸਿਆਂ ਤੋਂ ਗੱਡੀਆਂ ਲਾਸ਼ਾਂ ਦੀਆਂ ਭਰ ਭਰ ਕੇ ਭੇਜੀਆਂ ਗਈਆਂ ਸਨ ਤੇ ਔਰਤਾਂ ਦੀ ਰੱਜ ਕੇ ਬੇਪੱਤੀ ਕੀਤੀ ਗਈ ਸੀ। ਅੱਜ ਕਲ੍ਹ ਜਿਹੜਾ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਪਿਆਰ ਵੇਖਣ ਨੂੰ ਮਿਲਦਾ ਹੈ, ਉਹ ਸਿਰਫ ਲਹਿੰਦੇ ਅਤੇ ਚੜ੍ਹਦੇ ਪੰਜਾਬੀਆਂ ਤੱਕ ਹੀ ਸੀਮਤ ਹੈ। ਭਾਰਤ ਤੇ ਪਾਕਿਸਤਾਨ ਦੇ ਬਾਕੀ ਸੂਬਿਆਂ ਵਿੱਚ ਇਸ ਦਾ ਕੋਈ ਬਹੁਤਾ ਅਸਰ ਨਹੀਂ ਹੈ। ਵੰਡ ਦੀ ਸਭ ਤੋਂ ਜਿਆਦਾ ਮਾਰ ਵੀ ਪੰਜਾਬ ਨੂੰ ਹੀ ਪਈ ਸੀ। ਰੱਬ ਦਾ ਸ਼ੁਕਰ ਹੈ ਕਿ ਉਹ ਲਾਲ ਹਨੇਰੀ ਆਈ ਤੇ ਚਲੀ ਗਈ। ਹੁਣ ਦੋਵਾਂ ਦੇਸ਼ਾਂ ਦੇ ਪੰਜਾਬੀ ਇੱਕ ਦੂਜੇ ਨੂੰ ਭਰਾਵਾਂ ਵਾਂਗ ਉੱਡ ਕੇ ਮਿਲਦੇ ਹਨ। ਤੁਸੀਂ ਲਾਹੌਰ ਜਾ ਕੇ ਕਿਸੇ ਵੀ ਦੁਕਾਨ ਤੋਂ ਚਾਹੇ 10000 ਦੀ ਵਸਤੂ ਮੁੱਲ ਲੈ ਲਉ, ਦੁਕਾਨਦਾਰ ਇੱਕ ਵਾਰ ਜਰੂਰ ਕਹੇਗਾ, “ਛੱਡੋ ਭਾਅ ਜੀ, ਰਹਿਣ ਦਿਉ ਪੈਸੇ।”

ਮੇਰਾ ਨਾਨਕਾ ਪਿੰਡ ਭਸੀਨ ਜਿਲ੍ਹਾ ਲਾਹੌਰ ਵਿੱਚ ਪੈਂਦਾ ਸੀ। ਸਿੱਖ ਬਹੁਗਿਣਤੀ ਵਾਲਾ ਇਹ ਵੱਡਾ ਪਿੰਡ ਬਾਰਡਰ ਤੋਂ ਸਿਰਫ 5 – 6 ਕਿ.ਮੀ. ਦੀ ਵਾਟ ‘ਤੇ ਸੀ। ਅਜ਼ਾਦੀ ਤੋਂ ਪਹਿਲਾਂ ਭਸੀਨੀਆਂ ਨੂੰ ਬਹੁਤ ਆਸਾਂ ਸਨ ਕਿ ਲਾਹੌਰ ਤਾਂ ਭਾਰਤ ਵਿੱਚ ਹੀ ਆਵੇਗਾ। ਕਦੀ ਖਬਰ ਆ ਜਾਣੀ ਕਿ ਗੁਰਦਾਸਪੁਰ ਪਾਕਿਸਤਾਨ ਨੂੰ ਦੇ ਕੇ ਭਾਰਤ ਨੇ ਲਾਹੌਰ ਲੈ ਲਿਆ ਹੈ, ਸਿੱਖਾਂ ਨੇ ਜੈਕਾਰੇ ਛੱਡ ਦੇਣੇ। ਫਿਰ ਖਬਰ ਆ ਜਾਣੀ ਕਿ ਕਸ਼ਮੀਰ ਨੂੰ ਕੋਈ ਰਸਤਾ ਨਹੀਂ ਬਚਦਾ, ਇਸ ਲਈ ਭਾਰਤ ਨੇ ਲਾਹੌਰ ਛੱਡ ਕੇ ਗੁਰਦਾਸਪੁਰ ਲੈ ਲਿਆ ਗਿਆ ਹੈ, ਮੁਸਲਮਾਨਾਂ ਨੇ ਨਾਅਰੇ ਬੁਲੰਦ ਕਰ ਦੇਣੇ। ਮੇਰੇ ਨਾਨਕਿਆਂ ਦੇ ਅਰਾਈਂ ਕਾਮਿਆਂ ਨੇ ਇਹ ਕਹਿ ਕੇ ਕਪਾਹ ਚੁਗਣੀ ਛੱਡ ਦਿੱਤੀ ਸੀ ਕਿ ਇਹ ਤਾਂ ਹੁਣ ਅਸੀਂ ਤੁਹਾਡੇ ਜਾਣ ਤੋਂ ਬਾਅਦ ਆਪੇ ਚੁਗ ਲਵਾਂਗੇ। ਜੱਕੋ ਤੱਕੀ ਵਿੱਚ ਲੋਕਾਂ ਨੇ ਪਿੰਡ ਨਾ ਛੱਡਿਆ ਕਿ ਸ਼ਾਇਦ ਭਾਰਤ ਨਾ ਹੀ ਜਾਣਾ ਪਵੇ। ਦੰਗਈਆਂ ਤੋਂ ਡਰਦੇ ਆਸ ਪਾਸ ਦੇ ਹਿੰਦੂ ਸਿੱਖ ਘੱਟ ਗਿਣਤੀ ਵਾਲੇ ਪਿੰਡਾਂ ਤੋਂ ਵੀ ਲੋਕ ਉੱਠ ਕੇ ਭਸੀਨ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹਨਾਂ ਦੇ ਖਾਣ ਪੀਣ ਲਈ ਬਲਦਾਂ ਵਾਲੇ ਖਰਾਸ ਜੋੜ ਕੇ ਪਿੰਡ ਦੇ ਗੁਰਦਵਾਰਿਆਂ ਵਿੱਚ ਖੁਲ੍ਹੇ ਲੰਗਰ ਲਾ ਦਿੱਤੇ ਗਏ। ਲੋਕਾਂ ਨੇ ਭਾਰੀ ਗਿਣਤੀ ਵਿੱਚ ਜਾਇਜ਼ ਨਜਾਇਜ਼ ਅਸਲ੍ਹਾ ਜਮ੍ਹਾਂ ਕਰ ਲਿਆ। ਲੁਟੇਰਿਆਂ ਨੇ ਭਸੀਨ ‘ਤੇ ਕਈ ਹਮਲੇ ਕੀਤੇ ਪਰ ਉਲਟਾ ਆਪਣੇ ਬੰਦੇ ਮਰਵਾ ਕੇ ਹੀ ਵਾਪਸ ਗਏ।

ਪਿੰਡ ਵਿੱਚ ਹਿੰਦੂ ਸਿੱਖ ਅਬਾਦੀ ਲਗਾਤਾਰ ਵਧਦੀ ਜਾ ਰਹੀ ਸੀ। ਆਖਰ ਡਰਦੇ ਮਾਰੇ ਭਸੀਨ ਦੇ ਮੁਸਲਮਾਨਾਂ ਨੂੰ ਹੀ ਪਿੰਡ ਛੱਡ ਕੇ ਭੱਜਣਾ ਪਿਆ। ਉਹ ਲਾਹੌਰ ਜਾ ਕੇ ਅਫਸਰਾਂ ਅੱਗੇ ਪਿੱਟੇ ਕਿ ਪਿੰਡ ਛੱਡਣ ਦੀ ਬਜਾਏ ਹਿੰਦੂ ਸਿੱਖਾਂ ਨੇ ਭਸੀਨ ਵਿੱਚ ਹੀ ਨਵਾਂ ਹਿੰਦੁਸਤਾਨ ਕਾਇਮ ਕਰ ਲਿਆ ਹੈ। ਦੋ ਤਿੰਨ ਵਾਰ ਪੁਲਿਸ ਨੇ ਪਿੰਡ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਕੁੱਟ ਮਾਰ ਕੇ ਉਸ ਨੂੰ ਭਜਾ ਦਿੱਤਾ। ਜਦੋਂ ਕੋਈ ਵਾਹ ਨਾ ਚੱਲੀ ਤਾਂ ਆਖਰ ਮਿਲਟਰੀ ਨੂੰ ਦਖਲ ਦੇਣਾ ਪਿਆ। ਮੇਜਰ ਸ਼ਮੀਮ ਖਾਨ ਰੰਧਾਵਾ ਪੰਜ ਟੈਂਕ ਤੇ 200 ਫੌਜੀ ਲੈ ਕੇ 30 ਅਗਸਤ ਨੂੰ ਸਵੇਰੇ ਹੀ ਪਿੰਡ ‘ਤੇ ਚੜ੍ਹ ਆਇਆ। ਉਸ ਨੂੰ ਸਖਤ ਹੁਕਮ ਸਨ ਕਿ ਜਾਂ ਤਾਂ ਪਿੰਡ ਖਾਲੀ ਕਰਵਾਇਆ ਜਾਵੇ, ਨਹੀਂ ਟੈਂਕ ਫੇਰ ਕੇ ਰੜਾ ਮੈਦਾਨ ਬਣਾ ਦਿੱਤਾ ਜਾਵੇ। ਜੋ ਵੀ ਵਿਰੋਧ ਕਰੇ, ਗੋਲੀ ਮਾਰ ਦਿੱਤੀ ਜਾਵੇ। ਸ਼ਮੀਮ ਖਾਨ ਮੁਹੱਲਾ ਲੂਣ ਮੰਡੀ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਵਾਲੇ ਜਦੋਂ ਲਾਹੌਰ ਜਾਣ ਵਾਲੀ ਟਰੇਨ ਚੜ੍ਹਨ ਲਈ ਅੰਮ੍ਰਿਤਸਰ ਸਟੇਸ਼ਨ ਵੱਲ ਭੱਜ ਰਹੇ ਸਨ ਤਾਂ 10 ਅਗਸਤ ਨੂੰ ਪੌੜੀਆਂ ਵਾਲੇ ਪੁੱਲ ਲਾਗੇ ਦੰਗਈਆਂ ਨੇ ਘੇਰ ਲਏ ਤੇ ਉਸ ਦਾ ਵੱਡਾ ਭਰਾ ਅਤੇ ਦਾਦਾ ਕਤਲ ਕਰ ਦਿੱਤੇ ਗਏ। ਬੜੀ ਮੁਸ਼ਕਿਲ ਨਾਲ ਉਸ ਦਾ ਬਾਕੀ ਪਰਿਵਾਰ ਬਚ ਕੇ ਲਾਹੌਰ ਪਹੁੰਚਿਆ ਸੀ। ਭਸੀਨ ਦੀ ਕਿਸਮਤ ਚੰਗੀ ਸੀ ਕਿ ਸ਼ਮੀਮ ਖਾਨ ਦੇ ਨਾਨਕੇ ਭਸੀਨ ਵਿੱਚ ਹੀ ਸਨ। ਉਸ ਵਹਿਸ਼ਤ ਭਰੇ ਸਮੇਂ ਵਿੱਚ ਵੀ ਉਸ ਨੇ ਆਪਣੇ ਦੁੱਖ ਨੂੰ ਫਰਜ਼ ‘ਤੇ ਭਾਰੂ ਨਾ ਪੈਣ ਦਿੱਤਾ ਤੇ ਨਾਨਕਿਆਂ ਦੇ ਪਿੰਡ ਦੀ ਲਾਜ ਰੱਖੀ। ਜਿਹੜੀਆਂ ਗਲੀਆਂ ਵਿੱਚ ਉਹ ਯਾਰਾਂ ਬੇਲੀਆਂ ਨਾਲ ਖੇਡ ਕੇ ਜਵਾਨ ਹੋਇਆ ਸੀ, ਉਹਨਾਂ ਨੂੰ ਬਰਬਾਦ ਕਰਨ ਦਾ ਉਸ ਦਾ ਹੀਆ ਨਾ ਪਿਆ। ਉਸ ਨੇ ਪਿੰਡ ਦੇ ਉੱਪਰ ਦੀ 10-15 ਗੋਲੇ ਟੈਂਕਾਂ ਦੀਆਂ ਤੋਪਾਂ ਦੇ ਲੰਘਾਏ ਅਤੇ ਰਾਈਫਲਾਂ ਨਾਲ ਹਵਾਈ ਫਾਇਰਿੰਗ ਕੀਤੀ। ਉਸ ਨੇ ਆਪਣਾ ਤੇ ਆਪਣੇ ਨਾਨੇ ਰਹਿਮਤ ਅਲੀ ਢਿੱਲੋਂ ਦਾ ਨਾਮ ਦੱਸ ਕੇ ਸਪੀਕਰ ‘ਤੇ ਅਨਾਊਂਸਮੈਂਟ ਕੀਤੀ ਕਿ ਜੇ ਪਿੰਡ 24 ਘੰਟਿਆਂ ਵਿੱਚ ਖਾਲੀ ਨਾ ਹੋਇਆ ਤਾਂ ਫਿਰ ਮਜ਼ਬੂਰੀ ਵੱਸ ਸਿੱਧੀ ਫਾਇਰਿੰਗ ਕਰਨੀ ਪਵੇਗੀ। ਲੋਕਾਂ ਨੇ ਰੱਬ ਅਤੇ ਸ਼ਮੀਮ ਖਾਨ ਰੰਧਾਵੇ ਦਾ ਲੱਖ ਲੱਖ ਸ਼ੁਕਰ ਮਨਾਇਆ ਤੇ ਰਾਤੋ ਰਾਤ ਪਿੰਡ ਖਾਲੀ ਹੋ ਗਿਆ।

ਉਸ ਵੇਲੇ ਮਾਹੌਲ ਐਨਾ ਮਾੜਾ ਸੀ ਕਿ ਗੁਆਂਢੀਆਂ ਨੇ ਗੁਆਂਢੀ ਮਾਰ ਛੱਡੇ ਸਨ। ਹੌਲੀ ਹੌਲੀ ਸਮਾਂ ਬੀਤਣ ‘ਤੇ ਉਹ ਹੀ ਲੋਕ ਸਕੇ ਭਰਾਵਾਂ ਤੋਂ ਵੱਧ ਪਿਆਰ ਨਾਲ ਮਿਲਣ ਗਿਲਣ ਲੱਗ ਪਏ। ਭਸੀਨ ਦੇ ਕਸ਼ਮੀਰੀ ਮੁਸਲਮਾਨ ਸੱਤ ਭਰਾ ਸਨ। ਉਹਨਾਂ ਦੀ ਮੇਰੇ ਮਾਮੇ ਸੁੱਖਾ ਸਿੰਘ ਨਾਲ ਲੜਾਈ ਚੱਲਦੀ ਰਹਿੰਦੀ ਸੀ ਤੇ ਕਈ ਵਾਰ ਆਪਸ ਵਿੱਚ ਗੋਲੀਉ ਗੋਲੀ ਹੋਏ ਸਨ। ਉਹਨਾਂ ਨੇ ਸ਼ਰੇਆਮ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਸੁੱਖੇ ਨੂੰ ਜਿੰਦਾ ਨਹੀਂ ਜਾਣ ਦੇਣਾ। ਪਰ ਉਹ ਕਾਫਲੇ ਨਾਲ ਬਚ ਕੇ ਨਿਕਲ ਗਿਆ। ਜਦੋਂ ਕਈ ਸਾਲਾਂ ਬਾਅਦ ਬਾਰਡਰ ‘ਤੇ ਬਲੈਕ ਸ਼ੁਰੂ ਹੋਈ ਤਾਂ ਕੁਝ ਜਰੂਰਤ ਵੱਸ ਤੇ ਕੁਝ ਪਿੰਡ ਦੇ ਪਿਆਰ ਕਾਰਨ, ਉਹਨਾਂ ਵਿੱਚ ਭਰਾਵਾਂ ਤੋਂ ਵੀ ਵੱਧ ਪਿਆਰ ਪੈ ਗਿਆ। ਦੋਵਾਂ ਧਿਰਾਂ ਨੇ ਰੱਜ ਕੇ ਹੱਥ ਰੰਗੇ। ਜੋ 1947 ਵਿੱਚ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਸਨ, ਉਹ ਮਰਨ ਤੱਕ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਰਹੇ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਅਸੀਂ ਮੁਲਾਜ਼ਮ ਹੁੰਦੇ ਹਾਂ

ਪੰਜਾਬ ਵਿੱਚ ਅੱਤਵਾਦ ਦਾ ਦੌਰ 1982 ਤੋਂ ਸ਼ੁਰੂ ਹੋ ਕੇ 1993 ਤੱਕ ਚੱਲਿਆ ਸੀ। ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਨੂੰ ਨਵੀਆਂ ਗੱਡੀਆਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦਾ ਸਿਹਰਾ ਸਾਬਕਾ ਡੀ.ਜੀ.ਪੀ. ਸ੍ਰੀ ਜੂਲੀਉ ਫਰਾਂਸਿਸ ਰਿਬੈਰੋ ਦੇ ਸਿਰ ਬੱਝਦਾ ਹੈ। ਉਹਨਾਂ ਦੇ ਕਾਰਜ ਕਾਲ ਤੋਂ ਪਹਿਲਾਂ ਪੰਜਾਬ ਪੁਲਿਸ ਕੋਲ ਪੁਰਾਣੀਆਂ ਥਰੀ ਨਾਟ ਥਰੀ ਰਾਈਫਲਾਂ ਅਤੇ ਧੱਕਾ ਸਟਾਰਟ ਗੱਡੀਆਂ ਹੁੰਦੀਆਂ ਸਨ। ਲੋਕ ਮਜ਼ਾਕ ਕਰਦੇ ਹੁੰਦੇ ਸਨ ਕਿ ਅਪਰਾਧੀ ਵਾਰਦਾਤ ਕਰ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਨ ਤੇ ਥਾਣੇ ਵਾਲੇ ਧੱਕਾ ਲਗਾ ਕੇ ਗੱਡੀਆਂ ਸਟਾਰਟ ਕਰਦੇ ਰਹਿ ਜਾਂਦੇ ਹਨ। ਪੰਜਾਬ ਪੁਲਿਸ ਨੂੰ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਵੀ ਰਿਬੈਰੋ ਸਾਹਿਬ ਨੇ ਹੀ ਦਿੱਤੀ ਸੀ।

ਰੋਡਵੇਜ਼ ਦੀ ਬੱਸ ਵਿੱਚ ਬੈਠ ਕੇ ਜਦੋਂ ਕੰਡਕਟਰ ਟਿਕਟ ਮੰਗਦਾ ਤਾਂ ਅੱਗੋਂ ਮੁਲਾਜ਼ਮ ਕਹਿਣ ਦਾ ਅਲੱਗ ਹੀ ਮਜ਼ਾ ਆਉਂਦਾ ਸੀ। ਅੱਤਵਾਦ ਦਾ ਸਮਾਂ ਸੀ, ਚੰਗੇ ਕੰਡਕਟਰ ਤਾਂ ਇਹ ਸੁਣ ਕੇ ਅਰਾਮ ਨਾਲ ਅੱਗੇ ਲੰਘ ਜਾਂਦੇ ਪਰ ਕਈ ਸੜੀਅਲ ਕੰਡਕਟਰ ਬੁੜ ਬੁੜ ਕਰਨਾ ਸ਼ੁਰੂ ਕਰ ਦੇਂਦੇ। ਉਹ ਜਾਣ ਬੁੱਝ ਕੇ ਉੱਚੀ ਅਵਾਜ਼ ਨਾਲ ਆਈਡੈਂਟੀ ਕਾਰਡ ਮੰਗ ਕੇ ਸਾਰੀ ਬੱਸ ਨੂੰ ਸਮਝਾ ਦੇਂਦੇ ਕਿ ਇਹ ਬੰਦਾ ਪੁਲਿਸ ਵਾਲਾ ਹੈ। ਉਨ੍ਹਾਂ ਦੀ ਸ਼ਾਇਦ ਇਹ ਮੰਸ਼ਾ ਹੋਵੇਗੀ ਕਿ ਬੱਸ ਵਿੱਚ ਬੈਠਾ ਕੋਈ ਅੱਤਵਾਦੀ ਇਹ ਗੱਲ ਸੁਣ ਲਵੇ ਤੇ ਪੁਲਿਸ ਵਾਲੇ ਦੀ ਘੁੱਗੀ ਘੈਂਅ ਕਰ ਦੇਵੇ। ਲੰਬੇ ਸਫਰ ਵਾਲੀਆਂ ਬੱਸਾਂ ਦੇ ਕੰਡਕਟਰ ਅੱਡੇ ‘ਤੇ ਟਿਕਟਾਂ ਕੱਟਦੇ ਸਨ ਤੇ ਉਸ ‘ਤੇ ਸੀਟ ਨੰਬਰ ਲਿਖ ਦੇਂਦੇ ਸਨ। ਉਹਨਾਂ ਨੇ ਟਾਇਰਾਂ ਦੇ ਉੱਪਰ ਵਾਲੀਆਂ ਸੀਟਾਂ ਪੱਕੇ ਤੌਰ ‘ਤੇ ਪੁਲਿਸ ਵਾਲਿਆਂ ਵਾਸਤੇ ਰੱਖੀਆਂ ਹੁੰਦੀਆਂ ਸਨ। ਸਾਰੇ ਰਸਤੇ ਗੋਡੇ ਹਿੱਕ ਨਾਲ ਲੱਗੇ ਰਹਿੰਦੇ ਸਨ। ਕਈ ਵਾਰ ਫਰੀ ਬੈਠਣ ਦੇ ਮੁੱਦੇ ‘ਤੇ ਕੰਡਕਟਰਾਂ ਅਤੇ ਪੁਲਿਸ ਵਾਲਿਆਂ ਦਰਮਿਆਨ ਜੂਤ ਪਤਾਣ ਵੀ ਹੋ ਜਾਂਦਾ ਸੀ। 1995 ਦੀ ਗੱਲ ਹੈ ਕਿ ਥਾਣੇ ਮੁਰਿੰਡੇ ਦੇ ਇੱਕ ਸਿਪਾਹੀ ਦੀ ਇਸੇ ਕਾਰਨ ਰੋਡਵੇਜ਼ ਦੇ ਇੱਕ ਕੰਡਕਟਰ ਨਾਲ ਹੱਥੋ ਪਾਈ ਹੋ ਗਈ। ਜਦੋਂ ਗੱਲ ਵਧ ਗਈ ਤਾਂ ਡਰਾਈਵਰ ਨੇ ਬੱਸ ਟੇਢੀ ਕਰ ਕੇ ਥਾਣੇ ਦੇ ਅੱਗੇ ਸੜਕ ਵਿੱਚ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ। ਵੇਖਾ ਵੇਖੀ ਰੋਡਵੇਜ਼ ਦੀਆਂ ਦਰਜ਼ਨਾਂ ਬੱਸਾਂ ਉਥੇ ਲੱਗ ਗਈਆਂ ਤੇ ਪੁਲਿਸ ਦੀ ਮੁਰਦਾਬਾਦ ਸ਼ੁਰੂ ਹੋ ਗਈ।

ਗੱਲ ਵਧਦੀ ਵੇਖ ਕੇ ਐਸ.ਐਚ.ਉ. ਤੇ ਡੀ.ਐਸ.ਪੀ. ਮੌਕੇ ‘ਤੇ ਪਹੁੰਚ ਗਏ। ਰੋਡਵੇਜ਼ ਵਾਲੇ ਇਸ ਗੱਲ ‘ਤੇ ਅੜ ਗਏ ਕਿ ਸਿਪਾਹੀ ਬੱਸ ਦੇ ਉੱਪਰ ਚੜ੍ਹ ਕੇ ਸਾਡੇ ਕੋਲੋਂ ਮਾਫੀ ਮੰਗੇ। ਸਿਪਾਹੀ ਨੇ ਅਫਸਰਾਂ ਨੂੰ ਦੱਸਿਆ ਕਿ ਇਸ ਝਗੜੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ, ਸਗੋਂ ਕੰਡਕਟਰ ਹੀ ਬਿਨਾਂ ਕਾਰਨ ਮੇਰੇ ਗਲ ਪਿਆ ਸੀ। ਤੁਸੀਂ ਚਾਹੇ ਮੈਨੂੰ ਸਸਪੈਂਡ ਕਰ ਦਿੳੇੁ, ਮੈਂ ਮਾਫੀ ਨਹੀਂ ਮੰਗਣੀ। ਚਲੋ ਡੀ.ਐਸ.ਪੀ. ਨੇ ਲੱਲੋ ਪੱਪੋ ਲਗਾ ਕੇ ਉਸ ਨੂੰ ਮਨਾ ਲਿਆ ਤੇ ਉਹ ਬੱਸ ‘ਤੇ ਚੜ੍ਹ ਗਿਆ। ਰੋਡਵੇਜ਼ ਦੇ ਮੁਲਾਜ਼ਮ ਉਸ ਨੂੰ ਬੱਸ ‘ਤੇ ਚੜ੍ਹਿਆ ਵੇਖ ਕੇ ਆਪਣੀ ਜਿੱਤ ਦੀ ਖੁਸ਼ੀ ਵਿੱਚ ਹੋਰ ਜ਼ੋਰ ਦੀ ਨਾਅਰੇ ਲਗਾਉਣ ਲੱਗ ਪਏ ਜਿਸ ਨੂੰ ਵੇਖ ਕੇ ਸਿਪਾਹੀ ਹੋਰ ਸੜ ਬਲ ਗਿਆ। ਉਸ ਨੇ ਉੱਚੀ ਸਾਰੀ ਕਿਹਾ ਕਿ ਮੈਂ ਨਹੀਂ ਮੰਗਦਾ ਮਾਫੀ, ਜਾਉ ਜੋ ਕਰਨਾ ਆਂ ਕਰ ਲਉ! ਐਨਾ ਕਹਿ ਕੇ ਉਹ ਬੱਸ ਤੋਂ ਉੱਤਰ ਕੇ ਦੌੜ ਗਿਆ।

ਇਹ ਵੇਖ ਭਾਣਾ ਵਰਤਦਾ ਵੇਖ ਕੇ ਸਾਰਿਆਂ ਦੇ ਰੰਗ ਉੱਡ ਗਏ। ਉਸ ਸਿਪਾਹੀ ਨੂੰ ਸਸਪੈਂਡ ਕਰ ਕੇ ਆਰਡਰ ਵਿਖਾਏ ਤਾਂ ਜਾਂ ਕੇ ਕਿਤੇ ਰੋਡਵੇਜ਼ ਵਾਲਿਆਂ ਨੇ ਜਾਮ ਖੋਲ੍ਹਿਆ। ਦੋ ਹਫਤਿਆ ਬਾਅਦ ਉਸ ਦਬੰਗ ਸਿਪਾਹੀ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ। ਕਈ ਨਵੇਂ ਭਰਤੀ ਹੋਏ ਪੁਲਿਸ ਵਾਲਿਆਂ ਨੂੰ ਮੁਲਜ਼ਮ ਅਤੇ ਮੁਲਾਜ਼ਮ ਸ਼ਬਦ ਦੇ ਅਰਥ ਪਤਾ ਨਹੀਂ ਸਨ ਹੁੰਦੇ। ਮੈਂ 1990 ਵਿੱਚ ਫਰੀਦਕੋਟ ਜਿਲ੍ਹੇ ਵਿਖੇ ਨਵਾਂ ਨਵਾਂ ਏ.ਐਸ.ਆਈ. ਭਰਤੀ ਹੋਇਆ ਸੀ ਤੇ ਇੱਕ ਦਿਨ ਮੈਂ ਬੱਸ ਵਿੱਚ ਬੈਠਾ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਜਦੋਂ ਕੰਡਕਟਰ ਨੇ ਟਿਕਟ ਪੁੱਛੀ ਤਾਂ ਮੈਂ ਧੌਣ ਅਕੜਾ ਕੇ ਕਹਿ ਦਿੱਤਾ ਕਿ ਮੈਂ ਮੁਲਜ਼ਮ ਹਾਂ ਤੇ ਕੰਡਕਟਰ ਅੱਗੇ ਲੰਘ ਗਿਆ। ਮੇਰੇ ਨਾਲ ਬਾਵਰਦੀ ਬੈਠਾ ਇੱਕ ਹੌਲਦਾਰ ਹੱਸਣ ਲੱਗ ਪਿਆ। ਮੈਂ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੁਲਜ਼ਮ ਕਿਸੇ ਮੁਕੱਦਮੇ ਦੇ ਦੋਸ਼ੀ ਨੂੰ ਕਿਹਾ ਜਾਂਦਾ ਹੈ ਤੇ ਸਹੀ ਸ਼ਬਦ ਮੁਲਾਜ਼ਮ ਹੈ।

ਟਰੇਨਿੰਗ ਕਰਨ ਤੋਂ ਬਾਅਦ ਪ੍ਰੋਬੇਸ਼ਨਰ (ਸਿੱਧੇ ਭਰਤੀ) ਏ.ਐਸ.ਆਈ. ਅਤੇ ਇੰਸਪੈਕਟਰਾਂ (ਹੁਣ ਸਬ ਇੰਸਪੈਕਟਰ) ਨੂੰ ਕੰਮ ਸਿਖਾਉਣ ਲਈ ਏ ਬੀ ਸੀ ਡੀ ਆਦਿ ਕੋਰਸ ਕਰਾਏ ਜਾਂਦੇ ਹਨ। ਇਹ ਕੋਰਸ ਸਰਕਾਰੀ ਵਕੀਲ, ਪੁਲਿਸ ਦੇ ਦਫਤਰਾਂ ਅਤੇ ਥਾਣਿਆਂ ਆਦਿ ਵਿੱਚ ਚੱਲਦੇ ਹਨ। ਸਭ ਤੋਂ ਵੱਧ ਵਿਹਲ ਵਾਲਾ ਕੋਰਸ ਸਰਕਾਰੀ ਵਕੀਲ ਨਾਲ ਹੁੰਦਾ ਹੈ। ਨਾ ਤਾਂ ਪ੍ਰੋਬੇਸ਼ਨਰ ਕੁਝ ਸਿੱਖਣਾ ਚਾਹੁੰਦੇ ਹਨ ਤੇ ਨਾ ਹੀ ਸਰਕਾਰੀ ਵਕੀਲ ਕੁਝ ਸਿਖਾਉਣਾ ਚਾਹੁੰਦੇ ਹਨ। ਇੱਕ ਦਿਨ ਸਾਡੇ ਇੱਕ ਸਾਥੀ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਕਰਮ ਕਾਂਡ ਦੇ ਸਬੰਧ ਵਿੱਚ ਹਰਦਵਾਰ ਜਾਣਾ ਸੀ। ਉਸ ਨੇ ਸਹਿਜ ਸੁਭਾਅ ਗੱਲ ਕੀਤੀ ਤਾਂ ਅਸੀਂ ਚਾਰ ਜਣੇ ਹੋਰ ਤਿਆਰ ਹੋ ਗਏ ਕਿ ਚਲੋ ਹਰਦਵਾਰ ਵੇਖ ਕੇ ਆਉਂਦੇ ਹਾਂ। ਕਿਉਂਕਿ ਸਫਰ ਤਾਂ ਫਰੀ ਹੀ ਸੀ। ਅਸੀਂ ਰਾਤ 11 ਕੁ ਵਜੇ ਦਿੱਲੀ ਪਹੁੰਚ ਗਏ ਤੇ ਉਥੇ ਹਰਦਵਾਰ ਜਾਣ ਵਾਲੀ ਰੋਡਵੇਜ਼ ਦੀ ਬੱਸ ਲੱਭਣ ਲੱਗ ਪਏ।

ਚੰਗੀ ਕਿਸਮਤ ਨੂੰ ਅਸੀਂ ਵੇਖਿਆ ਕਿ ਇੱਕ ਬੱਸ ਦੇ ਅੱਗੇ ਹਰਦਵਾਰ ਦਾ ਬੋਰਡ ਲੱਗਿਆ ਹੋਇਆ ਸੀ ਜੋ ਅੱਡੇ ਤੋਂ ਬਾਹਰ ਜਾ ਰਹੀ ਸੀ ਤੇ ਕੰਡਕਟਰ ਅਗਲੀ ਬਾਰੀ ਵਿੱਚ ਖੜਾ ਸੀ। ਇੱਕ ਸਾਥੀ ਨੇ ਉੱਚੀ ਸਾਰੀ ਅਵਾਜ਼ ਮਾਰੀ ਕਿ ਹਰਦਵਾਰ? ਉਸ ਨੇ ਫੌਰਨ ਸੀਟੀ ਮਾਰ ਕੇ ਬੱਸ ਰੁਕਵਾ ਲਈ ਕਿ ਪੰਜ ਸਵਾਰੀਆਂ ਸਿੱਧੀਆਂ ਹਰਦਾਵਾਰ ਦੀਆਂ ਮਿਲ ਗਈਆਂ ਹਨ। ਅਸੀਂ ਪਿਛਲੀ ਬਾਰੀ ਥਾਣੀ ਚੜ੍ਹ ਕੇ ਸੀਟਾਂ ‘ਤੇ ਬੈਠ ਗਏ। ਕੰਡਕਟਰ ਫਟਾ ਫਟ ਸਭ ਨੂੰ ਛੱਡ ਕੇ ਸਾਡੇ ਕੋਲ ਪਹੁੰਚ ਗਿਆ ਕਿ ਪਹਿਲਾਂ ਧੁਰ ਦੀਆਂ ਸਵਾਰੀਆਂ ਸਾਂਭ ਲਵਾਂ। ਉਸ ਨੇ ਫਟਾ ਫਟ ਟਿਕਟਾਂ ਵਾਲੀ ਦੱਥੀ ਹੱਥ ਵਿੱਚ ਫੜ੍ਹ ਕੇ ਕਿਹਾ ਕਿ ਕੱਢੋ ਭਾਈ ਫਟਾਫਟ ਐਨੇ ਐਨੇ ਰੁਪਏ। ਅਸੀਂ ਸਾਰਿਆਂ ਨੇ ਇੱਕ ਅਵਾਜ਼ ਵਿੱਚ ਕਿਹਾ ਕੇ ਮੁਲਾਜ਼ਮ ਹਾਂ। ਵਿਚਾਰੇ ਕੰਡਕਟਰ ਦੇ ਹੱਥੋਂ ਝੋਲਾ ਡਿੱਗਦੇ ਡਿੱਗਦੇ ਬਚਿਆ। ਉਹ ਧੜ੍ਹੰਮ ਕਰਦਾ ਇੱਕ ਸੀਟ ‘ਤੇ ਢੇਰੀ ਹੋ ਗਿਆ ਤੇ ਬੋਲਿਆ, “ਮੈਨੂੰ ਇਹ ਤਾਂ ਦੱਸ ਦਿਉ ਕਿ ਇਹ ਮੁਲਾਜ਼ਮ ਅੱਧੀ ਰਾਤ ਨੂੰ ਹਰਦਵਾਰ ਕੀ ਕਰਨ ਚੱਲੇ ਹਨ?”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਬਾਲੀਵੁੱਡ ਦਾ ਚਮਤਕਾਰੀ ਨਿਰਦੇਸ਼ਕ, ਜਿਸ ਦੀ ਹਰੇਕ ਫਿਲਮ ਸੁਪਰ ਡੁਪਰ ਹਿੱਟ ਹੁੰਦੀ ਹੈ

ਬਾਲੀਵੁੱਡ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ ਰਾਜ ਕੁਮਾਰ ਹੀਰਾਨੀ ਉਰਫ ਰਾਜੂ ਹੀਰਾਨੀ ਹੀ ਇੱਕ ਅਜਿਹਾ ਫਿਲਮ ਨਿਰਦੇਸ਼ਕ ਹੈ ਜਿਸ ਦੀ ਕਦੇ ਵੀ ਕੋਈ ਫਿਲਮ ਫਲਾਪ ਨਹੀਂ ਹੋਈ। ਰਾਜੂ ਹੀਰਾਨੀ ਦਾ ਜਨਮ 20 ਨਵੰਬਰ 1962 ਨੂੰ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿਖੇ ਇੱਕ ਮੱਧ ਵਰਗੀ ਸਿੰਧੀ ਪਰਿਵਾਰ ਵਿੱਚ ਹੋਇਆ ਸੀ। ਹੀਰਾਨੀ ਦਾ ਪਿਤਾ ਸੁਰੇਸ਼ ਹੀਰਾਨੀ ਇੱਕ ਟਾਈਪਿੰਗ ਇੰਸਟੀਚਿਊਟ ਚਲਾਉਂਦਾ ਸੀ। ਉਸ ਨੇ ਨਾਗਪੁਰ ਤੋਂ ਕਾਮਰਸ ਵਿੱਚ ਗਰੈਜੂਏਸ਼ਨ ਕੀਤੀ ਤੇ ਉਸ ਤੋਂ ਬਾਅਦ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੂਨਾ ਤੋਂ ਫਿਲਮ ਨਿਰਦੇਸ਼ਨ ਵਿੱਚ ਡਿਪਲੋਮਾ ਹਾਸਲ ਕੀਤਾ। ਡਿਪਲੋਮਾ ਕਰਨ ਤੋਂ ਬਾਅਦ ਉਹ ਮੁੰਬਈ ਚਲਾ ਗਿਆ ਤੇ ਫਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਸੰਘਰਸ਼ ਕਰਨ ਲੱਗ ਪਿਆ। ਪਰ ਜਦੋਂ ਉਸ ਨੂੰ ਸਫਲਤਾ ਨਾ ਮਿਲੀ ਤਾਂ ਉਹ ਵੱਖ ਵੱਖ ਕੰਪਨੀਆਂ ਵਾਸਤੇ ਐਡਾਂ ਬਣਾਉਣ ਲੱਗ ਪਿਆ।

ਇਸ ਖੇਤਰ ਵਿੱਚ ਉਸ ਨੂੰ ਅਪਾਰ ਸਫਲਤਾ ਮਿਲੀ। ਉਸ ਨੇ ਮਾਰੂਤੀ ਸਜ਼ੂਕੀ, ਮਹਿੰਦਰਾ, ਲੌਰੀਅਲ ਸ਼ੈਂਪੂ, ਕਾਈਨੈਟਿਕ ਹਾਂਡਾ, ਫੇਵੀਕੋਲ, ਟੌਇਟਾ ਅਤੇ ਟਾਟਾ ਸਫਾਰੀ ਆਦਿ ਵਰਗੇ ਭਾਰਤ ਦੇ ਪ੍ਰਸਿੱਧ ਬਰਾਂਡਾਂ ਵਾਸਤੇ ਐਡਾਂ ਤਿਆਰ ਕੀਤੀਆਂ। ਉਹ ਇਸ ਖੇਤਰ ਵਿੱਚ ਕਮਾਲ ‘ਤੇ ਕਮਾਲ ਕਰ ਰਿਹਾ ਸੀ ਪਰ ਉਸ ਦੀ ਆਤਮਾ ਫਿਲਮਾਂ ਨਿਰਦੇਸ਼ਨ ਵੱਲ ਭਟਕ ਰਹੀ ਸੀ। ਉਸ ਨੇ ਆਪਣੀ ਐਡ ਕੰਪਨੀ ਕੁਝ ਦੇਰ ਲਈ ਆਪਣੇ ਦੋਸਤ ਅਤੇ ਪਰਟਨਰ ਕੇਸਰ ਬਵਾਨਾ ਦੇ ਹਵਾਲੇ ਕੀਤੀ ਤੇ ਖੁਦ ਉਸ ਸਮੇਂ ਦੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਵਿੱਧੂ ਵਿਨੋਦ ਚੋਪੜਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਤੱਕ ਉਹ ਐਡ ਨਿਰਮਾਣ ਖੇਤਰ ਵਿੱਚ ਵੱਡਾ ਨਾਮ ਬਣ ਚੁੱਕਾ ਸੀ ਇਸ ਲਈ ਚੋਪੜਾ ਨੇ ਉਸ ਨੂੰ ਹੱਥੋ ਹੱਥ ਲਿਆ ਤੇ ਆਪਣੀਆਂ ਫਿਲਮਾਂ ਦੀ ਐਡਿਟਿੰਗ ਦਾ ਜ਼ਿੰਮਾ ਸੌਂਪ ਦਿੱਤਾ। ਉਸ ਨੇ ਸਭ ਤੋਂ ਪਹਿਲਾਂ ਚੋਪੜਾ ਦੀ ਫਿਲਮ ਮਿਸ਼ਨ ਕਸ਼ਮੀਰ (2000) ਲਈ ਐਡਿਟਿੰਗ ਕੀਤੀ ਜੋ ਹਿੱਟ ਰਹੀ। ਪਰ ਹੀਰਾਨੀ ਐਡੀਟਿੰਗ ਦੇ ਖੇਤਰ ਨਾਲ ਬੱਝਣਾ ਨਹੀਂ ਸੀ ਚਾਹੁੰਦਾ।

ਉਸ ਨੇ ਇੱਕ ਸਾਲ ਦਾ ਸਮਾਂ ਲਗਾ ਕੇ ਮੁੰਨਾ ਭਾਈ ਐਮ.ਬੀ.ਬੀ.ਐੱਸ. ਦੀ ਸਟੋਰੀ ਅਤੇ ਸਕਰਿਪਟ ਲਿਖਿਆ ਤੇ ਵਿੱਧੂ ਵਿਨੋਦ ਚੋਪੜਾ ਨੂੰ ਇਸ ਫਿਲਮ ਲਈ ਫਾਇਨੈਂਸ ਕਰਨ ਦੀ ਬੇਨਤੀ ਕੀਤੀ। ਪਰ ਚੋਪੜਾ ਨੂੰ ਇਸ ਫਿਲਮ ਦੀ ਕਹਾਣੀ ਐਨੀ ਪਸੰਦ ਆਈ ਕਿ ਉਸ ਨੇ ਖੁਦ ਫਿਲਮ ਪ੍ਰੋਡਿਊਸ ਕਰਨ ਦਾ ਫੈਸਲਾ ਕੀਤਾ ਤੇ ਹੀਰਾਨੀ ਨੂੰ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਹ ਫਿਲਮ 2003 ਵਿੱਚ ਰਿਲੀਜ਼ ਹੋਈ ਤੇ ਇਸ ਨੇ ਟਿਕਟ ਖਿੜਕੀ ‘ਤੇ ਤਹਿਲਕਾ ਮਚਾ ਦਿੱਤਾ। ਇਸ ਫਿਲਮ ਨੇ 45 ਕਰੋੜ ਰੁਪਏ ਕਮਾਏ ਜੋ ਉਸ ਸਮੇਂ ਕਿਸੇ ਅਚੰਭੇ ਤੋਂ ਘੱਟ ਨਹੀਂ ਸਨ। ਇਸ ਫਿਲਮ ਦੀ ਅਪਾਰ ਸਫਲਤਾ ਨੇ ਹੀਰਾਨੀ ਦਾ ਨਾਮ ਸਾਰੇ ਬਾਲੀਵੁੱਡ ਵਿੱਚ ਪ੍ਰਸਿੱਧ ਕਰ ਦਿੱਤਾ। ਇਸ ਫਿਲਮ ਨੂੰ ਨੈਸ਼ਨਲ ਅਵਾਰਡ, ਫਿਲਮ ਫੇਅਰ ਕਰਿਟਿਕ ਅਵਾਰਡ ਅਤੇ ਫਿਲਮ ਫੇਅਰ ਅਵਾਰਡ ਫਾਰ ਬੈਸਟ ਸਕਰੀਨ ਪਲੇਅ ਮਿਲਿਆ ਤੇ ਹੀਰਾਨੀ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ। ਭਾਰਤੀ ਫਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਡਾਇਰੈਕਟਰ ਨੂੰ ਆਪਣੀ ਪਲੇਠੀ ਫਿਲਮ ਵਾਸਤੇ ਐਨੇ ਚੋਟੀ ਦੇ ਅਵਾਰਡ ਮਿਲੇ ਸਨ।

ਮੁੰਨਾ ਭਾਈ ਐਮ.ਬੀ.ਬੀ.ਐੱਸ. ਤੋਂ ਬਾਅਦ ਹੀਰਾਨੀ ਨੇ 2006 ਵਿੱਚ ਲਗੇ ਰਹੋ ਮੁੰਨਾ ਭਾਈ ਤੇ 2009 ਵਿੱਚ ਥਰੀ ਇਡੀਅਟਸ ਫਿਲਮਾਂ ਨਿਰਦੇਸ਼ਿਤ ਕੀਤੀਆਂ ਤੇ ਇਹ ਦੋਵੇਂ ਫਿਲਮਾਂ ਆਪਣੀ ਰਿਲੀਜ਼ ਦੇ ਸਾਲ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਸਾਬਤ ਹੋਈਆਂ। ਲਗੇ ਰਹੋ ਮੁੰਨਾ ਭਾਈ ਨੇ 72 ਕਰੋੜ ਅਤੇ ਥਰੀ ਇਡੀਅਟਜ਼ ਨੇ 83 ਕਰੋੜ ਦੀ ਕਮਾਈ ਕੀਤੀ। ਦੋਵਾਂ ਫਿਲਮਾਂ ਨੂੰ ਨੈਸ਼ਨਲ ਅਵਾਰਡ ਫਾਰ ਬੈਸਟ ਪਾਪੂਲਰ ਫਿਲਮ, ਫਿਲਮ ਫੇਅਰ ਅਵਾਰਡ ਫਾਰ ਬੈਸਟ ਫਿਲਮ, ਬੈਸਟ ਸਕਰੀਨ ਪਲੇਅ ਅਤੇ ਬੈਸਟ ਡਾਇਰੈਕਟਰ ਦੇ ਅਵਾਰਡ ਹਾਸਲ ਹੋਏ। 2014 ਵਿੱਚ ਆਈ ਪੀ.ਕੇ. ਫਿਲਮ ਨੇ ਤਾਂ ਉਸ ਦਾ ਨਾਮ ਵਿਦੇਸ਼ਾਂ ਤੱਕ ਪ੍ਰਸਿੱਧ ਕਰ ਦਿੱਤਾ। ਇਸ ਫਿਲਮ ਨੇ 103 ਕਰੋੜ ਰੁਪਏ ਕਮਾਏ ਤੇ ਉਹ ਸਾਲ 2014 ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ। 100 ਕਰੋੜ ਦੀ ਕਮਾਈ ਕਰਨ ਵਾਲੀ ਇਹ ਪਹਿਲੀ ਭਾਰਤੀ ਫਿਲਮ ਸੀ। 2018 ਵਿੱਚ ਉਸ ਨੇ ਸੰਜੇ ਦੱਤ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ਸੰਜੂ ਬਣਾਈ ਜੋ ਸੁਪਰ ਹਿੱਟ ਰਹੀ ਤੇ ਇਸ ਨੇ 67 ਕਰੋੜ ਰੁਪਏ ਦੀ ਕਮਾਈ ਕੀਤੀ। ਇਹਨਾਂ ਦੋਵਾਂ ਫਿਲਮਾਂ ਨੇ ਵੀ ਬੈਸਟ ਫਿਲਮ ਅਤੇ ਬੈਸਟ ਡਾਇਰੈਕਟਰ ਦਾ ਫਿਲਮ ਫੇਅਰ ਅਵਾਰਡ ਜਿੱਤਿਆ ਅਤੇ ਪੀ.ਕੇ ਨੇ ਫਿਲਮ ਫੇਅਰ ਬੈਸਟ ਸਕਰੀਨ ਪਲੇਅ ਅਵਾਰਡ ਵੀ ਜਿੱਤਿਆ। ਪੀ.ਕੇ. ਅਤੇ ਥਰੀ ਇਡੀਅਟਸ ਭਾਰਤ ਦੇ ਫਿਲਮੀ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਕ੍ਰਮਵਾਰ ਪੰਜਵੇਂ ਅਤੇ ਸੱਤਵੇਂ ਨੰਬਰ ਦੀਆਂ ਫਿਲਮਾਂ ਹਨ। ਪੀ.ਕੇ. ਕਮਾਈ ਕਰਨ ਦੇ ਹਿਸਾਬ ਨਾਲ ਵਿਸ਼ਵ ਦੀ ਸੱਤਰਵੇਂ ਨੰਬਰ ਦੀ ਫਿਲਮ ਹੈ।

ਅੱਜ ਕਲ੍ਹ ਹੀਰਾਨੀ ਸ਼ਾਹਰੁੱਖ ਖਾਨ ਨੂੰ ਹੀਰੋ ਲੈ ਕੇ ਡੰਕੀ ਨਾਮ ਦੀ ਫਿਲਮ ਬਣਾ ਰਿਹਾ ਹੈ। ਲੱਗਦਾ ਹੈ ਕਿ ਇਹ ਫਿਲਮ ਵੀ ਬਾਕੀ ਫਿਲਮਾਂ ਵਾਂਗ ਸੁਪਰ ਹਿੱਟ ਹੀ ਜਾਵੇਗੀ। ਰਾਜ ਕੁਮਾਰ ਹੀਰਾਨੀ ਪ੍ਰਸਿੱਧ ਕਾਮੇਡੀਅਨ ਬੋਮਨ ਈਰਾਨੀ ਨੂੰ ਆਪਣੇ ਲਈ ਲੱਕੀ ਸਮਝਦਾ ਹੈ ਉਸ ਨੂੰ ਆਪਣੀ ਹਰੇਕ ਫਿਲਮ ਵਿੱਚ ਅਹਿਮ ਰੋਲ ਦਿੰਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਸ਼ਹਿਰਾਂ ਪਿੰਡਾਂ ਦਾ ਡੁੱਬਣਾ ਹੁਣ ਹਰ ਸਾਲ ਦਾ ਵਰਤਾਰਾ ਬਣ ਗਿਆ ਹੈ

ਇਸ ਸਾਲ ਫਿਰ ਸਿਰਫ ਤਿੰਨ ਦਿਨ ਦੀ ਬਾਰਸ਼ ਨੇ ਹਿਮਾਚਲ, ਪੰਜਾਬ, ਹਰਿਆਣਾ, ਮੁਹਾਲੀ ਅਤੇ ਦਿੱਲੀ ਨੂੰ ਸਮੁੰਦਰ ਬਣਾ ਦਿੱਤਾ ਹੈ। ਅਜੇ ਤਾਂ ਮੌਨਸੂਨ ਸ਼ੁਰੂ ਹੋਈ ਹੈ, ਅੱਗੇ ਪਤਾ ਨਹੀਂ ਕਿਹੜੇ ਕਿਹੜੇ ਸੂਬੇ ਦੀ ਵਾਰੀ ਆਉਣੀ ਹੈ। ਹਰੇਕ ਮੌਨਸੂਨ ਦੌਰਾਨ ਚੈਨਲਾਂ ਅਤੇ ਅਖਬਾਰਾਂ ਵਿੱਚ ਇਹ ਖਬਰ ਪ੍ਰਮੁੱਖਤਾ ਨਾਲ ਚੱਲਦੀ ਹੈ ਕਿ ਫਲਾਣੇ ਸ਼ਹਿਰ ਦੀ ਮਿਊਂਸੀਪਲ ਕਮੇਟੀ ਦੇ ਪ੍ਰਬੰਧਾਂ ਦੀ ਖੁਲ੍ਹੀ ਪੋਲ, ਸ਼ਹਿਰ ਨੇ ਧਾਰਿਆ ਸਮੁੰਦਰ ਦਾ ਰੂਪ। ਅਸਲ ਵਿੱਚ ਪੋਲ ਤਾਂ ਉਦੋਂ ਖੁਲੇ੍ਹ ਜੇ ਪੋਲ ਕਦੇ ਬੰਦ ਹੋਈ ਹੋਵੇ। ਹਰ ਸਾਲ ਪ੍ਰਧਾਨਾਂ – ਮੇਅਰਾਂ ਦੇ ਉਹ ਹੀ ਘਿਸੇ ਪਿਟੇ ਬਿਆਨ ਸੁਣਨ ਨੂੰ ਮਿਲਦੇ ਹਨ ਕਿ ਪਿਛਲੀ ਕਮੇਟੀ ਨੇ ਸ਼ਹਿਰ ਨੂੰ ਲੁੱਟ ਕੇ ਖਾ ਲਿਆ ਸੀ, ਹੁਣ ਅਸੀਂ ਪ੍ਰਬੰਧ ਠੀਕ ਕਰਾਂਗੇ। ਪਰ ਕੰਮ ਉਥੇ ਹੀ ਰਹਿੰਦਾ ਹੈ ਤੇ ਅਗਲੇ ਮੌਨਸੂਨ ਸੀਜ਼ਨ ਦੌਰਾਨ ਸ਼ਹਿਰ ਦਾ ਫਿਰ ਉਹ ਹੀ ਹਾਲ ਹੁੰਦਾ ਹੈ। ਪੰਜਾਬ ਵਿੱਚ ਮੌਨਸੂਨ ਵੇਲੇ ਸਭ ਤੋਂ ਬੁਰੀ ਹਾਲਤ ਮਾਲਵਾ ਇਲਾਕੇ ਦੀ ਤੇ ਖਾਸ ਤੌਰ ‘ਤੇ ਬਠਿੰਡਾ ਅਤੇ ਪਟਿਆਲਾ ਸ਼ਹਿਰ ਦੀ ਹੁੰਦੀ ਹੈ। ਹਰ ਸਾਲ ਇਹ ਸ਼ਹਿਰ ਪਾਣੀ ਨਾਲ ਡੁੱਬ ਜਾਂਦੇ ਹਨ। ਬਰਸਾਤਾਂ ਵੇਲੇ ਉਥੇ ਗੱਡੀਆਂ ਦੀ ਬਜਾਏ ਕਿਸ਼ਤੀਆਂ ਚੱਲਦੀਆਂ ਹਨ। ਕਈ ਸਰਕਾਰਾਂ ਆਈਆਂ ਤੇ ਗਈਆਂ, ਹਰ ਸਾਲ ਉਹ ਹੀ ਹਾਲ ਹੁੰਦਾ ਹੈ। ਬਰਸਾਤ ਵੇਲੇ ਸ਼ਹਿਰਾਂ ਦੀਆਂ ਪਾਣੀ ਵਿੱਚ ਡੁੱਬੀਆਂ ਬਸਤੀਆਂ ਵਿੱਚ ਖੜ੍ਹ ਕੇ ਫੋਟੋਆਂ ਖਿਚਾਉਂਦੇ ਨੇਤਾ ਇਸ ਦਾ ਪੱਕਾ ਹੱਲ ਕੱਢਣ ਦੇ ਦਮਗਜੇ ਮਾਰਦੇ ਹਨ ਪਰ ਬਰਸਾਤ ਖਤਮ ਹੁੰਦੇ ਸਾਰ ਉਹ ਵਾਅਦੇ ਹੜ੍ਹ ਦੇ ਪਾਣੀ ਦੇ ਨਾਲ ਹੀ ਵਹਿ ਜਾਂਦੇ ਹਨ। ਜਨਤਾ ਅਤੇ ਮੀਡੀਆ ਵੀ ਸਤੰਬਰ ਆਉਂਦੇ ਆਉਂਦੇ ਇਸ ਬਾਰੇ ਭੁੱਲ ਭੁਲਾ ਜਾਂਦੇ ਹਨ।

ਭਾਰਤ ਵਿੱਚ ਮੌਨਸੂਨ ਦੌਰਾਨ ਆਉਣ ਵਾਲੇ ਸ਼ਹਿਰੀ ਹੜ੍ਹ ਹੁਣ ਇੱਕ ਤਰਾਂ ਦਾ ਸਲਾਨਾ ਤਮਾਸ਼ਾ ਬਣ ਗਏ ਹਨ। ਸੜਕਾਂ ਦਰਿਆਵਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ, ਅੰਡਰ ਪਾਥ ਪਾਣੀ ਵਿੱਚ ਡੁੱਬ ਜਾਂਦੇ ਹਨ, ਟੈਲੀਫੂਨ ਅਤੇ ਬਿਜਲੀ ਬੰਦ ਹੋ ਜਾਂਦੀ ਹੈ ਅਤੇ ਘਰਾਂ ਵਿੱਚ ਡੱਡੂ ਅਤੇ ਮੱਛੀਆਂ ਆਰਜ਼ੀ ਰੈਣ ਬਸੇਰਾ ਬਣਾ ਲੈਂਦੀਆਂ ਹਨ। ਇਹ ਸਥਿੱਤੀ ਕਈ ਹਫਤਿਆਂ ਤੱਕ ਜਾਰੀ ਰਹਿੰਦੀ ਹੈ। ਹੜ੍ਹ ਕੰਟਰੋਲ ਦੇ ਨਾਮ ‘ਤੇ ਹਰ ਸਾਲ ਖਰਬਾਂ ਰੁਪਏ ਗਬਨ ਕਰ ਲਏ ਜਾਣ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਬਿਨਾਂ ਸੋਚੇ ਸਮਝੇ ਕੀਤੀਆਂ ਜਾ ਰਹੀਆਂ ਨਵੀਆਂ ਉਸਾਰੀਆਂ ਹਨ। ਸੱਤਾਧਾਰੀਆਂ, ਕੋਲੋਨਾਈਜ਼ਰਾਂ ਅਤੇ ਅਫਸਰਾਂ ਦੇ ਗੱਠਜੋੜ ਨੇ ਆਪਣੇ ਹਿੱਤ ਸਾਧਣ ਲਈ ਵਿਕਾਸ ਦੇ ਨਾਮ ‘ਤੇ ਬਰਸਾਤੀ ਨਦੀ ਨਾਲਿਆਂ ਨੂੰ ਪੂਰ ਕੇ ਕਲੋਨੀਆਂ ਬਣਾ ਦਿੱਤੀਆਂ ਹਨ ਤੇ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਦਿੱਤਾ ਹੈ। ਝੀਲਾਂ, ਛੱਪੜਾਂ ਅਤੇ ਪਹਾੜਾਂ ਨੂੰ ਪੱਧਰਾ ਕਰ ਕੇ ਲੇਕ ਵਿਊ, ਰਿਵਰਵਿਊ ਅਤੇ ਹਿੱਲ ਟਾਪ ਆਦਿ ਵਰਗੇ ਫੈਂਸੀ ਨਾਵਾਂ ਵਾਲੀਆਂ ਕਲੋਨੀਆਂ ਅਤੇ ਫਲੈਟ ਉਸਾਰ ਲਏ ਗਏ ਹਨ। ਸੱਤਾ ਹਾਸਲ ਕਰਨ ਤੋਂ ਬਾਅਦ ਜਿਆਦਾਤਰ ਸਰਕਾਰਾਂ ਸਭ ਤੋਂ ਪਹਿਲਾ ਕੰਮ ਨਜ਼ਾਇਜ ਕਲੋਨੀਆਂ ਨੂੰ ਜ਼ਾਇਜ ਕਰਨ ਦਾ ਕਰਦੀਆਂ ਹਨ।

ਕੋਲੋਨਾਈਜ਼ਰਾਂ ਪ੍ਰਤੀ ਤਾਂ ਲੀਡਰਾਂ ਦੇ ਦਿਲ ਵਿੱਚ ਐਨਾ ਦਰਦ ਹੈ ਕਿ ਪਿਛਲੇ ਸਾਲ ਇੱਕ ਮੰਤਰੀ ਨੇ ਸਰਕਾਰ ਟੁੱਟਣ ਤੋਂ ਬਾਅਦ ਵੀ ਇੱਕ ਕਲੋਨੀ ਨੂੰ ਪੰਚਾਇਤੀ ਜ਼ਮੀਨ ਬਖਸ਼ਣ ਦੇ ਦਸਤਾਵੇਜ਼ਾਂ ‘ਤੇ ਦਸਤਖਤ ਕਰ ਦਿੱਤੇ ਸਨ। ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਕੁਝ ਹਜ਼ਾਰ ਲੋਕਾਂ ਦੀ ਰਿਹਾਇਸ਼ ਲਈ ਉਸਾਰੇ ਗਏ ਸਨ ਪਰ ਹੁਣ ਇਹ ਸ਼ਹਿਰ ਲੱਖਾਂ ਲੋਕਾਂ ਦਾ ਘਰ ਬਣ ਗਏ ਹਨ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਲੈ ਕੇ ਖਰੜ ਅਤੇ ਡੇਰਾ ਬੱਸੀ ਤੱਕ ਫੈਲ ਗਏ ਹਨ। ਕਿਸੇ ਵੇਲੇ ਇਸ ਇਲਾਕੇ ਵਿੱਚ ਸੈਂਕੜੇ ਬਰਸਾਤੀ ਨਦੀਆਂ ਨਾਲੇ ਵਗਦੇ ਸਨ ਜੋ ਹੁਣ ਗਾਇਬ ਹੋ ਚੁੱਕੇ ਹਨ। ਰੋਜ਼ਾਨਾ ਕੋਈ ਨਾ ਕੋਈ ਨਵੀਂ ਕਲੋਨੀ ਜਾਂ ਫਲੈਟ ਤਿਆਰ ਹੋ ਰਹੇ ਹਨ। ਨਦੀ ਨਾਲਿਆਂ ਦੇ ਕੁਦਰਤੀ ਵਹਾਅ ਬੰਦ ਹੋ ਜਾਣ ਕਾਰਨ ਬਰਸਾਤੀ ਪਾਣੀ ਸ਼ਹਿਰਾਂ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਤਬਾਹੀ ਮਚਾ ਦਿੰਦਾ ਹੈ। ਪਾਣੀ ਦਾ ਹੱਲ ਕਰਨ ਲਈ ਹਰ ਸਾਲ ਅਰਬਾਂ ਖਰਬਾਂ ਦੇ ਪ੍ਰੋਜੈਕਟ ਬਣਦੇ ਹਨ ਜੋ ਅਗਲੇ ਸਾਲ ਬਰਸਾਤ ਦੇ ਪਾਣੀ ਵਿੱਚ ਵਹਿ ਜਾਂਦੇ ਹਨ।

ਇਸ ਮੁਸੀਬਤ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਘਟੀਆ ਸੀਵਰੇਜ਼ ਸਿਸਟਮ ਹੈ। ਬਹੁਤੇ ਸ਼ਹਿਰਾਂ ਵਿੱਚ ਸੀਵਰੇਜ਼ ਸਿਸਟਮ 50 – 60 ਸਾਲ ਪੁਰਾਣਾ ਹੈ ਤੇ ਉਸ ਸਮੇਂ ਦੀ ਜਰੂਰਤ ਅਨੁਸਾਰ ਬਣਾਇਆ ਗਿਆ ਸੀ। ਜਿਉਂ ਜਿਉਂ ਸ਼ਹਿਰ ਵਧਦੇ ਜਾ ਰਹੇ ਹਨ, ਨਵੀਆਂ ਕਲੋਨੀਆਂ ਦੇ ਸੀਵਰ ਇਸ ਨਾਲ ਜੁੜਦੇ ਜਾ ਰਹੇ ਹਨ। ਕੋਈ ਅਫਸਰ ਇਹ ਨਹੀਂ ਸਮਝਦਾ ਕਿ ਘੱਟ ਵਿਆਸ ਦੀਆਂ ਪਾਈਪਾਂ ਇਸ ਪਾਣੀ ਨੂੰ ਕਿਵੇਂ ਝੱਲਣਗੀਆਂ? ਚੰਡੀਗੜ੍ਹ ਮੋਹਾਲੀ ਵਿੱਚ ਵੀ ਨਵੀਆਂ ਕਲੋਨੀਆਂ ਦੇ ਸੀਵਰ ਪੁਰਾਣੇ ਸੀਵਰ ਵਿੱਚ ਜੋੜੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਇਥੇ ਐਨਾ ਪਾਣੀ ਜਮ੍ਹਾ ਹੋ ਗਿਆ ਸੀ ਕਿ ਕਾਰਾਂ ਪਾਣੀ ਵਿੱਚ ਤਰ ਗਈਆਂ ਸਨ। ਪੰਜਾਬ ਵਿੱਚ ਸਿਰਫ ਮੋਹਾਲੀ ਹੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਗੰਦੇ ਅਤੇ ਬਰਸਾਤੀ ਪਾਣੀ ਵਾਲੇ ਸੀਵਰ ਅਲੱਗ ਅਲੱਗ ਹਨ। ਪਰ ਇਥੇ ਪਿਛਲੇ ਦੋ ਤਿੰਨ ਸਾਲਾਂ ਤੋਂ ਬਰਸਾਤੀ ਪਾਣੀ ਵਾਲੇ ਸੀਵਰ ਦੀ ਸਫਾਈ ਨਹੀਂ ਹੋਈ ਪਰ ਚਰਚਾ ਹੈ ਕਿ ਠੇਕੇਦਾਰ ਨੂੰ ਪੇਮੈਂਟ ਜਰੂਰ ਕੀਤੀ ਜਾ ਰਹੀ ਹੈ। ਇਹ ਵਰਤਾਰਾ ਇਕੱਲੇ ਮੋਹਾਲੀ ਵਿੱਚ ਹੀ ਨਹੀਂ, ਬਲਕਿ ਭਾਰਤ ਦੇ ਜਿਆਦਾਤਰ ਸ਼ਹਿਰਾਂ ਵਿੱਚ ਚੱਲ ਰਿਹਾ ਹੈ। ਭਾਰਤ ਦੀ ਸਭ ਤੋਂ ਅਮੀਰ ਮਿਊਂਸਪੈਲਟੀ ਮੁੰਬਈ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਇਸ ਦਾ ਸਲਾਨਾ ਬਜ਼ਟ (40000 ਕਰੋੜ ਰੁਪਏ) ਭਾਰਤ ਦੇ ਕਈ ਰਾਜਾਂ ਨਾਲੋਂ ਵੱਧ ਹੈ। ਹਰ ਸਾਲ ਬਰਸਾਤੀ ਪਾਣੀ ਕਾਰਨ ਉਥੇ ਭੜਥੂ ਮੱਚ ਜਾਂਦਾ ਹੈ ਤੇ ਅਨੇਕਾਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਬਾਕੀ ਸ਼ਹਿਰਾਂ ਵਿੱਚ ਤੋਂ ਉਲਟ ਉਥੇ ਬਰਸਾਤੀ ਪਾਣੀ ਨਜ਼ਦੀਕੀ ਸਮੁੰਦਰ ਵਿੱਚ ਹੀ ਪੈਣਾ ਹੁੰਦਾ ਹੈ। ਪਰ ਠੇਕੇਦਾਰਾਂ, ਲੀਡਰਾਂ ਅਤੇ ਅਫਸਰਾਂ ਦੀ ਮਿਲੀ ਭੁਗਤ ਕਾਰਨ ਇਹ ਵੀ ਅਜੇ ਤੱਕ ਸੰਭਵ ਨਹੀਂ ਹੋ ਸਕਿਆ। ਵੱਡੇ ਸ਼ਹਿਰਾਂ ਨੂੰ ਛੱਡੋ, ਹੁਣ ਤਾਂ ਨਜ਼ਾਇਜ ਕਬਜ਼ਿਆਂ ਕਾਰਨ ਛੋਟੇ ਕਸਬਿਆਂ ਤੇ ਪਿੰਡਾ ਤੱਕ ਵਿਚ ਵੀ ਹੜ੍ਹ ਆਉਣ ਲੱਗ ਪਏ ਹਨ। ਜਿੱਥੇ ਕਿਸੇ ਦਾ ਦਿਲ ਕਰਦਾ ਹੈ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰ ਲੈਂਦਾ ਹੈ। ਹੜ੍ਹ ਆਉਣ ਵੇਲੇ ਸਭ ਤੋਂ ਵੱਧ ਰੌਲਾ ਵੀ ਅਜਿਹੇ ਲੋਕ ਹੀ ਪਾਉਂਦੇ ਹਨ।

ਸ਼ਹਿਰਾਂ ਵਿੱਚ ਤਕਰੀਬਨ 90% ਜਗ੍ਹਾ ਪੱਕੀ ਹੋ ਚੁੱਕੀ ਹੈ। ਥੋੜ੍ਹੇ ਬਹੁਤੇ ਪਾਰਕਾਂ ਨੂੰ ਛੱਡ ਕੇ ਕੋਈ ਵੀ ਅਜਿਹੀ ਥਾਂ ਨਹੀਂ ਬਚੀ ਜੋ ਬਰਸਾਤੀ ਪਾਣੀ ਨੂੰ ਸੋਖ ਸਕੇ। ਇਸ ਪਾਣੀ ਨੇ ਫਿਰ ਕਿਸੇ ਪਾਸੇ ਤਾਂ ਜਾਣਾ ਹੀ ਹੈ। ਅਧਿਕਾਰੀਆਂ ਵੱਲੋਂ ਬਿਨਾਂ ਇਹ ਵੇਖੇ ਕਿ ਨਵੀਂ ਬਣ ਰਹੀ ਕਲੋਨੀ ਕਿਸੇ ਤਰਾਂ ਪਾਣੀ ਦੇ ਰਾਹ ਵਿੱਚ ਰੁਕਾਵਟ ਤਾਂ ਨਹੀਂ ਬਣ ਰਹੀ, ਇਸ ਵਿੱਚ ਵਾਟਰ ਹਾਰਵੈਸਟਿੰਗ ਦੀ ਸਹੂਲਤ ਹੈ, ਇਸ ਦੀ ਧਰਤੀ ਤੋਂ ਉੱਚਾਈ ਕਿੰਨੀ ਹੈ, ਧੜਾ ਧੜ ਪ੍ਰਮਿਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਗੰਦਗੀ ਅਤੇ ਪਲਾਸਟਿਕ ਦੇ ਲਿਫਾਫਿਆ ਕਾਰਨ ਜਾਮ ਹੋਏ ਪਏ ਸੀਵਰ ਬਰਸਾਤ ਦਾ ਕਰੋੜਾਂ ਲੀਟਰ ਪਾਣੀ ਕਿਵੇਂ ਖਿੱਚ ਸਕਦੇ ਹਨ? ਭਾਰਤ ਵਿੱਚ ਵੈਸੇ ਪਿਆਸ ਲੱਗਣ ‘ਤੇ ਖੂਹ ਪੁੱਟਣ ਦੀ ਰਵਾਇਤ ਹੈ। ਕੁਦਰਤੀ ਮੁਸੀਬਤ ਨੂੰ ਆਉਣ ਤੋਂ ਰੋਕਣ ਦੇ ਉਪਾਅ ਕਰਨ ਦੀ ਬਜਾਏ ਪੀੜਤ ਲੋਕਾਂ ਦੇ ਬਚਾਉ ਅਤੇ ਮੁੜ ਵਸੇਬੇ ‘ਤੇ ਖਰਚ ਕਰਨ ਵੱਲ ਜਿਆਦਾ ਧਿਆਨ ਦਿੱਤਾ ਜਾਂਦਾ। ਹੜ੍ਹ ਆਉਣ ‘ਤੇ ਲੋਕਾਂ ਨੂੰ ਬਚਾਉਣ ਲਈ ਫਟਾ ਫਟ ਸੁਰੱਖਿਆ ਦਸਤੇ ਭੇਜ ਦਿੱਤੇ ਜਾਂਦੇ ਹਨ ਤੇ ਪਾਣੀ ਕੱਢਣ ਲਈ ਦੋ ਚਾਰ ਪੰਪ ਲਗਾ ਦਿੱਤੇ ਜਾਂਦੇ ਹਨ। ਇਹ ਖਬਰ ਪ੍ਰਮੁੱਖਤਾ ਨਾਲ ਛਪਵਾਈ ਜਾਂਦੀ ਹੈ ਕਿ ਮਰਨ ਵਾਲੇ ਹਰੇਕ ਵਿਅਕਤੀ ਦੇ ਵਾਰਸਾਂ ਨੂੰ ਐਨੇ ਲੱਖ ਤੇ ਮਕਾਨ ਢਹਿਣ ਵਾਲੇ ਨੂੰ ਐਨੇ ਲੱਖ ਰਾਹਤ ਦਿੱਤੀ ਜਾਵੇਗੀ। ਪਰ ਇਸ ਗੱਲ ਵੱਲ ਧਿਆਨ ਦੇਣਾ ਮੁਨਾਸਬ ਨਹੀਂ ਸਮਝਿਆ ਜਾਂਦਾ ਕਿ ਹੜ੍ਹ ਆਉਣ ਹੀ ਕਿਉਂ ਦਿੱਤੇ ਜਾਣ। ਮਿਸਾਲ ਦੇ ਤੌਰ ‘ਤੇ ਸ਼ਰਾਬ ਬੰਦੀ ਵਾਲੇ ਸੂਬਿਆਂ ਬਿਹਾਰ ਅਤੇ ਗੁਜਰਾਤ ਵਿੱਚ ਹਰ ਸਾਲ ਸੈਂਕੜੇ ਲੋਕ ਨਕਲੀ ਸ਼ਰਾਬ ਪੀ ਕੇ ਮਰ ਜਾਂਦੇ ਹਨ। ਉਨ੍ਹਾਂ ਨੂੰ ਤਾਂ ਮੁਆਵਜ਼ਾ ਦੇ ਦਿੱਤਾ ਜਾਂਦਾ ਹੈ, ਪਰ ਇਹ ਕੋਈ ਨਹੀਂ ਸੋਚਦਾ ਕਿ ਇਸ ਸ਼ਰਾਬ ਆ ਕਿੱਥੋਂ ਰਹੀ ਹੈ।

ਭਾਰਤ ਵਿੱਚ ਸ਼ਹਿਰੀ ਹੜ੍ਹਾਂ ਦਾ ਕੋਈ ਹੱਲ ਫਿਲਹਾਲ ਨਜ਼ਰ ਨਹੀਂ ਆ ਰਿਹਾ। ਲੱਗਦਾ ਹੈ ਕਿ ਲੋਕਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਸਦਾ ਲਈ ਹੀ ਕਰਨਾ ਪਵੇਗਾ। ਹਰ ਸਾਲ ਕਰੋੜਾਂ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਣ ਦੇ ਬਾਵਜੂਦ ਕਿਸੇ ਦਾ ਵੀ ਇਸ ਵੱਲ ਖਾਸ ਧਿਆਨ ਨਹੀਂ ਹੈ। ਸਰਕਾਰਾਂ ਦਾ ਹਾਲ ਬਿੱਲੀ ਵੱਲ ਵੇਖ ਕੇ ਅੱਖਾਂ ਮੀਟੀ ਬੈਠੇ ਕਬੂਤਰ ਵਰਗਾ ਹੋਇਆ ਪਿਆ ਹੈ। ਸੱਤਾਧਾਰੀਆਂ ਅਤੇ ਅਫਸਰਾਂ ਨੂੰ ਪਤਾ ਹੈ ਕਿ ਇਹ ਮਹੀਨੇ ਡੇਢ ਮਹੀਨੇ ਦੀ ਖੇਡ ਹੈ, ਬਾਅਦ ਵਿੱਚ ਸਾਰਿਆਂ ਦਾ ਧਿਆਨ ਗੋਦੀ ਮੀਡੀਆ ਨੇ ਕਿਸੇ ਹੋਰ ਕਾਂਡ ਵੱਲ ਲਗਾ ਹੀ ਦੇਣਾ ਹੈ। ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਦੀ ਫਿਕਰ ਕਰਨ ਵਾਲੇ ਸਾਡੇ ਮੰਤਰੀਆਂ ਅਤੇ ਅਫਸਰਾਂ ਦੀਆਂ ਸਰਕਾਰੀ ਕੋਠੀਆਂ ਆਮ ਤੌਰ ‘ਤੇ ਅਜਿਹੀ ਜਗ੍ਹਾ ‘ਤੇ ਬਣੀਆਂ ਹੋਈਆਂ ਹਨ ਕਿ ਭਾਵੇਂ ਸਾਰਾ ਭਾਰਤ ਡੁੱਬ ਜਾਵੇ, ਉਥੇ ਹੜ੍ਹ ਨਹੀਂ ਆਉਂਦਾ। ਜੇ ਉਥੇ ਵੀ ਹੜ੍ਹ ਆਉਂਦਾ ਹੋਵੇ ਤਾਂ ਇਹਨਾਂ ਨੂੰ ਆਮ ਲੋਕਾਂ ਦੇ ਦਰਦ ਬਾਰੇ ਪਤਾ ਲੱਗੇ ਜਿਹਨਾਂ ਨੂੰ ਹਰ ਸਾਲ ਕਰੋੜਾਂ ਰੁਪਏ ਦੇ ਜਾਨ ਮਾਲ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਕੂਟਨੀਤੀ

ਕਿਸੇ ਰਾਜ ਦਾ ਰਾਜਾ ਲਾਲ ਕ੍ਰਿਸ਼ਨ ਬਜ਼ੁਰਗ ਹੋ ਗਿਆ ਸੀ ਤੇ ਉਸ ਦੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ। ਉਸ ਦੇ ਤਿੰਨ ਬੇਟੇ ਸਨ ਰਾਮ ਸਿੰਘ, ਸ਼ਾਮ ਸਿੰਘ ਅਤੇ ਨਰਿੰਦਰ। ਰਾਜੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਤਿੰਨਾਂ ਵਿੱਚੋਂ ਕਿਸ ਨੂੰ ਰਾਜ ਪਾਟ ਦਿੱਤਾ ਜਾਵੇ ਕਿਉਂਕਿ ਤਿੰਨੇ ਹੀ ਬਰਾਬਰ ਦੇ ਕਾਬਲ ਅਤੇ ਲਾਇਕ ਸਨ। ਇਸ ਲਈ ਉਸ ਨੇ ਪ੍ਰਧਾਨ ਮੰਤਰੀ ਨਾਲ ਸਲਾਹ ਕਰ ਕੇ ਇੱਕ ਤਰਕੀਬ ਕੱਢੀ। ਅਗਲੇ ਦਿਨ ਉਸ ਨੇ ਰਾਜਕੁਮਾਰਾਂ ਨੂੰ ਦਰਬਾਰ ਵਿੱਚ ਬੁਲਾ ਕੇ ਹਰੇਕ ਨੂੰ ਇੱਕ ਇੱਕ ਲੱਖ ਸੋਨੇ ਦੇ ਸਿੱਕੇ ਦਿੱਤੇ ਤੇ ਕਿਹਾ, “ਆਪਾਂ ਹੁਣ ਇੱਕ ਸਾਲ ਬਾਅਦ ਮਿਲਾਂਗੇ। ਇੱਕ ਸਾਲ ਵਿੱਚ ਜਿਹੜਾ ਵੀ ਰਾਜਕੁਮਾਰ ਅਜਿਹੀ ਕਲਾ ਸਿੱਖ ਕੇ ਆਵੇਗਾ ਜਿਸ ਨਾਲ ਦੇਸ਼ ਦਾ ਸਭ ਤੋਂ ਵੱਧ ਭਲਾ ਹੁੰਦਾ ਹੋਵੇ, ਮੈਂ ਰਾਜ ਪਾਟ ਉਸ ਨੂੰ ਦੇ ਦੇਵਾਂਗਾ।” ਤਿੰਨੇ ਰਾਜਕੁਮਾਰ ਰਾਜੇ ਨੂੰ ਨਮਸਕਾਰ ਕਰ ਕੇ ਦਰਬਾਰ ਤੋਂ ਬਾਹਰ ਨਿਕਲ ਗਏ।

ਇੱਕ ਸਾਲ ਬਾਅਦ ਉਹ ਵਾਪਸ ਆਏ ਤੇ ਅਗਲੇ ਦਿਨ ਰਾਜੇ ਨੇ ਦਰਬਾਰ ਵਿੱਚ ਤਿੰਨਾਂ ਤੋਂ ਉਹਨਾਂ ਦੀ ਪ੍ਰਾਪਤੀ ਬਾਰੇ ਪੁੱਛਿਆ। ਸਭ ਤੋਂ ਪਹਿਲਾਂ ਰਾਮ ਸਿੰਘ ਬੋਲਿਆ, “ਮਹਾਰਾਜ, ਮੈਂ ਤੁਹਾਡੇ ਦਿੱਤੇ ਹੋਏ ਧੰਨ ਨਾਲ ਇੱਕ ਤਾਂਤਰਿਕ ਤੋਂ ਅਜਿਹੀ ਕਲਾ ਸਿੱਖੀ ਹੈ ਜਿਸ ਨਾਲ ਮੈਂ ਜਦੋਂ ਚਾਹਾਂ ਤੇ ਜਿੱਥੇ ਚਾਹਾਂ ਬਾਰਸ਼ ਕਰਵਾ ਸਕਦਾ ਹਾਂ ਜਾਂ ਰੋਕ ਸਕਦਾ ਹਾਂ। ਅੱਜ ਤੋਂ ਬਾਅਦ ਸਾਡੇ ਰਾਜ ਵਿੱਚ ਨਾ ਤਾਂ ਕਦੇ ਅਕਾਲ ਪਵੇਗਾ ਤੇ ਨਾ ਹੀ ਹੜ੍ਹ ਆਉਣਗੇ।” ਇਹ ਸੁਣ ਕੇ ਦਰਬਾਰ ਤਾੜੀਆਂ ਨਾਲ ਗੂੰਜ ਉੱਠਿਆ ਤੇ ਰਾਜੇ ਨੇ ਗਰਦਨ ਘੁਮਾ ਕੇ ਪ੍ਰਸ਼ਨ ਪੂਰਵਕ ਤਰੀਕੇ ਨਾਲ ਸ਼ਾਮ ਸਿੰਘ ਵੱਲ ਵੇਖਿਆ। ਸ਼ਾਮ ਸਿੰਘ ਨੇ ਬਹੁਤ ਮਾਣ ਨਾਲ ਦੱਸਿਆ, “ਮਹਾਰਾਜ, ਮੈਂ ਉਸ ਪੈਸੇ ਨਾਲ ਸਾਰੀ ਪਰਜਾ ਵਿੱਚ ਧਰਮ ਪ੍ਰਚਾਰ ਕਰਵਾ ਰਿਹਾ ਹਾਂ ਤੇ ਧਾਰਮਿਕ ਪੁਸਤਕਾਂ ਲਿਖਵਾ ਕੇ ਵੰਡ ਰਿਹਾ ਹਾਂ। ਇਸ ਨਾਲ ਸਾਡੀ ਪਰਜਾ ਪਵਿੱਤਰ ਤੇ ਸੱਚਾ ਸੁੱਚਾ ਜੀਵਨ ਜਿਊਣ ਦੀ ਧਾਰਨੀ ਹੋ ਜਾਵੇਗੀ ਜਿਸ ਕਾਰਨ ਰਾਜ ਵਿੱਚ ਜ਼ੁਰਮ ਬਿਲਕੁਲ ਖਤਮ ਹੋ ਜਾਣਗੇ।” ਦੁਬਾਰਾ ਤਾੜੀਆਂ ਵੱਜੀਆਂ ਪਰ ਬਹੁਤ ਹੀ ਢਿੱਲੀ ਜਿਹੀ ਸੁਰ ਵਿੱਚ।

ਹੁਣ ਦਰਬਾਰੀਆਂ ਦੀਆਂ ਨਜ਼ਰਾਂ ਸਭ ਤੋਂ ਛੋਟੇ ਰਾਜਕੁਮਾਰ ਨਰਿੰਦਰ ਵੱਲ ਲੱਗ ਗਈਆਂ। ਰਾਜੇ ਨੇ ਪੁੱਛਿਆ, “ਹਾਂ ਭਾਈ ਨਰਿੰਦਰ, ਤੂੰ ਕੀ ਸਿੱਖ ਕੇ ਆਇਆਂ ਹੈਂ?” ਨਰਿੰਦਰ ਬਹੁਤ ਹੀ ਹੈਂਕੜ ਭਰੀ ਚਾਲ ਨਾਲ ਚੱਲ ਕੇ ਸਿੰਘਾਸਣ ਦੇ ਨਜ਼ਦੀਕ ਪਹੁੰਚਿਆ ਤੇ ਕੁਟਿਲ ਮੁਸਕਾਨ ਨਾਲ ਬੋਲਿਆ, “ਪਿਤਾ ਸ਼੍ਰੀ ਸਿੱਖਿਆ ਤਾਂ ਮੈਂ ਕੁਝ ਨਹੀਂ, ਪਰ ਤੁਸੀਂ ਜਰਾ ਹੁਣ ਸਿੰਘਾਸਣ ਤੋਂ ਪਾਸੇ ਹੋ ਜਾਉ। ਤੁਹਾਡੇ ਦਿੱਤੇ ਸੋਨੇ ਦੇ ਸਿੱਕਿਆਂ ਨਾਲ ਮੈਂ ਫੌਜ ਦੇ ਜਰਨੈਲ ਅਤੇ ਮੰਤਰੀ ਆਪਣੇ ਪੱਖ ਵਿੱਚ ਕਰ ਲਏ ਹਨ। ਸਿੰਘਾਸਣ ਦੇ ਪਿੱਛੇ ਖੜੇ ਤੁਹਾਡੇ ਵਿਸ਼ਵਾਸ਼ ਪਾਤਰ ਅੰਗ ਰੱਖਿਅਕ ਵੀ ਮੇਰੇ ਪਾਲੇ ਵਿੱਚ ਆ ਚੁੱਕੇ ਹਨ। ਜੇ ਤੁਸੀਂ ਸਿੰਘਾਸਣ ਖਾਲੀ ਕਰ ਕੇ ਜੰਗਲ ਵੱਲ ਪ੍ਰਸਥਾਨ ਨਾ ਕੀਤਾ ਤਾਂ ਮਜ਼ਬੂਰੀ ਵੱਸ ਮੈਨੂੰ ਤੁਹਾਨੂੰ ਯਮ ਲੋਕ ਭੇਜਣਾ ਪਵੇਗਾ।” ਰਾਜੇ ਦੀ ਜ਼ਬਾਨ ਤਾਲੂ ਨਾਲ ਲੱਗ ਗਈ ਤੇ ਉਹ ਚੁੱਪ ਚਾਪ ਸਿੰਘਾਸਣ ਉੱਤਰ ਕੇ ਜੰਗਲਾਂ ਵੱਲ ਜਾਣ ਦੀ ਤਿਆਰੀ ਕਰਨ ਲੱਗਾ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਧਰਮ ਸਥਾਨ ਦੇ ਅੰਦਰ ਅਤੇ ਬਾਹਰ ਦੇ ਵਿਹਾਰ ਵਿੱਚ ਅੰਤਰ

ਤਕਰੀਬਨ 90% ਲੋਕਾਂ ਦਾ ਧਰਮ ਅਸਥਾਨਾਂ ਦੇ ਅੰਦਰ ਵਿਹਾਰ ਹੋਰ ਹੁੰਦਾ ਹੈ ਤੇ ਬਾਹਰ ਹੋਰ। ਇਹ ਵੇਖ ਕੇ ਬੇਹੱਦ ਹੈਰਾਨੀ ਹੁੰਦੀ ਹੈ ਜਿਹੜਾ ਵਿਅਕਤੀ ਅੱਧਾ ਘੰਟਾ ਪਹਿਲਾਂ ਧਰਮ ਸਥਾਨ ਦੇ ਅੰਦਰ ਅੱਧ ਮੀਟੀਆਂ ਅੱਖਾਂ ਨਾਲ ਕਥਾ ਕੀਰਤਨ ਸੁਣਨ ਸਮੇਂ ਸ਼ਾਂਤੀ ਅਤੇ ਇਮਾਨਦਾਰੀ ਦਾ ਸਰੂਪ ਬਣ ਕੇ ਪ੍ਰਮਾਤਮਾਂ ਨਾਲ ਇੱਕ ਮਿੱਕ ਹੋਇਆ ਜਾਪਦਾ ਸੀ, ਉਹ ਬਾਹਰ ਆ ਕੇ ਕਿਸੇ ਗਰੀਬ ਰਿਕਸ਼ੇ ਵਾਲੇ ਨਾਲ ਦਸਾਂ ਰੁਪਿਆਂ ਪਿੱਛੇ ਝਗੜ ਰਿਹਾ ਹੈ। ਮਾਝੇ ਦਾ ਇੱਕ ਪ੍ਰਸਿੱਧ ਡੇਰਾ ਹੈ ਜਿੱਥੇ ਲੋਕ ਇੱਕ ਦੂਸਰੇ ਨੂੰ ਮਿਲਣ ਸਮੇਂ ਧਾਰਮਿਕ ਜੈਕਾਰਾ ਲਗਾ ਕੇ ਕਮਾਨ ਵਾਂਗ ਦੂਹਰੇ ਹੋ ਕੇ ਇੱਕ ਦੂਸਰੇ ਦੇ ਪੈਰਾਂ ਨੂੰ ਹੱਥ ਲਗਾਉਣ ਤੱਕ ਜਾਂਦੇ ਹਨ ਤੇ ਕਥਿੱਤ ਨਿਰਮਾਣਤਾ ਵਿੱਚ ਇੱਕ ਦੂਸਰੇ ਨੂੰ ਪਛਾੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਸਮਾਗਮ ਖਤਮ ਹੋਣ ਤੋਂ ਬਾਅਦ ਉਹਨਾਂ ਲੋਕਾਂ ਦਾ ਵਰਤਾਰਾ ਬੱਸ ਅੱਡੇ ‘ਤੇ ਵੇਖਣ ਵਾਲਾ ਹੁੰਦਾ ਹੈ ਕਿਵੇਂ ਬੱਸ ਦੀ ਸੀਟ ਮੱਲਣ ਪਿੱਛੇ ਫੰਡਿਉ ਫੰਡੀ ਹੋਣ ਤੱਕ ਜਾਂਦੇ ਹਨ।

ਮੈਂ ਕੁਝ ਦਿਨ ਪਹਿਲਾਂ ਅਨੰਦਪੁਰ ਸਾਹਿਬ ਵਿਖੇ ਇੱਕ ਧਰਮ ਸਥਾਨ ‘ਤੇ ਪਰਿਵਾਰ ਸਮੇਤ ਮੱਥਾ ਟੇਕਣ ਲਈ ਗਿਆ ਸੀ। ਐਤਵਾਰ ਦਾ ਦਿਨ ਸੀ ਤੇ ਭੀੜ ਭੜ੍ਹੱਕਾ ਹੋਣ ਕਾਰਨ ਉਥੇ ਵੀ ਅਜਿਹਾ ਹੀ ਮਾਹੌਲ ਸੀ। ਧਰਮ ਸਥਾਨ ਦੇ ਅੰਦਰ ਲੋਕ ਹੱਥ ਜੋੜ ਕੇ ਬੇਹੱਦ ਅਨੁਸ਼ਾਸ਼ਨ ਨਾਲ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਅਰਾਮ ਨਾਲ ਖੜ੍ਹੇ ਸਨ। ਪਰ ਉਹ ਹੀ ਲੋਕ ਬਾਹਰ ਆ ਕੇ ਜੋੜਾਂ ਘਰ ਤੋਂ ਜੁੱਤੀਆਂ ਲੈਣ ਲਈ ਇੱਕ ਦੂਸਰੇ ਨਾਲ ਧੱਕਮ ਧੱਕਾ ਹੋ ਰਹੇ ਸਨ ਜਿਵੇਂ ਕਿਸੇ ਨੇ ਉਹਨਾਂ ਦੀ ਜੁੱਤੀ ਚੋਰੀ ਕਰ ਲੈਣੀ ਹੋਵੇ। ਕੁਝ ਲੋਕ ਤਾਂ ਧਾਰਮਿਕ ਮੇਲਿਆ ਵਿੱਚ ਸਿਰਫ ਔਰਤਾਂ ਨਾਲ ਛੇੜ ਛਾੜ ਕਰਨ ਵਾਸਤੇ ਹੀ ਜਾਂਦੇ ਹਨ। ਮੇਰੇ ਇੱਕ ਵਾਕਫ ਬੰਦੇ ਗੁਰਬੰਸ (ਕਾਲਪਨਿਕ ਨਾਮ) ਦੇ ਸਹੁਰੇ ਪਰਿਵਾਰ ਵਾਲੇ ਹਰਿਆਣੇ ਦੇ ਇੱਕ ਡੇਰੇ ਨੂੰ ਮੰਨਦੇ ਹਨ। ਪਰ ਉਸ ਦਾ ਇੱਕ ਸਾਲਾ ਜੈਲਾ (ਕਾਲਪਨਿਕ ਨਾਮ) ਥੋੜ੍ਹਾ ਜਿਹਾ ਤਰਕਸ਼ੀਲ ਵਿਚਾਰਾਂ ਵਾਲਾ ਅਗਾਂਹਵਧੂ ਕਿਸਮ ਦਾ ਇਨਸਾਨ ਹੈ। ਉਹ ਪਰਿਵਾਰ ਦੇ ਕਹਿਣ ‘ਤੇ ਡੇਰੇ ਚਲਾ ਤਾਂ ਜਾਂਦਾ ਹੈ ਪਰ ਅੰਦਰੋ ਅੰਦਰੀ ਖਿਝ੍ਹਦਾ ਕ੍ਰਿਝਦਾ ਰਹਿੰਦਾ ਹੈ। ਗੁਰਬੰਸ ਦੀ ਸੱਸ ਤਾਰੋ (ਕਾਲਪਨਿਕ ਨਾਮ) ਥੋੜ੍ਹੀ ਕੰਮ ਚੋਰ ਕਿਸਮ ਦੀ ਔਰਤ ਹੈ। ਸਾਰਾ ਦਿਨ ਲੱਕ ਪੀੜ ਦਾ ਬਹਾਨਾ ਬਣਾ ਕੇ ਮੰਝੇ ‘ਤੇ ਲੰਮੀ ਪਈ ਰਹਿੰਦੀ ਹੈ ਤੇ ਪਾਣੀ ਵੀ ਨੂੰਹਾਂ ਕੋਲੋਂ ਮੰਗਵਾ ਕੇ ਪੀਂਦੀ ਹੈ।

ਇੱਕ ਵਾਰ ਸਾਰਾ ਪਰਿਵਾਰ ਡੇਰੇ ਗਿਆ ਤੇ ਖਿੱਚ ਧੂਹ ਕੇ ਜੈਲੇ ਨੂੰ ਵੀ ਨਾਲ ਲੈ ਗਏ। ਡੇਰੇ ਵਿੱਚ ਦੋ ਤਿੰਨ ਘੰਟੇ ਪ੍ਰਵਚਨ ਚੱਲਿਆ ਤੇ ਬਾਅਦ ਵਿੱਚ ਐਲਾਨ ਕੀਤਾ ਗਿਆ ਕਿ ਜਿਸ ਭਗਤ ਨੇ ਸਫਾਈ ਦੀ ਸੇਵਾ ਕਰਨੀ ਹੋਵੇ, ਉਹ ਝਾੜੂ ਲੈ ਲਵੇ। ਸਾਰਾ ਦਿਨ ਹਾਏ ਹਾਏ ਕਰਨ ਵਾਲੀ ਤਾਰੋ ਸਭ ਤੋਂ ਪਹਿਲਾਂ ਝਾੜੂ ਲੈਣ ਲਈ ਭੱਜ ਗਈ। ਜਦੋਂ ਜੈਲੇ ਨੇ ਆਪਣੀ ਮਾਂ ਨੂੰ ਮਸ਼ੀਨ ਵਾਂਗ ਝਾੜੂ ਫੇਰਦੇ ਹੋਏ ਵੇਖਿਆ ਤਾਂ ਉਸ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਉਸ ਨੇ ਤਾਰੋ ਕੋਲੋਂ ਝਾੜੂ ਖੋਹ ਪਰ੍ਹਾਂ ਵਗਾਹ ਮਾਰਿਆ ਤੇ ਬੋਲਿਆ ਕਿ ਘਰ ਤਾਂ ਕਦੇ ਤੂੰ ਮੇਜ ‘ਤੇ ਕੱਪੜਾ ਨਹੀਂ ਮਾਰਿਆ, ਹੁਣ ਕਿੱਥੇ ਗਈ ਤੇਰੀ ਬਿਮਾਰੀ? ਜਦੋਂ ਵੀ ਕੋਈ ਸ਼ਰਧਾਲੂ ਕਿਸੇ ਧਰਮ ਸਥਾਨ ਦੇ ਦਰਸ਼ਨ ਕਰਨ ਜਾਂਦਾ ਹੈ ਤਾਂ ਉਸ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਥੋਂ ਕੋਈ ਧਾਰਮਿਕ ਵਸਤੂ ਨਿਸ਼ਾਨੀ ਦੇ ਤੌਰ ‘ਤੇ ਖਰੀਦ ਲਈ ਜਾਵੇ। ਪਰ ਇਹ ਵੇਖਿਆ ਗਿਆ ਹੈ ਕਿ ਧਰਮ ਸਥਾਨਾਂ ਦੇ ਨਜ਼ਦੀਕ ਦੁਕਾਨਾਂ ਕਰਨ ਵਾਲੇ ਦੁਕਾਨਦਾਰ ਸਭ ਨਾਲੋਂ ਵੱਧ ਬੇਦਰਦੀ ਨਾਲ ਸ਼ਰਧਾਲੂਆਂ ਅਤੇ ਖਾਸ ਤੌਰ ‘ਤੇ ਟੂਰਿਸਟਾਂ ਨੂੰ ਲੁੱਟਦੇ ਹਨ। ਤੜ੍ਹਕੇ 4 ਵਜੇ ਇਹ ਹੀ ਲੋਕ ਉਸ ਧਰਮ ਸਥਾਨ ਅੰਦਰ ਪੂਰੀ ਸ਼ਰਧਾ ਨਾਲ ਮੱਥਾ ਟੇਕ ਰਹੇ ਹੁੰਦੇ ਹਨ ਤੇ ਕੁਝ ਕੁ ਮਿੰਟਾਂ ਲਈ ਇਮਾਨਦਾਰੀ ਦੀ ਮੂਰਤ ਲੱਗਦੇ ਹਨ। ਜੇ ਇਹਨਾਂ ਨੂੰ ਧਰਮ ਸਥਾਨ ਦੀ ਹਦੂਦ ਅੰਦਰ ਕੋਈ ਪੈਸਾ ਟਕਾ ਡਿੱਗਿਆ ਹੋਇਆ ਮਿਲ ਜਾਵੇ ਤਾਂ ਬਹੁਤ ਹੀ ਸ਼ਰਧਾ ਨਾਲ ਗੋਲਕ ਵਿੱਚ ਪਾ ਦਿੰਦੇ ਹਨ ਪਰ ਦੁਕਾਨ ਦਾ ਸ਼ਟਰ ਚੁੱਕਦਿਆਂ ਸਾਰ ਇਮਾਨਦਾਰੀ ਤੇ ਧਰਮ ਕਰਮ ਹਵਾ ਹੋ ਜਾਂਦੇ ਹਨ।

ਸਾਡੇ ਸਮਾਜ ਵਿੱਚ ਸਭ ਤੋਂ ਪਵਿੱਤਰ ਸਥਾਨ ਸ਼ਮਸ਼ਾਨ ਘਾਟ ਨੂੰ ਮੰਨਿਆਂ ਜਾਂਦਾ ਕਿਉਂਕਿ ਇਥੇ ਆ ਕੇ ਹਰ ਇਨਸਾਨ ਦੀ ਜ਼ਿੰਦਗੀ ਦਾ ਸਫਰ ਪੂਰਾ ਹੋ ਜਾਂਦਾ ਹੈ। ਕੋਈ ਵਿਅਕਤੀ ਚਾਹੇ ਆਪਣੀ ਜ਼ਿੰਦਗੀ ਵਿੱਚ ਕਿਸੇ ਧਰਮ ਸਥਾਨ ‘ਤੇ ਗਿਆ ਹੋਵੇ ਜਾਂ ਨਾ, ਪਰ ਆਖਰ ਹਰ ਕਿਸੇ ਨੂੰ ਇਥੇ ਆਉਣਾ ਹੀ ਪੈਂਦਾ ਹੈ। ਹਿੰਦੂ ਧਰਮ ਵਿੱਚ ਇਸ ਨੂੰ ਸ਼ਿਵ ਜੀ ਦਾ ਸਥਾਨ ਮੰਨ ਕੇ ਸ਼ਿਵਪੁਰੀ ਕਿਹਾ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਮੈਨੂੰ ਕਿਸੇ ਬਜ਼ੁਰਗ ਦੇ ਦਾਹ ਸੰਸਕਾਰ ‘ਤੇ ਜਾਣਾ ਪਿਆ। ਮੇਰਾ ਇੱਕ ਸਾਥੀ ਉਸ ਬਜ਼ੁਰਗ ਦਾ ਅੰਤਿਮ ਸੰਸਕਾਰ ਹੁੰਦਾ ਵੇਖ ਕੇ ਕੁਝ ਜਿਆਦਾ ਹੀ ਭਾਵਕ ਹੋਇਆ ਪਿਆ ਸੀ। ਹਾਉਕਾ ਭਰ ਕੇ ਕਹਿਣ ਲੱਗਾ, “ਲਉ ਜੀ, ਆਹ ਹੀ ਆ ਬੰਦੇ ਦਾ ਅਖੀਰ। ਇਨਸਾਨ ਸਾਰੀ ਉਮਰ ਲੋਭ ਲਾਲਚ ਵਿੱਚ ਪੈ ਕੇ ਪਾਪ ਕਰੀ ਜਾਂਦਾ, ਆਖਰ ਸਵਾਹ ਦੀ ਮੁੱਠ ਹੀ ਬਣ ਜਾਣਾ ਸਭ ਨੇ। ਸਭ ਕੁਝ ਐਥੇ ਹੀ ਰਹਿ ਜਾਣਾ, ਕੁਝ ਨਹੀਂ ਜਾਣਾ ਨਾਲ। ਐਵੇਂ ਮੇਰੀ ਮੇਰੀ ਕਰੀ ਜਾਂਦਾ ਬੰਦਾ।” ਸਾਰੇ ਉਸ ਦੇ ਵੈਰਾਗਮਈ ਪ੍ਰਵਚਨ ਸੁਣ ਕੇ ਸਹਿਮਤੀ ਨਾਲ ਸਿਰ ਹਿਲਾ ਰਹੇ ਸਨ।

ਜਦੋਂ ਸਾਰਾ ਕਿਰਿਆ ਕਰਮ ਨਿੱਬੜ ਗਿਆ ਤਾਂ ਵਾਪਸ ਜਾਣ ਲਈ ਉਹ ਮੇਰੀ ਗੱਡੀ ਵਿੱਚ ਬੈਠ ਗਿਆ ਕਿਉਂਕਿ ਮੇਰੇ ਨਾਲ ਹੀ ਆਇਆ ਸੀ। ਦਾਹ ਸੰਸਕਾਰ ਵੇਲੇ ਸ਼ਾਇਦ ਉਸ ਨੇ ਆਪਣਾ ਮੋਬਾਇਲ ਫੋਨ ਸਾਈਲੈਂਟ ‘ਤੇ ਲਗਾਇਆ ਹੋਇਆ ਸੀ। ਉਸ ਨੇ ਫਟਾ ਫਟ ਮਿੱਸ ਕਾਲਾਂ ਵੇਖੀਆਂ ਤੇ ਇੱਕ ਨੰਬਰ ‘ਤੇ ਫੋਨ ਲਗਾ ਲਿਆ। ਕੁਝ ਦੇਰ ਪਹਿਲਾਂ ਦੁਨੀਆਂ ਤੋਂ ਲਗਭਗ ਸੰਨਿਆਸ ਲੈਣ ਦੀ ਅਵਸਥਾ ਵਿੱਚ ਪਹੁੰਚਿਆ ਹੋਇਆ ਉਹ ਬੰਦਾ ਨੰਬਰ ਲੱਗਦਿਆਂ ਸਾਰ ਹੀ ਪਟਰ ਪਟਰ ਬੋਲਣ ਲੱਗਾ, “ਹੈਂ ਕਿੰਨੇ ਨੂੰ? ਜਾ ਆਪਣਾ ਕੰਮ ਕਰ ਜਾ ਕੇ। 25000 ਤੋਂ ਇੱਕ ਰੁਪਈਆ ਘੱਟ ਨਹੀਂ ਲੈਣਾ ਗਜ਼ ਦਾ। ਪਲਾਟ ਤਾਂ ਵੇਖ ਕਿੰਨੇ ਟਿਕਾਣੇ ‘ਤੇ ਆ। ਤੇਰੇ ਹੱਥ ਤੰਗ ਤੋਂ ਮੈਂ ਕੀ ਲੈਣਾ? ਮਹਿੰਗਾ ਲੱਗਦਾ ਆ ਤਾਂ ਕਿਸੇ ਹੋਰ ਕੋਲੋਂ ਲੈ ਲਾ ਜਾ ਕੇ ਸਸਤਾ।” ਉਸ ਨੇ ਅੱਧੇ ਪੌਣੇ ਘੰਟੇ ਦੇ ਸਫਰ ਦੌਰਾਨ ਅੱਠ ਦਸ ਫੋਨ ਲਗਾਏ ਜੋ ਸਾਰੇ ਹੀ ਲੋਭ ਲਾਲਚ ਅਤੇ ਮੋਹ ਮਾਇਆ ਦੇ ਮਾਮਲਿਆਂ ਸਬੰਧੀ ਸਨ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਜਦੋਂ ਹੈਲੀਕਾਪਟਰ ਨੇ ਸੜਕ ਰਸਤੇ ਯਾਤਰਾ ਕੀਤੀ।

ਇਹ ਦਿਲਚਸਪ ਘਟਨਾ ਸੰਨ 1999 ਦੀ ਹੈ ਜਦੋਂ ਮੈਂ ਖੰਨਾ ਪੁਲਿਸ ਜ਼ਿਲੇ੍ਹ ਦੀ ਪਾਇਲ ਸਬ ਡਵੀਜ਼ਨ ਦਾ ਡੀ.ਐਸ.ਪੀ. ਲੱਗਾ ਹੋਇਆ ਸੀ। ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਪਾਇਲ ਦੇ ਨਜ਼ਦੀਕ ਰਾਏਪੁਰ ਪਿੰਡ ਵਿਖੇ ਪਧਾਰੇ ਸਨ। ਰਾਏਪੁਰ ਉਹਨਾਂ ਦੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਾ ਪਿੰਡ ਸੀ ਤੇ ਮੁੱਖ ਮੰਤਰੀ ਨੇ ਉਸ ਦੇ ਕਿਸੇ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣਾ ਸੀ ਤੇ ਉਸ ਤੋਂ ਬਾਅਦ ਲੁਧਿਆਣਾ ਜਾਣਾ ਸੀ। ਮੇਰੀ ਡਿਊਟੀ ਫੋਰਸ ਸਮੇਤ ਹੈਲੀਪੈਡ ਅਤੇ ਆਸ ਪਾਸ ਦੀ ਸੁਰੱਖਿਆ ਕਰਨ ਲਈ ਲਗਾਈ ਗਈ ਸੀ। ਪਰ ਅਚਾਨਕ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਹੋ ਗਈ ਤੇ ਪਾਰਟੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਨਜ਼ਦੀਕੀ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਚੱਲ ਰਹੇ ਖੇਡ ਮੇਲੇ ਵਿੱਚ ਇਨਾਮ ਵੰਡਣ ਜਾਣ ਵਾਸਤੇ ਮਨਾ ਲਿਆ। ਘੁੰਗਰਾਲੀ ਰਾਜਪੂਤਾਂ ਉਥੋਂ ਸਿਰਫ 4-5 ਕਿ.ਮੀ. ਦੂਰ ਸੀ, ਇਸ ਲਈ ਮੁੱਖ ਮੰਤਰੀ ਗੱਡੀਆਂ ਦੇ ਕਾਫਲੇ ਰਾਹੀਂ ਚਲੇ ਗਏ। ਪਾਇਲਟਾਂ ਵਾਸਤੇ ਮੇਰੇ ਵਾਇਰਲੈੱਸ ਸੈੱਟ ‘ਤੇ ਆਦੇਸ਼ ਆ ਗਿਆ ਕਿ ਉਹ ਹੈਲੀਕਾਪਟਰ ਉਥੇ ਲੈ ਆਉਣ ਤਾਂ ਜੋ ਵਾਪਸ ਰਾਏਪੁਰ ਆਉਣ ਦੀ ਬਜਾਏ ਉਥੋਂ ਹੀ ਲੁਧਿਆਣੇ ਲਈ ਉਡਾਣ ਭਰੀ ਜਾ ਸਕੇ।

ਸਾਰੇ ਅਫਸਰ ਅਤੇ ਨੇਤਾ ਮੁੱਖ ਮੰਤਰੀ ਦੇ ਅੱਗੜ ਪਿੱਛੜ ਘੱਟਾ ਉਡਾਉਂਦੇ ਹੋਏ ਘੁੰਗਰਾਲੀ ਰਾਜਪੂਤਾਂ ਵੱਲ ਦੌੜ ਗਏ। ਹੈਲੀਪੈਡ ‘ਤੇ ਮੈਂ, ਹੈਲੀਕਾਪਟਰ ਦਾ ਚਾਲਕ ਦਲ ਤੇ ਥੋੜ੍ਹੇ ਜਿਹੇ ਸਿਪਾਹੀ ਰਹਿ ਗਏ। ਉਸ ਸਮੇਂ ਬਹੁਤ ਘੱਟ ਲੋਕਾਂ ਕੋਲ ਮੋਬਾਇਲ ਫੋਨ ਹੁੰਦੇ ਸਨ। ਸੋਨੀ ਐਰਿਕਸਨ, ਮੌਟਰੋਲਾ ਜਾਂ ਨੋਕੀਆ ਦੇ ਮੋਟੇ ਮੋਟੇ ਐਨਟੀਨਾ ਵਾਲੇ ਮੋਬਾਇਲ ਹੁੰਦੇ ਸਨ, ਪਰ ਉਹ ਵੀ ਜੀ.ਟੀ. ਰੋਡ ਦੇ ਨਾਲ ਨਾਲ ਅਤੇ ਵੱਡੇ ਸ਼ਹਿਰਾਂ ਵਿੱਚ ਹੀ ਚੱਲਦੇ ਸਨ। ਜਿੱਥੇ ਕਿਤੇ ਵੀ.ਆਈ.ਪੀ ਨੇ ਆਉਣਾ ਹੋਵੇ, ਉਥੇ ਹੈਲੀਕਾਪਟਰ ਦੀ ਲੈਂਡਿੰਗ ਕਰਾਉਣ ਲਈ ਆਰਜ਼ੀ ਹੈਲੀਪੈਡ ਬਣਾ ਕੇ, ਮੌਕੇ ‘ਤੇ ਖੜ੍ਹ ਕੇ ਗਲੋਬਲ ਪੋਜਿਸ਼ਨਿੰਗ ਸਿਸਟਮ (ਜੀ.ਪੀ.ਐੱਸ.) ਰਾਹੀਂ ਦਿਸ਼ਾਵਾਂ (ਡਿਗਰੀਆਂ) ਕੱਢ ਕੇ ਭੇਜਣੀਆਂ ਪੈਂਦੀਆਂ ਹਨ। ਹੁਣ ਤਾਂ ਹਰ ਫੋਨ ਵਿੱਚ ਜੀ.ਪੀ.ਐੱਸ. ਹੈ, ਪਰ ਉਸ ਸਮੇਂ ਬਹੁਤ ਪੰਗਾ ਪੈਂਦਾ ਸੀ। ਨਜ਼ਦੀਕੀ ਛਾਉਣੀ ਜਾਂ ਏਅਰ ਫੋਰਸ ਸਟੇਸ਼ਨ ਤੋਂ ਤਰਲੇ ਕੱਢ ਕੇ ਜੀ.ਪੀ.ਐੱਸ ਮੰਗਵਾ ਕੇ ਡਿਗਰੀਆਂ ਕੱਢ ਕੇ ਸੀ.ਐਮ. ਹਾਊਸ ਭੇਜਣੀਆਂ ਪੈਂਦੀਆਂ ਸਨ, ਤਾਂ ਕਿਤੇ ਹੈਲੀਕਾਪਟਰ ਲੈਂਡਿੰਗ ਕਰਦਾ ਸੀ।

ਅਚਾਨਕ ਪ੍ਰੋਗਰਾਮ ਬਣ ਜਾਣ ਕਾਰਨ ਪਾਇਲਟਾਂ ਕੋਲ ਘੁੰਗਰਾਲੀ ਰਾਜਪੂਤਾਂ ਹੈਲੀਪੈਡ ਦੀਆਂ ਡਿਗਰੀਆਂ ਨਹੀਂ ਸਨ। ਮੈਂ ਪਾਇਲ ਤਾਇਨਾਤ ਹੋਣ ਤੋਂ ਪਹਿਲਾਂ 8-9 ਮਹੀਨੇ ਸੀ.ਐਮ. ਸਕਿਉਰਟੀ ਵਿੱਚ ਡਿਊਟੀ ਕੀਤੀ ਸੀ ਜਿਸ ਕਾਰਨ ਸਾਰੇ ਸੀ.ਐਮ. ਸਕਿਉਰਟੀ ਵਾਲੇ ਅਤੇ ਪਾਇਲਟ ਮੈਨੂੰ ਜਾਣਦੇ ਸਨ। ਇਸ ਬਿਨਾਂ ਅਗਾਊਂ ਸੂਚਨਾ ਦੇ ਬਣੇ ਪ੍ਰੋਗਰਾਮ ਕਾਰਨ ਮੁੱਖ ਪਾਇਲਟ (ਕੈਪਟਨ) ਵਾਹਵਾ ਖਿਝ੍ਹ ਗਿਆ। ਪਹਿਲਾਂ ਤਾਂ ਉਸ ਨੇ ਪ੍ਰਬੰਧਕਾਂ ਨੂੰ ਕੁਝ ਕਰੜੇ ਛੰਦ ਹਵਾ ਵਿੱਚ ਛੱਡੇ ਤੇ ਫਿਰ ਮੈਨੂੰ ਪੁੱਛਿਆ ਕਿ ਕੀ ਮੈਂ ਘੁੰਗਰਾਲੀ ਦਾ ਰਸਤਾ ਜਣਦਾ ਹਾਂ? ਮੈਂ ਇਸ ਤੋਂ ਪਹਿਲਾਂ ਜ਼ਿੰਦਗੀ ਵਿੱਚ ਕਦੇ ਹਵਾਈ ਯਾਤਰਾ ਨਹੀਂ ਸੀ ਕੀਤੀ। ਵੈਸੇ ਵੀ ਘੁੰਗਰਾਲੀ ਨਜ਼ਦੀਕ ਹੀ ਸੀ। ਮੈਂ ਹੈਲੀਕਾਪਟਰ ਦਾ ਝੂਟਾ ਲੈਣ ਦੇ ਚਾਅ ਵਿੱਚ ਬਿਨਾਂ ਸੋਚੇ ਸਮਝੇ ਕਹਿ ਦਿੱਤਾ ਕਿ ਗੱਲ ਈ ਕੋਈ ਨਹੀਂ, ਰੋਜ ਜਾਈਦਾ ਹੈ। ਮੈਂ ਪਲਾਕੀ ਮਾਰ ਕੇ ਹੈਲੀਕਾਪਟਰ ਵਿੱਚ ਕੈਪਟਨ ਅਤੇ ਚਾਲਕ ਦਲ ਨਾਲ ਬੈਠ ਗਿਆ ਤੇ ਹੈਲੀਕਾਪਟਰ ਉੱਡ ਪਿਆ।

ਮੈਂ ਸੋਚਿਆ ਕਿ ਉੱਡਦੇ ਸਾਰ ਖੱਬੇ ਮੁੜ ਕੇ ਚੜ੍ਹਦੇ ਵੱਲ ਪਿੰਡ ਹੈ, ਪੰਜ ਮਿੰਟ ਵਿੱਚ ਪਹੁੰਚ ਜਾਵਾਂਗੇ। ਪਰ ਜਦੋਂ ਕੈਪਟਨ ਨੇ ਹੈਲੀਕਾਪਟਰ ਘੁੰਮਾ ਕੇ ਸਿੱਧਾ ਕੀਤਾ ਤਾਂ ਸਭ ਗੜਬੜ ਹੋ ਗਿਆ। ਉੱਪਰੋਂ ਸਾਰੇ ਸ਼ਹਿਰ, ਪਿੰਡ, ਸੜਕਾਂ ਤੇ ਮਕਾਨਾਂ ਦੀ ਛੱਤ ਇੱਕੋ ਜਿਹੀ ਲੱਗਦੀ ਹੈ। ਕੈਪਟਨ ਮੇਰੀ ਹਾਲਤ ਸਮਝ ਗਿਆ ਕਿ ਇਹ ਐਵੇਂ ਫੜ੍ਹ ਮਾਰ ਬੈਠਾ ਹੈ। ਆਮ ਤੌਰ ‘ਤੇ ਸੀ.ਐਮ. ਸਕਿਉਰਟੀ ਦਾ ਇੱਕ ਅਫਸਰ ਵਾਇਰਲੈੱਸ ਸੈੱਟ ਲੈ ਕੇ ਹੈਲੀਕਾਪਟਰ ਵਿੱਚ ਪਾਇਲਟ ਦੇ ਨਾਲ ਬੈਠਦਾ ਹੈ ਪਰ ਮਾੜੀ ਕਿਸਮਤ ਕਿ ਉਹ ਵੀ ਕਾਹਲੀ ਕਾਰਨ ਪਏ ਭੰਬਲ ਭੂਸੇ ਵਿੱਚ ਮੁੱਖ ਮੰਤਰੀ ਦੇ ਕਾਫਲੇ ਨਾਲ ਚਲਾ ਗਿਆ। ਮੈਂ ਉੱਲੂ ਵਾਂਗ ਆਸੇ ਪਾਸੇ 90 ਡਿਗਰੀ ‘ਤੇ ਧੌਣ ਘੁੰਮਾਈ ਪਰ ਕੁਝ ਸਮਝ ਵਿੱਚ ਨਾ ਪਵੇ। ਨਾ ਦਿਸ਼ਾਵਾਂ ਦਾ ਗਿਆਨ, ਨਾ ਸੜਕਾਂ ਤੇ ਨਾ ਹੀ ਪਿੰਡਾਂ ਦੀ ਪਹਿਚਾਣ ਆਵੇ। ਉਪਰੋਂ ਕਿਹੜਾ ਬੋਰਡ ਦਿਸਦੇ ਹਨ? ਹੈਲੀਕਾਪਟਰ ਉੱਡਿਆ ਜਾਵੇੇ ਤੇ ਮੈਂ ਚਿੰਤਾ ਵਿੱਚ ਡੁੱਬਦਾ ਜਾਵਾਂ ਕਿ ਅੱਜ ਬੇਇੱਜ਼ਤੀ ਤਾਂ ਪੱਕਾ ਹੋਣੀ ਹੈ ਤੇ ਜੇ ਹੈਲੀਕਾਪਟਰ ਟਾਈਮ ‘ਤੇ ਨਾ ਪਹੁੰਚਿਆ ਤਾਂ ਸਸਪੈਂਡ ਵੀ ਹੋਵਾਂਗਾ। “ਹਾਂ ਜੀ ਡਿਪਟੀ ਸਾਹਿਬ, ਫਿਰ ਕਿਸ ਪਾਸੇ ਵੱਲ ਚੱਲੀਏ ਫਿਰ?” ਕੈਪਟਨ ਨੇ ਮਜ਼ਾਕੀਆ ਅੰਦਾਜ਼ ਵਿੱਚ ਪੁੱਛਿਆ ਤਾਂ ਮੈਨੂੰ ਚੱਕਰ ਆਉਣ ਲੱਗ ਪਏ।

ਪਰ ਨੌਕਰੀ ਖਤਰੇ ਵਿੱਚ ਪੈਂਦੀ ਵੇਖ ਕੇ ਮੇਰਾ ਦਿਮਾਗ ਕੰਮ ਕਰਨ ਲੱਗ ਪਿਆ। ਮੈਨੂੰ ਖੰਨੇ ਸ਼ਹਿਰ ਤੋਂ ਉਸ ਪਿੰਡ ਦਾ ਰਾਹ ਬਹੁਤ ਚੰਗੀ ਤਰਾਂ ਪਤਾ ਸੀ ਤੇ ਖੰਨਾ ਨਜ਼ਦੀਕ ਹੀ ਸੀ। ਮੈਂ ਕੈਪਟਨ ਨੂੰ ਬੇਨਤੀ ਕੀਤੀ ਕਿ ਇਥੋਂ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਕ੍ਰਿਪਾ ਕਰ ਕੇ ਹੈਲੀਕਾਪਟਰ ਜੀ.ਟੀ. ਰੋਡ ‘ਤੇ ਲੈ ਜਾਵੇ। ਜਦੋਂ ਹੈਲੀਕਾਪਟਰ ਖੰਨੇ ਵੱਲ ਨੂੰ ਜੀ.ਟੀ. ਰੋਡ ‘ਤੇ ਪਹੁੰਚਿਆ ਤਾਂ ਮੈਂ ਉਸ ਨੂੰ ਵਾਪਸ ਬੀਜੇ ਕਸਬੇ ਵੱਲ ਮੋੜਨ ਲਈ ਕਹਿ ਦਿੱਤਾ। ਜਦੋਂ ਅਸੀਂ ਬੀਜੇ ਅੱਡੇ ‘ਤੇ ਪਹੁੰਚੇ ਤਾਂ ਮੈਂ ਪਾਇਲ ਰੋਡ ਪਹਿਚਾਣ ਲਿਆ ਤੇ ਕੈਪਟਨ ਨੂੰ ਪਾਇਲ ਵੱਲ ਮੁੜਨ ਲਈ ਕਹਿ ਦਿੱਤਾ। ਮੈਨੂੰ ਪਤਾ ਸੀ ਕਿ ਬੀਜੇ ਤੋੋਂ ਪਾਇਲ ਵੱਲ ਜਾਂਦਿਆਂ ਖੱਬੇ ਹੱਥ ਮੁੜਨ ਵਾਲੀ ਪਹਿਲੀ ਲਿੰਕ ਰੋਡ ਘੁੰਗਰਾਲੀ ਰਾਜਪੂਤਾਂ ਜਾਂਦੀ ਹੈ। ਮੈਂ ਸੜਕ ਪਹਿਚਾਣ ਕੇ ਹੈਲੀਕਾਪਟਰ ਉਸ ਪਾਸੇ ਨੂੰ ਮੁੜਵਾ ਦਿੱਤਾ। ਥੋੜ੍ਹੀ ਦੂਰ ਖੇਡ ਮੇਲੇ ਦੇ ਟੈਂਟ ਲੱਗੇ ਹੋਏ ਸਨ। ਕੈਪਟਨ ਨੇ ਉਥੇ ਐੱਚ (ਹੈਲੀਕਾਪਟਰ ਉਤਾਰਨ ਲਈ ਹੈਲੀਪੈਡ ‘ਤੇ ਚੂਨੇ ਨਾਲ ਬਣਾਇਆ ਜਾਂਦਾ ਅੰਗਰਜ਼ੀ ਦਾ ਅੱਖਰ ਐੱਚ) ਵੇਖ ਕੇ ਲੈਂਡਿੰਗ ਕਰ ਦਿੱਤੀ। ਕੈਪਟਨ ਹੱਸ ਹੱਸ ਕੇ ਦੂਹਰਾ ਹੋ ਗਿਆ ਕਿ ਅਸੀਂ ਹਵਾਈ ਮਾਰਗ ਰਾਹੀਂ ਤਾਂ ਬਹੁਤ ਸਫਰ ਕੀਤਾ ਸੀ, ਅੱਜ ਤੇਰੀ ਕ੍ਰਿਪਾ ਨਾਲ ਸੜਕ ਰਾਹੀਂ ਵੀ ਹੈਲੀਕਾਪਟਰ ਚਲਾ ਕੇ ਵੇਖ ਲਿਆ ਹੈ।
ਸਾਡੇ ਉੱਤਰਨ ਤੋਂ ਪੰਜ ਸੱਤ ਮਿੰਟ ਬਾਅਦ ਹੀ ਮੁੱਖ ਮੰਤਰੀ ਦਾ ਕਾਫਲਾ ਹੈਲੀਪੈਡ ‘ਤੇ ਪਹੁੰਚ ਗਿਆ। ਜੇ ਦਸ ਮਿੰਟ ਦੀ ਵੀ ਦੇਰ ਹੋ ਜਾਂਦੀ ਤਾਂ ਮੇਰੀ ਖੈਰ ਨਹੀਂ ਸੀ। ਮੈਂ ਕੰਨਾਂ ਨੂੰ ਹੱਥ ਲਗਾਏ ਕਿ ਮੁੜ ਕਦੇ ਅਜਿਹੀ ਨਾਜ਼ਕ ਜ਼ਿੰਮੇਵਾਰੀ ਨਹੀਂ ਲੈਣੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਝੂਠੀ ਸੌਂਹ

ਇਹ ਹੱਡਬੀਤੀ ਦੱਸਣ ਦਾ ਮਕਸਦ ਕਿਸੇ ਤਰਾਂ ਦਾ ਵਹਿਮ ਭਰਮ ਫੈਲਾਉਣਾ ਜਾਂ ਇਹ ਦਰਸਾਉਣਾ ਨਹੀਂ ਹੈ ਕਿ ਕਿਸੇ ਖਾਸ ਧਾਰਮਿਕ ਸਥਾਨ ‘ਤੇ ਚੁੱਕੀ ਹੋਈ ਕਸਮ ਤੋੜਨ ਨਾਲ ਕੋਈ ਨੁਕਸਾਨ ਹੋ ਸਕਦਾ ਹੈ। ਪਰ ਕਈ ਵਾਰ ਕੁਦਰਤੀ ਤੌਰ ‘ਤੇ ਆਪਸ ਵਿੱਚ ਜੁੜੀਆਂ ਹੋਈਆਂ ਅਜਿਹੀਆਂ ਘਟਨਾਵਾਂ ਇੱਕ ਤੋਂ ਬਾਅਦ ਇੱਕ ਵਾਪਰ ਜਾਂਦੀਆਂ ਹਨ ਜੋ ਲੋਕਾਂ ਦੇ ਮਨਾਂ ਵਿੱਚ ਭੈਅ ਪੈਦਾ ਕਰ ਦਿੰਦੀਆਂ ਹਨ। ਕੁਝ ਲੋਕ ਐਨੀ ਬੇਸ਼ਰਮੀ ਅਤੇ ਬੇਬਾਕੀ ਨਾਲ ਝੂਠ ਬੋਲਦੇ ਹਨ ਕਿ ਵੇਖ ਕੇ ਹੈਰਾਨੀ ਹੁੰਦੀ ਹੈ। ਪੁਲਿਸ ਦੀ ਨੌਕਰੀ ਦੌਰਾਨ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਦੋ ਪਾਰਟੀਆਂ ਦਾ ਛੋਟਾ ਮੋਟਾ ਝਗੜਾ ਸਹੁੰ ਨੇਮ ‘ਤੇ ਮੁਕਾਉਣਾ ਪੈਂਦਾ ਹੈ। ਵੇਖਣ ਵਿੱਚ ਆਇਆ ਹੈ ਕਿ ਸੱਚਾ ਆਦਮੀ ਚਾਹੇ ਕਿੰਨਾ ਵੀ ਨੁਕਸਾਨ ਝੱਲ ਜਾਵੇ, ਕਦੇ ਸਹੁੰ ਨਹੀਂ ਚੁੱਕਦਾ ਪਰ ਬੇਸ਼ਰਮ ਅਤੇ ਝੂਠਾ ਵਿਅਕਤੀ ਝੂਠੀ ਸਹੁੰ ਚੁੱਕਣ ਲੱਗਿਆਂ ਪਲ ਨਹੀਂ ਲਾਉਂਦਾ।

1994-95 ਵਿੱਚ ਮੈਂ ਰੋਪੜ ਜਿਲ੍ਹੇ ਦੇ ਥਾਣੇ ਮੋਰਿੰਡੇ ਦਾ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਪਿੰਡ ਵਿੱਚ ਦੋ ਪਾਰਟੀਆਂ ਦਰਮਿਆਨ ਕਿਸੇ ਗੱਲ ਤੋਂ ਝਗੜਾ ਹੋ ਗਿਆ ਤੇ ਮੈਂ ਭੁਪਿੰਦਰ ਸਿੰਘ ਨਾਮਕ ਇੱਕ ਥਾਣੇਦਾਰ ਨੂੰ ਮੌਕਾ ਵੇਖਣ ਲਈ ਭੇਜ ਦਿੱਤਾ। ਉਹ ਮੌਕੇ ‘ਤੇ ਗਿਆ ਤੇ ਦੋਵਾਂ ਪਾਰਟੀਆਂ ਵਿੱਚ ਰਾਜ਼ੀਨਾਵਾਂ ਕਰਵਾ ਦਿੱਤਾ। ਰਾਜ਼ੀਨਾਵਾਂ ਕਰਵਾਉਂਦੇ ਸਮੇਂ ਉਸ ਨੇ ਇੱਕ ਪਾਰਟੀ ਦੇ ਮੋਹਰੀ ਬੰਦੇ ਖੇਤਰਪਾਲ (ਕਾਲਪਨਿਕ ਨਾਮ) ਨੂੰ ਕੁਝ ਜਿਆਦਾ ਹੀ ਦਬਕਾ ਦਿੱਤਾ ਜੋ ਰਾਜ਼ੀਨਾਵੇਂ ਵਿੱਚ ਬਿਨਾਂ ਮਤਲਬ ਅੜਿੱਕਾ ਡਾਹ ਰਿਹਾ ਸੀ। ਭੁਪਿੰਦਰ ਸਿੰਘ ਅਜੇ ਥਾਣੇ ਪਹੁੰਚਿਆ ਹੀ ਸੀ ਕਿ ਪਿੱਛੇ ਹੀ ਖੇਤਰਪਾਲ ਬੰਦਿਆਂ ਦੀ ਟਰਾਲੀ ਭਰ ਕੇ ਥਾਣੇ ਪਹੁੰਚ ਗਿਆ। ਕੁਦਰਤੀ ਮੈਂ ਦਫਤਰ ਹੀ ਬੈਠਾ ਸੀ ਤੇ ਰੌਲਾ ਗੌਲਾ ਸੁਣ ਕੇ ਉਹਨਾਂ ਬੰਦਿਆਂ ਨੂੰ ਅੰਦਰ ਬੁਲਾ ਲਿਆ। ਖੇਤਰਪਾਲ ਨੇ ਭੁਪਿੰਦਰ ਸਿੰਘ ‘ਤੇ ਇਲਜ਼ਾਮ ਲਗਾ ਦਿੱਤਾ ਕਿ ਇਸ ਨੇ ਮੇਰੇ ਕੋਲੋਂ 2000 ਰੁਪਏ ਰਿਸ਼ਵਤ ਲਈ ਹੈ। ਭੁਪਿੰਦਰ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਵਿਅਕਤੀ ਜਾਣ ਬੁੱਝ ਕੇ ਰਾਜ਼ੀਨਾਵਾਂ ਨਹੀਂ ਸੀ ਹੋਣ ਦੇ ਰਿਹਾ। ਇਸ ਲਈ ਮੈਂ ਇਸ ਨੂੰ ਦਬਕੇ ਜਰੂਰ ਮਾਰੇ ਹਨ, ਪਰ ਰਿਸ਼ਵਤ ਕੋਈ ਨਹੀਂ ਲਈ।

ਕਾਫੀ ਦੇਰ ਤੱਕ ਬਹਿਸ ਮੁਸਾਹਬਾ ਚੱਲਦਾ ਰਿਹਾ ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ। ਜਦੋਂ ਦੋਵੇਂ ਧਿਰਾਂ ਆਪੋ ਆਪਣੀ ਗੱਲ ‘ਤੇ ਅਡਿੱਗ ਰਹੀਆਂ ਤਾਂ ਮੈਂ ਇੱਕ ਵਿਚਕਾਰਲਾ ਰਾਹ ਲੱਭ ਲਿਆ। ਮੋਰਿੰਡੇ ਵਿਖੇ ਇੱਕ ਬਹੁਤ ਹੀ ਪਵਿੱਤਰ ਅਸਥਾਨ ਹੈ ਜਿੱਥੇ ਸਹੁੰ ਖਾਣ ਦੀ ਕੋਈ ਹਿੰਮਤ ਨਹੀਂ ਕਰਦਾ। ਮੈਂ ਪੰਚਾਇਤ ਨੂੰ ਕਹਿ ਦਿੱਤਾ ਕਿ ਭੁਪਿੰਦਰ ਸਿੰਘ 2000 ਰੁਪਏ ਉਸ ਅਸਥਾਨ ‘ਤੇ ਰੱਖ ਦੇਵੇਗਾ ਤੇ ਖੇਤਰਪਾਲ ਚੁੱਕ ਲਵੇ। ਸੱਚ ਝੂਠ ਦਾ ਨਿਤਾਰਾ ਪ੍ਰਮਾਤਮਾ ‘ਤੇ ਛੱਡ ਦਿੱਤਾ ਜਾਵੇ। ਦੋਵੇਂ ਧਿਰਾਂ ਇਸ ਗੱਲ ਨਾਲ ਸਹਿਮਤ ਹੋ ਗਈਆਂ ਤੇ ਝਗੜਾ ਨਿੱਬੜ ਗਿਆ। ਭੁਪਿੰਦਰ ਸਿੰਘ ਨੇ ਧਾਰਮਿਕ ਸਥਾਨ ‘ਤੇ ਪੈਸੇ ਰੱਖ ਦਿੱਤੇ ਜੋ ਖੇਤਰਪਾਲ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਚੁੱਕ ਲਏ। ਇਸ ਘਟਨਾ ਤੋਂ ਤਿੰਨ ਚਾਰ ਮਹੀਨੇ ਬਾਅਦ ਮੈਨੂੰ ਦੁਬਾਰਾ ਉਸ ਪਿੰਡ ਵਿੱਚ ਜਾਣਾ ਪਿਆ ਕਿਉਂਕਿ ਉਥੇ ਦੋ ਭਰਾਵਾਂ ਰਾਮ ਸਿੰਘ ਅਤੇ ਸ਼ਾਮ ਸਿੰਘ (ਕਾਲਪਨਿਕ ਨਾਮ) ਵਿੱਚ ਇੱਕ ਏਕੜ ਜ਼ਮੀਨ ਦੇ ਕਬਜ਼ੇ ਦਾ ਝਗੜਾ ਚੱਲ ਰਿਹਾ ਸੀ ਜੋ ਗੰਭੀਰ ਰੂਪ ਧਾਰਨ ਕਰ ਗਿਆ ਸੀ।

ਜਦੋਂ ਮੈਂ ਉਸ ਪਿੰਡ ਪਹੁੰਚਿਆ ਤਾਂ ਵੇਖਿਆ ਕਿ ਝਗੜੇ ਵਾਲੀ ਜ਼ਮੀਨ ਵਿੱਚ ਕਣਕ ਪੱਕੀ ਖੜੀ ਸੀ ਤੇ ਦੋਵੇਂ ਧਿਰਾਂ ਉਸ ‘ਤੇ ਹੱਕ ਜਤਾ ਰਹੀਆਂ ਸਨ। ਮੌਜੂਦਾ ਸਰਪੰਚ ਤੇ ਉਸ ਦੇ ਸਾਥੀ ਰਾਮ ਸਿੰਘ ਦੀ ਹਮਾਇਤ ਵਿੱਚ ਖੜ੍ਹੇ ਸਨ ਤੇ ਸਾਬਕਾ ਸਰਪੰਚ ਅਤੇ ਉਸ ਦੇ ਸਾਥੀ ਸ਼ਾਮ ਸਿੰਘ ਦੀ ਹਮਾਇਤ ਵਿੱਚ ਖੜ੍ਹੇ ਸਨ। ਜ਼ਮੀਨ ਸਾਂਝੇ ਖਾਤੇ ਵਾਲੀ ਸੀ, ਇਸ ਕਾਰਨ ਇਹ ਦੱਸਣਾ ਮੁਸ਼ਕਿਲ ਸੀ ਕਿ ਇਸ ਦਾ ਮਾਲਕ ਦੋਵਾਂ ਭਰਾਵਾਂ ਵਿੱਚੋਂ ਕੌਣ ਸੀ। ਰਾਮ ਸਿੰਘ ਪਾਰਟੀ ਦਾ ਕਹਿਣਾ ਸੀ ਕਿ ਕਣਕ ਰਾਮ ਸਿੰਘ ਨੇ ਬੀਜੀ ਹੈ, ਉਸ ਨੇ ਹੀ ਸਿੰਜਾਈ ਕੀਤੀ ਹੈ ਤੇ ਉਸ ਨੇ ਹੀ ਖਾਦ ਪਾਈ ਹੈ। ਸ਼ਾਮ ਸਿੰਘ ਤਾਂ ਕਦੇ ਉਥੇ ਵੜਿਆ ਹੀ ਨਹੀਂ ਸੀ। ਸ਼ਾਮ ਸਿੰਘ ਦਾ ਕਹਿਣਾ ਸੀ ਕਿ ਕਣਕ ਉਸ ਨੇ ਬੀਜੀ ਹੈ, ਉਸ ਨੇ ਸਿੰਜਾਈ ਕੀਤੀ ਹੈ ਤੇ ਉਸ ਨੇ ਹੀ ਖਾਦ ਪਾਈ ਹੈ। ਰਾਮ ਸਿੰਘ ਦਾ ਤਾਂ ਉਥੇ ਮਤਲਬ ਹੀ ਕੋਈ ਨਹੀਂ। ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਤੇ ਸਮਝਾਉਣ ਦੇ ਇਰਾਦੇ ਨਾਲ ਬੋਲਿਆ, “ਹੋ ਸਕਦਾ ਹੈ ਕਿ ਜ਼ਮੀਨ ਰਾਮ ਸਿੰਘ ਨੇ ਵਾਹੀ ਹੋਵੇ, ਬੀਜ ਦਾ ਛੱਟਾ ਸ਼ਾਮ ਸਿੰਘ ਦੇ ਗਿਆ ਹੋਵੇ, ਪਾਣੀ ਰਾਮ ਸਿੰਘ ਨੇ ਦਿੱਤਾ ਹੋਵੇ ਤੇ ਖਾਦ ਸ਼ਾਮ ਸਿੰਘ ਨੇ ਪਾਈ ਹੋਵੇ। ਦੋਵਾਂ ਧਿਰਾਂ ਦਾ ਜੋ ਕਹਿਣਾ ਹੈ, ਉਹ ਅਸੰਭਵ ਹੈ। ਦੋਵਾਂ ਵਿੱਚੋਂ ਇੱਕ ਪਾਰਟੀ ਤਾਂ ਝੂਠ ਬੋਲ ਰਹੀ ਹੈ। ਚਲੋ ਮੈਨੂੰ ਨਹੀਂ ਪਤਾ, ਪਰ ਪਿੰਡ ਵਾਲਿਆਂ ਨੂੰ ਤਾਂ ਪਤਾ ਹੈ ਕਿ ਕੀ ਹੋਇਆ ਹੈ।”

ਪਰ ਦੋਵੇਂ ਧਿਰਾਂ ਆਪੋ ਆਪਣੀ ਗੱਲ ‘ਤੇ ਅੜੀਆਂ ਰਹੀਆਂ। ਹਾਰ ਕੇ ਮੈਂ ਕਿਹਾ ਕਿ ਚਲੋ ਰਾਮ ਸਿੰਘ ਤੇ ਸ਼ਾਮ ਸਿੰਘ ਮੋਰਿੰਡੇ ਵਾਲੇ ਧਾਰਮਿਕ ਸਥਾਨ ‘ਤੇ ਸਹੁੰ ਚੁੱਕਣ। ਮੈਂ ਸੋਚਿਆ ਕਿ ਜਿਹੜਾ ਝੂਠਾ ਹੋਵੇਗਾ ਉਹ ਡਰ ਜਾਵੇਗਾ ਤੇ ਸਹੁੰ ਨਹੀਂ ਚੁੱਕੇਗਾ। ਪਰ ਉਹ ਦੋਵੇਂ ਭਰਾ ਇਸ ਲਈ ਖੁਸ਼ੀ ਖੁਸ਼ੀ ਤਿਆਰ ਹੋ ਗਏ। ਜਦੋਂ ਮੇਰਾ ਇਹ ਤੀਰ ਨਾ ਚੱਲਿਆ ਤਾਂ ਮੈਂ ਕਿਹਾ ਕਿ ਮੈਂ ਤਾਂ ਸਰਪੰਚ ਅਤੇ ਸਾਬਕਾ ਸਰਪੰਚ ਨੂੰ ਸਹੁੰ ਚੁਕਾਵਾਂਗਾ। ਉਹ ਵੀ ਦੋਵੇਂ ਬਿਨਾਂ ਕਿਸੇ ਡਰ ਭੈਅ ਦੇ ਇਸ ਕੰਮ ਲਈ ਤਿਆਰ ਹੋ ਗਏ। ਐਨਾ ਕੁਫਰ ਤੁਲਦਾ ਵੇਖ ਕੇ ਮੈਂ ਪਰੇਸ਼ਾਨ ਹੋ ਗਿਆ। ਮੈਂ ਥੋੜ੍ਹਾ ਗੁੱਸੇ ਜਿਹੇ ਨਾਲ ਕਿਹਾ, “ਤੁਹਾਡੇ ਤਾਂ ਸਾਰੇ ਪਿੰਡ ਨੇ ਕੁਫਰ ਤੋਲਣ ਦਾ ਠੇਕਾ ਲਿਆ ਹੋਇਆ ਹੈ। ਤਿੰਨ ਕੁ ਮਹੀਨੇ ਪਹਿਲਾਂ ਤੁਹਾਡੇ ਪਿੰਡ ਦੇ ਖੇਤਰਪਾਲ ਨੇ ਝੂਠੇ ਹੀ ਪੈਸੇ ਚੁੱਕ ਲਏ ਸਨ।” ਮੌਜੂਦਾ ਸਰਪੰਚ ਪੱਗ ਸਵਾਰਦਾ ਹੋਇਆ ਬੋਲਿਆ, “ਸਰਦਾਰ ਜੀ, ਉਹ ਤਾਂ ਪੈਸੇ ਚੁੱਕਣ ਤੋਂ ਦੋ ਹਫਤੇ ਬਾਅਦ ਹੀ ਮਰ ਗਿਆ ਸੀ। ਤੁਸੀਂ ਸਾਡੀ ਗੱਲ ਕਰੋ। ਦੱਸੋ ਕਦੋਂ ਚੁੱਕਣੀ ਆ ਸਹੁੰ ?”

ਸੁਣ ਕੇ ਮੈਨੂੰ ਚੱਕਰ ਆਉਣ ਲੱਗ ਪਏ। ਝੂਠੀ ਸਹੁੰ ਚੁੱਕਣ ਵਾਲੇ ਖੇਤਰਪਾਲ ਦੀ ਮੌਤ ਦਾ ਵੀ ਉਹਨਾਂ ਲੋਕਾਂ ‘ਤੇ ਭੋਰਾ ਅਸਰ ਨਹੀਂ ਸੀ ਹੋਇਆ। ਮੈਂ ਖਿਝ੍ਹ ਕੇ ਕਿਹਾ, “ਮੈਨੂੰ ਤਾਂ ਭਰਾਵੋ ਮਾਫ ਹੀ ਕਰੋ। ਤੁਸੀਂ ਹੋਰ ਕਿੰਨੇ ਕੁ ਬੰਦੇ ਮਰਵਾਉਣੇ ਆ ਝੂਠੀਆਂ ਸਹੁੰਆਂ ਚੁੱਕਵਾ ਕੇ? ਮੈਂ ਨਹੀਂ ਚੁਕਾਉਂਦਾ ਕਿਸੇ ਨੂੰ ਸਹੁੰ। ਜਾਉ ਜਾ ਕੇ ਅਦਾਲਤ ਵਿੱਚ ਕੇਸ ਕਰ ਦਿਉ।” ਮੈਂ ਗੱਡੀ ਨੂੰ ਸੈੱਲਫ ਮਾਰ ਕੇ ਉਥੋਂ ਭੱਜਣ ਵਿੱਚ ਹੀ ਭਲਾਈ ਸਮਝੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਭਲਾ ਕਰਨਾ ਵੀ ਕਈ ਵਾਰ ਪੁੱਠਾ ਪੈ ਜਾਂਦਾ ਹੈ।

ਦੋ ਕੁ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਬਰੇਲੀ (ਯੂ.ਪੀ.) ਵਿੱਚ ਕੁਝ ਬਦਮਾਸ਼ ਰੇਲਵੇ ਪਲੇਟਫਾਰਮ ‘ਤੇ ਆਪਸ ਲੜ ਰਹੇ ਸਨ। ਉਹਨਾਂ ਨੂੰ ਛਿੱਤਰੋ ਛਿੱਤਰੀ ਹੁੰਦਾ ਵੇਖ ਕੇ ਇੱਕ ਭਲੇਮਾਣਸ ਵਿਅਕਤੀ ਨੇ ਛੱਡ ਛੁਡਾ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਆਪਣੇ ਮਾਮਲੇ ਵਿੱਚ ਬਾਹਰੀ ਬੰਦੇ ਦੀ ਦਖਲਅੰਦਾਜ਼ੀ ਵੇਖ ਕੇ ਲੜਨਾ ਬੰਦ ਕਰ ਦਿੱਤਾ ਤੇ ਉਸ ਨੂੰ ਹੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਇੱਕ ਬਦਮਾਸ਼ ਨੇ ਉਸ ਸ਼ਰੀਫ ਵਿਅਕਤੀ ਨੂੰ ਧੱਕਾ ਦੇ ਕੇ ਪਟੜੀਆਂ ‘ਤੇ ਸੁੱਟ ਦਿੱਤਾ। ਐਨੇ ਨੂੰ ਤੇਜ਼ ਰਫਤਾਰ ਟਰੇਨ ਉਥੋਂ ਗੁਜ਼ਰੀ ਜਿਸ ਨੇ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ। ਇਹ ਵੇਖ ਕੇ ਬਦਮਾਸ਼ ਤਾਂ ਮੌਕੇ ਤੋਂ ਭੱਜ ਗਏ ਪਰ ਉਸ ਵਿਚਾਰੇ ਨੂੰ ਜਾਨ ਤੋਂ ਹੱਥ ਧੋਣੇ ਪਏ। ਵਾਹ ਲੱਗਦੀ ਭਲਾ ਜਰੂਰ ਕਰਨਾ ਚਾਹੀਦਾ ਹੈ, ਪਰ ਕਈ ਵਾਰ ਇਹ ਮਹਿੰਗਾ ਵੀ ਪੈ ਜਾਂਦਾ ਹੈ।

1994 – 95 ਵਿੱਚ ਮੈਂ ਐਸ.ਐਚ.ਉ. ਕੋਤਵਾਲੀ ਸੰਗਰੂਰ ਲੱਗਾ ਹੋਇਆ ਸੀ। ਦਸੰਬਰ ਦਾ ਮਹੀਨਾ ਸੀ ਤੇ ਸਖਤ ਸਰਦੀ ਪੈ ਰਹੀ ਸੀ। ਇੱਕ ਰਾਤ ਬਾਰਸ਼ ਹੋ ਰਹੀ ਸੀ ਤੇ ਮੈਂ ਸ਼ਹਿਰ ਵਿੱਚ ਗਸ਼ਤ ਕਰ ਰਿਹਾ ਸੀ। 9 – 10 ਵਜੇ ਦੀ ਗੱਲ ਹੋਵੇਗੀ ਕਿ ਇੱਕ ਸ਼ਰਾਬੀ ਜ਼ਖਮੀ ਹਾਲਤ ਵਿੱਚ ਸਕੂਟਰ ਸਮੇਤ ਸੜਕ ‘ਤੇ ਡਿੱਗਾ ਪਿਆ ਸੀ। ਮੈਂ ਗੱਡੀ ਰੋਕ ਕੇ ਉਸ ਨੂੰ ਚੈੱਕ ਕੀਤਾ ਤਾਂ ਉਹ ਸਹੀ ਸਲਾਮਤ ਸੀ, ਪਰ ਜੇ ਕਿਤੇ ਅਜਿਹੀ ਸਖਤ ਠੰਡ ਵਿੱਚ ਘੰਟਾ ਦੋ ਘੰਟੇ ਹੋਰ ਰਹਿ ਜਾਂਦਾ ਤਾਂ ਲਾਜ਼ਮੀ ਤੌਰ ‘ਤੇ ਉਸ ਨੇ ਮਰ ਜਾਣਾ ਸੀ। ਅਸੀਂ ਉਸ ਨੂੰ ਸਕੂਟਰ ਸਮੇਤ ਸਰਕਾਰੀ ਆਲਵਿਨ ਨਿਸ਼ਾਨ ਟੈਂਪੂ ਵਿੱਚ ਲੱਦ ਲਿਆ।

ਗੰਨਮੈਨਾਂ ਨੇ ਬੜੀ ਮੁਸ਼ਕਿਲ ਨਾਲ ਹਿਲਾ ਜੁਲਾ ਕੇ ਉਸ ਦਾ ਪਤਾ ਟਿਕਾਣਾ ਪੁੱਛਿਆ ਤੇ ਉਸ ਦੇ ਘਰ ਪਹੁੰਚ ਗਏ। ਕਾਫੀ ਦੇਰ ਖੜਕਾਉਣ ਤੋਂ ਬਾਅਦ ਘਰ ਵਾਲਿਆਂ ਨੇ ਦਰਵਾਜ਼ਾ ਖੋਲ੍ਹਿਆ। ਸਾਫ ਲੱਗਦਾ ਸੀ ਕਿ ਉਹ ਉਸ ਦੀਆਂ ਕਰਤੂਤਾਂ ਤੋਂ ਪਹਿਲਾਂ ਹੀ ਸੜੇ ਪਏ ਸਨ। ਸ਼ਰਾਬੀ ਦੀ ਪਤਨੀ ਲਾਲ ਲਾਲ ਡੇਲੇ ਕੱਢ ਕੇ ਸਾਡੇ ਵੱਲ ਇਸ ਤਰਾਂ ਝਾਕ ਰਹੀ ਸੀ ਜਿਵੇਂ ਕਿਤੇ ਅਸੀਂ ਹੀ ਉਸ ਨੂੰ ਸ਼ਰਾਬ ਪਿਆਈ ਹੋਵੇ। ਖੈਰ, ਅਸੀਂ ਉਸ ਨੂੰ ਛੱਡ ਕੇ ਵਾਪਸ ਆ ਗਏ। ਅਗਲੇ ਦਿਨ 11 ਕੁ ਵਜੇ ਮੈਨੂੰ ਮੈਸੇਜ਼ ਮਿਲਿਆ ਕਿ ਡੀ.ਐਸ.ਪੀ. ਸਾਹਿਬ ਨੇ ਆਪਣੇ ਦਫਤਰ ਬੁਲਾਇਆ ਹੈ। ਜਦੋਂ ਮੈਂ ਦਫਤਰ ਪਹੁੰਚਿਆ ਤਾਂ ਉਹ ਸ਼ਰਾਬੀ ਨਹਾ ਧੋ ਕੇ ਬਾਬੂ ਬਣਿਆ ਮੁਹੱਲੇ ਦੇ 8 – 10 ਬੰਦਿਆਂ ਨਾਲ ਡਿਪਟੀ ਸਾਹਿਬ ਦੇ ਸਾਹਮਣੇ ਕੁਰਸੀ ‘ਤੇ ਤਣਿਆਂ ਬੈਠਾ ਸੀ। ਡਿਪਟੀ ਸਾਹਿਬ ਨੇ ਮੈਨੂੰ ਪੁੱਛਿਆ ਕਿ ਰਾਤੀਂ ਐਲਵਿਨ ਨਿਸ਼ਾਨ ‘ਤੇ ਗਸ਼ਤ ‘ਤੇ ਕੌਣ ਕਰ ਰਿਹਾ ਸੀ, ਉਹ ਇਸ ਵਿਚਾਰੇ ਨੂੰ ਫੇਟ ਮਾਰ ਕੇ ਮਾਰ ਹੀ ਦੇਣ ਲੱਗਾ ਸੀ। ਪਹਿਲਾਂ ਤਾਂ ਮੇਰਾ ਦਿਲ ਕਰੇ ਕਿ ਉਸ ਨੂੰ ਉਥੇ ਹੀ ਢਾਹ ਕੇ ਲੱਤਾਂ ਮੁੱਕਿਆਂ ਨਾਲ ਚੰਗੀ ਤਰਾਂ ਸੇਵਾ ਕਰਾਂ। ਪਰ ਫਿਰ ਮੈਂ ਆਪਣੇ ਗੁੱਸੇ ਨੂੰ ਦਬਾ ਕੇ ਡਿਪਟੀ ਸਾਹਿਬ ਨੂੰ ਦੱਸਿਆ ਕਿ ਸਰ ਇਹ ਗਲਤੀ ਮੇਰੇ ਕੋਲੋਂ ਹੀ ਹੋਈ ਹੈ। ਜੇ ਮੈਨੂੰ ਪਤਾ ਹੁੰਦਾ ਕਿ ਇਸ ਘਟੀਆ ਇਨਸਾਨ ਨੇ ਮੇਰੀ ਭਲਾਈ ਦਾ ਇਹ ਮੁੱਲ ਪਾਉਣਾ ਹੈ ਤਾਂ ਮੈਂ ਇਸ ਨੂੰ ਉਥੇ ਹੀ ਮਰਨ ਲਈ ਛੱਡ ਦੇਣਾ ਸੀ। ਮੇਰੇ ਕੋਲੋਂ ਸਾਰੀ ਰਾਮ ਕਹਾਣੀ ਸੁਣ ਕੇ ਡਿਪਟੀ ਸਾਹਿਬ ਨੇ ਰੱਜ ਕੇ ਉਸ ਬੰਦੇ ਦੀ ਕੁੱਤੇਖਾਣੀ ਕੀਤੀ ਤੇ ਕਿਹਾ ਕਿ ਲਾਹਨਤ ਹੈ ਤੇਰੇ ‘ਤੇ, ਤੂੰ ਆਪਣੀ ਜਾਨ ਬਚਾਉਣ ਵਾਲੇ ਬੰਦੇ ‘ਤੇ ਹੀ ਇਲਜ਼ਾਮ ਤਰਾਸ਼ੀ ਕਰ ਰਿਹਾ ਹੈਂ। ਸੱਚਾਈ ਸੁਣ ਕੇ ਨਾਲ ਆਏ ਮੁਹਤਬਰਾਂ ਨੇ ਆਪਣੀ ਗਲਤੀ ਮੰਨੀ ਤੇ ਉਸ ਨੂੰ ਰੱਜ ਕੇ ਫਿਟਕਾਰਾਂ ਪਾਈਆਂ। ਬਾਅਦ ਵਿੱਚ ਪਤਾ ਲੱਗਾ ਕਿ ਉਹ ਨਹਿਸ਼ ਵਿਅਕਤੀ ਡੀ ਸੀ ਦਫਤਰ ਵਿੱਚ ਸੁਪਰਡੈਂਟ ਲੱਗਾ ਹੋਇਆ ਸੀ।

1985 – 86 ਦੌਰਾਨ ਪਿੰਡਾਂ ਵਿੱਚ ਪਾਣੀ ਵਾਲੀਆਂ ਮੋਟਰਾਂ ਦੀ ਰਿਪੇਅਰ ਕਰਨ ਵਾਲੀਆਂ ਦੁਕਾਨਾਂ ਦੀ ਬਹੁਤ ਘਾਟ ਸੀ। ਅਸੀਂ ਵੀ ਮੋਟਰਾਂ ਸੜਨ ‘ਤੇ ਚਾਟੀਵਿੰਡ ਗੇਟ ਅੰਮ੍ਰਿਤਸਰ ਦੇ ਬਾਹਰ ਕਾਲੂ ਮਿਸਤਰੀ (ਨਾਮ ਬਦਲਿਆ ਹੋਇਆ) ਦੀ ਦੁਕਾਨ ‘ਤੇ ਲੈ ਕੇ ਜਾਂਦੇ ਹੁੰਦੇ ਸੀ। ਉਸ ਦੀ ਦੁਕਾਨ ਦੇ ਨਾਲ ਹੀ ਸ਼ਾਮੇ ਬਾਊ (ਨਾਮ ਬਦਲਿਆ ਹੋਇਆ) ਦੀ ਕਰਿਆਨੇ ਦੀ ਦੁਕਾਨ ਸੀ। ਇੱਕ ਦਿਨ ਮੈਂ ਸੜੀ ਹੋਈ ਮੋਟਰ ਰਿਪੇਅਰ ਕਰਨ ਲਈ ਕਾਲੂ ਦੀ ਦੁਕਾਨ ‘ਤੇ ਦੇਣ ਲਈ ਗਿਆ ਤਾਂ ਵੇਖਿਆ ਕਿ ਸ਼ਾਮਾ ਚਿੱਬ ਖੜਿੱਬਾ ਹੋਇਆ ਪਿਆ ਸੀ ਤੇ ਉਸ ਦੇ ਸਿਰ ‘ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਮੈਂ ਕਾਲੂ ਨੂੰ ਪੁੱਛਿਆ ਕਿ ਇਸ ਨੂੰ ਕੀ ਹੋਇਆ ਹੈ? ਕਾਲੂ ਨੇ ਹੱਸ ਕੇ ਦੱਸਿਆ ਕਿ ਇਸ ਨੂੰ ਭਲਾ ਕਰਨ ਦਾ ਫਲ ਮਿਲਿਆ ਹੈ। ਅੱਗੇ ਪੁੱਛਣ ‘ਤੇ ਕਾਲੂ ਨੇ ਦੱਸਿਆ ਕਿ ਇਸ ਦੀ ਗਲੀ ਵਿੱਚ ਇੱਕ ਮੁੰਡੇ ਤੇ ਕੁੜੀ ਦਰਮਿਆਨ ਇਸ਼ਕ ਪੇਚਾ ਚੱਲ ਰਿਹਾ ਸੀ। ਇਹ ਐਵੇਂ ਸਵਾਦ ਲੈਣਾ ਦਾ ਮਾਰਾ ਦੋਵਾਂ ‘ਤੇ ਨਜ਼ਰ ਰੱਖਦਾ ਸੀ। ਉਸ ਵੇਲੇ ਆਮ ਘਰਾਂ ਵਿੱਚ ਟੈਲੀਫੋਨ ਤਾਂ ਹੁੰਦੇ ਨਹੀਂ ਸਨ, ਪ੍ਰੇਮ ਸੁਨੇਹੇ ਚਿੱਠੀਆਂ ਤੇ ਇਸ਼ਾਰਿਆਂ ਰਾਹੀਂ ਹੀ ਪਹੁੰਚਾਏ ਜਾਂਦੇ ਸਨ।

ਪ੍ਰੇਮੀ ਜੋੜੇ ਨੇ ਗਲੀ ਵਿੱਚ ਇੱਕ ਥਾਂ ਚਿੱਠੀਆਂ ਰੱਖਣ ਲਈ ਨਿਸ਼ਚਿਤ ਕੀਤੀ ਹੋਈ ਸੀ ਜੋ ਸ਼ਾਮੇ ਦੇ ਘਰ ਦੇ ਸਾਹਮਣੇ ਸੀ। ਕਦੇ ਕੁੜੀ ਚਿੱਠੀ ਰੱਖ ਜਾਂਦੀ ਤੇ ਮੁੰਡਾ ਕੁਝ ਦੇਰ ਬਾਅਦ ਚੁੱਕ ਕੇ ਲੈ ਜਾਂਦਾ ਤੇ ਕਦੇ ਮੁੰਡਾ ਚਿੱਠੀ ਰੱਖ ਜਾਂਦਾ ਤੇ ਕੁੜੀ ਮੌਕਾ ਵੇਖ ਕੇ ਲੈ ਜਾਂਦੀ। ਉਹਨਾਂ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਸ਼ਾਮਾ ਚੋਰੀ ਚੋਰੀ ਚਿੱਠੀਆਂ ਪੜ੍ਹ ਲੈਂਦਾ ਤੇ ਚੁੱਪ ਚਾਪ ਉਸੇ ਜਗ੍ਹਾ ‘ਤੇ ਰੱਖ ਦਿੰਦਾ। ਇੱਕ ਦਿਨ ਮੁੰਡੇ ਨੇ ਚਿੱਠੀ ਲਿਖੀ ਤੇ ਕੁੜੀ ਨੂੰ ਕਿਹਾ ਕੇ ਆਪਾਂ ਫਲਾਣੀ ਰਾਤ ਨੂੰ ਫਰਾਰ ਹੋ ਜਾਣਾ ਹੈ, ਤੂੰ ਘਰ ਦਾ ਗਹਿਣਾ ਗੱਟਾ ਤੇ ਪੈਸੇ ਲੈ ਆਵੀਂ। ਸ਼ਾਮੇ ਨੇ ਜਦੋਂ ਚਿੱਠੀ ਪੜ੍ਹੀ ਤਾਂ ਉਸ ਦੇ ਅੰਦਰ ਭਲਾਈ ਦਾ ਕੀੜਾ ਜਾਗ ਉੱਠਿਆ ਤੇ ਨਾਲੇ ਗਲੀ ਮੁਹੱਲੇ ਦੀ ਇੱਜ਼ਤ ਦਾ ਸਵਾਲ ਵੀ ਸੀ। ਉਸ ਨੇ ਇੱਕ ਆਦਰਸ਼ ਨਾਗਰਿਕ ਦਾ ਫਰਜ਼ ਨਿਭਾਉਂਦੇ ਹੋਏ ਚਿੱਠੀ ਕੁੜੀ ਦੇ ਘਰ ਵਾਲਿਆਂ ਨੂੰ ਜਾ ਫੜਾਈ ਕਿ ਭਾਈ ਜੇ ਆਪਣੀ ਇੱਜ਼ਤ ਬਚਾ ਸਕਦੇ ਹੋ ਤਾਂ ਬਚਾ ਲਉ। ਚਿੱਠੀ ਪੜ੍ਹਦੇ ਸਾਰ ਕੁੜੀ ਵਾਲਿਆਂ ਨੂੰ ਸੱਤ ਕੱਪੜੀਂ ਅੱਗ ਲੱਗ ਗਈ ਤੇ ਉਹਨਾਂ ਨੇ ਮੁੰਡੇ ਵਾਲਿਆਂ ਦੇ ਘਰ ‘ਤੇ ਕਮਾਂਡੋ ਅਟੈਕ ਕਰ ਦਿੱਤਾ। ਦੋਵਾਂ ਧਿਰਾਂ ਵਿੱਚ ਜੰਮ ਕੇ ਇੱਟਾਂ ਵੱਟੇ ਤੇ ਸੋਡੇ ਦੀਆਂ ਬੋਤਲਾਂ ਚੱਲੀਆਂ। ਆਖਰ ਮੁਹੱਲੇ ਦੇ ਮੋਹਤਬਰਾਂ ਨੇ ਵਿੱਚ ਪੈ ਕੇ ਲੜਾਈ ਮੁਕਾਈ ਤੇ ਰਾਜ਼ੀਨਾਮਾ ਕਰਵਾ ਦਿੱਤਾ ਕਿ ਕੁੜੀ ਤੇ ਮੁੰਡਾ ਇੱਕ ਹੀ ਜ਼ਾਤ ਬਰਾਦਰੀ ਦੇ ਹਨ, ਇਸ ਲਈ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇ।

ਜਦੋਂ ਠੰਡ ਠੰਡੋਰਾ ਹੋ ਗਿਆ ਤਾਂ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੂੰ ਪੁੱਛਿਆ ਕਿ ਭਾਈ ਹੁਣ ਤਾਂ ਆਪਾਂ ਰਿਸ਼ਤੇਦਾਰ ਬਣ ਗਏ ਹਾਂ, ਇਹ ਤਾਂ ਦਸ ਦਿਉ ਕਿ ਇਹ ਚਵਾਤੀ ਲਗਾਈ ਕਿਸ ਚੁਗਲਖੋਰ ਨੇ ਸੀ? ਜਦੋਂ ਕੁੜੀ ਵਾਲਿਆਂ ਨੇ ਦੱਸਿਆ ਕਿ ਇਹ ਸ਼ੁਭ ਕਰਮ ਸ਼ਾਮੇ ਨੇ ਕੀਤਾ ਹੈ ਤਾਂ ਮੁੰਡੇ ਵਾਲਿਆਂ ਨੇ ਮਿੰਟਾਂ ਸਕਿੰਟਾਂ ਵਿੱਚ ਸ਼ਾਮੇ ਨੂੰ ਬਕਰੇ ਵਾਂਗ ਜਾ ਢਾਹਿਆ। ਜੇ ਕਿਤੇ ਗਲੀ ਮੁਹੱਲੇ ਵਾਲੇ ਵਿੱਚ ਨਾ ਪੈਂਦੇ ਤਾਂ ਸ਼ਾਇਦ ਉਹ ਇਸ ਦਾ ਕਤਲ ਹੀ ਕਰ ਦਿੰਦੇ। ਇਸ ਨੂੰ ਅੱਜ ਦਸਾਂ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ। ਇਲਾਕੇ ਦੇ ਐਮ.ਸੀ. ਤੇ ਮੁਹਤਬਰਾਂ ਦੇ ਦਬਾਅ ਕਾਰਨ ਪੁਲਿਸ ਨੇ ਇਸ ਦੀ ਦਰਖਾਸਤ ‘ਤੇ ਕੋਈ ਕਾਰਵਾਈ ਵੀ ਨਹੀਂ ਕੀਤੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਅੱਖੀਂ ਵੇਖਿਆ ਕੌੜੀ ਪਿੰਡ (ਖੰਨਾ) ਦਾ ਭਿਆਨਕ ਰੇਲ ਹਾਦਸਾ ਅਤੇ ਪੰਜਾਬੀਆਂ ਦੀ ਨਿਸ਼ਕਾਮ ਸੇਵਾ

ਕੁਝ ਦਿਨ ਪਹਿਲਾਂ ਉੜੀਸਾ ਵਿੱਚ ਹੋਏ ਰੇਲ ਹਾਦਸੇ ਵਿੱਚ 280 ਦੇ ਕਰੀਬ ਲੋਕ ਅਣਿਆਈ ਮੌਤ ਮਾਰੇ ਗਏ ਹਨ ਤੇ ਸੈਂਕੜੇ ਹੋਰ ਜ਼ਖਮੀ ਹੋਏ ਹਨ। ਸੋਸ਼ਲ ਮੀਡੀਆ ਵਿੱਚ ਕੁਝ ਵਿਚਲਿਤ ਕਰਨ ਵਾਲੇ ਵੀਡੀਉ ਘੁੰਮ ਰਹੇ ਹਨ, ਜਿਹਨਾਂ ਵਿੱਚ ਇਸ ਹਾਦਸੇ ਕਾਰਨ ਮਾਰੇ ਗਏ ਬਦਨਸੀਬਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਵਾਂਗ ਚੁੱਕ ਚੁੱਕ ਟੈਂਪੂਆਂ ਵਿੱਚ ਸੁੱਟਿਆ ਜਾ ਰਿਹਾ ਹੈ। ਜਦੋਂ ਵੀ ਮੈਂ ਕਦੇ ਰੇਲ ਹਾਦਸਿਆਂ ਬਾਰੇ ਪੜ੍ਹਦਾ ਹਾਂ ਤਾਂ ਮੈਨੂੰ 26 ਨਵੰਬਰ 1998 ਵਾਲੇ ਦਿਨ ਖੰਨੇ ਦੇ ਨਜ਼ਦੀਕ ਹੋਏ ਪੰਜਾਬ ਦੇ ਸਭ ਤੋਂ ਵੱਡੇ ਕੌੜੀ ਰੇਲ ਹਾਦਸੇ ਦੇ ਦ੍ਰਿਸ਼ ਯਾਦ ਆ ਜਾਂਦੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਐਨੀਆਂ ਲਾਸ਼ਾਂ ਅਤੇ ਜ਼ਖਮੀ ਨਹੀਂ ਵੇਖੇ ਤੇ ਨਾ ਹੀ ਅਜਿਹਾ ਭਿਆਨਕ ਹਾਦਸਾ ਵੇਖਿਆ ਹੈ। ਉਸ ਸਮੇਂ ਮੈਂ ਪਾਇਲ ਸਬ ਡਵੀਜ਼ਨ ਵਿੱਚ ਬਤੌਰ ਡੀ.ਐਸ.ਪੀ. ਤਾਇਨਾਤ ਸੀ। ਇਹ ਹਾਦਸਾ ਸਵੇਰੇ ਤਿੰਨ ਵਜੇ ਦੇ ਕਰੀਬ ਹੋਇਆ ਸੀ ਤੇ ਪੁਲਿਸ, ਜੀ ਆਰ ਪੀ, ਰੇਲਵੇ ਅਧਿਕਾਰੀ ਅਤੇ ਸਿਵਲ ਪ੍ਰਸ਼ਾਸ਼ਨ ਸਿਰਫ ਅੱਧੇ ਪੌਣੇ ਘੰਟੇ ਵਿੱਚ ਹੀ ਮੌਕੇ ‘ਤੇ ਪਹੁੰਚ ਗਏ ਸਨ। ਉਹ ਖੌਫਨਾਕ ਮੰਜ਼ਰ ਅੱਜ 25 ਸਾਲ ਬੀਤ ਜਾਣ ਤੋਂ ਬਾਅਦ ਵੀ ਉਸੇ ਤਰਾਂ ਮੇਰੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ। ਰੇਲ ਦੇ ਡੱਬੇ ਇਸ ਤਰਾਂ ਤਬਾਹ ਹੋਏ ਸਨ ਜਿਵੇਂ ਕਿਸੇ ਬੱਚੇ ਨੇ ਗੁੱਸੇ ਵਿੱਚ ਆ ਕੇ ਮਾਚਸ ਦੀ ਡੱਬੀ ਮਰੋੜੀ ਹੋਵੇ। ਇੱਕ ਟਰੇਨ ਦਾ ਇੰਜਣ ਦੂਸਰੀ ਟਰੇਨ ਦੇ ਡੱਬਿਆਂ ਨੂੰ ਤੋਪ ਦੇ ਗੋਲੇ ਵਾਂਗ ਪਾੜ ਕੇ ਵਿੱਚੋਂ ਦੀ ਲੰਘ ਗਿਆ ਸੀ। ਸੁੱਤੇ ਪਏ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਕਿ ਮੌਤ ਨੇ ਉਹਨਾਂ ਨੂੰ ਆਪਣੇ ਖੂਨੀ ਪੰਜਿਆਂ ਵਿੱਚ ਜਕੜ ਲਿਆ ਹੈ।

ਇਹ ਹਾਦਸਾ ਮਨੁੱਖੀ ਗਲਤੀ ਕਾਰਨ ਸਿਆਲਦਾ ਐਕਸਪ੍ਰੈੱਸ ਦੇ ਫਰੰਟੀਅਰ ਮੇਲ ਦੇ ਲੀਹੋਂ ਲੱਥੇ ਤਿੰਨ ਡੱਬਿਆਂ ਨਾਲ ਟਕਰਾਉਣ ਕਾਰਨ ਹੋਇਆ ਸੀ। ਸਿਆਲਦਾ ਐਕਸਪ੍ਰੈੱਸ ਜੰਮੂ ਤੋਂ ਦਿੱਲੀ ਜਾ ਰਹੀ ਸੀ ਤੇ ਫਰੰਟੀਅਰ ਮੇਲ ਦਿੱਲੀ ਤੋਂ ਲੁਧਿਆਣਾ ਵੱਲ। ਖੰਨੇ ਤੋਂ ਪੰਜ ਕਿ.ਮੀ. ਦੂਰ ਕੌੜੀ ਪਿੰਡ ਦੇ ਨਜ਼ਦੀਕ ਫਰੰਟੀਅਰ ਮੇਲ ਦੇ ਤਿੰਨ ਡੱਬੇ ਠੀਕ ਤਰਾਂ ਨਾਲ ਨਾ ਜੋੜੇ ਹੋਣ ਕਾਰਨ ਟਰੇਨ ਤੋਂ ਵੱਖ ਹੋ ਕੇ ਸਿਆਲਦਾ ਐਕਸਪ੍ਰੈੱਸ ਵਾਲੀ ਪਟੜੀ ‘ਤੇ ਜਾ ਡਿੱਗੇ ਸਨ। ਇਸ ਤੋਂ ਪਹਿਲਾਂ ਕਿ ਮੁਸਾਫਰ ਡੱਬਿਆਂ ਵਿੱਚੋਂ ਬਾਹਰ ਨਿਕਲ ਸਕਦੇ, 110 ਕਿ.ਮੀ. ਦੀ ਸਪੀਡ ਨਾਲ ਆ ਰਹੀ ਸਿਆਲਦਾ ਐਕਸਪ੍ਰੈੱਸ ਇਹਨਾਂ ਨਾਲ ਆ ਟਕਰਾਈ ਤੇ ਟਰੈਕ ਤੋਂ ਉੱਤਰ ਕੇ ਬੁਰੀ ਤਰਾਂ ਨਾਲ ਪਲਟੀਆਂ ਖਾ ਗਈ। ਸਿਆਲਦਾ ਦੇ ਚਾਰ ਅਤੇ ਫਰੰਟੀਅਰ ਦੇ ਤਿੰਨ ਡੱਬੇ ਪੂਰੀ ਤਰਾਂ ਤਬਾਹ ਹੋ ਗਏ ਸਨ। ਦੋਵਾਂ ਟਰੇਨਾਂ ਵਿੱਚ ਕਰੀਬ 2500 ਮੁਸਾਫਰ ਸਵਾਰ ਸਨ, ਜਿਹਨਾਂ ਵਿੱਚੋਂ 212 ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। ਹਾਦਸਾ ਐਨਾ ਜ਼ਬਰਦਸਤ ਸੀ ਕਿ ਸਿਆਲਦਾ ਦਾ ਇੰਜਣ ਟੀਨ ਦੇ ਡੱਬੇ ਵਾਂਗ ਮਰੁੰਡਿਆ ਗਿਆ ਸੀ ਤੇ ਡਰਾਈਵਰ ਦੀ ਲਾਸ਼ ਦੇ ਟੁਕੜੇ ਟੁਕੜੇ ਹੋ ਗਏ ਸਨ।

ਇਸ ਦਰਦਨਾਕ ਹਾਦਸੇ ਦਾ ਸਭ ਤੋਂ ਵਰਨਣਯੋਗ ਪੱਖ ਇਸ ਦੁੱਖ ਦੀ ਘੜੀ ਵਿੱਚ ਪੰਜਾਬੀਆਂ ਵੱਲੋਂ ਵਿਖਾਈ ਗਈ ਮਿਸਾਲੀ ਤੇ ਗਾਥਾਮਈ ਸੇਵਾ ਭਾਵਨਾ ਸੀ। ਹਾਦਸੇ ਵਾਲੀ ਜਗ੍ਹਾ ਖੇਤਾਂ ਵਿੱਚ ਹੋਣ ਕਾਰਨ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ। ਸਾਰੇ ਪਾਸੇ ਜ਼ਖਮੀਆਂ ਦਾ ਚੀਕ ਚਿਹਾੜਾ ਪਿਆ ਹੋਇਆ ਸੀ ਤੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਪਰ ਖਬਰ ਫੈਲਦੇ ਸਾਰ ਦੂਰ ਨੇੜੇ ਦੇ ਪਿੰਡਾਂ ਅਤੇ ਖੰਨੇ ਤੋਂ ਸੈਂਕੜੇ ਲੋਕ ਫੌਰਨ ਮਦਦ ਲਈ ਪਹੁੰਚ ਗਏ। ਰੌਸ਼ਨੀ ਦਾ ਪ੍ਰਬੰਧ ਕਰਨ ਲਈ ਕਿਸਾਨਾਂ ਨੇ ਹਾਦਸੇ ਵਾਲੀ ਥਾਂ ਦੇ ਦੋਵੇਂ ਪਾਸੇ ਦਰਜ਼ਨਾਂ ਟਰੈਕਟਰ ਖੜੇ ਕਰ ਦਿੱਤੇ ਤੇ ਉਹਨਾਂ ਦੀਆਂ ਲਾਈਟਾਂ ਜਗਾ ਕੇ ਦਿਨ ਚੜ੍ਹਾ ਦਿੱਤਾ। ਕਿਸੇ ਨੇ ਡੀਜ਼ਲ ਦੀ ਪ੍ਰਵਾਹ ਨਾ ਕੀਤੀ ਤੇ ਨਾ ਹੀ ਪ੍ਰਸ਼ਾਸ਼ਨ ਕੋਲੋਂ ਮੰਗਿਆ। ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਦਾਨਵੀਰਾਂ ਨੇ ਸੈਂਕੜੇ ਸਟਰੇਚਰ, ਮੰਜੀਆਂ, ਕੰਬਲ ਅਤੇ ਦਵਾਈਆਂ ਪੱਟੀਆਂ ਆਦਿ ਜਰੂਰੀ ਵਸਤਾਂ ਮੌਕੇ ‘ਤੇ ਪਹੁੰਚਾ ਦਿੱਤੀਆਂ ਸਨ। ਕਿਸੇ ਵੀ ਵਸਤੂ ਲਈ ਅਧਿਕਾਰੀ ਇੱਕ ਅਵਾਜ਼ ਮਾਰਦੇ ਤਾਂ ਸੌ ਬੰਦਾ ਹਾਜ਼ਰ ਹੋ ਜਾਂਦਾ ਸੀ। ਸੈਂਕੜੇ ਲੋਕ ਸਰਕਾਰੀ ਹਸਪਤਾਲ ਵਿੱਚ ਖੂਨ ਦਾਨ ਕਰਨ ਲਈ ਪਹੰੁਚ ਗਏ ਸਨ। ਰਾਤ ਤੋਂ ਹੀ ਚਾਹ ਪ੍ਰਸ਼ਾਦਿਆਂ ਦਾ ਲੰਗਰ ਚਾਲੂ ਹੋ ਗਿਆ ਸੀ ਤੇ ਲੋਕਾਂ ਨੇ ਪੀੜਤਾਂ ਦੇ ਵਾਰਸਾਂ ਦੇ ਰਹਿਣ ਦਾ ਪ੍ਰਬੰਧ ਕਰਨ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ।

ਜਦੋਂ ਦਿੱਲੀ ਤੋਂ ਰੇਲਵੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਲੋਕਾਂ ਵੱਲੋਂ ਕੀਤੇ ਪ੍ਰਬੰਧ ਵੇਖ ਕੇ ਉਹਨਾਂ ਦੀਆਂ ਅੱਖਾਂ ਭਰ ਆਈਆਂ। ਇੱਕ ਅਫਸਰ ਨੇ ਦੱਸਿਆ ਕਿ ਕਈ ਸੂਬੇ ਤਾਂ ਅਜਿਹੇ ਹਨ, ਜਿੱਥੇ ਜੇ ਐਕਸੀਡੈਂਟ ਹੋ ਜਾਵੇ ਤਾਂ ਲੋਕ ਮਦਦ ਕਰਨ ਦੀ ਬਜਾਏ ਮ੍ਰਿਤਕਾਂ ਅਤੇ ਜ਼ਖਮੀਆਂ ਦਾ ਸਮਾਨ ਲੁੱਟਣਾ ਸ਼ੁਰੂ ਕਰ ਦੇਂਦੇ ਹਨ। ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਿਲ ਲਾਸ਼ਾਂ ਨੂੰ ਉਹਨਾਂ ਦੇ ਪਤੇ ਟਿਕਾਣਿਆਂ ‘ਤੇ ਪਹੁੰਚਾਉਣ ਵਿੱਚ ਆਈ ਸੀ। ਮ੍ਰਿਤਕਾਂ ਦੇ ਸਾਰੇ ਵਾਰਸ ਐਨੇ ਅਮੀਰ ਨਹੀਂ ਸਨ ਕਿ ਦਿੱਲੀ ਦੱਖਣ ਤੱਕ ਕਿਰਾਏ ਦੀਆਂ ਗੱਡੀਆਂ ਕਰ ਸਕਦੇ। ਇਥੇ ਫਿਰ ਪੰਜਾਬੀਆਂ ਦੀ ਭਾਈ ਘਨੱਈਆ ਜੀ ਵਾਲੀ ਸੇਵਾ ਭਾਵਨਾ ਸਾਹਮਣੇ ਆਈ। ਖੰਨੇ ਦੇ ਦਾਨੀਆਂ ਨੇ ਭਾਰਤ ਦੇ ਹਰ ਕੋਨੇ ਵਿੱਚ ਲਾਸ਼ਾਂ ਪਹੁੰਚਾਉਣ ਲਈ ਆਪਣੇ ਖਰਚੇ ‘ਤੇ ਟੈਕਸੀਆਂ ਕਰ ਕੇ ਦਿੱਤੀਆਂ ਤੇ ਗਰੀਬ ਵਾਰਸਾਂ ਨੂੰ ਰਸਤੇ ਦੇ ਖਰਚੇ ਵਾਸਤੇ ਪੈਸੇ ਵੀ ਦਿੱਤੇ। ਇਸ ਦੌਰਾਨ ਇੱਕ ਬੇਹੱਦ ਘਟੀਆ ਹਰਕਤ ਵੀ ਵਾਪਰੀ ਸੀ। ਜਦੋਂ ਸਾਰੇ ਲੋਕ ਨਿਰਸਵਾਰਥ ਭਾਵਨਾ ਨਾਲ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਸਨ, ਇੱਕ ਸਰਕਾਰੀ ਕਰਮਚਾਰੀ ਮ੍ਰਿਤਕਾਂ ਦੇ ਗਹਿਣੇ ਅਤੇ ਪੈਸੇ ਚੋਰੀ ਕਰਦਾ ਹੋਇਆ ਰੈੱਡ ਕਰਾਸ ਵਾਲਿਆਂ ਨੇ ਰੰਗੇ ਹੱਥੀਂ ਪਕੜ ਲਿਆ। ਉਸ ਦੀ ਘਟੀਆ ਹਰਕਤ ਕਾਰਨ ਲੋਕਾਂ ਨੇ ਉਸ ਨੂੰ ਰੱਜ ਕੇ ਲਾਹਨਤਾਂ ਪਾਈਆਂ ਤੇ ਕੁੱਟ ਮਾਰ ਕੇ ਉਥੋਂ ਭਜਾ ਦਿੱਤਾ।

ਹੁਣ ਵੀ ਜਦੋਂ ਕਿਸੇ ਰੇਲ ਹਾਦਸੇ ਦੀ ਖਬਰ ਆਉਂਦੀ ਹੈ ਤਾਂ ਮਨ ਉਦਾਸ ਹੋ ਜਾਂਦਾ ਹੈ। ਇਨਸਾਨੀ ਗਲਤੀ ਤੇ ਅਣਗਹਿਲੀ ਕਾਰਨ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਜਾਂਦੇ ਹਨ। ਪਰ ਵਾਰ ਵਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਵੀ ਪਹਿਲਾਂ ਵਾਲੀਆਂ ਗਲਤੀਆਂ ਸੁਧਾਰੀਆਂ ਨਹੀਂ ਜਾ ਰਹੀਆਂ। ਹਾਦਸਿਆਂ ਤੋਂ ਬਾਅਦ ਕੀਤੀਆਂ ਪੜਤਾਲਾਂ ਵਿੱਚ ਭ੍ਰਿਸ਼ਟ, ਨਾਅਹਿਲ ਅਤੇ ਕੰਮਚੋਰ ਸਰਕਾਰੀ ਅਧਿਕਾਰੀਆਂ ਦੀਆਂ ਗਲਤੀਆਂ ਸਾਹਮਣੇ ਆਉਂਦੀਆਂ ਹਨ। ਪਰ ਕੀ ਫਾਇਦਾ, ਮਰਨ ਵਾਲੇ ਤਾਂ ਵਾਪਸ ਨਹੀਂ ਆਉਣੇ। ਇਸ ਲਈ ਚਾਹੀਦਾ ਹੈ ਕਿ ਹਰ ਪੱਧਰ ‘ਤੇ ਰੇਲਵੇ ਸਿਸਟਮ ਵਿੱਚ ਸੁਧਾਰ ਲਿਆਦਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ। ਕਿਸੇ ਮੰਤਰੀ ਜਾਂ ਉੱਚ ਅਧਿਕਾਰੀ ਦੇ ਅਸਤੀਫਾ ਦੇਣ ਜਾਂ ਬਰਖਾਸਤ ਕਰਨ ਨਾਲ ਕੋਈ ਫਰਕ ਪੈਣਾ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਬਹੁਤ ਤੇਜੀ ਨਾਲ ਬਦਲ ਰਿਹਾ ਹੈ ਪੰਜਾਬ ਦਾ ਸੱਭਿਆਚਾਰ

ਬਦਲਾਉ ਪ੍ਰਕਿਰਤੀ ਦਾ ਨਿਯਮ ਹੈ, ਪਰ ਜਿਸ ਤੇਜੀ ਨਾਲ ਪੰਜਾਬ ਦਾ ਸੱਭਿਆਚਾਰ ਖਤਮ ਹੋ ਰਿਹਾ ਹੈ, ਉਹ ਹੈਰਾਨੀਜਨਕ ਹੈ। ਪੰਜਾਬ ਦੇ ਸੱਭਿਆਚਾਰ ਵਿੱਚੋਂ ਸੈਂਕੜੇ ਅਜਿਹੇ ਰੀਤੀ ਰਿਵਾਜ਼ ਅਤੇ ਵਸਤੂਆਂ ਖਤਮ ਹੋ ਗਈਆਂ ਹਨ, ਜਿਹਨਾਂ ਬਾਰੇ ਨਵੀਂ ਪੀੜ੍ਹੀ ਨੂੰ ਕੁਝ ਵੀ ਪਤਾ ਨਹੀਂ ਹੈ।

ਪੰਜਾਬ ਦੇ ਸੱਭਿਆਚਾਰ ਬਾਰੇ ਕਿਸੇ ਕਵੀ ਦੇ ਦਿਲ ਵਿੱਚੋਂ ਇਸ ਤਰਾਂ ਹੂਕ ਨਿਕਲੀ ਹੈ,
ਉਹ ਮੋਹਲਾ, ਉਹ ਉੱਖਲੀ, ਉਹ ਚੱਕੀ, ਉਹ ਦਾਣੇ।

ਵਿਆਹਾਂ ਦੀ ਭਾਜੀ, ਪਤਾਸੇ ਮਖਾਣੇ।
ਨਾ ਰਹੇ ਆਟੇ, ਪਰਾਤਾਂ ਨਾ ਰਹੀਆਂ।
ਉਹ ਡੋਲੀ, ਉਹ ਤੰਬੂ, ਕਨਾਤਾਂ ਨਾ ਰਹੀਆਂ।
ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ।

ਪੰਜਾਬੀ ਸੱਭਿਆਚਾਰ ਦੇ ਦਰਸ਼ਨ ਹੁਣ ਸਿਰਫ ਪੁਰਾਣੀਆਂ ਪੰਜਾਬੀ ਫਿਲਮਾਂ ਜਾਂ ਮਿਊਜ਼ੀਅਮਾਂ ਵਿੱਚ ਹੀ ਹੁੰਦੇ ਹਨ। ਅੱਜ ਜੇ ਕੋਈ ਖੁਲ੍ਹਾ ਕੁੜਤਾ ਤੇ ਧੂੰਹਵਾਂ ਚਾਦਰਾ ਬੰਨ੍ਹ ਕੇ ਬਜ਼ਾਰ ਵਿੱਚ ਦੀ ਲੰਘ ਜਾਵੇ ਤਾਂ ਲੋਕ ਮੁੜ ਮੁੜ ਕੇ ਵੇਖਦੇ ਹਨ। ਪੰਜਾਬ ਦੇ 1% ਘਰਾਂ ਵਿੱਚ ਵੀ ਹੁਣ ਚਾਟੀ ਵਿੱਚ ਮਧਾਣੀ ਨਹੀਂ ਖੜਕਦੀ। ਘਰ ਦੇ ਦਹੀਂ, ਲੱਸੀ, ਮੱਖਣ ਤੇ ਘਿਉ ਦਾ ਸਵਾਦ ਲੋਕਾਂ ਨੂੰ ਭੁੱਲ ਗਿਆ ਹੈ। ਕੁੱਜੇ ਵਿੱਚ ਰਿੱਝਦਾ ਸਾਗ, ਦਾਣੇ ਭੁੰਨਣ ਵਾਲੀ ਭੱਠੀ, ਕਮਾਦ ਪੀੜਨ ਵਾਲਾ ਵੇਲਣਾ, ਗੁੜ ਬਣਾਉਣ ਵਾਲੇ ਕੜਾਹੇ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ।

ਨਵੀਂ ਪੀੜ੍ਹੀ ਨੂੰ ਤਾਂ ਹੁਣ ਸੈਂਕੜੇ ਚੀਜਾਂ ਦੇ ਨਾਮ ਵੀ ਨਹੀਂ ਪਤਾ। ਉਹਨਾਂ ਨੂੰ ਮਾਲੂਮ ਹੀ ਨਹੀਂ ਕਿ ਗੁੱਲੀ ਡੰਡਾ, ਬੰਟੇ (ਕੱਚ ਦੀਆਂ ਗੋਲੀਆਂ), ਲਿਖਣ ਵਾਲੀਆਂ ਫੱਟੀਆਂ, ਲਾਟੂ, ਲੁਕਣ ਮੀਟੀ, ਬਾਂਦਰ ਕਿੱਲਾ, ਸ਼ਟਾਪੂ, ਪਿੱਠੂ ਗਰਮ, ਛੂਹਣ ਛਪਾਈ, ਬੰਟੇ ਖੇਡਣ ਵਾਲੀ ਖੁੱਤੀ ਤੇ ਗੁੱਲੀ ਡੰਡਾ ਖੇਡਣ ਵਾਲੀ ਰਾਬ ਕੀ ਹੁੰਦੀ ਹੈ? ਸਾਉਣ ਮਹੀਨੇ ਲੱਗਦੀਆਂ ਤੀਆਂ ਹੁਣ ਸਿਰਫ ਗਾਣਿਆਂ ਜਾਂ ਫਿਲਮਾਂ ਵਿੱਚ ਰਹਿ ਗਈਆਂ ਹਨ। ਪਿੱਪਲਾਂ ਬੋਹੜਾਂ ਥੱਲੇ ਹੁਣ ਸੱਥਾਂ ਨਹੀਂ ਲੱਗਦੀਆਂ, ਉਹਨਾਂ ਦੀ ਜਗ੍ਹਾ ਐਮ.ਪੀ. ਕੋਟੇ ਵਿੱਚੋ ਆਏ ਸੀਮਿੰਟ ਦੇ ਬੈਂਚਾਂ ਨੇ ਲੈ ਲਈ ਹੈ। ਤਾਂਗਾ ਕਿਤੇ ਵਿਰਲਾ ਟਾਵਾਂ ਹੀ ਦਿਸਦਾ ਹੈ। ਪਹਿਲਾਂ ਸ਼ਹਿਰਾਂ ਵਿੱਚ ਤਾਂਗੇ ਖੜੇ ਕਰਨ ਲਈ ਖਾਸ ਤੌਰ ‘ਤੇ ਤਾਂਗਾ ਸਟੈਂਡ ਬਣੇ ਹੁੰਦੇ ਸਨ। ਪਿੰਡਾਂ ਵਿੱਚ ਵਿਕਣ ਆਉਣ ਵਾਲੀ ਮਲਾਈ ਬਰਫ ਦੀ ਜਗ੍ਹਾ ਕੁਲਫੀਆਂ ਅਤੇ ਆਈਸ ਕਰੀਮਾਂ ਨੇ ਲੈ ਲਈ ਹੈ। ਫੇਰੀ ਵਾਲੇ ਵੱਲੋਂ ਕਾਗਜ਼ ‘ਤੇ ਪਾ ਕੇ ਦਿੱਤੀ ਜਾਂਦੀ ਮਲਾਈ ਬਰਫ ਦੀ ਇੱਕ ਪਤਲੀ ਜਿਹੀ ਕਾਤਰ ਅਮੁੱਲ ਦੀ ਪਿਸਤਾ ਕੁਲਫੀ ਨਾਲੋਂ ਜਿਆਦਾ ਮਜ਼ਾ ਦਿੰਦੀ ਸੀ।

ਹੁਣ ਕੋਈ ਕਿਸਾਨ ਖੇਤੀਬਾੜੀ ਲਈ ਬਲਦ ਜਾਂ ਊਠ ਨਹੀਂ ਪਾਲਦਾ। ਗੱਡੇ, ਹਲ੍ਹ, ਪੰਜਾਲੀਆਂ, ਅਰਲੀ, ਹੱਥ ਤੇ ਡੰਗਰਾਂ ਨਾਲ ਚੱਲਣ ਵਾਲੇ ਟੋਕੇ, ਵੇਲਣੇ, ਵੱਟਾਂ ਪਾਉਣ ਵਾਲੇ ਜਿੰਦਰੇ, ਤੂੜੀ ਦੇ ਮੂਸਲ ਤੇ ਫਲ੍ਹੇ ਆਦਿ ਵਰਗੇ ਖੇਤੀ ਦੇ ਸੰਦ ਅਜਾਇਬਘਰਾਂ ਦਾ ਸ਼ਿੰਗਾਰ ਬਣ ਚੁੱਕੇ ਹਨ। ਘਰਾਂ ਵਿੱਚ ਵਰਤਣ ਵਾਲਾ ਸਮਾਨ ਜਿਵੇਂ ਹੱਥ ਵਾਲੀਆਂ ਚੱਕੀਆਂ, ਮਧਾਣੀਆਂ, ਸੇਵੀਆਂ ਵੱਟਣ ਵਾਲੀ ਬਿੱਲੀ, ਕਾੜ੍ਹਨੀ, ਚਾਟੀ, ਚੱਕਵੇਂ ਚੁਲ੍ਹੇ, ਨਾਲੇ ਅਤੇ ਖੇਸ ਬੁਣਨ ਵਾਲੀ ਖੱਡੀ, ਕਿੱਲੀਆਂ, ਚਰਖੇ, ਸਰੋ੍ਹਂ ਦੇ ਤੇਲ ਵਾਲੇ ਦੀਵੇ, ਆਟੇ ਦੀਆਂ ਚਿੜੀਆਂ ਤੇ ਘਰ ਦਾ ਗੁੜ ਸ਼ੱਕਰ ਵੀ ਗਾਇਬ ਹੋ ਗਏ ਹਨ। ਹੁਣ ਕੁੜੀਆਂ ਪਹਿਲਾਂ ਵਾਂਗ ਤ੍ਰਿਝਣਾਂ ਵਿੱਚ ਬੈਠ ਕੇ ਸੂਤ ਨਹੀਂ ਕੱਤਦੀਆਂ। ਪਿੱਤਲ ਤੇ ਕਾਂਸੀ ਦੀ ਜਗ੍ਹਾ ਸਟੀਲ ਦੇ ਭਾਂਡੇ ਆ ਜਾਣ ਕਾਰਨ ਕਲੀ ਕਰਨ ਵਾਲਿਆਂ ਦੇ ਹੋਕੇ ਵੀ ਸੁਣਾਈ ਨਹੀਂ ਦੇਂਦੇ। ਸਕੂਲ ਜਾਣ ਲਈ ਬੋਰੀ ਵਾਲੇ ਬਸਤੇ ਹੁੰਦੇ ਸਨ। ਜਮਾਤ ਵਿੱਚ ਬੈਠਣ ਲਈ ਬੋਰੀ ਜਾਂ ਇੱਟ ਨਾਲ ਸਾਰ ਲਿਆ ਜਾਂਦਾ ਸੀ। ਜਿਸ ਵਿਦਿਆਰਥੀ ਦਾ ਬਸਤਾ ਚਿੱਟੀ ਬੋਰੀ ਬਣਿਆ ਹੁੰਦਾ ਸੀ, ਉਸ ਦਾ ਸਾਰੀ ਕਾਲਸ ਵਿੱਚ ਟੌਹਰ ਹੁੰਦਾ ਸੀ।

ਵਿਆਹਾਂ ਦੀ ਸ਼ਾਨ ਅਤੇ ਮੋਹ ਪਿਆਰ ਖਤਮ ਹੋ ਗਿਆ ਹੈ। ਪਹਿਲਾਂ ਜੰਝ ਕਈ ਕਈ ਦਿਨ ਤੱਕ ਰੱਖੀ ਜਾਂਦੀ ਸੀ। ਕੋਈ ਜਿੰਨੇ ਦਿਨ ਵੱਧ ਜੰਝ ਰੱਖਦਾ, ਉਨੀ ਹੀ ਇਲਾਕੇ ਵਿੱਚ ਬੱਲੇ ਬੱਲੇ ਹੁੰਦੀ। ਕਈ ਵਾਰ ਤਾਂ ਬਰਾਤ ਤਰਲੇ ਕੱਢ ਕੇ ਵਾਪਸ ਜਾਂਦੀ ਸੀ ਕਿ ਹੁਣ ਸਾਨੂੰ ਘਰ ਦੇ ਕੰਮ ਵੀ ਕਰ ਲੈਣ ਦਿਉ। ਸਾਰਾ ਪਿੰਡ ਰਲ ਮਿਲ ਕੇ ਬਰਾਤ ਦੀ ਸੇਵਾ ਕਰਦਾ ਸੀ। ਪਿੰਡ ਦੇ ਨਾਈ ਲਾਗੀ ਹੀ ਸਾਰਾ ਖਾਣਾ ਤਿਆਰ ਕਰਦੇ ਸਨ, ਨਾ ਕੋਈ ਮੈਰਿਜ ਪੈਲੇਸ ਦਾ ਖਰਚਾ ਤੇ ਨਾ ਕੈਟਰਿੰਗ ਦਾ। ਜਾਂਝੀਆਂ ਵਾਸਤੇ ਖੁਲ੍ਹੀਆਂ ਮਿਠਾਈਆਂ, ਮਿੱਠੇ ਨਮਕੀਨ ਚਾਵਲ, ਮੁਰਗਾ ਬੱਕਰਾ ਅਤੇ ਘੋੜੀਆਂ ਵਾਸਤੇ ਵਧੀਆ ਦਾਣਾ ਵਰਤਾਇਆ ਜਾਂਦਾ ਸੀ। ਸ਼ਰੀਕੇ ਬਰਾਦਰੀ ਵਾਲੇ ਸੰਭਾਲਣ ਵਾਸਤੇ ਇੱਕ ਇੱਕ ਘੋੜੀ ਆਪਣੇ ਘਰ ਬੰਨ੍ਹ ਲੈਂਦੇ ਸਨ ਤਾਂ ਜੋ ਕੁੜੀ ਵਾਲੇ ‘ਤੇ ਬਹੁਤਾ ਬੋਝ ਨਾ ਪਵੇ। ਬਹੁਤ ਮਜ਼ਾ ਆਉਂਦਾ ਸੀ ਜਦੋਂ ਲਾਗੀ ਸਵੇਰੇ ਸਵੇਰ ਨਾਨਕੇ ਮੇਲ ਨੂੰ ਮੰਜੀਆਂ ‘ਤੇ ਪਿੱਤਲ ਦਾ ਡੱਕਵਾਂ ਚਾਹ ਦਾ ਗਲਾਸ ਤੇ ਨਾਲ ਮਿੱਠੀ ਬੂੰਦੀ ਅਤੇ ਮੱਠੀਆਂ ਦੇ ਥਾਲ ਵਰਤਾਉਂਦਾ ਸੀ। ਮਿੱਟੀ ਦੇ ਕੋਠਿਆਂ ‘ਤੇ ਸਿਰਕੀ ਅਤੇ ਕਾਨਿਆਂ ਦੀਆਂ ਛੱਤਾਂ ਹੁਣ ਕੋਈ ਨਹੀਂ ਪਾਉਂਦਾ। ਬਿਜਲੀ ਦੀਆਂ ਮੋਟਰਾਂ ਕਾਰਨ ਖੂਹਾਂ ਦਾ ਵਜੂਦ ਖਤਮ ਹੋ ਗਿਆ ਹੈ। ਜੇ ਕਿਸੇ ਪਿੰਡ ਵਿੱਚ ਖੂਹ ਹੈ ਵੀ ਤਾਂ ਉਹ ਕੂੜਾ ਕਰਕਟ ਸੁੱਟਣ ਦੇ ਕੰਮ ਆਉਂਦਾ ਹੈ। ਪਹਿਲਾਂ ਪਿੰਡਾਂ ਵਿੱਚ ਡੰਗਰ ਦੇ ਚਰਨ ਵਾਸਤੇ ਚਰਾਂਦਾ ਅਤੇ ਰੌੜਾਂ ਹੁੰਦੀਆਂ ਸਨ। ਹਰੀ ਕ੍ਰਾਂਤੀ ਕਾਰਨ ਉਹ ਵੀ ਖਤਮ ਹੋ ਗਏ। ਨਹਿਰੀ ਪਾਣੀ ਦੀ ਵਾਰੀ ਸਹੀ ਸਮੇਂ ‘ਤੇ ਲਾਉਣ ਲਈ ਪਿੰਡ ਵਿੱਚ ਇੱਕ ਘੜੀ ਵਾਲਾ ਰਾਖਾ ਹੁੰਦਾ ਸੀ। ਉਸ ਨੂੰ ਹਾੜ੍ਹੀ ਸਾਉਣੀ ਸਾਰੇ ਪਿੰਡ ਵਾਲੇ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰ ਕੇ ਦੇਂਦੇ ਸਨ। ਉਹ ਹੀ ਹਰੇਕ ਦੇ ਪਾਣੀ ਦੀ ਵਾਰੀ ਦਾ ਸਹੀ ਸਮਾਂ ਦੱਸਦਾ ਸੀ।

ਵਟਸਐੱਪ ਤੇ ਈਮੇਲਾਂ ਕਾਰਨ ਹੁਣ ਕੋਈ ਚਿੱਠੀਆਂ ਨਹੀਂ ਪਾਉਂਦਾ। ਬੱਚਿਆਂ ਦੇ ਬਸਤਿਆਂ ਵਿੱਚੋਂ ਕਲਮ, ਦਵਾਤ, ਫੱਟੀ, ਕੈਦਾ, ਪਹਾੜੇ ਅਤੇ ਸਲੇਟਾਂ ਖਤਮ ਹੋ ਗਏ ਸਨ। ਲੀਰਾਂ ਨਾਲ ਬਣਾਈਆਂ ਗੁੱਡੀਆਂ ਪਟੋਲੇ ਤੇ ਖਿੱਦੋ ਖੂੰਡੀ ਦੀ ਜਗ੍ਹਾ ਚੀਨੀ ਮਾਲ ਨੇ ਲੈ ਲਈ ਹੈ। ਬਿਜਲੀ ਦੀਆਂ ਚੱਕੀਆਂ ਨੇ ਖਰਾਸ ਅਤੇ ਘਰਾਟ ਖਾ ਲਏ ਹਨ। ਘਰਾਟਾਂ ਤੇ ਖਰਾਸਾਂ ਦਾ ਆਟਾ ਹੌਲੀ ਹੌਲੀ ਪੀਸਿਆ ਹੋਣ ਕਾਰਨ ਬਹੁਤ ਗੁਣਕਾਰੀ ਤੇ ਮਿੱਠਾ ਹੁੰਦਾ ਸੀ। ਪੰਜਾਬੀ ਦੇ ਕਈ ਸ਼ਬਦ ਜਿਵੇਂ ਫੰਡੇ, ਝੰਡ ਕਰਨੀ, ਇਕੋਤਰ ਸੌ, ਬੂਥਾ, ਗੁੱਗੇ ਦੀ ਥੜ੍ਹੀ, ਧੌਲ, ਹੂਰਾ, ਛਾਹ ਵੇਲਾ, ਲੌਢਾ ਵੇਲਾ, ਮੜਾਸਾ, ਮੜ੍ਹੰਗਾ, ਮਛੋਹਰ, ਲਾਪਰਨਾ, ਤੜਾਗੀ ਆਦਿ ਤਾਂ ਨਵੀਂ ਪੀੜ੍ਹੀ ਨੂੰ ਏਲੀਅਨ ਲੱਗਦੇ ਹਨ। ਪਾਣੀ ਗੰਦਾ ਹੋਣ ਕਾਰਨ ਟੋਬਿਆਂ ਵਿੱਚ ਨਹਾਉਣ ਦੀ ਕੋਈ ਹਿੰਮਤ ਨਹੀਂ ਕਰਦਾ ਤੇ ਨਾ ਹੀ ਵਿਆਹਾਂ ਵੇਲੇ ਪਿੰਡਾਂ ਵਿੱਚ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਹਨ। ਪੱਕੀਆਂ ਫਰਸ਼ਾਂ ਕਾਰਨ ਘਰਾਂ ਵਿੱਚ ਗੋਹੇ ਮਿੱਟੀ ਦਾ ਪੋਚਾ ਫੇਰਨਾ ਬੰਦ ਹੋ ਗਿਆ ਹੈ ਤੇ ਨਾ ਹੀ ਸੁਆਣੀਆਂ ਕੰਧਾਂ ‘ਤੇ ਕਾਂ ਚਿੜੀਆਂ ਬਣਾਉਂਦੀਆਂ ਹਨ।

ਪੰਜਾਬ ਵਿੱਚ ਪਰਿਵਾਰਕ ਕਦਰਾਂ ਕੀਮਤਾਂ ਅਤੇ ਸਾਂਝ ਖਤਮ ਹੋਣ ਦਾ ਮੁੱਢ 1970ਵਿਆਂ ਵਿੱਚ ਟੈਲੀਵਿਜ਼ਨ ਦੇ ਪ੍ਰਵੇਸ਼ ਨਾਲ ਬੱਝਣਾ ਸ਼ੁਰੂ ਹੋਇਆ ਸੀ। ਸਾਰਾ ਟੱਬਰ ਘੜੀ ਵੱਲ ਵੇਖਦਾ ਰਹਿੰਦਾ ਸੀ ਕਿ ਕਿਸ ਵੇਲੇ 6 ਵੱਜਣ ਤੇ ਜਲੰਧਰ ਟੇਸ਼ਨ ਸ਼ੁਰੂ ਹੋਵੇ। ਹੁਣ ਇਹ ਜ਼ਮਾਨਾ ਆ ਗਿਆ ਹੈ ਕਿ ਜਿੰਨੇ ਕਮਰੇ ਉਨੇ ਟੀਵੀ ਤੇ ਉਹ ਵੀ 24 ਘੰਟੇ ਚੱਲਦੇ ਹਨ। ਪਹਿਲਾਂ ਪਿੰਡਾਂ ਵਿੱਚ ਰੋਟੀ ਖਾ ਕੇ ਲੋਕ ਅੱਠ ਵਜੇ ਤੱਕ ਸੌਂ ਜਾਂਦੇ ਸਨ। ਪਰ ਹੁਣ ਅੱਧੀ ਰਾਤ ਤੱਕ ਟੀਵੀ ਨੂੰ ਚੰਬੜੇ ਰਹਿੰਦੇ ਹਨ। ਇੱਕ ਘਰ ਵਿੱਚ ਰਹਿਣ ਵਾਲੇ ਵੀ ਕਈ ਕਈ ਦਿਨ ਆਪਸ ਵਿੱਚ ਗੱਲ ਨਹੀਂ ਕਰਦੇ। ਫਿਰ ਰਹੀ ਸਹੀ ਕਸਰ ਹੁਣ ਇੰਟਰਨੈੱਟ ਤੇ ਮੋਬਾਈਲ ਨੇ ਪੂਰੀ ਕਰ ਦਿੱਤੀ ਹੈ। ਘਰ ਦੇ ਮੈਂਬਰ, ਕੀ ਬੁੱਢੇ ਕੀ ਬੱਚੇ ਕੀ ਜਵਾਨ, ਸਾਰਾ ਦਿਨ ਸਕਰੀਨ ‘ਤੇ ਉਂਗਲਾਂ ਮਾਰਦੇ ਰਹਿੰਦੇ ਹਨ। ਕਿਸੇ ਕੋਲ ਆਪਸ ਵਿੱਚ ਗੱਲ ਕਰਨ ਦਾ ਵਕਤ ਨਹੀਂ ਹੈ। ਮੋਬਾਈਲ ਆਉਣ ਤੋਂ ਪਹਿਲਾਂ ਸਾਰੇ ਪਰਿਵਾਰ ਕੋਲ ਇੱਕ ਹੀ ਟੈਲੀਫੋਨ ਹੁੰਦਾ ਸੀ ਜਿਸ ਨੂੰ ਬਹੁਤ ਸ਼ਾਨ ਨਾਲ ਘਰ ਦੇ ਸਭ ਤੋਂ ਖਾਸ ਕੋਨੇ ਵਿੱਚ ਸਜਾ ਕੇ ਰੱਖਿਆ ਜਾਂਦਾ ਸੀ ਤਾਂ ਜੋ ਆਏ ਗਏ ਨੂੰ ਸਾੜਿਆ ਜਾ ਸਕੇ। ਗਲੀ ਮੁਹੱਲੇ ਵਾਲੇ ਵੀ ਟੈਲੀਫੋਨ ਵਾਲੇ ਬੰਦੇ ਦਾ ਨੰਬਰ ਆਪਣੇ ਰਿਸ਼ਤੇਦਾਰਾਂ ਨੂੰ ਦੇ ਛੱਡਦੇ ਸਨ। ਇਸ ਗੱਲ ਦਾ ਕੋਈ ਗੁੱਸਾ ਨਹੀਂ ਸੀ ਕਰਦਾ ਬਲਕਿ ਜਦੋਂ ਕਿਸੇ ਆਂਢੀ ਗੁਆਂਢੀ ਦੀ ਕਾਲ ਆਉਣੀ ਤਾਂ ਬਹੁਤ ਚਾਅ ਨਾਲ ਦੌੜ ਕੇ ਬੁਲਾ ਕੇ ਲਿਆਉਣਾ।

ਤਰੱਕੀ ਹਰ ਸਮਾਜ ਦਾ ਅਨਿੱਖੜਵਾਂ ਅੰਗ ਹੈ। ਸਾਨੂੰ ਦੁਨੀਆ ਦੇ ਨਾਲ ਕਦਮ ਮਿਲਾ ਕੇ ਚੱਲਣਾ ਹੀ ਪੈਣਾ ਹੈ ਪਰ ਨਾਲ ਦੀ ਨਾਲ ਆਪਣਾ ਸੱਭਿਆਚਾਰ ਵੀ ਸੰਭਾਲ ਕੇ ਰੱਖਣਾ ਜਰੂਰੀ ਹੈ। ਕੈਨੇਡਾ ਅਮਰੀਕਾ ਵਿੱਚ 100-100 ਸਾਲ ਤੋਂ ਵੱਸ ਰਹੇ ਪੰਜਾਬੀ ਪ੍ਰਵਾਸੀ ਵੀ ਬੱਚਿਆਂ ਦੇ ਰਿਸ਼ਤੇ ਕਰਨ ਵੇਲੇ ਕੁੜੀ ਮੁੰਡੇ ਵਾਲਿਆਂ ਦਾ ਪਿਛਲਾ ਪਿੰਡ ਜਰੂਰ ਪਤਾ ਕਰਦੇ ਹਨ। ਕੋਈ ਦਰਖਤ ਆਪਣੀ ਜੜ੍ਹ ਤੋਂ ਉੱਖੜ ਕੇ ਵਧ ਫੁੱਲ ਨਹੀਂ ਸਕਦਾ ਤੇ ਨਾ ਹੀ ਕੋਈ ਪੰਛੀ ਟੁੱਟੇ ਖੰਭਾਂ ਨਾਲ ਪਰਵਾਜ਼ ਭਰ ਸਕਦਾ ਹੈ।

ਬਲਰਾਜ ਸਿੰਘ ਸਿੱਧੂ ਏ ਆਈ ਜੀ
ਪੰਡੋਰੀ ਸਿੱਧਵਾਂ 9501100062

ਹਾਲੀਵੁੱਡ ਦਾ ਪੂਰਨ ਸਿੱਖੀ ਸਰੂਪ ਵਾਲਾ ਪ੍ਰਸਿੱਧ ਐਕਟਰ ਤੇ ਮਾਡਲ, ਵਾਰਿਸ ਆਹਲੂਵਾਲੀਆ

ਵਾਰਿਸ ਸਿੰਘ ਆਹਲੂਵਾਲੀਆ ਨਿਊ ਯਾਰਕ ਦਾ ਰਹਿਣ ਵਾਲਾ ਇੱਕ ਹਰਫਨਮੌਲਾ ਵਿਅਕਤੀ ਤੇ ਸੰਪੂਰਨ ਸਿੱਖੀ ਸਰੂਪ ਵਾਲਾ ਕਲਾਕਾਰ ਹੈ। ਉਹ ਐਕਟਰ, ਮਾਡਲ, ਦਾਨਵੀਰ ਤੇ ਕੱਪੜਿਆਂ ਅਤੇ ਜ਼ੇਵਰਾਂ ਦਾ ਵਿਸ਼ਵ ਪ੍ਰਸਿੱਧ ਡਿਜ਼ਾਈਨਰ ਹੈ। ਉਸ ਦਾ ਜਨਮ 1974 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ ਤੇ ਜਦੋਂ ਉਹ ਪੰਜ ਸਾਲ ਦਾ ਸੀ ਤਾਂ ਉਸ ਦਾ ਪਰਿਵਾਰ ਨਿਊਯਾਰਕ ਹਿਜ਼ਰਤ ਕਰ ਗਿਆ ਸੀ। ਉਸ ਨੇ ਕੋਲੰਬੀਆ ਯੂਨੀਵਰਸਿਟੀ ‘ਤੋਂ ਫੈਸ਼ਨ ਡਿਜ਼ਾਇਨਿੰਗ ਦੀ ਡਿਗਰੀ ਹਾਸਲ ਕੀਤੀ ਤੇ ਕੁਝ ਸਾਲ ਪ੍ਰਸਿੱਧ ਫੈਸ਼ਨ ਡਿਜ਼ਾਇਨਰਾਂ ਨਾਲ ਕੰਮ ਕਰਨ ਤੋਂ ਬਾਅਦ ਆਪਣੀ ਕੰਪਨੀ ਹਾਊਸ ਆਫ ਵਾਰਿਸ ਦੀ ਸ਼ੁਰੂਆਤ ਕਰ ਲਈ। ਅੱਜ ਇਹ ਕੰਪਨੀ ਵਿਸ਼ਵ ਪੱਧਰ ‘ਤੇ ਕਰੋੜਾਂ ਦਾ ਕਾਰੋਬਾਰ ਕਰ ਰਹੀ ਹੈ। ਉਸ ਦੀ ਕੰਪਨੀ ਦੇ ਜ਼ੇਵਰ ਅਤੇ ਕੱਪੜੇ ਪੁਰਾਣੇ ਸ਼ਾਹੀ ਘਰਾਣਿਆ ਦੇ ਡਿਜ਼ਾਈਨਾਂ ਤੋਂ ਪ੍ਰਭਾਵਿਤ ਹਨ। ਇਸ ਲਈ ਉਹ ਸਾਲ ਵਿੱਚ ਕਈ ਵਾਰ ਰੋਮ ਅਤੇ ਰਾਜਸਥਾਨ ਦਾ ਦੌਰਾ ਕਰਦਾ ਹੈ ਤੇ ਸੁਨਿਆਰਿਆਂ ਅਤੇ ਦਰਜ਼ੀਆਂ ਦੇ ਉਹਨਾਂ ਘਰਾਣਿਆਂ ਤੋਂ ਕੰਮ ਕਰਵਾਉਂਦਾ ਹੈ ਜੋ ਸਦੀਆਂ ਤੋਂ ਰਾਜਿਆਂ ਮਹਾਰਾਜਿਆ ਦੇ ਜ਼ੇਵਰ ਅਤੇ ਕੱਪੜੇ ਤਿਆਰ ਕਰਦੇ ਰਹੇ ਹਨ।

ਵਾਰਿਸ ਦਾ ਮਾਡਲਿੰਗ ਕੈਰੀਅਰ ਵੀ ਬੁਲੰਦੀਆਂ ‘ਤੇ ਹੈ ਤੇ ਉਹ ਕਈ ਵਾਰ ਵੋਗ ਅਤੇ ਵੈਨਿਟੀ ਫੇਅਰ ਵਰਗੇ ਸੰਸਾਰ ਦੇ ਚੋਟੀ ਦੇ ਫੈਸ਼ਨ ਮੈਗਜ਼ੀਨਾਂ ਦੇ ਕਵਰ ‘ਤੇ ਛਪ ਚੁੱਕਾ ਹੈ। ਉਹ ਇਸ ਵੇਲੇ ਜ਼ੇਵਰ ਨਿਰਮਾਣ ਵਿੱਚ ਵੱਡਾ ਨਾਮ ਹੈ ਤੇ ਡੀ ਬੀਅਰਜ਼, ਟਿਲਡਾ ਸਵਿੰਟਨ, ਪਰਿੰਗਲ ਆਫ ਸਕਾਟਲੈਂਡ, ਬੈਂਜਾਮੀ ਚੋਅ, ਲੁੱਕਮੈਟਿਕ, ਦੀ ਵੈੱਬਸਟਰ ਮਿਆਮੀ ਅਤੇ ਕੋਈਲੈਟ ਪੈਰਿਸ ਆਦਿ ਵਰਗੀਆਂ ਦੁਨੀਆਂ ਦੀਆਂ ਚੋਟੀ ਦੀਆਂ ਜ਼ੇਵਰ ਕੰਪਨੀਆਂ ਨਾਲ ਮਿਲ ਕੇ ਮਰਦਾਂ ਅਤੇ ਔਰਤਾਂ ਵਾਸਤੇ ਜ਼ੇਵਰ ਤਿਆਰ ਕਰਦਾ ਹੈ। ਉਹ ਇਨਸਾਨੀਅਤ ਦੇ ਭਲੇ ਵਾਸਤੇ ਵੀ ਵਧ ਚੜ੍ਹ ਕੇ ਯੋਗਦਾਨ ਪਾਉਂਦਾ ਹੈ। ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਵਾਸਤੇ ਉਸ ਨੇ ਆਪਣੇ ਸਾਥੀਆਂ ਮਾਰਟੀਅਰ ਸਿੰਗਰ ਅਤੇ ਟੀਨਾ ਭੋਜਵਾਨੀ ਨਾਲ ਮਿਲ ਕੇ 11 ਕਰੋੜ ਰੁਪਏ ਦੀ ਮਦਦ ਭੇਜੀ ਸੀ। 2013 ਵਿੱਚ ਉਸ ਨੇ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਡਿਜ਼ਾਈਨਰ ਕੱਪੜਿਆਂ ਦੇ ਹਾਊਸ ਆਫ ਵਾਰਿਸ ਨਾਮਕ ਸਟੋਰ ਖੋਲ੍ਹੇ ਹਨ ਜੋ ਸਫਲਤਾ ਪੂਰਵਕ ਚੱਲ ਰਹੇ ਹਨ।

ਦਾ ਲਾਈਫ ਐਕੁਐਟਿਕ (2004) ਉਸ ਦੀ ਪਹਿਲੀ ਫਿਲਮ ਸੀ। ਉਹ ਹੁਣ ਤੱਕ 14 ਫਿਲਮਾਂ ਤੇ 6 ਟੀ.ਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕਾ ਹੈ। ਵਾਰਿਸ ਆਹਲੂਵਾਲੀਆ ਦੀ ਸਭ ਤੋਂ ਵੱਡੀ ਸਫਲਤਾ ਇਹ ਹੈ ਕਿ ਉਹ ਹਾਲੀਵੱਡ ਦੀਆਂ ਫਿਲਮਾਂ ਵਿੱਚ ਪੂਰਨ ਸਿੱਖੀ ਸਰੂਪ ਵਿੱਚ ਕੰਮ ਕਰਦਾ ਹੈ ਜਿਸ ਕਾਰਨ ਅਮਰੀਕਾ ਵਿੱਚ ਅਲ ਕਾਇਦਾ ਦੁਆਰਾ ਕੀਤੇ ਗਏ 9 ਸਤੰਬਰ 2001 ਦੇ ਹਮਲਿਆ ਤੋਂ ਬਾਅਦ ਆਮ ਅਮਰੀਕਨਾਂ ਨੂੰ ਇਹ ਸਮਝਾਉਣ ਵਿੱਚ ਸਫਲਤਾ ਮਿਲੀ ਹੈ ਕਿ ਸਿੱਖ ਅਰਬੀਆਂ ਤੋਂ ਅਲੱਗ ਕੌਮੀਅਤ ਦੇ ਲੋਕ ਹਨ। 2006 ਵਿੱਚ ਆਈ ਹਾਲੀਵੁੱਡ ਦੀ ਹਿੱਟ ਫਿਲਮ, ਦੀ ਇਨਸਾਈਡ ਮੈਨ (ਜਿਸ ਵਿੱਚ ਹਾਲੀਵੁੱਡ ਦੇ ਸੁਪਰ ਸਟਾਰ ਡੈਂਜ਼ਲ ਵਾਸ਼ਿੰਗਟਨ ਨੇ ਕੰੰਮ ਕੀਤਾ ਸੀ) ਵਿੱਚ ਉਸ ਨੇ ਵਿਕਰਮ ਵਾਲੀਆ ਨਾਮਕ ਬੈਂਕ ਮੁਲਾਜ਼ਮ ਦਾ ਰੋਲ ਨਿਭਾਇਆ ਸੀ। ਇਹ ਰੋਲ ਸਿਰਫ ਸਿੱਖਾਂ ਦੀ ਦਸਤਾਰ ਦੀ ਅਹਿਮੀਅਤ ਵਿਖਾਉਣ ਲਈ ਹੀ ਫਿਲਮ ਵਿੱਚ ਪਾਇਆ ਗਿਆ ਸੀ। ਫਿਲਮ ਵਿੱਚ ਕੁਝ ਲੁਟੇਰੇ ਬੈਂਕ ‘ਤੇ ਕਬਜ਼ਾ ਕਰ ਲੈਂਦੇ ਹਨ ਤੇ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਬਾਹਰ ਕੱਢ ਦਿੰਦੇ ਹਨ। ਪੁਲਿਸ ਇਸ ਸ਼ੱਕ ਕਾਰਨ ਕਿ ਕਿਤੇ ਲੁਟੇਰੇ ਇਹਨਾਂ ਵਿੱਚ ਰਲ ਕੇ ਬਾਹਰ ਨਾ ਆ ਗਏ ਹੋਣ, ਸਭ ਨੂੰ ਘੇਰ ਲੈਂਦੇ ਹਨ ਤੇ ਤਲਾਸ਼ੀ ਲੈਂਦੇ ਹਨ। ਜਦੋਂ ਇੱਕ ਪੁਲਿਸ ਅਫਸਰ ਵਾਰਿਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅੱਗੋਂ ਚਿਲਾਉਂਦਾ ਹੈ ਕਿ ਮੈਂ ਸਿੱਖ ਹਾਂ, ਮੇਰੀ ਦਸਤਾਰ ਨੂੰ ਹੱਥ ਨਹੀਂ ਲਾਉਣਾ। ਇਸ ‘ਤੇ ਇੱਕ ਸੀਨੀਅਰ ਪੁਲਿਸ ਅਫਸਰ ਉਸ ਪੁਲਿਸ ਵਾਲੇ ਨੂੰ ਸਮਝਾਉਂਦਾ ਹੈ ਕਿ ਦਸਤਾਰ ਨਾ ਉਤਾਰੀ ਜਾਵੇ, ਕਿਉਂਕਿ ਇਹ ਸਿੱਖਾਂ ਲਈ ਪਵਿੱਤਰ ਹੁੰਦੀ ਹੈ।

ਐਨੀ ਪ੍ਰਸਿੱਧੀ ਦੇ ਬਾਵਜੂਦ ਵਾਰਿਸ ਨੂੰ ਵੀ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। 2016 ਵਿੱਚ ਉਸ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਤੋਂ ਇਨਕਾਰ ਕਰਨ ਕਾਰਨ ਮੈਕਸੀਕੋ ਤੋਂ ਨਿਊਯਾਰਕ ਦੀ ਫਲਾਈਟ (ਏਅਰੋ ਮੈਕਸੀਕੋ) ਵਿੱਚ ਸਫਰ ਕਰਨ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਉਹ ਨਿਊਯਾਰਕ ਫੈਸ਼ਨ ਵੀਕ ਵਿੱਚ ਹਿੱਸਾ ਨਹੀਂ ਸੀ ਲੈ ਸਕਿਆ। ਇਸ ਤੋਂ ਬਾਅਦ ਉਸ ਨੇ ਮੈਕਸੀਕੋ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਅਤੇ ਏਅਰੋ ਮੈਕਸੀਕੋ ਨੂੰ ਸਿੱਖਾਂ ਦੀ ਦਸਤਾਰ ਦੀ ਮਹੱਤਤਾ ਬਾਰੇ ਇੱਕ ਚਿੱਠੀ ਲਿਖ ਕੇ ਭੇਜੀ ਸੀ ਤੇ ਏਅਰਲਾਈਨ ਦੇ ਖਿਲਾਫ ਕੇਸ ਦਾਇਰ ਕੀਤਾ ਸੀ। 2017 ਵਿੱਚ ਏਅਰਪੋਰਟ ਅਤੇ ਏਅਰਲਾਈਨ ਦੇ ਅਧਿਕਾਰੀਆਂ ਨੂੰ ਉਸ ਤੋਂ ਮਾਫੀ ਮੰਗਣੀ ਪਈ ਸੀ। 2010 ਵਿੱਚ ਵੈਨਿਟੀ ਫੇਅਰ ਫੈਸ਼ਨ ਮੈਗਜ਼ੀਨ ਨੇ ਉਸ ਨੂੰ ਵਿਸ਼ਵ ਦੇ ਸਭ ਤੋਂ ਵੱਧ ਸਲੀਕੇਦਾਰ ਢੰਗ ਨਾਲ ਕੱਪੜੇ ਪਹਿਨਣ ਵਾਲੇ ਦਸ ਵਿਅਕਤੀਆਂ ਵਿੱਚ ਸਥਾਨ ਦਿੱਤਾ ਸੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਬੱਚੇ ਰੋਂਦੇ ਹਨ

ਲੱਖਾ ਪਲਾਸਟਿਕ ਦੇ ਖਿਡੌਣਿਆਂ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਸੀ। ਉਹ ਜਿਹੜੀ ਗਲੀ ਵਿੱਚ ਵੜਦਾ, ਬੱਚੇ ਰੇਹੜੀ ਨੂੰ ਘੇਰ ਲੈਂਦੇ ਤੇ ਰੋਜ਼ਾਨਾ ਚਾਰ ਪੰਜ ਸੌ ਦੀ ਸੇਲ ਅਰਾਮ ਨਾਲ ਹੋ ਜਾਂਦੀ। ਇੱਕ ਦਿਨ ਉਹ ਲਾਲੂ ਘੁੰਮਣ ਪਿੰਡ ਵਿੱਚ ਫੇਰੀ ਲਗਾ ਰਿਹਾ ਸੀ ਕਿ ਲੱਸੀ ਪੀਣਿਆਂ ਦੇ ਭੱਲੂ ਨੇ ਉਸ ਨੂੰ ਘੇਰ ਲਿਆ, “ਉਏ ਲੱਖਿਆ, ਤੂੰ ਆ ਵੜਦਾਂ ਚੌਥੇ ਦਿਨ ਬੂਥਾ ਚੁੱਕ ਕੇ ਸਾਡੀ ਗਲੀ ‘ਚ। ਕਿੱਥੋਂ ਲੈ ਕੇ ਦਈਏ ਜਵਾਕਾਂ ਨੂੰ ਹਰ ਵਾਰ 100 – 50 ਦੇ ਖਿਡੌਣੇ? ਜੇ ਨਾ ਲੈ ਕੇ ਦਈਏ ਤਾਂ ਉੱਚੀ ਉੱਚੀ ਸੰਘ ਪਾੜ ਕੇ ਰੋਂਦੇ ਆ। ਇਧਰ ਨਾ ਆਈਂ ‘ਗਾਂਹ ਤੋਂ।” ਲੱਖਾ ਪਹਿਲਾਂ ਤਾਂ ਜਰਕ ਗਿਆ ਕਿ ਕਿੱਥੋਂ ਇਹ ਕੰਜੂਸ ਮੱਖੀ ਚੂਸ ਸਵੇਰੇ ਸਵੇਰ ਮੱਥੇ ਲੱਗ ਗਿਆ ਹੈ, ਅਜੇ ਤਾਂ ਮੈਂ ਬੋਹਣੀ ਵੀ ਨਹੀਂ ਕੀਤੀ। ਪਰ ਫਿਰ ਥੋੜ੍ਹਾ ਜਿਹਾ ਸੋਚ ਕੇ ਹਲੀਮੀ ਨਾਲ ਬੋਲਿਆ, “ਸਰਦਾਰ ਜੀ ਗੁੱਸਾ ਕਰੋ ਚਾਹੇ ਗਿਲਾ ਕਰੋ, ਇਹ ਕੰਮ ਨਹੀਂ ਜੇ ਹੋਣਾ। ਜੇ ਇਸ ਤਰਾਂ ਗਲੀਆਂ ਛੱਡਣ ਲੱਗੇ ਤਾਂ ਫਿਰ ਸਾਡੇ ਜਵਾਕ ਭੁੱਖ ਦੇ ਮਾਰੇ ਰੋਣਗੇ। ਅਸੀਂ ਹੁਣ ਧਾਡੇ ਜਵਾਕਾਂ ਬਾਰੇ ਸੋਚੀਏ ਕਿ ਆਪਣਿਆਂ ਬਾਰੇ?” ਭੱਲੂ ਨਹਿਲੇ ‘ਤੇ ਦਹਿਲਾ ਵੱਜਦਾ ਵੇਖ ਕੇ ਜਟੂਰੀਆਂ ਸਾਫੇ ਵਿੱਚ ਧੱਕਦਾ ਹੋਇਆ ਆਪਣੇ ਰਾਹ ਪੈ ਗਿਆ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਕੀ ਰੱਬ ਹੁੰਦਾ ਹੈ ?

ਪਿੰਡ ਬੋਹੜੂ ਦੀ ਖੁੰਡ ਪੰਚਾਇਤ ਜੁੜੀ ਹੋਈ ਸੀ। ਅਸਮਾਨ ‘ਤੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸਨ ਤੇ ਕਈ ਦਿਨਾਂ ਤੋਂ ਰੁਕ ਰੁਕ ਕੇ ਬਾਰਸ਼ ਹੋ ਰਹੀ ਸੀ। ਜਿਹਨਾਂ ਨੇ ਕਣਕਾਂ ਸਾਂਭ ਲਈਆਂ ਸਨ, ਉਹਨਾਂ ਦੀ ਵੱਖੀ ‘ਚੋਂ ਗੱਲਾਂ ਨਿਕਲ ਰਹੀਆਂ ਸਨ। ਪਰ ਜਿਹਨਾਂ ਨੇ ਕਣਕ ਅਜੇ ਵੱਢਣੀ ਸੀ, ਉਹਨਾਂ ਦੇ ਚਿਹਰਿਆਂ ‘ਤੇ ਹਵਾਈਆਂ ਉੱਡ ਰਹੀਆਂ ਸਨ। ਗੱਲ ਇਸ ਪਾਸੇ ਮੁੜ ਗਈ ਕਿ ਇਹ ਕਰੋਪੀ ਰੱਬ ਨੇ ਕੀਤੀ ਹੈ ਕਿ ਕੁਦਰਤ ਨੇ? ਬਹੁਤੇ ਕਹਿਣ ਲੱਗ ਪਏ ਕਿ ਜੇ ਰੱਬ ਹੁੰਦਾ ਤਾਂ ਉਸ ਨੂੰ ਪਤਾ ਨਾ ਲੱਗਦਾ ਕਿ ਕਣਕਾਂ ਪੱਕੀਆਂ ਖੜੀਆਂ ਹਨ, ਮੀਂਹ ਨਹੀਂ ਪਾਉਣਾ ਚਾਹੀਦਾ। ਨੰਗ ਪੈਰਿਆਂ ਦੇ ਦੀਪੇ ਨੇ ਪਿੰਡ ਦੇ ਇੱਕ ਸਿਆਣੇ ਬੰਦੇ ਕੱਲੂ ਸ਼ਾਹ ਨੂੰ ਪੁੱਛਿਆ, “ਸ਼ਾਹ ਜੀ, ਰੱਬ ਵਾਕਿਆ ਈ ਹੁੰਦਾ ਏ ਜਾਂ ਬਾਬੇ ਐਵੇਂ ਲੋਕਾਂ ਨੂੰ ਡਰਾ ਕੇ ਪੈਸੇ ‘ਕੱਠੇ ਕਰਨ ਲਈ ਜੱਕੜ ਵੱਢੀ ਜਾਂਦੇ ਨੇ।” ਸ਼ਾਹ ਨੇ ਹੱਸ ਕੇ ਜਵਾਬ ਦਿੱਤਾ, “ਦੀਪਿਆ ਇਸ ਬਹਿਸ ਦਾ ਕੋਈ ਅੰਤ ਨਈਂ। ਹਰ ਬੰਦਾ ਆਪਣੇ ਹਿਸਾਬ ਨਾਲ ਰੱਬ ਦੀ ਹੋਂਦ ਬਾਰੇ ਰਾਏ ਤਿਆਰ ਕਰਦਾ ਆ। ਇਸ ਬਾਰੇ ਪਹਿਲਾਂ ਤਾਂ ਜਾ ਕੇ ਉਸ ਜੱਟ ਨੂੰ ਪੁੱਛੀਂ ਜਿਸ ਦੀ ਕਣਕ ਇਸ ਬੇਮੌਸਮੀ ਮੀਂਹ ਨੇ ਬਰਬਾਦ ਕਰ ਦਿੱਤੀ ਹੋਵੇ। ਉਹ ਚਾਲੀ ਗਾਲ੍ਹਾਂ ਤੈਨੂੰ ਕੱਢੂਗਾ ਤੇ ਸੌ ਤੇਰੇ ਇਸ ਰੱਬ ਨੂੰ। ਇਸ ਤੋਂ ਬਾਅਦ ਸ਼ਾਮ ਨੂੰ ਅੰਬਰਸਰ ਦੇ ਕੰਪਨੀ ਬਾਗ ਵਿੱਚ ਲਾਲੀ ਸਮੇਤ ਸੈਰ ਕਰਦੇ ਕਿਸੇ ਲਾਲੇ ਨੂੰ ਪੁੱਛੀਂ। ਉਹ ਰੱਬ ਦਾ ਸੌ ਵਾਰ ਸ਼ੁਕਰੀਆ ਕਰਦਿਆਂ ਹੋਇਆਂ ਕਹੂਗਾ ਕਿ ਸ਼ੁਕਰ ਆ ਉਹਨੇ ਮੀਂਹ ਪਵਾ ਕੇ ਮੌਸਮ ਠੰਡਾ ਕਰ ਦਿੱਤਾ ਆ। ਫਿਰ ਨਤੀਜਾ ਤੂੰ ਆਪ ਈ ਕੱਢ ਲਈਂ ਕਿ ਰੱਬ ਹੁੰਦਾ ਆ ਕਿ ਨਈਂ ?”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਸ਼ੇਰ ਅਤੇ ਬਾਬੂ

ਇੱਕ ਵਾਰ ਇੱਕ ਮਰੀਅਲ ਜਿਹਾ ਸ਼ੇਰ ਛੱਤਬੀੜ ਚਿੜੀਆਘਰ ਤੋਂ ਭੱਜ ਗਿਆ। ਜਦੋਂ ਉਹ ਕਈ ਦਿਨਾਂ ਤੱਕ ਵਾਪਸ ਨਾ ਆਇਆ ਤਾਂ ਬਾਕੀ ਦੇ ਸ਼ੇਰਾਂ ਨੇ ਸੋਚਿਆ ਕਿ ਜਾਂ ਤਾਂ ਉਹ ਹਿਮਾਚਲ ਦੇ ਪਹਾੜਾਂ ਵੱਲ ਨਿਕਲ ਗਿਆ ਹੈ ਤੇ ਜਾਂ ਉਸ ਨੂੰ ਸ਼ਿਕਾਰੀਆਂ ਨੇ ਮਾਰ ਮੁਕਾਇਆ ਹੈ। ਪਰ ਦਸ ਕੁ ਦਿਨਾਂ ਬਾਅਦ ਉਹ ਭਗੌੜਾ ਸ਼ੇਰ ਪਕੜਿਆ ਗਿਆ ਤੇ ਵਾਪਸ ਛੱਤਬੀੜ ਪਹੁੰਚਾ ਦਿੱਤਾ ਗਿਆ। ਦਸਾਂ ਦਿਨਾਂ ਵਿੱਚ ਹੀ ਉਹ ਖੂਬ ਹੱਟਾ ਕੱਟਾ ਹੋ ਗਿਆ ਸੀ। ਜਦੋਂ ਨਾਲ ਦੇ ਸ਼ੇਰਾਂ ਨੇ ਉਸ ਨੂੰ ਪੁੱਛਿਆ ਕਿ ਐਨੇ ਦਿਨ ਕਿੱਥੇ ਰਿਹਾ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਇਥੋਂ ਭੱਜ ਕੇ ਸਿੱਧਾ ਚੰਡੀਗੜ੍ਹ ਗਿਆ ਤੇ ਪੰਜਾਬ – ਹਰਿਆਣਾ ਸਿਵਲ ਸੈਕਟਰੀਏਟ ਵਿੱਚ ਲੁਕ ਗਿਆ ਸੀ। ਉਸ ਦੀ ਸਿਹਤ ਵੇਖ ਕੇ ਈਰਖਾਲੂ ਸ਼ੇਰਾਂ ਨੇ ਪੁੱਛਿਆ ਕਿ ਉਥੇ ਉਹ ਕੀ ਖਾਂਦਾ ਪੀਂਦਾ ਰਿਹਾ ਹੈ? ਸ਼ਿਕਾਰ ਤਾਂ ਉਥੇ ਹੈ ਕੋਈ ਨਹੀਂ। ਸ਼ੇਰ ਨੇ ਜਵਾਬ ਦਿੱਤਾ, “ਸੈਕਟਰੀਏਟ ਵਿੱਚ ਸਾਰੇ ਪਾਸੇ ਬਾਬੂਆਂ ਦੀਆਂ ਧਾੜਾਂ ਫਿਰਦੀਆਂ ਹਨ। ਮੈਂ ਰੋਜ਼ ਚੁੱਪ ਚਾਪ ਇੱਕ ਬਾਬੂ ਨੂੰ ਪਕੜ ਕੇ ਖਾ ਜਾਂਦਾ ਸੀ।” ਇੱਕ ਤੇਜ਼ ਜਿਹੇ ਸ਼ੇਰ ਨੇ ਠਹਾਕਾ ਮਾਰਿਆ, “ਮਾਮਾ, ਬਾਬੂਆਂ ਨੂੰ ਖਾਣ ਦਾ ਪੰਗਾ ਲੈਣ ਦੀ ਕੀ ਲੋੜ ਸੀ? ਤਾਂ ਈ ਫਸ ਗਿਆ।”

ਸ਼ੇਰ ਨੇ ਸਿਰ ਮਾਰ ਕੇ ਜਵਾਬ ਦਿੱਤਾ, “ਉ ਨਈਂ ਭਰਾ। ਬਾਬੂ ਖਾਣ ਦਾ ਤਾਂ ਕਿਸੇ ਨੂੰ ਕੁਝ ਪਤਾ ਈ ਨਹੀਂ ਸੀ ਲੱਗਿਆ। ਐਨੀ ਭੀੜ ਵਿੱਚ ਦੋ ਚਾਰ ਬਾਬੂ ਗਾਇਬ ਹੋਣ ਦਾ ਕਿਸੇ ਨੇ ਕੋਈ ਨੋਟਿਸ ਨਹੀਂ ਸੀ ਲਿਆ। ਮੈਂ ਵੈਸੇ ਵੀ ਉਸ ਬਾਬੂ ਨੂੰ ਖਾਂਦਾ ਸੀ ਜੋ ਰੱਜ ਕੇ ਭ੍ਰਿਸ਼ਟ ਹੁੰਦਾ ਸੀ ਤੇ ਜਿਸ ਨੂੰ ਸਾਰੇ ਗਾਲ੍ਹਾਂ ਕੱਢਦੇ ਸੀ। ਇਹੋ ਜਿਹੇ ਬੰਦੇ ਦੇ ਗਾਇਬ ਹੋਣ ਨਾਲ ਤਾਂ ਲੋਕ ਸਗੋਂ ਖੁਸ਼ ਹੀ ਹੁੰਦੇ ਸਨ। ਮੈਂ ਤਾਂ ਆਪਣੀ ਹੀ ਗਲਤੀ ਕਾਰਨ ਪਕੜਿਆ ਗਿਆ।” ਦੂਸਰੇ ਸ਼ੇਰ ਨੇ ਕਾਹਲਾ ਪੈਂਦੇ ਹੋਏ ਕਿਹਾ, “ਫਿਰ ਹੋਇਆ ਕੀ? ਜਲਦੀ ਦੱਸ ਐਵੇਂ ਸਸਪੈਂਸ ਨਾ ਵਧਾਈ ਜਾ।” ਸ਼ੇਰ ਨੇ ਮਨ ਹੀ ਮਨ ਮੋਟੇ ਤਾਜ਼ੇ ਰਸਦਾਰ ਬਾਬੂਆਂ ਨੂੰ ਯਾਦ ਕਰ ਕੇ ਹਾਉਕਾ ਭਰਿਆ ਤੇ ਕਿਹਾ, “ਯਾਰ ਇੱਕ ਦਿਨ ਮੈਂ ਗਲਤੀ ਨਾਲ ਬਾਬੂਆਂ ਨੂੰ ਚਾਹ ਪਾਣੀ ਪਿਆਉਣ ਵਾਲੇ ਮੁੰਡੂ ਨੂੰ ਖਾ ਲਿਆ। ਜਦੋਂ ਬਾਬੂਆਂ ਨੂੰ ਚਾਹ ਨਾ ਮਿਲੀ ਤਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ। ਬੱਸ ਫਿਰ ਕੀ ਸੀ? ਤਲਾਸ਼ੀ ਸ਼ੁਰੂ ਹੋ ਗਈ ਤੇ ਮੇਰਾ ਪਤਾ ਲੱਗ ਗਿਆ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਦਾਦੇ ਦੀ ਤਸਵੀਰ

ਜੱਗੂ ਇੱਕ ਦਿਨ ਇੱਕ ਪ੍ਰਸਿੱਧ ਪੇਂਟਰ ਦੀ ਪ੍ਰਦਰਸ਼ਨੀ ਵੇਖਣ ਲਈ ਗਿਆ। ਉਥੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਦੀ ਰਾਜਸੀ ਕੱਪੜਿਆਂ ਵਿੱਚ ਤਸਵੀਰ ਵਿਕਰੀ ਵਾਸਤੇ ਲੱਗੀ ਹੋਈ ਸੀ। ਜੱਗੂ ਦਾ ਦਿਲ ਉਸ ਨੂੰ ਖਰੀਦਣ ਲਈ ਮਚਲਣ ਲੱਗ ਪਿਆ। ਪੁੱਛਣ ‘ਤੇ ਪਤਾ ਲੱਗਾ ਕਿ ਉਸ ਤਸਵੀਰ ਦੀ ਕੀਮਤ ਪੰਜਾਹ ਹਜ਼ਾਰ ਰੁਪਏ ਸੀ ਪਰ ਜੱਗੂ ਦੀ ਜੇਬ ਵਿੱਚ ਸਿਰਫ ਤੀਹ ਹਜ਼ਾਰ ਰੁਪਏ ਸਨ। ਵਿਚਾਰਾ ਮਨ ਮਸੋਸ ਕੇ ਘਰ ਨੂੰ ਆ ਗਿਆ। ਦੋ ਕੁ ਦਿਨਾਂ ਬਾਅਦ ਉਹ ਆਪਣੇ ਦੋਸਤ ਗੋਲਡੀ ਦੇ ਘਰ ਗਿਆ ਤਾਂ ਵੇਖਿਆ ਕਿ ਉਹ ਹੀ ਤਸਵੀਰ ਉਸ ਦੇ ਘਰ ਡਰਾਇੰਗ ਰੂਮ ਵਿੱਚ ਲੱਗੀ ਹੋਈ ਹੈ। ਜੱਗੂ ਨੇ ਅਣਜਾਣ ਕਿਹੇ ਬਣ ਕੇ ਗੋਲਡੀ ਨੂੰ ਪੁੱਛਿਆ ਕਿ ਇਹ ਕਿਸ ਦੀ ਤਸਵੀਰ ਹੈ ?

ਗੋਲਡੀ ਨੇ ਅੱਗੋਂ ਪੂਰੇ ਆਤਮ ਵਿਸ਼ਵਾਸ਼ ਨਾਲ ਫੁਕਰੀ ਮਾਰੀ, “ਤੈਨੂੰ ਨਹੀਂ ਪਤਾ? ਇਹ ਤਸਵੀਰ ਮੇਰੇ ਦਾਦਾ ਜੀ ਦੀ ਹੈ। ਉਹ ਅੰਗਰੇਜ਼ ਰਾਜ ਸਮੇਂ ਜ਼ੈਲਦਾਰ ਹੁੰਦੇ ਸੀ।” ਇਹ ਸੁਣ ਕੇ ਜੱਗੂ ਨੇ ਨਿੰਮਾ ਜਿਹਾ ਹੱਸ ਕੇ ਕੁਟਿਲ ਮੁਸਕਾਨ ਨਾਲ ਜਵਾਬ ਦਿੱਤਾ, “ਭਰਾਵਾ ਜੇ ਪਰਸੋਂ ਮੇਰੇ ਕੋਲ ਵੀਹ ਹਜ਼ਾਰ ਰੁਪਏ ਹੋਰ ਹੁੰਦੇ ਤਾਂ ਇਸ ਨੇ ਮੇਰੇ ਦਾਦਾ ਜੀ ਹੋਣਾ ਸੀ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਮੁਫਤ ਦਾ ਲੰਗਰ

ਲੰਗਰ ਲਾਉਣਾ ਪੰਜਾਬੀਆਂ ਨੂੰ ਰੱਬ ਦੀ ਸਭ ਤੋਂ ਵੱਡੀ ਦੇਣ ਹੈ। ਹਰ ਮੇਲੇ, ਮੱਸਿਆ, ਸੰਗਰਾਂਦ, ਪੁੰਨਿਆਂ ਅਤੇ ਖੁਸ਼ੀ ਗਮੀ ਦੇ ਮੌਕੇ ‘ਤੇ ਲੰਗਰ ਜਰੂਰ ਲਗਾਇਆ ਜਾਂਦਾ ਹੈ। ਇਥੋਂ ਤੱਕ ਕਿ ਜੇ ਬਾਰਸ਼ ਨਾ ਹੋਵੇ ਤਾਂ ਬਾਰਸ਼ ਪਵਾਉਣ ਲਈ ਲੰਗਰ ਤੇ ਜੇ ਬਾਰਸ਼ ਜਿਆਦਾ ਹੋ ਜਾਵੇ ਤਾਂ ਬਾਰਸ਼ ਹਟਾਉਣ ਲਈ ਲੰਗਰ। ਕਿਸਾਨ ਅੰਦੋਲਨ ਵੇਲੇ ਕਿਸਾਨਾਂ ਲਈ ਲਗਾਏ ਗਏ ਫਾਈਵ ਸਟਾਰ ਲੰਗਰ ਤਾਂ ਨੈਸ਼ਨਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਸਨ। ਕਈ ਲੋਕਾਂ ਦੇ ਢਿੱਡ ਵਿੱਚ ਇਹ ਵੇਖ ਕੇ ਬੜੀ ਪੀੜ ਹੋਈ ਸੀ ਕਿ ਕਿਸਾਨ ਮਠਿਆਈਆਂ, ਸਮੋਸੇ, ਪਕੌੜੇ, ਪੀਜ਼ੇ, ਬਰਗਰ ਅਤੇ ਨੂਡਲਜ਼ ਆਦਿ ਕਿਉਂ ਖਾ ਰਹੇ ਹਨ ਤੇ ਕਿੱਲੋਆਂ ਦੇ ਕਿੱਲੋ ਡਰਾਈ ਫਰੂਟ ਦੇ ਫੱਕੇ ਕਿਉਂ ਮਾਰ ਰਹੇ ਹਨ। ਆਮ ਭਾਰਤੀਆਂ ਨੂੰ ਪਤਾ ਹੀ ਨਹੀਂ ਹੈ ਕਿ ਪੰਜਾਬੀਆਂ ਦਾ ਲਿਵਿੰਗ ਸਟੈਂਡਰਡ ਬਾਕੀ ਸੂਬਿਆਂ ਨਾਲੋਂ ਬਹੁਤ ਅਲੱਗ ਹੈ।

ਲੰਗਰਾਂ ਵੇਲੇ ਕਈ ਵਾਰ ਕੁਝ ਹਾਸੋਹੀਣੀਆਂ ਗੱਲਾਂ ਵੀ ਵਾਪਰ ਜਾਂਦੀਆਂ ਹਨ। ਕਈ ਬੰਦਿਆਂ ਨੂੰ ਲੰਗਰ ਵਿੱਚ ਸੇਵਾ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਕਿਤੇ ਵੀ ਦੂਰ ਨੇੜੇ ਲੰਗਰ ਲੱਗਾ ਹੋਵੇ, ਜਰੂਰ ਪਹੁੰਚਦੇ ਹਨ ਤੇ ਦਾਲ ਵਾਲੀ ਬਾਲਟੀ ਜਾਂ ਰੋਟੀਆਂ ਵਾਲੀ ਟੋਕਰੀ ਪਕੜ ਲੈਂਦੇ ਹਨ। ਸਭ ਨੇ ਨੋਟ ਕੀਤਾ ਹੋਵੇਗਾ ਕਿ ਲੰਗਰਾਂ ਵਿੱਚ ਸੰਬੋਧਨ ਕਰਨ ਲੱਗਿਆਂ ਇਸਤਰੀ ਲਿੰਗ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪਾਣੀ ਨੂੰ ਜਲ, ਰੋਟੀ ਨੂੰ ਪ੍ਰਸ਼ਾਦਾ ਅਤੇ ਦਾਲ ਨੂੰ ਦਾਲਾ ਕਿਹਾ ਜਾਂਦਾ ਹੈ। ਜਦੋਂ ਮੈਂ ਮਲੋਟ ਐਸ.ਪੀ. ਲੱਗਾ ਹੋਇਆ ਸੀ ਤਾਂ ਮੇਰੇ ਇੱਕ ਮਾਨ ਨਾਮਕ ਗੰਨਮੈਨ ਨੂੰ ਲੰਗਰਾਂ ਵਿੱਚ ਸੇਵਾ ਕਰਨ ਦਾ ਬਹੁਤ ਸ਼ੌਂਕ ਸੀ। ਨਾਲੇ ਤਾਂ ਉਸ ਨੇ ਲੰਗਰਾਂ ਵਿੱਚ ਸੇਵਾ ਕਰਨੀ ਤੇ ਨਾਲੇ ਬਾਕੀ ਗੰਨਮੈਨਾਂ ਵਾਸਤੇ ਖੁਲ੍ਹਾ ਰਾਸ਼ਨ ਲੈ ਕੇ ਆਉਣਾ। ਗੰਨਮੈਨਾਂ ਨੇ ਵੀ ਉਸ ਨੂੰ ਇਸ ਕੰਮ ਵਾਸਤੇ ਵਿਹਲਾ ਰੱਖਣਾ ਤੇ ਉਸ ਦੀ ਡਿਊਟੀ ਖੁਦ ਕਰ ਲੈਣੀ। ਉਹ ਥਾਣੇ ਲੰਬੀ ਦੀ ਹੱਦ ਨਾਲ ਲੱਗਦੇ ਹਰਿਆਣੇ ਅਤੇ ਰਾਜਸਥਾਨ ਤੱਕ ਮਾਰ ਕਰਦਾ ਸੀ।

ਕਈ ਵਾਰ ਮੁਫਤ ਦਾ ਲੰਗਰ ਛਕਣਾ ਮਹਿੰਗਾ ਵੀ ਪੈ ਜਾਂਦਾ ਹੈ। ਕਈ ਸਾਲ ਪਹਿਲਾਂ ਮੇਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਮੇਲੇ ਵਿੱਚ ਡਿਊਟੀ ਲੱਗੀ ਹੋਈ ਸੀ। ਪੰਜਾਬ ਦੇ ਸਾਰੇ ਮੇਲਿਆਂ ਨਾਲੋਂ ਉਥੋਂ ਦੀ ਡਿਊਟੀ ਪੁਲਿਸ ਨੂੰ ਜਿਆਦਾ ਪਸੰਦ ਆਉਂਦੀ ਹੈ। ਇੱਕ ਤਾਂ ਮੌਸਮ ਵਧੀਆ ਹੁੰਦਾ ਹੈ ਤੇ ਦੂਸਰਾ ਉਥੇ ਭਿੰਨ ਭਿੰਨ ਪ੍ਰਕਾਰ ਦੇ ਲੰਗਰ ਲੱਗਦੇ ਹਨ। ਮੇਰੇ ਨਾਲ ਪਟਿਆਲੇ ਦਾ ਇੱਕ ਡੀ.ਐਸ.ਪੀ. ਵੀ ਡਿਊਟੀ ਕਰ ਰਿਹਾ ਸੀ। ਅਸੀਂ ਗੱਡੀਆਂ ਇੱਕ ਲੰਗਰ ਦੇ ਨਜ਼ਦੀਕ ਖੜੀਆਂ ਕੀਤੀਆਂ ਹੋਈਆਂ ਸਨ। ਉਸ ਲੰਗਰ ਦਾ ਖਾਣਾ ਕੁਝ ਜਿਆਦਾ ਹੀ ਸਵਾਦ ਸੀ। ਮੇਰੇ ਤੇ ਉਸ ਡੀ.ਐਸ.ਪੀ. ਦੇ ਗੰਨਮੈਨਾਂ ਸਮੇਤ ਅਸੀਂ ਕੋਈ 7 – 8 ਬੰਦੇ ਸੀ। ਅਸੀਂ ਉਸ ਲੰਗਰ ਵਿੱਚੋਂ ਦਿਨ ਵਿੱਚ 2 – 3 ਵਾਰ ਲੰਗਰ ਛਕਿਆ ਪਰ ਲੰਗਰ ਦੀ ਸੇਵਾ ਵਾਸਤੇ ਇੱਕ ਪੈਸਾ ਵੀ ਭੇਂਟ ਨਾ ਕੀਤਾ। ਉਸ ਲੰਗਰ ਦੇ ਪ੍ਰਬੰਧਕ ਸਾਡੇ ਵੱਲ ਕੌੜਾ ਕੌੜਾ ਝਾਕਣ। ਉੱਪਰੋਂ ਸਿਤਮ ਇਹ ਕਿ ਜਦੋਂ ਸ਼ਾਮੀਂ ਡਿਊਟੀ ਖਤਮ ਹੋਈ ਤਾਂ ਉਸ ਡੀ.ਐਸ.ਪੀ. ਨੇ ਲੰਗਰ ਘਰ ਲਿਜਾਣ ਲਈ ਵੱਡਾ ਸਾਰਾ ਟਿਫਨ ਕੱਢ ਲਿਆ ਤੇ ਪੰਜ ਛੇ ਬੰਦਿਆਂ ਦੇ ਖਾਣ ਜੋਗਾ ਰਾਸ਼ਨ ਪੈਕ ਕਰਵਾ ਲਿਆ। ਖਿਝ੍ਹੇ ਖਪੇ ਪ੍ਰਬੰਧਕਾਂ ਨੇ ਉਹ ਟਿਫਨ ਵੀ ਭਰ ਦਿੱਤਾ।

ਅਗਲੇ ਦਿਨ ਅਸੀਂ ਫਿਰ ਡਿਊਟੀ ਵਾਸਤੇ ਇਕੱਠੇ ਹੋਏ ਤਾਂ ਮੈਂ ਵੇਖਿਆ ਕਿ ਡੀ.ਐਸ.ਪੀ ਰੋਣਹਾਕਾ ਹੋਇਆ ਪਿਆ ਹੈ। ਮੈਂ ਕਾਰਣ ਪੁੱਛਿਆ ਤਾਂ ਕਹਿਣ ਲੱਗਾ ਕਿ ਮੇਰੇ ਨਾਲ ਇਸ ਲੰਗਰ ਵਾਲਿਆ ਨੇ ਬਹੁਤ ਮਾੜਾ ਕੀਤਾ ਹੈ। ਇਹਨਾਂ ਨੇ ਲੰਗਰ ਪੈਕ ਕਰਨ ਲੱਗਿਆਂ ਦਾਲ ਵਾਲੇ ਡੱਬੇ ਵਿੱਚ ਲਾਲ ਮਿਰਚਾਂ ਦੀ ਕੜਛੀ ਪਾ ਦਿੱਤੀ ਸੀ। ਮੇਰੀ ਪਤਨੀ ਨੇ ਇੱਕ ਹੀ ਬੁਰਕੀ ਲਾਈ ਤੇ ਚੀਕਾਂ ਮਾਰਨ ਲੱਗ ਪਈ। ਮੈਂ ਹੱਸਦੇ ਹੋਏ ਕਿਹਾ ਕਿ ਇਹਨਾਂ ਨੇ ਬਿਲਕੁਲ ਠੀਕ ਕੀਤਾ ਹੈ। ਆਪਾਂ ਕਲ੍ਹ ਲੰਗਰ ਵਿੱਚ ਇੱਕ ਦੁਆਨੀ ਵੀ ਭੇਂਟ ਨਹੀਂ ਕੀਤੀ, ਸੱਤਾਂ ਅੱਠਾਂ ਬੰਦਿਆਂ ਨੇ ਤਿੰਨ ਤਿੰਨ ਵਾਰ ਲੰਗਰ ਛੱਕਿਆ ਤੇ ਉੱਪਰੋਂ ਤੂੰ ਘਰ ਵਾਸਤੇ ਵੀ ਪੈਕ ਕਰਵਾ ਲਿਆ। ਇਸ ਤੋਂ ਬਾਅਦ ਪੰਜ ਸੌ ਰੁਪਏ ਮੈਂ ਪਾਏ, ਪੰਜ ਸੌ ਰੁਪਏ ਡੀ.ਐਸ.ਪੀ. ਤੋਂ ਪਵਾਏ ਤੇ ਨਾਲ ਗੰਨਮੈਨਾਂ ਕੋਲੋਂ ਸ਼ਰਧਾ ਮੁਤਾਬਕ ਤਿਲ ਫੁੱਲ ਲੈ ਕੇ ਲੰਗਰ ਵਿੱਚ ਭੇਂਟ ਕੀਤੇ। ਫਿਰ ਕਿਤੇ ਜਾ ਕੇ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ।

ਕਿਸੇ ਘਰ ਕੁਝ ਅਮਲੀ ਇੱਕਠੇ ਹੋ ਕੇ ਦਾਰੂ ਸਿੱਕਾ ਛਕ ਰਹੇ ਸਨ ਤੇ ਉਹਨਾਂ ਨੇ ਬੱਕਰਾ ਬਣਾਇਆ ਹੋਇਆ ਸੀ। ਜਿਸ ਅਮਲੀ ਦੇ ਘਰ ਪ੍ਰੋਗਰਾਮ ਚੱਲ ਰਿਹਾ ਸੀ, ਉਸ ਦੀ ਪਤਨੀ ਉਸ ਦੀਆਂ ਕਰਤੂਤਾਂ ਤੋਂ ਦੁਖੀ ਹੋ ਕੇ ਪਹਿਲਾਂ ਹੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ। ਜਦੋਂ ਸ਼ਰਾਬ ਦਾ ਦੌਰ ਖਤਮ ਹੋਇਆ ਤਾਂ ਰੋਟੀ ਖਾਣ ਦਾ ਸਮਾਂ ਹੋ ਗਿਆ। ਹੁਣ ਘਰ ਵਿੱਚ ਜਨਾਨੀ ਹੋਵੇ ਤਾਂ ਰੋਟੀ ਪਕਾਵੇ। ਉਹਨਾਂ ਦੇ ਘਰ ਦੇ ਨਜ਼ਦੀਕ ਹੀ ਕਿਸੇ ਬਹੁਤ ਹੀ ਕੱਟੜ ਧਾਰਮਿਕ ਸੰਸਥਾ ਨੇ ਲੰਗਰ ਲਗਾਇਆ ਹੋਇਆ ਸੀ। ਦੋ ਅਮਲੀ ਉਥੋਂ ਰੋਟੀਆਂ ਲੈਣ ਲਈ ਚਲੇ ਗਏ। ਦਾਰੂ ਦੀ ਮੁਸ਼ਕ ਮਾਰਦੇ ਅਮਲੀਆਂ ਨੂੰ ਸੇਵਾਦਾਰਾਂ ਨੇ ਨੱਕ ਮੂੰਹ ਵੱਟ ਕੇ ਰੋਟੀਆਂ ਪੋਣੇ ਵਿੱਚ ਵਲੇਟ ਦਿੱਤੀਆਂ। ਜਦੋਂ ਅਮਲੀ ਤੁਰਨ ਲੱਗੇ ਤਾਂ ਇੱਕ ਸੇਵਾਦਾਰ ਨੇ ਕਿਹਾ ਕਿ ਭਾਈ ਦਾਲ ਤਾਂ ਲੈ ਲਉ, ਰੋਟੀਆਂ ਸੁੱਕੀਆਂ ਕਿਵੇਂ ਖਾਉਗੇ? ਇੱਕ ਅਮਲੀ ਸਿਆਣਾ ਜਿਹਾ ਬਣ ਕੇ ਕਹਿਣ ਲੱਗਾ, “ਦਾਲ ਦੀ ਲੋੜ ਨਹੀਂ ਬਾਬਾ ਜੀ, ਘਰੇ ਬੱਕਰਾ ਬਣਿਆ ਹੋਇਆ ਹੈ।” ਪਹਿਲਾਂ ਹੀ ਅਮਲੀਆਂ ਦੇ ਮੂੰਹ ਵਿੱਚੋਂ ਆਉਂਦੀ ਮੁਸ਼ਕ ਤੋਂ ਸੜੇ ਬਲੇ ਸੇਵਾਦਾਰਾਂ ਨੇ ਐਨਾ ਸੁਣਦੇ ਹੀ ਉਹਨਾਂ ਨੂੰ ਬੱਕਰੇ ਵਾਂਗ ਢਾਹ ਲਿਆ ਤੇ ਕੁੱਟ ਕੁੱਟ ਕੇ ਬਾਂਦਰ ਬਣਾ ਦਿੱਤਾ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਅਸੀਂ ਕਿੰਨੇ ਅਸੰਵੇਦਨਸ਼ੀਲ ਹੋ ਗਏ ਹਾਂ।

ਕੁਝ ਦਿਨ ਪਹਿਲਾਂ ਹੋਲੇ ਮਹੱਲੇ ਸਮੇਂ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿੱਚ ਕੈਨੇਡਾ ਤੋਂ ਆਏ ਪ੍ਰਦੀਪ ਸਿੰਘ ਨਾਮਕ ਇੱਕ ਨੌਜਵਾਨ ਦਾ ਸ਼ਰੇਆਮ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਪਰ ਇਸ ਘਟਨਾ ਦਾ ਸਭ ਤੋਂ ਸ਼ਰਮਨਾਕ ਪਹਿਲੂ ਇੱਕ ਹੈ ਕਿ ਲੋਕਾਂ ਦਾ ਹਜੂਮ ਇਸ ਘਟਨਾ ਦਾ ਪੂਰਾ ਮਜ਼ਾ ਲੈ ਰਿਹਾ ਸੀ ਤੇ ਅੱਧੇ ਤੋਂ ਵੱਧ ਲੋਕ ਉਸ ਨੌਜਵਾਨ ਦਾ ਬਚਾਅ ਕਰਨ ਦੀ ਬਜਾਏ ਆਪੋ ਆਪਣੇ ਮੋਬਾਇਲਾਂ ‘ਤੇ ਉਸ ਦੀ ਮਾਰ ਕੁਟਾਈ ਦੀ ਵੀਡੀਉ ਬਣਾਉਣ ਵਿੱਚ ਰੁੱਝੇ ਹੋਏ ਸਨ। ਇਸੇ ਤਰਾਂ ਦੀ ਇੱਕ ਘਟਨਾ ਵਿੱਚ ਸੱਤ ਕੁ ਮਹੀਨੇ ਪਹਿਲਾਂ ਯੂ.ਪੀ. ਦੇ ਗਾਜ਼ੀਆਬਾਦ ਸ਼ਹਿਰ ਵਿੱਚ ਦੋ ਬਦਮਾਸ਼ਾਂ ਨੇ ਅਜੇ ਨਾਮਕ ਇੱਕ ਵਿਅਕਤੀ ਨੂੰ ਸ਼ਰੇਆਮ ਚੱਲਦੀ ਸੜਕ ‘ਤੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਨੇੜੇ ਤੋਂ ਅਰਾਮ ਨਾਲ ਟਰੈਫਿਕ ਚੱਲਦੀ ਰਹੀ ਤੇ ਬੇਸ਼ਰਮ ਤਮਾਸ਼ਬੀਨ ਉਸ ਦੀ ਮਦਦ ਕਰਨ ਜਾਂ ਪੁਲਿਸ ਤੇ ਐਂਬੂਲੈਂਸ ਨੂੰ ਬੁਲਾਉਣ ਦੀ ਬਜਾਏ ਮਾਰ ਕੁਟਾਈ ਦੀਆਂ ਵੀਡੀਉ ਬਣਾਉਂਦੇ ਰਹੇ। ਉਹਨਾਂ ਨੂੰ ਅਜੇ ਨੂੰ ਬਚਾਉਣ ਨਾਲੋਂ ਫੇਸਬੁੱਕ ‘ਤੇ ਲਾਈਕ ਲੈਣ ਦੀ ਜਿਆਦਾ ਫਿਕਰ ਸੀ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਆਵਿਸ਼ਕਾਰ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜਰੂਰੀ ਦਸਤਾਵੇਜ਼, ਫੋਟੋਆਂ, ਖਬਰਾਂ, ਫਿਲਮਾਂ ਅਤੇ ਈਮੇਲ ਆਦਿ ਸਕਿੰਟਾਂ ਵਿੱਚ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਭੇਜੇ ਜਾ ਸਕਦੇ ਹਨ। ਸੰਸਾਰ ਦੇ ਕਿਸੇ ਵੀ ਦੇਸ਼ ਤੋਂ ਫਰੀ ਆਡਿਉ ਜਾਂ ਵੀਡੀਉ ਕਾਲ ਹੋ ਜਾਂਦੀ ਹੈ। ਪਰ ਇਹ ਗੱਲਾਂ ਸਾਡੇ ਦੇਸ਼ ਦੇ ਵਿਹਲੜਾਂ ‘ਤੇ ਲਾਗੂ ਨਹੀਂ ਹੁੰਦੀਆਂ, ਇਹ ਤਾਂ ਸ਼ੋਸ਼ਲ ਮੀਡੀਆਂ ਦੀ ਵਰਤੋਂ ਹੋਰ ਹੀ ਕੰਮਾਂ ਲਈ ਕਰ ਰਹੇ ਹਨ।

ਕੁਝ ਦਿਨ ਪਹਿਲਾਂ ਬਿਹਾਰ ਦੇ ਇੱਕ ਪੱਤਰਕਾਰ ਨੇ ਤਾਂ ਕਮਾਲ ਹੀ ਕਰ ਦਿੱਤਾ ਸੀ। ਉਸ ਨੇ ਦੋ ਵਿਅਕਤੀਆਂ ਨੂੰ ਪੱਟੀਆਂ ਆਦਿ ਬੰਨ੍ਹ ਕੇ ਇੱਕ ਵੀਡੀਉ ਤਿਆਰ ਕਰ ਲਈ ਕਿ ਉਹ ਤਾਮਿਨਾਡੂ ਵਿਖੇ ਮਜ਼ਦੂਰੀ ਕਰਦੇ ਹਨ ਤੇ ਉਹਨਾਂ ‘ਤੇ ਤਾਮਿਲਾਂ ਨੇ ਫਿਰਕੂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਦੇ ਦਰਜ਼ਨਾਂ ਸਾਥੀ ਮਾਰੇ ਗਏ ਹਨ ਤੇ ਸੈਂਕੜੇ ਜ਼ਖਮੀ ਹਨ। ਵਿਹਲੜਾਂ ਨੇ ਬਿਨਾਂ ਸੋਚੇ ਸਮਝੇ ਇਹ ਵੀਡੀਉ ਸਾਰੇ ਭਾਰਤ ਵਿੱਚ ਫੈਲਾ ਦਿੱਤੀ। ਤਾਮਿਲਨਾਡੂ ਵਿੱਚ ਹਫੜਾ ਦਫੜੀ ਫੈਲ ਗਈ ਤੇ ਹਜ਼ਾਰਾਂ ਬਿਹਾਰੀ ਮਜ਼ਦੂਰ ਡਰਦੇ ਮਾਰੇ ਕੰਮ ਕਾਜ ਛੱਡ ਕੇ ਰੇਲਵੇ ਸਟੇਸ਼ਨਾਂ ‘ਤੇ ਪਹੁੰਚ ਗਏ। ਇਸ ਅਫਵਾਹ ਨੂੰ ਰੋਕਣ ਲਈ ਬਿਹਾਰ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀਆਂ ਨੂੰ ਦਖਲ ਦੇਣਾ ਪਿਆ ਤਾਂ ਕਿਤੇ ਜਾ ਕੇ 10 – 15 ਦਿਨਾਂ ਬਾਅਦ ਮਾਹੌਲ ਸ਼ਾਂਤ ਹੋਇਆ। ਹੁਣ ਉਸ ਪੱਤਰਕਾਰ ਅਤੇ ਉਸ ਦੇ ਮੂਰਖ ਸਾਥੀਆਂ ‘ਤੇ ਮੁਕੱਦਮਾ ਦਰਜ਼ ਹੋ ਗਿਆ ਤੇ ਉਹ ਜੇਲ ਯਾਤਰਾ ਕਰ ਰਹੇ ਹਨ। ਜੇ ਕਿਤੇ ਸੜਕ ਹਾਦਸੇ ਵਿੱਚ ਕੋਈ ਬਦਨਸੀਬ ਮਰਿਆ ਪਿਆ ਹੋਵੇ ਤਾਂ ਇਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਮਦਦ ਕਰਨ ਦੀ ਬਜਾਏ ਨੁੱਚੜਦੇ ਖੂਨ ਤੇ ਫਿੱਸੇ ਹੋਏ ਸਿਰਾਂ ਵਾਲੀਆਂ ਦਰਦਨਾਕ ਫੋਟੋਆਂ ਸੋਸ਼ਲ ਮੀਡੀਆ ‘ਤੇ ਪਾਉਣਗੇ। ਕਈ ਬੇਵਕੂਫ ਤਾਂ ਐਵੇਂ ਹੀ ਪੁਰਾਣੀ ਫੋਟੋ ਵੱਟਸਐੱਪ ‘ਤੇ ਪਾ ਦੇਂਦੇ ਹਨ ਕਿ ਇਹ ਬੱਚਾ ਫਲਾਣੇ ਰੇਲਵੇ ਸਟੇਸ਼ਨ ‘ਤੇ ਲਾਵਾਰਿਸ ਮਿਲਿਆ ਹੈ। ਲੋਕ ਫੋਨ ਕਰ ਕੇ ਪੁਲਿਸ ਵਾਲਿਆਂ ਦਾ ਨੱਕ ਵਿੱਚ ਦਮ ਕਰ ਦੇਂਦੇ ਹਨ। ਕਈ ਘਰ ਬੈਠੇ ਹੀ ਮੈਜੇਜ ਛੱਡ ਦੇਂਦੇ ਹਨ ਕਿ ਫਲਾਣੇ ਹਸਪਤਾਲ ਵਿੱਚ ਖੂਨ ਚਾਹੀਦਾ ਹੈ। ਬੰਦਾ ਪੁੱਛੇ ਕਿ ਤੁਸੀਂ ਆਪ ਕਿਉਂ ਨਹੀਂ ਦੇਂਦੇ ਜਾ ਕੇ? ਖੂਨ ਕਿਸੇ ਲੋੜਵੰਦ ਨੂੰ ਬਠਿੰਡੇ ਚਾਹੀਦਾ ਹੁੰਦਾ ਹੈ ਤੇ ਮੈਸੇਜ ਇਹ ਪਠਾਨਕੋਟ ਨੂੰ ਭੇਜੀ ਜਾਂਦੇ ਹਨ।

ਸੋਸ਼ਲ ਮੀਡੀਆ ‘ਤੇ ਸਾਰਾ ਦਿਨ ਫਜ਼ੂਲ ਦੀਆਂ ਅਹਿਮਕਾਨਾ ਗੱਲਾਂ ਜਿਆਦਾ ਸ਼ੇਅਰ ਕੀਤੀਆਂ ਜਾਂਦੀਆਂ ਹਨ। ਕਈ ਮੂਰਖ ਤਾਂ ਅੰਧਵਿਸ਼ਵਾਸ ਫੈਲਾਉਣਾ ਆਪਣਾ ਪਰਮ ਧਰਮ ਸਮਝਦੇ ਹਨ। ਕਹਿਣਗੇ ਇਹ ਮੈਸੇਜ ਫਲਾਣੇ ਧਾਰਮਿਕ ਸਥਾਨ ਤੋਂ ਚੱਲਿਆ ਹੈ। 100 ਲੋਕਾਂ ਨੂੰ ਫਾਰਵਰਡ ਕਰੋਗੇ ਤਾਂ ਸ਼ਾਮ ਤੱਕ ਕੋਈ ਚੰਗੀ ਖਬਰ ਮਿਲੇਗੀ, ਅਗਰ ਨਜ਼ਰ ਅੰਦਾਜ਼ ਕਰੋਗੇ ਤਾਂ ਤੁਹਾਡਾ ਨੁਕਸਾਨ ਹੋ ਜਾਵੇਗਾ। ਇੱਕ ਸੂਰਮੇ ਨੇ ਤਾਂ ਆਪਣੇ ਦਾਦੇ ਦੀ ਅਰਥੀ ਨੂੰ ਮੋਢਾ ਦੇਂਦੇ ਸਮੇਂ ਦੰਦੀਆਂ ਕੱਢਦੇ ਹੋਏ ਸੈਲਫੀ ਖਿੱਚ ਕੇ ਫੇਸਬੁੱਕ ‘ਤੇ ਪਾ ਦਿੱਤੀ ਸੀ ਕਿ ਫੀਲਿੰਗ ਸੈੱਡ ਵਿੱਦ ਦਾਦਾ ਜੀ ਡੈੱਡ। ਕਈ ਲੋਕ ਤਾਂ ਸ਼ੋਸ਼ਲ ਮੀਡੀਆ ਦੇ ਐਨੇ ਭਗਤ ਹਨ ਜਿਵੇਂ ਦੁਨੀਆਂ ਭਰ ਦੀ ਸਾਰੀ ਸੱਚਾਈ ਇਸ ਵਿੱਚ ਹੀ ਸਮਾਈ ਹੋਵੇ। ਜਦੋਂ ਦੀਨਾਨਗਰ ਥਾਣੇ ‘ਤੇ ਅੱਤਵਾਦੀ ਹਮਲਾ ਹੋਇਆ ਸੀ ਤਾਂ ਵਿਹਲੜਾਂ ਨੇ ਟੀ.ਵੀ. ਤੋਂ ਉੱਡਦੀ ਉੱਡਦੀ ਖਬਰ ਸੁਣ ਲਈ ਕਿ ਅੱਤਵਾਦੀਆਂ ਨਾਲ ਸ਼ਾਇਦ ਦੋ ਔਰਤਾਂ ਵੀ ਹਨ। ਮੁਕਾਬਲਾ ਰਾਤ 8-9 ਵਜੇ ਜਾ ਕੇ ਖਤਮ ਹੋਇਆ ਸੀ। ਪਰ ਕਥਿੱਤ ਸੋਸ਼ਲ ਮੀਡੀਆ ਕਰਾਈਮ ਰਿਪੋਰਟਰਾਂ ਨੇ ਸਵੇਰੇ 10 ਵਜੇ ਹੀ ਕਿਸੇ ਪੁਰਾਣੇ ਮੁਕਾਬਲੇ ਵਿੱਚ ਦੋ ਔਰਤਾਂ ਸਮੇਤ ਮਰੇ ਚੇਚਨੀਆਂ (ਰੂਸ) ਦੇ ਅੱਤਵਾਦੀਆਂ ਦੀਆਂ ਫੋਟੋਆਂ ਵੱਟਸਐਪ ‘ਤੇ ਪਾ ਦਿੱਤੀਆਂ ਸਨ ਕਿ ਸਾਰੇ ਅੱਤਵਾਦੀ ਮਾਰੇ ਗਏ ਹਨ ਤੇ ਮੁਕਾਬਲਾ ਖਤਮ ਹੋ ਗਿਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦਿੱਲੀ ਅਤੇ ਹਰਿਆਣਾ ਦੇ ਜਾਟ ਅੰਦੋਲਨ ਨੂੰ ਭੜਕਾਉਣ ਵਿੱਚ ਸ਼ੋਸ਼ਲ ਮੀਡੀਆ ਦਾ ਪੂਰਾ ਹੱਥ ਸੀ।

ਇਨ੍ਹਾਂ ਲੋਕਾਂ ਨੂੰ ਸਵੇਰੇ ਭਗਤੀ ਦਾ ਖੁਮਾਰ ਚੜ੍ਹਿਆ ਹੁੰਦਾ ਹੈ। ਅਜਿਹੇ ਧਾਰਮਿਕ, ਗਿਆਨ ਵਧਾਊ ਅਤੇ ਹੌਂਸਲਾ ਅਫਜਾਈ ਵਾਲੇ ਮੈਸੇਜ ਆਉਂਦੇ ਹਨ ਕਿ ਬੰਦਾ ਆਪਣੇ ਆਪ ਨੂੰ ਸਰਵ-ਸ਼ਕਤੀਮਾਨ ਮਹਿਸੂਸ ਕਰਨ ਲੱਗ ਜਾਂਦਾ ਹੈ। ਦੁਪਹਿਰ ਨੂੰ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦ ਮੰਦ ਸ਼ੁਰੂ ਹੋ ਜਾਂਦਾ ਹੈ। ਸਟੇਟਸ ‘ਤੇ ਫੋਟੋ ਵੀ ਵੇਖਣ ਵਾਲੀ ਹੰੁਦੀ ਹੈ। ਮਰੀਅਲ ਤੋਂ ਮਰੀਅਲ ਬੰਦਾ ਵੀ ਗੁੱਗੂ ਗਿੱਲ ਤੋਂ ਘੱਟ ਨਹੀ ਲੱਗਦਾ। ਕਈ ਸੂਰਮੇ ਤਾਂ ਬੇਗਾਨੇ ਪਿਸਤੌਲਾਂ ਰਾਈਫਲਾਂ ਨਾਲ ਗੱਬਰ ਸਿੰਘ ਦੇ ਪੋਜ਼ ਵਿੱਚ ਡੀ.ਪੀ. ਲਾ ਕੇ ਜੇਲ੍ਹ ਜਾਣ ਦੀ ਤਿਆਰੀ ਕਰੀ ਬੈਠੇ ਹਨ। ਆਮ ਲੋਕਾਂ ਨੂੰ ਇਹ ਪਤਾ ਨਹੀਂ ਕਿ ਦੂਸਰੇ ਦੇ ਹਥਿਆਰ ਨੂੰ ਪਕੜਨਾ ਵੀ ਜ਼ੁਰਮ ਹੈ। ਹਰ ਬੰਦਾ ਦੂਸਰੇ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਬੁੱਢਿਆਂ ਨੇ ਫੇਸਬੁੱਕ ‘ਤੇ ਆਪਣੀ ਜਵਾਨੀ ਦੀ ਪ੍ਰੋਫਾਇਲ ਫੋਟੋ ਲਾਈ ਹੁੰਦੀ ਹੈ। ਕਈ ਬੰਦੇ ਭੁਲੇਖੇ ਨਾਲ ਆਪਣੀ ਪਤਨੀ ਨਾਲ ਹੀ ਚੈਟਿੰਗ ਕਰਦੇ ਕਾਬੂ ਆ ਗਏ ਹਨ। ਕਈ ਅਣਭੋਲ ਔਰਤਾਂ ਬਦਮਾਸ਼ ਬੰਦਿਆਂ ਦੀਆਂ ਚੈਟਿੰਗ ਦੌਰਾਨ ਕੀਤੀਆਂ ਮਿੱਠੀਆਂ ਗੱਲਾਂ ਵਿੱਚ ਫਸ ਕੇ ਘਰ ਘਾਟ ਤਬਾਹ ਕਰ ਬੈਠੀਆਂ ਹਨ।
ਇੱਕ ਨਵਾਂ ਟਰੈਂਡ ਚੱਲਿਆ ਹੈ ਸੈਲਫੀ ਖਿੱਚਣ ਦਾ। ਲੋਕ ਕਿਸੇ ਲੀਡਰ ਜਾਂ ਅਫਸਰ ਨਾਲ ਚੇਪੀ ਹੋ ਕੇ ਖਿੱਚੀਆਂ ਸੈਲਫੀਆਂ ਫੇਸਬੁੱਕ ‘ਤੇ ਪਾ ਕੇ ਲਾਈਕ ਗਿਣਨ ਲੱਗ ਜਾਂਦੇ ਹਨ। ਲਾਈਕ ਅਸਲ ਵਿੱਚ ਉਸ ਵੱਡੇ ਬੰਦੇ ਨੂੰ ਮਿਲਦੇ ਹਨ, ਜਿਸ ਨਾਲ ਤੁਹਾਡੀ ਫੋਟੋ ਲੱਗੀ ਹੁੰਦੀ ਹੈ। ਹੁਣ ਤੱਕ ਇੱਕਲੇ ਭਾਰਤ ਵਿੱਚ ਹੀ 250 ਦੇ ਕਰੀਬ ਲੋਕ ਸੈਲਫੀਆਂ ਲੈਂਦੇ ਸਮੇਂ ਅਣਿਆਈ ਮੌਤ ਮਰ ਚੁੱਕੇ ਹਨ। ਲੀਡਰਾਂ ਕੋਲ ਪਹੁੰਚਣ ਦਾ ਸਭ ਤੋਂ ਸੌਖਾ ਬਹਾਨਾ ਹੈ ਸੈਲਫੀ ਖਿੱਚਣੀ। ਜਿਹੜੇ ਲੀਡਰ ਜਾਂ ਐਕਟਰ ਨੱਕ ‘ਤੇ ਮੱਖੀ ਨਹੀਂ ਬਹਿਣ ਦੇਂਦੇ, ਉਹ ਵੀ ਸੈਲਫੀ ਖਿਚਾਉਣ ਵੇਲੇ ਅਸੀਲ ਮੱਝ ਵਾਂਗ ਫੌਰਨ ਬੱਤੀਸੀ ਵਿਖਾਉਣ ਲੱਗ ਜਾਂਦੇ ਹਨ। ਸ਼ੋਸ਼ਲ ਮੀਡੀਆ ਅੱਜ ਐਨਾ ਤਾਕਤਵਰ ਹੋ ਗਿਆ ਹੈ ਕਿ ਇਸ ਵਿੱਚ ਦੇਸ਼ਾਂ ਦੀ ਕਿਸਮਤ ਤੱਕ ਬਦਲਣ ਦੀ ਤਾਕਤ ਆ ਗਈ ਹੈ। ਟਿਊਨੀਸ਼ੀਆ, ਮਿਸਰ ਅਤੇ ਸੀਰੀਆ ਦੀਆਂ ਸਰਕਾਰਾਂ ਦਾ ਤਖਤਾ ਪਲਟਾਉਣ ਵਿੱਚ ਇਸ ਦਾ ਪੂਰਾ ਹੱਥ ਸੀ। 2010 ਵਿੱਚ ਟਿਊਨੀਸ਼ੀਆ ਦੀ ਰਾਜਧਾਨੀ ਟਿਊਨਿਸ ਵਿਖੇ ਇੱਕ ਕਬਜ਼ਾ ਹਟਾਊ ਦਸਤੇ ਦੇ ਵਿਰੋਧ ਵਿੱਚ ਇੱਕ ਫੜ੍ਹੀ ਵਾਲੇ ਮੁਹੰਮਦ ਬੋਆਜ਼ੀ ਨੇ ਆਪਣੇ ਆਪ ਅੱਗ ਲਗਾ ਲਈ ਸੀ। ਉਹ ਫੋਟੋ ਐਨੀ ਵਾਇਰਲ ਹੋਈ ਕਿ ਤਤਕਾਲੀ ਰਾਸ਼ਟਰਪਤੀ ਜ਼ਾਈਨ ਅਲ ਅਬੀਦੀਨ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ। ਭਾਰਤ ਵਿੱਚ ਇੱਕ ਖਾਸ ਰਾਜਨੀਤਕ ਪਾਰਟੀ ਦਾ ਸ਼ੋਸ਼ਲ ਮੀਡੀਆ ‘ਤੇ ਮੁਕੰਮਲ ਕਬਜ਼ਾ ਹੈ। ਇਸ ਦਾ ਪਰਿਣਾਮ ਇਹ ਨਿਕਲਿਆ ਹੈ ਕਿ ਲੋਕ ਦੂਸਰੀਆਂ ਪਾਰਟੀਆਂ ਦੀ ਗੱਲ ਸੁਣਨ ਲਈ ਵੀ ਰਾਜੀ ਨਹੀਂ ਹਨ। ਉਸ ਨੂੰ ਹਰ ਇਲੈੱਕਸ਼ਨ ਵਿੱਚ ਧੜਾ ਧੜ ਵੋਟ ਮਿਲ ਰਹੇ ਹਨ।

ਸ਼ੋਸ਼ਲ ਮੀਡੀਆ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਫਾਇਦੇ ਵੀ ਬੇਅੰਤ ਹਨ। ਦੋ ਕੁ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਨਿਊਯਾਰਕ (ਅਮਰੀਕਾ) ਵਿੱਚ ਇੱਕ ਮਰੀਜ਼ ਦਾ ਉਪਰੇਸ਼ਨ ਕਰਦੇ ਸਮੇਂ ਡਾਕਟਰ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ। ਉਸ ਨੇ ਕੈਲਗਰੀ (ਕੈਨੇਡਾ) ਦੇ ਇੱਕ ਸਪੈਸ਼ਲਿਸਟ ਨੂੰ ਆਨਲਾਈਨ ਉਪਰੇਸ਼ਨ ਵਿਖਾ ਕੇ ਸਲਾਹ ਲਈ ਤੇ ਮਰੀਜ਼ ਦੀ ਜਾਨ ਬਚ ਸਕੀ। ਪਰ ਸਾਡੇ ਦੇਸ਼ ਵਿੱਚ ਸ਼ੋਸ਼ਲ ਮੀਡੀਆ ਦੀ ਰੱਜ ਦੁਰਵਰਤੋਂ ਹੋ ਰਹੀ ਹੈ। ਇਸ ਦਾ ਇਸਤੇਮਾਲ ਦੰਗੇ ਭੜਕਾਉਣ, ਅਸ਼ਲੀਲਤਾ ਫੈਲਾਉਣ ਅਤੇ ਇੱਕ ਦੂਸਰੇ ਨੂੰ ਬਦਨਾਮ ਕਰਨ ਲਈ ਜਿਆਦਾ ਕੀਤਾ ਜਾ ਰਿਹਾ ਹੈ। ਇਸ ਲਈ ਸਭ ਨੂੰ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰੀਏ। ਇਸ ਨਾਲ ਅਸੀਂ ਵੀ ਸੁਖੀ ਰਹਾਂਗੇ ਤੇ ਸਮਾਜ ਦਾ ਵੀ ਭਲਾ ਹੋਵੇਗਾ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਕਿਧਰ ਨੂੰ ਚੱਲ ਪਏ ਪੰਜਾਬੀ ਨੌਜਵਾਨ

ਪਿਛਲੇ ਕੁਝ ਹੀ ਦਿਨਾਂ ਵਿੱਚ ਪੰਜਾਬੀ ਨੌਜਵਾਨਾਂ ਦੇ ਹਜ਼ੂਮਾਂ ਨੇ ਉੱਪਰੋ ਥੱਲੀ ਤਿੰਨ ਚਾਰ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਸਭ ਤੋਂ ਪਹਿਲਾਂ ਥਾਣਾ ਅਜਨਾਲਾ ‘ਤੇ ਕਬਜ਼ਾ ਤੇ ਪੁਲਿਸ ਨਾਲ ਕੀਤੀ ਗਈ ਮਾਰ ਕੁਟਾਈ, ਦੂਸਰੇ ਨੰਬਰ ‘ਤੇ ਮਣੀਕਰਨ ਗੁਰਦਵਾਰੇ ਦੇ ਨਜ਼ਦੀਕ ਸਥਾਨਿਕ ਵਸਨੀਕਾਂ ਨਾਲ ਪੱਥਰਬਾਜ਼ੀ ਤੇ ਹੁਣ ਹੋਲੇ ਮੁਹੱਲੇ ਵਰਗੇ ਪਵਿੱਤਰ ਤਿਉਹਾਰ ਸਮੇਂ ਕੈਨੇਡਾ ਤੋਂ ਆਏ ਇੱਕ ਨੌਜਵਾਨ ਦਾ ਕਤਲ। ਹੋਲੇ ਮੁਹੱਲੇ ‘ਤੇ ਨੌਜਵਾਨ ਦਾ ਕਤਲ ਸਿਰਫ ਇਸ ਕਾਰਨ ਹੋਇਆ ਕਿ ਕੁਝ ਨਿਹੰਗ ਇਕੱਠੇ ਹੋ ਕੇ ਮੋਟਰ ਸਾਈਕਲ, ਟਰੈਕਟਰ ਅਤੇ ਗੱਡੀਆਂ ‘ਤੇ ਸਵਾਰ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕ ਰਹੇ ਸਨ। ਜੋ ਕੁਝ ਨਿਹੰਗ ਕਰ ਰਹੇ ਸਨ, ਉਸ ਨੂੰ ਵੀ ਠੀਕ ਨਹੀਂ ਕਿਹਾ ਜਾ ਸਕਦਾ। ਇੱਕ ਵੀਡੀਉ ਵਿੱਚ ਸਾਫ ਦਿਖਦਾ ਹੈ ਕਿ ਉਹ ਪਟਾਕੇ ਪਾ ਰਹੇ ਇੱਕ ਮੋਟਰ ਸਾਈਕਲ ਸਵਾਰ ‘ਤੇ ਡਾਂਗਾਂ ਬਰਸਾ ਰਹੇ ਹਨ। ਪਰ ਉਹਨਾਂ ਦੇ ਖਿਲਾਫ ਪੁਲਿਸ ਕੋਲ ਜਾਣ ਦੀ ਬਜਾਏ ਇੱਕ ਬੇਕਸੂਰ ਨੌਜਵਾਨ ਦਾ ਕਤਲ ਕਰ ਦੇਣਾ ਬਹੁਤ ਹੀ ਘਿਣਾਉਣੀ ਗੱਲ ਹੈ।

ਇਹ ਗੱਲ ਬਿਕਕੁਲ ਸੱਚ ਹੈ ਕਿ ਅੱਜ ਕਲ੍ਹ ਨੌਜਵਾਨ ਧਾਰਮਿਕ ਮੇਲਿਆਂ ਵਿੱਚ ਰੱਜ ਕੇ ਹੁੱਲੜਬਾਜ਼ੀ ਕਰਦੇ ਹਨ। ਇਸ ਸਾਲ ਦੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਵੇਲੇ ਇੱਕ ਵੀਡੀਉ ਕਾਫੀ ਵਾਇਰਲ ਹੋਈ ਹੈ। ਟਰੈਕਟਰ ਟਰਾਲੀ ‘ਤੇ ਸਵਾਰ 10-15 ਨੌਜਵਾਨ ਚੱਕਵੇਂ ਗਾਣੇ ਲਗਾ ਕੇ ਹੱਥ ਵਿੱਚ ਸ਼ਰਾਬ ਦੇ ਗਿਲਾਸ ਪਕੜ ਕੇ ਭੰਗੜਾ ਪਾਉਂਦੇ ਹੋਏ ਮੇਲੇ ਵੱਲ ਜਾ ਰਹੇ ਹਨ। ਕਿਸੇ ਨੇ ਇਸ ਵੀਡੀਉ ਦਾ ਸਿਰਲੇਖ ਵੀ ਬਹੁਤ ਵਧੀਆ ਰੱਖਿਆ ਹੈ, “ਸੂਬਾ ਸਰਹੰਦ ਦੇ ਵਾਰਸ ਸਰਹੰਦ ਵੱਲ ਜਾਂਦੇ ਹੋਏ।” ਪੰਜਾਬ ਵਿੱਚ ਸਿੱਖ ਧਰਮ ਨਾਲ ਸਬੰਧਿਤ ਅਨੇਕਾਂ ਜੋੜ ਮੇਲੇ ਲੱਗਦੇ ਹਨ ਜਿਹਨਾਂ ਵਿੱਚ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਫਤਿਹਗੜ੍ਹ ਸਾਹਿਬ ਦੀ ਸਭਾ, ਤਲਵੰਡੀ ਸਾਬੋ ਦੀ ਵਿਸਾਖੀ ਅਤੇ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਪ੍ਰਮੁੱਖ ਹਨ। ਧਾਰਮਿਕ ਮੇਲਿਆਂ ਵਿੱਚ ਜਾਣ ਦਾ ਮਤਲਬ ਆਮ ਤੌਰ ਤੇ ਇਹ ਮੰਨਿਆਂ ਜਾਂਦਾ ਹੈ ਕਿ ਨੌਜਵਾਨ ਆਪਣੇ ਮਾਣ ਮੱਤੇ ਪੁਰਾਤਨ ਵਿਰਸੇ ਤੋਂ ਜਾਣੂ ਹੋਣ। ਪਰ ਅੱਜ ਕਲ੍ਹ ਮੇਲਿਆਂ ਵਿੱਚ ਜੋ ਗੁੱਲ ਖਿਲਾਏ ਜਾ ਰਹੇ ਹਨ, ਉਹ ਸਭ ਦੇ ਸਾਹਮਣੇ ਹਨ। ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਜੋੜ ਮੇਲਿਆਂ ਦੀ ਕੀ ਮਹੱਤਤਾ ਹੈ।

1970 ਦੇ ਦਹਾਕੇ ਤੱਕ ਤਰਨ ਤਾਰਨ ਦੀ ਮੱਸਿਆ ਬਾਰੇ ਮਾਝੇ ਦੇ ਲੋਕਾਂ ਦੇ ਵਿਚਾਰ ਬਹੁਤੇ ਚੰਗੇ ਨਹੀਂ ਸਨ ਹੁੰਦੇ। ਬਹੁਤ ਜਿਆਦਾ ਭੀੜ ਭੜੱਕਾ ਹੋਣ ਕਾਰਨ ਮੁਸ਼ਟੰਡੇ ਔਰਤਾਂ ਨਾਲ ਬੇਹੱਦ ਅਸ਼ਲੀਲ ਛੇੜਖਾਨੀਆਂ ਕਰਦੇ ਹੁੰਦੇ ਸਨ। ਬਾਹਰੋਂ ਆਉਣ ਵਾਲੇ ਯਾਤਰੀਆਂ ਵਿੱਚੋਂ ਕਈ ਵਾਰ ਔਰਤਾਂ ਨੂੰ ਨਿਖੇੜ ਕੇ ਅਗਵਾ ਤੱਕ ਕਰ ਲਿਆ ਜਾਂਦਾ ਸੀ। ਅੱਕ ਕੇ ਸ਼੍ਰੋਮਣੀ ਕਮੇਟੀ ਨੂੰ ਇਸ ਗੁੰਡਾਗਰਦੀ ‘ਤੇ ਕਾਬੂ ਪਾਉਣ ਲਈ ਬੇਹੱਦ ਸਖਤੀ ਕਰਨੀ ਪਈ ਸੀ। ਮੁਸ਼ਟੰਡਿਆਂ ਨੂੰ ਬੋਰੀਆਂ ਵਿੱਚ ਬੰਦ ਕਰ ਕੇ ਛਿਤਰੌਲ ਕੀਤੀ ਜਾਂਦੀ ਸੀ। ਇੱਕ ਦੋ ਸਾਲਾਂ ਵਿੱਚ ਹੀ ਗੁੰਡੇ ਸਿੱਧੇ ਹੋ ਗਏ ਸਨ। ਜੇ ਕੋਈ ਮੱਸਿਆ ਵੇਲੇ ਬਦਮਾਸ਼ੀ ਕਰਨ ਬਾਰੇ ਸੋਚਦਾ ਵੀ ਤਾਂ ਨਾਲ ਦੇ ਫੌਰਨ ਸਮਝਾ ਦਿੰਦੇ, “ਲਾਲ ਮਿਰਚਾਂ ਵਾਲੀ ਬੋਰੀ ਵੇਖੀ ਐ ਬਾਬਿਆਂ ਦੀ?” ਪਰ ਹੁਣ ਨਵੀਂ ਪੀੜ੍ਹੀ ਨੇ ਤਾਂ ਸਾਰੇ ਧਾਰਮਿਕ ਮੇਲਿਆਂ ਦਾ ਮਾਹੌਲ ਤਰਨ ਤਾਰਨ ਦੀ ਮੱਸਿਆ ਵਰਗਾ ਬਣਾ ਕੇ ਰੱਖ ਦਿੱਤਾ ਹੈ। ਇਹਨਾਂ ਤੋਂ ਡਰਦੇ ਮਾਰੇ ਭਲੇ ਘਰਾਂ ਦੇ ਮਰਦ ਔਰਤਾਂ ਮੇਲਿਆਂ ਵਿੱਚ ਜਾਣ ਦੀ ਜੁੱਰਅਤ ਨਹੀਂ ਕਰਦੇ। ਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲ ਸਵਾਰ ਮੁਸ਼ਟੰਡੇ ਮੇਲਿਆਂ ਵਿੱਚ ਹਰਲ ਹਰਲ ਕਰਦੇ ਫਿਰਦੇ ਸਨ। ਪੁਲਿਸ ਇੱਕ ਪਾਸੇ ਕੰਟਰੋਲ ਕਰਦੀ ਹੈ ਤਾਂ ਇਹ ਦੂਸਰੇ ਪਾਸੇ ਜਾ ਗਦਰ ਮਚਾਉਂਦੇ ਹਨ। ਟਰੈਕਟਰਾਂ ਉੱਪਰ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ 20-20 ਬੰਦੇ ਲਟਕੇ ਹੁੰਦੇ ਹਨ। ਜੇ ਕਿਤੇ ਪੁਲਿਸ ਸਖਤੀ ਨਾ ਕਰੇ ਤਾਂ ਇਹ ਲੋਕਾਂ ਦਾ ਘਰੋਂ ਨਿਕਲਣਾ ਹੀ ਔਖਾ ਕਰ ਦੇਣ।

ਦੋ ਕੁ ਸਾਲ ਪਹਿਲਾਂ ਬਟਾਲੇ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵੇਲੇ ਇਹ ਦ੍ਰਿਸ਼ ਵੇਖਣ ਨੂੰ ਮਿਲੇ ਸਨ। ਜਦੋਂ ਗੁਰੂੁ ਸਾਹਿਬ ਦਾ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਪਹੁੰਚਿਆ ਤਾਂ ਉਸ ਦਾ ਸਵਾਗਤ ਕਰਨ ਦੇ ਨਾਮ ‘ਤੇ ਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲ ਉਸ ਦੇ ਅਗੇ ਲਾ ਲਏ ਗਏ। ਜਦੋਂ ਇੱਕ ਮੋਟਰ ਸਾਇਕਲ ਵਾਲੇ ਨੇ ਸਾਇਲੈਂਸਰ ਦਾ ਪਟਾਕਾ ਵਜਾਇਆ ਤਾਂ ਨਜ਼ਦੀਕ ਤੋਂ ਗੁਜ਼ਰ ਰਹੀ ਇੱਕ ਸਕੂਟਰ ਸਵਾਰ ਬੀਬੀ ਘਬਰਾ ਕੇ ਸੰਤੁਲਨ ਗਵਾਉਣ ਕਾਰਨ ਡਿੱਗ ਪਈ। ਵਾਹਵਾ ਸੱਟਾਂ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਉਣਾ ਪਿਆ। ਇੱਕ ਹੋਰ ਘਟੀਆਂ ਵਰਤਾਰਾ ਵੇਖਣ ਨੂੰ ਇਹ ਮਿਲਿਆ ਕਿ ਬਜ਼ਾਰਾਂ ਵਿੱਚ ਬਰਾਤ ਦੇ ਸਵਾਗਤ ਦੇ ਨਾਂ ‘ਤੇ ਵੱਡੇ ਵੱਡੇ ਸਪੀਕਰ ਲਗਾ ਕੇ ਚਾਲੂ ਜਿਹੇ ਗੀਤਾਂ ਦੀ ਧੁੰਨ ‘ਤੇ ਫੂਹੜ ਨਾਚ ਨੱਚ ਕੇ ਟਰੈਫਿਕ ਜਾਮ ਕੀਤਾ ਜਾ ਰਿਹਾ ਸੀ। ਜੇ ਇਹੋ ਹਾਲ ਰਿਹਾ ਤਾਂ ਹੋ ਸਕਦਾ ਹੈ ਕਿ ਅਗਲੇ ਵਿਆਹ ਪੁਰਬ ‘ਤੇ ਕੋਈ ਮਹਾਂ ਮੂਰਖ ਡਾਂਸਰਾਂ ਵੀ ਬੁਲਾ ਲਵੇ। ਕਈ ਥਾਈਂ ਪੁਲਿਸ ਨੂੰ ਡਾਂਗ ਫੇਰ ਕੇ ਟਰੈਫਿਕ ਚਾਲੂ ਕਰਨਾ ਪਿਆ ਸੀ। ਪੰਜਾਬ ਦੇ ਕਿਸੇ ਵੀ ਧਾਰਮਿਕ ਮੇਲੇ ਨਾਲੋਂ ਵਿਆਹ ਪੁਰਬ ਵੇਲੇ ਮੁਸ਼ਟੰਡਿਆਂ ‘ਤੇ ਪੁਲਿਸ ਨੂੰ ਜਿਆਦਾ ਸਖਤੀ ਕਰਨੀ ਪੈਂਦੀ ਹੈ ਪਰ ਇਹਨਾਂ ਢੀਠਾਂ ਨੂੰ ਸ਼ਰਮ ਨਹੀਂ ਆਉਂਦੀ।

ਜਦੋਂ ਵੀ ਪੰਜਾਬ ਵਿੱਚ ਕੋਈ ਪ੍ਰਸਿੱਧ ਮੇਲਾ ਨਜ਼ਦੀਕ ਆਉਂਦਾ ਹੈ ਤਾਂ ਇਹ ਮੱਛਰੀ ਹੋਈ ਵਿਹਲੜ ਮੁੰਡੀਹਰ ਘਰ ਦੇ ਕੰਮ ਕਰਨ ਦੀ ਬਜਾਏ, ਪਿਉ ਦੇ ਗਲ ‘ਚ ‘ਗੂਠਾ ਦੇ ਕੇ ਮੋਟਰ ਸਾਇਕਲ, ਜੀਪਾਂ, ਟਰੈਕਟਰ ਟਰਾਲੀਆਂ ਲੈ ਕੇ ਉਧਰ ਨੂੰ ਧਾਵਾ ਬੋਲ ਦਿੰਦੀ ਹੈ। 5-5, 10-10 ਮੋਟਰ ਸਾਇਕਲ ਸਵਾਰ ਝੁੰਡ ਬਣਾ ਕੇ ਤੇ ਪੀਲੀਆਂ ਝੰਡੀਆਂ ਲਗਾ ਕੇ ਤੁਰ ਪੈਂਦੇ ਹਨ। ਮੁੰਨੇ ਹੋਏ ਮੂੰਹਾਂ ਸਿਰਾਂ ਵਾਲੇ ਇਹ ਵਿਹਲੜ ਹੈਲਮਟ ਪਾਉਣ ਦੀ ਬਜਾਏ ਗਜ ਕੁ ਲੰਬਾ ਚਿੱਟਾ ਜਾਂ ਪੀਲਾ ਸਾਫਾ ਸਿਰ ਤੇ ਵਲੇਟ ਲੈਂਦੇ ਹਨ। ਕਿਸੇ ਵੀ ਜਲਸੇ ਜਲੂਸ ਦੇ ਅੱਗੇ ਮੋਟਰ ਸਾਇਕਲਾਂ ਦੇ ਟੋਲੇ ਆਮ ਹੀ ਦਿਖਾਈ ਦੇਂਦੇ ਹਨ। ਜੇ ਕਿਤੇ ਇਹਨਾਂ ਦਾ ਡੋਪ ਟੈਸਟ ਕੀਤਾ ਜਾਵੇ ਤਾਂ ਅੱਧੇ ਤੋਂ ਜਿਆਦਾ ਡਰੱਗਜ਼ ਨਾਲ ਰੱਜੇ ਹੋਏ ਮਿਲਣਗੇ। ਹੇਮਕੁੰਟ ਸਾਹਿਬ ਦੀ ਯਾਤਰਾ ਵੇਲੇ ਵੀ ਇਹ ਮੋਟਰ ਸਾਇਕਲਾਂ ਵਾਲੇ ਵਿਹਲੜ ਬਹੁਤ ਗਦਰ ਮਚਾਉਂਦੇ ਹਨ। ਅਖਬਾਰਾਂ ਵਿੱਚ ਇਹ ਖਬਰ ਕਈ ਵਾਰ ਛਪੀ ਹੈ ਕਿ ਉੱਤਰਾਖੰਡ ਦੀ ਪੁਲਿਸ ਪੰਜਾਬੀਆਂ ਨਾਲ ਵਿਤਕਰਾ ਕਰਦੀ ਹੈ। ਇਹ ਵਿਤਕਰਾ ਇਹਨਾਂ ਨਾਲ ਹੀ ਕਿਉਂ ਹੁੰਦਾ ਹੈ? ਕਾਰਨ ਇਹ ਹੈ ਕਿ ਇਹ ਉੱਤਰਾਖੰਡ ਦਾ ਕੋਈ ਟਰੈਫਿਕ ਕਾਨੂੰਨ ਨਹੀਂ ਮੰਨਦੇ। ਕੋਈ ਹੈਲਮਟ ਨਹੀਂ ਪਾਉਂਦਾ, ਇੱਕ ਮੋਟਰ ਸਾਇਕਲ ਤੇ ਤਿੰਨ ਤਿੰਨ ਚੰਬੜੇ ਹੁੰਦੇ ਹਨ ਤੇ ਨਾ ਹੀ ਕਿਸੇ ਦੇ ਕਾਗਜ਼ਾਤ ਪੂਰੇ ਹੁੰਦੇ ਹਨ। ਉੱਤਰਾਖੰਡ ਪੁਲਿਸ ਟੂਰਿਜ਼ਮ ਦੀ ਖਾਤਰ ਇਹਨਾਂ ਦੀਆਂ ਜਿਆਦਤੀਆਂ ਬਰਦਾਸ਼ਤ ਕਰ ਲੈਂਦੀ ਹੈ। ਪਰ ਜਦੋਂ ਵੀ ਕੋਈ ਸਖਤ ਅਫਸਰ ਚੈਕਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਧਾਰਮਿਕ ਭੇਦ ਭਾਵ ਦਾ ਰੌਲਾ ਪਾ ਕੇ ਬੈਠ ਜਾਂਦੇ ਹਨ। ਰਸਤੇ ਵਿੱਚ ਪਹਾੜੀਆਂ ਖਿਸਕਣ ਨਾਲ ਸੜਕ ‘ਤੇ ਡਿੱਗ ਰਹੇ ਪੱਥਰਾਂ ਦੀ ਵੀ ਪ੍ਰਵਾਹ ਨਹੀਂ ਕਰਦੇ। 3-4 ਸਾਲ ਪਹਿਲਾਂ ਬਾਰਡਰ ਰੋਡਜ਼ ਦੇ ਫੌਜੀਆਂ ਨੇ ਰਿਸ਼ੀਕੇਸ਼ ਤੋਂ ਅੱਗੇ ਸ੍ਰੀਨਗਰ ਲਾਗੇ ਇਹਨਾਂ ਨੂੰ ਬਹੁਤ ਮੁਸ਼ਕਿਲ ਨਾਲ ਸਖਤੀ ਕਰ ਕੇ ਅੱਗੇ ਜਾਣ ਤੋਂ ਰੋਕਿਆ ਸੀ। ਪਿਛਲੇ ਕੁਝ ਸਾਲਾਂ ਤੋਂ ਰਿਸ਼ੀਕੇਸ਼, ਗੋਬਿੰਦ ਘਾਟ ਤੇ ਗੋਬਿੰਦ ਧਾਮ ਗੁਰਦਵਾਰਿਆਂ ਦੇ ਪ੍ਰਬੰਧਕ ਵੀ ਇਹਨਾਂ ਤੋਂ ਅੱਕ ਗਏ ਹਨ। ਰਾਤ ਨੂੰ ਸੋੌਣ ਲੱਗਿਆਂ ਇਹ ਬਜ਼ੁਰਗਾਂ ਤੱਕ ਤੋਂ ਕੰਬਲ ਖੋਹ ਲੈਂਦੇ ਹਨ। ਕੁਝ ਸਾਲ ਪਹਿਲਾਂ ਜਦੋਂ ਉਤਰਾਖੰਡ ਵਿੱਚ ਹੜ੍ਹ ਆਏ ਸਨ ਤਾਂ ਬਹੁਤੇ ਉਹ ਹੀ ਪੰਜਾਬੀ ਮਰੇ ਸਨ ਜੋ ਵਾਰਨਿੰਗ ਦੇ ਬਾਵਜੂਦ ਗੋਬਿੰਦ ਧਾਮ ਤੋਂ ਅੱਗੇ ਯਾਤਰਾ ਕਰਨ ਤੋਂ ਨਹੀਂ ਸਨ ਟਲੇ।

ਸਾਡੀ ਜਿਆਦਾਤਰ ਨਵੀਂ ਪੀੜੀ੍ਹ ਦਾ ਧਰਮ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਰਿਹਾ। ਇਹਨਾਂ ਵਾਸਤੇ ਇਹ ਮੇਲੇ ਸਿਰਫ ਮੰਨੋਰੰਜਨ ਦਾ ਸਾਧਨ ਬਣ ਗਏ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਜੋੜ ਮੇਲੇ ਵਿੱਚ ਇਹ ਵਿਹਲੜ ਟੋਲੇ ਭੈੜੀ ਜਿਹੀ ਆਵਾਜ ਵਾਲੀਆਂ ਪੀਪਣੀਆਂ ਵਜਾਉਂਦੇ ਅਵਾਰਾਗਰਦੀ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਇਹਨਾਂ ਵਿੱਚੋਂ ਬਹੁਤਿਆਂ ਨੂੰ ਇਸ ਮੇਲੇ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ ਹੋਣਾ। ਆਨੰਦਪੁਰ ਸਾਹਿਬ ਹੋਲਾ ਮਹੱਲਾ ਡਿਊਟੀ ਵੇਲੇ ਪਿਛਲੇ ਸਾਲ ਮੈਂ ਅਵਾਰਾ ਘੁੰਮ ਰਹੇ ਇੱਕ ਅਜਿਹੇ ਹੀ ਟੋਲੇ ਨੂੰ ਪੁੱਛਿਆ ਕਿ ਹੋਲਾ ਮਹੱਲਾ ਕਿਉਂ ਮਨਾਉਂਦੇ ਹਨ? ਬਹੁਤਿਆਂ ਦਾ ਜਵਾਬ ਸੀ ਕਿ ਇਸ ਦਿਨ ਖਾਲਸਾ ਪੰਥ ਸਾਜਿਆ ਗਿਆ ਸੀ। ਮੇਲਿਆਂ ਵਿੱਚ ਲੜਾਈ ਝਗੜੇ ਤੇ ਛੇੜ ਛਾੜ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰੇਕ ਸਾਲ ਮੇਲਿਆਂ ਨੂੰ ਜਾਂਦੇ ਅਨੇਕਾਂ ਮੋਟਰ ਸਾਇਕਲ ਸਵਾਰ ਟਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਐਕਸੀਡੈਂਟਾਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਘਰ ਦਾ ਕੰਮ ਕਾਰ ਛੱਡ ਕੇ ਤੇ ਪੈਸੇ ਫੂਕ ਕੇ ਮੇਲਿਆਂ ਵਿੱਚ ਜਾ ਕੇ ਅਜਿਹੇ ਮੁਸ਼ਟੰਡਪੁਣੇ ਕਰਨੇ ਠੀਕ ਨਹੀਂ। ਪਰ ਪੁਲਿਸ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਅਡਾਨੀ ਨੂੰ ਦਿਨੇ ਤਾਰੇ ਦਿਖਾਉਣ ਵਾਲੀ ਹਿੰਡਨਬਰਗ ਕੰਪਨੀ ਦਾ ਮਾਲਕ ਨੇਥਨ ਐਂਡਰਸਨ ਕਿਸੇ ਸਮੇਂ ਐਂਬੂਲੈਂਸ ਦਾ ਡਰਾਈਵਰ ਹੁੰਦਾ ਸੀ।

25 ਫਰਵਰੀ ਨੂੰ ਅਮਰੀਕਾ ਦੀ ਵਿੱਤੀ ਖੋਜ ਕੰਪਨੀ ਹਿੰਡਨਬਰਗ ਨੇ ਜਿਵੇਂ ਹੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਗਰੁੱਪ ਵੱਲੋਂ ਕੀਤੇ ਜਾ ਰਹੇ ਕਥਿੱਤ ਘੁਟਾਲਿਆਂ ਬਾਰੇ 413 ਪੇਜ਼ਾਂ ਦੀ ਇੱਕ ਵਿਸਥਾਰਿਤ ਰਿਪੋਰਟ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ, ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ ਧੜਾ ਧੜ ਥੱਲੇ ਨੂੰ ਆਉਣ ਲੱਗ ਪਈ। ਕੁਝ ਹੀ ਦਿਨਾਂ ਵਿੱਚ ਗੌਤਮ ਅਡਾਨੀ ਸੰਸਾਰ ਦੇ ਦੂਸਰੇ ਅਮੀਰ ਆਦਮੀ ਦੀ ਪਦਵੀ ਤੋਂ ਡਿੱਗ ਕੇ ਦਸਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹਿੰਡਨਬਰਗ ਦੀ ਰਿਪੋਰਟ ਨੇ ਵਿਸ਼ਵ ਪੱਧਰ ‘ਤੇ ਐਸੀ ਤਰਥੱਲੀ ਮਚਾਈ ਹੈ ਕਿ ਅੱਜ ਤੱਕ ਅਡਾਨੀ ਗਰੁੱਪ ਦੇ ਸ਼ੇਅਰ ਥੱਲੇ ਤੋਂ ਥੱਲੇ ਹੀ ਜਾ ਰਹੇ ਹਨ। ਆਖਰ ਕੌਣ ਹੈ ਇਹ ਹਿੰਡਨਬਰਗ ਕੰਪਨੀ ਜਿਸ ਦੀਆਂ ਖੋਜੀ ਰਿਪੋਰਟਾਂ ਨੂੰ ਵਿਸ਼ਵ ਪੱਧਰ ‘ਤੇ ਐਨੀ ਤਵੱਜ਼ੋ ਅਤੇ ਵਿਸ਼ਵਾਸ਼ ਹਾਸਲ ਹੈ ਕਿ ਉਹਨਾਂ ਨੂੰ ਪੱਥਰ ‘ਤੇ ਲਕੀਰ ਮੰਨ ਲਿਆ ਜਾਂਦਾ ਹੈ। ਹਿੰਡਨਬਰਗ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕੰਮ ਕਰ ਰਹੀ ਇੱਕ ਵਿੱਤੀ ਖੋਜ ਕੰਪਨੀ ਹੈ ਜੋ ਵਿਸ਼ਵ ਪੱਧਰ ਦੀਆਂ ਖਰਬਪਤੀ ਕੰਪਨੀਆਂ ਦੇ ਕਾਲੇ ਕਾਰ ਵਿਹਾਰ, ਗੁਪਤ ਖਾਤੇ ਅਤੇ ਭ੍ਰਿਸ਼ਟ ਲੈਣ ਦੇਣ ਆਦਿ ਬਾਰੇ ਬਰੀਕੀ ਅਤੇ ਵਿਸਥਾਰ ਨਾਲ ਖੋਜ ਪੜਤਾਲ ਕਰ ਕੇ ਉਹਨਾਂ ਵੱਲੋਂ ਸਰਕਾਰ, ਨਿਵੇਸ਼ਕਾਂ ਅਤੇ ਗਾਹਕਾਂ ਨਾਲ ਕੀਤੇ ਜਾ ਰਹੇ ਧੋਖੇ ਅਤੇ ਵਿੱਤੀ ਘਪਲਿਆਂ ਨੂੰ ਸਾਹਮਣੇ ਲਿਆਉਂਦੀ ਹੈ। ਇਸ ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਐਨੀ ਸਟੀਕਤਾ ਅਤੇ ਸਖਤ ਪੁਣ ਛਾਣ ਤੋਂ ਬਾਅਦ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਅੱਜ ਤੱਕ ਕਿਸੇ ਕੰਪਨੀ ਨੇ ਇਹਨਾਂ ਦੇ ਖਿਲਾਫ ਅਦਾਲਤ ਵਿੱਚ ਜਾਣ ਦੀ ਹਿੰਮਤ ਨਹੀਂ ਕੀਤੀ, ਤੇ ਜੇ ਕਿਸੇ ਨੇ ਕੀਤੀ ਵੀ ਤਾਂ ਉਸ ਦੇ ਅਨੇਕਾਂ ਹੋਰ ਪੋਲ ਖੁੱਲ੍ਹ ਗਏ ਹਨ।

ਇੱਕ ਹਫਤਾ ਪਹਿਲਾਂ ਤੱਕ ਭਾਰਤ ਵਿੱਚ ਕੋਈ ਨੇਥਨ ਐਂਡਰਸਨ ਅਤੇ ਹਿੰਡਨਬਰਗ ਦਾ ਨਾਮ ਤੱਕ ਨਹੀਂ ਸੀ ਜਾਣਦਾ। ਨੇਥਨ ਐਂਡਰਸਨ ਦਾ ਜਨਮ ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਸ਼ਹਿਰ ਹਾਰਟਫੋਰਡ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਇਜ਼ਰਾਈਲ ਚਲਾ ਗਿਆ ਤੇ ਕੁਝ ਸਾਲਾਂ ਤੱਕ ਯੋਰੂਸ਼ਲਮ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਐਂਬੂਲੈਂਸ ਚਲਾਉਂਦਾ ਰਿਹਾ। ਉਥੋਂ ਵਾਪਸ ਆ ਕੇ ਉਸ ਨੇ ਯੂਨੀਵਰਸਿਟੀ ਆਫ ਕਨੈਕਟੀਕਟ ਤੋਂ ਇੰਟਰਨੈਸ਼ਨਲ ਬਿਜ਼ਨਸ ਵਿੱਚ ਡਿਗਰੀ ਹਾਸਲ ਕੀਤੀ ਤੇ ਇੱਕ ਵਿੱਤੀ ਖੋਜ ਕੰਪਨੀ ਫੈਕਟਸੈਟ ਵਿੱਚ ਬਤੌਰ ਡਾਟਾ ਐਨੀਲੈਸਟ ਨੌਕਰੀ ਸ਼ੁਰੂ ਕਰ ਦਿੱਤੀ। ਇਹ ਕੰਪਨੀ ਵੀ ਛੋਟੇ ਪੱਧਰ ‘ਤੇ ਵਿੱਤੀ ਘੁਟਾਲਿਆਂ ਦੀ ਖੋਜਬੀਨ ਦਾ ਕੰਮ ਕਰਦੀ ਸੀ। ਇਥੇ ਕੰਮ ਕਰਦੇ ਸਮੇਂ ਉਸ ਨੂੰ ਅਪਾਰ ਤਜ਼ਰਬਾ ਹਾਸਲ ਹੋਇਆ ਤੇ ਉਸ ਦਾ ਮਨ ਇਸ ਕੰਮ ਵਿੱਚ ਪੂਰੀ ਤਰਾਂ ਨਾਲ ਖੁਭ ਗਿਆ। ਇਸ ਕੰਪਨੀ ਵਿੱਚ ਛੇ ਸਾਲ ਕੰਮ ਕਰਨ ਤੋਂ ਬਾਅਦ ਉਸ ਨੇ 2017 ਵਿੱਚ ਆਪਣੀ ਅਲੱਗ ਕੰਪਨੀ ਖੋਲ੍ਹ ਲਈ ਤੇ ਜਲਦੀ ਹੀ ਅਮਰੀਕੀ ਬਿਜ਼ਨਸ ਸੰਸਾਰ ਵਿੱਚ ਇੱਕ ਵੱਡਾ ਨਾਮ ਬਣ ਗਿਆ। ਹੈਰਾਨੀ ਦੀ ਗੱਲ ਹੈ ਕਿ ਉਸ ਦੀ ਕੰਪਨੀ ਵਿੱਚ ਉਸ ਸਮੇਤ ਸਿਰਫ ਦਸ ਕਰਮਚਾਰੀ ਕੰਮ ਕਰਦੇ ਹਨ ਤੇ ਇੱਹ ਇੱਕ ਕਮਰੇ ਦੇ ਦਫਤਰ ਤੋਂ ਆਪਣਾ ਸਾਰਾ ਕੰਮ ਕਾਜ ਚਲਾਉਂਦੀ ਹੈ।

ਉਸ ਨੇ ਆਪਣੀ ਕੰਪਨੀ ਦਾ ਨਾਮ ਹਾਈਡਰੋਜਨ ਗੈਸ ਦੇ ਵਿਸ਼ਾਲ ਗੁਬਾਰੇ ਦੀ ਮਦਦ ਨਾਲ ਉੱਡਣ ਵਾਲੇ ਜਰਮਨੀ ਨਿਰਮਿਤ ਹਿੰਡਨਬਰਗ ਏਅਰਸ਼ਿੱਪ ਦੇ ਨਾਮ ‘ਤੇ ਰੱਖਿਆ ਹੈ ਜੋ 6 ਮਈ 1937 ਨੂੰ ਅਮਰੀਕਾ ਦੇ ਮਾਨਚੈਸਟਰ ਸ਼ਹਿਰ (ਨਿਊ ਜਰਸੀ ਸਟੇਟ) ਦੇ ਨੇਵਲ ਏਅਰਪੋਰਟ ‘ਤੇ ਉੱਤਰਦੇ ਸਮੇਂ ਹਾਈਡਰੋਜਨ ਗੈਸ ਨੂੰ ਅੱਗ ਲੱਗ ਜਾਣ ਕਾਰਨ ਤਬਾਹ ਹੋ ਗਿਆ ਸੀ। ਇਸ ਹਾਦਸੇ ਕਾਰਨ 35 ਯਾਤਰੀ ਮਾਰੇ ਗਏ ਸਨ ਤੇ 45 ਦੇ ਕਰੀਬ ਜ਼ਖਮੀ ਹੋਏ ਸਨ। ਬਾਅਦ ਵਿੱਚ ਹੋਈ ਜਾਂਚ ਪੜਤਾਲ ਵਿੱਚ ਇਹ ਹਾਦਸਾ ਪੂਰੀ ਤਰਾਂ ਨਾਲ ਇਨਸਾਨੀ ਅਣਗਹਿਲੀ ਕਾਰਨ ਹੋਇਆ ਪਾਇਆ ਗਿਆ ਸੀ। ਨੇਥਨ ਦਾ ਕਹਿਣਾ ਹੈ ਕਿ ਧੋਖੇਬਾਜ਼ ਕੰਪਨੀਆਂ ਵੀ ਨਿਵੇਸ਼ਕਾਂ ਨੂੰ ਠੱਗਣ ਲਈ ਹਿੰਡਨਬਰਗ ਵਰਗੇ ਵਿਸ਼ਾਲ ਤੇ ਝੂਠੇ ਸੁਪਨੇ ਵਿਖਾਉਂਦੀਆਂ ਹਨ ਜੋ ਬਾਅਦ ਵਿੱਚ ਹਿੰਡਨਬਰਗ ਵਾਂਗ ਫਟ ਕੇ ਲੱਖਾਂ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਸਵਾਹ ਕਰ ਦਿੰਦੇ ਹਨ ਤੇ ਕੰਪਨੀਆਂ ਕਾਨੂੰਨੀ ਦਾਅ ਪੇਚਾਂ ਦਾ ਸਹਾਰਾ ਲੈ ਕੇ ਸਾਫ ਬਚ ਨਿਕਲਦੀਆਂ ਹਨ। ਹਿੰਡਨਬਰਗ ਕੰਪਨੀ ਦੀ ਵੈੱਬਸਾਈਟ ਦੇ ਮੁਤਾਬਕ ਉਹ ਹੁਣ ਤੱਕ ਵਿਸ਼ਵ ਭਰ ਦੀਆਂ 17 ਕੰਪਨੀਆਂ ਦੇ ਗਲਤ ਕੰਮਾਂ ਦਾ ਭਾਂਡਾ ਫੋੜ ਕੇ ਉਹਨਾਂ ਦੇ ਕਾਲੇ ਕਾਰਨਾਮੇ ਦੁਨੀਆਂ ਦੇ ਸਾਹਮਣੇ ਲਿਆ ਚੁੱਕੀ ਹੈ।

ਹਿੰਡਨਬਰਗ ਕੰਪਨੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਧੀਰਜ ਵਾਲਾ ਅਤੇ ਅੱਤ ਆਧੁਨਿਕ ਹੈ। ਜਿਸ ਸ਼ੱਕੀ ਕੰਪਨੀ ਦੀ ਉਸ ਨੇ ਜਾਂਚ ਕਰਨੀ ਹੋਵੇ, ਉਸ ਨੂੰ ਪਤਾ ਲੱਗੇ ਬਗੈਰ ਬਹੁਤ ਹੀ ਗੁੱਪ ਚੁੱਪ ਤਰੀਕੇ ਉਸ ਦੇ ਵਹੀ ਖਾਤੇ ਅਤੇ ਕੰਮ ਕਰਨ ਦੇ ਤਰੀਕਿਆਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਕੰਮ ਵਿੱਚ ਇਸ ਦੀ ਸਭ ਤੋਂ ਵੱਧ ਮਦਦ ਖੋਜੀ ਪੱਤਰਕਾਰ, ਕੰਪਨੀ ਤੋਂ ਨਰਾਜ਼ ਤੇ ਬਰਤਰਫ ਕੀਤੇ ਹੋਏ ਕਰਮਚਾਰੀ ਅਤੇ ਹੋਰ ਘਰ ਦੇ ਭੇਤੀ ਕਰਦੇ ਹਨ। ਅਡਾਨੀ ਗਰੁੱਪ ਬਾਰੇ ਹਿੰਡਨਗਰਗ ਦਾ ਦਾਅਵਾ ਹੈ ਕਿ ਉਸ ਦੀ ਜਾਂਚ ਪੜਤਾਲ ਵਾਸਤੇ ਉਸ ਨੇ ਤਿੰਨ ਸਾਲ ਖਰਚ ਕੀਤੇ ਹਨ। ਅਡਾਨੀ ਗਰੁੱਪ ਤੋਂ ਇਲਾਵਾ ਉਸ ਦੀਅ ਸਭ ਤੋਂ ਪ੍ਰਸਿੱਧ ਵਿੱਤੀ ਬੇਨਿਯਮੀ ਖੋਜਾਂ ਵਿੱਚ ਬਿਜਲਈ ਗੱਡੀਆਂ ਬਣਾਉਣ ਵਾਲੀ ਨਿਕੋਲਾ ਕੰਪਨੀ ਅਤੇ ਦਵਾਈਆਂ ਬਣਾਉਣ ਵਾਲੀ ਕਲੋਵ ਹੈੱਲਥ ਕੰਪਨੀ ਸ਼ਾਮਲ ਹੈ। ਨਿਕੋਲਾ ਕੰਪਨੀ ਦਾਅਵਾ ਕਰਦੀ ਸੀ ਕਿ ਉਹ ਹਾਈਡਰੋਜ਼ਨ ਅਤੇ ਇਲੈੱਕਟਰਿਕ ਫਿਊਲ ਸੈੱਲ ਦੁਆਰਾ ਚੱਲਣ ਵਾਲੀਆਂ ਜੀਰੋ ਪ੍ਰਦੂਸ਼ਣ ਗੱਡੀਆਂ ਤਿਆਰ ਕਰਦੀ ਹੈ। ਉਸ ਬਾਰੇ ਡੁੰਘਾਈ ਨਾਲ ਜਾਂਚ ਪੜਤਾਲ ਕਰ ਕੇ ਹਿੰਡਨਬਰਗ ਨੇ ਸਤੰਬਰ 2020 ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਕਿ ਨਿਕੋਲਾ ਕੰਪਨੀ ਇੱਕ ਬਹੁਤ ਵੱਡੇ ਫਰਾਡ ਤੋਂ ਇਲਾਵਾ ਕੁਝ ਨਹੀਂ ਹੈ। ਇਸ਼ਤਿਹਾਰੀ ਵੀਡੀਉ ਵਿੱਚ ਜਿਸ ਬਿਜਲਈ ਟਰੱਕ ਨੂੰ ਬਹੁਤ ਤੇਜ਼ੀ ਨਾਲ ਦੌੜਦਾ ਹੋਇਆ ਵਿਖਾਇਆ ਗਿਆ ਹੈ, ਅਸਲ ਵਿੱਚ ਉਹ ਢਲਾਣ ਤੋਂ ਥੱਲੇ ਵੱਲ ਜਾ ਰਿਹਾ ਸੀ। ਹੋਰ ਤਾਂ ਹੋਰ ਉਹ ਟਰੱਕ ਨਿਕੋਲਾ ਕੰਪਨੀ ਦਾ ਹੈ ਹੀ ਨਹੀਂ ਸੀ, ਸਗੋਂ ਜਨਰਲ ਮੋਟਰ ਦਾ ਬਣਿਆ ਹੋਇਆ ਸੀ ਤੇ ਉਸ ‘ਤੇ ਸਿਰਫ ਨਿਕੋਲਾ ਦਾ ਲੋਗੋ ਚੇਪਿਆ ਹੋਇਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਿਕੋਲਾ ਕੰਪਨੀ ਲਗਾਤਾਰ ਨਿਵੇਸ਼ਕਾਂ ਅਤੇ ਸ਼ੇਅਰ ਹੋਲਡਰਾਂ ਨੂੰ ਧੋਖਾ ਦੇ ਰਹੀ ਹੈ ਜਿਸ ਵਿੱਚ ਉਸ ਦਾ ਚੇਅਰਮੈਨ ਟਰੈਵਰ ਮਿਲਟਨ ਪੂਰੀ ਤਰਾਂ ਨਾਲ ਸ਼ਾਮਲ ਹੈ। ਇਸ ਰਿਪੋਰਟ ਦੇ ਪ੍ਰਕਾਸ਼ਿਤ ਹੁੰਦੇ ਸਾਰ ਨਿਕੋਲਾ ਦੇ ਸ਼ੇਅਰ 40% ਤੱਕ ਡਿੱਗ ਪਏ ਤੇ ਉਸ ਦੇ ਖਿਲਾਫ ਅਮਰੀਕੀ ਨਿਆਂ ਵਿਭਾਗ ਦੀ ਜਾਂਚ ਪੜਤਾਲ ਖੁਲ੍ਹ ਗਈ। ਪਹਿਲਾਂ ਤਾਂ ਚੇਅਰਮੈਨ ਨੇ ਕਾਫੀ ਰੌਲਾ ਗੌਲਾ ਪਾਇਆ ਪਰ ਬਾਅਦ ਵਿੱਚ ਉਸ ਨੇ ਆਪਣਾ ਗੁਨਾਹ ਮੰਨ ਲਿਆ ਤੇ ਚੇਅਰਮੈਨ ਦੀ ਪਦਵੀ ਤੋਂ ਅਸਤੀਫਾ ਦੇ ਦਿੱਤਾ। ਪੜਤਾਲ ਵਿੱਚ ਉਹ ਦੋਸ਼ੀ ਪਾਇਆ ਗਿਆ ਤੇ ਦਸ ਲੱਖ ਡਾਲਰ ਦਾ ਜ਼ੁਰਮਾਨਾ ਭੁਗਤਣਾ ਪਿਆ। ਦਸੰਬਰ 2022 ਵਿੱਚ ਇੱਕ ਅਦਾਲਤ ਨੇ ਵੀ ਉਸ ਨੂੰ ਸਾਰੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਹੈ ਤੇ ਜਲਦੀ ਹੀ ਉਹ ਜੇਲ੍ਹ ਯਾਤਰਾ ‘ਤੇ ਜਾ ਰਿਹਾ ਹੈ। ਹਿੰਡਨਬਰਗ ਦੇ ਇੰਕਸ਼ਾਫ ਤੋਂ ਬਾਅਦ ਨਿਕੋਲਾ ਦੁਬਾਰਾ ਆਪਣੇ ਪੈਰਾਂ ‘ਤੇ ਖੜੀ ਨਹੀਂ ਹੋ ਸਕੀ।

ਫਰਵਰੀ 2021 ਵਿੱਚ ਹਿੰਡਨਬਰਗ ਨੇ ਹੈਲਥਕੇਅਰ ਕੰਪਨੀ ਕਲੋਵਰ ਹੈਲਥ ਦੇ ਖਿਲਾਫ ਰਿਪੋਰਟ ਛਾਇਆ ਕੀਤੀ ਸੀ ਕਿ ਉਸ ਨੇ ਆਪਣੇ ਨਿਵੇਸ਼ਕਾਂ ਨੂੰ ਇਹ ਗੱਲ ਲੁਕਾ ਕੇ ਧੋਖਾ ਦਿੱਤਾ ਹੈ ਕਿ ਉਸ ਦੇ ਖਿਲਾਫ ਅਮਰੀਕਾ ਦੇ ਵਣਜ ਵਿਭਾਗ ਵੱਲੋਂ ਵਿੱਤੀ ਬੇਨਿਯਮੀਆਂ ਦੀ ਜਾਂਚ ਪੜਤਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਇਸ ਕੰਪਨੀ ਦੀਆਂ ਹੋਰ ਵੀ ਅਨੇਕਾਂ ਗੜਬੜੀਆਂ ਨੂੰ ਸਾਹਮਣੇ ਲਿਆਂਦਾ ਜਿਸ ਕਾਰਨ ਇਹ ਕੰਪਨੀ ਵੀ ਰਾਤੋ ਰਾਤ ਬਰਬਾਦੀ ਦੇ ਕੰਢੇ ਪਹੁੰਚ ਗਈ। ਇਸ ਤੋਂ ਇਲਾਵਾ ਉਹ ਡਰਾਫਕਿੰਗ, ਆਰਮਟ ਟੈਕਨੋਲਾਜੀ, ਮੁੱਲਾਨ, ਚੀਨੀ ਕੰਪਨੀ ਬਲਾਕਚੇਨ ਅਤੇ ਕ੍ਰਿਪਟੋ ਕਰੰਸੀ ਐਸ.ਉ.ਐਸ. ਆਦਿ ਦੇ ਖਿਲਾਫ ਜਾਂਚ ਪੜਤਾਲ ਕਰ ਚੁੱਕੀ ਹੈ ਜੋ ਹਰ ਵਾਰ ਸਹੀ ਪਾਈ ਗਈ। ਹਿੰਡਨਬਰਗ ਇਹ ਕੰਮ ਕੋਈ ਸਮਾਜ ਸੇਵਾ ਲਈ ਜਾਂ ਮੁਫਤ ਵਿੱਚ ਨਹੀਂ ਕਰਦਾ। ਜਦੋਂ ਉਹ ਕਿਸੇ ਕੰਪਨੀ ਦੀਆਂ ਵਿੱਤੀ ਗੜਬੜੀਆਂ ਸਾਹਮਣੇ ਲਿਆਉਂਦਾ ਹੈ ਤਾਂ ਇੱਕ ਜਾਸੂਸੀ ਕੰਪਨੀ ਵਜੋਂ ਕੰਮ ਕਰਦਾ ਹੈ। ਕਈ ਵਾਰ ਨਿਵੇਸ਼ਕ ਉਸ ਨੂੰ ਇਹ ਕੰਮ ਕਰਨ ਲਈ ਕਹਿੰਦੇ ਹਨ ਤਾਂ ਜੋ ਉਹ ਕਿਸੇ ਖਾਸ ਕੰਪਨੀ ਵਿੱਚ ਪੈਸਾ ਲਗਾਉਣ ਜਾਂ ਨਾ। ਇਸ ਕੰਮ ਦੀ ਉਹ ਮੋਟੀ ਫੀਸ ਵਸੂਲਦਾ ਹੈ। ਇਸ ਤੋਂ ਇਲਾਵਾ ਕਿਸੇ ਕੰਪਨੀ ਦੀ ਗੜਬੜੀ ਸਾਹਮਣੇ ਲਿਆਉਣ ‘ਤੇ ਉਸ ਨੂੰ ਅਮਰੀਕੀ ਵਿੱਤ ਵਿਭਾਗ ਵੱਲੋਂ ਮੋਟੀ ਰਾਸ਼ੀ ਕਮਿਸ਼ਨ ਦੇ ਤੌਰ ‘ਤੇ ਮਿਲਦੀ ਹੈ। ਅੱਜ ਕਲ੍ਹ ਉਹ ਟੈਥਰ ਨਾਮਕ ਕ੍ਰਿਪਟੋ ਕਰੰਸੀ ਕੰਪਨੀ ਦੇ ਪਿੱਛੇ ਪਿਆ ਹੋਇਆ ਹੈ। ਅਕਤੂਬਰ 2022 ਵਿੱਚ ਉਸ ਨੇ ਟੈਥਰ ਦੀ ਕਿਸੇ ਠੋਸ ਵਿੱਤੀ ਗੜਬੜੀ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਅਮਰੀਕਨ ਡਾਲਰ (ਕਰੀਬ 83 ਲੱਖ ਰੁਪਏ) ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਪਤਾ ਲਗਦਾ ਹੈ ਕਿ ਇਸ ਕੰਮ ਵਿੱਚ ਹਿੰਡਨਬਰਗ ਨੂੰ ਕਿੰਨੀ ਕਮਾਈ ਹੋ ਰਹੀ ਹੈ।

ਅਡਾਨੀ ਤੋਂ ਇਲਾਵਾ ਹਿੰਡਨਬਰਗ ਦੀ ਜਾਂਚ ਪੜਤਾਲ ਕਾਰਨ ਵਿੰਨਜ਼ ਫਾਈਨਾਂਸ, ਜੀਨੀਅਸ ਬਰਾਂਡ, ਚਾਈਨਾ ਮੈਟਲ ਕੰਪਨੀ, ਪਰੀਡਿਕਟਵ ਟੈਕਨੋਲਾਜੀ ਕੰਪਨੀ ਅਤੇ ਐਚ ਐਫ ਫੂਡ ਨੂੰ ਵੀ ਸ਼ੇਅਰ ਡਿੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਸੀ। ਹੁਣ ਅਡਾਨੀ ਗਰੁੱਪ ਹਿੰਡਨਬਰਗ ਦੇ ਖਿਲਾਫ ਕੀ ਕਾਨੂੰਨੀ ਕਾਰਵਾਈ ਕਰਦਾ ਹੈ ਜਾਂ ਭਾਰਤ ਸਰਕਾਰ ਅਡਾਨੀ ਗਰੁੱਪ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ, ਇਹ ਅਜੇ ਸਮੇਂ ਦੇ ਗਰਭ ਵਿੱਚ ਹੈ। ਪਰ ਇੱਕ ਵਾਰ ਤਾਂ ਉਸ ਨੇ ਅਡਾਨੀ ਗਰੁੱਪ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਲੋਹੜੀ ਦੇ ਗਾਣਿਆਂ ਵਾਲਾ ਲੋਕ ਨਾਇਕ, ਦੁੱਲਾ ਭੱਟੀ

ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਭੱਟੀ ਉਰਫ ਦੁੱਲਾ ਭੱਟੀ ਸਭ ਤੋਂ ਪਹਿਲਾਂ ਹੋਇਆ ਹੈ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ। ਉਸ ਦਾ ਜਨਮ 1569 ਈ. ਦੇ ਕਰੀਬ ਅਕਬਰ ਮਹਾਨ ਦੇ ਸ਼ਾਸ਼ਨ ਕਾਲ ਵਿੱਚ ਹੋਇਆ ਸੀ। ਉਸ ਦੀ ਮਾਂ ਦਾ ਨਾਮ ਲੱਧੀ ਅਤੇ ਬਾਪ ਦਾ ਨਾਮ ਰਾਏ ਫਰੀਦ ਖਾਨ ਭੱਟੀ ਸੀ ਜੋ ਮੁਸਲਿਮ ਰਾਜਪੂਤ ਸੀ। ਫਰੀਦ ਖਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਲਹਿੰਦੇ ਪੰਜਾਬ ਦੇ ਮੌਜੂਦਾ ਜਿਲ੍ਹੇ ਹਾਫੀਜ਼ਾਬਾਦ ਤੋਂ ਲੈ ਕੇ ਮੁਲਤਾਨ ਤੱਕ ਸੀ। ਪਿੰਡੀ ਭੱਟੀਆਂ ਦਾ ਇਲਾਕਾ ਅੱਜ ਕਲ੍ਹ ਪਾਕਿਸਤਾਨ ਦੇ ਜਿਲ੍ਹਾ ਫੈਸਲਾਬਾਦ ਦੇ ਆਸ ਪਾਸ ਪੈਂਦਾ ਹੈ। ਅਕਬਰ ਤੋਂ ਪਹਿਲਾਂ ਭਾਰਤ ਵਿੱਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬਹੁਤ ਧਾਂਦਲੀ ਚੱਲਦੀ ਸੀ। ਪਰ ਅਕਬਰ ਨੇ ਆਪਣੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਮਦਦ ਨਾਲ ਸਾਰੇ ਰਾਜ ਵਿੱਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਉਸੇ ਹਿਸਾਬ ਨਾਲ ਲਗਾਨ ਨਿਸ਼ਚਿਤ ਕਰ ਦਿੱਤਾ। ਮਾਮਲਾ ਉਗਰਾਹੁਣਾ ਜਿੰਮੀਦਾਰ ਆਪਣਾ ਰੱਬੀ ਹੱਕ ਸਮਝਦੇ ਸਨ। ਪਰ ਅਕਬਰ ਵੱਲੋਂ ਸਿੱਧਾ ਮਾਮਲਾ ਉਗਰਾਹੁਣ ਤੋਂ ਜਿੰਮੀਦਾਰ ਭੜਕ ਗਏ ਤੇ ਆਪਣੇ ਅਧਿਕਾਰਾਂ ਵਿੱਚ ਦਖਲ ਸਮਝ ਕੇ ਬਗਾਵਤਾਂ ਸ਼ੁਰੂ ਕਰ ਦਿੱਤੀਆਂ। ਬਾਰਾਂ ਵਿੱਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀ ਸਨ। ਮਹਿਮੂਦ ਗਜ਼ਨਵੀ ਤੇ ਬਾਬਰ ਨੂੰ ਵੀ ਇਸ ਇਲਾਕੇ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੜਨ ਭਿੜਨ ਤੇ ਲੁੱਟ ਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨ ਮੰਨਦੇ। ਇੱਥੋਂ ਤੱਕ ਕਿ ਆਪਣੇ ਇਲਾਕੇ ‘ਚੋਂ ਲੰਘਣ ਵਾਲੇ ਕਾਫਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਵੀ ਲੁੱਟ ਲੈਂਦੇ ਸਨ। ਫਰੀਦ ਖਾਨ ਭੱਟੀ ਨੇ ਵੀ ਬਗਾਵਤ ਕਰ ਦਿੱਤੀ, ਪਰ ਮੁਗਲ ਸੈਨਾਂ ਨੇ ਜਲਦੀ ਹੀ ਬਗਾਵਤਾਂ ਦਬਾ ਦਿੱਤੀਆਂ। ਫਰੀਦ ਖਾਨ ਤੇ ਉਸ ਦੇ ਬਾਪ ਸਾਂਦਲ ਖਾਨ ਭੱਟੀ ਨੂੰ ਫਾਂਸੀ ਲਗਾ ਦਿੱਤਾ ਗਿਆ ਤੇ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਕਹਿੰਦੇ ਹਨ ਕਿ ਫਰੀਦ ਖਾਨ, ਸਾਂਦਲ ਖਾਨ ਤੇ ਉਹਨਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲਾ ਲਾਹੌਰ ਦੇ ਦਰਵਾਜ਼ੇ ‘ਤੇ ਲਟਕਾ ਦਿੱਤੀਆਂ ਗਈਆਂ।

ਦੁੱਲੇ ਦਾ ਜਨਮ ਫਰੀਦ ਦੇ ਮਰਨ ਤੋਂ ਚਾਰ ਮਹੀਨੇ ਬਾਅਦ ਹੋੲਆ ਸੀ। ਦੁੱਲੇ ਨੂੰ ਬਚਪਨ ਵਿੱਚ ਪਤਾ ਨਹੀਂ ਸੀ ਕਿ ਉਸ ਦੇ ਬਾਪ-ਦਾਦੇ ਨਾਲ ਕੀ ਵਾਪਰਿਆ ਹੈ। ਉਸ ਦਾ ਬਚਪਨ ਵੀ ਆਮ ਬੱਚਿਆਂ ਵਾਂਗ ਮਸੀਤ ਵਿੱਚ ਪੜ੍ਹ ਕੇ ਤੇ ਖੇਡ ਕੁੱਦ ਕੇ ਬੀਤਿਆ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਬਾਗੀ ਕਿਸਮ ਦਾ ਸੀ। ਜਦੋਂ ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ। ਉਹ ਬਚਪਨ ਤੋਂ ਤੀਰ, ਤਲਵਾਰ, ਬੰਦੂਕਾਂ ਆਦਿ ਚਲਾਉਣ ਦਾ ਸ਼ੌਕੀਨ ਸੀ। ਗੁਲੇਲ ਨਾਲ ਔਰਤਾਂ ਦੇ ਘੜੇ ਭੰਨ੍ਹ ਦੇਂਦਾ ਤਾਂ ਲੱਧੀ ਉਸ ਨੂੰ ਡਾਂਟਣ ਦੀ ਬਜਾਏ ਆਪਣੇ ਸਵਰਗਵਾਸੀ ਪਤੀ ਦੀ ਇੱਕੋ ਇੱਕ ਨਿਸ਼ਾਨੀ ਸਮਝ ਕੇ ਨਵੇਂ ਘੜੇ ਲੈ ਦੇਂਦੀ। ਜਦੋਂ ਉਸ ਨੂੰ ਆਪਣੇ ਬਾਪ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠਿਆ। ਉਸ ਨੇ ਅਕਬਰ ਅਤੇ ਮੁਗਲ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ। ਉਸ ਨੇ ਸਰਕਾਰੀ ਖਜ਼ਾਨਾ ਲੁੱਟ ਕੇ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਖਰਚੇ ‘ਤੇ ਗਰੀਬ ਘਰਾਂ ਦੀਆਂ ਅਨੇਕਾਂ ਲੜਕੀਆਂ ਦੇ ਵਿਆਹ ਕੀਤੇ। ਮੁਗਲਾਂ ਦੇ ਕਈ ਅਹਿਲਕਾਰਾਂ ਤੇ ਸੈਨਿਕਾਂ ਨੂੰ ਕਤਲ ਕਰ ਦਿੱਤਾ ਗਿਆ। ਇੱਕ ਵਾਰ ਤਾਂ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿੱਚੋਂ ਇੱਕ ਤਰਾਂ ਨਾਲ ਅਜ਼ਾਦ ਹੀ ਹੋ ਗਿਆ ਸੀ। ਲੋਕ ਕਥਾ ਹੈ ਕਿ ਉਸ ਨੇ ਹੱਜ ਕਰਨ ਜਾਂਦੀ ਅਕਬਰ ਦੀ ਇੱਕ ਬੇਗਮ ਲੁੱਟ ਲਈ ਸੀ ਜਾਂ ਬੰਦੀ ਬਣ ਲਈ ਸੀ। ਪਰ ਇਸ ਸਬੰਧੀ ਕੋਈ ਇਤਿਹਾਸਕ ਸਬੂਤ ਨਹੀਂ ਮਿਲਦਾ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਉਸ ਨੇ ਇੱਕ ਵਾਰ ਅਕਬਰ ਲਈ ਖਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬਲ ਦੇ ਵਪਾਰੀ ਨੂੰ ਲੁੱਟ ਲਿਆ ਸੀ। ਇਸ ਤੋਂ ਇਲਾਵਾ ਉਸ ਨੇ ਸ਼ਾਹ ਇਰਾਨ ਵੱਲੋਂ ਅਕਬਰ ਲਈ ਭੇਜੇ ਗਏ ਤੋਹਫੇ ਲੁੱਟ ਕੇ ਤਰਥੱਲੀ ਮਚਾ ਦਿੱਤੀ ਸੀ। ਲੁੱਟਿਆ ਸਮਾਨ ਗਰੀਬਾਂ ਵਿੱਚ ਵੰਡਣ ਕਾਰਨ ਲੋਕ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗੇ। ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ‘ਤੇ ਬਹੁਤ ਹੀ ਸ਼ਹਿਣਸ਼ੀਲ ਸੀ। ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ। ਉਹ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ। ਉਸ ਨੇ ਸੁੰਦਰੀ ਮੁੰਦਰੀ ਨਾਮਕ ਦੋ ਹਿੰਦੂ ਲੜਕੀਆਂ ਨੂੰ ਜਗੀਰਦਾਰ ਦੇ ਪੰਜੇ ਵਿੱਚੋਂ ਬਚਾ ਕੇ ਤੇ ਬਾਪ ਬਣ ਕੇ ਉਹਨਾਂ ਦਾ ਵਿਆਹ ਕਰਵਾਇਆ ਸੀ ਤੇ ਸਾਰਾ ਦਹੇਜ਼ ਖੁਦ ਦਿੱਤਾ ਸੀ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾਂ ਲਈ ਅਮਰ ਕਰ ਦਿੱਤਾ ਹੈ। ਅੱਜ ਤੱਕ ਹਰ ਸਾਲ ਲੋਕ ਉਸ ਨੂੰ ਉਸ ਨੂੰ ਲੋਹੜੀ ਦੇ ਤਿਉਹਾਰ ‘ਤੇ “ ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ” ਗਾ ਕੇ ਯਾਦ ਕਰਦੇ ਹਨ।
ਦੁੱਲੇ ਦੀ ਲੋਕ ਰੱਬ ਵਾਂਗ ਪੂਜਾ ਕਰਨ ਲੱਗੇ। ਪਰ ਦੁੱਲੇ ਦੀ ਚੜ੍ਹਾਈ ਉਸ ਦੇ ਸਕੇ ਚਾਚੇ ਜਲਾਲੁਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਮੁਗਲਾਂ ਦਾ ਮੁਖਬਰ ਬਣ ਗਿਆ ਤੇ ਖਬਰਾਂ ਸਰਕਾਰ ਤੱਕ ਪਹੁੰਚਾਉਣ ਲੱਗਾ। ਪਰ ਭਾਰੀ ਕੋਸ਼ਿਸ਼ਾਂ ਦੇ ਬਾਵਜੂਦ ਲਾਹੌਰ ਦਾ ਸੂਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ ਤੇ ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ਤੋਂ ਖਿਝ੍ਹ ਕੇ ਅਕਬਰ ਨੇ ਸਾਂਦਲ ਬਾਰ ਦੀ ਬਗਾਵਤ ਦਬਾਉਣ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਉਦੀਨ ਅਤੇ ਮਿਰਜ਼ਾ ਜ਼ਿਆਉਦੀਨ ਖਾਨ 15000 ਸੈਨਕ ਦੇ ਕੇ ਲਾਹੌਰ ਭੇਜ ਦਿੱਤੇ। ਲਾਹੌਰ ਦੇ ਸੂਬੇਦਾਰ ਨੂੰ ਬੜੇ ਸਖਤ ਹੁਕਮ ਭੇਜੇ ਗਏ ਕਿ ਜੇ ਬਗਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿੱਤਾ ਜਾਵੇਗਾ। ਦਿੱਲੀ ਤੋਂ ਆਏ ਜਰਨੈਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਰਲੀ ਮਿਲੀ ਫੌਜ ਹੱਥ ਧੋ ਕੇ ਦੁੱਲੇ ਦੇ ਪਿੱਛੇ ਪੈ ਗਈ। ਦੁੱਲੇ ਦਾ ਘਰ ਘਾਟ ਤਬਾਹ ਕਰ ਦਿੱਤਾ ਗਿਆ ਤੇ ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਗਈਆਂ। ਕਈ ਮਹੀਨੇ ਝੜਪਾਂ ਚਲਦੀਆਂ ਰਹੀਆਂ, ਦੁੱਲੇ ਅਤੇ ਸਾਥੀਆਂ ਨੇ ਛਾਪਮਾਰ ਯੁੱਧ ਨਾਲ ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ। ਕਹਿੰਦੇ ਹਨ ਕਿ ਜਦੋਂ ਮੁਗਲ ਉਸ ਨੂੰ ਮੈਦਾਨ ਵਿੱਚ ਨਾ ਹਰਾ ਸਕੇ ਤਾਂ ਉਹਨਾਂ ਨੇ ਛਲ ਕਪਟ ਦਾ ਸਹਾਰਾ ਲਿਆ। ਵਿਚੋਲੇ ਪਾ ਕੇ ਸੁਲ੍ਹਾ ਦੀ ਗੱਲ ਚਲਾਉਣ ਦਾ ਢੋਂਗ ਰਚਿਆ ਗਿਆ। ਜਦੋਂ ਦੁੱਲਾ ਗੱਲ ਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿੱਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਗ੍ਰਿਫਤਾਰ ਕਰ ਲਿਆ ਤੇ ਲਾਹੌਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਆਖਰ 1599 ਈ. ਨੂੰ ਸਿਰਫ 30 ਸਾਲ ਦੀ ਭਰ ਜਵਾਨੀ ਵਿੱਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿਤਾ ਗਿਆ। ਕਹਿੰਦੇ ਹਨ ਕਿ ਉਸ ਦੀਆਂ ਆਖਰੀ ਰਸਮਾਂ ਮਹਾਨ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ।

ਪੈਸੇ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਹਨ ਕਿ ਪੈਸਾ ਹਰ ਦੇਸ਼ ਦੀ ਜ਼ੁਬਾਨ ਬੋਲਦਾ ਹੈ ਤੇ ਹਰ ਤਾਲੇ ਦੀ ਚਾਬੀ ਹੈ। ਪੈਸੇ ਵਾਲੇ ਬੰਦੇ ਦੀਆਂ ਗੱਲਾਂ ਹੀ ਅਲੱਗ ਹੁੰਦੀਆਂ ਹਨ। ਕਿਸੇ ਇਕੱਠ ਵਿੱਚ ਬੈਠੇ ਮਾਇਆਧਾਰੀ ਦੀ ਪਛਾਣ ਦੂਰੋਂ ਹੀ ਆ ਜਾਂਦੀ ਹੈ। ਉਹ ਬਾਕੀਆਂ ਨੂੰ ਟਿੱਚਰਾਂ ਮਖੌਲ ਕਰੇਗਾ ਤੇ ਉਸ ਦੇ ਮੂੰਹੋਂ ਹਾਸਾ ਆਪਣੇ ਆਪ ਫੁੱਟ ਫੁੱਟ ਕੇ ਨਿਕਲਦਾ ਹੈ। ਗਰੀਬ ਆਦਮੀ ਵਿਚਾਰਾ ਐਵੇਂ ਸਿਰ ਸੁੱਟ ਕੇ ਬੈਠਾ ਹੁੰਦਾ ਹੈ, ਮੂੰਹ ਤੇ ਸਿੱਕਰੀ ਜੰਮੀ ਹੁੰਦੀ ਹੈ। ਮਾਇਆਧਾਰੀ ਬੰਦੇ ਦੀ ਦਸਤਾਰ, ਰਫਤਾਰ ਅਤੇ ਗੁਫਤਾਰ ਬਾਕੀ ਲੋਕਾਂ ਤੋਂ ਵੱਖਰੀ ਹੀ ਨਜ਼ਰ ਆਉਂਦੀ ਹੈ। ਸਰਕਾਰੀ ਮੁਲਾਜ਼ਮਾਂ ਵਿੱਚ ਵੀ ਇਹ ਵੇਖਿਆ ਗਿਆ ਹੈ ਕਿ ਜੇ ਕੋਈ ਕਰਮਚਾਰੀ ਘਰੋਂ ਗਰੀਬ ਹੈ ਤਾਂ ਉਹ ਬਹੁਤ ਡਰ ਕੇ ਨੌਕਰੀ ਕਰਦਾ ਹੈ। ਪਰ ਜੇ ਕੋਈ ਘਰੋਂ ਅਮੀਰ ਹੈ ਤਾਂ ਉਹ ਬੇਪ੍ਰਵਾਹੀ ਤੇ ਆਕੜ ਨਾਲ ਨੌਕਰੀ ਕਰਦਾ ਹੈ। ਅਫਸਰਾਂ ਨਾਲ ਵੀ ਪੰਗੇ ਲੈ ਲੈਂਦਾ ਹੈ, ਭਾਵੇਂ ਬਾਅਦ ਵਿੱਚ ਨੁਕਸਾਨ ਹੀ ਉਠਾਵੇ।

ਮੇਰੇ ਨਾਨੇ ਦੀ ਭੈਣ ਅਜ਼ਾਦੀ ਤੋਂ ਪਹਿਲਾਂ ਸਰਗੋਧੇ ਜਿਲ੍ਹੇ ਦੇ ਇੱਕ ਪਿੰਡ ਵਿੱਚ ਬਹੁਤ ਜਿਆਦਾ ਜ਼ਮੀਨ ਜਾਇਦਾਦ ਵਾਲੇ ਖਾਨਦਾਨ ਵਿੱਚ ਵਿਆਹੀ ਹੋਈ ਸੀ। ਉਸ ਦਾ ਪਤੀ ਜ਼ੈਲਦਾਰ ਸੀ, ਜਿਸ ਕਾਰਨ ਉਸ ਦਾ ਵੱਡਾ ਲੜਕਾ ਅਨੂਪ ਸਿੰਘ ਅੰਗਰੇਜ਼ਾਂ ਨੇ ਸਿੱਧਾ ਥਾਣੇਦਾਰ ਭਰਤੀ ਕਰ ਲਿਆ ਸੀ। ਬਾਪ ਦੀ ਅਮੀਰੀ ਕਾਰਨ ਥਾਣੇਦਾਰ ਦੇ ਦਿਮਾਗ ਵਿੱਚ ਆਕੜ ਕੁੱਟ ਕੁੱਟ ਕੇ ਭਰੀ ਹੋਈ ਸੀ। ਉਸ ਵੇਲੇ ਭਾਰਤ ਵਿੱਚ ਵੀ ਇੰਗਲੈਂਡ ਵਾਂਗ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਂਦੀ ਸੀ। ਇਥੋਂ ਤੱਕ ਕਿ ਬੱਸਾਂ ਵਿੱਚ ਉਵਰਲੋਡਿੰਗ ਤੱਕ ਦੀ ਵੀ ਮਨਾਹੀ ਸੀ। ਇੱਕ ਦਿਨ ਅਨੂਪ ਸਿੰਘ ਬੱਸ ਵਿੱਚ ਬੈਠਾ ਸਰਗੋਧੇ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਸਵਾਰੀਆਂ ਵਧ ਗਈਆਂ ਤਾਂ ਕੰਡਕਟਰ ਜੋ ਉਸ ਦਾ ਵਾਕਿਫ ਸੀ, ਨੇ ਅਨੂਪ ਸਿੰਘ ਨੂੰ ਪੁੱਛਿਆ ਕਿ ਸਰਦਾਰ ਜੀ ਛੱਤ ‘ਤੇ ਸਵਾਰੀਆਂ ਬਿਠਾ ਲਈਏ? ਅਨੂਪ ਸਿੰਘ ਨੇ ਅੱਗੋਂ ਮੁੱਛ ਨੂੰ ਵੱਟ ਦੇ ਕੇ ਕਿਹਾ ਕਿ ਜਦੋਂ ਮੈਂ ਬੱਸ ਵਿੱਚ ਬੈਠਾ ਹਾਂ ਤਾਂ ਕਿਸੇ ਦੀ ਕੀ ਜ਼ੁੱਰਅਤ ਆ ਤੈਨੂੰ ਟੋਕ ਜਾਵੇ, ਜਾ ਨਜ਼ਾਰੇ ਲੈ। ਕੰਡਕਟਰ ਨੇ ਅੰਦਰ ਨਾਲੋਂ ਬਹੁਤੀਆਂ ਸਵਾਰੀਆਂ ਉੱਪਰ ਚਾੜ੍ਹ ਲਈਆਂ।

ਜਦੋਂ ਬੱਸ ਡਿੱਕੋਡੋਲੇ ਖਾਂਦੀ ਹੋਈ ਜਾ ਰਹੀ ਸੀ ਤਾਂ ਰਸਤੇ ਵਿੱਚ ਕਿਸੇ ਅੰਗਰੇਜ਼ ਡੀ.ਐਸ.ਪੀ. ਦੀ ਨਜ਼ਰੀਂ ਚੜ੍ਹ ਗਈ। ਉਸ ਨੇ ਬੱਸ ਰੋਕ ਕੇ ਉਵਰਲੋਡਿੰਗ ਦਾ ਕਾਰਨ ਪੁੱਛਿਆ ਤਾਂ ਤਿੜੇ ਹੋਏ ਕੰਡਕਟਰ ਨੇ ਦੱਸਿਆ ਕਿ ਅੰਦਰ ਸਰਦਾਰ ਅਨੂਪ ਸਿੰਘ ਥਾਣੇਦਾਰ ਬੈਠਾ ਹੈ। ਉਸ ਦੇ ਹੁਕਮ ਨਾਲ ਹੀ ਸਵਾਰੀਆਂ ਛੱਤ ‘ਤੇ ਬਿਠਾਈਆਂ ਹਨ। ਡੀ.ਐਸ.ਪੀ. ਨੇ ਅਨੂਪ ਸਿੰਘ ਨੂੰ ਬੁਲਾਉਣ ਦਾ ਹੁਕਮ ਦਿੱਤਾ। ਅੱਗੋਂ ਅਨੂਪ ਸਿੰਘ ਸਰਦਾਰੀ ਦੀ ਆਕੜ ਵਿੱਚ ਡੀ.ਐਸ.ਪੀ. ਨਾਲ ਖਹਿਬੜ ਪਿਆ। ਜਦੋਂ ਡੀ.ਐਸ.ਪੀ. ਨੇ ਦਬਕੇ ਮਾਰੇ ਤਾਂ ਉਹ ਬਜਾਏ ਕੋਈ ਸੌਰੀ ਆਦਿ ਕਹਿਣ ਦੇ ਬੋਲਿਆ, “ਅਗਾਂਹ ਜਾ, ਤੇਰੇ ਵਰਗੇ ਮੇਰੇ ਪਿਉ ਦੇ ਬੂਟਾਂ ਦੇ ਤਸਮੇਂ ਬੰਨ੍ਹਦੇ ਫਿਰਦੇ ਆ।” ਦੋ ਘੰਟਿਆਂ ਬਾਅਦ ਹੀ ਥਾਣੇਦਾਰ ਸਾਹਿਬ ਦੇ ਡਿਸਮਿਸ ਦੇ ਆਰਡਰ ਘਰ ਪਹੁੰਚ ਗਏ। ਕਹਿੰਦੇ ਹਨ ਕਿ ਬੰਦਾ ਪੈਸੇ ਦੇ ਜ਼ੋਰ ਤੇ ਹੀ ਛਾਲਾਂ ਮਾਰਦਾ ਹੈ ਤੇ ਪੈਸਾ ਖਤਮ ਹੁੰਦੇ ਸਾਰ ਸਾਰੀ ਆਕੜ ਫਾਕੜ ਖਤਮ ਹੋ ਜਾਂਦੀ ਹੈ। ਕਿਸੇ ਨੂੰ ਪੁੱਛਿਆ ਗਿਆ, “ਤੇਰੇ ਗਰੀਬ ਰਿਸ਼ਤੇਦਾਰ ਕਿਹੜੇ ਕਿਹੜੇ ਹਨ?” ਉਸ ਨੇ ਕਿਰਲੇ ਵਾਂਗ ਧੌਣ ਅਕੜਾ ਕੇ ਜਵਾਬ ਦਿੱਤਾ, “ਮੈਂ ਨਹੀ ਜਾਣਦਾ ਕਿਸੇ ਨੰਗ ਨੂੰ।” ਉਸ ਨੂੰ ਦੁਬਾਰਾ ਪੁੱਛਿਆ ਗਿਆ, “ਤੇ ਤੇਰੇ ਅਮੀਰ ਰਿਸ਼ਤੇਦਾਰ ਕਿਹੜੇ ਹਨ?” ਉਸ ਨੇ ਮਰੀ ਜਿਹੀ ਅਵਾਜ਼ ਵਿੱਚ ਜਵਾਬ ਦਿੱਤਾ, “ਉਹ ਮੈਨੂੰ ਨਹੀਂ ਜਾਣਦੇ।”

ਸਮਾਣੇ ਮੇਰਾ ਇੱਕ ਦੋਸਤ ਕਈ ਸ਼ੈਲਰਾਂ ਦਾ ਮਾਲਕ ਹੈ ਜਿਸ ਦਾ ਨਾਮ ਡੀ.ਕੇ. ਹੈ। ਮੈਂ ਉਸ ਨੂੰ ਪੁੱਛਿਆ ਕਿ ਡੀ.ਕੇ. ਦਾ ਕੀ ਮਤਲਬ ਹੋਇਆ। ਉਸ ਨੇ ਦੱਸਿਆ ਕਿ ਉਸ ਦਾ ਪੂਰਾ ਨਾਮ ਦਰਸ਼ਨ ਕੁਮਾਰ ਗੋਇਲ ਹੈ ਤੇ ਉਹ ਬਹੁਤ ਗਰੀਬ ਘਰ ਵਿੱਚ ਪੈਦਾ ਹੋਇਆ ਸੀ। ਘਰ ਦੀ ਕਬੀਲਦਾਰੀ ਕਾਰਨ ਉਹ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ ਸਬਜ਼ੀ ਮੰਡੀ ਵਿੱਚ ਦਲਾਲੀ ਕਰਨ ਲੱਗ ਪਿਆ ਤੇ ਲੋਕਾਂ ਨੇ ਉਸ ਦਾ ਨਾਮ ਦਰਸ਼ੂ ਪਾ ਦਿੱਤਾ। ਕੁਝ ਸਾਲਾਂ ਬਾਅਦ ਜਦੋਂ ਉਸ ਨੇ ਸਬਜ਼ੀ ਮੰਡੀ ਵਿੱਚ ਆਪਣੀ ਆੜ੍ਹਤ ਪਾ ਲਈ ਤਾਂ ਲੋਕ ਉਸ ਨੂੰ ਦਰਸ਼ਨ ਕਹਿਣ ਲੱਗ ਪਏ। ਰੱਬ ਦੀ ਕ੍ਰਿਪਾ ਐਸੀ ਹੋਈ ਉਸ ਨੇ ਇੱਕ ਸ਼ੈਲਰ ਖਰੀਦ ਲਿਆ ਤੇ ਫਿਰ ਸ਼ੈਲਰ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਹੋ ਗਏ। ਹੁਣ ਉਸ ਦਾ ਨਾਮ ਵੱਡੇ ਲੋਕਾਂ ਵਾਲਾ ਡੀ.ਕੇ. ਗੋਇਲ ਹੋ ਗਿਆ ਹੈ।

ਇੱਕ ਬਦਤਮੀਜ਼ ਜਿਹੀ ਕਿਸਮ ਦਾ ਬੰਦਾ ਕਿਸੇ ਬੈਂਕ ਵਿੱਚ ਗਿਆ ਤੇ ਇੱਕ ਕਲਰਕ ਨੂੰ ਬੋਲਿਆ, “ਉਏ ਬਾਊ, ਇਥੇ ਅਕਾਊਂਟ ਕੌਣ ਖੋਲ੍ਹਦਾ ਹੈ?” ਬੰਦੇ ਦੇ ਭੈੜੇ ਜਿਹੇ ਕੱਪੜੇ ਤੇ ਬੋਲਣ ਦਾ ਲਹਿਜ਼ਾ ਵੇਖ ਕੇ ਕਲਰਕ ਉਸ ਨੂੰ ਟੁੱਟ ਕੇ ਪਿਆ, “ਉਏ ਤੈਨੂੰ ਬੋਲਣ ਦੀ ਤਮੀਜ਼ ਨਹੀਂ? ਪਹਿਲਾਂ ਬੋਲਣਾ ਸਿੱਖ ਕੇ ਆ, ਫਿਰ ਅਕਾਊਂਟ ਖੁਲਵਾਈਂ।” ਬੰਦਾ ਫਿਰ ਗਰਜ਼ਿਆ, “ਤਮੀਜ਼ ਨੂੰ ਮਾਰ ਗੋਲੀ। ਤੂੰ ਇਹ ਦੱਸ ਕਿ ਅਕਾਊਂਟ ਕੌਣ ਖੋਲ੍ਹਦਾ ਇਥੇ?” ਕਲਰਕ ਕੇ ਮੈਨੇਜਰ ਨੂੰ ਸ਼ਿਕਾਇਤ ਕਰ ਦਿੱਤੀ। ਮੈਨੇਜਰ ਆਪਣੀ ਟਾਈ ਠੀਕ ਕਰਦਾ ਹੋਇਆ ਬੰਦੇ ‘ਤੇ ਪਿਲ ਪਿਆ, “ਇਹ ਕੀ ਬਦਤਮੀਜ਼ੀ ਕਰ ਰਿਹਾ ਹੈਂ? ਸਵੇਰੇ ਸਵੇਰ ਦੇਸੀ ਤਾਂ ਨਹੀਂ ਪੀ ਲਈ ਕਿਤੋਂ?” “ਉਏ ਮੈਂਜਰਾ, ਬਦਤਮੀਜ਼ੀ ਦੀ ਐਸੀ ਦੀ ਤੈਸੀ। ਮੇਰੀ ਸੌ ਕਰੋੜ ਦੀ ਲਾਟਰੀ ਨਿਕਲੀ ਆ। ਦੱਸ ਅਕਾਊਂਟ ਖੋਲ੍ਹਣਾ ਕਿ ਮੈਂ ਕਿਸੇ ਹੋਰ ਬੈਂਕ ਵਿੱਚ ਜਾਵਾਂ?” ਬੰਦਾ ਸੌ ਕਰੋੜ ਦਾ ਚੈੱਕ ਮੈਨੇਜਰ ਦੀਆਂ ਅੱਖਾਂ ਅੱਗੇ ਲਹਿਰਾਉਂਦਾ ਹੋਇਆ ਬੋਲਿਆ।

ਐਨੀ ਮੋਟੀ ਅਸਾਮੀ ਹੱਥੋਂ ਨਿਕਲਦੀ ਵੇਖ ਕੇ ਮੈਨੇਜਰ ਨੂੰ ਗਸ਼ ਪੈਣ ਵਾਲੀ ਹੋ ਗਈ। ਬੰਦੇ ਦੀ ਕਿਸੇ ਹੋਰ ਬੈਂਕ ਵਿੱਚ ਜਾਣ ਦੀ ਗੱਲ ਸੁਣ ਕੇ ਉਸ ਨੂੰ ਆਪਣੀ ਕੁਰਸੀ ਖਿਸਕਦੀ ਹੋਈ ਜਾਪੀ ਤੇ ਸਰਦੀਆਂ ਵਿੱਚ ਵੀ ਪਸੀਨਾ ਆ ਗਿਆ, “ਸਰ ਜੀ ਤੁਸੀਂ ਵੀ ਕਿਸ ਬੇਵਕੂਫ ਕਲਰਕ ਦੇ ਮੂੰਹ ਲੱਗ ਰਹੇ ਉ। ਮੈਂ ਇਥੇ ਕੀ ਝਾੜੂ ਮਾਰਨ ਨੂੰ ਬੈਠਾ ਆਂ? ਤੁਸੀਂ ਮਾਲਕੋ ਮੇਰੇ ਦਫਤਰ ਵਿੱਚ ਬੈਠੋ। ਹੁਣੇ ਦੋ ਮਿੰਟ ਵਿੱਚ ਸਾਰਾ ਕੰਮ ਕਰ ਦਿੰਦੇ ਹਾਂ।” ਫਿਰ ਕਲਰਕ ਵੱਲ ਡੇਲੇ ਕੱਢਦਾ ਹੋਇਆ ਬੋਲਿਆ, “ਬੇਵਕੂਫ ਆਦਮੀ, ਤੈਨੂੰ ਬੰਦੇ ਕੁਬੰਦੇ ਦੀ ਪਹਿਚਾਣ ਨਹੀਂ ਆਂ? ਚੱਲ ਸਰ ਵਾਸਤੇ ਪਹਿਲਾਂ ਪਾਣੀ ਭੇਜ ਤੇ ਫਿਰ ਚਾਹ ਦਾ ਕੱਪ ਲੈ ਕੇ ਆ, ਨਾਲੇ ਦੋ ਸਮੋਸੇ ਸਿੰਧੀ ਸਵੀਟਸ ਤੋਂ ਮਿੱਠੀ ਚਟਨੀ ਤੇ ਛੋਲਿਆਂ ਨਾਲ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਕਈ ਵਾਰ ਸ਼ਿਕਾਰ ਖੁਦ ਹੀ ਝੋਲੀ ਵਿੱਚ ਆਣ ਡਿੱਗਦਾ ਹੈ।

ਜਿਹੜੇ ਪੁਲਿਸ ਵਾਲੇ ਜਿਲ੍ਹਿਆਂ ਵਿੱਚ ਡਿਊਟੀ ਨਿਭਾਉਂਦੇ ਰਹੇ ਹਨ, ਉਹਨਾਂ ਨੂੰ ਇਹ ਪਤਾ ਹੋਵੇਗਾ ਕਿ ਕਦੇ ਕਦੇ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਕੋਈ ਰਿਕਵਰੀ ਨਹੀਂ ਹੁੰਦੀ, ਪਰ ਕਈ ਵਾਰ ਅਪਰਾਧੀ ਆਪਣੇ ਆਪ ਹੀ ਝੋਲੀ ਵਿੱਚ ਡਿੱਗ ਪੈਂਦਾ ਹੈ। ਹਰ ਪੁਲਿਸ ਅਫਸਰ ਦੀ ਨੌਕਰੀ ਦੌਰਾਨ ਅਜਿਹੇ ਕਈ ਵਾਕਿਆ ਹੁੰਦੇ ਹਨ, ਜਿਹਨਾਂ ਵਿੱਚੋਂ ਕੁਝ ਯਾਦ ਰਹਿ ਜਾਂਦੇ ਹਨ। 1999 ਵਿੱਚ ਮੈਂ ਪਾਇਲ ਸਬ ਡਵੀਜ਼ਨ (ਪੁਲਿਸ ਜਿਲ੍ਹਾ ਖੰਨਾ) ਵਿਖੇ ਡੀ.ਐਸ.ਪੀ. ਲੱਗਾ ਹੋਇਆ ਸੀ ਕਿ ਦਸੰਬਰ ਦੇ ਮਹੀਨੇ ਵਿੱਚ ਅਚਾਨਕ ਇਲਾਕੇ ਵਿੱਚ ਕਾਲੇ ਕੱਛੇ ਵਾਲਿਆਂ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ। ਸਾਰੀ ਸਾਰੀ ਰਾਤ ਅਫਸਰ, ਐਸ.ਐਚ.ਉ. ਅਤੇ ਮੁਲਾਜ਼ਮ ਗਸ਼ਤ ਕਰਦੇ ਰਹਿੰਦੇ, ਪਰ ਹੱਥ ਪੱਲੇ ਕੁਝ ਨਾ ਪਿਆ। ਇੱਕ ਰਾਤ ਸਮਰਾਲੇ ਥਾਣੇ ਵਿੱਚ ਅਜਿਹੀ ਹੀ ਵਾਰਦਾਤ ਹੋ ਗਈ। ਕਾਲੇ ਕੱਛਿਆਂ ਵਾਲਿਆਂ ਨੇ ਇੱਕ ਪਰਿਵਾਰ ਨੂੰ ਬੁਰੀ ਤਰਾਂ ਨਾਲ ਕੁੱਟ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਸਾਰਾ ਗਹਿਣਾ ਗੱਟਾ ਲੁੱਟ ਕੇ ਲੈ ਗਏ। ਸਾਰੇ ਖੰਨੇ ਜਿਲ੍ਹੇ ਵਿੱਚ ਵਾਇਰਲੈੱਸ ਖੜਕਣ ਲੱਗ ਪਈ।

ਮੇਰੀ ਉਸ ਰਾਤ ਨਾਈਟ ਚੈਕਿੰਗ ਦੀ ਵਾਰੀ ਸੀ ਤੇ ਮੈਂ ਕੁਦਰਤੀ ਸਮਰਾਲੇ ਤੋਂ ਮਾਛੀਵਾੜੇ ਥਾਣੇ ਵੱਲ ਨੂੰ ਜਾ ਰਿਹਾ ਸੀ। ਵਾਇਰਲੈੱਸ ਸੁਣ ਕੇ ਮੈਂ ਸਰਹਿੰਦ ਨਹਿਰ ਦੇ ਪੁਲ ‘ਤੇ ਮਾਛੀਵਾੜੇ ਵਾਲੇ ਪਾਸੇ ਨਾਕਾ ਲਗਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਰਾਤ ਦੇ ਗਿਆਰਾਂ ਕੁ ਵਜੇ ਇੱਕ ਇੱਕ ਕਰ ਕੇ 5-6 ਪਰਵਾਸੀ ਮਜ਼ਦੂਰ ਟਾਈਪ ਬੰਦੇ ਸਮਰਾਲਾ ਸਾਈਡ ਤੋਂ ਪੁਲ ਪਾਰ ਕਰ ਕੇ ਆਏ ਤਾਂ ਗੰਨਮੈਨਾਂ ਨੇ ਵੈਸੇ ਹੀ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਬਹੁਤ ਹੀ ਮਸਕੀਨ ਅਤੇ ਰੋਣਹਾਕੀ ਜਿਹੀ ਅਵਾਜ਼ ਵਿੱਚ ਦੱਸਿਆ ਕਿ ਉਹ ਗਰੀਬ ਮਜ਼ਦੂਰ ਹਨ ਤੇ ਪੁਲ ਤੋਂ 2-3 ਕਿ.ਮੀ. ਅੱਗੇ ਝੁੱਗੀਆਂ ਵਿੱਚ ਰਹਿੰਦੇ ਹਨ। ਅੱਜ ਉਹ ਨੇੜਲੇ ਪਿੰਡ ਵਿੱਚ ਰਾਜ ਮਿਸਤਰੀ ਨਾਲ ਮਜ਼ਦੂਰੀ ਕਰਨ ਲਈ ਗਏ ਸੀ ਤੇ ਠੇਕੇਦਾਰ ਨੇ ਧੱਕੇ ਨਾਲ ਉਹਨਾਂ ਤੋਂ ਦੇਰ ਤੱਕ ਕੰਮ ਕਰਵਾਇਆ ਹੈ। ਹੁਣ ਕੋਈ ਸਵਾਰੀ ਨਾ ਮਿਲਣ ਕਾਰਨ ਉਹ ਪੈਦਲ ਹੀ ਘਰਾਂ ਨੂੰ ਜਾ ਰਹੇ ਹਨ। ਕਾਫੀ ਦੇਰ ਤੱਕ ਜਾਂਚ ਪੜਤਾਲ ਕਰਨ ਤੋਂ ਬਾਅਦ ਵੀ ਉਹਨਾਂ ਕੋਲੋਂ ਕੋਈ ਸ਼ੱਕੀ ਵਸਤੂ ਬਰਾਮਦ ਨਾ ਹੋਈ ਤਾਂ ਮੈਂ ਸੋਚਿਆ ਕਿ ਵਿਚਾਰੇ ਗਰੀਬ ਬੰਦੇ ਹਨ, ਜਾਣ ਦੇਂਦੇ ਹਾਂ। ਫਿਰ ਕੁਦਰਤੀ ਮੇਰੇ ਦਿਮਾਗ ਵਿੱਚ ਇਹ ਗੱਲ ਆ ਗਈ ਕਿ ਇਹਨਾਂ ਨੂੰ ਸਮਰਾਲੇ ਥਾਣੇ ਛੱਡ ਆਉਂਦੇ ਹਾਂ। ਉਹ ਆਪੇ ਤਫਤੀਸ਼ ਕਰ ਕੇ ਸਹੀ ਗਲਤ ਦਾ ਫੈਸਲਾ ਕਰ ਲੈਣਗੇ ਤੇ ਮੇਰੀ ਹਾਜ਼ਰੀ ਵੀ ਪੈ ਜਾਵੇਗੀ।

ਜਦੋਂ ਮੈਂ ਸਮਰਾਲੇ ਥਾਣੇ ਪਹੁੰਚਿਆ ਤਾਂ ਉਥੇ ਮੇਲਾ ਲੱਗਾ ਹੋਇਆ ਸੀ। ਐਸ.ਐਸ.ਪੀ. ਸਮੇਤ ਸਾਰੇ ਸੀਨੀਅਰ ਅਫਸਰ ਉਥੇ ਮੌਜੂਦ ਸਨ। ਜਿਹੜੇ ਪਰਿਵਾਰ ਨਾਲ ਲੁੱਟ ਮਾਰ ਹੋਈ ਸੀ, ਉਹਨਾਂ ਦੇ ਕੁਝ ਔਰਤਾਂ ਆਦਮੀ ਬਿਆਨ ਲਿਖਾ ਰਹੇ ਸਨ। ਜਦੋਂ ਮੈਂ ਉਹ ਬੰਦੇ ਗੱਡੀ ਵਿੱਚੋਂ ਉਤਾਰੇ ਤਾਂ ਇੱਕ ਔਰਤ ਦੀ ਨਜ਼ਰ ਉਹਨਾਂ ਵਿੱਚੋਂ ਇੱਕ ਹੱਟੇ ਕੱਟੇ ਪਰਵਾਸੀ ‘ਤੇ ਪੈ ਗਈ। ਉਸ ਨੇ ਰੌਲਾ ਪਾ ਦਿੱਤਾ ਕਿ ਜਿਹੜੀ ਜੈਕਟ ਉਸ ਨੇ ਪਹਿਨੀ ਹੋਈ ਹੈ, ਉਹ ਉਸ ਦੇ ਲੜਕੇ ਦੀ ਹੈ ਜੋ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਸੀ। ਬੱਸ ਫਿਰ ਕੀ ਸੀ, ਸਾਰੀ ਪੁਲਿਸ ਐਲੀ ਐਲੀ ਕਰਦੀ ਲੁਟੇਰਿਆਂ ਨੂੰ ਪੈ ਗਈ। ਰਾਤੋ ਰਾਤ ਉਸ ਗੈਂਗ ਦੇ 10 – 15 ਬੰਦੇ ਸਾਡੇ ਹੱਥ ਲੱਗ ਗਏ ਤੇ ਸਾਰਾ ਮਾਲ ਵੀ ਬਰਾਮਦ ਹੋ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਇਸ ਗੈਂਗ ਦੇ ਖਿਲਾਫ ਪੰਜਾਬ ਸਮੇਤ ਕਈ ਰਾਜਾਂ ਵਿੱਚ ਕਤਲਾਂ ਅਤੇ ਲੁੱਟ ਮਾਰ ਦੇ ਦਰਜ਼ਨਾਂ ਮੁਕੱਦਮੇ ਦਰਜ਼ ਸਨ।

2004 ਵਿੱਚ ਮੈਂ ਡੀ.ਐਸ.ਪੀ. ਮਜੀਠਾ ਲੱਗਾ ਹੋਇਆ ਸੀ ਤਾਂ ਉਥੇ ਵੀ ਕਾਫੀ ਲੁੱਟਾਂ ਖੋਹਾਂ ਹੋਣ ਲੱਗ ਪਈਆਂ। ਦਿਨ ਰਾਤ ਗਸ਼ਤਾਂ ਚੱਲਣ ਲੱਗ ਪਈਆਂ ਪਰ ਲੁਟੇਰੇ ਐਨੇ ਸ਼ਾਤਰ ਸਨ ਕਿ ਦੋ ਚਾਰ ਦਿਨਾਂ ਬਾਅਦ ਕਿਸੇ ਨਾ ਕਿਸੇ ਮੋਟਰ ਸਾਇਕਲ ਜਾਂ ਕਾਰ ਸਵਾਰ ਨੂੰ ਲੁੱਟ ਹੀ ਲੈਂਦੇ। ਮਜੀਠੇ ਥਾਣੇ ਵਿੱਚ ਫਤਿਹਗੜ੍ਹ ਚੂੜੀਆ ਰੋਡ ‘ਤੇ ਬਾਬੇ ਰੋਡੇ ਦੀ ਸਮਾਧ ਹੈ ਜਿੱਥੇ ਸ਼ਰਾਬ ਚੜ੍ਹਾਈ ਜਾਂਦੀ ਹੈ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਈ ਜਾਂਦੀ ਹੈ। ਇਲਾਕੇ ਦੇ ਜਿਆਦਾਤਰ ਸ਼ਰਾਬੀ ਕਬਾਬੀ ਮੁਫਤ ਦੀ ਸ਼ਰਾਬ ਦੇ ਲਾਲਚ ਵਿੱਚ ਉਥੇ ਹੀ ਪਏ ਰਹਿੰਦੇ ਹਨ। ਇੱਕ ਰਾਤ 9 – 10 ਵਜੇ ਮੈਂ ਸਮਾਧ ਦੇ ਨਜ਼ਦੀਕ ਇੱਕ ਲਿੰਕ ਰੋਡ ‘ਤੇ ਨਾਕਾ ਲਗਾ ਕੇ ਖੜ੍ਹਾ ਸੀ ਕਿ ਦੋ ਮੋਟਰ ਸਵਾਰ ਆ ਗਏ। ਦਰਿਆਫਤ ਕਰਨ ‘ਤੇ ਉਹਨਾਂ ਨੇ ਦੱਸਿਆ ਕਿ ਉਹ ਬਾਬੇ ਰੋਡੇ ਦੇ ਮੱਥਾ ਟੇਕ ਕੇ ਆਏ ਹਨ। ਮੇਰੇ ਗੰਨਮੈਨ ਨੇ ਪੁੱਛਿਆ ਕਿ ਪ੍ਰਸ਼ਾਦ ਲਿਆ ਸੀ? ਭਾਵ ਕਿ ਸ਼ਰਾਬ ਪੀ ਕੇ ਆਏ ਹੋ? ਦੋਵੇਂ ਹੀਂ ਹੀਂ ਕਰ ਕੇ ਹੱਸ ਪਏ ਤੇ ਬੋਲੇ ਕਿ ਪ੍ਰਸ਼ਾਦ ਪੀਣ ਹੀ ਤਾਂ ਗਏ ਸੀ, ਲੇੜ੍ਹ ਕੇ ਆਏ ਹਾਂ। ਗੰਨਮੈਨ ਨੇ ਖਿੱਚ ਕੇ ਚਪੇੜ ਇੱਕ ਦੇ ਬੂਥੇ ‘ਤੇ ਮਾਰੀ ਕਿ ਤੇਰੇ ਮੂੰਹ ਵਿੱਚੋਂ ਬਦਬੂ ਤਾਂ ਆ ਨਹੀ ਰਹੀ। ਦੋਵਾਂ ਨੂੰ ਥਾਣੇ ਲਿਆ ਕੇ ਇੰਟੈਰੋਗੇਟ ਕੀਤਾਂ ਤਾਂ ਸਾਡੇ ਤੋਂ ਇਲਾਵਾ ਹੋਰ ਵੀ ਕਈ ਥਾਣਿਆਂ ਦੇ ਲੁੱਟਾਂ ਖੋਹਾਂ ਦੇ ਅਨੇਕਾਂ ਕੇਸ ਹੱਲ ਹੋ ਗਏ।

2013 ਵਿੱਚ ਮੈਂ ਡੀ.ਐਸ.ਪੀ. ਮੂਨਕ ਸੀ ਤਾਂ ਉਥੇ ਇੱਕ ਬਹੁਤ ਹਾਸੋਹੀਣੀ ਘਟਨਾ ਹੋਈ। ਲਹਿਰਾਗਾਗਾ ਦੇ ਨਜ਼ਦੀਕ ਇੱਕ ਪਿੰਡ ਦੇ ਦੋ ਸਮੱਗਲਰ ਭੁੱਕੀ ਲੈਣ ਲਈ ਸਵਿੱਫਟ ਕਾਰ ਵਿੱਚ ਰਾਜਸਥਾਨ ਗਏ ਸਨ। ਜਦੋਂ ਉਹ ਗਏ ਸਨ, ਉਸ ਸਮੇਂ ਜਾਖਲ ਕਸਬੇ ਦੇ ਨਜ਼ਦੀਕ ਥਾਣਾ ਮੂਨਕ ਦੀ ਚੌਂਕੀ ਚੂਲੜ ਦੇ ਸਾਹਮਣੇ ਸੜਕ ਦੀ ਮੁਰੰਮਤ ਹੋ ਰਹੀ ਸੀ। ਚੌਂਕੀ ਦੇ ਨਜ਼ਦੀਕ ਪੀ.ਡਬਲਿਊ.ਡੀ. ਵਾਲਿਆਂ ਨੇ ਇੱਕ ਵੱਡਾ ਸਾਰਾ ਸਪੀਡ ਬਰੇਕਰ ਬਣਾ ਦਿੱਤਾ ਤੇ ਆਪਣੀ ਆਦਤ ਅਨੁਸਾਰ ਉਥੇ ਨਾ ਤਾਂ ਕੋਈ ਸਾਈਨ ਬੋਰਡ ਜਾਂ ਰਿਫਲੈਕਟਰ ਲਗਾਏ ਤੇ ਨਾ ਹੀ ਚਿੱਟਾ ਪੇਂਟ ਆਦਿ ਕੀਤਾ। ਕੁਝ ਦਿਨਾਂ ਬਾਅਦ ਸਮੱਗਲਰ ਵਾਪਸ ਆ ਗਏ। ਉਹ ਜਾਖਲ ਤੋਂ ਚੂਲੜ ਵੱਲ ਦੀ ਹੋ ਕੇ ਲਹਿਰੇਗਾਗੇ ਵੱਲ ਜਾਣਾ ਚਾਹੁੰਦੇ ਸਨ। ਰਾਤ ਦੇ 10 – 11 ਵੱਜੇ ਹੋਏ ਸਨ ਤੇ ਉਹਨਾਂ ਨੇ ਚੌਂਕੀ ਲਾਗੋਂ ਜਲਦੀ ਲੰਘ ਜਾਣ ਦੀ ਕੋਸ਼ਿਸ਼ ਵਿੱਚ ਗੱਡੀ ਦੀ ਸਪੀਡ ਚੁੱਕ ਦਿੱਤੀ। ਵਿਚਾਰਿਆਂ ਨੂੰ ਸਪੀਡ ਬਰੇਕਰ ਬਾਰੇ ਪਤਾ ਨਹੀਂ ਸੀ, ਜਿਸ ਕਾਰਨ ਗੱਡੀ ਠਾਹ ਕਰ ਕੇ ਸਪੀਡ ਬਰੇਕਰ ਵਿੱਚ ਵੱਜੀ ਤੇ ਭੁੱਕੀ ਦੇ ਭਾਰ ਕਾਰਨ ਉਸ ਦੇ ਅਗਲੇ ਐਕਸਲ ਟੁੱਟ ਗਏ। ਧਮਾਕਾ ਸੁਣ ਕੇ ਚੌਂਕੀ ਵਾਲੇ ਭੱਜ ਕੇ ਗਏ ਤਾਂ ਸਮੱਗਲਰਾਂ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਕਿਸੇ ਮਦਦ ਦੀ ਜਰੂਰਤ ਨਹੀਂ ਹੈ। ਅਸੀਂ ਆਪੇ ਗੱਡੀ ਠੀਕ ਕਰਵਾ ਲਵਾਂਗੇ, ਤੁਸੀਂ ਜਾ ਕੇ ਅਰਾਮ ਕਰੋ। ਇੱਕ ਤੇਜ਼ ਤਰਾਰ ਹੋਮ ਗਾਰਡ ਦੇ ਜਵਾਨ ਦੀ ਨਜ਼ਰ ਪਿਛਲੀ ਸੀਟ ਅਤੇ ਡਿੱਗੀ ਵਿੱਚ ਪਈਆਂ ਬੋਰੀਆਂ ‘ਤੇ ਪੈ ਗਈ, ਦੋਵੇਂ ਮੌਕੇ ‘ਤੇ ਹੀ ਪਕੜੇ ਗਏ। ਉਹਨਾਂ ਨੇ ਪਿਛਲੀ ਸੀਟ ਕੱਢ ਕੇ ਉਸ ਖਾਲੀ ਥਾਂ ਅਤੇ ਡਿੱਗੀ ਵਿੱਚ 5-6 ਬੋਰੀਆਂ ਭੁੱਕੀ ਰੱਖੀ ਹੋਈ ਸੀ। ਜਦੋਂ ਮੈਂ ਸਵੇਰੇ ਉਹਨਾਂ ਦੀ ਪੁੱਛ ਗਿੱਛ ਕੀਤੀ ਤਾਂ ਉਹਨਾਂ ਨੇ ਲਗਭਗ ਰੋਂਦੇ ਹੋਏ ਕਿਹਾ ਕਿ ਸਾਨੂੰ ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਹੈ ਕਿ ਰਾਜਸਥਾਨ ਤੋਂ ਲੈ ਕੇ ਪੰਜਾਬ ਤੱਕ ਸੈਂਕੜੇ ਕਿ.ਮੀ. ਉਹ ਸੁੱਖੀ ਸਾਂਦੀ ਆ ਗਏ ਸਨ, ਪਰ ਕਿਸਮਤ ਨੇ ਮੰਜ਼ਿਲ ਤੋਂ ਸਿਰਫ 10-12 ਕਿ.ਮੀ. ਦੂਰ ਉਹਨਾਂ ਨੂੰ ਧੋਖਾ ਦਿੱਤਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਖਬਰਦਾਰ, ਤੁਸੀਂ ਕਿਤੇ ਕੁਦਰਤੀ ਦੀ ਬਜਾਏ ਸਿੰਥੈਟਿਕ ਹੀਰੇ ਤਾਂ ਨਹੀਂ ਖਰੀਦ ਰਹੇ ?

ਅੱਜ ਕਲ੍ਹ ਜਦੋਂ ਗਾਹਕ ਕਿਸੇ ਜੌਹਰੀ ਕੋਲੋਂ ਹੀਰਿਆਂ ਦੇ ਜੜਾਊ ਗਹਿਣੇ ਖਰੀਦਦੇ ਹਨ ਤਾਂ ਬਹੁਤਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਜਿਹੜੇ ਹੀਰਿਆਂ ਦਾ ਮੁੱਲ ਉਹ ਅਸਲੀ ਸਮਝ ਕੇ ਚੁਕਾ ਰਹੇ ਹਨ, ਉਹ ਅਸਲ ਵਿੱਚ ਕਿਸੇ ਫੈਕਟਰੀ ਦੁਆਰਾ ਤਿਆਰ ਕੀਤੇ ਹੋਏ ਸਿੰਥੈਟਿਕ ਹੀਰੇ ਹਨ। ਇਹਨਾਂ ਹੀਰਿਆਂ ਦੀ ਕਠੋਰਤਾ, ਚਮਕ, ਕੱਟ, ਕੈਰੇਟ ਅਤੇ ਰਸਾਇਣਕ ਸੰਰਚਣਾ ਬਿਲਕੁਲ ਅਸਲੀ ਹੀਰਿਆਂ ਵਾਲੀ ਹੀ ਹੈ ਸਗੋਂ ਕਈ ਵਾਰ ਬੇਹਤਰ ਹੀ ਹੁੰਦੀ ਹੈ। ਦੋਵਾਂ ਦਾ ਮੂਲ ਵੀ ਇੱਕ ਹੀ ਹੈ, ਸੌ ਫੀਸਦੀ ਸ਼ੁੱਧ ਕਾਰਬਨ। ਫਰਕ ਸਿਰਫ ਐਨਾ ਹੈ ਕਿ ਅਸਲੀ ਹੀਰਿਆਂ ਦੀ ਰਚਨਾਂ ਕੁਦਰਤ ਆਪਣੀ ਗੋਦ ਵਿੱਚ ਲੱਖਾਂ ਸਾਲਾਂ ਦੌਰਾਨ ਕਰਦੀ ਹੈ ਤੇ ਸਿੰਥੈਟਿਕ ਹੀਰਾ ਕਿਸੇ ਫੈਕਟਰੀ ਵਿੱਚ ਕੁਝ ਹੀ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ। ਗਾਹਕ ਕੋਲੋਂ ਦੋਵਾਂ ਦਾ ਮੁੱਲ ਬਰਾਬਰ ਹੀ ਵਸੂਲਿਆ ਜਾਂਦਾ ਹੈ।

ਇਨਸਾਨ ਵਿੱਚ ਹਮੇਸ਼ਾਂ ਤੋਂ ਹੀ ਪ੍ਰਯੋਗਸ਼ਾਲਾ ਵਿੱਚ ਸੋਨਾ ਅਤੇ ਹੀਰੇ ਤਿਆਰ ਕਰਨ ਦਾ ਖਬਤ ਰਿਹਾ ਹੈ। ਹਜ਼ਾਰਾਂ ਸਾਲਾਂ ਤੋਂ ਵਿਗਿਆਨੀ ਇਸ ਦਿਸ਼ਾ ਵਿੱਚ ਪ੍ਰਯੋਗ ਕਰਦੇ ਰਹੇ ਹਨ। ਸੋਨਾ ਤਾਂ ਕੋਈ ਤਿਆਰ ਨਹੀਂ ਕਰ ਸਕਿਆ, ਪਰ ਹੀਰੇ ਤਿਆਰ ਕਰਨ ਵਿੱਚ ਸੌ ਪ੍ਰਤੀਸ਼ਤ ਕਾਮਯਾਬੀ ਹਾਸਲ ਹੋ ਚੁੱਕੀ ਹੈ। ਹੀਰੇ ਨੂੰ ਤਿਆਰ ਕਰਨ ਲਈ ਮੁੱਖ ਤੌਰ ‘ਤੇ ਦੋ ਵਿਧੀਆਂ ਵਰਤੀਆਂ ਜਾਂਦੀਆਂ ਹਨ। ਪਹਿਲੀ ਹੈ ਅਤਿਅੰਤ ਦਬਾਅ ਅਤੇ ਉੱਚਤਮ ਤਾਪਮਾਨ ਪ੍ਰਕਿਰਿਆ ਅਤੇ ਦੂਸਰੀ ਹੈ ਹੀਰੇ ਦੇ ਸੀਡ (ਬੀਜ) ‘ਤੇ ਕਾਰਬਨ ਦਾ ਰਸਾਇਣਕ ਵਾਸ਼ਪੀਕਰਣ ਰਾਹੀਂ ਜਮਾਉ ਕਰ ਕੇ ਹੀਰਾ ਤਿਆਰ ਕਰਨਾ। ਦੋਵੇਂ ਕਿਰਿਆਵਾਂ ਹਵਾ ਦੀ ਅਣਹੋਂਦ (ਵੈਕਿਊਮ) ਵਿੱਚ ਕੀਤੀਆਂ ਜਾਂਦੀਆਂ ਹਨ। ਹੁਣ ਤੱਕ ਇਹ ਦੋ ਵਿਧੀਆਂ ਹੀ ਵਿਧੀਆਂ ਸਫਲਤਾ ਪੂਰਵਕ ਵਰਤੀਆਂ ਜਾ ਰਹੀਆਂ ਹਨ। ਆਪਣੀ ਕਠੋਰਤਾ ਕਾਰਨ ਹੀਰੇ ਦੀ ਉਦਯੋਗਾਂ ਵਿੱਚ ਬਹੁਤ ਜਿਆਦਾ ਮੰਗ ਹੈ। ਕੱਟਣ ਅਤੇ ਪਾਲਸ਼ ਕਰਨ ਵਾਲੇ ਸੰਦਾਂ ਵਿੱਚ ਤਾਂ ਹੀਰੇ ਤੋਂ ਇਲਾਵਾ ਹੋਰ ਕਿਸੇ ਪਦਾਰਥ ਦੀ ਵਰਤੋਂ ਅਸੰਭਵ ਹੈ। ਇਸ ਤੋਂ ਇਲਾਵਾ ਹਾਈ ਪਾਵਰ ਬਿਜਲੀ ਗਰਿੱਡਾਂ ਦੇ ਸਵਿੱਚ, ਹਾਈ ਫਰੀਕੁਐਂਸੀ ਟਰਾਂਸਮੀਟਰ, ਅਤਿ ਸੂਖਮ ਪ੍ਰਯੋਗਸ਼ਾਲਾਵਾਂ, ਰੱਖਿਆ ਉਪਕਰਣਾਂ, ਸਪੇਸ ਸਟੇਸ਼ਨਾਂ ਅਤੇ ਸਪੇਸ ਰਾਕਟਾਂ ਆਦਿ ਵਿੱਚ ਹੀਰੇ ਦੀ ਬਹੁਤ ਵਰਤੋਂ ਹੁੰਦੀ ਹੈ। ਇਸ ਵੇਲੇ ਸਿੰਥੈਟਿਕ ਹੀਰਾ ਸੰਸਾਰ ਦੀਆਂ 98% ਉਦਯੋਗਿਕ ਜਰੂਰਤਾਂ ਪੂਰੀਆਂ ਕਰ ਰਿਹਾ ਹੈ। ਇਸ ਹੀਰੇ ਨੂੰ ਮਨਮਰਜ਼ੀ ਮੁਤਾਬਕ ਪਾਰਦਰਸ਼ੀ, ਸਫੈਦ, ਪੀਲੇ, ਭੂਰੇ, ਨੀਲੇ, ਹਰੇ ਅਤੇ ਸੰਤਰੀ ਰੰਗ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਜਿਸ ਤਰਾਂ ਇਸ ਦਾ ਪ੍ਰਚਲਨ ਵਧ ਰਿਹਾ ਹੈ, ਲੱਗਦਾ ਹੈ ਕਿ ਹੌਲੀ ਹੌਲੀ ਸਿੰਥੈਟਿਕ ਹੀਰਾ ਪੂਰੀ ਤਰਾਂ ਨਾਲ ਕੁਦਰਤੀ ਹੀਰੇ ਦਾ ਸਥਾਨ ਗ੍ਰਹਿਣ ਕਰ ਲਵੇਗਾ।

ਸਿਥੈਟਿਕ ਹੀਰੇ ਨੂੰ ਤਿਆਰ ਕਰਨ ਦੇ ਗੰਭੀਰ ਯਤਨ 1797 ਈਸਵੀ ਤੋਂ ਬਾਅਦ ਸ਼ੁਰੂ ਹੋਏ ਸਨ ਜਦੋਂ ਵਿਗਿਆਨੀਆਂ ਨੇ ਇਹ ਪਤਾ ਲਗਾ ਲਿਆ ਕਿ ਹੀਰਾ ਤਾਂ ਸਿਰਫ ਕਾਰਬਨ ਦਾ ਬਦਲਿਆ ਹੋਇਆ ਇੱਕ ਰੂਪ ਹੈ। ਲੋਕਾਂ ਨੇ ਕਾਰਬਨ ਦੇ ਗਰੇਫਾਈਟ ਅਤੇ ਪੱਥਰ ਦੇ ਕੋਲੇ ਸਮੇਤ ਅਨੇਕਾਂ ਰੂਪਾਂ, ਇਥੋਂ ਤੱਕ ਕਿ ਲੱਕੜ ਦੇ ਸਧਾਰਨ ਕੋਲੇ ਨੂੰ ਵੀ ਹੀਰੇ ਦੇ ਰੂਪ ਵਿੱਚ ਬਦਲਣ ਲਈ ਪ੍ਰਯੋਗ ਕਰਨੇ ਸ਼ੁਰੂ ਕਰ ਦਿੱਤੇ। ਸਕਾਟਲੈਂਡ ਦੇ ਵਿਗਿਆਨੀ ਜੇਮਜ਼ ਬੈਲਨਟਾਈਨ ਹੈਨੇ ਅਤੇ ਫਰਾਂਸ ਦੇ ਨੋਬਲ ਇਨਾਮ ਜੇਤੂ ਰਸਾਇਣ ਵਿਗਿਆਨੀ ਫਰਡੀਨੈਂਡ ਫਰੈਡਰਿਕ ਹੈਨਰੀ ਮੋਈਸਨ ਨੂੰ ਕ੍ਰਮਵਾਰ 1879 ਅਤੇ 1893 ਈਸਵੀ ਵਿੱਚ ਕੁਝ ਸਫਲਤਾ ਹਾਸਲ ਹੋਈ, ਪਰ ਉਹ ਪੂਰੀ ਤਰਾਂ ਨਾਲ ਕਾਮਯਾਬ ਨਾ ਹੋ ਸਕੇ। ਇਸ ਤੋਂ ਬਾਅਦ ਕਈ ਹੋਰ ਵਿਗਿਆਨੀਆਂ ਨੇ ਅਜਿਹੇ ਦਾਅਵੇ ਕੀਤੇ ਪਰ ਅਸਲ ਸਫਲਤਾ 16 ਫਰਵਰੀ 1953 ਨੂੰ ਸਵੀਡਨ ਦੀ ਬਿਜਲੀ ਉਤਪਾਦਨ ਕੰਪਨੀ ਅਲਮਾਨਾ ਸਵੈਂਸਕਾ ਇਲੈਕਟਰਿਸਕਾ ਐਕਟੀਬੋਲੈਗਟ ਦੇ ਹੱਥ ਲੱਗੀ ਜਿਸ ਨੇ 1942 ਵਿੱਚ ਪੰਜ ਵਿਗਿਆਨੀਆਂ ਦੀ ਇੱਕ ਟੀਮ ਨੂੰ ਇਹ ਕੰਮ ਸੌਂਪਿਆ ਸੀ। ਉਸ ਟੀਮ ਨੇ ਹਾਈ ਪ੍ਰੈਸ਼ਰ – ਹਾਈ ਟੈਂਪਰੇਚਰ ਵਾਲੀ ਤਕਨੀਤ ਨੂੰ ਅਪਣਾਇਆ ਤੇ ਕਾਰਬਨ ਦੇ ਇੱਕ ਰੂਪ ਗਰੇਫਾਈਟ ਨੂੰ ਵੈਕਿਊਮ ਵਿੱਚ 12 ਲੱਖ 20 ਹਜ਼ਾਰ ਪਾਊਂਡ ਪ੍ਰੈਸ਼ਰ ਥੱਲੇ 2400 ਡਿਗਰੀ ਸੈਂਟੀਡਰੇਡ ਤੱਕ ਗਰਮ ਕਰ ਕੇ ਇੱਕ ਘੰਟੇ ਤੱਕ ਰੱਖਿਆ। ਇਸ ਪ੍ਰਯੋਗ ਦੇ ਫਲਸਵਰੂਪ ਕੁਝ ਛੋਟੇ ਅਕਾਰ ਦੇ ਹੀਰੇ ਤਾਂ ਬਣ ਗਏ ਪਰ ਵੱਡੇ ਕਮਰਸ਼ੀਅਲ ਹੀਰੇ ਬਣਾਉਣ ਵਿੱਚ ਸਫਲਤਾ ਹਾਸਲ ਨਾ ਹੋ ਸਕੀ। ਪਰ ਇਸ ਕੰਪਨੀ ਦੇ ਕਾਰਨਾਮੇ ਨੇ ਵਿਸ਼ਵ ਨੂੰ ਇਹ ਵਿਸ਼ਵਾਸ਼ ਜਰੂਰ ਦਿਵਾ ਦਿੱਤਾ ਕਿ ਸਿੰਥੈਟਿਕ ਹੀਰੇ ਬਣਾਉਣੇ ਸੰਭਵ ਹਨ।

ਕਮਰਸ਼ੀਅਲ ਹੀਰੇ ਬਣਾਉਣ ਵਿੱਚ ਮੁਕੰਮਲ ਸਫਲਤਾ ਦੁਨੀਆਂ ਦੀ ਪ੍ਰਸਿੱਧ ਬਿਜਲੀ ਕੰਪਨੀ ਜਨਰਲ ਇਲੈੱਕਟਰਿਕ (ਜੀ ਈ) ਨੂੰ ਹਾਸਲ ਹੋਈ ਸੀ। ਜੀ ਈ ਨੇ ਸਵੈਂਸਕਾ ਕੰਪਨੀ ਦੇ ਕੰਮ ਨੂੰ ਅੱਗੇ ਵਧਾਇਆ ਤੇ 1951 ਈਸਵੀ ਵਿੱਚ ਪ੍ਰਸਿੱਧ ਭੌਤਿਕ ਵਿਗਿਆਨੀਆਂ ਫਰਾਂਸਿਸ ਪੀ ਬੰਡੀ, ਐਚ ਐਮ ਸਟਰਾਂਗ ਅਤੇ ਟਰੇਸੀ ਹਾਲ ‘ਤੇ ਅਧਾਰਿਤ ਇੱਕ ਟੀਮ ਤਿਆਰ ਕੀਤੀ। ਇਸ ਕੰਪਨੀ ਨੇ ਵੀ ਉੱਚ ਪ੍ਰੈਸ਼ਰ ਅਤੇ ਉੱਚ ਤਾਪਮਾਨ ਦੇ ਫਾਰਮੂਲੇ ਦੀ ਵਰਤੋਂ ਕਰ ਕੇ ਪੰਜ ਸਾਲ ਦੀ ਮਿਹਨਤ ਤੋਂ ਬਾਅਦ 16 ਦਸੰਬਰ 1954 ਨੂੰ ਕਮਰਸ਼ੀਅਲ ਪੱਧਰ ਦਾ ਸਿੰਥੈਟਿਕ ਹੀਰਾ ਬਣਾਉਣ ਵਿੱਚ ਸਫਲਤਾ ਹਾਸਲ ਕਰ ਲਈ ਜਿਸ ਦਾ ਐਲਾਨ 19 ਫਰਵਰੀ 1955 ਨੂੰ ਕੀਤਾ ਗਿਆ। ਜੀ ਈ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ, ਸੋਵੀਅਤ ਸੰਘ ਅਤੇ ਹੋਰ ਪੱਛਮੀ ਦੇਸ਼ ਗੰਭੀਰਤਾ ਨਾਲ ਇਸ ਮੈਦਾਨ ਵਿੱਚ ਕੁੱਦ ਪਏ ਜਿਸ ਕਾਰਨ ਇਸ ਕੰਮ ਵਿੱਚ ਲਗਾਤਾਰ ਸੁਧਾਰ ਹੁੰਦਾ ਗਿਆ ਤੇ ਸਿੰਥੈਟਿਕ ਹੀਰੇ ਮੌਜੂਦਾ ਰੂਪ ਵਿੱਚ ਸਾਡੇ ਸਾਹਮਣੇ ਆਏ। ਅੱਜ ਕਲ੍ਹ ਗਹਿਣਿਆਂ ਵਿੱਚ ਵਰਤੇ ਜਾਣ ਵਾਲੇ ਸਿੰਥੈਟਿਕ ਹੀਰੇ ਪ੍ਰੈਸ਼ਰ – ਤਾਪਮਾਨ ਤਕਨੀਕ ਅਤੇ ਉਦਯੋਗਿਕ ਵਰਤੋਂ ਵਾਲੇ ਹੀਰੇ ਵਾਸ਼ਪੀਕਰਣ ਤਕਨੀਕ ਰਾਹੀਂ ਤਿਆਰ ਕੀਤੇ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪ੍ਰੈਸ਼ਰ ਰਾਹੀਂ ਤਿਆਰ ਕੀਤੇ ਗਏ ਹੀਰੇ ਬੇਹੱਦ ਸ਼ੁੱਧ ਅਤੇ ਸੁੰਦਰ ਤੇ ਵਾਸ਼ਪੀਕਰਣ ਰਾਹੀਂ ਤਿਆਰ ਕੀਤੇ ਗਏ ਹੀਰੇ ਵੇਖਣ ਵਿੱਚ ਕੁਝ ਭੱਦੇ ਹੁੰਦੇ ਹਨ। ਵੈਸੇ ਦੋਵਾਂ ਦੀ ਗੁਣਵਤਾ ਵਿੱਚ ਕੋਈ ਫਰਕ ਨਹੀਂ ਹੁੰਦਾ।

ਗਹਿਣਿਆਂ ਵਿੱਚ ਸਿੰਥੈਟਿਕ ਹੀਰਿਆਂ ਕਾਰਨ ਹੋ ਰਹੀ ਧੋਖੇਬਾਜ਼ੀ ਨੂੰ ਰੋਕਣ ਲਈ ਜੁਲਾਈ 2018 ਵਿੱਚ ਵਰਲਡ ਟਰੇਡ ਕਮਿਸ਼ਨ ਨੇ ਇਹ ਲਾਜ਼ਮੀ ਕਰ ਦਿੱਤਾ ਸੀ ਕਿ ਖਰੀਦ ਵੇਲੇ ਜੌਹਰੀ ਗਾਹਕ ਨੂੰ ਇਹ ਸਰਟੀਫਿਕੇਟ ਦੇਵੇਗਾ ਕਿ ਉਸ ਵੱਲੋਂ ਖਰੀਦਿਆ ਗਿਆ ਹੀਰਾ ਕੁਦਰਤੀ ਹੈ ਜਾਂ ਸਿੰਥੈਟਿਕ। ਇਸ ਦਾ ਕਾਰਨ ਇਹ ਹੈ ਕਿ ਸਿੰਥੈਟਿਕ ਹੀਰਾ ਜੌਹਰੀਆਂ ਨੂੰ ਕੁਦਰਤੀ ਹੀਰੇ ਨਾਲੋਂ 30 ਤੋਂ 35% ਘੱਟ ਕੀਮਤ ‘ਤੇ ਮਿਲਦਾ ਹੈ। ਪਰ ਭਾਰਤ ਵਿੱਚ ਸ਼ਾਇਦ ਹੀ ਕੋਈ ਜੌਹਰੀ ਇਸ ਨਿਯਮ ਦੀ ਪਾਲਣਾ ਕਰਦਾ ਹੋਵੇਗਾ। ਸੰਸਾਰ ਵਿੱਚ ਇਸ ਵੇਲੇ 40 ਤੋਂ 45% ਗਹਿਣਿਆਂ ਵਿੱਚ ਸਿਥੈਟਿਕ ਹੀਰਿਆਂ ਦੀ ਵਰਤੋਂ ਹੁੰਦੀ ਹੈ। ਨੰਗੀ ਅੱਖ ਨਾਲ ਕੁਦਰਤੀ ਅਤੇ ਸਿੰਥੈਟਿਕ ਹੀਰਿਆਂ ਦਾ ਅੰਤਰ ਪਤਾ ਨਹੀਂ ਕੀਤਾ ਜਾ ਸਕਦਾ, ਸਿਰਫ ਖੁਰਦਬੀਨ ਰਾਹੀਂ ਵੇਖ ਕੇ ਹੀ ਕੋਈ ਮਾਹਰ ਜੌਹਰੀ ਇਸ ਬਾਰੇ ਦੱਸ ਸਕਦਾ ਹੈ। ਚੀਨ, ਅਮਰੀਕਾ, ਰੂਸ, ਜਪਾਨ ਅਤੇ ਸਵੀਡਨ ਆਦਿ ਇਸ ਵੇਲੇ ਸਿੰਥੈਟਿਕ ਹੀਰਿਆਂ ਦੇ ਸਭ ਤੋਂ ਵੱਡੇ ਉਤਪਾਦਕ ਹਨ। ਭਾਰਤ ਵੀ ਇਹਨਾਂ ਹੀਰਿਆਂ ਦਾ ਵੱਡਾ ਉਤਪਾਦਕ ਬਣਨ ਵੱਲ ਵਧ ਰਿਹਾ ਹੈ ਕਿਉਂਕਿ ਸੂਰਤ ਅਤੇ ਹੋਰ ਸ਼ਹਿਰਾਂ ਵਿੱਚ ਇਸ ਕੰਮ ਦੀਆਂ ਕਈ ਫੈਕਟਰੀਆਂ ਲੱਗੀਆਂ ਹੋਇਆਂ ਹਨ ਤੇ ਹੋਰ ਵੀ ਲੱਗ ਰਹੀਆਂ ਹਨ। ਯਾਦ ਰਹੇ ਸੂਰਤ ਵਿੱਚ ਵਿਸ਼ਵ ਦੇ 90% ਹੀਰੇ ਪਾਲਸ਼ ਕੀਤੇ ਜਾਂਦੇ ਹਨ। ਇਹਨਾਂ ਹੀਰਿਆਂ ਅਤੇ ਕੁਦਰਤੀ ਹੀਰਿਆਂ ਵਿੱਚ ਸਿਰਫ ਐਨਾ ਫਰਕ ਹੈ ਕਿ ਇਹਨਾਂ ਦੀ ਰੀਸੇਲ ਵੈਲਿਊ ਜ਼ੀਰੋ ਹੈ। ਜਦੋਂ ਕਦੇ ਜਰੂਰਤ ਪੈਣ ‘ਤੇ ਤੁਸੀਂ ਸਿੰਥੈਟਿਕ ਹੀਰਿਆਂ ਦੇ ਜੜਾਊ ਗਹਿਣੇ ਕਿਸੇ ਜੌਹਰੀ ਕੋਲ ਵੇਚਣ ਲਈ ਜਾਉਗੇ ਤਾਂ ਤੁਹਾਨੂੰ ਮਿੱਟੀ ਦੇ ਭਾਅ ਵੇਚਣੇ ਪੈਣਗੇ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਦੁੱਧ ਉਤਪਾਦਨ ਦਾ ਕੈਂਪ

ਸੱਥ ਵਿੱਚ ਬੈਠੇ ਜੱਗੂ ਨੇ ਸ਼ੇਰੇ ਹਲਵਾਈ ਨੂੰ ਅਵਾਜ਼ ਮਾਰ ਕੇ ਰੋਕ ਲਿਆ, “ਉਏ ਸ਼ੇਰਿਆ, ਕਿਧਰ ਨੂੰ ਸਕੂਟਰੀ ਉਡਾਈ ਜਾਨਾਂ ਆ? ਤੂੰ ਤਾਂ ਕਦੇ ਦੋ ਮਿੰਟ ਦੁਕਾਨ ਛੱਡ ਕੇ ਨਹੀਂ ਗਿਆ ਗਾਹਕੀ ਦੇ ਵੇਲੇ।”

ਸ਼ੇਰੇ ਨੇ ਸਕੂਟਰੀ ਨੂੰ ਬਰੇਕ ਮਾਰੀ ਤੇ ਲੱਤ ਲਗਾ ਕੇ ਬੋਲਿਆ, “ਆ ਹਰੀਪੁਰ ਦੁੱਧ ਉਤਪਾਦਨ ਦਾ ਕੈਂਪ ਲੱਗਣਾ ਆ ਅੱਜ। ਸ਼ਹਿਰੋਂ ਬੜੇ ਐਕਸਪਰਟ ਬੰਦੇ ਆ ਰਹੇ ਆ ਦੁੱਧ ਵਧਾਉਣ ਦੇ ਤਰੀਕੇ ਸਿਖਾਉਣ।” ਸੱਥ ਵਿੱਚ ਬੈਠੇ ਕੀਪੇ ਫੌਜੀ ਦੀਆਂ ਅੱਖਾਂ ਚੌੜੀਆਂ ਹੋ ਗਈਆਂ, “ਉਏ ਘਰ ਤਾਂ ਤੇਰੇ ਬੱਕਰੀ ਵੀ ਨਹੀਂ ਹੈਗੀ, ਤੂੰ ਮਾਮਾ ਕੀ ਕਰਨਾ ਦੁੱਧ ਬਾਰੇ ਸਿੱਖ ਕੇ?” ਸ਼ੇਰਾ ਹੱਸ ਕੇ ਬੋਲਿਆ, “ਉਏ ਤੂੰ ਵੀ ਫੌਜੀ ਦਾ ਫੌਜੀ ਰਹੇਂਗਾ ਸਾਰੀ ਉਮਰ। ਅਸਲੀ ਨਹੀਂ, ਨਕਲੀ ਦੁੱਧ ਬਣਾਉਣਾ ਸਿਖਾਉਣ ਬਾਰੇ ਕੈਂਪ ਲੱਗਣਾ ਆ। ਨਾਲੇ ਨਕਲੀ ਖੋਆ, ਨਕਲੀ ਪਨੀਰ, ਨਕਲੀ ਘਿਉ ਅਤੇ ਨਕਲੀ ਮੱਖਣ ਆਦਿ ਬਣਾਉਣ ਬਾਰੇ ਵੀ ਸਿਖਾਉਣਗੇ। ਜਿਹੜਾ ਮਟਰ ਪਨੀਰ ਤੇ ਸ਼ਾਹੀ ਪਨੀਰ ਤੂੰ ਵਿਆਹਾਂ ਵਿੱਚ ਪਲੇਟਾਂ ਭਰ ਭਰ ਕੇ ਅੰਦਰ ਸੁੱਟਦਾ ਆਂ ਨਾ, ਉਹ ਸਾਰਾ ਇਸੇ ਤਾਂ ਤਿਆਰ ਹੁੰਦਾ ਆ। ਕਿਹੜਾ ਐਵੇਂ ਮੱਝਾਂ ਦਾ ਗੋਹਾ ਮਿੱਧਦਾ ਫਿਰੇ।” ਉਸ ਦੀ ਗੱਲ ਸੁਣ ਕੇ ਪੰਜ ਛੇ ਹੋਰ ਬੰਦੇ ਵੀ ਕੈਂਪ ਵਿੱਚ ਟਰੇਨਿੰਗ ਲੈਣ ਲਈ ਤਿਆਰ ਹੋ ਗਏ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਬ੍ਰਿਧ ਆਸ਼ਰਮ

ਸ਼ਹਿਰ ਵਿੱਚ ਬਹੁਤ ਹੀ ਰਿੱਧੀਆਂ ਸਿੱਧੀਆਂ ਦਾ ਮਾਲਕ ਇੱਕ ਜੋਤਸ਼ੀ ਪਹੁੰਚਿਆ ਹੋਇਆ ਸੀ। ਉਸ ਬਾਰੇ ਪ੍ਰਸਿੱਧ ਸੀ ਕਿ ਉਸ ਦੀ ਜ਼ਬਾਨ ‘ਤੇ ਸਰਸਵਤੀ ਨਿਵਾਸ ਕਰਦੀ ਹੈ ਤੇ ਉਹ ਜੋ ਵੀ ਭਵਿੱਖਾਣੀ ਕਰਦਾ ਹੈ, 100% ਸਹੀ ਹੁੰਦੀ ਹੈ।

ਪੀ.ਡਬਲਿਊ.ਡੀ ਦਾ ਐਕਸੀਅਨ ਸ਼ਰਮਾ ਵੀ ਜੋਤਸ਼ੀ ਕੋਲ ਜਾ ਪਹੁੰਚਿਆ ਤੇ ਉਸ ਦੇ ਚਰਨਾਂ ਵਿੱਚ 501 ਰੁਪਏ ਦਾ ਮੱਥਾ ਟੇਕ ਕੇ ਆਪਣਾ ਸੱਜਾ ਹੱਥ ਅੱਗੇ ਵਧਾ ਦਿੱਤਾ, “ਮਹਾਰਾਜ, ਮੇਰੇ ਤੇ ਕ੍ਰਿਪਾ ਕਰੋ ਤੇ ਇਹ ਦੱਸੋ ਕਿ ਮੇਰੀ ਮੌਤ ਕਦੋਂ, ਕਿੱਥੇ ਅਤੇ ਕਿਹੜੀਆਂ ਹਾਲਤਾਂ ਵਿੱਚ ਹੋਵੇਗੀ?” ਜੋਤਸ਼ੀ ਨੇ ਉਸ ਦੀਆਂ ਹਸਤ ਰੇਖਾਵਾਂ ਵੇਖੀਆਂ, ਚੇਹਰੇ ਅਤੇ ਮੱਥੇ ਨੂੰ ਬਹੁਤ ਹੀ ਧਿਆਨ ਨਾਲ ਵਾਚਿਆ ਤੇ ਕਾਫੀ ਦੇਰ ਤੱਕ ਸਲੇਟ ‘ਤੇ ਕੁਝ ਲਿਖ ਕੇ ਜੋੜਦਾ ਘਟਾਉਂਦਾ ਰਿਹਾ। ਫਿਰ ਬਹੁਤ ਹੀ ਧੀਰ ਗੰਭੀਰ ਅਵਾਜ਼ ਵਿੱਚ ਬੋਲਿਆ, “ਸ਼ਰਮਾ ਜੀ, ਤੁਹਾਡੇ ਵਰਗੀਆਂ ਰੇਖਾਵਾਂ ਲੱਖਾਂ ਵਿੱਚ ਇੱਕ ਬੰਦੇ ਦੀਆਂ ਹੁੰਦੀਆਂ ਹਨ। ਮੈਂ ਬਹੁਤ ਸਾਲਾਂ ਬਾਅਦ ਕੁਦਰਤ ਦਾ ਅਜਿਹਾ ਕਰਿਸ਼ਮਾ ਵੇਖਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤੁਹਾਡੀ ਕਿਸਮਤ ਦੇ ਸਿਤਾਰੇ ਪੂਰੀ ਤਰਾਂ ਨਾਲ ਤੁਹਾਡੇ ਪਿਤਾ ਦੀ ਕਿਸਮਤ ‘ਤੇ ਨਿਰਭਰ ਹਨ। ਜਿੰਨੀ ਉਮਰ ਤੁਹਾਡੇ ਪਿਤਾ ਜੀ ਭੋਗਣਗੇ, ਉਨੀਂ ਹੀ ਤੁਸੀਂ ਭੋਗੋਗੇ। ਜਿਸ ਸਥਾਨ ਅਤੇ ਹਾਲਤ ਵਿੱਚ ਤੁਹਾਡੇ ਪਿਤਾ ਜੀ ਦੀ ਮੌਤ ਹੋਵੇਗੀ, ਉਸੇ ਸਥਾਨ ਅਤੇ ਹਾਲਤ ਵਿੱਚ ਤੁਹਾਡੀ ਮੌਤ ਹੋਵੇਗੀ।”

ਸੁਣ ਕੇ ਸ਼ਰਮੇ ਨੂੰ ਗਸ਼ ਪੈਣ ਵਾਲੀ ਹੋ ਗਈ। ਉਸ ਨੇ ਗੱਡੀ ਹਨੇਰੀ ਬਣਾ ਦਿੱਤੀ ਤੇ ਘੰਟੇ ਬਾਅਦ ਹੀ ਆਪਣੇ ਪਿਤਾ ਨੂੰ ਬ੍ਰਿਧ ਆਸ਼ਰਮ ਤੋਂ ਘਰ ਲੈ ਆਇਆ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਰੋਡਵੇਜ਼ ਵਿੱਚ ਕੰਡਕਟਰ

ਜਿਸ ਹਿਸਾਬ ਨਾਲ ਪਿਛਲੇ 10 – 15 ਸਾਲਾਂ ਤੋਂ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਪੰਜਾਬ ਰੋਡਵੇਜ਼ ਵਿੱਚ ਫਰੀ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿਸੇ ਦਿਨ ਕੰਡਕਟਰਾਂ ਦੀ ਜਰੂਰਤ ਹੀ ਨਹੀਂ ਰਹਿਣੀ। ਕਿਉਂਕਿ ਬੱਸ ਵਿੱਚ ਅਜਿਹੀ ਕੋਈ ਸਵਾਰੀ ਹੀ ਨਹੀਂ ਲੱਭਣੀ, ਜਿਸ ਦੀ ਟਿਕਟ ਕੱਟਣ ਦੀ ਜਰੂਰਤ ਹੋਵੇ। ਜਦੋਂ 1985 – 86 ਵਿੱਚ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਸ੍ਰੀ ਜੂਲੀਉ ਫਰਾਂਸਿਸ ਰਿਬੈਰੋ ਨੇ ਪੰਜਾਬ ਪੁਲਿਸ ਦਾ ਸਫਰ ਫਰੀ ਕੀਤਾ ਸੀ ਤਾਂ ਰੋਡਵੇਜ਼ ਮਹਿਕਮੇ ਨੇ ਬਹੁਤ ਦੁੱਖ ਮਨਾਇਆ ਸੀ। ਬੱਸਾਂ ਵਿੱਚ ਆਮ ਹੀ ਪੁਲਿਸ ਮੁਲਾਜ਼ਮਾਂ ਅਤੇ ਕੰਡਕਟਰਾਂ ਵਿੱਚ ਝੜਪਾਂ ਹੋ ਜਾਂਦੀਆਂ ਸਨ। ਪੁਲਿਸ ਮੁਲਾਜ਼ਮਾਂ ਨੂੰ ਟਾਇਰਾਂ ਦੇ ਉੱਪਰ ਵਾਲੀਆਂ ਤੇ ਸਭ ਤੋਂ ਪਿਛਲੀਆਂ ਸੀਟਾਂ ‘ਤੇ ਬੈਠਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਕਦੇ ਖਬਰ ਆ ਜਾਂਦੀ ਸੀ ਕਿ ਬੱਸ ਅੱਡੇ ਵਿੱਚ ਕੰਡਕਟਰਾਂ ਡਰਾਈਵਰਾਂ ਨੇ ਪੁਲਿਸ ਵਾਲੇ ਕੁੱਟ ਦਿੱਤੇ ਹਨ ਤੇ ਕਦੇ ਖਬਰ ਆ ਜਾਣੀ ਸੀ ਕਿ ਕੰਡਕਟਰ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਾਪਾ ਚਾੜ੍ਹੇ ਜਾਣ ਕਾਰਨ ਰੋਡਵੇਜ਼ ਵਾਲਿਆਂ ਨੇ ਫਲਾਣੀ ਸੜਕ ‘ਤੇ ਬੱਸਾਂ ਟੇਢੀਆਂ ਕਰ ਕੇ ਜਾਮ ਲਗਾ ਦਿੱਤਾ ਹੈ।

ਉਸ ਕਾਲੇ ਸਮੇਂ ਦੌਰਾਨ ਅੱਤਵਾਦੀ ਪੁਲਿਸ ਮੁਲਾਜ਼ਮਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਕਤਲ ਕਰ ਦਿੰਦੇ ਸਨ। 1990 ਵਿੱਚ ਮੈਂ ਏ.ਐਸ.ਆਈ. ਭਰਤੀ ਹੋਇਆ ਸੀ ਤੇ ਮੈਨੂੰ ਫਰੀਦਕੋਟ ਜਿਲ੍ਹਾ ਅਲਾਟ ਹੋਇਆ ਸੀ। ਅੰਮ੍ਰਿਤਸਰ ਤੋਂ ਰੱਬ ਰੱਬ ਕਰਦੇ ਮਸਾਂ ਹੀ ਫਰੀਦਕੋਟ ਪਹੁੰਚਦੇ ਸੀ। ਆਈਡੈਂਟੀ ਕਾਰਡ ਬਟੂਏ ਵਿੱਚੋਂ ਕੱਢ ਕੇ ਪੱਗ ਵਿੱਚ ਲੁਕਾਇਆ ਹੁੰਦਾ ਸੀ ਤੇ ਕਿਸੇ ਉੱਤਰਨ ਵਾਲੀ ਸਵਾਰੀ ਤੋਂ ਮੰਗ ਕੇ ਟਿਕਟ ਹੱਥ ਵਿੱਚ ਪਕੜੀ ਹੁੰਦੀ ਸੀ। ਕੰਡਕਟਰ ਨੇ ਜਦੋਂ ਟਿਕਟ ਬਾਰੇ ਪੁੱਛਣਾ ਤਾਂ ਉਸ ਦੇ ਕੰਨ ਲਾਗੇ ਮੂੰਹ ਲਿਜਾ ਕੇ ਬੜੀ ਹੌਲੀ ਜਿਹੀ ਫੁਸਫਸਾ ਕੇ ਮੁਲਾਜ਼ਮ ਸ਼ਬਦ ਬੋਲਣਾ ਤਾਂ ਜੋ ਕੋਈ ਹੋਰ ਨਾ ਸੁਣ ਲਵੇ। ਜਿਆਦਾਤਰ ਕੰਡਕਟਰ ਤਾਂ ਚੁੱਪ ਕਰ ਕੇ ਅੱਗੇ ਲੰਘ ਜਾਂਦੇ ਪਰ ਕਈ ਅੜ੍ਹਬ ਜਿਹੇ ਬੰਦੇ ਜਾਣ ਕੇ ਪੰਗਾ ਪਾ ਬੈਠਦੇ। ਜਾਣ ਬੁੱਝ ਕੇ ਆਈਡੈਂਟੀ ਕਾਰਡ ਵੇਖਦੇ ਤਾਂ ਜੋ ਸਭ ਨੂੰ ਪਤਾ ਲੱਗ ਜਾਵੇ ਕਿ ਇਹ ਪੁਲਿਸ ਵਾਲਾ ਹੈ।

ਇਹੋ ਜਿਹਾ ਇੱਕ ਅੜਬੰਗ ਕੰਡਕਟਰ ਸਾਨੂੰ ਸੰਨ 1991 ਵਿੱਚ ਪਟਿਆਲੇ ਤੋਂ ਸੰਗਰੂਰ ਆਉਂਦੇ ਸਮੇਂ ਟੱਕਰਿਆ ਸੀ। ਉਸ ਵੇਲੇ ਮੈਂ ਇੰਸਪੈਕਟਰ ਭਰਤੀ ਹੋ ਗਿਆ ਸੀ ਤੇ ਸੰਗਰੂਰ ਜਿਲ੍ਹਾ ਅਲਾਟ ਹੋਇਆ ਸੀ। ਉਸ ਦਿਨ ਮੈਂ ਤੇ ਤਿੰਨ ਪ੍ਰੋਬੇਸ਼ਨਰ ਏ.ਐਸ.ਆਈ. ਫਿਲਮ ਵੇਖ ਕੇ ਪਟਿਆਲੇ ਤੋਂ ਸੰਗਰੂਰ ਵਾਪਸ ਆ ਰਹੇ ਸੀ। ਪੁਲਿਸ ਲਾਈਨ ਵਿੱਚ ਪ੍ਰੋਬੇਸ਼ਨਰ ਅਫਸਰਾਂ ਵਾਸਤੇ ਜਰੂਰੀ ਏ, ਬੀ, ਸੀ, ਡੀ, ਕੋਰਸ ਚੱਲਣ ਕਾਰਨ ਅਸੀਂ ਤਕਰੀਬਨ ਵਿਹਲੇ ਹੀ ਹੁੰਦੇ ਸੀ। ਜਦੋਂ ਕੰਡਕਟਰ ਨੇ ਟਿਕਟ ਮੰਗੀ ਤਾਂ ਇੱਕ ਏ. ਐਸ. ਆਈ. ਨੇ ਹੌਲੀ ਜਿਹੀ ਉਸ ਨੂੰ ਦੱਸਿਆ ਕਿ ਅਸੀਂ ਸਾਰੇ ਜਣੇ ਮੁਲਾਜ਼ਮ ਹਾਂ। ਪਤਾ ਨਹੀਂ ਉਹ ਘਰੋਂ ਲੜ ਕੇ ਆਇਆ ਸੀ ਜਾਂ ਕੋਈ ਹੋਰ ਗੱਲ ਸੀ, ਉਹ ਉੱਚੀ ਉੱਚੀ ਬੋਲਣ ਲੱਗ ਪਿਆ, “ਡਰਦਾ ਕਿਉਂ ਆਂ? ਉੱਚੀ ਬੋਲ ਹਾਂ ਕਿ ਅਸੀਂ ਪੁਲਿਸ ਵਾਲੇ ਆਂ। ਚਲੋ ਅਡੰਟੀ ਕਾਰਡ ਵਿਖਾਉ।” ਅੱਗੋਂ ਏ.ਐਸ.ਆਈ. ਵੀ ਕੁਝ ਤੱਤੇ ਸੁਭਾਅ ਦਾ ਸੀ। ਉਸ ਨੇ ਕੰਡਕਟਰ ਨੂੰ ਕਹਿ ਦਿੱਤਾ ਕਿ ਬੱਸ ਕਿਹੜੀ ਤੇਰੇ ਪਿਉ ਦੀ ਹੈ, ਜਾ ਨਹੀਂ ਵਿਖਾਉਂਦੇ ਆਈਡੈਂਟੀ ਕਾਰਡ। ਤੂੰ ਤੂੰ ਮੈਂ ਮੈਂ ਹੋਣ ਲੱਗੀ ਤੇ ਜੇ ਕਿਤੇ ਕੁਝ ਸਿਆਣੇ ਮੁਸਾਫਰ ਵਿੱਚ ਨਾ ਪੈਂਦੇ ਤਾਂ ਗੱਲ ਜਰੂਰ ਹੀ ਹੱਥੋਪਾਈ ਤੱਕ ਪਹੁੰਚ ਜਾਣੀ ਸੀ।

ਜਦੋਂ ਮੈਂ ਏ.ਐਸ.ਆਈ ਸੀ ਤਾਂ ਇੱਕ ਵਾਰ ਮੁਫਤ ਦੇ ਸਫਰ ਦਾ ਫਾਇਦਾ ਉਠਾਉਣ ਲਈ ਅਸੀਂ 5-6 ਜਣਿਆਂ ਨੇ ਰਿਸ਼ੀਕੇਸ਼ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾ ਲਿਆ। ਅਸੀਂ ਰੋਡਵੇਜ਼ ਦੀਆਂ ਬੱਸਾਂ ਰਾਹੀਂ ਸਫਰ ਕਰਦੇ ਹੋਏ ਰਾਤ 11-12 ਵਜੇ ਹਰਦੁਵਾਰ ਪਹੁੰਚ ਗਏ। ਅਸੀਂ ਅਜੇ ਅਗਲੇਰੇ ਸਫਰ ਦੀ ਸਕੀਮ ਬਣਾ ਹੀ ਰਹੇ ਸੀ ਕਿ ਅੰਮ੍ਰਿਤਸਰ ਡੀਪੂ ਦੀ ਇੱਕ ਬੱਸ ਨਜ਼ਰੀਂ ਪਈ ਜਿਸ ਦੇ ਅੱਗੇ ਰਿਸ਼ੀਕੇਸ਼ ਦਾ ਬੋਰਡ ਲੱਗਾ ਹੋਇਆ ਸੀ। ਅਸੀਂ ਉੱਚੀ ਉੱਚੀ ਅਵਾਜ਼ਾਂ ਮਾਰ ਕੇ ਉਸ ਨੂੰ ਰੁਕਣ ਲਈ ਇਸ਼ਾਰੇ ਕਰਨ ਲੱਗੇ। ਚੱਲਦੀ ਬੱਸ ਵਿੱਚੋਂ ਹੀ ਕੰਡਕਟਰ ਦੇ ਪੁੱਛਣ ‘ਤੇ ਅਸੀਂ ਦੱਸ ਦਿੱਤਾ ਕਿ ਅਸੀਂ ਰਿਸ਼ੀਕੇਸ਼ ਜਾਣਾ ਹੈ। ਰਿਸ਼ੀਕੇਸ਼ ਦੀਆਂ ਇਕੱਠੀਆਂ 6 ਸਵਾਰੀਆਂ ਵੇਖ ਕੇ ਕੰਡਕਟਰ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸ ਨੇ ਸੀਟੀ ਮਾਰ ਕੇ ਬੱਸ ਰੁਕਵਾ ਦਿੱਤੀ ਤੇ ਅਸੀਂ ਭੱਜ ਕੇ ਪਿਛਲੀ ਬਾਰੀ ਥਾਣੀ ਵੜ ਕੇ ਸੀਟਾਂ ਮੱਲ ਕੇ ਬੈਠ ਗਏ। ਕੰਡਕਟਰ ਅੱਗਲੇ ਪਾਸੇ ਖੜਾ ਸੀ। ਉਸ ਨੇ ਸੋਚਿਆ ਹੋਵੇਗਾ ਕਿ ਰਾਹ ਦੀਆਂ ਸਵਾਰੀਆਂ ਦੀਆਂ ਛੋਟੀਆਂ ਮੋਟੀਆਂ ਟਿਕਟਾਂ ਬਾਅਦ ਵਿੱਚ ਕੱਟ ਲਵਾਂਗਾ, ਪਹਿਲਾਂ ਰਿਸ਼ੀਕੇਸ਼ ਵਾਲੀਆਂ ਅਸਾਮੀਆਂ ਸਾਂਭ ਲਵਾਂ। ਉਹ ਵਾਹੋ ਦਾਹੀ ਪਿੱਛੇ ਵੱਲ ਆਇਆ ਤੇ 6 ਟਿਕਟਾਂ ਗਿਣਦਾ ਹੋਇਆ ਬੋਲਿਆ ਕਿ ਕੱਢੋ ਐਨੇ ਪੈਸੇ। ਅਸੀਂ ਜਦੋਂ ਉਸ ਤੋਂ ਅੱਖਾਂ ਚੁਰਾ ਕੇ ਥੋੜੀ ਸ਼ਰਮਿੰਦਗੀ ਜਿਹੀ ਨਾਲ ਕਿਹਾ ਕਿ ਅਸੀਂ ਮੁਲਾਜ਼ਮ ਹਾਂ ਤਾਂ ਉਹ ਧੜੰਮ ਕਰ ਕੇ ਇੱਕ ਖਾਲੀ ਸੀਟ ‘ਤੇ ਬੈਠ ਗਿਆ। ਕੁਝ ਦੇਰ ਵਿੱਚ ਸਾਹ ਦਰੁੱਸਤ ਕੀਤਾ ਤੇ ਸੜ ਬਲ ਕੇ ਬੋਲਿਆ, “ਮੈਨੂੰ ਇਹ ਤਾਂ ਦੱਸੋ ਕਿ ਅੱਧੀ ਰਾਤ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਯੂ.ਪੀ. ਵਿੱਚ ਕੀ ਕਰਦੇ ਫਿਰਦੇ ਹਨ?” ਅਸੀਂ ਢੀਠਾਂ ਵਾਂਗ ਹੱਸ ਕੇ ਗੱਲ ਟਾਲ ਦਿੱਤੀ।

ਪਰ ਹੁਣ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਬਹੁਤ ਪਿੱਛੇ ਰਹਿ ਗਈ ਹੈ ਕਿਉਂਕਿ ਹੋਰ ਬਹੁਤ ਸਾਰੇ ਨਵੇਂ ਪਲੇਅਰ ਮੈਦਾਨ ਵਿੱਚ ਆ ਗਏ ਹਨ। ਪੰਜਾਬ ਸਰਕਾਰ ਦੀ ਵੈੱਬਸਾਈਟ ‘ਤੇ ਪੁਲਿਸ ਤੋਂ ਇਲਾਵਾ ਐਮ.ਪੀ., ਐਮ.ਐਲ.ਏ., ਜੇਲ੍ਹ ਕਰਮਚਾਰੀ, ਸੁਤੰਤਰਤਾ ਸੈਨਾਨੀ, ਪੱਤਰਕਾਰ, ਕੈਂਸਰ ਦੇ ਮਰੀਜ਼, ਨੇਤਰਹੀਣ, ਵਿਦਿਆਰਥੀ ਅਤੇ ਅੱਤਵਾਦ ਪੀੜਤ ਆਦਿ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ। ਪਰ ਜਿਸ ਵਰਗ ਨੇ ਰੋਡਵੇਜ਼ ਦਾ ਸਭ ਤੋਂ ਵੱਧ ਧੂੰਆਂ ਕੱਢਿਆ ਹੈ, ਉਹ ਹੈ ਔਰਤਾਂ ਦੀ ਟਿਕਟ ਦਾ ਫਰੀ ਹੋਣਾ। ਇਸ ਸਬੰਧੀ ਕਈ ਤਰਾਂ ਦੀਆਂ ਦਿਲਚਸਪ ਵੀਡੀਉ ਕਲਿੱਪ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੱਕ ਕਲਿੱਪ ਵਿੱਚ ਅਧਾਰ ਕਾਰਡ ਮੰਗਣ ‘ਤੇ ਇੱਕ ਔਰਤ ਕੰਡਕਟਰ ਨੂੰ ਸੌ ਕਿੱਲਿਆਂ ਦੀ ਮਾਲਕ ਹੋਣ ਤੇ ਪਰਸ ਵਿੱਚ ਪਿਸਤੌਲ ਹੋਣ ਦੀ ਧਮਕੀ ਦੇ ਰਹੀ ਸੀ। ਇੱਕ ਕਲਿੱਪ ਵਿੱਚ ਕੁਝ ਔਰਤਾਂ ਸੀਟਾਂ ‘ਤੇ ਕਬਜ਼ਾ ਕਰਨ ਲਈ ਆਪਸ ਵਿੱਚ ਥੱਪੜੋ ਥੱਪੜੀ ਹੋ ਰਹੀਆਂ ਸਨ। ਸਭ ਤੋਂ ਸ਼ਰਮਨਾਕ ਕਲਿੱਪ ਉਹ ਹੈ ਜਿਸ ਵਿੱਚ ਇੱਕ ਔਰਤ ਆਪਣੇ ਪਤੀ ਵੱਲੋਂ ਗਲਤੀ ਨਾਲ ਉਸ ਦੀ ਟਿਕਟ ਕਟਾ ਲੈਣ ‘ਤੇ ਜੁਲਾਈ ਮਹੀਨੇ ਦੀ ਵਰ੍ਹਦੀ ਅੱਗ ਵਿੱਚ ਬੱਸ ਦੇ ਅੱਗੇ ਲੇਟ ਗਈ ਸੀ। ਆਖਰ ਵਿਚਾਰੇ ਕੰਡਕਟਰ ਨੂੰ ਪੱਲਿਉਂ 20 ਰੁਪਏ ਮੋੜਨੇ ਪਏ ਸਨ।

ਪਹਿਲਾਂ ਤਾਂ ਕੰਡਕਟਰ ਪੁਲਿਸ ਵਾਲਿਆਂ ਨਾਲ ਖਹਿਬੜ ਪੈਂਦੇ ਸਨ ਤੇ ਕਈ ਵਾਰ ਹੱਥੋਪਾਈ ਵੀ ਹੋ ਜਾਂਦੇ ਸਨ, ਪਰ ਹੁਣ ਉਹ ਔਰਤਾਂ ਨਾਲ ਬਦਕਲਾਮੀ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ। ਪਹਿਲਾਂ ਕੰਡਕਟਰ ਸਫਰ ਦਾ ਜਿਆਦਾਤਰ ਸਮਾਂ ਟਿਕਟਾਂ ਹੀ ਕੱਟਦੇ ਰਹਿੰਦੇ ਸਨ, ਦੋ ਚੜ੍ਹ ਗਏ ਤੇ ਚਾਰ ਉੱਤਰ ਗਏ। ਪਰ ਹੁਣ ਦਸ ਮਿੰਟਾਂ ਵਿੱਚ ਵਿਹਲੇ ਹੋ ਕੇ ਇੰਜਣ ‘ਤੇ ਬੈਠ ਕੇ ਡਰਾਇਵਰ ਨਾਲ ਗੱਪਾਂ ਮਾਰਨ ਲੱਗ ਜਾਂਦੇ ਹਨ। ਪ੍ਰਾਈਵੇਟ ਬੱਸਾਂ ਵਿੱਚ ਤਾਂ ਸਵਾਰੀਆਂ ਬੈਠਣੀਆਂ ਹੀ ਬੰਦ ਹੋ ਗਈਆਂ ਸਨ। ਪਰ ਹੁਣ ਉਹਨਾਂ ਨੇ ਵੀ ਇੱਕ ਨਾਲ ਇੱਕ ਫਰੀ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਹੈ। ਜੇ ਕਿਤੇ ਕੋਈ ਔਰਤ ਅਤੇ ਮਰਦ ਇਕੱਠੇ ਜਾ ਰਹੇ ਹੋਣ ਤਾਂ ਉਹ ਔਰਤ ਦੀ ਟਿਕਟ ਮਾਫ ਕਰ ਕੇ ਸਿਰਫ ਮਰਦ ਦੀ ਟਿਕਟ ਕੱਟਣ ਦੀ ਆਫਰ ਦੇ ਰਹੇ ਹਨ ਕਿ ਚਲੋ ਖਾਲੀ ਤਾਂ ਨਹੀਂ ਜਾਵਾਂਗੇ, ਜੋ ਖੱਟਿਆ ਸੋ ਵੱਟਿਆ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062

ਇਨ੍ਹਾਂ ਦੇ ਘਰ ਉਹ ਨਹੀਂ ਹੈਗੇ

ਇੱਕ ਵਿਅਕਤੀ ਆਪਣੀ ਲੜਕੀ ਲਈ ਲੜਕਾ ਵੇਖਣ ਵਾਸਤੇ ਕਿਸੇ ਪਿੰਡ ਗਿਆ। ਉਸ ਦੇ ਨਾਲ ਉਸ ਦਾ ਲੜਕਾ ਅਤੇ ਇੱਕ ਰਿਸ਼ਤੇਦਾਰ ਵੀ ਸੀ। ਜਦੋਂ ਉਹ ਲੜਕੇ ਵਾਲਿਆਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਲੜਕੇ ਵਾਲਿਆਂ ਦੀ ਆਰਥਿਕ ਹਾਲਤ ਕੁਝ ਪਤਲੀ ਹੈ। ਆਸੇ ਪਾਸੇ ਵੇਖ ਕੇ ਲੜਕੀ ਦਾ ਭਰਾ ਆਪਣੇ ਪਿਉ ਨੂੰ ਕਹਿਣ ਲੱਗਾ, “ਬਾਪੂ, ਇਨ੍ਹਾਂ ਦੇ ਘਰ ਤਾਂ ਉਹ ਵੀ ਨਹੀਂ ਹੈਗੇ।” ਲੜਕੀ ਦਾ ਬਾਪ ਗੱਲ ਸਮਝ ਗਿਆ। ਉਸ ਨੇ ਗੱਲ ਦਾ ਜਵਾਬ ਉਸੇ ਤਰੀਕੇ ਨਾਲ ਦਿੱਤਾ, “ਪੁੱਤਰਾ, ਉਹ ਹੋਣਗੇ ਤਾਂ ਹੀ ਉਹ ਹੋਣਗੇ।” ਉਨ੍ਹਾਂ ਰਿਸ਼ਤੇ ਤੋਂ ਜਵਾਬ ਦੇ ਦਿੱਤਾ ਤੇ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ। ਉਨ੍ਹਾਂ ਨਾਲ ਆਏ ਰਿਸ਼ਤੇਦਾਰ ਨੂੰ ਇਹ ਕੋਡ ਵਰਡ ਸਮਝ ਨਾ ਆਏ। ਜਦੋਂ ਰਸਤੇ ਵਿੱਚ ਉਹ ਇੱਕ ਦਰਖਤ ਹੇਠ ਕੁਝ ਦੇਰ ਅਰਾਮ ਕਰਨ ਬੈਠੇ ਤਾਂ ਉਸ ਨੇ ਭੌਂਚੱਕਾ ਜਿਹਾ ਹੋ ਕੇ ਪੁੱਛਿਆ, “ਭਰਾ ਇਹ ਕੀ ਰਮਜ਼ਾਂ ਨੇ। ਇਹ ਨਹੀਂ ਹੈਗੇ, ਉਹ ਨਹੀਂ ਹੈਗੇ। ਕੁਝ ਮੇਰੇ ਵੀ ਪੱਲੇ ਪਾ ਦਿਉ।” ਲੜਕੀ ਦੇ ਪਿਉ ਨੇ ਹੱਸ ਕੇ ਕਿਹਾ, “ਉਨ੍ਹਾਂ ਦੇ ਘਰ ਦੀ ਖਸਤਾ ਹਾਲਤ ਵੇਖ ਕੇ ਮੇਰੇ ਬੇਟੇ ਨੇ ਮੈਨੂੰ ਕਿਹਾ ਕਿ ਇਨ੍ਹਾਂ ਦੇ ਘਰ ਤਾਂ ਚੂਹੇ ਵੀ ਨਹੀਂ ਹੈਗੇ। ਮੈਂ ਉਸ ਦਾ ਜਵਾਬ ਦਿੱਤਾ ਕਿ ਜੇ ਇਨ੍ਹਾਂ ਨੰਗਾਂ ਦੇ ਘਰ ਦਾਣੇ ਹੋਣਗੇ ਤਾਂ ਹੀ ਚੂਹੇ ਹੋਣਗੇ।” ਰਿਸ਼ਤੇਦਾਰ ਦੀ ਸ਼ੰਕਾ ਦੂਰ ਹੋ ਗਈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਬੇਅਣਖੇ

ਝਬਾਲ ਪਿੰਡ ਦਾ ਸ਼ੰਕਰ ਸਿੰਘ ਵਿਚੋਲੇ ਨਰਾਇਣ ਸਿੰਘ ਦੇ ਨਾਲ ਆਪਣੀ ਲੜਕੀ ਵਾਸਤੇ ਰਿਸ਼ਤਾ ਵੇਖਣ ਲਈ ਵਲਟੋਹੇ ਪਿੰਡ ਦੇ ਵੀਰਾ ਸਿੰਘ ਦੇ ਘਰ ਪਹੁੰਚਿਆ। ਵੀਰਾ ਸਿੰਘ ਨੇ ਉਨ੍ਹਾਂ ਦਾ ਚੰਗਾ ਆਦਰ ਸਤਿਕਾਰ ਕੀਤਾ। ਚੰਗਾ ਖਾਂਦਾ ਪੀਂਦਾ ਘਰ ਸੀ ਤੇ ਮੁੰਡਾ ਵੀ ਸੋਹਣਾ ਸੀ, ਉਸ ਨੇ ਰਿਸ਼ਤਾ ਪੱਕਾ ਕਰ ਦਿੱਤਾ। ਅਜੇ ਉਹ ਮੁੰਡੇ ਨੂੰ ਸ਼ਗਨ ਦਾ ਰੁਪਈਆ ਫੜਾਉਣ ਹੀ ਲੱਗਾ ਸੀ ਕਿ ਬਾਹਰੋਂ ਵੀਰਾ ਸਿੰਘ ਦੀ ਲੜਕੀ ਰੋਂਦੀ ਕੁਰਲਾਉਂਦੀ ਹੋਈ ਘਰ ਆਣ ਵੜੀ। ਵੀਰਾ ਸਿੰਘ ਨੇ ਕਾਰਨ ਪੁੱਛਿਆ ਤਾਂ ਲੜਕੀ ਨੇ ਦੱਸਿਆ, “ਅੱਜ ਜਦੋਂ ਮੈਂ ਕਾਲਜ ਤੋਂ ਘਰ ਆ ਰਹੀ ਸੀ ਤਾਂ ਫਿਰ ਮੈਨੂੰ ਮਿੱਟੀ ਖਾਣਿਆ ਦੇ ਬਦਮਾਸ਼ ਮੁੰਡੇ ਕਾਲੇ ਨੇ ਗਲੀ ਵਿੱਚ ਘੇਰ ਕੇ ਬਦਤਮੀਜ਼ੀ ਕੀਤੀ ਹੈ। ਬਹੁਤ ਮੁਸ਼ਕਿਲ ਨਾਲ ਇੱਜ਼ਤ ਬਚਾ ਕੇ ਘਰ ਆਈ ਹਾਂ।” ਇਹ ਗੱਲ ਸੁਣ ਕੇ ਵੀਰਾ ਸਿੰਘ ਤੇ ਉਸ ਦੇ ਲੜਕੇ ਨੇ ਕੋਈ ਖਾਸ ਪ੍ਰਤੀਕਿਰਿਆ ਨਾ ਕੀਤੀ, ਸਗੋਂ ਉਲਟਾ ਆਪਣੀ ਲੜਕੀ ਨੂੰ ਝਿੜ੍ਹਕਣ ਲੱਗੇ ਕਿ ਉਹ ਦੂਸਰੇ ਰਸਤੇ ਤੋਂ ਕਾਲਜ ਕਿਉਂ ਨਹੀਂ ਜਾਂਦੀ।

ਇਹ ਤਮਾਸ਼ਾ ਵੇਖ ਕੇ ਸ਼ੰਕਰ ਸਿੰਘ ਨੇ ਰਿਸ਼ਤਾ ਕਰਨ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਾਰ ਨੂੰ ਸੈਲਫ ਮਾਰ ਕੇ ਝਬਾਲ ਦੇ ਰਾਹ ਪੈ ਗਿਆ। ਹੈਰਾਨ ਪਰੇਸ਼ਾਨ ਵਿਚੋਲੇ ਨੇ ਸ਼ੰਕਰ ਸਿੰਘ ਨੂੰ ਪੁੱਛਿਆ “ਇਹੋ ਜਿਹੀ ਕਿਹੜੀ ਗੱਲ ਹੋ ਗਈ ਕਿ ਤੂੰ ਐਨਾ ਵਧੀਆ ਰਿਸ਼ਤਾ ਛੱਡ ਕੇ ਤੁਰ ਪਿਆ ਹੈਂ?” ਸ਼ੰਕਰ ਸਿੰਘ ਨੇ ਗੱਡੀ ਸਾਈਡ ‘ਤੇ ਲਗਾ ਕੇ ਜਵਾਬ ਦਿੱਤਾ, “ਮੈਂ ਇਹੋ ਜਿਹੇ ਬੇਗੈਰਤ ਬੰਦਿਆਂ ਦੇ ਘਰ ਆਪਣੀ ਬੇਟੀ ਦਾ ਰਿਸ਼ਤਾ ਨਹੀਂ ਕਰ ਸਕਦਾ। ਤੂੰ ਵੇਖਿਆ ਨਹੀਂ, ਲੜਕੀ ਨਾਲ ਐਨੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਕਿਵੇਂ ਨਾਮਰਦਾਂ ਵਾਂਗ ਬੈਠੇ ਰਹੇ। ਰੱਬ ਨਾ ਕਰੇ ਜੇ ਇਥੇ ਵਿਆਹੁਣ ਤੋਂ ਬਾਅਦ ਮੇਰੀ ਲੜਕੀ ਨਾਲ ਕੋਈ ਅਜਿਹੀ ਹਬੀ ਨਬੀ ਹੋ ਗਈ, ਇਹਨਾ ਨੇ ਤਾਂ ਸਾਰੀ ਬੇਇੱਜ਼ਤੀ ਪਾਣੀ ਵਾਂਗ ਪੀ ਜਾਣੀ ਹੈ।” ਵਿਚੋਲੇ ਦੀਆਂ ਅੱਖਾਂ ਖੁਲ੍ਹ ਗਈਆਂ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਤੁਸੀਂ ਕਿਉਂ ਨਹੀਂ ਮਰਦੇ ?

ਭਾਰਤੀ ਸਮਾਜ ਵਿੱਚ ਔਰਤ ਹੋਣਾ ਇੱਕ ਗੁਨਾਹ ਹੈ ਤੇ ਅਨਪੜ੍ਹ ਅਤੇ ਰੂੜੀਵਾਦੀ ਪਰਿਵਾਰਾਂ ਵਿੱਚ ਪੈਦਾ ਹੋਣਾ ਹੋਰ ਵੀ ਵੱਡਾ ਗੁਨਾਹ ਹੈ। ਅਜਿਹੇ ਪਰਿਵਾਰਾਂ ਵਾਲੇ ਲੜਕੀ ਨੂੰ ਜਿਸ ਵੀ ਅਨਪੜ੍ਹ, ਲੰਗੜੇ, ਲੂਲੇ, ਨਖੱਟੂ ਅਤੇ ਨਸ਼ਈ ਵਿਸ਼ਈ ਦੇ ਲੜ ਲਗਾ ਦੇਣ, ਉਸ ਦੇ ਨਾਲ ਹੀ ਇਹ ਸੋਚ ਕੇ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ ਕਿ ਸਮਾਜ ਕੀ ਕਹੇਗਾ? ਪਰਿਵਾਰ ਵਾਲੇ ਵੀ ਡੋਲੀ ਤੋਰਨ ਲੱਗਿਆਂ ਸਦੀਆਂ ਪੁਰਾਣੀ ਸੜੀ ਗਲੀ ਮੱਤ ਜਰੂਰ ਦੇਣਗੇ, “ਪੁੱਤਰ ਹੁਣ ਉਸ ਘਰ ‘ਚੋਂ ਤੇਰੀ ਅਰਥੀ ਹੀ ਨਿਕਲਣੀ ਚਾਹੀਦੀ ਹੈ।” ਸਭ ਤੋਂ ਘਟੀਆ ਕਰਤੂਤ ਉਹ ਲੋਕ ਕਰਦੇ ਹਨ ਜੋ ਆਪਣੇ ਵਿਗੜੇ ਹੋਏ ਲੜਕੇ ਦੀ ਸ਼ਾਦੀ ਸਿਰਫ ਇਸ ਲਈ ਕਰ ਦਿੰਦੇ ਹਨ ਕਿ ਵਿਆਹ ਤੋਂ ਬਾਅਦ ਸ਼ਾਇਦ ਇਹ ਸੁਧਰ ਜਾਵੇਗਾ। ਜਿਸ ਮੁਸ਼ਟੰਡੇ ਨੂੰ ਸਾਰਾ ਪਰਿਵਾਰ ਨਹੀਂ ਸੁਧਾਰ ਸਕਿਆ, ਉਸ ਨੂੰ ਇੱਕ ਅਬਲਾ ਨਾਰੀ ਕਿਵੇਂ ਸੁਧਾਰ ਸਕਦੀ ਹੈ ? ਪੰਜਾਬ ਵਿੱਚ ਇਸ ਵੇਲੇ ਸਭ ਤੋਂ ਬੁਰੀ ਹਾਲਤ ਚਿੱਟਾ, ਮੈਡੀਕਲ ਨਸ਼ਾ ਅਤੇ ਸਮੈਕ ਆਦਿ ਦੀ ਵਰਤੋਂ ਕਰਨ ਵਾਲੇ ਨਸ਼ੱਈਆਂ ਦੇ ਪਰਿਵਾਰਾਂ ਦੀ ਹੈ। ਨਸ਼ੱਈ ਨੂੰ ਨਸ਼ੇ ਦੀ ਪੂਰਤੀ ਕਰਨ ਵਾਸਤੇ ਰੋਜ਼ਾਨਾ ਘੱਟੋ ਘੱਟ ਪੰਜ ਸੱਤ ਸੌ ਰੁਪਏ ਚਾਹੀਦੇ ਹੁੰਦੇ ਹਨ। ਕੰਮ ਕਾਰ ਤਾਂ ਉਹ ਕੁਝ ਕਰਦੇ ਨਹੀਂ, ਇਸ ਲਈ ਜਾਂ ਤਾਂ ਚੋਰੀ, ਚਕਾਰੀ, ਲੁੱਟ, ਖੋਹ ਕਰ ਕੇ ਪੈਸੇ ਦਾ ਇੰਤਜ਼ਾਮ ਕਰਦੇ ਹਨ ਤੇ ਜਾਂ ਫਿਰ ਘਰ ਦੇ ਭਾਂਡੇ ਵੇਚ ਕੇ ਨਸ਼ੇ ਦੀ ਪੂਰਤੀ ਕਰਦੇ ਹਨ। ਉਹਨਾਂ ਦਾ ਸਭ ਤੋਂ ਅਸਾਨ ਸ਼ਿਕਾਰ ਪਤਨੀਆਂ ਬਣਦੀਆਂ ਹਨ ਜੋ ਦਿਨ ਰਾਤ ਹੱਡ ਤੋੜ ਮਿਹਨਤ ਕਰ ਕੇ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ। ਘਰ ਵਿੱਚ ਰੋਟੀ ਪੱਕੇ ਜਾਂ ਨਾ, ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਦਿੱਤੀਆਂ ਜਾਣ ਜਾਂ ਨਾ, ਨਸ਼ੱਈਆਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ।

ਸਭ ਤੋਂ ਬੁਰੀ ਹਾਲਤ ਇਹਨਾਂ ਨਿਮਾਣੀਆਂ ਦੀ ਉਦੋਂ ਹੁੰਦੀ ਹੈ ਜਦੋਂ ਨਸ਼ੱਈ ਪਤੀ ਥੋੜ੍ਹੇ ਬਹੁਤੇ ਚਿੱਟੇ – ਸਮੈਕ ਨਾਲ ਪੁਲਿਸ ਦੇ ਅੜਿੱਕੇ ਚੜ੍ਹ ਜਾਂਦਾ ਹੈ। ਬੱਚੇ ਕੱਛੇ ਮਾਰੀ ਪੁਲਿਸ ਵਾਲਿਆਂ ਤੇ ਵਕੀਲਾਂ ਦੇ ਤਰਲੇ ਕੱਢਦੀਆਂ ਨੂੰ ਵੇਖ ਕੇ ਤਰਸ ਆਉਂਦਾ ਹੈ। ਪਤਾ ਨਹੀਂ ਕਿੱਥੋਂ ਵਿਆਜ਼ੀ ਪੈਸੇ ਫੜ੍ਹ ਕੇ ਇਹਨਾਂ ਨਖੱਟੂਆਂ ਦੀਆਂ ਜ਼ਮਾਨਤਾਂ ਭਰਦੀਆਂ ਹਨ? ਡੇਢ ਦੋ ਸਾਲ ਪੁਰਾਣੀ ਗੱਲ ਹੈ ਕਿ ਮੈਂ ਇੱਕ ਜਿਲ੍ਹੇ ਵਿੱਚ ਐਸ.ਪੀ. ਡਿਟੈਕਟਿਵ ਲੱਗੇ ਆਪਣੇ ਦੋਸਤ ਨੂੰ ਕਿਸੇ ਕੰਮ ਲਈ ਮਿਲਣ ਵਾਸਤੇ ਗਿਆ। ਉਹ ਅੱਗੋਂ ਇੱਕ ਸ਼ਹਿਰੀ ਥਾਣੇ ਦੀ ਇੰਸਪੈਕਸ਼ਨ ਕਰਨ ਲਈ ਗਿਆ ਹੋਇਆ ਸੀ ਤੇ ਉਸ ਨੇ ਮੈਨੂੰ ਉਥੇ ਹੀ ਆਉਣ ਲਈ ਕਹਿ ਦਿੱਤਾ। ਉਥੇ ਪਹੁੰਚ ਕੇ ਮੈਂ ਇੱਕ ਅਜੀਬ ਤਰਾਂ ਦਾ ਵਾਕਿਆ ਵੇਖਿਆ। ਪੁਲਿਸ ਵਾਲਿਆਂ ਨੇ ਇੱਕ ਬੰਦੇ ਦੇ ਖਿਲਾਫ 50 60 ਗ੍ਰਾਮ ਸਮੈਕ ਬਰਾਮਦਗੀ ਦਾ ਮੁਕੱਦਮਾ ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ। ਉਸ ਦਿਨ ਦੋ ਢਾਈ ਵਜੇ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕਰਨਾ ਸੀ ਪਰ ਉਹ ਬੰਦਾ ਸਿਰੇ ਦਾ ਅਮਲੀ ਸੀ। ਗ੍ਰਿਫਤਾਰੀ ਤੋਂ ਬਾਅਦ ਸਮੈਕ ਨਾ ਮਿਲਣ ਕਾਰਨ ਉਸ ਦੀ ਹਾਲਤ ਖਰਾਬ ਹੋਈ ਪਈ ਸੀ ਤੇ ਡਾਕਟਰ ਦੀ ਦਵਾਈ ਕੋਈ ਬਹੁਤਾ ਅਸਰ ਨਹੀਂ ਸੀ ਕਰ ਰਹੀ।

ਉਸ ਦੀ ਪਤਨੀ ਦੋ ਛੋਟੇ ਜਿਹੇ ਬੱਚਿਆਂ ਨੂੰ ਉਂਗਲ ਲਾਈ ਐਸ.ਐਚ.ਉ. ਦੇ ਤਰਲੇ ਕੱਢ ਰਹੀ ਸੀ ਕਿ ਇਸ ਨੂੰ ਸਮੈਕ ਦਿੱਤੀ ਜਾਵੇ। ਜਦੋਂ ਐਸ.ਐਚ.ਉ. ਨੇ ਥਾਣੇ ਵਿੱਚ ਸਮੈਕ ਨਾ ਹੋਣ ਬਾਰੇ ਦੱਸਿਆ ਤਾਂ ਉਹ ਪਤਾ ਨਹੀਂ ਕਿੱਥੋਂ ਦੋ ਪੁੜੀਆਂ ਲੈ ਆਈ। ਉਸ ਨੇ ਤਰਲਾ ਮਾਰਿਆ ਕਿ ਰੱਬ ਦੇ ਵਾਸਤੇ ਇਸ ਨੂੰ ਸਮੈਕ ਪੀ ਲੈਣ ਦਿਉ, ਨਹੀਂ ਤਾਂ ਇਹ ਮਰ ਜਾਵੇਗਾ। ਮੇਰੇ ਛੋਟੇ ਛੋਟੇ ਬੱਚਿਆਂ ‘ਤੇ ਤਰਸ ਕਰੋ। ਉਹ ਨਸ਼ੱਈ ਪੱਕਾ ਬਦਮਾਸ਼ ਸੀ ਤੇ ਪਹਿਲਾਂ ਵੀ ਸਮੈਕ ਵੇਚਣ ਦੇ ਦੋਸ਼ ਹੇਠ ਕਈ ਵਾਰ ਜੇਲ੍ਹ ਜਾ ਚੁੱਕਾ ਸੀ। ਇਸ ਤੋਂ ਇਲਾਵਾ ਇੱਕ ਦਿਨ ਪਹਿਲਾਂ ਹੋਈ ਕਰਾਈਮ ਮੀਟਿੰਗ ਵਿੱਚ ਐਸ.ਐਸ.ਪੀ. ਨੇ ਉਸ ਐਸ.ਐਚ.ਉ. ਦੀ ਥਾਣੇ ਦੇ ਇਲਾਕੇ ਵਿੱਚ ਨਸ਼ਾ ਵਿਕਣ ਦੀ ਸ਼ਿਕਾਇਤ ਮਿਲਣ ਕਾਰਨ ਸਭ ਦੇ ਸਾਹਮਣੇ ਰੱਜ ਕੇ ਬੇਇੱਜ਼ਤੀ ਕੀਤੀ ਸੀ ਤੇ ਲਾਈਨ ਹਾਜ਼ਰ ਕਰਨ ਦੀ ਧਮਕੀ ਦਿੱਤੀ ਸੀ। ਇਸ ਲਈ ਉਸ ਨੇ ਖਿਝ੍ਹ ਕੇ ਔਰਤ ਨੂੰ ਕਿਹਾ, “ਇਹ ਮਰਦਾ ਹੈ ਤਾਂ ਮਰ ਜੇ, ਲਹਿਜੇ ਸਾਡੇ ਗਲੋਂ। ਇਹੋ ਜਿਹੇ ਗੰਦੇ ਬੰਦਿਆਂ ਕਾਰਨ ਹੀ ਸਾਡੀ ਬਿਨਾਂ ਵਜ੍ਹਾ ਕੁੱਤੇਖਾਣੀ ਹੁੰਦੀ ਹੈ।”

ਆਪਣੇ ਪਤੀ ਦੇ ਮਰਨ ਦੀ ਗਾਲ੍ਹ ਸੁਣ ਕੇ ਉਸ ਔਰਤ ਦਾ ਲਹਿਜ਼ਾ ਇੱਕ ਦਮ ਬਦਲ ਗਿਆ। ਚਾਹੇ ਉਸ ਦਾ ਪਤੀ ਵੱਡਾ ਸਮੈਕੀਆ ਸੀ ਤੇ ਸ਼ਾਇਦ ਉਸ ਦੀ ਕੁੱਟ ਮਾਰ ਵੀ ਕਰਦਾ ਹੋਵੇਗਾ, ਪਰ ਉਹ ਇਹ ਬਰਦਾਸ਼ਤ ਨਾ ਕਰ ਸਕੀ ਕਿ ਕੋਈ ਉਸ ਨੂੰ ਮਰਨ ਦੀ ਬੱਦਦੁਆ ਦੇਵੇ। ਉਸ ਦੇ ਅੰਦਰਲੀ ਪਤਨੀ ਜਾਗ ਉੱਠੀ ਤੇ ਉਹ ਚੰਡੀ ਬਣ ਕੇ ਐਸ.ਐਚ.ਉ. ਨੂੰ ਪੈ ਗਈ, “ਇਹ ਕਿਉਂ ਮਰੇ ਮੇਰੇ ਬੱਚਿਆਂ ਦਾ ਪਿਉ? ਉਹ ਵੱਡੇ ਬਲੈਕੀਏ ਕਿਉਂ ਨਾ ਮਰਨ, ਜਿਹੜੇ ਇਹੋ ਜਿਹਿਆਂ ਨੂੰ ਚਾਟ ‘ਤੇ ਲਾਉਂਦੇ ਹਨ। ਉਹ ਲੀਡਰ ਕਿਉਂ ਨਾ ਮਰਨ, ਜਿਹਨਾਂ ਦੀ ਮਰਜ਼ੀ ਨਾਲ ਇਹ ਧੰਦਾ ਚੱਲਦਾ ਹੈ। ਮੈਂ ਕਹਿਨੀ ਆਂ ਤੁਸੀਂ ਕਿਉਂ ਨਹੀਂ ਮਰਦੇ ਸਾਰੇ, ਜਿਹੜੇ ਸਾਡੇ ਵਰਗੇ ਗਰੀਬਾਂ ਨੂੰ ਫੜ੍ਹ ਕੇ ਖਾਨਾਪੂਰਤੀ ਕਰੀ ਜਾਂਦੇ ਹੋ।” ਉੱਚੀ ਉੱਚੀ ਬੋਲਦੀ ਹੋਈ ਉਹ ਔਰਤ ਹਫਣ ਲੱਗ ਪਈ। ਜੇ ਉਸ ਨੂੰ ਇੱਕ ਸਿਆਣੀ ਮਹਿਲਾ ਕਾਂਸਟੇਬਲ ਬਾਹੋਂ ਫੜ੍ਹ ਕੇ ਪਰ੍ਹਾਂ ਨਾ ਲੈ ਜਾਂਦੀ ਤਾਂ ਸ਼ਾਇਦ ਉਹ ਕੁਝ ਹੋਰ ਵੀ ਸ਼ਲੋਕ ਸੁਣਾਉਂਦੀ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਪੰਜਾਬ ਤਾਂ ਕੈਨੇਡਾ ਵਰਗਾ ਬਣਨਾ ਨਹੀਂ, ਪਰ ਅਸੀਂ ਕੈਨੇਡਾ ਨੂੰ ਜਰੂਰ ਪੰਜਾਬ ਵਰਗਾ ਬਣਾ ਦਿਆਂਗੇ

ਇਸ ਦੀਵਾਲੀ ‘ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ, ਮਾਲਟਨ ਅਤੇ ਮਿਸੀਸਾਗਾ ਵਿਖੇ ਪੰਜਾਬੀਆਂ ਵੱਲੋਂ ਕੀਤੀਆਂ ਗਈਆਂ ਸ਼ਰਮਨਾਕ ਹਰਕਤਾਂ ਦੀਆਂ ਕਈ ਵੀਡੀਉ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਭਾਰਤੀਆਂ ਅਤੇ ਖਾਸ ਤੌਰ ‘ਤੇ ਪੰਜਾਬੀਆਂ ਨੇ ਰੱਜ ਕੇ ਕੈਨੇਡਾ ਦੇ ਨਰਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ। ਜਿਸ ਅਫਸਰ ਨੇ ਇਹਨਾਂ ਨੂੰ ਆਤਸ਼ਬਾਜ਼ੀ ਚਲਾਉਣ ਦੀ ਅਗਿਆ ਦਿੱਤੀ ਹੋਵੇਗੀ, ਉਹ ਜਰੂਰ ਕਿਤੇ ਬੈਠਾ ਆਪਣੇ ਸਿਰ ਦੇ ਵਾਲ ਪੁੱਟ ਰਿਹਾ ਹੋਵੇਗਾ। ਕਈ ਪਾਰਕਿੰਗਾਂ ਅਗਲੇ ਦਿਨ ਤੱਕ ਪਟਾਕਿਆਂ ਦੀ ਰਹਿੰਦ ਖੂੰਹਦ ਨਾਲ ਭਰੀਆਂ ਪਈਆਂ ਸਨ। ਕੈਨੇਡਾ ਵਿੱਚ ਜਦੋਂ ਵੀ ਕਿਸੇ ਨੂੰ ਪਾਰਕ ਆਦਿ ਵਿੱਚ ਕੋਈ ਫੰਕਸ਼ਨ ਕਰਨ ਦੀ ਆਗਿਆ ਮਿਲਦੀ ਹੈ ਤਾਂ ਉਸ ਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਪ੍ਰ੍ਰਬੰਧਕ ਸਮਾਗਮ ਖਤਮ ਹੋਣ ਤੋਂ ਬਾਅਦ ਸਫਾਈ ਕਰ ਕੇ ਜਾਣਗੇ। ਪਰ ਭਾਰਤੀਆਂ ਨੂੰ ਸਫਾਈ ਕਿੱਥੇ ਚੰਗੀ ਲੱਗਦੀ ਹੈ ? ਇੱਕ ਵੀਡੀਉ ਵਿੱਚ ਤਾਂ ਇੱਕ ਗੋਰਾ ਪਾਰਕਿੰਗ ਵਿੱਚ ਖਲੋ ਕੇ ਗੰਦ ਪਾਉਣ ਵਾਲੇ ਸਾਡੇ ਲੋਕਾਂ ਨੂੰ ਉੱਚੀ ਉੱਚੀ ਗਾਲ੍ਹਾਂ ਕੱਢ ਰਿਹਾ ਹੈ। ਦੀਵਾਲੀ ਵਾਲੇ ਦਿਨ ਹੀ ਟੋਰਾਂਟੋ ਦੇ ਇੱਕ ਹੋਰ ਉੱਪ ਨਗਰ ਮਿਸੀਸਾਗਾ ਵਿੱਚ ਕਥਿੱਤ ਖਾਲਿਸਤਾਨ ਦੇ ਵਿਰੋਧੀ ਤੇ ਹਮਾਇਤੀ ਰੱਜ ਕੇ ਛਿੱਤਰੋ ਛਿੱਤਰੀ ਹੋਏ ਹਨ।

ਕੈਨੇਡਾ ਦੇ ਜਿਸ ਸ਼ਹਿਰ (ਬਰੈਂਪਟਨ, ਸਰੀ ਆਦਿ) ਵਿੱਚ ਭਾਰਤੀਆਂ ਤੇ ਖਾਸ ਤੌਰ ‘ਤੇ ਪੰਜਾਬੀਆਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਗੋਰੇ ਉਹ ਸ਼ਹਿਰ ਹੀ ਛੱਡ ਜਾਂਦੇ ਹਨ। ਆਪਣੇ ਆਪ ਨੂੰ ਦੇਸੀ ਸਾਬਤ ਕਰਨ ਲਈ ਸਿਰ ‘ਤੇ ਡੱਬੀਆਂ ਵਾਲਾ ਸਾਫਾ, ਪੈਰੀਂ ਕੈਂਚੀ ਚੱਪਲਾਂ ਅਤੇ ਸ਼ਰਟ ਨਾਲ ਸੜਿਆ ਹੋਇਆ ਪਜਾਮਾ ਪਾ ਕੇ ਪੰਜਾਬੀ ਆਮ ਹੀ ਘੁੰਮਦੇ ਹੋਏ ਵੇਖੇ ਜਾ ਸਕਦੇ ਹਨ। ਬਰੈਂਪਟਨ ਵਿੱਚ ਤਾਂ ਦੁਨੀਆਂ ਹੀ ਅਲੱਗ ਵੱਸਦੀ ਹੈ। ਨੌਜਵਾਨ ਕਾਰਾਂ ਵਿੱਚ ਉੱਚੀ ਉੱਚੀ ਡੈੱਕ ਲਗਾ ਕੇ ਹਾਰਨ ਮਾਰਦੇ ਫਿਰਦੇ ਹਨ। ਕੋਈ ਵੀ ਆਪਣੇ ਪਾਲਤੂ ਕੁੱਤਿਆਂ ਦਾ ਗੰਦ ਸੜਕ ਉੱਪਰੋਂ ਸਾਫ ਨਹੀਂ ਕਰਦਾ। ਸੰਸਾਰ ਦੀਆਂ ਸੈਂਕੜੇ ਕੌਮਾਂ ਦੇ ਕਰੋੜਾਂ ਲੋਕ ਪੱਛਮੀ ਦੇਸ਼ਾਂ ਵਿੱਚ ਵੱਸਦੇ ਹਨ। ਪਰ ਕੁਝ ਪੰਜਾਬੀਆਂ ਵੱਲੋਂ ਜੋ ਜਲੂਸ ਆਪਣੀ ਕੌਮ ਦਾ ਕੱਢਿਆ ਜਾ ਰਿਹਾ ਹੈ, ਉਹ ਕੰਮ ਕਿਸੇ ਹੋਰ ਕੌਮ ਵੱਲੋਂ ਨਹੀਂ ਕੀਤਾ ਜਾ ਰਿਹਾ। ਰੋਜ਼ਾਨਾ ਰੈਫਰੈਂਡਮ ਵਰਗੇ ਕਿਸੇ ਫਜ਼ੂਲ ਦੇ ਮੁੱਦੇ ‘ਤੇ ਕੈਨੇਡਾ ਵਰਗੇ ਸ਼ਾਂਤੀ ਪਸੰਦ ਦੇਸ਼ ਦੇ ਵਸਨੀਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਲੱਖਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇ ਕੇ ਉਥੇ ਵੱਸਣ ਦਾ ਜੋ ਮੌਕਾ ਦਿੱਤਾ ਜਾ ਰਿਹਾ ਹੈ, ਉਹ ਕੈਨੇਡਾ ਸਰਕਾਰ ਦੀ ਕੋਈ ਮਜ਼ਬੂਰੀ ਨਹੀਂ ਬਲਕਿ ਦਰਿਆ ਦਿਲੀ ਹੈ। ਪਰ ਪੰਜਾਬ ਤੋਂ ਗਏ ਕੁਝ ਵਿਦਿਆਰਥੀਆਂ ਅਤੇ ਸਿਟੀਜ਼ਨ ਪੰਜਾਬੀਆਂ ਦੀਆਂ ਅਜਿਹੀਆਂ ਸ਼ਰਮਨਾਕ ਹਰਕਤਾਂ ਤੋਂ ਲੱਗਦਾ ਹੈ ਕਿ ਕਿਸੇ ਦਿਨ ਕੈਨੇਡਾ ਨੇ ਸਾਡੇ ਵੀਜ਼ੇ ਲਗਾਉਣੇ ਹੀ ਬੰਦ ਕਰ ਦੇਣੇ ਹਨ।

ਸਾਡੇ ਲੋਕ ਕਿਤੇ ਵੀ ਜਾਣ, ਆਪਣੀਆਂ ਘਟੀਆ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਪਿੱਛੇ ਜਿਹੇ ਵਾਇਰਲ ਹੋਈ ਇੱਕ ਵੀਡੀਉ ਵਿੱਚ ਇੱਕ ਵਿਅਕਤੀ ਕੈਨੇਡਾ ਦੀ ਫਲਾਈਟ ਵਿੱਚ ਬੈਠਾ ਤੰਬਾਕੂ ਮਲ ਰਿਹਾ ਸੀ। ਉਥੇ ਹੁਣ ਪੰਜਾਬੀ ਇਲਾਕਿਆ ਦੇ ਪਬਲਿਕ ਟਾਇਲਟਾਂ ਵਿੱਚ ਤੰਬਾਕੂ ਥੁੱਕਿਆ ਆਮ ਹੀ ਦਿਖਾਈ ਦੇ ਜਾਂਦਾ ਹੈ ਤੇ ਦੇਸੀ ਦੁਕਾਨਾਂ ਵਿੱਚ ਤੰਬਾਕੂ ਦੀਆਂ ਪੁੜੀਆਂ ਅਸਾਨੀ ਨਾਲ ਮੁਹੱਈਆ ਹਨ। ਬਹੁਤੇ ਪੰਜਾਬੀ ਸ਼ਰਾਬ ਬਿਨਾਂ ਨਹੀਂ ਰਹਿ ਸਕਦੇ ਪਰ ਕੈਨੇਡਾ ਵਿੱਚ ਸ਼ਰਾਬ ਬਹੁਤ ਮਹਿੰਗੀ ਹੈ। ਇਸ ਲਈ ਕਈ ਸੂਰਮੇ ਜੁਗਾੜ ਲਗਾ ਕੇ ਘਰ ਹੀ ਸ਼ਰਾਬ ਕੱਢ ਲੈਂਦੇ ਹਨ। ਸਾਲ ਕੁ ਪਹਿਲਾਂ ਟੂਰਿਸਟ ਵੀਜ਼ੇ ‘ਤੇ ਗਿਆ ਇੱਕ ਮੂਰਖ ਕਿਰਾਏ ਦੀ ਬੇਸਮੈਂਟ ਵਿੱਚ ਦੇਸੀ ਸ਼ਰਾਬ ਕੱਢ ਰਿਹਾ ਸੀ ਤਾਂ ਗੈਸ ਫਟ ਗਈ। ਉਹ ਆਪ ਤਾਂ ਕਿਸੇ ਤਰਾਂ ਮਰਨੋਂ ਬਚ ਗਿਆ ਪਰ ਬੇਸਮੈਂਟ ਅਤੇ ਘਰ ਦਾ ਕਾਫੀ ਹਿੱਸਾ ਬਰਬਾਦ ਹੋ ਗਿਆ। ਗੈਰ ਕਾਨੂੰਨੀ ਦੁਰਘਟਨਾ ਦੇ ਸਿੱਟੇ ਵਜੋਂ ਘਰ ਸੜ ਜਾਣ ਕਾਰਨ ਘਰ ਦੇ ਮਾਲਕ ਨੂੰ ਕੋਈ ਬੀਮਾ ਵੀ ਨਾ ਮਿਲਿਆ। ਖੁਦ ਤਾਂ ਅਗਲੀ ਫਲਾਈਟ ਰਾਹੀਂ ਡੀਪੋਰਟ ਹੋ ਗਿਆ, ਪਰ ਵਿਚਾਰੇ ਘਰ ਦੇ ਮਾਲਕ ਦਾ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਕਰ ਆਇਆ।

ਪੰਜਾਬੀ ਨੌਜਵਾਨਾਂ ਵੱਲੋਂ ਕੈਨੇਡਾ ਵਿੱਚ ਕੀਤੀਆਂ ਜਾ ਰਹੀਆਂ ਮਾੜੀਆਂ ਹਰਕਤਾਂ ਦੀ ਕੋਈ ਨਾ ਕੋਈ ਵੀਡੀਉ ਮਹੀਨੇ ਦਸਾਂ ਦਿਨਾਂ ਬਾਅਦ ਵਾਇਰਲ ਹੋ ਹੀ ਜਾਂਦੀ ਹੈ। ਕੁਝ ਦਿਨ ਪਹਿਲਾਂ ਇੱਕ ਮਾਰਕੀਟ ਵਿੱਚ ਵਿਦਿਆਡਰਥੀਆਂ ਦੇ ਦੋ ਧੜਿਆਂ ਵਿੱਚਕਾਰ ਜੰਮ ਕੇ ਹੋਈ ਲੜਾਈ ਦੌਰਾਨ ਖੁਲ੍ਹ ਕੇ ਕਿਰਪਾਨਾਂ ਦੀ ਵਰਤੋਂ ਕੀਤੀ ਗਈ ਸੀ। ਸਰੀ ਵਿਖੇ ਹੋਈ ਇੱਕ ਹੋਰ ਘਟਨਾ ਵਿੱਚ ਪੰਜਾਬੀ ਨੌਜਵਾਨਾਂ ਦੇ ਇੱਕ ਇਕੱਠ ਵੱਲੋਂ ਪੁਲਿਸ ਦੀ ਗੱਡੀ ਘੇਰ ਕੇ ਅਫਸਰ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਸੀ। ਕੈਨੇਡੀਅਨ ਪੁਲਿਸ ਅਮਰੀਕੀ ਪੁਲਿਸ ਨਾਲੋਂ ਬਹੁਤ ਜਿਆਦਾ ਨਰਮ ਹੈ। ਉਥੇ ਤਾਂ ਪੁਲਿਸ ਵਾਲੇ ਅਜਿਹੀ ਹਰਕਤ ਕਰਨ ‘ਤੇ ਗੋਲੀ ਚਲਾਉਣ ਲੱਗਿਆਂ ਮਿੰਟ ਲਗਾਉਂਦੇ ਹਨ। ਪਿਉ ਤੋਂ ਜ਼ਮੀਨਾ ਗਹਿਣੇ ਰਖਵਾ ਕੇ ਲੱਖਾਂ ਰੁਪਏ ਖਰਚਾ ਕੇ ਕੈਨੇਡਾ ਪਹੁੰਚੇ ਵਿਦਿਆਰਥੀ ਬਹੁਤ ਸ਼ਾਨ ਨਾਲ ਆਪਣੇ ਨਾਮ ਨਾਲ ਸਰਪੰਚ ਅਤੇ ਨੰਬਰਦਾਰ ਵਰਗੇ ਤਖੱਲਸ ਲਗਾਈ ਫਿਰਦੇ ਹਨ। ਪਰ ਗਲਤ ਹਰਕਤਾਂ ਕਰਨ ਕਾਰਨ ਅਜਿਹੇ ਕਈ ਪੰਚ, ਸਰਪੰਚ ਅਤੇ ਨੰਬਰਦਾਰ ਇੰਡੀਆ ਡੀਪੋਰਟ ਕੀਤੇ ਜਾ ਚੁੱਕੇ ਹਨ।

ਵਿਦੇਸ਼ਾਂ ਵਿੱਚ ਸੈਂਕੜੇ ਕੌਮੀਅਤਾਂ ਦੇ ਲੋਕ ਵੱਸਦੇ ਹਨ ਜੋ ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਪਰ ਪੰਜਾਬੀਆਂ ਨੂੰ ਕੁਝ ਜਿਆਦਾ ਹੀ ਮਰਨ ਮਿੱਟੀ ਚੜ੍ਹੀ ਹੋਈ ਹੈ। ਕੈਨੇਡਾ ਵਿੱਚ ਪੰਜਾਬੀਆਂ ਤੋਂ ਇਲਾਵਾ ਕਿਸੇ ਹੋਰ ਕੌਮ ਵੱਲੋਂ ਧਾਰਮਿਕ ਸਥਾਨ ਦੇ ਕਬਜ਼ੇ ਖਾਤਰ ਛਿੱਤਰੋ ਛਿੱਤਰੋ ਹੁੰਦੇ ਅਤੇ ਇੱਕ ਦੂਸਰੇ ਦੇ ਧਾਰਮਿਕ ਚਿੰਨ੍ਹਾਂ ਦੀ ਸ਼ਰੇਆਮ ਬੇਇੱਜ਼ਤੀ ਕਰਨ ਦੀ ਕਦੇ ਕੋਈ ਖਬਰ ਨਹੀਂ ਆਈ। ਇਸ ਤੋਂ ਇਲਾਵਾ ਇੱਹ ਵੀ ਅਟੱਲ ਸੱਚਾਈ ਹੈ ਕਿ ਪੰਜਾਬੀ ਜਦੋਂ ਵੀ ਕੋਈ ਗਲਤੀ ਕਰਦੇ ਹਨ ਤਾਂ ਆਪਣੀ ਵੇਸ਼ ਭੂਸ਼ਾ ਕਾਰਨ ਦੂਰੋਂ ਹੀ ਪਹਿਚਾਣੇ ਜਾਂਦੇ ਹਨ। ਸਭ ਤੋਂ ਜਿਆਦਾ ਪੰਜਾਬੀ ਹੀ ਸੜਕਾਂ ਕਿਨਾਰੇ ਪਿਸ਼ਾਬ ਕਰਦੇ ਹੋਏ ਪਕੜੇ ਗਏ ਹਨ। ਚੰਦ ਬੰਦਿਆਂ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਦਾ ਨਾਮ ਬਦਨਾਮ ਹੋ ਰਿਹਾ ਹੈ। ਇਸ ਕਾਰਨ ਹੀ ਕੈਨੇਡਾ ਸਰਕਾਰ ਸਖਤ ਹੁੰਦੀ ਜਾਂ ਰਹੀ ਹੈ। ਕੁਝ ਮਹੀਨਿਆਂ ਤੋਂ 8 ਬੈਂਡ ਲੈਣ ਵਾਲੇ ਵਿਦਿਆਰਥੀਆ ਦੇ ਵੀ ਸਟੂਡੈਂਟ ਵੀਜ਼ੇ ਰਿਜੈਕਟ ਹੋ ਰਹੇ ਹਨ। ਜੋ ਘਟੀਆ ਕਰਤੂਤ ਬਰੈਂਪਟਨ ਆਦਿ ਦੇ ਕੁਝ ਸਿਰ ਫਿਰਿਆਂ ਨੇ ਕੀਤੀ ਹੈ, ਉਸ ਤੋਂ ਲੱਗਦਾ ਨਹੀਂ ਕਿ ਭਵਿੱਖ ਵਿੱਚ ਕਦੇ ਕੈਨੇਡਾ ਵਿੱਚ ਕਿਸੇ ਨੂੰ ਦੀਵਾਲੀ ਸਮੇਂ ਪਟਾਖੇ ਚਲਾਉਣ ਦੀ ਅਗਿਆ ਦੁਬਾਰਾ ਮਿਲੇ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਸਮਾਧ

ਭਾਰਤ ਵਿੱਚ ਸਾਰੀ ਦੁਨੀਆਂ ਤੋਂ ਵੱਧ ਭੇਡ ਚਾਲ ਦਾ ਰਿਵਾਜ਼ ਹੈ। ਇਥੇ ਤਾਂ ਲੋਕ ਐਨੇ ਵਿਹਲੇ ਹਨ ਕਿ ਜੇ ਕਿਤੇ ਬਿਜਲੀ ਮਹਿਕਮੇ ਵਾਲੇ ਟਰਾਂਸਫਾਰਮਰ ਵੀ ਚੜ੍ਹਾ ਰਹੇ ਹੋਣ ਤਾਂ ਵੇਖਣ ਵਾਸਤੇ 50 ਬੰਦੇ ਇਕੱਠੇ ਹੋ ਜਾਂਦੇ ਹਨ। ਕੋਈ ਵੀ ਪਾਖੰਡੀ ਕਿਤੇ ਵੀ ਡੇਰਾ ਰੂਪੀ ਦੁਕਾਨ ਖੋਲ੍ਹ ਲਵੇ, 10 12 ਸਾਲ ਵਿੱਚ ਹੀ ਕਰੋੜਪਤੀ ਬਣ ਜਾਂਦਾ ਹੈ। ਸੜਕਾਂ ਕਿਨਾਰੇ ਸਰਕਾਰੀ ਥਾਂ ‘ਤੇ ਸੌ ਦੋ ਸੌ ਇੱਟਾਂ ਨਾਲ ਸ਼ੁਰੂ ਕੀਤੀਆਂ ਗਈਆਂ ਧਾਰਮਿਕ ਦੁਕਾਨਾਂ ਰੂਪੀ ਮੱਟੀਆਂ, ਮਜ਼ਾਰਾਂ ਅਤੇ ਸਮਾਧਾਂ ਕੁਝ ਹੀ ਸਾਲਾਂ ਵਿੱਚ ਫਾਈਵ ਸਟਾਰ ਹੋਟਲਾਂ ਵਰਗਾ ਸ਼ਾਨਦਾਰ ਰੂਪ ਧਾਰਨ ਕਰ ਜਾਂਦੀਆਂ ਹਨ। ਕਤਲ ਅਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਵਿੱਚ ਜੇਲ੍ਹ ਯਾਤਰਾ ‘ਤੇ ਪਧਾਰੇ ਹੋਏ ਅਨੇਕਾਂ ਬਾਬਿਆਂ ਦੇ ਡੇਰੇ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਬਾਦਸਤੂਰ ਚੱਲ ਰਹੇ ਹਨ ਤੇ ਲੱਖਾਂ ਰੁਪਏ ਛਾਪ ਰਹੇ ਹਨ। ਉੱਤੋਂ ਸਿਤਮ ਇਹ ਹੈ ਕਿ ਇਹਨਾਂ ਮੁਸ਼ਟੰਡਿਆਂ ਦੀ ਅੰਧਾ ਧੁੰਧ ਕਮਾਈ ਉੱਤੇ ਇਨਕਮ ਟੈਕਸ ਵੀ ਨਹੀਂ ਲੱਗਦਾ। ਸਰਕਾਰ ਨੇ ਵੀ ਇਹਨਾਂ ਨੂੰ ਹਰਾਮ ਦਾ ਮਾਲ ਹਜ਼ਮ ਕਰਨ ਦੀ ਪੂਰੀ ਛੋਟ ਦਿੱਤੀ ਹੋਈ ਹੈ ਕਿਉਂਕਿ ਨੇਤਾ ਚੋਣਾਂ ਵੇਲੇ ਵੋਟਾਂ ਲੈਣ ਲਈ ਇਹਨਾਂ ਦੇ ਪੈਰ ਜੋ ਚੱਟਦੇ ਹਨ।

ਇਹ ਸਿਰਫ ਭਾਰਤ ਵਿੱਚ ਹੀ ਸੰਭਵ ਹੈ ਕਿ ਕੁਝ ਸਾਲ ਪਹਿਲਾਂ ਤੱਕ ਟੁੱਟੇ ਜਿਹੇ ਸਾਈਕਲ ‘ਤੇ ਘੁੰਮਣ ਵਾਲੇ ਬਾਬੇ ਰਾਮ ਦੇਵ ਵਰਗਾ ਕੋਈ ਇਨਸਾਨ ਧਰਮ ਦੇ ਨਾਮ ‘ਤੇ ਲੋਕਾਂ ਨੂੰ ਜਾਨਵਰਾਂ ਦਾ ਗੋਹਾ ਅਤੇ ਮੂਤਰ ਖਵਾ ਪਿਆ ਕੇ ਅਰਬਪਤੀ ਬਣ ਸਕਦਾ ਹੈ। ਉਸ ਦੇ ਦਾਅਵੇ ਮੁਤਾਬਕ ਜੇ ਯੋਗ ਹਰ ਬਿਮਾਰੀ ਦਾ ਇਲਾਜ਼ ਹੈ ਤਾਂ ਫਿਰ ਉਹ ਸੈਂਕੜੇ ਕਿਸਮ ਦੀਆਂ ਦਵਾਈਆਂ ਬਣਾ ਕੇ ਕਿਉਂ ਵੇਚ ਰਿਹਾ ਹੈ? ਇਸੇ ਤਰਾਂ ਦਾ ਇੱਕ ਬਾਬਾ ਵਧੀਆ ਡੇਰੇ ਦਾ ਮਾਲਕ ਸੀ। ਡੇਰੇ ਵਿੱਚ ਇੱਕ ਸਮਾਧ ਬਣੀ ਹੋਈ ਸੀ ਜਿਸ ਬਾਰੇ ਮਸ਼ਹੂਰ ਸੀ ਕਿ ਇਹ ਕਿਸੇ ਮਹਾਨ ਚਮਤਕਾਰੀ ਸਿੱਧ ਪੁਰਸ਼ ਦੀ ਹੈ ਤੇ ਇਥੇ ਮੰਗੀ ਗਈ ਹਰ ਮੁਰਾਦ ਪੂਰੀ ਹੁੰਦੀ ਹੈ। ਹਰ ਰੋਜ਼ ਹਜ਼ਾਰਾਂ ਭਗਤ ਉਸ ਸਮਾਧ ਨੂੰ ਮੱਥਾ ਟੇਕਦੇ ਸਨ ਤੇ ਦਾਨ ਦੱਖਣਾ ਚੜ੍ਹਾਉਂਦੇ ਸਨ। ਬਾਬੇ ਦੇ ਭਗਤਾਂ ਵਿੱਚ ਰਾਮੂ ਨਾਮ ਦਾ ਇੱਕ ਗਰੀਬ ਵਿਅਕਤੀ ਵੀ ਸ਼ਾਮਲ ਸੀ ਜੋ ਕੱਪੜੇ ਦੀ ਫੇਰੀ ਲਗਾਉਂਦਾ ਸੀ। ਉਹ ਸਵੇਰੇ ਰੋਜ਼ਾਨਾ ਨਿਯਮ ਨਾਲਫ਼ਨਬਸਪ; ਡੇਰੇ ਵਿੱਚ ਆਉਂਦਾ, ਸਮਾਧ ਨੂੰ ਮੱਥਾ ਟੇਕਦਾ ਤੇ ਬਾਬੇ ਦੀ ਮੁੱਠੀ ਚਾਪੀ ਕਰਨ ਦੀ ਸੇਵਾ ਕਰਦਾ।

ਉਹ ਸਾਰਾ ਦਿਨ ਭਾਰੀ ਗੱਠੜੀ ਮੋਢਿਆਂ ‘ਤੇ ਚੁੱਕ ਕੇ ਗਲੀਆਂ ਬਜ਼ਾਰਾਂ ਵਿੱਚ ਫ਼ਨਬਸਪ;ਕੱਪੜਾ ਵੇਚਦਾ ਸੀ ਜਿਸ ਨਾਲ ਘਰ ਦੇ ਗੁਜ਼ਾਰੇ ਜੋਗੇ ਥੋੜ੍ਹੇ ਬਹੁਤੇ ਪੈਸੇ ਬਣ ਜਾਂਦੇ ਸਨ। ਉਸ ਦੀ ਬੁਰੀ ਹਾਲਤ ਵੇਖ ਕੇ ਬਾਬੇ ਨੂੰ ਦਇਆ ਆ ਗਈ। ਉਸ ਨੇ ਆਪਣਾ ਖੋਤਾ ਰਾਮੂ ਨੂੰ ਦਾਨ ਕਰ ਦਿੱਤਾ ਜਿਸ ਕਾਰਨ ਉਸ ਦੀਆਂ ਅੱਧੀਆਂ ਸਮੱਸਿਆਵਾਂ ਹੱਲ ਹੋ ਗਈਆਂ। ਉਹ ਹੁਣ ਕੱਪੜੇ ਦੀ ਗੱਠੜੀ ਖੁਦ ਚੁੱਕਣ ਦੀ ਬਜਾਏ ਖੋਤੇ ‘ਤੇ ਲੱਦ ਲੈਂਦਾ ਤੇ ਜਦੋਂ ਥੱਕ ਜਾਂਦਾ ਤਾਂ ਖੁਦ ਵੀ ਖੋਤੇ ‘ਤੇ ਬੈਠ ਜਾਂਦਾ। ਪਰ ਉਸ ਦੀ ਕਿਸਮਤ ਖਰਾਬ ਸੀ, ਕੁਝ ਮਹੀਨੇ ਸੁੱਖ ਦੇ ਲੰਘੇ ਸਨ ਕਿ ਇੱਕ ਦਿਨ ਅਚਾਨਕ ਰਾਤ ਨੂੰ ਸੱਪ ਲੜਨ ਕਾਰਨ ਖੋਤੇ ਦੀ ਮੌਤ ਹੋ ਗਈ। ਰਾਮੂ ਬਹੁਤ ਦੁਖੀ ਹੋਇਆ, ਪਰ ਕੀਤਾ ਕੀ ਜਾ ਸਕਦਾ ਸੀ? ਉਸ ਨੇ ਸੜਕ ਦੇ ਕਿਨਾਰੇ ਇੱਕ ਸਾਫ ਜਿਹੀ ਥਾਂ ਵੇਖ ਕੇ ਖੋਤੇ ਨੂੰ ਦਫਨਾ ਕੇ ਉਸ ਦੀ ਸਮਾਧ ਬਣਾ ਦਿੱਤੀ। ਰਾਮੂ ਕੋਲੋਂ ਐਨੇ ਲਾਭਦਾਇਕ ਤੇ ਵਫਾਦਾਰ ਖੋਤੇ ਦਾ ਵਿਛੋੜਾ ਜਰਿਆ ਨਹੀਂ ਸੀ ਜਾ ਰਿਹਾ। ਉਹ ਸਮਾਧ ‘ਤੇ ਸਿਰ ਰੱਖ ਕੇ ਦਹਾੜੇ ਮਾਰ ਮਾਰ ਕੇ ਰੋਣ ਲੱਗ ਪਿਆ।

ਉਥੋਂ ਗੁਜ਼ਰ ਰਹੇ ਇੱਕ ਰਾਹਗੀਰ ਨੇ ਇਹ ਦ੍ਰਿਸ਼ ਵੇਖ ਕੇ ਸੋਚਿਆ ਕਿ ਜਰੂਰ ਇਹ ਕਿਸੇ ਤਪੱਸਵੀ ਸੰਤ ਦੀ ਸਮਾਧ ਹੈ। ਰੋਣ ਵਾਲਾ ਵਿਅਕਤੀ ਉਸ ਦਾ ਚੇਲਾ ਹੋਵੇਗਾ ਜਿਸ ਕੋਲੋਂ ਆਪਣੇ ਮੁਰਸ਼ਦ ਦਾ ਵਿਛੋੜਾ ਜਰਿਆ ਨਹੀਂ ਜਾ ਰਿਹਾ। ਉਸ ਨੇ ਸਮਾਧ ਨੂੰ ਮੱਥਾ ਟੇਕਿਆ, ਕੋਈ ਮੰਨਤ ਮੰਗੀ ਤੇ ਕੁਝ ਚੜ੍ਹਾਵਾ ਚੜ੍ਹਾ ਕੇ ਆਪਣੇ ਰਾਹ ਪੈ ਗਿਆ। ਹੁਣ ਕੁਦਰਤੀ ਹੈ ਕਿ ਕਈ ਵਾਰ ਕੰਮ ਸਿੱਧਾ ਪੈ ਜਾਂਦਾ ਹੈ ਤੇ ਕਈ ਵਾਰ ਪੁੱਠਾ। ਰਾਮੂ ਦੀ ਕਿਸਮਤ ਤੇਜ਼ ਸੀ ਕਿ ਉਸ ਵਿਅਕਤੀ ਦਾ ਕੰਮ ਸਿੱਧਾ ਪੈ ਗਿਆ। ਉਸ ਨੇ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਕਿ ਫਲਾਣੇ ਥਾਂ ‘ਤੇ ਇੱਕ ਬਹੁਤ ਹੀ ਪਹੁੰਚੇ ਹੋਏ ਸੰਤ ਦੀ ਸਮਾਧ ਹੈ ਜਿੱਥੇ ਮੰਗੀ ਹੋਈ ਹਰ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਮਨ ਚਾਹੀਆਂ ਮੁਰਾਦਾਂ ਬਖਸ਼ੀਆਂ ਜਾਂਦੀਆਂ ਹਨ। ਬੱਸ ਫਿਰ ਕੀ ਸੀ, ਅਗਲੇ ਹੀ ਦਿਨ ਤੋਂ ਅਕਲ ਦੇ ਅੰਨ੍ਹਿਆਂ ਤੇ ਗੱਠੜੀ ਦੇ ਪੱਕਿਆਂ ਦੀਆਂ ਭੀੜਾਂ ਉਸ ਸਮਾਧ ‘ਤੇ ਲੱਗਣੀਆਂ ਸ਼ੁਰੂ ਹੋ ਗਈਆਂ। ਦੂਰ ਦੂਰ ਤੋਂ ਅੰਧ ਭਗਤ ਉਥੇ ਮੰਨਤਾਂ ਮੰਗਣ ਲਈ ਆਉਣ ਲੱਗ ਪਏ ਤੇ ਰਾਮੂ ਦੀਆਂ ਪੌਂ ਬਾਰਾਂ ਹੋ ਗਈਆਂ।

ਇੱਕ ਦਿਨ ਉਹ ਸੰਤ ਜਿਸ ਨੇ ਰਾਮੂ ਨੂੰ ਆਪਣਾ ਖੋਤਾ ਬਖਸ਼ਿਆ ਸੀ, ਉਧਰ ਦੀ ਗੁਜ਼ਰਿਆ। ਉਸ ਨੂੰ ਦੇਖਦੇ ਹੀ ਰਾਮੂ ਨੇ ਉਸ ਦੇ ਪੈਰ ਪਕੜ ਲਏ ਤੇ ਭਾਵ ਵਿਭੋਰ ਹੋ ਕੇ ਬੋਲਿਆ, “ਪ੍ਰਭੂ, ਤੁਹਾਡੇ ਖੋਤੇ ਨਾ ਤਾਂ ਮੇਰੀ ਜ਼ਿੰਦਗੀ ਬਣਾ ਦਿੱਤੀ ਹੈ। ਜਦ ਤੱਕ ਜਿੰਦਾ ਸੀ, ਰੋਜ਼ਗਾਰ ਵਿੱਚ ਮੇਰੀ ਮਦਦ ਕਰਦਾ ਰਿਹਾ ਤੇ ਮਰਨ ਤੋਂ ਬਾਅਦ ਤਾਂ ਬੱਸ ਧੰਨ ਧੰਨ ਹੀ ਕਰਾ ਗਿਆ। ਲਹਿਰਾਂ ਬਹਿਰਾਂ ਹੋਈਆਂ ਪਈਆਂ ਹਨ।” ਫਕੀਰ ਇੱਕ ਦਮ ਖਿੜਖੜਾ ਕੇ ਹੱਸ ਪਿਆ ਤੇ ਰਾਮੂ ਦੇ ਕੰਨ ਵਿੱਚ ਬੋਲਿਆ, “ਬੱਚਾ, ਇਸ ਖੋਤੇ ਦਾ ਤਾਂ ਸਾਰਾ ਖਾਨਦਾਨ ਹੀ ਲੋਕਾਂ ਦਾ ਭਲਾ ਕਰਨ ਲਈ ਪੈਦਾ ਹੋਇਆ ਸੀ। ਮੇਰੇ ਡੇਰੇ ਦੀ ਜਿਸ ਸਮਾਧ ‘ਤੇ ਤੂੰ ਮੱਥਾ ਟੇਕ ਕੇ ਮੁਰਾਦਾਂ ਮੰਗਦਾ ਸੀ, ਉਹ ਇਸ ਖੋਤੇ ਦੀ ਮਾਂ ਦੀ ਹੈ।” ਹੈਰਾਨੀ ਨਾਲ ਰਾਮੂ ਦਾ ਮੂੰਹ ਖੁਲ੍ਹੇ ਦਾ ਖੁਲ੍ਹਾ ਰਹਿ ਗਿਆ ਤੇ ਬਾਬਾ ਚੇਲਿਆਂ ਚਾਟੜਿਆਂ ਸਮੇਤ ਆਪਣੇ ਰਾਹ ਪੈ ਗਿਆ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਕੋਈ ਕਿਸੇ ਦੀ ਕਿਸਮਤ ਨਹੀਂ ਖੋਹ ਸਕਦਾ।

ਰੱਬ ਦੇ ਰੰਗ ਨਿਆਰੇ ਹਨ। ਇਹ ਕੋਈ ਨਹੀਂ ਦੱਸ ਸਕਦਾ ਕਿ ਕਿਸੇ ਦੀ ਕਿਸਮਤ ਵਿੱਚ ਉਸ ਨੇ ਕੀ ਲਿਖ ਕੇ ਭੇਜਿਆ ਹੈ। ਬੇਹੱਦ ਗਰੀਬੀ ਅਤੇ ਬੁਰੇ ਹਾਲਾਤ ਵਿੱਚ ਪੈਦਾ ਹੋਣ ਵਾਲੇ ਕਈ ਵਿਅਕਤੀ ਸਿਰਫ ਕਿਸਮਤ ਕਾਰਨ ਹੀ ਅਰਬਪਤੀ ਬਣਦੇ ਵੇਖੇ ਗਏ ਹਨ। ਇਹ ਇੱਕ ਅਜਿਹੇ ਹੀ ਵਿਅਕਤੀ ਦੀ ਕਿਸੇ ਹਿੰਦੀ ਫਿਲਮ ਵਰਗੀ ਸੱਚੀ ਕਹਾਣੀ ਹੈ। ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਇੱਕ ਥਾਣੇ ਵਿੱਚ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਦਿਨ ਸਵੇਰੇ ਸਵੇਰ ਨਜ਼ਦੀਕੀ ਪਿੰਡ ਦਾ ਚੌਂਕੀਦਾਰ ਖਬਰ ਲੈ ਕੇ ਆਇਆ ਕਿ ਪਿੰਡ ਦੇ ਨਜ਼ਦੀਕ ਹੀ ਕਮਾਦ ਦੇ ਖੇਤ ਵਿੱਚ ਇੱਕ ਨਵਜੰਮਿਆਂ ਲੜਕਾ ਪਿਆ ਹੈ ਜੋ ਜ਼ਿੰਦਾ ਹੈ। ਮੈਂ ਡੀ.ਐਸ.ਪੀ. ਨੂੰ ਸੂਚਨਾ ਦੇ ਕੇ ਉਸ ਖੇਤ ਵਿੱਚ ਪਹੁੰਚ ਗਿਆ। ਵੇਖ ਕੇ ਲੱਗਦਾ ਸੀ ਕਿ ਬੱਚੇ ਦਾ ਜਨਮ ਸਿਰਫ 4-5 ਘੰਟੇ ਪਹਿਲਾਂ ਹੀ ਹੋਇਆ ਸੀ। ਉਸ ਦੇ ਸਰੀਰ ਨੂੰ ਸੈਂਕੜੇ ਕੀੜੀਆਂ ਚੰਬੜੀਆਂ ਹੋਈਆਂ ਸਨ ਜਿਸ ਕਾਰਨ ਉਹ ਉੱਚੀ ਉੱਚੀ ਕੁਰਲਾ ਰਿਹਾ ਸੀ। ਮੈਂ ਪਿੰਡ ਦੀ ਦਾਈ ਬੁਲਾ ਕੇ ਬੱਚੇ ਨੂੰ ਸਾਫ ਕਰਵਾਇਆ ਤੇ ਚੰਗੀ ਤਰਾਂ ਕੱਪੜੇ ਵਿੱਚ ਲਪੇਟ ਕੇ ਮੁਕਾਮੀ ਹਸਪਤਾਲ ਦਾਖਲ ਕਰਵਾ ਦਿੱਤਾ। ਹਸਪਤਾਲ ਵਾਲਿਆਂ ਨੇ ਫੌਰਨ ਬੱਚੇ ਦੀ ਦੇਖ ਭਾਲ ਸ਼ੁਰੂ ਕਰ ਦਿੱਤੀ। ਬੱਚਾ ਪੂਰੀ ਤਰਾਂ ਨਾਲ ਸਿਹਤਮੰਦ ਸੀ ਤੇ ਜਲਦੀ ਹੀ ਦੁੱਧ ਪੀਣ ਤੇ ਲੱਤਾਂ ਬਾਹਾਂ ਮਾਰਨ ਲੱਗ ਪਿਆ। ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚਾ ਪਿੰਡ ਦੀ ਹੀ ਇੱਕ ਗਰੀਬ ਘਰ ਦੀ ਅਣਵਿਆਹੀ 17-18 ਸਾਲ ਦੀ ਲੜਕੀ ਦਾ ਸੀ ਜਿਸ ਨੇ ਰਾਤ ਨੂੰ ਆਪਣੀ ਮਾਂ ਦੀ ਮਦਦ ਉਸ ਨੂੰ ਜਨਮ ਦਿੱਤਾ ਸੀ। ਉਸ ਦੇ ਪਿੰਡ ਦੇ ਇੱਕ ਵਿਆਹੇ ਹੋਏ ਵਿਅਕਤੀ ਸ਼ਾਮੂ (ਕਾਲਪਨਿਕ ਨਾਮ) ਨਾਲ ਸਬੰਧ ਸਨ। ਸ਼ਾਮੂ ਦੇ ਖਿਲਾਫ ਲੜਕੀ ਦੇ ਪਰਿਵਾਰ ਨੇ ਬਲਾਤਕਾਰ ਦਾ ਪਰਚਾ ਦਰਜ਼ ਕਰਵਾ ਦਿੱਤਾ ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।

ਅਗਲੇ ਦਿਨ ਇਸ ਕੇਸ ਬਾਰੇ ਅਖਬਾਰਾਂ ਵਿੱਚ ਖਬਰ ਛਪ ਗਈ ਜਿਸ ਨੂੰ ਪੜ੍ਹ ਕੇ ਅਨੇਕਾਂ ਬੇਔਲਾਦ ਜੋੜੇ ਉਸ ਨੂੰ ਗੋਦ ਲੈਣ ਲਈ ਸਾਡੇ ਤੱਕ ਪਹੁੰਚ ਕਰਨ ਲੱਗ ਪਏ। ਮੈਂ ਤੇ ਡੀ.ਐਸ.ਪੀ. ਨੇ ਸਲਾਹ ਕੀਤੀ ਕਿ ਜੇ ਇਸ ਬੱਚੇ ਨੂੰ ਕਿਤੇ ਨੇੜੇ ਤੇੜੇ ਗੋਦ ਦੇ ਦਿੱਤਾ ਤਾਂ ਵੱਡਾ ਹੋਣ ‘ਤੇ ਇਸ ਲਈ ਮੁਸੀਬਤ ਪੈਦਾ ਹੋ ਜਾਵੇਗੀ। ਲੋਕ ਹਰਾਮੀ ਹਰਾਮੀ ਕਹਿ ਕੇ ਇਸ ਦਾ ਜੀਣਾ ਦੂਭਰ ਕਰ ਦੇਣਗੇ ਤੇ ਇਸ ਦੀ ਮਾਂ ਵਾਸਤੇ ਵੀ ਮੁਸੀਬਤ ਪੈਦਾ ਹੋ ਜਾਵੇਗੀ ਕਿਉਂਕਿ ਸਭ ਜਾਣਦੇ ਹਨ ਕਿ ਇਹ ਕਿਸ ਦਾ ਬੱਚਾ ਹੈ। ਉਸ ਦੀ ਸ਼ਾਦੀ ਵਿੱਚ ਵੀ ਅੜਿੱਚਣ ਆ ਸਕਦੀ ਹੈ। ਇਸ ਲਈ ਕੁਝ ਦਿਨਾਂ ਦੀ ਡਾਕਟਰੀ ਸਾਂਭ ਸੰਭਾਲ ਤੋਂ ਬਾਅਦ ਅਸੀਂ ਬੱਚਾ ਇੱਕ ਸਮਾਜ ਸੇਵੀ ਸੰਸਥਾ ਨੂੰ ਇਹ ਆਖ ਕੇ ਸੌਂਪ ਦਿੱਤਾ ਕਿ ਉਹ ਸਾਨੂੰ ਪੁੱਛੇ ਬਗੈਰ ਇਸ ਨੂੰ ਗੋਦ ਨਾ ਦੇਣ। ਇਸ ਘਟਨਾ ਦੇ 20 ਕੁ ਦਿਨਾਂ ਬਾਅਦ ਦਿੱਲੀ ਦੇ ਇੱਕ ਕਰੋੜਪਤੀ ਜੋੜੇ ਨੇ ਡੀ.ਐਸ.ਪੀ. ਦੇ ਕਿਸੇ ਰਿਸ਼ਤੇਦਾਰ ਰਾਹੀਂ ਸਾਡੇ ਕੋਲ ਪਹੁੰਚ ਕੀਤੀ। ਪੁੱਛ ਗਿੱਛ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਜੋੜੇ ਦਾ ਵਿਆਹ ਹੋਏ ਨੂੰ 17 – 18 ਸਾਲ ਹੋ ਚੁੱਕੇ ਹਨ ਪਰ ਹਰ ਪ੍ਰਕਾਰ ਦੇ ਡਾਕਟਰੀ ਇਲਾਜ਼ ਦੇ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੋ ਸਕਿਆ ਉਸ ਸਮੇਂ ਟੈਸਟ ਟਿਊਬ, ਸਰੋਗੇਸੀ ਅਤੇ ਆਈ.ਵੀ.ਸੀ. ਆਦਿ ਤਰੀਕਿਆਂ ਨਾਲ ਬੱਚਾ ਪੈਦਾ ਕਰਨ ਦੀ ਤਕਨੀਕ ਵਿਕਸਤ ਨਹੀਂ ਸੀ ਹੋਈ।

ਉਸ ਵਿਅਕਤੀ ਦੀਆਂ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਰੈਡੀਮੇਡ ਗਾਰਮੈਂਟ ਦੀਆਂ ਅਨੇਕਾਂ ਦੁਕਾਨਾਂ ਸਮੇਤ ਦੋ ਦੁਕਾਨਾਂ ਦਿੱਲੀ ਦੇ ਸਭ ਤੋਂ ਮਹਿੰਗੇ ਇਲਾਕੇ ਕਨਾਟ ਪਲੇਸ ਵਿੱਚ ਸਨ। ਸਾਨੂੰ ਉਹ ਪਰਿਵਾਰ ਇਸ ਬੱਚੇ ਲਈ ਬਿਲਕੁਲ ਠੀਕ ਲੱਗਾ। ਇੱਕ ਤਾਂ ਦਿੱਲੀ ਬੱਚੇ ਦੇ ਜਨਮ ਸਥਾਨ ਤੋਂ ਸੈਂਕੜੇ ਮੀਲ ਦੂਰ ਸੀ ਤੇ ਦੂਸਰਾ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਲੋਕ ਪਿੰਡਾਂ ਤੋਂ ਬਹੁਤ ਜਿਆਦਾ ਅਗਾਂਹਵਧੂ ਹੁੰਦੇ ਹਨ। ਉਹ ਇੱਕ ਦੂਸਰੇ ਦੇ ਮਾਮਲੇ ਵਿੱਚ ਜਿਆਦਾ ਨੱਕ ਨਹੀਂ ਘਸੋੜਦੇ। ਜਦੋਂ ਸਾਰੀ ਗੱਲ ਸਿਰੇ ਲੱਗ ਗਈ ਤਾਂ ਅਖੀਰ ਵਿੱਚ ਡੀ.ਐਸ.ਪੀ. ਨੇ ਇੱਕ ਬਹੁਤ ਹੀ ਸਿਆਣੀ ਗੱਲ ਕੀਤੀ। ਉਸ ਨੇ ਜੋੜੇ ਨੂੰ ਪੁੱਛਿਆ ਕਿ ਜੇ ਕਲ੍ਹ ਨੂੰ ਕਿਸੇ ਤਰਾਂ ਤੁਹਾਡੇ ਘਰ ਔਲਾਦ ਪੈਦਾ ਹੋ ਗਈ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤਾਂ ਤੁਸੀਂ ਇਸ ਬੱਚੇ ਨੂੰ ਘਰੋਂ ਨਹੀਂ ਕੱਢ ਦਿਉਗੇ ਜਾਂ ਆਪਣਾ ਨੌਕਰ ਬਣਾ ਕੇ ਨਹੀਂ ਰੱਖੋਗੇ? ਉਸ ਜੋੜੇ ਨੇ ਜਵਾਬ ਦਿੱਤਾ ਕਿ ਅਸੀਂ ਅੱਜ ਹੀ ਆਪਣੀ ਅੱਧੀ ਜਾਇਦਾਦ ਇਸ ਬੱਚੇ ਦੇ ਨਾਮ ਕਰਨ ਲਈ ਤਿਆਰ ਹਾਂ। ਅਸੀਂ ਇੱਕ ਮਹੀਨੇ ਦੇ ਅੰਦਰ ਹੀ ਅੱਧੀ ਜਾਇਦਾਦ ਉਸ ਬੱਚੇ ਦੇ ਨਾਮ ‘ਤੇ ਕਰਨ ਦੀ ਕਾਨੂੰਨੀ ਕਾਰਵਾਈ ਮੁਕੰਮਲ ਕਰ ਕੇ ਬੱਚਾ ਉਹਨਾਂ ਨੂੰ ਗੋਦ ਦੇ ਦਿੱਤਾ ਤੇ ਉਸ ਦੇ ਜਨਮ ਸਰਟੀਫਿਕੇਟ ਵਿੱਚ ਉਸ ਜੋੜੇ ਦਾ ਨਾਮ ਮਾਂ ਬਾਪ ਦੇ ਤੌਰ ‘ਤੇ ਲਿਖਾਵਾ ਦਿੱਤਾ।

ਉਸ ਜੋੜੇ ਨੇ ਬੱਚੇ ਨੂੰ ਚੁੰਮ ਕੇ ਕਲੇਜੇ ਨਾਲ ਲਗਾਇਆ ਤੇ ਸਾਡਾ ਤੇ ਸਮਾਜ ਸੇਵੀ ਸੰਸਥਾ ਦਾ ਲੱਖ ਲੱਖ ਧੰਨਵਾਦ ਕੀਤਾ। ਖੁਸ਼ੀ ਨਾਲ ਮਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਵਹਿ ਰਹੀ ਸੀ। ਅਸੀਂ ਕਈ ਸਾਲਾਂ ਤੱਕ ਡੀ.ਐਸ.ਪੀ. ਦੇ ਰਿਸ਼ਤੇਦਾਰ ਰਾਹੀਂ ਉਸ ਬੱਚੇ ਦੇ ਹਾਲਾਤ ‘ਤੇ ਨਿਗਾਹ ਰੱਖੀ। ਉਸ ਜੋੜੇ ਨੇ ਬੱਚੇ ਨੂੰ ਦਿੱਲੀ ਦੇ ਸਭ ਤੋਂ ਮਹਿੰਗੇ ਸਕੂਲ ਅਤੇ ਕਾਲਜ ਵਿੱਚ ਸਿੱਖਿਆ ਦਿਵਾਈ। ਉਹ ਲੜਕਾ ਬਹੁਤ ਹੀ ਨੇਕ ਅਤੇ ਮਿਹਨਤੀ ਨਿਕਲਿਆ ਤੇ ਪੜ੍ਹਾਈ ਤੋਂ ਬਾਅਦ ਪਰਿਵਾਰਕ ਕਾਰੋਬਾਰ ਸੰਭਾਲ ਲਿਆ। ਦੋ ਕੁ ਸਾਲ ਪਹਿਲਾਂ ਉਸ ਦਾ ਇੱਕ ਬਹੁਤ ਹੀ ਅਮੀਰ ਖਾਨਦਾਨ ਦੀ ਲੜਕੀ ਨਾਲ ਵਿਆਹ ਵੀ ਹੋ ਗਿਆ ਹੈ। ਉਸ ਦੇ ਪਿਤਾ ਨੇ ਮੈਨੂੰ ਅਤੇ ਡੀ.ਐਸ.ਪੀ. (ਹੁਣ ਰਿਟਾਇਰ ਹੋ ਚੁੱਕਾ ਹੈ) ਨੂੰ ਵੀ ਵਿਆਹ ਦਾ ਕਾਰਡ ਭੇਜਿਆ ਸੀ ਤੇ ਆਉਣ ਲਈ ਕਈ ਫੋਨ ਵੀ ਕੀਤੇ ਸਨ। ਪਰ ਉਹਨਾਂ ਦੇ ਰੰਗ ਵਿੱਚ ਭੰਗ ਪੈਣ ਦੇ ਡਰੋਂ ਅਸੀਂ ਨਹੀਂ ਗਏ ਕਿਉਂਕਿ ਕਈ ਵਾਰ ਐਵੇਂ ਹੀ ਗੱਲ ਮੂੰਹੋਂ ਨਿਕਲ ਜਾਂਦੀ ਹੈ। ਉਸ ਲੜਕੇ ਨੂੰ ਅੱਜ ਤੱਕ ਵੀ ਨਹੀਂ ਪਤਾ ਕਿ ਉਸ ਨੂੰ ਗੋਦ ਲਿਆ ਗਿਆ ਸੀ। ਉਸ ਜੋੜੇ ਦੇ ਬਾਅਦ ਵਿੱਚ ਕੋਈ ਬੱਚਾ ਪੈਦਾ ਨਹੀਂ ਹੋਇਆ ਤੇ ਉਹ ਆਪਣੇ ਫੈਸਲੇ ਤੋਂ ਬੇਹੱਦ ਸੰਤੁਸ਼ਟ ਹਨ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਪਰੰਪਰਾ ਕਿਵੇਂ ਜਨਮ ਲੈਂਦੀ ਹੈ।

ਭਾਰਤ ਦੇ ਆਮ ਲੋਕਾਂ ਵਿੱਚ ‘ਤੇ ਖਾਸ ਤੌਰ ‘ਤੇ ਸੁਰੱਖਿਆ ਦਸਤਿਆਂ ਵਿੱਚ ਰੱਜ ਕੇ ਲਕੀਰ ਦੀ ਫਕੀਰੀ ਕੀਤੀ ਜਾਂਦੀ ਹੈ। ਜੇ ਇੱਕ ਵਾਰ ਕਿਸੇ ਅਫਸਰ ਨੇ ਕਿਤੇ ਗਾਰਦ ਲਗਾ ਦਿੱਤੀ, ਜਾਂ ਕਿਸੇ ਨੂੰ ਗੰਨਮੈਨ ਦੇ ਦਿੱਤੇ ਤਾਂ ਫਿਰ ਸਾਲਾਂ ਤੱਕ ਉਸੇ ਤਰਾਂ ਨਾਲ ਹੀ ਚੱਲਦਾ ਰਹਿੰਦਾ ਹੈ। ਮਜੀਠੇ ਥਾਣੇ ਵਿੱਚ ਇੱਕ ਛੀਨਾ ਨਾਮ ਦਾ ਛੋਟਾ ਥਾਣੇਦਾਰ ਹੁੰਦਾ ਸੀ ਜਿਸ ਦਾ ਅਸਲ ਰੈਂਕ ਹੌਲਦਾਰ ਸੀ। ਕਈ ਸਾਲ ਪਹਿਲਾਂ ਅੱਤਵਾਦ ਦੌਰਾਨ ਉਸ ਦੇ ਏਰੀਆ ਦੇ ਡੀ.ਐਸ.ਪੀ. ਨੇ ਕਿਸੇ ਕੰਮ ਬਦਲੇ ਖੁਸ਼ ਹੋ ਕੇ ਉਸ ਨੂੰ ਲੋਕਲ ਰੈਂਕ ਥਾਣੇਦਾਰ ਬਣਾਉਣ ਲਈ ਸ਼ਿਫਾਰਸ਼ੀ ਚਿੱਠੀ ਲਿਖ ਕੇ ਐਸ.ਐਸ.ਪੀ. ਨੂੰ ਭੇਜ ਦਿੱਤੀ। ਪਤਾ ਨਹੀਂ ਐਸ.ਐਸ.ਪੀ. ਨੇ ਅੱਗੇ ਡੀ.ਜੀ.ਪੀ. ਦਫਤਰ ਨੂੰ ਲਿਖ ਕੇ ਭੇਜਿਆ ਕਿ ਨਹੀਂ, ਮੁੱਕਦੀ ਗੱਲ ਛੀਨੇ ਨੂੰ ਰੈਂਕ ਨਾ ਮਿਲਿਆ। ਪਰ ਛੀਨੇ ਨੇ ਕਮਾਲ ਦੀ ਫੁਰਤੀ ਵਿਖਾਈ ਤੇ ਡੀ.ਐਸ.ਪੀ. ਦੀ ਸ਼ਿਫਾਰਸ਼ ਦੇ ਅਧਾਰ ‘ਤੇ ਹੀ ਆਪਣੇ ਆਪ ਸਟਾਰ ਲਗਾ ਕੇ ਏ.ਐਸ.ਆਈ ਬਣ ਗਿਆ। ਰਿਟਾਇਰਮੈਂਟ ਤੱਕ ਉਸ ਨੂੰ ਕਿਸੇ ਨੇ ਨਾ ਪੁੱਛਿਆ ਕਿ ਉਹ ਕਿਸ ਆਰਡਰ ਦੇ ਅਨੁਸਾਰ ਥਾਣੇਦਾਰ ਦੀ ਵਰਦੀ ਪਾਈ ਫਿਰਦਾ ਹੈ? ਇਸ ਤਰਾਂ ਦੀਆਂ ਕਈ ਮਿਸਾਲਾਂ ਪੁਲਿਸ ਮਹਿਕਮੇ ਵਿੱਚ ਵੇਖਣ ਨੂੰ ਮਿਲਦੀਆਂ ਹਨ।

ਜਦੋਂ ਮੈਂ ਮਜੀਠੇ ਸਬ ਡਵੀਜ਼ਨ ਦਾ ਡੀ.ਐਸ.ਪੀ. ਲੱਗਾ ਹੋਇਆ ਸੀ ਤਾਂ ਸੰਨ 2003 ਵਿੱਚ ਕੱਥੂਨੰਗਲ ਥਾਣੇ ਦੀ ਚੈਕਿੰਗ ਦੌਰਾਨ ਪਤਾ ਲੱਗਾ ਕਿ ਨਹਿਰ ਵਾਲੇ ਰੇਲਵੇ ਪੁਲ (ਅੰਮ੍ਰਿਤਸਰ – ਡੇਰਾ ਬਾਬਾ ਨਾਨਕ ਰੇਲਵੇ ਟਰੈਕ) ‘ਤੇ ਪਿਛਲੇ 13 ਸਾਲਾਂ ਤੋਂ ਥਾਣੇ ਵੱਲੋਂ ਗਾਰਦ ਲੱਗੀ ਹੋਈ ਸੀ ਤੇ ਲਗਾਤਰ ਉਹ ਹੀ ਤਿੰਨ ਸਿਪਾਹੀ ਉਥੇ ਡਿਊਟੀ ਦੇ ਰਹੇ ਸਨ। ਮੈਂ ਐਸ.ਐਚ.ਉ. ਨੂੰ ਪੁੱਛਿਆ ਕਿ ਇਹ ਗਾਰਦ ਕਿਸ ਆਰਡਰ ਨਾਲ ਲਗਾਈ ਗਈ ਹੈ ? ਜਵਾਬ ਆਇਆ ਕਿ ਸਰ ਅੱਤਵਾਦ ਸਮੇਂ ਅਫਸਰਾਂ ਦੇ ਜ਼ੁਬਾਨੀ ਹੁਕਮਾਂ ਨਾਲ ਲਗਾਈ ਗਈ ਸੀ। ਪਰ ਕਿਸ ਅਫਸਰ ਨੇ ਹੁਕਮ ਦਿੱਤਾ ਸੀ, ਉਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਮੈਂ ਕਿਹਾ ਕਿ ਹੁਣ ਤਾਂ ਅੱਤਵਾਦ ਨਹੀਂ ਹੈ, ਹੁਣ ਕਿਉਂ ਲੱਗੀ ਹੈ? ਜਵਾਬ ਮਿਲਿਆ ਕਿ ਸਰ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ। ਮੈਂ ਐਸ.ਐਚ.ਉ. ਨੂੰ ਨਾਲ ਲੈ ਕੇ ਗਾਰਦ ਚੈੱਕ ਕਰਨ ਲਈ ਪਹੁੰਚਿਆ ਤਾਂ ਉਥੇ ਦਾ ਮਾਹੌਲ ਵੇਖਣ ਹੀ ਵਾਲਾ ਸੀ। ਇੱਕ ਸਿਪਾਹੀ ਵੱਡਾ ਸਾਰਾ ਕੱਛਾ ਪਾ ਕੇ ਰੇਲਵੇ ਦੀ ਅੱਧਾ ਏਕੜ ਜ਼ਮੀਨ ‘ਤੇ ਕਬਜ਼ਾ ਕਰ ਕੇ ਬਣਾਈ ਗਈ ਬਗੀਚੀ ਵਿੱਚ ਸਬਜ਼ੀ ਗੋਡ ਰਿਹਾ ਸੀ। ਬੁਰੀ ਤਰਾਂ ਜੰਗਾਲੀਆਂ ਹੋਈਆਂ ਰਾਈਫਲਾਂ ਇੱਕ ਢੱਠੇ ਜਿਹੇ ਕਮਰੇ ਵਿੱਚ ਪਈਆਂ ਸਨ। ਪੁੱਛ ਗਿੱਛ ਕਰਨ ‘ਤੇ ਪਤਾ ਲੱਗਾ ਕਿ ਰੋਜ਼ਾਨਾ ਸਿਰਫ ਇੱਕ ਸਿਪਾਹੀ ਵਾਰੀ ਨਾਲ ਰਾਈਫਲਾਂ ਦੀ ਰਾਖੀ ਲਈ ਇਥੇ ਰਹਿੰਦਾ ਹੈ ਤੇ ਬਾਕੀ ਘਰੇ ਅਰਾਮ ਫਰਮਾਉਂਦੇ ਹਨ। ਗੋਡੀ ਕਰਨ ਵਾਲਾ ਸਿਪਾਹੀ ਦੋ ਚਾਰ ਦਿਨਾਂ ਬਾਅਦ ਫੇਰੀ ਵਾਲਿਆਂ ਨੂੰ ਸਬਜ਼ੀ ਵੇਚ ਕੇ ਪੰਜ ਸੱਤ ਸੌ ਵੱਟ ਲੈਂਦਾ ਸੀ ਤੇ ਨਾਲ ਦੋ ਟੈਕਸੀਆਂ ਵੀ ਪਾਈਆਂ ਹੋਈਆਂ ਸਨ। ਬਾਕੀ ਦੇ ਦੋ ਸਿਪਾਹੀ ਭਾਈਵਾਲੀ ਵਿੱਚ ਪ੍ਰਾਪਰਟੀ ਦਾ ਧੰਦਾ ਕਰ ਰਹੇ ਸਨ। ਮੈਂ ਉਸ ਸਿਪਾਹੀ ਨੂੰ ਸਣੇ ਹਥਿਆਰਾਂ ਦੇ ਗੱਡੀ ਵਿੱਚ ਲੱਦ ਕੇ ਥਾਣੇ ਜਮ੍ਹਾਂ ਕਰਵਾਇਆ ਤੇ ਸਾਰੀ ਗਾਰਦ ਨੂੰ ਥਾਣੇ ਡਿਊਟੀ ਕਰਨ ਦਾ ਹੁਕਮ ਦੇ ਦਿੱਤਾ। ਸ਼ਾਮ ਤੱਕ ਮੈਨੂੰ ਲੀਡਰਾਂ ਅਤੇ ਅਫਸਰਾਂ ਦੇ ਕੋਈ 200 ਫੋਨ ਆਏ ਕਿ ਉਹਨਾਂ ਨੂੰ ਦੁਬਾਰਾ ਉਥੇ ਹੀ ਵਾਪਸ ਭੇਜਿਆ ਜਾਵੇ, ਪਰ ਮੈਂ ਇਹ ਕਹਿ ਕੇ ਟਾਲ ਦਿੱਤਾ ਕਿ ਗਾਰਦ ਦੇ ਆਰਡਰ ਚੰਡੀਗੜ੍ਹ ਤੋਂ ਕੈਂਸਲ ਹੋ ਗਏ ਹਨ।

ਇੱਕ ਛਾਉਣੀ ਵਿੱਚ ਇੱਕ ਨਵੇਂ ਕਮਾਂਡੈਂਟ ਦੀ ਪੋਸਟਿੰਗ ਹੋਈ। ਇੰਸਪੈਕਸ਼ਨ ਦੌਰਾਨ ਉਸ ਨੇ ਵੇਖਿਆ ਕਿ ਬੱਚਿਆਂ ਦੇ ਪਾਰਕ ਵਿੱਚ ਇੱਕ ਜਵਾਨ ਇੱਕ ਬੈਂਚ ਦੀ ਪਹਿਰੇਦਾਰੀ ਕਰ ਰਿਹਾ ਹੈ। ਉਸ ਦੇ ਕਾਰਨ ਪੁੱਛਣ ‘ਤੇ ਸਿਪਾਹੀ ਨੇ ਜਵਾਬ ਦਿੱਤਾ, “ਜ਼ਨਾਬ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਹੈ। ਪਿਛਲੇ ਕਮਾਂਡੈਂਟ ਸਾਹਿਬ ਨੇ ਇਸ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ ਸੀ। ਅਸੀਂ ਚਾਰ ਸਿਪਾਹੀ ਵਾਰੀ ਵਾਰੀ 24 ਘੰਟੇ ਇਸ ਬੈਂਚ ਦੀ ਪਹਿਰੇਦਾਰੀ ਕਰਦੇ ਹਾਂ।” ਕਮਾਂਡੈਂਟ ਕੁਝ ਦਿਨ ਤਾਂ ਚੁੱਪ ਰਿਹਾ ਕਿ ਸ਼ਾਇਦ ਇਸ ਛਾਉਣੀ ਦੀ ਇਹ ਕੋਈ ਪਰੰਪਰਾ ਹੋਵੇਗੀ। ਪਰ ਫਿਰ ਉਸ ਨੇ ਤਹਿ ਤੱਕ ਜਾਣ ਦਾ ਫੈਸਲਾ ਕੀਤਾ ਤੇ ਪਿਛਲੇ ਕਮਾਂਡੈਂਟ ਨੂੰ ਫੋਨ ਕੀਤਾ ਕਿ ਉਸ ਵਿਸ਼ੇਸ਼ ਬੈਂਚ ਦੀ ਪਹਿਰੇਦਾਰੀ ਕਿਉਂ ਕੀਤੀ ਜਾ ਰਹੀ ਹੈ? ਪਿਛਲੇ ਕਮਾਂਡੈਂਟ ਨੇ ਦੱਸਿਆ ਕਿ ਉਸ ਨੂੰ ਵੀ ਨਹੀਂ ਪਤਾ। ਉਸ ਤੋਂ ਪਿਛਲਾ ਕਮਾਂਡੈਂਟ ਉਸ ਬੈਂਚ ਦੀ ਪਹਿਰੇਦਾਰੀ ਕਰਵਾਉਂਦਾ ਸੀ, ਸੋ ਮੈਂ ਵੀ ਪਰੰਪਰਾ ਨੂੰ ਕਾਇਮ ਰੱਖਿਆ। ਨਵੇਂ ਕਮਾਂਡੈਂਟ ਨੇ ਆਪਣੇ ਯਤਨ ਜਾਰੀ ਰੱਖੇ ਤੇ ਅੱਗੇ ਤੋਂ ਅੱਗੇ ਪੁੱਛੀ ਗਿਆ, ਪਰ ਸਾਰਿਆਂ ਨੇ ਪਿਛਲੀ ਪਰੰਪਰਾ ਕਾਇਮ ਰੱਖਣ ਬਾਰੇ ਦੱਸ ਕੇ ਪੱਲਾ ਝਾੜ ਲਿਆ।

ਉਸ ਦੇ ਯਤਨਾਂ ਨੂੰ ਉਦੋਂ ਬੂਰ ਪਿਆ ਜਦੋਂ ਅਖੀਰ ਵਿੱਚ ਉਸ ਦੀ ਗੱਲ ਇੱਕ 99 ਸਾਲਾਂ ਦੇ ਰਿਟਾਇਰਡ ਜਨਰਲ ਨਾਲ ਹੋਈ। ਨਵੇਂ ਕਮਾਂਡੈਂਟ ਨੇ ਉਸ ਨੂੰ ਫੋਨ ਕੀਤਾ, “ਸਰ ਮੈਂ ਤੁਹਾਨੂੰ ਡਿਸਟਰਬ ਕਰਨ ਲਈ ਮਾਫੀ ਚਾਹੁੰਦਾ ਹਾਂ। ਮੈਂ ਫਲਾਣੀ ਛਾਉਣੀ ਦਾ ਕਮਾਂਡੈਂਟ ਹਾਂ ਜਿੱਥੇ ਤੁਸੀਂ 60 ਸਾਲ ਪਹਿਲਾਂ ਕਮਾਂਡੈਂਟ ਹੁੰਦੇ ਸੀ। ਮੈਂ ਇਥੇ ਇੱਕ ਗਾਰਦ ਨੂੰ ਇੱਕ ਬੈਂਚ ਦੀ ਰਖਵਾਲੀ ਕਰਦੇ ਹੋਏ ਵੇਖਿਆ ਹੈ। ਕੀ ਤੁਸੀਂ ਮੈਨੂੰ ਇਸ ਬੈਂਚ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ ? ਕੀ ਇਹ ਬੈਂਚ ਕੋਈ ਕੀਮਤੀ ਇਤਿਹਾਸਿਕ ਧਰੋਹਰ ਹੈ ?” ਜਰਨੈਲ ਸਾਹਿਬ ਨੂੰ ਇਹ ਗੱਲ ਸੁਣ ਕੇ ਸਖਤ ਹੈਰਾਨੀ ਹੋਈ, “ਕੀ ਕਿਹਾ ? ਉਸ ਬੈਂਚ ਦਾ ਪੇਂਟ ਅਜੇ ਤੱਕ ਨਹੀਂ ਸੁੱਕਾ?” ਕਮਾਂਡੈਂਟ ਨੇ ਫਿਰ ਪੁੱਛਿਆ, “ਸਰ ਪੇਂਟ, ਕਿਹੜਾ ਪੇਂਟ? ਮੈਨੂੰ ਤੁਹਾਡੀ ਸਮਝ ਨਹੀਂ ਆਈ। ਬੈਂਚ ਤਾਂ ਗਲਿਆ ਸੜਿਆ ਪਿਆ ਹੈ।” ਜਰਨੈਲ ਸਾਹਿਬ ਹੱਸ ਕੇ ਬੋਲੇ, “ਕਾਕਾ ਜਦੋਂ ਮੈਂ ਇਥੇ ਕਮਾਂਡੈਂਟ ਸੀ ਤਾਂ ਉਸ ਵੇਲੇ ਬੈਂਚ ਨੂੰ ਪੇਂਟ ਕੀਤਾ ਗਿਆ ਸੀ। ਪਾਰਕ ਵਿੱਚ ਖੇਡਣ ਵਾਲੇ ਬੱਚੇ ਕਿਤੇ ਆਪਣੇ ਕੱਪੜੇ ਖਰਾਬ ਨਾ ਕਰ ਲੈਣ, ਇਸ ਲਈ ਉਥੇ ਦੋ ਸਿਪਾਹੀਆਂ ਦੀ ਡਿਊਟੀ ਲਗਾਈ ਗਈ ਸੀ। ਮੈਨੂੰ ਤਾਂ ਉਸ ਰਾਤ ਹੀ ਜੰਗ ਕਾਰਨ ਬਾਰਡਰ ‘ਤੇ ਜਾਣਾ ਪੈ ਗਿਆ ਸੀ ਤੇ ਉਥੋਂ ਹੀ ਮੇਰੀ ਬਦਲੀ ਹੋ ਗਈ ਸੀ।” ਸੁਣ ਕੇ ਨਵੇਂ ਕਮਾਂਡੈਂਟ ਨੂੰ ਚੱਕਰ ਆਉਣ ਲੱਗ ਪਏ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਕੀ ਅਸਲ ਵਿੱਚ ਹੁੰਦੇ ਹਨ ਚਮਤਕਾਰ ?

ਜਨਤਾ ਨੂੰ ਲਾਰੇ ਲਗਾ ਕੇ ਲੰਬੇ ਸਮੇਂ ਤੱਕ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਪਰ ਧਾਰਮਿਕ ਅੰਧ ਵਿਸ਼ਵਾਸ ਇੱਕ ਅਜਿਹਾ ਖੇਤਰ ਹੈ ਜਿਥੇ ਲੋਕ ਅਨੰਤ ਕਾਲ ਤੱਕ ਪੀੜ੍ਹੀ ਦਰ ਪੀੜ੍ਹੀ ਮੂਰਖ ਬਣਦੇ ਆ ਰਹੇ ਹਨ ਤੇ ਬਣਦੇ ਰਹਿਣਗੇ। ਅੱਜ ਕਲ੍ਹ ਪੰਜਾਬ ਵਿੱਚ ਕੁਝ ਲੋਕਾਂ ਵੱਲੋਂ ਸਟੇਜਾਂ ‘ਤੇ ਸ਼ਰੇਆਮ ਕਥਿੱਤ ਚਮਤਕਾਰ ਵਿਖਾਏ ਜਾ ਰਹੇ ਹਨ। ਵੇਖ ਕੇ ਹੈਰਾਨੀ ਹੁੰਦੀ ਹੈ ਕਿ ਲੋਕ ਮੌਜੂਦਾ ਜ਼ਮਾਨੇ ਵਿੱਚ ਵੀ ਅਜਿਹੀਆਂ ਬਿਨ ਸਿਰ ਪੈਰ ਦੀਆਂ ਗੱਲਾਂ ‘ਤੇ ਵਿਸ਼ਵਾਸ਼ ਕਰ ਰਹੇ ਹਨ। ਕੈਂਸਰ, ਲਕਵਾ, ਰੀੜ੍ਹ ਦੀ ਹੱਡੀ ਅਤੇ ਏਡਜ਼ ਆਦਿ ਵਰਗੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਮੰਜੇ ‘ਤੇ ਪਾ ਕੇ ਸਟੇਜ ‘ਤੇ ਲਿਜਾਇਆ ਜਾਂਦਾ ਹੈ ਜਿੱਥੇ ਇੱਕ ਕਥਿੱਤ ਧਾਰਮਿਕ ਵਿਅਕਤੀ ਕੁਝ ਮੰਤਰ ਪੜ੍ਹ ਕੇ ਉਨ੍ਹਾ ਦੇ ਮੱਥੇ ਨੂੰ ਹੱਥ ਲਗਾਉਂਦਾ ਹੈ ਤੇ ਮਰੀਜ਼ ਉੱਠ ਕੇ ਭੰਗੜਾ ਪਾਉਣ ਲੱਗ ਪੈਂਦੇ ਹਨ। ਜੇ ਵੀਡੀਉ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਲੱਗਦਾ ਹੈ ਕਿ ਕਥਿੱਤ ਬਿਮਾਰ ਵਿਅਕਤੀ ਕੋਈ ਦਾ ਫੇਲ੍ਹ ਹੋਇਆ ਐਕਟਰ ਹੈ। ਲੰਪੀ ਸਕਿੱਨ ਰੋਗ ਤੋਂ ਪੀੜਤ ਪਸ਼ੂ ਪਾਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਸ਼ੂ ਲੱਦ ਕੇ ਇਨ੍ਹਾਂ ਡੇਰਿਆਂ ਵਿੱਚ ਪਹੁੰਚ ਜਾਣ ਤਾਂ ਜੋ ਕਰੋੜਾਂ ਰੁਪਏ ਦੇ ਦੁਧਾਰੂ ਪਸ਼ੂਆਂ ਦੀ ਜਾਨ ਬਚ ਸਕੇ। ਜਾਂ ਪੰਜਾਬ ਸਰਕਾਰ ਇਨ੍ਹਾਂ ਧਾਰਮਿਕ ਵਿਅਕਤੀਆਂ ਦੀ ਡਿਊਟੀ ਲਗਾਵੇ ਕਿ ਉਹ ਪਿੰਡ ਪਿੰਡ ਜਾ ਕੇ ਇਸ ਬਿਮਾਰੀ ਤੋਂ ਪੀੜਤ ਜਾਨਵਰਾਂ ਨੂੰ ਠੀਕ ਕਰਨ। ਵੈਸੇ ਜਦੋਂ ਦੁਨੀਆਂ ਵਿੱਚ ਕਰੋਨਾ ਵਾਇਰਸ ਫੈਲਿਆ ਸੀ ਤਾਂ ਕੋਈ ਚਮਤਕਾਰ ਕੰਮ ਨਹੀਂ ਸੀ ਆਇਆ। ਜੇ ਇਨ੍ਹਾਂ ਧਾਰਮਿਕ ਵਿਅਕਤੀਆਂ ਦਾ ਮੈਡੀਕਲ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਬੂਸਟਰ ਡੋਜ਼ ਸਮੇਤ ਕਰੋਨਾ ਦੀਆਂ ਤਿੰਨੇ ਡੋਜ਼ਾਂ ਲੱਗੀਆਂ ਹੋਣਗੀਆਂ।

ਸਾਇੰਸ ਦਾ ਪਹਿਲਾ ਅਸੂਲ ਹੈ ਕਿ ਮੈਟਰ (ਪਦਾਰਥ) ਨਾ ਬਣ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ। ਇਸ ਕਾਰਨ ਹੀ ਅੱਜ ਤੱਕ ਭਾਰਤ ਦਾ ਕੋਈ ਬਾਬਾ, ਪੀਰ, ਫਕੀਰ, ਤਾਂਤਰਿਕ, ਮਾਂਤਰਿਕ ਅਤੇ ਜਾਦੂਗਰ ਤਰਕਸ਼ੀਲਾਂ ਵੱਲੋਂ ਘੋਸ਼ਿਤ ਕਰੋੜਾਂ ਰੁਪਏ ਦਾ ਇਨਾਮ ਨਹੀਂ ਜਿੱਤ ਸਕਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਪੀਰਨੀ ਹੈ। ਉਸ ਦਾ ਦਾਅਵਾ ਹੈ ਕਿ ਉਸ ਕੋਲ ਭਿਆਨਕ ਜਿੰਨ ਭੂਤ ਕੈਦ ਕੀਤੇ ਹੋਏ ਹਨ ਤੇ ਉਸ ਦੀ ਰੂਹਾਨੀ ਤਾਕਤ ਸਦਕਾ ਹੀ ਇਮਰਾਨ ਖਾਨ ਪ੍ਰਧਾਨ ਮੰਤਰੀ ਬਣਿਆ ਸੀ। ਪਰ ਜਦੋਂ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਉਸ ਦਾ ਤਖਤਾ ਪਲਟਾ ਦਿੱਤਾ ਤਾਂ ਕੋਈ ਜਿੰਨ ਭੂਤ ਸ਼ਾਹਬਾਜ਼ ਸ਼ਰੀਫ ਦੀਆਂ ਚਰਗੱਡੀਆਂ ਨਹੀਂ ਕਰਵਾ ਸਕਿਆ। ਫ਼ਨਬਸਪ;ਅਖਬਾਰੀ ਖਬਰਾਂ ਤੋਂ ਲੱਗ ਰਿਹਾ ਹੈ ਕਿ ਜਲਦੀ ਹੀ ਇਮਰਾਨ ਖਾਨ ਦੀ ਜੇਲ੍ਹ ਯਾਤਰਾ ਦਾ ਆਸਾਰ ਵੀ ਬਣ ਰਹੇ ਹਨ। ਅਸਲ ਚਮਤਕਾਰ ਉਹ ਹੈ ਜੋ ਪੱਛਮੀ ਦੇਸ਼ਾਂ ਦੇ ਵਿਗਿਆਨੀਆਂ ਨੇ ਕੀਤੇ ਹਨ। ਉਨ੍ਹਾਂ ਨੇ ਲੋਕਾਈ ਦੀ ਜ਼ਿੰਦਗੀ ਪੁਰਸਕੂਨ ਕਰਨ ਲਈ ਬਿਜਲੀ, ਮੋਟਰ ਗੱਡੀਆਂ, ਰੇਲਾਂ, ਟਿਊਬਵੈੱਲ, ਟਰੈਕਟਰ, ਖਾਦਾਂ, ਰੇਡਿਉ, ਟੈਲੀਵਿਜ਼ਨ, ਪੱਖੇ, ਏਅਰ ਕੰਡੀਸ਼ਨਰ, ਫ਼ਨਬਸਪ;ਕੰਪਿਊਟਰ ਚਿੱਪ, ਪੈੱਨ ਡਰਾਈਵ, ਵਾਸ਼ਿੰਗ ਮਸ਼ੀਨ, ਹਵਾਈ ਅਤੇ ਸਮੁੰਦਰੀ ਜਹਾਜ਼, ਰਾਕਟ, ਫਰਿੱਜ਼, ਇੰਟਰਨੈੱਟ, ਰੋਬੋਟ, ਸਾਈਕਲ, ਲਿਫਟ, ਟੈਲੀਫੋਨ, ਮੋਬਾਇਲ ਫੋਨ, ਈਮੇਲ, ਵੱਟਸਐੱਪ, ਫੇਸਬੁੱਕ, ਸੈਟੇਲਾਈਟ, ਮੈਟਰੋ ਤੇ ਬੁਲੈਟ ਟਰੇਨਾਂ, ਦਵਾਈਆਂ, ਐਕਸਰੇ, ਅਲਟਰਾ ਸਾਊਂਡ, ਦਿਲ ਵਾਸਤੇ ਸਟੰਟ, ਟੀਬੀ, ਪੋਲੀਉ, ਛੋਟੀ ਮਾਤਾ ਅਤੇ ਹਲਕਾਅ ਆਦਿ ਦੇ ਟੀਕਿਆਂ ਸਮੇਤ ਲੱਖਾਂ ਵਸਤੂਆਂ ਦੀ ਕਾਢ ਕੱਢੀ ਹੈ।

ਅਸੀਂ ਕੀ ਖੋਜਿਆ ਹੈ? ਭੂਤ ਪ੍ਰੇਤ, ਰਾਕਸ਼, ਚੁੜੇਲਾਂ, ਸਵਰਗ ਨਰਕ, ਜੋਤਸ਼ੀ, ਤਾਂਤਰਿਕ, ਵਾਸਤੂ ਕਲਾ ਐਕਸਪਰਟ, ਨਾਂਗੇ ਸਾਧੂ, ਆਤਮਾ, ਪ੍ਰਮਾਤਮਾ, ਧਰਤੀ ਸ਼ੇਸ਼ਨਾਗ ਦੀ ਫੱਨ ‘ਤੇ ਟਿਕੀ ਹੋਈ ਹੈ, ਸਭ ਦੁੱਖਾਂ ਦਾ ਇਲਾਜ ਧਾਰਮਿਕ ਕਰਮ ਕਾਂਡ ਅਤੇ ਨਗਰ ਕੀਰਤਨ, 33 ਕਰੋੜ ਦੇਵੀ ਦੇਵਤੇ, ਹਰ ਕੰਮ ਲਈ ਅਲੱਗ ਦੇਵਤਾ, ਗ੍ਰਹਿ ਚਾਲ ਦੀ ਦਸ਼ਾ ਬਦਲਣ ਵਾਲੇ ਐਕਸਪਰਟ, ਹਰ ਪ੍ਰਕਾਰ ਦੇ ਧਰਮ ਸਥਾਨ ਦਾ ਨਿਰਮਾਣ ਤੇ ਫਿਰ ਉਸ ‘ਤੇ ਕਬਜ਼ੇ ਲਈ ਜੂਤ ਪਤਾਣ ਹੋਣਾ, ਹਰ ਪ੍ਰਕਾਰ ਦੀ ਬਿਮਾਰੀ ਦੂਰ ਕਰਨ ਲਈ ਅਲੱਗ ਮੰਤਰ, ਮਨਪਸੰਦ ਵਿਆਹ, ਪਿਆਰ, ਦੁਸ਼ਮਣ ਤੇ ਸੌਂਕਣ ਨੂੰ ਨਸ਼ਟ ਕਰਨਾ, ਕਾਰੋਬਾਰ ਵਿੱਚ ਘਾਟਾ ਵਾਧਾ ਅਤੇ ਘਰੇਲੂ ਕਲੇਸ਼ ਨੂੰ ਖਤਮ ਕਰਨ ਦਾ ਪ੍ਰਬੰਧ ਕਰਨ ਵਾਲੇ ਠੱਗ, ਬਾਲ ਵਿਆਹ, ਸਤੀ ਪ੍ਰਥਾ ਅਤੇ ਜਾਤੀਵਾਦ ਆਦਿ ਆਦਿ। ਸ਼ੁਰੂ ਵਿੱਚ ਜਦੋਂ ਆਰੀਅਨ ਭਾਰਤ ਵਿੱਚ ਆਏ ਸਨ ਤਾਂ ਉਹ ਰੌਸ਼ਨ ਦਿਮਾਗ ਸਨ। ਉਸ ਵੇਲੇ ਵੇਦ ਲਿਖੇ ਗਏ ਅਤੇ ਅਨੇਕਾਂ ਵਿਗਿਆਨਕ ਖੋਜਾਂ ਕੀਤੀਆਂ ਗਈਆਂ। ਪਰ ਜਦੋਂ ਭਾਰਤੀ ਸਮਾਜ ਰਾਜਸ਼ਾਹੀ ਅਤੇ ਪੁਜਾਰੀਵਾਦ ਦੀ ਜਕੜ ਵਿੱਚ ਆ ਗਿਆ ਤਾਂ ਉਨ੍ਹਾਂ ਨੇ ਆਪਣੇ ਹਿੱਤ ਸਾਧਣ ਲਈ ਲੋਕਾਂ ਦੇ ਦਿਲੋ ਦਿਮਾਗ ‘ਤੇ ਕਾਬੂ ਕਰ ਲਿਆ। ਆਪਣਾ ਦਹੀਂ ਮੰਡਾ ਚਲਾਉਣ ਲਈ ਜਨਤਾ ਨੂੰ ਅਗਿਆਨ ਦੇ ਹਨੇਰੇ ਵਿੱਚ ਧਕੇਲ ਦਿੱਤਾ ਜੋ ਮੌਜੂਦਾ ਹਾਕਮਾਂ ਵੱਲੋਂ ਬਾਦਸਤੂਰ ਜਾਰੀ ਹੈ।

ਜੇ ਚਮਤਕਾਰ ਵਰਗੀ ਕੋਈ ਚੀਜ਼ ਹੁੰਦੀ ਤਾਂ ਫਿਰ ਦੁਨੀਆਂ ਵਿੱਚ ਕੋਈ ਮੁਸੀਬਤ ਹੀ ਨਹੀਂ ਸੀ ਰਹਿਣੀ। ਸਭ ਤੋਂ ਤਾਕਤਵਰ ਚਮਤਕਾਰੀ ਬਾਬੇ ਲੀਡਰਾਂ ਅਤੇ ਸਰਮਾਏਦਾਰਾਂ ਦੇ ਪਾਲਤੂ ਹੋਣੇ ਸਨ। ਇਲੈੱਕਸ਼ਨ ਜਿੱਤਣ ਲਈ ਸਿਰ ਵਿੱਚ ਮਿੱਟੀ ਪਵਾਉਣ, ਅਰਬਾਂ ਰੁਪਏ ਫੂਕਣ, ਗਰੀਬਾਂ ਦੇ ਪੈਰ ਚੱਟਣ ਅਤੇ ਜਨਤਾ ਵਿੱਚ ਜ਼ਾਤ ਧਰਮ ਦੇ ਨਾਮ ‘ਤੇ ਨਫਰਤ ਫੈਲਾਉਣ ਦੀ ਜਰੂਰਤ ਹੀ ਨਹੀਂ ਸੀ ਰਹਿਣੀ। ਬਾਬੇ ਨੇ ਇੱਕ ਮੰਤਰ ਪੜ੍ਹਨਾ ਸੀ ਤੇ ਸਰਕਾਰ ਬਣ ਜਾਣੀ ਸੀ। ਵਿਰੋਧੀ ਪਾਰਟੀਆਂ ਨੇਤਾਵਾਂ ਸਮੇਤ ਧਰਤੀ ਤੋਂ ਗਾਇਬ ਹੋ ਜਾਣੀਆਂ ਸਨ। ਦੁਨੀਆਂ ਵਿੱਚੋਂ ਸੋਕਾ, ਹੜ੍ਹ, ਦੰਗੇ, ਲੜਾਈਆਂ, ਝਗੜੇ, ਅਕਾਲ, ਬਿਮਾਰੀਆਂ, ਭੁੱਖਮਰੀ ਅਤੇ ਅੱਤਵਾਦ ਆਦਿ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਲੱਭਣਾ। ਕਰੋਨਾ, ਮੰਕੀ ਪਾਕਸ ਅਤੇ ਲੰਪੀ ਸਕਿੱਨ ਵਰਗੀਆਂ ਬਿਮਾਰੀ ਸ਼ੁਰੂ ਹੀ ਨਹੀਂ ਸਨ ਹੋਣੀਆਂ। ਚੀਨ ਅਤੇ ਪਾਕਿਸਤਾਨ ਦੀ ਕੀ ਹਿੰਮਤ ਹੋਣੀ ਸੀ ਕਿ ਭਾਰਤ ਨੂੰ ਡੇਲੇ ਵਿਖਾ ਸਕਦੇ।

ਅੱਜ ਭਾਰਤ ਵਿੱਚ ਲੱਖਾਂ ਚਮਤਕਾਰੀ ਬਾਬੇ ਆਪਣੀਆਂ ਦੁਕਾਨਾਂ ਸਜਾਈ ਬੈਠੇ ਹਨ। ਮਿਰਚੀ ਬਾਬੇ ਵਰਗੇ ਕਈ ਪਾਖੰਡੀ ਤਾਂ ਸਿਰੇ ਦੇ ਬੇਸ਼ਰਮ ਹਨ। ਉਸ ਨੇ ਮੱਧ ਪ੍ਰਦੇਸ਼ ਦੀਆਂ ਪਿਛਲੀਆ ਵਿਧਾਨ ਸਭਾ ਚੋਣਾਂ ਵਿੱਚ ਦਾਅਵਾ ਕੀਤਾ ਸੀ ਕਿ ਉਹ ਯੱਗ ਵਿੱਚ ਮਿਰਚਾਂ ਸਾੜ ਕੇ ਅਜਿਹਾ ਚਮਤਕਾਰ ਵਰਤਾਵੇਗਾ ਕਿ ਕਾਂਗਰਸੀ ਆਗੂ ਦਿਗਵਿਜੇ ਸਿੰਘ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦੇਵੇਗਾ। ਜੇ ਦਿਗਵਿਜੇ ਸਿੰਘ ਨਾ ਜਿੱਤਿਆ ਤਾਂ ਮੈਂ ਜਲ ਸਮਾਧੀ (ਆਤਮ ਹੱਤਿਆ) ਕਰ ਲਵਾਂਗਾ। ਪਰ ਹੋਇਆ ਉਲਟ, ਦਿਗਵਿਜੇ ਸਿੰਘ ਦੀ ਹੀ ਜ਼ਮਾਨਤ ਜ਼ਬਤ ਹੋ ਗਈ ਤੇ ਮਿਰਚੀ ਬਾਬਾ ਜਲ ਸਮਾਧੀ ਲੈਣ ਤੋਂ ਪੂਰੀ ਬੇਸ਼ਰਮੀ ਨਾਲ ਮੁਕਰ ਗਿਆ। ਅੱਜ ਕਲ੍ਹ ਉਹ ਵੀ ਬਲਾਤਕਾਰ ਦੇ ਦੋਸ਼ ਹੇਠ ਜੇਲ ਯਾਤਰਾ ਕਰ ਰਿਹਾ ਹੈ। ਸਿੱਖ ਧਰਮ ਵਿੱਚ ਚਮਤਕਾਰ ਜਾਂ ਕਰਾਮਾਤ ਦੀ ਕੋਈ ਜਗ੍ਹਾ ਨਹੀਂ ਹੈ। ਇਹ ਧਰਮ ਲੋਕਾਈ ਨੂੰ ਜ਼ਾਤ ਪਾਤ ਅਤੇ ਵਹਿਮਾਂ ਭਰਮਾਂ ਵਰਗੀਆਂ ਬੁਰਾਈਆਂ ਦੇ ਜੰਜਾਲ ਤੋਂ ਕੱਢਣ ਅਤੇ ਗਿਆਨ ਦਾ ਪ੍ਰਕਾਸ਼ ਵੰਡਣ ਲਈ ਵਜੂਦ ਵਿੱਚ ਆਇਆ ਸੀ। ਪਰ ਇਸ ਦੇ ਬਾਵਜੂਦ ਅਨੇਕਾਂ ਰਾਗੀ, ਢਾਡੀ, ਕਥਾਵਾਚਕ ਅਤੇ ਸਾਖੀਆਂ ਸੁਣਾਉਣ ਵਾਲੇ ਗੁਰੂ ਸਾਹਿਬਾਨ ਨੂੰ ਕਰਾਮਾਤੀ ਸਾਬਤ ਕਰਨ ‘ਤੇ ਤੁਲੇ ਪਏ ਹਨ। ਤਰਨ ਤਾਰਨ ਲਾਗਲੇ ਇੱਕ ਗੁਰੁਦਵਾਰੇ ਬਾਰੇ ਮਸ਼ਹੂਰ ਕੀਤਾ ਹੋਇਆ ਹੈ ਕਿ ਇਸ ਦਾ ਨਿਰਮਾਣ ਰਾਤੋ ਰਾਤ ਭੂਤਾਂ ਨੇ ਕੀਤਾ ਸੀ। ਅੰਮ੍ਰਿਤਸਰ – ਤਰਨ ਤਾਰਨ ਰੋਡ ‘ਤੇ ਇੱਕ ਗੁਰਦਵਾਰੇ ਬਾਰੇ ਇਹ ਅਫਵਾਹ ਫੈਲਾਈ ਹੋਈ ਹੈ ਕਿ ਜੇ ਇਥੇ ਕੋਈ ਗੱਡੀ ਰੋਕ ਕੇ ਮੱਥਾ ਨਾ ਟੇਕੇ ਤਾਂ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ।

ਇਸ ਧਰਤੀ ‘ਤੇ ਅੱਜ ਤੱਕ ਕੋਈ ਵੀ ਅਜਿਹਾ ਵਿਅਕਤੀ ਪੈਦਾ ਨਹੀਂ ਹੋਇਆ ਜੋ ਵਿਗਿਆਨ ਦੇ ਨਿਯਮਾਂ ਦੇ ਉਲਟ ਜਾ ਕੇ ਚਮਤਕਾਰ ਕਰ ਸਕਦਾ ਹੋਵੇ। ਇਹ ਸਾਰਾ ਪਾਖੰਡ ਧਰਮਾਂ ਦੇ ਠੱਗ ਠੇਕੇਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਚਮਕਾਉਣ ਅਤੇ ਪੈਸਾ ਇਕੱਠਾ ਕਰਨ ਲਈ ਫੈਲਾਇਆ ਜਾ ਰਿਹਾ ਹੈ। ਭਾਰਤ ਵਿੱਚ ਕਿਸੇ ਨੂੰ ਕੋਈ ਵੀ ਧਰਮ ਆਪਨਾਉਣ ਦੀ ਅਜ਼ਾਦੀ ਹੈ। ਪਰ ਧਰਮ ਪ੍ਰੀਵਰਤਨ ਕਰਨ ਲਈ ਕਿਸੇ ਪਾਖੰਡੀ ਦੇ ਚਮਤਕਾਰ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਉਸ ਧਰਮ ਦੇ ਗੁਣ ਵੇਖੇ ਜਾਣੇ ਚਾਹੀਦੇ ਹਨ। ਹਰੇਕ ਧਰਮ ਇੱਕ ਰੱਬ ਦੀ ਹੋਂਦ ਅਤੇ ਸ਼ਾਂਤੀ ਦਾ ਉਪਦੇਸ਼ ਦਿੰਦਾ ਹੈ। ਕੋਈ ਵੀ ਧਰਮ ਹਿੰਸਾ, ਲੁੱਟ ਮਾਰ, ਬਲਾਤਕਾਰ, ਠੱਗੀਆਂ ਮਾਰਨ ਜਾਂ ਦੰਗੇ ਕਰਨ ਦਾ ਸੰਦੇਸ਼ ਨਹੀਂ ਦਿੰਦਾ। ਠੱਗ ਤੁਹਾਨੂੰ ਉਹ ਹੀ ਵਿਖਾਉਂਦੇ ਹਨ, ਜੋ ਤੁਹਾਡਾ ਦਿਮਾਗ ਵੇਖਣਾ ਚਾਹੁੰਦਾ ਹੈ। ਇਨ੍ਹਾਂ ਦੀ ਗੱਲਾਂ ਵਿੱਚ ਫਸਣ ਤੋਂ ਪਹਿਲਾਂ ਰਚੇ ਜਾ ਰਹੇ ਇਸ ਚਮਤਕਾਰ ਰੂਪੀ ਇੰਦਰਜਾਲ ਨੂੰ ਤਰਕ ਦੀ ਕਸਵੱਟੀ ‘ਤੇ ਕੱਸ ਕੇ ਵੇਖਣਾ ਚਾਹੀਦਾ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਭਲਾ ਹੋਵੇ ਰਾਮਪੁਰ ਵਾਲਿਆਂ ਦਾ।

ਕਈ ਬੰਦੇ ਪਿਆਰ ਨਾਲ ਠੀਕ ਹੁੰਦਾ ਹਨ ਤੇ ਕਈ ਜੁੱਤੀਆਂ ਨਾਲ। ਸ਼ਾਮਪੁਰ ਪਿੰਡ ਵਿੱਚ ਇੱਕ ਵਿਧਵਾ ਆਪਣੇ ਅਜਿਹੇ ਹੀ ਵਿਗੜੇ ਹੋਏ ਪੁੱਤਰ ਹੀਰੇ ਨਾਲ ਰਹਿੰਦੀ ਸੀ। ਹੀਰਾ ਸਿਰੇ ਦਾ ਮੁਸ਼ਟੰਡਾ ਤੇ ਪੁਆੜੇ ਹੱਥਾ ਆਦਮੀ ਸੀ। ਸ਼ਰਾਬ ਪੀ ਕੇ ਕਿਸੇ ਨਾ ਕਿਸੇ ਨਾਲ ਜੂਤ ਪਤਾਣ ਹੋਣਾ ਉਸ ਦਾ ਨਿੱਤ ਦਾ ਕੰਮ ਸੀ। ਹੌਲੀ ਹੌਲੀ ਪਿੰਡ ਵਾਲਿਆਂ ਨੇ ਉਸ ਵੱਲ ਧਿਆਨ ਦੇਣਾ ਬੰਦਾ ਕਰ ਦਿੱਤਾ ਤੇ ਉਹ ਰਾਤ ਨੂੰ ਸ਼ਰਾਬੀ ਹੋਇਆ ਆਪੇ ਭੌਂਕ ਭਾਂਕ ਕੇ ਚੁੱਪ ਕਰ ਜਾਂਦਾ। ਉਸ ਦਾ ਆਪਣੀ ਮਾਂ ਨਾਲ ਵਿਹਾਰ ਵੀ ਬਹੁਤ ਹੀ ਮਾੜਾ ਸੀ। ਸ਼ਰਾਬੀ ਹੋਏ ਨੇ ਦਰਵਾਜ਼ੇ ਨੂੰ ਲੱਤ ਮਾਰ ਕੇ ਕਹਿਣਾ, “ਕਿੱਥੇ ਮਰ ਗਈ ਆਂ ਬੁੱਢੜੀਏ, ਦਰਵਾਜ਼ਾ ਖੋਲ੍ਹ।” ਮਾਂ ਆਖਰ ਮਾਂ ਹੁੰਦੀ ਹੈ, ਵਿਚਾਰੀ ਨੇ ਸਭ ਕੁਝ ਚੁੱਪ ਚਾਪ ਬਰਦਾਸ਼ਤ ਕਰ ਲੈਣਾ। ਇੱਕ ਦਿਨ ਉਹ ਕਿਸੇ ਕੰਮ ਗੁਆਂਢ ਦੇ ਪਿੰਡ ਰਾਮਪੁਰ ਚਲਾ ਗਿਆ। ਉਥੇ ਵੀ ਉਸ ਨੇ ਆਪਣੀ ਬਦਮਾਸ਼ੀ ਭੋਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲਿਆਂ ਨੇ ਇਕੱਠਿਆਂ ਹੋ ਕੇ ਉਸ ਨੂੰ ਢਾਹ ਲਿਆ ਤੇ ਕੁੱਤੇ ਵਾਂਗ ਘਸੀਟ ਘਸੀਟ ਕੇ ਛਿਤਰੌਲ ਕੀਤੀ। ਛਿੱਤਰ ਪੌਲਾ ਖਾ ਕੇ ਚੱਬ ਖੜਿੱਬਾ ਹੋਇਆ ਹੌਰਾ ਕਿਸੇ ਤਰਾਂ ਡਿੱਗਦਾ ਢਹਿੰਦਾ ਆਪਣੇ ਘਰ ਪਹੁੰਚਿਆ ਤੇ ਦਰਵਾਜ਼ੇ ਨੂੰ ਲੱਤ ਮਾਰਨ ਦੀ ਬਜਾਏ ਖੜਕਾਉਣ ਲੱਗ ਪਿਆ। ਕਿਉਂਕਿ ਉਹ ਹਮੇਸ਼ਾਂ ਲੱਤ ਮਾਰ ਕੇ ਬੁੱਢੜੀਏ ਦਰਵਾਜ਼ਾ ਖੋਲ੍ਹ ਕਹਿੰਦਾ ਹੁੰਦਾ ਸੀ, ਇਸ ਕਾਰਨ ਮਾਤਾ ਨੇ ਉਸ ਨੂੰ ਨਾ ਪਹਿਚਾਣਿਆ। ਉਸ ਨੇ ਪੁੱਛਿਆ , “ਕੌਣ ਆ ਭਾਈ ਇਸ ਵੇਲੇ ?” ਅੱਗੋਂ ਹੀਰੇ ਨੇ ਪਊਏ ਕੁ ਦਾ ਬਣ ਕੇ ਬਹੁਤ ਹਲੀਮੀ ਨਾਲ ਕਿਹਾ, “ਮਾਤਾ ਜੀ, ਦਰਵਾਜ਼ਾ ਖੋਲੋ੍ਹੋ।” ਮਾਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਉਸ ਦਾ ਹੀਰਾ ਰੰਗ ਬਿਰੰਗਾ ਹੋਇਆ ਪਿਆ ਸੀ। ਸਾਰੀ ਗੱਲ ਸੁਣ ਕੇ ਮਾਤਾ ਨੇ ਦੁਖੀ ਹੋਣ ਦੀ ਬਜਾਏੇ ਖੁਸ਼ੀ ਭਰੀ ਅਵਾਜ਼ ਵਿੱਚ ਕਿਹਾ, “ਸ਼ੁਕਰ ਆ ਰਾਮਪੁਰ ਵਾਲਿਆਂ ਦਾ, ਤੈਨੂੰ ਮਾਤਾ ਜੀ ਕਹਿਣਾ ਤਾਂ ਸਿਖਾ ‘ਤਾ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਸਮਝਾਉਣ ਦਾ ਤਰੀਕਾ।

ਕਿਸੇ ਸ਼ਹਿਰ ਵਿੱਚ ਟੋਨੀ ਨਾਮ ਦੇ ਇੱਕ ਲੜਕੇ ਦਾ ਕਿਸੇ ਲੜਕੀ ਨਾਲ ਚੱਕਰ ਚੱਲ ਰਿਹਾ ਸੀ, ਜਿਸ ਬਾਰੇ ਉਸ ਦੇ ਘਰ ਵਾਲਿਆਂ ਨੂੰ ਵੀ ਪਤਾ ਚੱਲ ਚੁੱਕਾ ਸੀ। ਪਰਿਵਾਰ ਨੇ ਟੋਨੀ ਨੂੰ ਸਮਝਾਇਆ ਕਿ ਲੜਕੀ ਦੇ ਭਰਾ ਸਿਰੇ ਦੇ ਵੈਲੀ ਤੇ ਬਦਮਾਸ਼ ਕਿਸਮ ਦੇ ਬੰਦੇ ਹਨ। ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਉਹ ਤੇਰੀਆਂ ਲੱਤਾਂ ਤਾਂ ਤੋੜਨਗੇ ਹੀ, ਸਾਡੇ ਵਾਸਤੇ ਵੀ ਮੁਸੀਬਤ ਪੈਦਾ ਹੋ ਸਕਦੀ ਹੈ। ਟੋਨੀ ਦੇ ਸਿਰ ‘ਤੇ ਇਸ਼ਕ ਦਾ ਭੂਤ ਸਵਾਰ ਸੀ, ਇਸ ਲਈ ਉਹ ਇੱਕ ਕੰਨੋਂ ਸੁਣਦਾ ਤੇ ਦੂਸਰੇ ਕੰਨੋਂ ਕੱਢ ਦਿੰਦਾ। ਲੜਕੀ ਵੀ ਟੋਨੀ ਦੇ ਇਸ਼ਕ ਵਿੱਚ ਬੁਰੀ ਤਰਾਂ ਗ੍ਰਿਫਤਾਰ ਹੋ ਚੁੱਕੀ ਸੀ। ਇੱਕ ਦਿਨ ਕਿਸੇ ਕੈਦੋਂ ਨੇ ਲੜਕੀ ਦੇ ਭਰਾਵਾਂ ਨੂੰ ਇਸ ਚੱਕਰ ਬਾਰੇ ਮੁਖਬਰੀ ਕਰ ਦਿੱਤੀ। ਅੱਗ ਬਬੂਲੇ ਹੋਏ ਭਰਾਵਾਂ ਨੇ ਪਹਿਲਾਂ ਤਾਂ ਚੰਗੀ ਤਰਾਂ ਥਪੜਾਈ ਕਰ ਕੇ ਆਪਣੀ ਲੜਕੀ ਦਾ ਦਿਮਾਗ ਦਰੁੱਸਤ ਕੀਤਾ ਤੇ ਫਿਰ ਟੋਨੀ ਨੂੰ ਜਾ ਢਾਹਿਆ। ਚੰਗੀ ਤਰਾਂ ਕੁੱਟ ਮਾਰ ਕਰ ਕੇ ਉਸ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਤੇ ਬੂਥੇ ‘ਤੇ ਪਾਕਿਸਤਾਨ ਦਾ ਨਕਸ਼ਾ ਵਾਹ ਦਿੱਤਾ। ਜਦੋਂ ਉਹ ਕੁੱਟ ਕੁੱਟ ਕੇ ਥੱਕ ਗਏ ਤਾਂ ਟੋਨੀ ਦੇ ਘਰ ਵਾਲਿਆਂ ਨੂੰ ਸੁਨੇਹਾਂ ਭੇਜ ਦਿੱਤਾ ਕਿ ਆ ਕੇ ਆਪਣੇ ਰਾਂਝੇ ਨੂੰ ਸਾਂਭ ਲਉ। ਘਰ ਵਾਲਿਆਂ ਨੇ ਟੋਨੀ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਦੀ ਚੂਹਿਆਂ ਨਾਲ ਭਰੀ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾ ਦਿੱਤਾ ਪਰ ਲੜਕੀ ਦੇ ਮੁਸ਼ਟੰਡੇ ਭਰਾਵਾਂ ਤੋਂ ਡਰਦਿਆਂ ਪੁਲਿਸ ਕੋਲ ਜਾਣ ਦੀ ਹਿੰਮਤ ਨਾ ਕੀਤੀ। ਦੋ ਚਾਰ ਦਿਨਾਂ ਬਾਅਦ ਜਦੋਂ ਟੋਨੀ ਕੁਝ ਬੋਲਣ ਸੁਣਨ ਦੇ ਕਾਬਲ ਹੋਇਆ ਤਾਂ ਉਸ ਦਾ ਪਿਉ ਗੁੱਸੇ ਨਾਲ ਗਰਜਿਆ, “ਚਵਲੇ ਜ਼ਮਾਨੇ ਦੀਏ, ਅਸੀਂ ਤੈਨੂੰ ਸਮਝਾਉਂਦੇ ਮਰ ਗਏ ਕਿ ਛੱਡ ਦੇ ਇਹ ਆਸ਼ਕੀ ਮਾਸ਼ੂਕੀ। ਪਰ ਲੱਖ ਸਮਝਾਉਣ ਬਾਵਜੂਦ ਤੂੰ ਸਾਡੀ ਇੱਕ ਨਾ ਮੰਨੀ। ਹੁਣ ਚੰਗਾ ਰਿਹਾਂ?” ਪਰ ਮਹਾਂ ਢੀਠ ਟੋਨੀ ਨੇ ਆਪਣੀਆਂ ਬਚੀਆਂ ਖੁਚੀਆਂ ਦੰਦੀਆਂ ਵਿਖਾਉਂਦੇ ਹੋਏ ਆਪਣੇ ਪਿਉ ਨੂੰ ਗਜ਼ਬਨਾਕ ਜਵਾਬ ਦਿੱਤਾ, “ਸਾਰੀ ਗਲਤੀ ਤੁਹਾਡੀ ਹੈ। ਅਸਲ ਵਿੱਚ ਤੁਸੀਂ ਮੈਨੂੰ ਉਸ ਤਰਾਂ ਸਮਝਾਇਆ ਹੀ ਨਹੀਂ ਸੀ, ਜਿਸ ਤਰਾਂ ਲੜਕੀ ਦੇ ਭਰਾਵਾਂ ਨੇ ਸਮਝਾਇਆ ਹੈ।”

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਲੱਗਦਾ ਹੈ ਕਿ ਯੂਕਰੇਨ ਵਾਂਗ ਅਮਰੀਕਾ ਤਾਇਵਾਨ ਨੂੰ ਵੀ ਜੰਗ ਵਿੱਚ ਫਸਾਏਗਾ।

ਚੀਨ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪਲੋਸੀ ਨੇ ਤਾਇਵਾਨ ਦਾ ਮਿਤੀ 2 ਤੋਂ 4 ਅਗਸਤ ਤੱਕ ਦਾ ਦੋ ਦਿਨਾਂ ਵਿਵਾਦਤ ਦੌਰਾ ਕੀਤਾ ਹੈ। ਤਾਇਵਾਨ ਨੂੰ ਹੜੱਪਣ ਦਾ ਬਹਾਨਾ ਭਾਲ ਰਹੇ ਚੀਨ ਨੇ ਦੌਰਾ ਖਤਮ ਹੁੰਦੇ ਸਾਰ ਉਸ ਦੇ ਨਜ਼ਦੀਕ ਜੰਗਾਂ ਮਸ਼ਕਾਂ (4 ਤੋਂ 7 ਅਗਸਤ) ਸ਼ੁਰੂ ਕਰ ਦਿੱਤੀਆਂ ਤੇ ਦਰਜ਼ਨਾਂ ਤਬਾਹਕੁੰਨ ਸਮੁੰਦਰੀ ਜਹਾਜ਼ਾਂ ਨਾਲ ਤਾਇਵਾਨ ਨੂੰ ਇੱਕ ਤਰਾਂ ਸਾਰੇ ਪਾਸੇ ਤੋਂ ਘੇਰ ਲਿਆ। ਐਤਵਾਰ ਨੂੰ ਜੰਗੀ ਮਸ਼ਕਾਂ ਖਤਮ ਹੋਣ ਤੋਂ ਬਾਅਦ ਚੀਨ ਨੇ ਨਵਾਂ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਅਮਰੀਕਾ ਦੇ ਮਿੱਤਰ ਦੱਖਣੀ ਕੋਰੀਆ ਦੇ ਨਜ਼ਦੀਕ ਯੈਲੋ ਅਤੇ ਬਹਾਈ ਸਾਗਰ ਵਿੱਚ ਜੰਗੀ ਮਸ਼ਕਾਂ ਕਰੇਗਾ। ਇਹ ਇੱਕ ਤਰਾਂ ਅਮਰੀਕਾ ਨੂੰ ਖੁਲ੍ਹੀ ਚਣੌਤੀ ਹੈ। ਰੂਸ ਦੇ ਯੂਕਰੇਨ ‘ਤੇ ਕੀਤੇ ਹਮਲੇ ਤੋਂ ਚੀਨ ਨੂੰ ਭਾਰੀ ਉਤਸ਼ਾਹ ਮਿਲਿਆ ਹੈ। ਯੂਕਰੇਨ ਨੇ ਅਮਰੀਕਾ ਦੇ ਇਸ ਵਾਅਦੇ ਕਾਰਨ ਰੂਸ ਨਾਲ ਜੰਗ ਜਾਰੀ ਰੱਖੀ ਸੀ ਕਿ ਉਸ ਨੂੰ ਨਾਟੋ ਦਾ ਮੈਂਬਰ ਬਣਾ ਲਿਆ ਜਾਵੇਗਾ ਤੇ ਹਥਿਆਰਾਂ ਦੀ ਖੁਲ੍ਹੀ ਸਪਲਾਈ ਕੀਤੀ ਜਾਵੇਗੀ। ਪਰ ਹੁਣ ਤੱਕ ਯੂਕਰੇਨ ਨੂੰ ਨਾ ਤਾਂ ਯੂਰਪੀਨ ਯੂਨੀਅਨ ਅਤੇ ਨਾਟੋ ਦੀ ਮੈਂਬਰਸ਼ਿੱਪ ਮਿਲੀ ਹੈ ਤੇ ਨਾ ਹੀ ਰੂਸ ਦੇ ਅੰਦਰੂਨੀ ਖੇਤਰ ਨੂੰ ਨਿਸ਼ਾਨਾ ਬਣਾ ਸਕਣ ਵਾਲੀਆਂ ਦੂਰ ਮਾਰ ਮਿਜ਼ਾਈਲਾਂ। ਅਮਰੀਕਾ ਨੂੰ ਪਤਾ ਹੈਫ਼ਨਬਸਪ; ਕਿ ਜੇ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿੱਪ ਦੇ ਦਿੱਤੀ ਤਾਂ ਉਸ ਨੂੰ ਯੁੱਧ ਵਿੱਚ ਸ਼ਾਮਲ ਹੋਣਾ ਪਵੇਗਾ ਕਿਉਂਕਿ ਇੱਕ ਨਾਟੋ ਮੈਂਬਰ ‘ਤੇ ਹੋਇਆ ਹਮਲਾ ਸਾਰੇ ਨਾਟੋ ਸੰਗਠਨ ‘ਤੇ ਸਮਝਿਆ ਜਾਂਦਾ ਹੈ।

ਪੈਲੋਸੀ ਦੇ ਦੌਰੇ ਨੇ ਤਾਇਵਾਨ ਨੂੰ ਕੋਈ ਫਾਇਦਾ ਦੇਣ ਦੀ ਬਜਾਏ ਉਲਟਾ ਹੋਰ ਮੁਸੀਬਤ ਵਿੱਚ ਫਸਾ ਦਿੱਤਾ ਹੈ। ਅਸਲ ਵਿੱਚ ਅਮਰੀਕਾ, ਰੂਸ, ਇੰਗਲੈਂਡ, ਫਰਾਂਸ ਅਤੇ ਜਰਮਨੀ ਸਮੇਤ ਜਿਆਦਾਤਰ ਦੇਸ਼ ਤਾਇਵਾਨ ਨੂੰ ਅਜ਼ਾਦ ਦੇਸ਼ ਦੀ ਬਜਾਏ ਚੀਨ ਦਾ ਹਿੱਸਾ ਮੰਨਦੇ ਹਨ, ਜਿਸ ਕਾਰਨ ਅਜੇ ਤੱਕ ਤਾਇਵਾਨ ਨੂੰ ਯੂ.ਐਨ.ਉ. ਦੀ ਮੈਂਬਰਸ਼ਿੱਪ ਨਹੀਂ ਮਿਲ ਸਕੀ। 1971 ਵਿੱਚ ਸਰਬ ਸੰਮਤੀ ਨਾਲ ਪਾਸ ਹੋਏ ਇੱਕ ਮਤੇ ਰਾਹੀਂ ਜਨਰਲ ਕੌਂਸਲ ਨੇ ਤਾਇਵਾਨ ਦੀ ਯੂ.ਐਨ.ਉ. ਮੈਂਬਰਸ਼ਿੱਪ ਖਤਮ ਕਰ ਕੇ ਚੀਨ ਨੂੰ ਦੇ ਦਿੱਤੀ ਸੀ ਤੇ ਉਸ ਨੂੰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਵੀ ਬਣਾ ਦਿੱਤਾ ਸੀ। ਜਿਸ ਵੀ ਦੇਸ਼ ਦੇ ਤਾਇਵਾਨ ਨਾਲ ਕੂਟਨੀਕਤ ਸਬੰਧ ਹਨ, ਚੀਨ ਉਸ ਦਾ ਆਰਥਿਕ ਅਤੇ ਕੂਟਨੀਤਕ ਬਾਇਕਾਟ ਕਰ ਦਿੰਦਾ ਹੈ। ਇਸੇ ਕਾਰਨ 193 ਯੂ.ਐਨ.ਉ. ਮੈਂਬਰ ਦੇਸ਼ਾਂ ਵਿੱਚੋਂ ਤਾਇਵਾਨ ਦੇ ਸਿਰਫ 13 ਛੋਟੇ ਮੋਟੇ ਦੇਸ਼ਾਂ ਨਾਲ ਕੂਟਨੀਤਕ ਸਬੰਧ ਹਨ। ਇਥੋਂ ਤੱਕ ਕਿ ਅਮਰੀਕਾ ਅਤੇ ਤਾਇਵਾਨ ਦੇ ਵੀ ਆਪਸੀ ਕੂਟਨੀਤਕ ਸਬੰਧ ਨਹੀਂ ਹਨ। ਪੈਲੋਸੀ ਦੇ ਦੌਰੇ ਨੇ ਚੀਨ ਨੂੰ ਹਮਲਾਵਰ ਰੁਖ ਅਪਣਾਉਣ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਬਹਾਨਾ ਪ੍ਰਦਾਨ ਕਰ ਦਿੱਤਾ ਹੈ। ਹੁਣ ਉਹ ਵਪਾਰਕ ਅਤੇ ਫੌਜੀ ਗਤੀਵਿਧੀਆਂ ਰਾਹੀਂ ਤਾਇਵਾਨ ਦੀ ਸੰਘੀ ਘੁੱਟੇਗਾ। ਅਮਰੀਕਾ ਤਾਇਵਾਨ ਨੂੰ ਸਿਰਫ ਦੂਰੋਂ ਹੱਲਾਸ਼ੇਰੀ ਦੇਵੇਗਾ ਤੇ ਚੀਨ ਨਾਲ ਕਿਸੇ ਤਰਾਂ ਦੀ ਵੀ ਸਿੱਧੀ ਟੱਕਰ ਲੈਣ ਦੀ ਹਿੰਮਤ ਨਹੀਂ ਕਰੇਗਾ।

1970 ਤੋਂ ਬਾਅਦ ਚੀਨ ਨਾਲ ਆਮ ਵਰਗੇ ਸਬੰਧ ਬਣਾਉਣ ਖਾਤਰ ਅਮਰੀਕਾ ਨੇ ਤਾਇਵਾਨ ਦੀ ਬਜਾਏ ਚੀਨ ਨੂੰ ਕੂਟਨੀਤਕ ਮਾਨਤਾ ਪ੍ਰਦਾਨ ਕੀਤੀ ਸੀ ਅਤੇ ਚੀਨ ਦੇ ਇਸ ਦਾਅਵੇ ਕਿ ਤਾਇਵਾਨ ਉਸ ਦਾ ਅਨਿਖੜਵਾਂ ਅੰਗ ਹੈ, ਨੂੰ ਪ੍ਰਵਾਨ ਕਰਦਿਆਂ ਤਾਇਵਾਨ ਨਾਲ ਆਪਣੇ ਸਬੰਧ ਸੀਮਤ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਚੀਨ ਤੇ ਅਮਰੀਕਾ ਦਰਮਿਆਨ ਵੱਡੀਆਂ ਵਪਾਰਕ ਭਾਈਵਾਲੀਆਂ ਵਿਕਸਤ ਹੋਈਆਂ ਅਤੇ ਸਬੰਧਾਂ ਵਿੱਚ ਨਿੱਘਾਪਣ ਆਇਆ। ਪਰ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਚੀਨ ਦੀਆਂ ਪਸਾਰਵਾਦੀ ਨੀਤੀਆਂ ਵਿੱਚ ਟਕਰਾਉ ਆਉਣ ਕਾਰਨ ਚੀਨ ਰੂਸ ਦੇ ਨਜ਼ਦੀਕ ਚਲਾ ਗਿਆ ਤੇ ਅਮਰੀਕਾ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਜਿੱਥੇ ਚੀਨ ਦਾ ਦੋਸ਼ ਹੈ ਕਿ ਅਮਰੀਕਾ ਤਾਇਵਾਨ ਪ੍ਰਤੀ ਆਪਣੇ ਸਟੈਂਡ ਤੋਂ ਪਿੱਛੇ ਹਟ ਰਿਹਾ ਹੈ, ਉਥੇ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਦੇ ਮੌਜੂਦਾ ਰਾਸ਼ਟਰਪਤੀ ਜ਼ੀ ਜਿੰਨਪਿੰਗ ਦੀਆਂ ਨੀਤੀਆਂ ਤਾਇਵਾਨ ਦੀ ਯਥਾਸਥਿਤੀ ਨੂੰ ਬਦਲ ਰਹੀਆਂ ਹਨ। ਪੈਲੋਸੀ ਦੀ ਤਾਇਵਾਨ ਫੇਰੀ ਨੇ ਸਥਿੱਤੀ ਹੋਰ ਵੀ ਗੁੰਝਲਦਾਰ ਬਣਾ ਦਿੱਤੀ ਹੈ। ਪੈਲੋਸੀ ਦੇ ਦੌਰੇ ਤੋਂ ਫੌਰਨ ਬਾਅਦ ਚੀਨ ਦੇ ਰਾਸ਼ਟਰਪਤੀ ਜ਼ੀ ਜਿੰਨਪਿੰਗ ਨੇ ਇੱਕ ਸਖਤ ਬਿਆਨ ਦਿੱਤਾ ਹੈ ਕਿ ਚੀਨ ਅਤੇ ਤਾਇਵਾਨ ਦਾ ਰਲੇਵਾਂ ਅਟੱਲ ਹੈ, ਇਸ ਲਈ ਤਾਕਤ ਦੀ ਵਰਤੋਂ ਕਰਨੀ ਪਈ ਤਾਂ ਜਰੂਰ ਕੀਤੀ ਜਾਵੇਗੀ। ਇਸ ਦੇ ਜਵਾਬ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਮੋੜਵਾਂ ਬਿਆਨ ਦਿੱਤਾ ਕਿ ਤਾਇਵਾਨ ਅਮਰੀਕਾ ਦਾ ਮਿੱਤਰ ਦੇਸ਼ ਹੈ, ਇਸ ਦੀ ਰਾਖੀ ਕਰਨ ਲਈ ਅਮਰੀਕਾ ਹਰ ਪ੍ਰਕਾਰ ਦੀ ਸੈਨਿਕ ਮਦਦ ਦੇਵੇਗਾ।

ਚੀਨ ਅਤੇ ਤਾਇਵਾਨ ਦੇ ਝਗੜੇ ਬਾਰੇ ਜਾਨਣ ਲਈ ਇਤਿਹਾਸ ਵਿੱਚ ਪਿੱਛੇ ਜਾਣ ਦੀ ਜਰੂਰਤ ਹੈ। ਤਾਇਵਾਨ ਚੀਨ ਤੋਂ ਕਰੀਬ 100 ਕਿ.ਮੀ. ਦੂਰ ਦੱਖਣੀ ਚੀਨ ਸਾਗਰ ਵਿੱਚ ਸਥਿੱਤ ਹੈ। ਕੇਰਲਾ ਜਿੱਡੇ ਇਸ ਛੋਟੇ ਜਿਹੇ ਦੇਸ਼ ਦਾ ਕੁੱਲ ਖੇਤਰਫਲ 36197 ਕਿ.ਮੀ. ਤੇ ਅਬਾਦੀ ਕਰੀਬ ਢਾਈ ਕਰੋੜ ਹੈ। ਐਨੀ ਅਬਾਦੀ ਹੋਣ ਦੇ ਕਾਰਨ ਇਹ ਸੰਸਾਰ ਦੇ ਸਭ ਤੋਂ ਵੱਧ ਘਣੀ ਅਬਾਦੀ ਵਾਲੇ ਦੇਸ਼ਾਂ ਵਿੱਚ ਆਉਂਦਾ ਹੈ। ਇਸ ਨੇ ਐਨੀ ਉਦਯੋਗਿਕ ਤਰੱਕੀ ਕੀਤੀ ਹੈ ਕਿ ਇਹ ਸੰਸਾਰ ਦਾ ਵੀਹਵਾਂ ਸੱਭ ਤੋਂ ਅਮੀਰ ਦੇਸ਼ ਹੈ ਤੇ ਇਸ ਦੇ ਨਾਗਰਿਕਾਂ ਨੂੰ ਅਮਰੀਕਾ ਸਮੇਤ ਅਨੇਕਾਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਵਿੱਚ ਬਿਨਾਂ ਵੀਜ਼ਾ ਦਾਖਲ ਹੋਣ ਦੀ ਸਹੂਲਤ ਹੈ। ਸ਼ੁਰੂ ਤੋਂ ਇਹ ਇੱਕ ਅਜ਼ਾਦ ਦੇਸ਼ ਸੀ, ਪਰ 1683 ਈਸਵੀ ਵਿੱਚ ਚੀਨ ਦੇ ਕਵਿੰਗ ਵੰਸ਼ ਦੇ ਬਾਦਸ਼ਾਹ ਕਾਂਜ਼ੀ ਨੇ ਇਸ ਨੂੂੰ ਆਪਣੇ ਕਬਜ਼ੇ ਹੇਠ ਕਰ ਲਿਆ। ਪਰ ਪਹਿਲੇ ਚੀਨ ਜਪਾਨ ਯੁੱਧ ਵਿੱਚ ਹਾਰ ਜਾਣ ਤੋਂ ਬਾਅਦ ਹੋਈ ਇੱਕ ਸੰਧੀ ਕਾਰਨ ਬਾਦਸ਼ਾਹ ਗੁਆਂਗਜ਼ੂ ਨੇ 1895 ਵਿੱਚ ਇਸ ‘ਤੇ ਜਪਾਨ ਦਾ ਅਧਿਕਾਰ ਮੰਨ ਲਿਆ। 1911 ਵਿੱਚ ਚੀਨ ਵਿੱਚ ਚਿਆਂਗ ਕਾਈ ਸ਼ੇਕ ਦੀ ਅਗਵਾਈ ਹੇਠ ਬਗਾਵਤ ਹੋ ਗਈ ਤੇ ਕਵਿੰਗ ਵੰਸ਼ ਦੇ ਆਖਰੀ ਬਾਦਸ਼ਾਹ ਜ਼ੁਆਨਤੌਂਗ ਨੂੰ ਤਖਤ ਬਰਦਾਰ ਕਰ ਕੇ ਲੋਕਤੰਤਰ ਦੀ ਸਥਾਪਨਾ ਕੀਤੀ ਗਈ। ਦੂਸਰੇ ਸੰਸਾਰ ਯੁੱਧ ਵਿੱਚ ਜਪਾਨ ਦੇ ਹਾਰ ਜਾਣ ‘ਤੇ ਚੀਨ ਨੇ ਦੁਬਾਰਾ ਤਾਇਵਾਨ ‘ਤੇ ਕਬਜ਼ਾ ਕਰ ਲਿਆ। ਇੱਕ ਅਕਤੂਬਰ 1949 ਨੂੰ ਮਾਉ ਜ਼ੇ ਤੁੰਗ ਦੀ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚਿਆਂਗ ਕਾਈ ਸ਼ੇਕ ਨੂੰ ਹਰਾ ਕੇ ਚੀਨ ‘ਤੇ ਕਬਜ਼ਾ ਕਰ ਲਿਆ। ਚਿਆਂਗ ਕਾਈ ਸ਼ੇਕ ਆਪਣੀ ਸਰਕਾਰ ਨੂੰ ਤਾਇਵਾਨ ਲੈ ਗਿਆ ਤੇ 7 ਦਸੰਬਰ 1949 ਈਸਵੀ ਨੂੰ ਤਾਇਵਾਨ ਨੂੰ ਅਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ। ਲੋਕਤਾਂਤਰਿਕ ਸਰਕਾਰ ਅਧੀਨ ਤਾਇਵਾਨ ਨੇ ਤੇਜ਼ੀ ਨਾਲ ਤਰੱਕੀ ਕੀਤੀ ਤੇ ਕੁਝ ਹੀ ਸਾਲਾਂ ਵਿੱਚ ਇਹ ਸੰਸ਼ਾਰ ਦਾ ਮੋਹਰੀ ਉਦਯੋਗਕ ਦੇਸ਼ ਬਣ ਗਿਆ। ਫ਼ਨਬਸਪ;ਇਸ ਵੇਲੇ ਇਹ ਸੈਮੀਕੰਡਕਟਰ, ਪੈਟਰੋਕੈਮੀਕਲ, ਗੱਡੀਆਂ, ਸਪੇਅਰ ਪਾਰਟਸ, ਸਮੁੰਦਰੀ ਜਹਾਜ, ਇਲੈੱਕਟਰੋਨਿਕਸ, ਮੋਬਾਇਲ ਫੋਨ, ਸਟੀਲ, ਪਲਾਸਟਿਕ ਅਤੇ ਕੰਪਿਊਟਰ ਆਦਿ ਦਾ ਸੰਸਾਰ ਦਾ 18ਵਾਂ ਵੱਡਾ ਨਿਰਯਾਤਕ ਹੈ।

ਪਰ ਸੈਨਿਕ ਸ਼ਕਤੀ ਵਿੱਚ ਇਹ ਚੀਨ ਦੇ ਮੁਕਾਬਲੇ ਪਾਸਕੂ ਵੀ ਨਹੀਂ ਹੈ। ਚੀਨ ਦੀ ਫੌਜ (2100000 ) ਸੰਸਾਰ ਦੀ ਸਭ ਤੋਂ ਵੱਡੀ ਫੌਜ ਹੈ ਜਿਸ ਦੇ ਮੁਕਾਬਲੇ ਤਾਇਵਾਨ ਕੋਲ ਕੁਲ ਮਿਲਾ ਕੇ ਸਿਰਫ ਤਿੰਨ ਲੱਖ ਦੇ ਕਰੀਬ ਸੈਨਿਕ ਹਨ। ਤਾਇਵਾਨ ਕਿਸੇ ਤਰਾਂ ਵੀ ਪ੍ਰਮਾਣੂ ਸ਼ਕਤੀ ਚੀਨ ਦੀ ਫੌਜ, ਡਰੋਨਾਂ, ਬੈਲਸਟਿਕ ਮਿਜ਼ਾਈਲਾਂ ਅਤੇ ਸਾਈਬਰ ਹਮਲਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਫੌਜੀ ਸਾਜ਼ੋ ਸਮਾਨ ਲਈ ਪੂਰੀ ਤਰਾਂ ਅਮਰੀਕਾ ‘ਤੇ ਨਿਰਭਰ ਹੈ, ਕਿਉਂਕਿ ਚੀਨ ਦੇ ਦਬਾਅ ਕਾਰਨ ਹੋਰ ਕੋਈ ਦੇਸ਼ ਇਸ ਨੂੰ ਹਥਿਆਰ ਵੇਚਣ ਦੀ ਜ਼ੁੱਰਅਤ ਨਹੀਂ ਕਰਦਾ। ਜ਼ੁਬਾਨੀ ਜਮ੍ਹਾ ਖਰਚ ਤੋਂ ਇਲਾਵਾ ਅਮਰੀਕਾ ਕਿਸੇ ਵੀ ਸੰਧੀ ਅਧੀਨ ਚੀਨ ਦੇ ਹਮਲੇ ਸਮੇਂ ਤਾਇਵਾਨ ਦੀ ਰਾਖੀ ਕਰਨ ਲਈ ਪਾਬੰਦ ਨਹੀਂ ਹੈ। ਜੇ ਚੀਨ ਤਾਇਵਾਨ ‘ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਹ ਪੈਸੀਫਿਕ ਸਾਗਰ ਵਿੱਚ ਉੱਚਤਮ ਸ਼ਕਤੀ ਬਣ ਜਾਵੇਗਾ ਤੇ ਗੁਆਮ ਅਤੇ ਹਵਾਈ ਵਿੱਚ ਅਮਰੀਕੀ ਸੈਨਿਕ ਅੱਡਿਆਂ ਲਈ ਖਤਰਾ ਪੈਦਾ ਕਰ ਸਕਦਾ ਹੈ। ਇਸ ਵੇਲੇ ਚੀਨੀ ਜਹਾਜ਼ਾਂ ਨੇ ਤਾਇਵਾਨ ਨੂੰ ਸੱਤ ਪਾਸੇ ਤੋਂ ਘੇਰਿਆ ਹੋਇਆ ਹੈ ਤੇ ਇਤਿਹਾਸ ਵਿੱਚ ਪਹਿਲੀ ਵਾਰ ਚੀਨ ਨੇ ਅਸਲੀ ਬਾਰੂਦ ਵਾਲੀਆਂ ਮਿਜ਼ਾਈਲਾਂ ਸਮੁੰਦਰ ਵਿੱਚ ਦਾਗੀਆਂ ਹਨ। ਚੀਨੀ ਹਵਾਈ ਜਹਾਜ਼ਾਂ ਨੇ ਚਾਰ ਦਿਨਾਂ ਵਿੱਚ 128 ਵਾਰ ਤਾਇਵਾਨ ਦੀ ਹਵਾਈ ਸੀਮਾਂ ਉਲੰਘੀ ਹੈ। ਜੇ ਚੀਨ ਨੇ ਹਮਲਾ ਨਾ ਵੀ ਕੀਤਾ ਤਾਂ ਹੋ ਸਕਦਾ ਹੈ ਕਿ ਉਹ ਤਾਇਵਾਨ ਦੀ ਆਰਥਿਕ ਨਾਕਾਬੰਦੀ ਕਰ ਦੇਵੇ। ਜੇ ਚੀਨ ਨੇ ਤਾਇਵਾਨ ‘ਤੇ ਹਮਲਾ ਕਰ ਦਿੱਤਾ ਤਾਂ ਸੰਸਾਰ ਨੂੰ ਯੂਕਰੇਨ ਸੰਕਟ ਨਾਲੋਂ ਵੀ ਵੱਧ ਔਖਿਆਈ ਝੱਲਣੀ ਪੈ ਸਕਦੀ ਹੈ। ਸੰਸਾਰ ਦਾ ਮਿਲਟਰੀ ਸਾਜ਼ੋ ਸਮਾਨ, ਗੱਡੀਆਂ, ਮੋਬਾਇਲ ਫੋਨ, ਘੜੀਆਂ, ਵੀਡੀਉ ਗੇਮਾਂ ਅਤੇ ਹਰ ਪ੍ਰਕਾਰ ਦਾ ਇਲੈੱਟਰੋਨਿਕ ਸਮਾਨ ਆਦਿ ਤਾਇਵਾਨ ਨਿਰਮਤ ਮਾਈਕਰੋ ਚਿੱਪਾਂ ‘ਤੇ ਨਿਰਭਰ ਕਰਦਾ ਹੈ, ਕਿਉਂਕਿ ਤਾਇਵਾਨ ਸੰਸਾਰ ਦਾ ਸਭ ਤੋਂ ਵੱਡਾ ਚਿੱਪ ਨਿਰਮਾਤਾ ਹੈ। ਤਾਇਵਾਨ ਦੇ ਸਿਰਫ ਇੱਕ ਅਦਾਰੇ, ਦੀ ਤਾਇਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਦਾ ਸੰਸਾਰ ਦੀ ਅੱਧੀ ਤੋਂ ਵੱਧ ਚਿੱਪ ਮੰਡੀ ‘ਤੇ ਏਕਾਧਿਕਾਰ ਹੈ। ਇਸ ਦਾ ਕਾਰੋਬਾਰ 7500 ਕਰੋੜ ਰੁਪਏ ਸਲਾਨਾ ਤੋਂ ਵੀ ਵੱਧ ਹੈ। ਅਜਿਹੀਆਂ ਸੂਖਮ ਇਕਾਈਆਂ ‘ਤੇ ਕਬਜ਼ਾ ਕਰ ਕੇ ਚੀਨ ਸੰਸਾਰ ਨੂੰ ਰੂਸ ਦੇ ਤੇਲ ਨਾਲੋਂ ਵੀ ਵੱਧ ਬਲੈਕਮੇਲ ਕਰਨ ਦੇ ਸਮਰੱਥ ਹੋ ਜਾਵੇਗਾ।

ਛੋਟੀਆਂ ਛੋਟੀਆਂ ਗੱਲਾਂ ਬਰਦਾਸ਼ਤ ਕਰ ਲੈਣੀਆਂ ਚਾਹੀਦੀਆਂ ਹਨ।

ਸਾਨੂੰ ਜੀਵਨ ਵਿੱਚ ਕਈ ਵਾਰ ਅਜਿਹੀਆਂ ਛੋਟੀਆਂ ਛੋਟੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੰਨ੍ਹਾਂ ਨੂੰ ਜੇ ਦਿਲ ‘ਤੇ ਪੱਥਰ ਰੱਖ ਕੇ ਬਰਦਾਸ਼ਤ ਕਰ ਲਿਆ ਜਾਵੇ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਵਰਨਾ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਸਾਲ ਦੇ ਤੌਰ ‘ਤੇ ਕਈ ਮਹਾਂ ਮੂਰਖ ਬੰਦੇ ਰੇਲਵੇ ਫਾਟਕ ‘ਤੇ ਆਪਣੀ ਗੱਡੀ ਲਿਆ ਕੇ ਸਭ ਤੋਂ ਅੱਗੇ ਫਸਾ ਦਿੰਦੇ ਹਨ। ਅਫਸਰਾਂ ਅਤੇ ਨੇਤਾਵਾਂ ਦੇ ਡਰਾਈਵਰਾਂ ਨੂੰ ਖਾਸ ਤੌਰ ‘ਤੇ ਇਹ ਗੰਦੀ ਆਦਤ ਹੁੰਦੀ ਹੈ। ਜੇ ਕੋਈ ਇਤਰਾਜ਼ ਕਰੇ ਤਾਂ ਅੱਗੋਂ ਵੱਢ ਖਾਣ ਨੂੰ ਪੈਂਦੇ ਹਨ। ਇਸ ਤੋਂ ਇਲਾਵਾ ਕਈ ਬੇਵਕੂਫ ਗੱਡੀ ਨੂੰ ਰਸਤਾ ਨਾ ਮਿਲਣ ‘ਤੇ ਦੂਸਰੇ ਡਰਾਈਵਰਾਂ ਵੱਲ ਡੇਲੇ ਕੱਢਦੇ ਹਨ ਤੇ ਭੈੜੇ ਜਿਹੇ ਇਸ਼ਾਰੇ ਵੀ ਕਰ ਦਿੰਦੇ ਹਨ। ਇਨ੍ਹਾਂ ਗੱਲਾਂ ਤੋਂ ਹੋਈਆਂ ਲੜਾਈਆਂ ਵਿੱਚ ਕਈ ਥਾਈਂ ਕਤਲ ਤੱਕ ਹੋ ਚੁੱਕੇ ਹਨ। ਇਹੋ ਜਿਹੇ ਕੰਮ ਅਕਲਾਂ ਨੂੰ ਦੂਰੋਂ ਹੀ ਸਲਾਮ ਕਰ ਦੇਣੀ ਚਾਹੀਦੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਅਦਾਲਤਾਂ ਵਿੱਚ ਲੜਾਈ ਝਗੜੇ ਦੇ ਸਭ ਤੋਂ ਵੱਧ ਮੁਕੱਦਮੇ ਪੇਂਡੂਆਂ ਦੇ ਚੱਲ ਰਹੇ ਹਨ। ਇਹ ਮੁਕੱਦਮੇ ਕੋਈ ਖਾਨਦਾਨੀ ਦੁਸ਼ਮਣੀਆਂ ਕਾਰਨ ਨਹੀਂ, ਬਲਕਿ ਵੱਟ ਵੱਢਣ, ਦੂਸਰੇ ਦੇ ਘਰ ਅੱਗੋਂ ਬਰਸਾਤੀ ਪਾਣੀ ਕੱਢਣ, ਖੇਤ ਵਿੱਚ ਡੰਗਰ ਪੈਣ, ਮੁੱਛ ਨੂੰ ਵੱਟ ਦੇਣ ਜਾਂ ਖੰਗੂਰਾ ਮਾਰਨ ਆਦਿ ਵਰਗੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਹਨ। ਜੱਟਵਾਦ ਅਤੇ ਹਥਿਆਰਾਂ ਦੀ ਵਡਿਆਈ ਕਰਨ ਵਾਲੇ ਗਾਣਿਆਂ ਦਾ ਸਭ ਤੋਂ ਵੱਧ ਅਸਰ ਜੱਟਾਂ ਦੀ ਨੌਜਵਾਨ ਪੀੜ੍ਹੀ ‘ਤੇ ਹੋਇਆ ਹੈ। ਮੁਕੱਦਮਾ ਦਰਜ਼ ਹੋਣ ਤੋਂ ਬਾਅਦ ਜਦੋਂ ਪੁਲਿਸ ਅਤੇ ਵਕੀਲਾਂ ਦੇ ਖਰਚੇ ਚੀਕਾਂ ਕਢਾ ਦਿੰਦੇ ਹਨ ਤਾਂ ਫਿਰ ਸੋਚਦੇ ਹਨ, “ਵੈਸੇ ਭਾਊ ਲੜਾਈ ਵਾਲੀ ਗੱਲ ਤਾਂ ਕੋਈ ਨਹੀਂ ਸੀ। ਪਸ਼ੂ ਜੇ ਫਸਲ ਖਾ ਰਿਹਾ ਸੀ ਤਾਂ ਆਪਾਂ ਉਸ ਨੂੰ ਹੱਕ ਕੇ ਬਾਹਰ ਵੀ ਕੱਢ ਸਕਦੇ ਸੀ। ਉਸ ਨੇ ਪਤਾ ਨਹੀਂ ਵੀਹਾਂ ਪੰਜਾਹਾਂ ਦੇ ਪੱਠੇ ਖਾਧੇ ਹੋਣੇ ਆ ਕਿ ਨਹੀਂ, ਪਰ ਆਪਣੇ ਜਰੂਰ ਦੋ ਕਿੱਲੇ ਮਿੱਟੀ ਖਾਣਾ ਥਾਣੇਦਾਰ ਤੇ ਗੁਪਤਾ ਵਕੀਲ ਖਾ ਗਏ ਹਨ।” ਛੇ ਕੁ ਮਹੀਨੇ ਪਹਿਲਾਂ ਝਬਾਲ ਲਾਗਲੇ ਇੱਕ ਪਿੰਡ ਵਿੱਚ ਚਾਚੇ ਤਾਏ ਦੇ ਮੁੰਡਿਆਂ ਦਰਮਿਆਨ ਜੰਮ ਕੇ ਝਗੜਾ ਹੋਇਆ ਸੀ। ਇੱਕ ਧਿਰ ਨੇ ਆਪਣੇ ਵਾਹਣ ਨੂੰ ਪਾਣੀ ਲਗਾਇਆ ਹੋਇਆ ਸੀ ਤੇ ਵੱਟ ਟੁੱਟ ਜਾਣ ਕਾਰਨ ਉਸ ਦੇ ਚਾਚੇ ਦੇ ਮੁੰਡੇ ਦੀ ਕੁਝ ਦਿਨ ਪਹਿਲਾਂ ਬੀਜੀ ਕਣਕ ਦੇ ਚਾਰ ਕੁ ਮਰਲੇ ਖਰਾਬ ਹੋ ਗਏ। ਇਸ ਮਾਮੂਲੀ ਜਿਹੀ ਗੱਲ ਤੋਂ ਦੋਵਾਂ ਧਿਰਾਂ ਵਿੱਚ ਰੱਜ ਕੇ ਕੁੱਟ ਮਾਰ ਹੋਈ ਤੇ ਮੁਕੱਦਮੇ ਦਰਜ਼ ਹੋ ਗਏ। ਕਣਕ ਦਾ ਬੀਜ ਤਾਂ ਸ਼ਾਇਦ ਦੋ ਚਾਰ ਸੌ ਰੁਪਏ ਦਾ ਹੋਵੇਗਾ, ਪਰ ਹੁਣ ਤੱਕ ਦੋਵਾਂ ਧਿਰਾਂ ਦਾ ਕੁੱਲ ਮਿਲਾ ਕੇ ਤਿੰਨ ਲੱਖ ਤੋਂ ਵੱਧ ਲੱਗ ਚੁੱਕਾ ਹੈ।

1985-86 ਸਮੇਂ ਮੈਂ ਡੀ.ਏ.ਵੀ. ਕਾਲਜ ਅੰਮ੍ਰਿਤਸਰ ਪੜ੍ਹਦਾ ਹੁੰਦਾ ਸੀ ਤਾਂ ਇੱਕ ਦਿਨ ਅਸੀਂ 4 5 ਦੋਸਤ ਫਿਲਮ ਵੇਖਣ ਲਈ ਆਦਰਸ਼ ਸਿਨੇਮੇ ਵੱਲ ਪੈਦਲ ਤੁਰੇ ਜਾ ਰਹੇ ਸੀ। ਅੱਗੋਂ ਇੱਕ ਨਵ ਵਿਆਹਿਆ ਜੋੜਾ ਫਿਲਮ ਵੇਖ ਕੇ ਬਾਹਰ ਨੂੰ ਆ ਰਿਹਾ ਸੀ। ਸਿਨੇਮੇ ਦੇ ਗੇਟ ਲਾਗੇ ਸਾਡੇ ਦੋਸਤ ਪੱਪੂ ਦਾ ਪਤਾ ਨਹੀਂ ਜਾਣ ਬੁਝ ਕੇ ਜਾਂ ਗਲਤੀ ਨਾਲ, ਨਵ ਵਿਆਹਤਾ ਨੂੰ ਮੋਢਾ ਵੱਜ ਗਿਆ। ਦੂਸਰਾ ਦੋਸਤ ਲੱਕੀ ਵੀ ਪਿੱਛੇ ਪਿੱਛੇ ਆ ਰਿਹਾ ਸੀ ਜਿਸ ਨੂੰ ਵੇਖ ਕੇ ਉਹ ਲੜਕੀ ਪਰ੍ਹਾਂ ਨੂੰ ਹੋ ਗਈ। ਉਸ ਦਾ ਪਤੀ ਪਿੱਛੇ ਪਿੱਛੇ ਆ ਰਿਹਾ ਸੀ। ਉਸ ਨੇ ਸਾਰਾ ਦ੍ਰਿਸ਼ ਵੇਖ ਲਿਆ ਸੀ ਤੇ ਉਸ ਨੇ ਲੱਕੀ ਦੀ ਬਾਂਹ ਪਕੜ ਲਈ। ਲੱਕੀ ਦੇ ਰੰਗ ਉੱਡ ਗਏ ਕਿ ਹੁਣ ਪੁਲਿਸ ਤੋਂ ਛਿੱਤਰ ਪਰੇਡ ਹੋਵੇਗੀ। ਪਰ ਅਸ਼ਕੇ ਜਾਈਏ ਉਸ ਵਿਅਕਤੀ ਦੇ, ਉਹ ਗੁੱਸਾ ਕਰਨ ਦੀ ਬਜਾਏ ਹੱਸ ਕੇ ਕਹਿਣ ਲੱਗਾ, “ਭਰਾ ਨਰਾਜ਼ ਤਾਂ ਨਹੀਂ ਹੋ ਗਿਆ। ਤੂੰ ਵੀ ਮਾਰ ਲੈ ਮੋਢਾ।” ਮੇਰਾ ਖਿਆਲ ਹੈ ਕਿ ਜੇ ਉਹ ਵਿਅਕਤੀ ਲੱਕੀ ਦੇ ਦਸ ਚਪੇੜਾਂ ਵੀ ਮਾਰ ਦਿੰਦਾ ਤਾਂ ਉਸ ਨੇ ਐਨੀ ਬੇਇੱਜ਼ਤੀ ਮਹਿਸੂਸ ਨਹੀਂ ਸੀ ਕਰਨੀ, ਜਿੰਨੀ ਉਸ ਦੇ ਇੱਕ ਵਾਕ ਨੇ ਕਰਾ ਦਿੱਤੀ। ਜੇ ਕੋਈ ਗੁਸੇਖੋਰ ਬੰਦਾ ਹੁੰਦਾ ਤਾਂ ਇਸ ਛੋਟੀ ਜਿਹੀ ਗੱਲ ਤੋਂ ਉਥੇ ਪੱਕਾ ਲੜਾਈ ਹੋਣੀ ਸੀ।

ਸੋਸ਼ਲ ਮੀਡੀਆ ‘ਤੇ ਕੁਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਪੰਜਾਬ ਦਾ ਇੱਕ ਬਜ਼ੁਰਗ ਜੋੜਾ ਆਪਣੇ ਨੂੰਹ ਪੁੱਤ ਨੂੰ ਮਿਲਣ ਵਾਸਤੇ ਟੂਰਿਸਟ ਵੀਜ਼ੇ ‘ਤੇ ਨਿਊਯਾਰਕ ਜਾ ਰਿਹਾ ਸੀ। ਪਤੀ ਬੇਹੱਦ ਸੜੀਅਲ ਅਤੇ ਰਵਾਇਤੀ ਕਿਸਮ ਦਾ ਵਿਅਕਤੀ ਸੀ। ਹਵਾਈ ਜਹਾਜ ਦਾ ਮਸਾਲੇਦਾਰ ਖਾਣਾ ਖਾਣ ਤੋਂ ਬਚਣ ਲਈ ਉਨ੍ਹਾਂ ਨੇ ਦਸ ਬਾਰਾਂ ਪਰੌਂਠੇ ਨਾਲ ਬੰਨ੍ਹੇ ਹੋਏ ਸਨ। ਜਦੋਂ ਬੁੱਢਾ ਪਰੌਂਠੇ ਖਾਣ ਲੱਗਾ ਤਾਂ ਉਸ ਨੇ ਬੁੱਢੜੀ ਨਾਲ ਇਸ ਗੱਲ ਤੋਂ ਝਗੜਨਾ ਸ਼ੁਰੂ ਕਰ ਦਿੱਤਾ ਕਿ ਪਰੌਂਠਿਆਂ ਵਿੱਚ ਨਮਕ ਵੱਧ ਹੈ। ਦੋਵੇਂ ਜਣੇ ਉੱਚੀ ਉੱਚੀ ਇੱਕ ਦੂਸਰੇ ‘ਤੇ ਚੀਕਣ ਲੱਗੇ। ਨਾਲ ਦੀਆਂ ਸਵਾਰੀਆਂ ਵੱਲੋਂ ਸ਼ਿਕਾਇਤ ਕਰਨ ‘ਤੇ ਹਵਾਈ ਜਹਾਜ਼ ਦੇ ਸਟਾਫ ਨੇ ਦਬਕੇ ਮਾਰ ਕੇ ਦੋਵਾਂ ਨੂੰ ਮਸੀਂ ਚੁੱਪ ਕਰਵਾਇਆ। ਦਿੱਲੀ ਤੋਂ ਕੈਨੇਡਾ – ਅਮਰੀਕਾ ਜਾਣ ਵਾਲੇ ਬਹੁਤੇ ਜਹਾਜ਼ਾਂ ਵਿੱਚ ਪੰਜਾਬੀ ਸਟਾਫ ਹੁੰਦਾ ਹੈ ਜੋ ਅਜਿਹੇ ਮੂਰਖਾਂ ਨਾਲ ਨਿਪਟਣਾ ਚੰਗੀ ਤਰਾਂ ਜਾਣਦਾ ਹੈ। ਪਰ ਜਦੋਂ ਉਹ ਨਿਊਯਾਰਕ ਏਅਰਪੋਰਟ ‘ਤੇ ਉੱਤਰੇ ਤਾਂ ਸੜੇ ਬਲੇ ਬੁੱਢੇ ਨੇ ਪਰੌਂਠੇ ਭਵਾਂ ਕੇ ਡਸਟ ਬਿਨ ਵਿੱਚ ਮਾਰੇ ਤੇ ਐਲੀ ਐਲੀ ਕਰਦਾ ਬੁੱਢੜੀ ਦੇ ਗਲ ਪੈ ਗਿਆ। ਬੁੱਢੜੀ ਦੀ ਗੁੱਤ ਬੁੱਢੇ ਦੇ ਹੱਥ ਤੇ ਬੁੱਢੇ ਦੀ ਦਾਹੜੀ ਬੁੱਢੜੀ ਦੇ ਹੱਥ। ਮਿੰਟਾਂ ਸਕਿੰਟਾਂ ਵਿੱਚ ਪੁਲਿਸ ਨੇ ਦੋਵਾਂ ਨੂੰ ਮੂਧਿਆਂ ਪਾ ਕੇ ਹੱਥਕੜੀਆਂ ਲਗਾ ਦਿੱਤੀਆਂ। ਇਹ ਘਟੀਆ ਕਰਤੂਤ ਵੇਖ ਕੇ ਇੰਮੀਗਰੇਸ਼ਨ ਵਾਲਿਆਂ ਨੇ ਉਨ੍ਹਾਂ ਦੇ ਪਾਸਪੋਰਟਾਂ ‘ਤੇ ਡੀਪੋਰਟ ਦੀ ਸਟੈਂਪ ਠੋਕ ਕੇ ਅਗਲੀ ਫਲਾਈਟ ਰਾਹੀਂ ਦੋਵਾਂ ਨੂੰ ਦਿੱਲੀ ਵੱਲ ਰਵਾਨਾ ਕਰ ਦਿੱਤਾ। ਜੇ ਬੁੱਢਾ ਮਾੜੇ ਮੋਟੇ ਘੱਟ ਵੱਧ ਨਮਕ ਵਾਲੇ ਪਰੌਂਠੇ ਖਾ ਲੈਂਦਾ ਤਾਂ ਅੱਜ ਉਹ ਨਿਊਯਾਰਕ ਦੇ ਕਿਸੇ ਵਧੀਆ ਰੈਸਟੋਰੈਟ ਵਿੱਚ ਬੈਠਾ ਪੀਜ਼ੇ ਖਾ ਰਿਹਾ ਹੁੰਦਾ।

ਕਿਸੇ ਦੀ ਕਾਰ ਨਾਲ ਮਾੜੀ ਮੋਟੀ ਕਾਰ ਖਹਿ ਜਾਣੀ, ਘਰ ਅੱਗੇ ਕਿਸੇ ਹੋਰ ਵੱਲੋਂ ਕਾਰ ਖੜ੍ਹੀ ਕਰ ਦੇਣਾ, ਗੁਆਂਢੀਆਂ ਵੱਲੋਂ ਫਰਸ਼ਾਂ ਧੋ ਕੇ ਪਾਣੀ ਤੁਹਾਡੇ ਘਰ ਵੱਲ ਰੋੜ੍ਹ ਦੇਣਾ, ਕਿਸੇ ਵੱਲੋਂ ਮਾੜੀ ਮੋਟੀ ਵੱਟ ਜਾਂ ਰਸਤਾ ਵੱਢ ਲੈਣਾ, ਕਿਸੇ ਦੇ ਪਾਲਤੂ ਕੁੱਤੇ ਵੱਲੋਂ ਤੁਹਾਡੇ ਘਰ ਅੱਗੇ ਗੰਦ ਪਾਉਣਾ ਆਦਿ ਕਈ ਅਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਹਨ, ਜਿਨ੍ਹਾਂ ਨੂੰ ਦਰ ਗੁਜ਼ਰ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ‘ਤੇ ਗੁੱਸਾ ਤਾਂ ਬਹੁਤ ਆਉਂਦਾ ਹੈ, ਪਰ ਫਿਰ ਇਹ ਸੋਚ ਲੈਣਾ ਚਾਹੀਦਾ ਹੈ ਕਿ ਮੈਂ ਵੀ ਤਾਂ ਕਈ ਵਾਰ ਅਜਿਹਾ ਹੀ ਕਰਦਾ ਹਾਂ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

1947 ਵਿੱਚ ਹਜ਼ਾਰਾ ਸਿੰਘ ਨੇ ਦਲੇਰੀ ਨਾਲ ਪਾਕਿਸਤਾਨ ਛੱਡਿਆ

ਘਰ ਵਾਲਿਆਂ ਨੇ ਮਰ ਗਿਆ ਸਮਝ ਕੇ ਭੋਗ ਪਾ ਦਿੱਤਾ ਸੀ

1947 ਵਿੱਚ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਭਿਆਨਕ ਹੈਵਾਨੀਅਤ ਵਾਲੀ ਹਨੇਰੀ ਝੁੱਲੀ ਸੀ। ਦੁਨੀਆਂ ਦੇ ਇਤਿਹਾਸ ਵਿੱਚ ਦੋ ਦੇਸ਼ਾਂ ਦਰਮਿਆਨ ਅਬਾਦੀ ਦੀ ਐਨੀ ਵੱਡੀ ਹਿਜ਼ਰਤ ਅੱਜ ਤੱਕ ਨਹੀਂ ਹੋਈ। ਮੁਰੱਬਿਆਂ ਦੇ ਮਾਲਕ ਜਗੀਰਦਾਰ ਅਤੇ ਕਰੋੜਾਂਪਤੀ ਵਪਾਰੀ ਰਾਤੋ ਰਾਤ ਸੜਕਾਂ ‘ਤੇ ਰੁਲਣ ਲੱਗ ਪਏ ਸਨ। ਦੰਗਿਆਂ ਸਬੰਧੀ ਭਾਰਤ – ਪਾਕਿਸਤਾਨ ਵਿੱਚ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਅਤੇ ਅਨੇਕਾਂ ਫਿਲਮਾਂ ਬਣੀਆਂ ਹਨ। ਇਨਸਾਨੀਅਤ ਤੋਂ ਗਿਰੇ ਹੋਏ ਉਸ ਕਤਲੇਆਮ ਲਈ ਦੋਵੇਂ ਦੇਸ਼ ਇੱਕ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਪਰ ਕੌੜੀ ਸੱਚਾਈ ਇਹ ਹੈ ਕਿ ਕਿਸੇ ਵੀ ਧਿਰ ਨੇ ਘੱਟ ਨਹੀਂ ਸੀ ਗੁਜ਼ਾਰੀ। ਦੋਵੇਂ ਪਾਸਿਆਂ ਤੋਂ ਲਾਸ਼ਾਂ ਦੀਆਂ ਟਰੇਨਾਂ ਭਰ ਭਰ ਕੇ ਭੇਜੀਆਂ ਗਈਆਂ ਸਨ ਤੇ ਔਰਤਾਂ ਦੀ ਰੱਜ ਕੇ ਬੇਪੱਤੀ ਕੀਤੀ ਗਈ ਸੀ। ਜਦੋਂ ਲੋਕ ਉੱਜੜ ਕੇ ਭਾਰਤ ਜਾਂ ਪਾਕਿਸਤਾਨ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਅਖੀਰ ਤੱਕ ਇਹ ਉਮੀਦ ਸੀ ਕਿ ਅਸੀਂ ਵਾਪਸ ਆ ਜਾਣਾ ਹੈ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਪੱਕੇ ਤੌਰ ‘ਤੇ ਘਰ ਛੱਡਣੇ ਪੈ ਰਹੇ ਹਨ। ਅੱਜ ਕਲ੍ਹ ਭਾਰਤੀਆਂ ਅਤੇ ਪਾਕਿਸਤਾਨੀਆਂ ਦਰਮਿਆਨ ਜਿਹੜਾ ਪਿਆਰ ਵੇਖਣ ਨੂੰ ਮਿਲਦਾ ਹੈ, ਉਹ ਸਿਰਫ ਜ਼ੁਬਾਨ ਦੀ ਸਾਂਝ ਕਾਰਨ ਲਹਿੰਦੇ ਅਤੇ ਚੜ੍ਹਦੇ ਪੰਜਾਬੀਆਂ ਤੱਕ ਹੀ ਸੀਮਤ ਹੈ। ਵੰਡ ਦੀ ਸਭ ਤੋਂ ਵੱਧ ਮਾਰ ਵੀ ਪੰਜਾਬ ਨੂੰ ਹੀ ਪਈ ਸੀ। ਰੱਬ ਦਾ ਸ਼ੁਕਰ ਹੈ ਕਿ ਉਹ ਖੂਨੀ ਹਨੇਰੀ ਆਈ ਤੇ ਚਲੀ ਗਈ। ਹੁਣ ਦੋਵਾਂ ਦੇਸ਼ਾਂ ਦੇ ਪੰਜਾਬੀ ਇੱਕ ਦੂਜੇ ਨੂੰ ਭਰਾਵਾਂ ਵਾਂਗ ਉੱਡ ਕੇ ਮਿਲਦੇ ਹਨ। ਤੁਸੀਂ ਲਾਹੌਰ ਵਿਖੇ ਕਿਸੇ ਦੁਕਾਨ ਤੋਂ ਚਾਹੇ 10000 ਦਾ ਸਮਾਨ ਖਰੀਦ ਲਉ, ਦੁਕਾਨਦਾਰ ਇੱਕ ਵਾਰ ਜ਼ਰੂਰ ਕਹੇਗਾ, “ਛੱਡੋ ਭਾਅ ਜੀ, ਰਹਿਣ ਦਿਉ ਪੈਸੇ।”

ਜਦੋਂ ਦੇਸ਼ ਨੂੰ ਅੱਜ ਭਲਕ ਅਜ਼ਾਦੀ ਮਿਲਣ ਦੀਆਂ ਖਬਰਾਂ ਫੈਲ ਰਹੀਆਂ ਸਨ ਤਾਂ ਉਸ ਵੇਲੇ ਸਾਡਾ ਇੱਕ ਰਿਸ਼ਤੇਦਾਰ ਹਜ਼ਾਰਾ ਸਿੰਘ ਭੰਗੂ ਕਿਸੇ ਹੋਰ ਹੀ ਖਲਜਗਣ ਵਿੱਚ ਫਸਿਆ ਹੋਇਆ ਸੀ। ਹਜ਼ਾਰਾ ਸਿੰਘ ਬਹੁਤ ਹੀ ਦਲੇਰ ਅਤੇ ਅੜ੍ਹਬ ਕਿਸਮ ਦਾ ਬੰਦਾ ਸੀ ਜਿਸ ਕਾਰਨ ਉਸ ਦਾ ਇਲਾਕੇ ਵਿੱਚ ਚੰਗਾ ਦਬਦਬਾ ਸੀ। ਉਸ ਦੇ ਇੱਕ ਰਿਸ਼ਤੇਦਾਰ ਝੰਡਾ ਸਿੰਘ ਨੂੰ ਸਾਂਝੇ ਪੰਜਾਬ ਦੇ ਜਿਲ੍ਹੇ ਲਾਇਲਪੁਰ (ਹੁਣ ਫੈਸਲਾਬਾਦ) ਦੇ ਥਾਣੇ ਜੜ੍ਹਾਂਵਾਲਾ ਦੇ ਪਿੰਡ ਚੱਕ ਨੰਬਰ 238 ਕੰਮੂਆਣਾ ਵਿਖੇ ਜ਼ਮੀਨ ਅਲਾਟ ਹੋਈ ਸੀ। ਉਸ ਦਾ ਆਪਣੇ ਗੁਆਂਢੀ ਦਲੀਪ ਸਿੰਘ ਨਾਲ ਦੋ ਕਿੱਲੇ ਜ਼ਮੀਨ ਪਿੱਛੇ ਜਬਰਦਸਤ ਤਕਰਾਰ ਚੱਲਦਾ ਸੀ ਤੇ ਕਈ ਵਾਰ ਲੜਾਈ ਝਗੜਾ ਹੋ ਚੁੱਕਾ ਸੀ। ਜਦੋਂ ਪਾਣੀ ਸਿਰ ਤੋਂ ਟੱਪ ਗਿਆ ਤਾਂ ਇੱਕ ਪਾਸਾ ਕਰਨ ਲਈ ਝੰਡਾ ਸਿੰਘ ਨੇ ਹਜ਼ਾਰਾ ਸਿੰਘ ਨੂੰ ਬੰਦਿਆਂ ਸਮੇਤ ਪਹੁੰਚਣ ਲਈ ਸੁਨੇਹਾ ਭੇਜ ਦਿੱਤਾ। ਉਧਰੋਂ ਦੂਸਰੀ ਧਿਰ ਨੇ ਵੀ ਬੰਦੇ ਇਕੱਠੇ ਕੀਤੇ ਹੋਏ ਸਨ। ਜਦੋਂ ਪਰੇ੍ਹ ਪੰਚਾਇਤ ਵਿੱਚ ਗੱਲ ਨਾ ਮੁੱਕੀ ਤਾਂ 13 ਅਗਸਤ ਨੂੰ ਦੋਵਾਂ ਧਿਰਾਂ ਵਿੱਚ ਜੰਮ ਕੇ ਲੜਾਈ ਹੋਈ। ਝੰਡਾ ਸਿੰਘ ਪਾਰਟੀ ਦਾ ਇੱਕ ਤੇ ਦਲੀਪ ਸਿੰਘ ਪਾਰਟੀ ਦੇ ਦੋ ਬੰਦੇ ਮਾਰੇ ਗਏ। ਇਸ ਤੋਂ ਇਲਾਵਾ ਦੋਵਾਂ ਧਿਰਾਂ ਦੇ ਦਸ ਬਾਰਾਂ ਬੰਦੇ ਜ਼ਖਮੀ ਵੀ ਹੋ ਗਏ।

ਥਾਣਾ ਜੜ੍ਹਾਂਵਾਲਾ (ਸਦਰ) ਪਿੰਡ ਤੋਂ ਕੋਈ ਅੱਠ ਦਸ ਕਿ.ਮੀ. ਦੂਰ ਸੀ ਜਿਸ ਕਾਰਨ ਕੁਝ ਹੀ ਸਮੇਂ ਵਿੱਚ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੋਵਾਂ ਧਿਰਾਂ ਵੱਲੋਂ ਵੱਲੋਂ ਇੱਕ ਦੂਸਰੇ ਦੇ ਖਿਲਾਫ ਕਰਾਸ ਕੇਸ ਦਰਜ਼ ਹੋ ਗਿਆ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹਜ਼ਾਰਾ ਸਿੰਘ, ਝੰਡਾ ਸਿੰਘ ਤੇ ਵਿਰੋਧੀ ਦਲੀਪ ਸਿੰਘ ਸਮੇਤ ਦੋਵਾਂ ਧਿਰਾਂ ਦੇ ਵੀਹ ਪੱਚੀ ਬੰਦੇ ਪਕੜ ਕੇ ਹਵਾਲਾਤ ਵਿੱਚ ਬੰਦ ਕਰ ਦਿੱਤੇ ਗਏ। ਥਾਣੇ ਦਾ ਐਸ.ਐਚ.ਉ. ਪਠਾਨ ਸੀ ਤੇ ਸਿਰੇ ਦਾ ਫਿਰਕੂ ਤੇ ਭ੍ਰਿਸ਼ਟ ਆਦਮੀ ਸੀ। ਉਸ ਨੇ ਪੈਸੇ ਭੋਟਣ ਦੀ ਗਰਜ਼ ਨਾਲ ਦੋਵਾਂ ਧਿਰਾਂ ਦੀ ਰੱਜ ਕੇ ਕੁੱਟ ਮਾਰ ਕੀਤੀ। ਦੋ ਦਿਨਾਂ ਬਾਅਦ ਹੀ ਦੇਸ਼ ਅਜ਼ਾਦ ਹੋ ਗਿਆ ਤੇ ਫੈਸਲਾਬਾਦ ਪਾਕਿਸਤਾਨ ਦੇ ਹਿੱਸੇ ਆ ਗਿਆ। 16 ਅਗਸਤ ਦੀ ਸ਼ਾਮ ਨੂੰ ਐਸ.ਐਚ.ਉ. ਹਵਾਲਾਤ ਦੇ ਸਾਹਮਣੇ ਆਇਆ ਤੇ ਹਜ਼ਾਰਾ ਸਿੰਘ ਵਗੈਰਾ ਨੂੰ ਕਹਿਣ ਲੱਗਾ, “ਪੁੱਤ ਬਣ ਗਿਆ ਪਾਕਿਸਤਾਨ। ਤੁਹਾਡਾ ਕਰਦਾ ਆਂ ਮੈਂ ਅੱਜ ਪੱਕਾ ਇਲਾਜ।” ਥਾਣੇ ਦਾ ਮੁੰਸ਼ੀ ਸਿੱਖ ਸੀ। ਉਸ ਨੇ ਐਸ.ਐਚ.ਉ. ਨੂੰ ਪੁੱਛਿਆ ਕਿ ਚੌਧਰੀ ਸਾਹਿਬ ਇਨ੍ਹਾਂ ਨੂੰ ਜੇਲ੍ਹ ਨਹੀਂ ਭੇਜਣਾ? ਐਸ.ਐਚ.ਉ. ਨੇ ਅੱਗੋਂ ਹੱਸ ਕੇ ਕਿਹਾ ਕਿ ਜੇਲ੍ਹ ਨਹੀਂ, ਇਨ੍ਹਾਂ ਨੂੰ ਉੱਪਰ ਭੇਜਣਾ ਹੈ।

ਐਸ.ਐਚ.ਉ. ਦੀ ਗੱਲ ਸੁਣ ਕੇ ਸਾਰੇ ਘਬਰਾ ਗਏ। ਹੁਣ ਤੱਕ ਹਵਾਲਾਤ ਵਿੱਚ ਇੱਕ ਦੂਸਰੇ ਵੱਲ ਲਾਲ ਡੇਲੇ ਕੱਢ ਕੇ ਘੂਰ ਰਹੀਆਂ ਦੋਵੇਂ ਧਿਰਾਂ ਸਿਰ ‘ਤੇ ਨੱਚ ਰਹੀ ਮੌਤ ਵੇਖ ਕੇ ਫੌਰਨ ਇਕੱਠੀਆਂ ਹੋ ਗਈਆਂ। ਜਦੋਂ ਐਸ.ਐਚ.ਉ. ਚਲਾ ਗਿਆ ਤਾਂ ਉਨ੍ਹਾਂ ਨੇ ਆਪਸ ਵਿੱਚ ਖੁਸਰ ਫੁਸਰ ਕੀਤੀ ਤੇ ਹਜ਼ਾਰਾ ਸਿੰਘ ਨੇ ਮੁੰਸ਼ੀ ਨੂੰ ਅਵਾਜ਼ ਮਾਰ ਲਈ। ਥਾਣੇ ਦੇ ਮੁਲਾਜ਼ਮਾਂ ਵਿੱਚੋਂ ਅੱਧੇ ਦੇ ਕਰੀਬ ਹਿੰਦੂ – ਸਿੱਖ ਸਨ। ਉਸ ਨੇ ਮੁੰਸ਼ੀ ਨੂੰ ਕਿਹਾ ਕੇ ਜੇ ਚੌਧਰੀ ਨੇ ਸਾਨੂੰ ਮਾਰ ਦਿੱਤਾ ਤਾਂ ਛੱਡਣਾ ਤੁਹਾਨੂੰ ਵੀ ਨਹੀਂ। ਅਜੇ ਗੱਲਾਂ ਕਰ ਹੀ ਰਹੇ ਸਨ ਕਿ ਐਸ.ਐਚ.ਉ. ਦੇ ਬੁਲਾਏ ਹੋਏ ਦੰਗਈਆਂ ਨੇ ਥਾਣੇ ‘ਤੇ ਹੱਲਾ ਬੋਲ ਦਿੱਤਾ। ਮੁੰਸ਼ੀ ਨੇ ਫਟਾ ਫਟ ਥਾਣੇ ਦਾ ਗੇਟ ਬੰਦ ਕਰ ਲਿਆ ਤੇ ਸਾਰੇ ਹਵਾਲਤੀਆਂ ਨੂੰ ਬਾਹਰ ਕੱਢ ਕੇ ਸਮੇਤ ਹਿੰਦੂ ਸਿੱਖ ਮੁਲਾਜ਼ਮਾਂ ਦੇ ਅਸਲ੍ਹਾ ਵੰਡ ਦਿੱਤਾ। ਐਨੇ ਨੂੰ ਦੰਗਈਆਂ ਨੇ ਗੇਟ ਤੋੜ ਦਿੱਤਾ ਤੇ ਦੋਵਾਂ ਧਿਰਾਂ ਵਿੱਚ ਜੰਮ ਕੇ ਗੋਲਾਬਾਰੀ ਹੋਈ। ਡਾਂਗਾਂ, ਕਿਰਪਾਨਾਂ ਅਤੇ ਬਾਰਾਂ ਬੋਰ ਦੀਆਂ ਬੰਦੂਕਾਂ ਪੱਕੀਆਂ ਥਰੀ ਨਟ ਥਰੀ ਰਾਈਫਲਾਂ ਦਾ ਮੁਕਾਬਲਾ ਕਿਵੇਂ ਕਰ ਸਕਦੀਆਂ ਸਨ ? ਐਸ.ਐਚ.ਉ. ਸਮੇਤ ਦਰਜ਼ਨ ਦੇ ਕਰੀਬ ਗੁੰਡੇ ਮਾਰੇ ਗਏ ਤੇ ਬਾਕੀ ਮੈਦਾਨ ਛੱਡ ਕੇ ਭੱਜ ਗਏ। ਹਜ਼ਾਰਾ ਸਿੰਘ ਤੇ ਉਸ ਦੇ ਸਾਥੀਆਂ ਨੇ ਭਾਰਤ ਵੱਲ ਚਾਲੇ ਪਾ ਦਿੱਤੇ ਤੇ ਫੈਸਲਾਬਾਦ ਦੇ ਰਹਿਣ ਝੰਡਾ ਸਿੰਘ, ਦਲੀਪ ਸਿੰਘ ਅਤੇ ਪੁਲਿਸ ਵਾਲੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਆਪੋ ਆਪਣੇ ਪਿੰਡਾਂ ਵੱਲ ਨੱਸ ਗਏ।

ਫੈਸਲਾਬਾਦ ਤੋਂ ਅੰਮ੍ਰਿਤਸਰ ਦਾ ਸੜਕ ਰਾਹੀਂ ਫਾਸਲਾ ਕਰੀਬ 225 ਕਿ.ਮੀ. ਬਣਦਾ ਹੈ। ਹਜ਼ਾਰਾ ਸਿੰਘ ਹੁਣੀ ਦਿਨੇ ਕਮਾਦਾਂ ਚਰ੍ਹੀਆਂ ਵਿੱਚ ਲੁਕੇ ਰਹਿੰਦੇ ਤੇ ਰਾਤ ਨੂੰ ਸਫਰ ਕਰਦੇ। ਉਨ੍ਹਾਂ ਨੂੰ ਝਬਾਲ ਲਾਗਲੇ ਆਪਣੇ ਪਿੰਡ ਪਹੁੰਚਣ ਵਿੱਚ ਕਰੀਬ ਇੱਕ ਮਹੀਨਾ ਲੱਗ ਗਿਆ। ਜਦੋਂ ਉਹ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਘਰ ਵਾਲੇ ਉਨ੍ਹਾਂ ਨੂੰ ਮਰਿਆ ਹੋਇਆ ਸਮਝ ਕੇ ਭੋਗ ਵੀ ਪਾ ਚੁੱਕੇ ਸਨ।

ਭਾਰਤ ਵਿੱਚ ਬਰਸਾਤ ਦੌਰਾਨ ਆਉਣ ਵਾਲੇ ਹੜ੍ਹਾਂ ਨੂੰ ਸਿਆਸੀ ਲੋਕਾਂ ਨੇ ਸਾਲਾਨਾ ਤਮਾਸ਼ਾ ਬਣਾ ਲਿਆ

ਇਸ ਵੇਲੇ ਭਾਰਤ ਵਿੱਚ ਮੌਨਸੂਨ ਨੇ ਹਰ ਪਾਸੇ ਜਲ ਥਲ ਕੀਤਾ ਹੋਇਆ ਹੈ। ਕਦੇ ਮੁੰਬਈ ਡੁੱਬ ਜਾਂਦਾ ਹੈ ਤੇ ਕਦੇ ਦਿੱਲੀ। ਇਸ ਵੇਲੇ ਜੋਧਪੁਰ ਡੁੱਬਿਆ ਪਿਆ ਹੈ। ਹਰੇਕ ਮੌਨਸੂਨ ਦੌਰਾਨ ਚੈਨਲਾਂ ਅਤੇ ਅਖਬਾਰਾਂ ਵਿੱਚ ਇਹ ਖਬਰ ਪ੍ਰਮੁੱਖਤਾ ਨਾਲ ਚੱਲਦੀ ਹੈ ਕਿ ਫਲਾਣੇ ਸ਼ਹਿਰ ਦੀ ਮਿਊਂਸੀਪਲ ਕਮੇਟੀ ਦੇ ਪ੍ਰਬੰਧਾਂ ਦੀ ਖੁਲ੍ਹੀ ਪੋਲ, ਸ਼ਹਿਰ ਨੇ ਧਾਰਿਆ ਸਮੁੰਦਰ ਦਾ ਰੂਪ। ਅਸਲ ਵਿੱਚ ਪੋਲ ਤਾਂ ਉਦੋਂ ਖੁਲੇ੍ਹ ਜੇ ਪੋਲ ਕਦੇ ਬੰਦ ਹੋਈ ਹੋਵੇ। ਹਰ ਸਾਲ ਪ੍ਰਧਾਨਾਂ ਮੇਅਰਾਂ ਦੇ ਉਹ ਹੀ ਘਿਸੇ ਪਿਟੇ ਬਿਆਨ ਸੁਣਨ ਨੂੰ ਮਿਲਦੇ ਹਨ ਕਿ ਪਿਛਲੀ ਕਮੇਟੀ ਨੇ ਸ਼ਹਿਰ ਨੂੰ ਲੁੱਟ ਕੇ ਖਾ ਲਿਆ ਸੀ, ਹੁਣ ਅਸੀਂ ਪ੍ਰਬੰਧ ਠੀਕ ਕਰਾਂਗੇ। ਪਰ ਕੰਮ ਉਥੇ ਹੀ ਰਹਿੰਦਾ ਹੈ ਤੇ ਅਗਲੇ ਮੌਨਸੂਨ ਸੀਜ਼ਨ ਦੌਰਾਨ ਸ਼ਹਿਰ ਦਾ ਫਿਰ ਉਹ ਹੀ ਹਾਲ ਹੁੰਦਾ ਹੈ। ਪੰਜਾਬ ਵਿੱਚ ਮੌਨਸੂਨ ਵੇਲੇ ਸਭ ਤੋਂ ਬੁਰੀ ਹਾਲਤ ਮਾਲਵਾ ਇਲਾਕੇ ਦੀ ਤੇ ਖਾਸ ਤੌਰ ‘ਤੇ ਬਠਿੰਡਾ ਸ਼ਹਿਰ ਦੀ ਹੁੰਦੀ ਹੈ। ਹਰ ਸਾਲ ਸ਼ਹਿਰ ਪਾਣੀ ਨਾਲ ਡੁੱਬ ਜਾਂਦਾ ਹੈ। ਜਿਸ ਇਲਾਕੇ ਵਿੱਚ ਆਈ.ਜੀ., ਡੀ.ਸੀ., ਐਸ.ਐਸ.ਪੀ ਆਦਿ ਦੇ ਦਫਤਰ ਅਤੇ ਕੋਠੀਆਂ ਹਨ, ਬਰਸਾਤਾਂ ਵੇਲੇ ਉਥੇ ਗੱਡੀਆਂ ਦੀ ਬਜਾਏ ਕਿਸ਼ਤੀਆਂ ਚੱਲਦੀਆਂ ਹਨ। ਕਈ ਸਰਕਾਰਾਂ ਆਈਆਂ ਤੇ ਗਈਆਂ, ਹਰ ਸਾਲ ਉਹ ਹੀ ਹਾਲ ਹੁੰਦਾ ਹੈ। ਬਰਸਾਤ ਵੇਲੇ ਸ਼ਹਿਰਾਂ ਦੀਆਂ ਪਾਣੀ ਵਿੱਚ ਡੁੱਬੀਆਂ ਬਸਤੀਆਂ ਵਿੱਚ ਖੜ੍ਹ ਕੇ ਫੋਟੋਆਂ ਖਿਚਾਉਂਦੇ ਨੇਤਾ ਇਸ ਦਾ ਪੱਕਾ ਹੱਲ ਕੱਢਣ ਦੇ ਦਮਗਜੇ ਮਾਰਦੇ ਹਨ ਪਰ ਬਰਸਾਤ ਖਤਮ ਹੁੰਦੇ ਸਾਰ ਉਹ ਵਾਅਦੇ ਹੜ੍ਹ ਦੇ ਪਾਣੀ ਦੇ ਨਾਲ ਹੀ ਵਹਿ ਜਾਂਦੇ ਹਨ। ਜਨਤਾ ਅਤੇ ਮੀਡੀਆ ਵੀ ਸਤੰਬਰ ਆਉਂਦੇ ਆਉਂਦੇ ਇਸ ਬਾਰੇ ਭੁੱਲ ਭੁਲਾ ਜਾਂਦੇ ਹਨ।

ਭਾਰਤ ਵਿੱਚ ਮੌਨਸੂਨ ਦੌਰਾਨ ਆਉਣ ਵਾਲੇ ਸ਼ਹਿਰੀ ਹੜ੍ਹ ਹੁਣ ਇੱਕ ਤਰਾਂ ਦਾ ਸਲਾਨਾ ਤਮਾਸ਼ਾ ਬਣ ਗਏ ਹਨ। ਸੜਕਾਂ ਦਰਿਆਵਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ, ਅੰਡਰ ਪਾਥ ਪਾਣੀ ਵਿੱਚ ਡੁੱਬ ਜਾਂਦੇ ਹਨ, ਟੈਲੀਫੂਨ ਅਤੇ ਬਿਜਲੀ ਬੰਦ ਹੋ ਜਾਂਦੀ ਹੈ ਅਤੇ ਘਰਾਂ ਵਿੱਚ ਡੱਡੂ ਅਤੇ ਮੱਛੀਆਂ ਆਰਜ਼ੀ ਰੈਣ ਬਸੇਰਾ ਬਣਾ ਲੈਂਦੀਆਂ ਹਨ। ਇਹ ਸਥਿੱਤੀ ਕਈ ਹਫਤਿਆਂ ਤੱਕ ਜਾਰੀ ਰਹਿੰਦੀ ਹੈ। ਹੜ੍ਹ ਕੰਟਰੋਲ ਦੇ ਨਾਮ ‘ਤੇ ਹਰ ਸਾਲ ਖਰਬਾਂ ਰੁਪਏ ਗਬਨ ਕਰ ਲਏ ਜਾਣ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਬਿਨਾਂ ਸੋਚੇ ਸਮਝੇ ਕੀਤੀਆਂ ਜਾ ਰਹੀਆਂ ਨਵੀਆਂ ਉਸਾਰੀਆਂ ਹਨ। ਸੱਤਾਧਾਰੀਆਂ, ਕੋਲੋਨਾਈਜ਼ਰਾਂ ਅਤੇ ਅਫਸਰਾਂ ਦੇ ਗੱਠਜੋੜ ਨੇ ਆਪਣੇ ਹਿੱਤ ਸਾਧਣ ਲਈ ਵਿਕਾਸ ਦੇ ਨਾਮ ‘ਤੇ ਬਰਸਾਤੀ ਨਦੀ ਨਾਲਿਆਂ ਨੂੰ ਪੂਰ ਕੇ ਕਲੋਨੀਆਂ ਬਣਾ ਦਿੱਤੀਆਂ ਹਨ ਤੇ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕ ਦਿੱਤਾ ਹੈ। ਝੀਲਾਂ, ਛੱਪੜਾਂ ਅਤੇ ਪਹਾੜਾਂ ਨੂੰ ਪੱਧਰਾ ਕਰ ਕੇ ਲੇਕ ਵਿਊ, ਰਿਵਰਵਿਊ ਅਤੇ ਹਿੱਲ ਟਾਪ ਆਦਿ ਵਰਗੇ ਫੈਂਸੀ ਨਾਵਾਂ ਵਾਲੀਆਂ ਕਲੋਨੀਆਂ ਅਤੇ ਫਲੈਟ ਉਸਾਰ ਲਏ ਗਏ ਹਨ। ਸੱਤਾ ਹਾਸਲ ਕਰਨ ਤੋਂ ਬਾਅਦ ਜਿਆਦਾਤਰ ਸਰਕਾਰਾਂ ਫ਼ਨਬਸਪ;ਸਭ ਤੋਂ ਤੋਂ ਪਹਿਲਾਂ ਨਜ਼ਾਇਜ ਕਲੋਨੀਆਂ ਨੂੰ ਜ਼ਾਇਜ ਕਰਨ ਦਾ ਕਰਦੀਆਂ ਹਨ। ਕੋਲੋਨਾਈਜ਼ਰਾਂ ਪ੍ਰਤੀ ਤਾਂ ਲੀਡਰਾਂ ਦੇ ਦਿਲ ਵਿੱਚ ਐਨਾ ਦਰਦ ਹੈ ਕਿ ਇੱਕ ਮੰਤਰੀ ਨੇ ਸਰਕਾਰ ਟੁੱਟਣ ਤੋਂ ਬਾਅਦ ਵੀ ਇੱਕ ਕਲੋਨੀ ਨੂੰ ਪੰਚਾਇਤੀ ਜ਼ਮੀਨ ਬਖਸ਼ਣ ਦੇ ਦਸਤਾਵੇਜ਼ਾਂ ‘ਤੇ ਦਸਤਖਤ ਕਰ ਦਿੱਤੇ ਸਨ। ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਕੁਝ ਹਜ਼ਾਰ ਲੋਕਾਂ ਦੀ ਰਿਹਾਇਸ਼ ਲਈ ਉਸਾਰੇ ਗਏ ਸਨ ਪਰ ਹੁਣ ਇਹ ਸ਼ਹਿਰ ਹੁਣ ਲੱਖਾਂ ਲੋਕਾਂ ਦਾ ਘਰ ਬਣ ਗਏ ਹਨ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਲੈ ਕੇ ਖਰੜ ਅਤੇ ਡੇਰਾ ਬੱਸੀ ਤੱਕ ਫੈਲ ਗਏ ਹਨ। ਕਿਸੇ ਵੇਲੇ ਇਸ ਇਲਾਕੇ ਵਿੱਚ ਸੈਂਕੜੇ ਬਰਸਾਤੀ ਨਦੀਆਂ ਨਾਲੇ ਵਗਦੇ ਸਨ ਜੋ ਹੁਣ ਸਾਰੇ ਹੁਣ ਗਾਇਬ ਹੋ ਚੁੱਕੇ ਹਨ। ਰੋਜ਼ਾਨਾ ਕੋਈ ਨਾ ਕੋਈ ਨਵੀਂ ਕਲੋਨੀ ਜਾਂ ਫਲੈਟ ਤਿਆਰ ਹੋ ਰਹੇ ਹਨ। ਨਦੀ ਨਾਲਿਆਂ ਦੇ ਕੁਦਰਤੀ ਵਹਾਅ ਬੰਦ ਹੋ ਜਾਣ ਕਾਰਨ ਬਰਸਾਤੀ ਪਾਣੀ ਸ਼ਹਿਰਾਂ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਤਬਾਹੀ ਮਚਾ ਦਿੰਦਾ ਹੈ। ਪਾਣੀ ਦਾ ਹੱਲ ਕਰਨ ਲਈ ਹਰ ਸਾਲ ਅਰਬਾਂ ਖਰਬਾਂ ਦੇ ਪ੍ਰੋਜੈਕਟ ਬਣਦੇ ਹਨ ਜੋ ਅਗਲੇ ਸਾਲ ਬਰਸਾਤ ਦੇ ਪਾਣੀ ਵਿੱਚ ਵਹਿ ਜਾਂਦੇ ਹਨ।

ਇਸ ਮੁਸੀਬਤ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਘਟੀਆ ਸੀਵਰੇਜ਼ ਸਿਸਟਮ ਹੈ। ਬਹੁਤੇ ਸ਼ਹਿਰਾਂ ਵਿੱਚ ਸੀਵਰੇਜ਼ ਸਿਸਟਮ 50 60 ਸਾਲ ਪੁਰਾਣਾ ਹੈ ਤੇ ਉਸ ਸਮੇਂ ਦੀ ਜਰੂਰਤ ਅਨੁਸਾਰ ਬਣਾਇਆ ਗਿਆ ਸੀ। ਜਿਉਂ ਜਿਉਂ ਸ਼ਹਿਰ ਵਧਦੇ ਜਾ ਰਹੇ ਹਨ, ਨਵੀਆਂ ਕਲੋਨੀਆਂ ਦੇ ਸੀਵਰ ਇਸ ਨਾਲ ਜੁੜਦੇ ਜਾ ਰਹੇ ਹਨ। ਕੋਈ ਅਫਸਰ ਇਹ ਨਹੀਂ ਸਮਝਦਾ ਕਿ ਘੱਟ ਵਿਆਸ ਦੀਆਂ ਪਾਈਪਾਂ ਇਸ ਪਾਣੀ ਨੂੰ ਕਿਵੇਂ ਝੱਲਣਗੀਆਂ? ਚੰਡੀਗੜ੍ਹ ਮੋਹਾਲੀ ਵਿੱਚ ਵੀ ਨਵੀਆਂ ਕਲੋਨੀਆਂ ਦੇ ਸੀਵਰ ਪੁਰਾਣੇ ਸੀਵਰ ਵਿੱਚ ਜੋੜੇ ਜਾ ਰਹੇ ਹਨ। ਕੁਝ ਸਾਲ ਪਹਿਲਾਂ ਇਥੇ ਐਨਾ ਪਾਣੀ ਜਮ੍ਹਾ ਹੋ ਗਿਆ ਸੀ ਕਿ ਕਾਰਾਂ ਪਾਣੀ ਵਿੱਚ ਤਰ ਗਈਆਂ ਸਨ। ਪੰਜਾਬ ਵਿੱਚ ਸਿਰਫ ਮੋਹਾਲੀ ਹੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਗੰਦੇ ਅਤੇ ਬਰਸਾਤੀ ਪਾਣੀ ਵਾਲੇ ਸੀਵਰ ਅਲੱਗ ਅਲੱਗ ਹਨ। ਪਰ ਇਥੇ ਪਿਛਲੇ ਦੋ ਤਿੰਨ ਸਾਲਾਂ ਤੋਂ ਬਰਸਾਤੀ ਪਾਣੀ ਵਾਲੇ ਸੀਵਰ ਦੀ ਸਫਾਈ ਨਹੀਂ ਹੋਈ ਪਰ ਚਰਚਾ ਹੈ ਕਿ ਠੇਕੇਦਾਰ ਨੂੰ ਪੇਮੈਂਟ ਜਰੂਰ ਕੀਤੀ ਜਾ ਰਹੀ ਹੈ। ਇਹ ਵਰਤਾਰਾ ਇਕੱਲੇ ਮੋਹਾਲੀ ਵਿੱਚ ਹੀ ਨਹੀਂ, ਬਲਕਿ ਭਾਰਤ ਦੇ ਜਿਆਦਾਤਰ ਸ਼ਹਿਰਾਂ ਵਿੱਚ ਚੱਲ ਰਿਹਾ ਹੈ। ਭਾਰਤ ਦੀ ਸਭ ਤੋਂ ਅਮੀਰ ਮਿਊਂਸਪੈਲਟੀ ਮੁੰਬਈ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਇਸ ਦਾ ਸਲਾਨਾ ਬਜ਼ਟ (40000 ਕਰੋੜ ਰੁਪਏ) ਭਾਰਤ ਦੇ ਕਈ ਰਾਜਾਂ ਨਾਲੋਂ ਵੱਧ ਹੈ। ਹਰ ਸਾਲ ਬਰਸਾਤੀ ਪਾਣੀ ਕਾਰਨ ਉਥੇ ਭੜਥੂ ਮੱਚ ਜਾਂਦਾ ਹੈ ਤੇ ਅਨੇਕਾਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਬਾਕੀ ਸ਼ਹਿਰਾਂ ਵਿੱਚ ਤੋਂ ਉਲਟ ਉਥੇ ਬਰਸਾਤੀ ਪਾਣੀ ਨਜ਼ਦੀਕੀ ਸਮੁੰਦਰ ਵਿੱਚ ਹੀ ਪੈਣਾ ਹੁੰਦਾ ਹੈ। ਪਰ ਠੇਕੇਦਾਰਾਂ, ਲੀਡਰਾਂ ਅਤੇ ਅਫਸਰਾਂ ਦੀ ਮਿਲੀ ਭੁਗਤ ਕਾਰਨ ਇਹ ਅਜੇ ਤੱਕ ਸੰਭਵ ਨਹੀਂ ਹੋ ਸਕਿਆ। ਵੱਡੇ ਸ਼ਹਿਰਾਂ ਨੂੰ ਛੱਡੋ, ਹੁਣ ਤਾਂ ਨਜ਼ਾਇਜ ਕਬਜ਼ਿਆਂ ਕਾਰਨ ਛੋਟੇ ਕਸਬਿਆਂ ਤੇ ਪਿੰਡਾ ਤੱਕ ਵਿਚ ਹੜ੍ਹ ਆਉਣ ਲੱਗ ਪਏ ਹਨ। ਜਿੱਥੇ ਕਿਸੇ ਦਾ ਦਿਲ ਕਰਦਾ ਹੈ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰ ਲੈਂਦਾ ਹੈ। ਹੜ੍ਹ ਆਉਣ ਵੇਲੇ ਸਭ ਤੋਂ ਵੱਧ ਰੌਲਾ ਵੀ ਅਜਿਹੇ ਲੋਕ ਹੀ ਪਾਉਂਦੇ ਹਨ।

ਸ਼ਹਿਰਾਂ ਵਿੱਚ ਤਕਰੀਬਨ 90% ਜਗ੍ਹਾ ਪੱਕੀ ਹੋ ਚੁੱਕੀ ਹੈ। ਥੋੜ੍ਹੇ ਬਹੁਤੇ ਪਾਰਕਾਂ ਨੂੰ ਛੱਡ ਕੇ ਕੋਈ ਵੀ ਅਜਿਹੀ ਥਾਂ ਨਹੀਂ ਬਚੀ ਜੋ ਬਰਸਾਤੀ ਪਾਣੀ ਨੂੰ ਸੋਖ ਸਕੇ। ਇਸ ਪਾਣੀ ਨੇ ਫਿਰ ਕਿਸੇ ਪਾਸੇ ਤਾਂ ਜਾਣਾ ਹੀ ਹੈ। ਅਧਿਕਾਰੀਆਂ ਵੱਲੋਂ ਬਿਨਾਂ ਇਹ ਵੇਖੇ ਕਿ ਨਵੀਂ ਬਣ ਰਹੀ ਕਲੋਨੀ ਕਿਸੇ ਤਰਾਂ ਪਾਣੀ ਦੇ ਰਾਹ ਵਿੱਚ ਰੁਕਾਵਟ ਤਾਂ ਨਹੀਂ ਬਣ ਰਹੀ, ਇਸ ਵਿੱਚ ਵਾਟਰ ਹਾਰਵੈਸਟਿੰਗ ਦੀ ਸਹੂਲਤ ਹੈ, ਇਸ ਦੀ ਧਰਤੀ ਤੋਂ ਉੱਚਾਈ ਕਿੰਨੀ ਹੈ, ਧੜਾ ਧੜ ਪ੍ਰਮਿਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਗੰਦਗੀ ਅਤੇ ਪਲਾਸਟਿਕ ਦੇ ਲਿਫਾਫਿਆ ਕਾਰਨ ਜਾਮ ਹੋਏ ਪਏ ਸੀਵਰ ਬਰਸਾਤ ਦਾ ਕਰੋੜਾਂ ਲੀਟਰ ਪਾਣੀ ਕਿਵੇਂ ਖਿੱਚ ਸਕਦੇ ਹਨ? ਭਾਰਤ ਵਿੱਚ ਵੈਸੇ ਪਿਆਸ ਲੱਗਣ ‘ਤੇ ਖੁਹ ਪੁੱਟਣ ਦੀ ਰਵਾਇਤ ਹੈ। ਕੁਦਰਤੀ ਮੁਸੀਬਤ ਨੂੰ ਆਉਣ ਤੋਂ ਰੋਕਣ ਦੇ ਉਪਾਅ ਕਰਨ ਦੀ ਬਜਾਏ ਪੀੜਤ ਲੋਕਾਂ ਦੇ ਬਚਾਉ ਅਤੇ ਮੁੜ ਵਸੇਬੇ ‘ਤੇ ਖਰਚ ਕਰਨ ਵੱਲ ਜਿਆਦਾ ਧਿਆਨ ਦਿੱਤਾ ਜਾਂਦਾ। ਹੜ੍ਹ ਆਉਣ ‘ਤੇ ਲੋਕਾਂ ਨੂੰ ਬਚਾਉਣ ਲਈ ਫਟਾ ਫਟ ਸੁਰੱਖਿਆ ਦਸਤੇ ਭੇਜ ਦਿੱਤੇ ਜਾਂਦੇ ਹਨ ਤੇ ਪਾਣੀ ਕੱਢਣ ਲਈ ਦੋ ਚਾਰ ਪੰਪ ਲਗਾ ਦਿੱਤੇ ਜਾਂਦੇ ਹਨ। ਇਹ ਖਬਰ ਪ੍ਰਮੁੱਖਤਾ ਨਾਲ ਛਪਵਾਈ ਜਾਂਦੀ ਹੈ ਕਿ ਮਰਨ ਵਾਲੇ ਹਰੇਕ ਵਿਅਕਤੀ ਦੇ ਵਾਰਸਾਂ ਨੂੰ ਇੱਕ ਇੱਕ ਲੱਖ ਰੁਪਏ ਤੇ ਮਕਾਨ ਢਹਿਣ ਵਾਲੇ ਨੂੰ ਦੋ ਦੋ ਲੱਖ ਰਾਹਤ ਦਿੱਤੀ ਜਾਵੇਗੀ। ਪਰ ਇਸ ਗੱਲ ਵੱਲ ਧਿਆਨ ਦੇਣਾ ਮੁਨਾਸਬ ਨਹੀਂ ਸਮਝਿਆ ਜਾਂਦਾ ਕਿ ਹੜ੍ਹ ਆਉਣ ਹੀ ਕਿਉਂ ਦਿੱਤੇ ਜਾਣ। ਮਿਸਾਲ ਦੇ ਤੌਰ ‘ਤੇ ਸ਼ਰਾਬ ਬੰਦੀ ਵਾਲੇ ਸੂਬਿਆਂ ਬਿਹਾਰ ਅਤੇ ਗੁਜਰਾਤ ਵਿੱਚ ਹਰ ਸਾਲ ਸੈਂਕੜੇ ਲੋਕ ਨਕਲੀ ਸ਼ਰਾਬ ਪੀ ਕੇ ਮਰ ਜਾਂਦੇ ਹਨ। ਉਨ੍ਹਾਂ ਨੂੰ ਤਾਂ ਮੁਆਵਜ਼ਾ ਦੇ ਦਿੱਤਾ ਜਾਂਦਾ ਹੈ, ਪਰ ਇਹ ਕੋਈ ਨਹੀਂ ਸੋਚਦਾ ਕਿ ਇਸ ਸ਼ਰਾਬ ਆ ਕਿੱਥੋਂ ਰਹੀ ਹੈ।

ਭਾਰਤ ਵਿੱਚ ਸ਼ਹਿਰੀ ਹੜ੍ਹਾਂ ਦਾ ਕੋਈ ਹੱਲ ਫਿਲਹਾਲ ਨਜ਼ਰ ਨਹੀਂ ਆ ਰਿਹਾ। ਲੱਗਦਾ ਹੈ ਕਿ ਲੋਕਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਸਦਾ ਲਈ ਹੀ ਕਰਨਾ ਪਵੇਗਾ। ਹਰ ਸਾਲ ਕਰੋੜਾਂ ਦੀ ਨਿੱਜੀ ਅਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਣ ਦੇ ਬਾਵਜੂਦ ਕਿਸੇ ਦਾ ਵੀ ਇਸ ਵੱਲ ਖਾਸ ਧਿਆਨ ਨਹੀਂ ਹੈ। ਸਰਕਾਰਾਂ ਦਾ ਹਾਲ ਬਿੱਲੀ ਵੱਲ ਵੇਖ ਕੇ ਅੱਖਾਂ ਮੀਟੀ ਬੈਠੇ ਕਬੂਤਰ ਵਰਗਾ ਹੋਇਆ ਪਿਆ ਹੈ। ਸੱਤਾਧਾਰੀਆਂ ਅਤੇ ਅਫਸਰਾਂ ਨੂੰ ਪਤਾ ਹੈ ਕਿ ਇਹ ਮਹੀਨੇ ਡੇਢ ਮਹੀਨੇ ਦੀ ਖੇਡ ਹੈ, ਬਾਅਦ ਵਿੱਚ ਸਾਰਿਆਂ ਦਾ ਧਿਆਨ ਗੋਦੀ ਮੀਡੀਆ ਨੇ ਕਿਸੇ ਹੋਰ ਕਾਂਡ ਵੱਲ ਲਗਾ ਹੀ ਦੇਣਾ ਹੈ। ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਦੀ ਫਿਕਰ ਕਰਨ ਵਾਲੇ ਸਾਡੇ ਮੰਤਰੀਆਂ ਅਤੇ ਅਫਸਰਾਂ ਦੀਆਂ ਸਰਕਾਰੀ ਕੋਠੀਆਂ ਆਮ ਤੌਰ ‘ਤੇ ਅਜਿਹੀ ਜਗ੍ਹਾ ‘ਤੇ ਬਣੀਆਂ ਹੋਈਆਂ ਹਨ ਜਿੱਥੇ ਸਾਰਾ ਭਾਰਤ ਵੀ ਡੁੱਬ ਜਾਵੇ ਤਾਂ ਹੜ੍ਹ ਨਹੀਂ ਆਉਂਦਾ। ਜੇ ਉਥੇ ਵੀ ਹੜ੍ਹ ਆਉਂਦਾ ਹੋਵੇ ਤਾਂ ਇਨ੍ਹਾਂ ਨੂੰ ਆਮ ਲੋਕਾਂ ਦੇ ਦਰਦ ਬਾਰੇ ਪਤਾ ਲੱਗੇ ਜਿਨ੍ਹਾਂ ਨੂੰ ਹਰ ਸਾਲ ਕਰੋੜਾਂ ਰੁਪਏ ਦੇ ਜਾਨ ਮਾਲ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਵਰਗ ਦਾ ਹੱਕਦਾਰ ਕੌਣ ?

ਇੱਕ ਦਿਨ ਤਿੰਨ ਲੋਕ ਆਪਣੇ ਕਰਮਾਂ ਦਾ ਹਿਸਾਬ ਦੇਣ ਲਈ ਰੱਬ ਦੀ ਕਚਹਿਰੀ ਵਿੱਚ ਇਕੱਠੇ ਹੀ ਪਹੁੰਚ ਗਏ। ਉਨ੍ਹਾਂ ਵਿੱਚ ਇੱਕ ਧਰਮ ਦਾ ਠੇਕੇਦਾਰ, ਇੱਕ ਡਾਕਟਰ ਤੇ ਇੱਕ ਪੁਲਿਸ ਵਾਲਾ ਸੀ। ਰੱਬ ਨੇ ਉਨ੍ਹਾਂ ਤੋਂ ਧਰਤੀ ਉੱਪਰ ਕੀਤੇ ਚੰਗੇ ਮਾੜੇ ਕੰਮਾਂ ਦੀ ਤਫਤੀਸ਼ ਚਾਲੂ ਕੀਤੀ ਤਾਂ ਪਹਿਲਾਂ ਧਰਮ ਦਾ ਠੇਕੇਦਾਰ ਬੋਲਿਆ, “ਮੈਂ ਫਲਾਣੇ ਧਰਮ ਸਥਾਨ ਦਾ ਠੇਕੇਦਾਰ ਸੀ। ਦਿਨ ਰਾਤ ਤੁਹਾਡੀ ਪੂਜਾ ਕੀਤੀ ਹੈ।” ਰੱਬ ਨੇ ਹੁੰਕਾਰ ਭਰੀ, “ਮੈਂ ਤੇਰਾ ਅੰਧ ਭਗਤ ਨਹੀਂ ਜਿਸ ਨੂੰ ਬੇਵਕੂਫ ਬਣਾ ਸਕੇਂ। ਤੂੰ ਸਾਰੀ ਉਮਰ ਲੋਕਾਂ ਨੂੰ ਮੇਰੇ ਨਾਂ ‘ਤੇ ਠੱਗਦਾ ਰਿਹਾਂ ਤੇ ਨਾਲੇ ਦੰਗੇ ਕਰਵਾ ਕੇ ਸੈਂਕੜੇ ਬੇਗੁਨਾਹਾਂ ਦੇ ਖੂਨ ਨਾਲ ਤੇਰੇ ਹੱਥ ਲਿਬੜੇ ਹੋਏ ਨੇ। ਲੈ ਜਾਉ ਇਸ ਪਾਪੀ ਨੂੰ ਨਰਕਾਂ ਵਿੱਚ ਤੇ ਚੰਗੀ ਤਰਾਂ ਸੜਦੇ ਬਲਦੇ ਤੇਲ ਵਿੱਚ ਉਬਾਲੋ।” ਫਿਰ ਉਹ ਡਾਕਟਰ ਵੱਲ ਹੋ ਗਿਆ। ਡਾਕਟਰ ਬੋਲਿਆ, “ਮੈਂ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ ਹੈ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ ਨਹੀਂ ਸਮਝਿਆ।” ਰੱਬ ਹੱਸ ਕੇ ਬੋਲਿਆ, “ਵੈਸੇ ਤਾਂ ਡਾਕਟਰ ਰੱਬ ਦਾ ਰੂਪ ਹੁੰਦੇ ਆ, ਪਰ ਤੂੰ ਉਨ੍ਹਾਂ ਵਿੱਚੋਂ ਨਹੀਂ। ਤੇਰੇ ਵਰਗੀਆਂ ਕਾਲੀਆਂ ਭੇਡਾਂ ਨੇ ਹੀ ਇਸ ਪਵਿੱਤਰ ਪੇਸ਼ੇ ਨੂੰ ਬਦਨਾਮ ਕੀਤਾ ਹੋਇਆ ਹੈ। ਕਰੋਨਾ ਕਾਲ ਵੇਲੇ ਤੂੰ ਰੱਜ ਕੇ ਲੋਕਾਂ ਦਾ ਖੂਨ ਚੂਸਿਆ। ਗਰੀਬ ਤੋਂ ਗਰੀਬ ਬੰਦੇ ਨੂੰ ਵੀ ਨਹੀਂ ਸੀ ਬਖਸ਼ਿਆ, 25 25 ਲੱਖ ਦੇ ਬਿੱਲ ਬਣਾ ਦਿੱਤੇ ਸਨ। ਗਰੀਬ ਵਾਰਸਾਂ ਕੋਲ ਪੈਸੇ ਨਾ ਹੋਣ ਕਾਰਨ ਤੂੰ ਦਸ ਦਿਨ ਰਾਮ ਲਾਲ ਦੀ ਲਾਸ਼ ਨਹੀਂ ਸੀ ਦਿੱਤੀ। ਚੱਲ ਤੂੰ ਵੀ ਠੇਕੇਦਾਰ ਦੇ ਪਿੱਛੇ ਪਿੱਛੇ।”

ਦੋਵਾਂ ਨੂੰ ਭੁਗਤਾ ਕੇ ਭਰਵੱਟੇ ਚੜ੍ਹਾ ਕੇ ਰੱਬ ਨੇ ਪੁਲਿਸ ਵਾਲੇ ਵੱਲ ਵੇਖਿਆ, “ਹਾਂ ਭਈ ਪੁਲਿਸ ਵਾਲਿਆ, ਤੇਰਾ ਕੀ ਕਰਾਂ ਮੈਂ ? ਤੁਸੀਂ ਤਾਂ ਚੱਜ ਦਾ ਕੰਮ ਈ ਨਹੀਂ ਕਰਦੇ ਕੋਈ। ਸਾਰੀ ਦੁਨੀਆਂ ਤਪੀ ਪਈ ਆ ਤੁਹਾਡੇ ਹੱਥੋਂ। ਚੱਲ ਤੂੰ ਵੀ ਮਗਰੇ ਮਗਰ।” ਪੁਲਿਸ ਵਾਲੇ ਦਾ ਦਿਲ ਕੰਬ ਉੱਠਿਆ, “ਰੱਬ ਜੀ ਤੁਹਾਡਾ ਹੁਕਮ ਸਿਰ ਮੱਥੇ, ਪਰ ਮੈਨੂੰ ਇੱਕ ਮੌਕਾ ਤਾਂ ਦਿਉ ਆਪਣੇ ਕੰਮ ਦੱਸਣ ਦਾ।” ਰੱਬ ਨੇ ਅਣਮਣੇ ਜਿਹੇ ਦਿਲ ਨਾਲ ਸਿਰ ਹਿਲਾ ਕੇ ਸਹਿਮਤੀ ਦਿੱਤੀ ਤਾਂ ਪੁਲਿਸ ਵਾਲਾ ਫਰੰਟੀਅਰ ਮੇਲ ਵਾਂਗ ਚਾਲੂ ਹੋ ਗਿਆ, “ਮੈਂ ਦਿਨ ਵੇਲੇ ਥਾਣੇ ਡਿਊਟੀ ਕਰਦਾ ਸੀ ਤੇ ਰਾਤ ਵੇਲੇ ਗਸ਼ਤ, ਤਾਂ ਜੋ ਦਿਨ ਭਰ ਦੇ ਕੰਮਾਂ ਕਾਰਾਂ ਦੇ ਥੱਕੇ ਟੁੱਟੇ ਲੋਕ ਚੈਨ ਨਾਲ ਸੌਂ ਸਕਣ। ਪਰ ਇਸ ਦੇ ਬਦਲੇ ਲੋਕਾਂ ਤੋਂ ਪ੍ਰਸੰਸਾ ਦੀ ਬਜਾਏ ਗਾਲ੍ਹਾਂ ਹਾਸਲ ਹੁੰਦੀਆਂ ਸਨ ਕਿ ਚੋਰੀਆਂ ਤਾਂ ਪੁਲਿਸ ਖੁਦ ਹੀ ਕਰਵਾਉਂਦੀ ਹੈ। ਤਪਦੀਆਂ ਧੁੱਪਾਂ ਅਤੇ ਹੱਡ ਕੜਕਾਉਂਦੀਆਂ ਠੰਡਾਂ ਵਿੱਚ ਸੜਕਾਂ ‘ਤੇ ਖੜ੍ਹ ਕੇ ਟਰੈਫਿਕ ਡਿਊਟੀ ਕੀਤੀ । ਹਰ ਦੂਸਰੇ ਚੌਥੇ ਦਿਨ ਹੋਟਲ, ਸਰਾਵਾਂ, ਢਾਬੇ, ਬੈਂਕ, ਡਾਕਖਾਨੇ, ਧਾਰਮਿਕ ਸਥਾਨ, ਸਿਨੇਮੇ ਅਤੇ ਦਸ ਨੰਬਰੀਏ ਬਦਮਾਸ਼ ਚੈੱਕ ਕੀਤੇ। ਖਤਰਨਾਕ ਤੋਂ ਖਤਰਨਾਕ ਅੱਤਵਾਦੀ, ਕਾਤਲ, ਬਦਮਾਸ਼ ਅਤੇ ਬਲਾਤਕਾਰੀ ਗ੍ਰਿਫਤਾਰ ਕੀਤੇ, ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਕਰਵਾਈ ਤੇ ਜੇਲ੍ਹ ਛੱਡ ਕੇ ਆਇਆ। ਧਾਰਮਿਕ ਜਲਸੇ ਜਲੂਸਾਂ, ਨਗਰ ਕੀਰਤਨਾਂ, ਜਗਰਾਤਿਆਂ, ਕ੍ਰਿਸਮਸ, ਈਦ, ਮੇਲਿਆਂ ‘ਤੇ ਬਿਨਾਂ ਕਿਸੇ ਧਾਰਮਿਕ ਭੇਦ ਭਾਵ ਦੇ ਸੁਰੱਖਿਆ ਅਤੇ ਟਰੈਫਿਕ ਡਿਊਟੀ ਕੀਤੀ। ਅਨੇਕਾਂ ਬੇਰੋਜ਼ਗਾਰਾਂ ਨੂੰ ਤਰਲੇ ਮਿੰਨਤਾਂ ਕਰ ਕੇ ਪਾਣੀ ਵਾਲੀਆਂ ਟੈਂਕੀਆਂ ਤੋਂ ਥੱਲੇ ਉਤਾਰਿਆ। ਘਟੀਆ ਤੋਂ ਘਟੀਆ ਲੀਡਰਾਂ ਨਾਲ ਗੰਨਮੈਨੀ ਕੀਤੀ ਤੇ ਉਨ੍ਹਾਂ ਦੀਆਂ ਰੈਲੀਆਂ ਦੀ ਸੁਰੱਖਿਆ ਕੀਤੀ। ਇਲੈੱਕਸ਼ਨ ਵੇਲੇ ਡਿਊਟੀ ਕੀਤੀ ਤੇ ਸੈਂਕੜੇ ਛੋਟੀਆਂ ਵੱਡੀਆਂ ਚੋਣਾਂ ਸ਼ਾਂਤੀਪੂਰਵਕ ਸਿਰੇ ਚੜ੍ਹਾਈਆਂ। ਉਹ ਗੱਲ ਵੱਖਰੀ ਹੈ ਕਿ ਚੋਣਾਂ ਦੌਰਾਨ ਹੋਈਆਂ ਲੜਾਈਆਂ ਵਿੱਚ ਚਾਰ ਵਾਰ ਮੇਰਾ ਸਿਰ ਪਾਟਾ ਸੀ।

ਕਲਯੁੱਗੀ ਸਾਧੂ ਸੰਤਾਂ ਦੇ ਸਮਾਗਮਾਂ ਦੀ ਸੁਰੱਖਿਆ ਕੀਤੀ। ਸਮਾਜ ਦਾ ਖੂਨ ਚੂਸਣ ਵਾਲੀਆਂ ਇਨ੍ਹਾਂ ਜੋਕਾਂ ਦੇ ਅੱਗ ਲਾਊ ਪ੍ਰਵਚਨਾਂ ਕਾਰਨ ਹੋਏ ਫਿਰਕੂ ਦੰਗਿਆਂ ਦੀ ਅੱਗ ਨੂੰ ਜਾਨ ‘ਤੇ ਖੇਡ ਕੇ ਕੰਟਰੋਲ ਕੀਤਾ। ਆਪਣੇ ਇਲਾਕੇ ਵਿੱਚ ਲੁੱਚੇ ਲਫੰਗੇ ਤੇ ਬਦਮਾਸ਼ਾਂ ਤੇ ਨਿਗ੍ਹਾ ਰੱਖੀ ਤੇ ਕੋਸ਼ਿਸ਼ ਕੀਤੀ ਕਿ ਕੋਈ ਅਪਰਾਧ ਨਾ ਹੋਵੇ। ਜੇ ਅਪਰਾਧ ਹੋ ਗਿਆ ਤਾਂ ਫੌਰਨ ਮੁਕੱਦਮਾ ਦਰਜ਼ ਕਰ ਕੇ ਸਿਆਸੀ ਦਖਲਅੰਦਾਜ਼ੀ ਦੇ ਬਾਵਜੂਦ ਮੁਜ਼ਰਿਮ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਸਰਕਾਰੀ ਵਕੀਲਾਂ ਦੇ ਗੇੜੇ ਮਾਰ ਮਾਰ ਕੇ ਚਲਾਨ ਪਾਸ ਕਰਵਾ ਕੇ ਅਦਾਲਤ ਵਿੱਚ ਪੇਸ਼ ਕੀਤੇ ਅਤੇ ਗਵਾਹ ਭੁਗਤਾਏ। ਜੇ ਮੁਜ਼ਰਿਮ ਭਗੌੜਾ ਹੋ ਜਾਂਦਾ ਤਾਂ ਪਟਵਾਰੀ ਕੋਲੋਂ ਰਿਕਾਰਡ ਲੈ ਕੇ ਅਦਾਲਤ ਰਾਹੀਂ ਉਸ ਦੀ ਜਾਇਦਾਦ ਜ਼ਬਤ ਕਰਵਾਈ। ਬੇਸ਼ੁਮਾਰ ਚਲਾਨੀ ਡਿਊਟੀਆਂ ਕੀਤੀਆਂ, ਮੁਜ਼ਰਿਮਾਂ ਨੂੰ ਜੇਲ੍ਹਾਂ ਵਿੱਚੋਂ ਲਿਆ ਕੇ ਤੇ ਪੇਸ਼ੀ ਭੁਗਤਾ ਕੇ ਵਾਪਸ ਜੇਲ੍ਹ ਛੱਡ ਕੇ ਆਇਆ। ਜੇ ਮੁਜ਼ਰਿਮ ਜੇਲ੍ਹ ਵਿੱਚ ਬਿਮਾਰ ਹੋ ਕੇ ਹਸਪਤਾਲ ਦਾਖਲ ਹੁੰਦਾ ਸੀ ਤਾਂ ਉਸ ਦੀ ਗਾਰਦ ਡਿਊਟੀ ਕੀਤੀ। ਕਈ ਅਸਰ ਰਸੂਖ ਵਾਲੇ ਮੁਸ਼ਟੰਡੇ ਤਾਂ ਹਸਪਤਾਲ ਦੇ ਏ.ਸੀ. ਕਮਰੇ ਨੂੰ ਛੇ ਛੇ ਮਹੀਨੇ ਨਹੀਂ ਸੀ ਛੱਡਦੇ।

ਦਿਨ ਰਾਤ ਮਿਹਨਤ ਕਰ ਕੇ ਭਾਰੀ ਮਾਤਰਾ ਵਿੱਚ ਹੈਰੋਇਨ, ਸਮੈਕ, ਚਿੱਟਾ, ਅਫੀਮ, ਸ਼ਰਾਬ, ਭੰਗ ਅਤੇ ਭੁੱਕੀ ਦੀ ਬਰਾਮਦੀ ਕਰ ਕੇ ਸਮਾਜ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਲਾਵਾਰਿਸ ਲਾਸ਼ ਮਿਲ ਜਾਂਦੀ ਸੀ ਤਾਂ ਉਸ ਦੀ ਫੋਟੋ ਕਰਵਾਈ, ਫਿੰਗਰ ਪ੍ਰਿੰਟ ਲਏ, ਪੋਸਟ ਮਾਰਟਮ ਕਰਵਾਇਆ, ਕੱਪੜੇ ਕਬਜ਼ੇ ਵਿੱਚ ਲਏ ਅਤੇ ਅਖਬਾਰ ਵਿੱਚ ਉਸ ਦੀ ਫੋਟੋ ਦਿੱਤੀ ਤਾਂ ਜੋ ਵਿਚਾਰੇ ਦੀ ਸ਼ਨਾਖਤ ਹੋ ਸਕੇ। ਕੋਈ ਗੁੰਮ ਹੋ ਜਾਵੇ ਜਾਂ ਕੋਈ ਲੜਕੀ ਕਿਸੇ ਨਾਲ ਭੱਜ ਜਾਵੇ ਤਾਂ ਉਸ ਦੀ ਤਲਾਸ਼ ਕੀਤੀ। ਵਿਧਾਨ ਸਭਾ ਸ਼ੈਸ਼ਨ ਚੱਲਣ ਵੇਲੇ ਪੁਲਿਸ ਨਾਲ ਸਬੰਧਿਤ ਸਵਾਲ ਉੱਠਣ ‘ਤੇ ਰਾਤੋ ਰਾਤ ਜਵਾਬ ਤਿਆਰ ਕੀਤੇ। ਪਾਸਪੋਰਟ, ਅਸਲ੍ਹਾ ਲਾਇਸੰਸ, ਡਰਾਈਵਿੰਗ ਲਾਇਸੰਸ ਅਤੇ ਅਜਿਹੇ ਹੋਰ ਸੈਂਕੜੇ ਕੰਮਾਂ ਲਈ ਲੋਕਾਂ ਦੀ ਵੈਰੀਫਿਕੇਸ਼ਨ ਕਰਵਾਈ। ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਲਈ ਲੋਹੜੀ ਅਤੇ ਦੀਵਾਲੀ ਵਰਗੇ ਤਿਉਹਾਰ ਵੀ ਘਰ ਦੀ ਬਜਾਏ ਸ਼ਹਿਰ ਵਿੱਚ ਗਸ਼ਤ ਕਰਦੇ ਹੋਏ ਮਨਾਏ। ਸਮੇਂ ‘ਤੇ ਛੁੱਟੀ ਨਾ ਮਿਲਣ ਕਰ ਕੇ ਕਿਸੇ ਵੀ ਪਰਿਵਾਰਿਕ ਸਮਾਗਮ ਵਿੱਚ ਨਾ ਜਾ ਸਕਿਆ ਜਿਸ ਕਾਰਨ ਸਾਰੇ ਰਿਸ਼ਤੇਦਾਰ ਨਰਾਜ਼ ਹੋ ਗਏ ਸਨ।

ਇਹੋ ਜਿਹੀਆਂ ਅਣਗਿਣਤ ਡਿਊਟੀਆਂ ਦੇ ਕਾਰਨ ਰੋਟੀ ਪਾਣੀ ਸਮੇਂ ਤੇ ਨਾ ਮਿਲਣ, ਕਸਰਤ ਦੀ ਅਣਹੋਂਦ ਅਤੇ ਟੈਨਸ਼ਨ ਕਾਰਨ ਮੈਂ ਅਨੇਕਾਂ ਬਿਮਾਰੀਆਂ ਨਾਲ ਗ੍ਰਸਤ ਹੋ ਗਿਆ ਸੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਦਿਲ ਦੇ ਦੌਰੇ ਕਾਰਨ ਅਣਿਆਈ ਮੌਤੇ ਮਰ ਕੇ ਮੈਂ ਤੁਹਾਡੇ ਦਰਬਾਰ ਵਿੱਚ ਪਹੁੰਚ ਗਿਆ ਹਾਂ। ਇਸ ਤੋਂ ਪਹਿਲਾਂ ਕਿ ਪੁਲਿਸ ਵਾਲਾ ਕੁਝ ਹੋਰ ਬੋਲਦਾ, ਰੱਬ ਨੇ ਉਸ ਦੇ ਮੂੰਹ ‘ਤੇ ਹੱਥ ਰੱਖ ਦਿੱਤਾ ਤੇ ਉਸ ਨੂੰ ਸਵਰਗ ਲੋਕ ਵੱਲ ਤੋਰ ਦਿੱਤਾ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

ਗੈਂਗਸਟਰ, ਸਮੱਗਲਰ ਅਤੇ ਬਦਮਾਸ਼ ਜੇਲ੍ਹਾਂ ਵਿੱਚੋਂ ਵੀ ਚਲਾ ਰਹੇ ਹਨ ਆਪਣੇ ਧੰਦੇ।

ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਅਰਾਮ ਨਾਲ ਆਪਣੇ ਗਿਰੋਹ ਚਲਾ ਰਹੇ ਹਨ ਤੇ ਵੱਡੀਆਂ ਵਾਰਦਾਤਾਂ ਸਰਅੰਜ਼ਾਮ ਦੇ ਰਹੇ ਹਨ। ਮੂਸੇ ਵਾਲੇ ਦੇ ਕਤਲ ਦੀ ਤਫਤੀਸ਼ ਦੇ ਦੌਰਾਨ ਲਾਰੈਂਸ ਬਿਸ਼ਨੋਈ, ਸਾਰਜ ਸੰਧੂ ਅਤੇ ਜੱਗੂ ਭਗਵਾਨਪੁਰੀਏ ਆਦਿ ਦੇ ਨਾਮ ਸਾਹਮਣੇ ਆਏ ਹਨ ਜੋ ਸਾਰੇ ਹੀ ਜੇਲ੍ਹਾਂ ਵਿੱਚ ਬੰਦ ਹਨ। ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਲੋਕ ਜੇਲ੍ਹ ਵਿੱਚ ਹੋਣ ਜਾਂ ਬਾਹਰ, ਇਨ੍ਹਾਂ ਦੀ ਸਿਹਤ ‘ਤੇ ਕੋਈ ਫਰਕ ਨਹੀਂ ਪੈਂਦਾ। ਵੱਖ ਵੱਖ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਦਾ ਆਪਸੀ ਅਤੇ ਵਿਦੇਸ਼ਾਂ ਨਾਲ ਸਬੰਧ ਲਗਾਤਾਰ ਬਣਿਆ ਹੋਇਆ ਹੈ। ਹਰ ਦੂਸਰੇ ਚੌਥੇ ਦਿਨ ਜੇਲ੍ਹਾਂ ਦੀ ਅਚਨਚੇਤ ਚੈਕਿੰਗ ਦੌਰਾਨ ਵੱਡੀ ਗਿਣਤੀ ਵਿੱਚ ਮੋਬਾਇਲ ਫੋਨ ਅਤੇ ਨਸ਼ੇ ਆਦਿ ਬਰਾਮਦ ਹਨ, ਪਰ ਅਗਲੇ ਹੀ ਦਿਨ ਉਸ ਤੋਂ ਦੂਣੇ ਫਿਰ ਜੇਲ੍ਹ ਅੰਦਰ ਪਹੁੰਚ ਜਾਂਦੇ ਹਨ। ਪੰਜਾਬ ਦੀ ਇੱਕ ਜੇਲ੍ਹ ਵਿੱਚ ਮੋਬਾਇਲ ਸਿਗਨਲ ਜਾਮ ਕਰਨ ਵਾਲੇ ਜੈਮਰ ਲੱਗੇ ਹੋਏ ਹਨ ਜਿਸ ਦੇ ਬਿਲਕੁਲ ਸਾਹਮਣੇ ਉਸ ਜਿਲ੍ਹੇ ਦੀ ਪੁਲਿਸ ਲਾਈਨ ਹੈ। ਹੈਰਾਨੀ ਦੀ ਗੱਲ ਹੈ ਜੈਮਰ ਕਾਰਨ ਪੁਲਿਸ ਲਾਈਨ ਵਿੱਚ ਤਾਂ ਮੋਬਾਇਲ ਕਾਲ ਕਰਨ ਵਿੱਚ ਪਰੇਸ਼ਾਨੀ ਆਉਂਦੀ ਹੈ, ਪਰ ਜੇਲ੍ਹ ਵਿੱਚ ਬੰਦ ਬਦਮਾਸ਼ ਅਰਾਮ ਨਾਲ ਬਾਹਰ ਗੱਲ ਕਰ ਲੈਂਦੇ ਸਨ। ਬਾਅਦ ਵਿੱਚ ਤਫਤੀਸ਼ ਕਰਨ ਤੋਂ ਪਤਾ ਲੱਗਾ ਕਿ ਜੇਲ੍ਹ ਅੰਦਰ ਕਈ ਥਾਵਾਂ ‘ਤੇ ਜੈਮਰ ਦਾ ਅਸਰ ਘੱਟ ਹੈ (ਬਲੈਕ ਸਪੌਟ ਹੈ)। ਉਸ ਬਾਰੇ ਬਦਮਾਸ਼ਾਂ ਨੂੰ ਪਤਾ ਸੀ ਤੇ ਉਥੇ ਪਹੁੰਚ ਕੇ ਉਹ ਮੋਬਾਇਲ ਕਾਲਾਂ ਕਰਦੇ ਸਨ।

ਵੈਸੇ ਜੇ ਮੋਬਾਇਲ ਫੋਨ ਨਾ ਹੋਵੇ ਤਾਂ ਵੀ ਬਦਮਾਸ਼ ਮੁਲਾਕਾਤੀਆਂ ਰਾਹੀਂ ਸੁਨੇਹੇ ਆਪਣੇ ਗੈਂਗ ਤੱਕ ਪਹੁੰਚਾ ਦਿੰਦੇ ਹਨ। ਮੁੰਬਈ ਦੀਆਂ ਜੇਲ੍ਹਾਂ ਵਿੱਚ ਬੰਦ ਬਦਮਾਸ਼ਾਂ ਨੇ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਸੀ। ਉਨ੍ਹਾਂ ਦੇ ਗੁਰਗੇ ਛੋਟੇ ਮੋਟੇ ਅਪਰਾਧ ਕਰ ਕੇ ਜੇਲ੍ਹ ਵਿੱਚ ਆਪਣੇ ਬੌਸ ਕੋਲ ਪਹੁੰਚ ਜਾਂਦੇ ਸਨ। ਉਥੇ ਹਫਤਾ ਦੋ ਹਫਤੇ ਰਹਿ ਕੇ ਵਰਦਾਤ ਜਾਂ ਸਮੱਗਲਿੰਗ ਆਦਿ ਦੀ ਸਕੀਮ ਚੰਗੀ ਤਰਾਂ ਸਮਝ ਕੇ ਜ਼ਮਾਨਤ ਕਰਵਾ ਕੇ ਬਾਹਰ ਆ ਜਾਂਦੇ ਸਨ ਤੇ ਕੰਮ ਪੂਰਾ ਕਰ ਦਿੰਦੇ ਸਨ। ਜਦੋਂ ਜੇਲ ਪ੍ਰਸ਼ਾਸ਼ਨ ਨੂੰ ਇਸ ਘਟਨਾਕ੍ਰਮ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਛੋਟੇ ਮੋਟੇ ਜ਼ੁਰਮ ਕਰਨ ਵਾਲੇ ਬਦਮਾਸ਼ਾਂ ਨੂੰ ਅਲੱਗ ਰੱਖਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦਾ ਮਾਫੀਆ ਡੌਨਾਂ ਨੇ ਐਨਾ ਰੌਲਾ ਪਾਇਆ ਕਿ ਆਰਥਰ ਰੋਡ ਜੇਲ੍ਹ ਵਿੱਚ ਦੰਗੇ ਭੜਕਣ ਦੀ ਨੌਬਤ ਆ ਗਈ ਸੀ। ਪੰਜਾਬ ਦੇ ਗੈਂਗਸਟਰ ਤਾਂ ਜੇਲ੍ਹਾਂ ਵਿੱਚ ਖੁਲ੍ਹ ਕੇ ਮੋਬਾਇਲ ਫੋਨ ਦੀ ਵਰਤੋੋਂ ਕਰਦੇ ਹਨ। ਕੁਝ ਸਾਲ ਪਹਿਲਾਂ ਲੁਧਿਆਣਾ ਜੇਲ੍ਹ ਵਿੱਚ ਦੰਗੇ ਭੜਕ ਗਏ ਸਨ ਤਾਂ ਬਦਮਾਸ਼ਾਂ ਨੇ ਪੁਲਿਸ ਦੀ ਸਾਰੀ ਕਾਰਵਾਈ ਫੇਸਬੁੱਕ ‘ਤੇ ਲਾਈਵ ਵਿਖਾਈ ਸੀ। ਜੱਗੂ ਭਗਵਾਨਪੁਰੀਆ ਜਦੋਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਦਾ ਬਟਾਲਾ ਏਰੀਏ ਦੇ ਸ਼ਰਾਬ ਦੇ ਇੱਕ ਬਦਨਾਮ ਠੇਕੇਦਾਰ ਨਾਲ ਠੇਕਿਆਂ ਵਿੱਚ ਹਿੱਸਾ ਸੀ। ਉਹ ਠੇਕਿਆਂ ਦੀ ਨੀਲਾਮੀ ਵੇਲੇ ਜੇਲ੍ਹ ਵਿੱਚੋਂ ਵੀਡੀਉ ਕਾਲਾਂ ਕਰ ਕੇ ਵਿਰੋਧੀ ਠੇਕੇਦਾਰਾਂ ਨੂੰ ਪਰਚੀਆਂ ਹੀ ਨਹੀਂ ਸੀ ਪਾਉਣ ਦਿੰਦਾ।

ਕੁਝ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਦਾ ਵਿੱਚ ਐਸ.ਪੀ. ਲੱਗਾ ਹੋਇਆ ਸੀ ਤਾਂ ਅਸੀਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕਰ ਕੇ 4 5 ਸਮੱਗਲਰ ਗ੍ਰਿਫਤਾਰ ਕੀਤੇ ਸਨ। ਜਦੋਂ ਮੈਂ ਸਮੱਗਲਰਾਂ ਦੀ ਪੁੱਛਗਿੱਛ ਕਰ ਰਿਹਾ ਸੀ ਤਾਂ ਇੱਕ ਪਾਂਡੀ (ਮਾਲ ਢੋਣ ਵਾਲਾ) ਦੀ ਸਿਹਤ ‘ਤੇ ਕੋਈ ਖਾਸ ਅਸਰ ਦਿਖਾਈ ਨਹੀਂ ਸੀ ਦੇ ਰਿਹਾ। ਮੈਂ ਉਸ ਨੂੰ ਪੁੱਛਿਆ ਕਿ ਬਾਕੀ ਦੇ ਤਾਂ ਮਰਨ ਵਾਲੇ ਹੋਏ ਪਏ ਹਨ, ਪਰ ਉਹ ਕਿਉਂ ਐਨਾ ਖੁਸ਼ ਹੈ? ਉਸ ਨੇ ਅੱਗੋਂ ਬੜੇ ਜੋਸ਼ ਨਾਲ ਜਵਾਬ ਦਿੱਤਾ ਕਿ ਜ਼ਨਾਬ ਜੇਲ੍ਹ ਵਿੱਚ ਤਾਂ ਮੌਜਾਂ ਈ ਬੜੀਆਂ ਨੇ। ਉਥੇ ਮੈਨੂੰ ਹੋਰ ਵੱਡੇ ਵੱਡੇ ਸਮੱਗਲਰ ਮਿਲਣਗੇ ਤੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਮੈਂ ਉਨ੍ਹਾਂ ਨਾਲ ਹੋਰ ਵੱਡਾ ਕਾਰੋਬਾਰ ਕਰਾਂਗਾ। ਮੈਨੂੰ ਬੜੀ ਹੈਰਾਨੀ ਹੋਈ ਕਿ ਉਹ ਅਜੇ ਜੇਲ੍ਹ ਵਿੱਚ ਪਹੁੰਚਿਆ ਵੀ ਨਹੀਂ ਹੈ ਤੇ ਬਾਹਰ ਆਣ ਕੇ ਨਵੇਂ ਕਾਰੋਬਾਰ ਦਾ ਪ੍ਰੋਗਰਾਮ ਛਾਪ ਵੀ ਲਿਆ ਹੈ। ਫ਼ਨਬਸਪ;ਇਹੋ ਜਿਹੀ ਅਪਰਾਧਿਕ ਪ੍ਰਵਿਰਤੀ ਵਾਲੇ ਬੰਦੇ ਨੂੰ ਜਿੰਨੀ ਵਾਰ ਮਰਜ਼ੀ ਜੇਲ੍ਹ ਭੇਜ ਦਿਉ, ਉਸ ਦੀ ਸੋਚ ਨਹੀਂ ਬਦਲੀ ਜਾ ਸਕਦੀ।

ਜੇਲ੍ਹ ਵਿੱਚ ਭਾਵੇਂ ਬਾਹਰ ਵਰਗੀ ਅਜ਼ਾਦੀ ਤਾਂ ਨਹੀਂ ਮਿਲਦੀ, ਪਰ ਫਿਰ ਵੀ ਗੈਂਗਸਟਰ ਤੇ ਬਦਮਾਸ਼ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਜੇਲ੍ਹ ਵਿੱਚ ਪੁਲਿਸ ਮੁਕਾਬਲੇ ਜਾਂ ਵਿਰੋਧੀ ਗੈਂਗ ਹੱਥੋਂ ਮਾਰੇ ਜਾਣ ਦਾ ਡਰ ਖਤਮ ਹੋ ਜਾਂਦਾ ਹੈ। ਕਿਸੇ ਵਿਅਕਤੀ ਨੂੰ ਜ਼ੁਰਮ ਕਰਨ ਦਾ ਸਭ ਤੋਂ ਵੱਡਾ ਡਰ ਜੇਲ੍ਹ ਜਾਣ ਦਾ ਹੁੰਦਾ ਹੈ। ਜਦੋਂ ਉਹ ਜੇਲ੍ਹ ਪਹੁੰਚ ਜਾਂਦਾ ਹੈ ਤਾਂ ਇਹ ਡਰ ਵੀ ਚੁੱਕਿਆ ਜਾਂਦਾ ਹੈ। ਜੇਲ੍ਹਾਂ ਵਿੱਚ ਬੈਠੇ ਜਿਆਦਾਤਰ ਗੈਂਗਸਟਰਾਂ ਦੇ ਗਿਰੋਹ ਅਜੇ ਵੀ ਨਿਰਵਿਘਨ ਚੱਲ ਰਹੇ ਹਨ। ਸਗੋਂ ਨਵੇਂ ਗੁਰਗੇ ਭਰਤੀ ਹੋ ਰਹੇ ਹਨ ਕਿਉਂਕਿ ਕਿਸੇ ਵੱਡੇ ਗੈਂਗਸਟਰ ਨਾਲ ਜੁੜਨ ਕਾਰਨ ਇੱਕ ਤਾਂ ਫਿਰੌਤੀ ਅਸਾਨੀ ਮਿਲ ਜਾਂਦੀ ਹੈ ਤੇ ਦੂਸਰਾ ਟੌਹਰ ਟਪੱਕਾ ਵੀ ਵਧ ਜਾਂਦਾ ਹੈ। ਅੱਜ ਕਲ੍ਹ ਪੰਜਾਬ ਵਿੱਚ ਹਰ ਦੁੱਕੀ ਤਿੱਕੀ ਵੱਲੋਂ ਗੋਲਡੀ ਬਰਾੜ ਬਣ ਕੇ ਫਿਰੌਤੀਆਂ ਮੰਗਣ ਦਾ ਫੈਸ਼ਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੱਡੇ ਗੈਂਗਸਟਰ ਜੇਲ੍ਹ ਮੁਲਾਜ਼ਮਾਂ ਤੋਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਅਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੰਦੇ ਹਨ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਗਲਿੰਗ ਇਸ ਵੇਲੇ ਜੇਲ੍ਹ ਸਟਾਫ ਲਈ ਸਭ ਤੋਂ ਵੱਡੀ ਸਿਰਦਰਦੀ ਬਣੀ ਹੋਈ ਹੈ। ਕੁਝ ਕਾਲੀਆਂ ਭੇਡਾਂ ਸਾਰੇ ਮਹਿਕਮੇ ਨੂੰ ਬਦਨਾਮ ਕਰ ਰਹੀਆਂ ਹਨ। ਜੇਲ੍ਹਾਂ ਵਿੱਚ ਮੋਬਾਇਲ ਫੋਨ, ਨਸ਼ਾ ਅਤੇ ਇਥੋਂ ਤੱਕ ਕਿ ਤੰਬਾਕੂ ਅਤੇ ਸਿਗਰਟਾਂ ਬੀੜੀਆਂ ਵੀ ਸੋਨੇ ਦੇ ਭਾਅ ਵਿਕਦੀਆਂ ਹਨ। ਕਈ ਜੇਲ੍ਹਾਂ ਵਿੱਚ ਫੈਂਕਾ ਸਿਸਟਮ ਬਹੁਤ ਚੱਲਦਾ ਹੈ। ਕੈਦੀ ਆਪਣੇ ਬਾਹਰਲੇ ਹਮਾਇਤੀਆਂ ਨਾਲ ਗਿੱਟ ਮਿੱਟ ਕਰ ਲੈਂਦੇ ਹਨ ਤੇ ਉਹ ਇੱਕ ਨਿਸ਼ਚਿੱਤ ਜਗ੍ਹਾ ‘ਤੇ ਕੰਧ ਉੱਪਰੋਂ ਦੀ ਨਸ਼ੇ ਪੱਤੇ ਆਦਿ (ਫੈਂਕਣਾ) ਸੁੱਟ ਦਿੰਦੇ ਹਨ। ਜਦੋਂ ਤੱਕ ਜੇਲ੍ਹ ਸਟਾਫ ਨੂੰ ਪਤਾ ਲੱਗਦਾ ਹੈ, ਉਦੋਂ ਤੱਕ ਸਮਾਨ ਗਾਇਬ ਹੋ ਚੁਕਾ ਹੁੰਦਾ ਹੈ। ਅਮਰੀਕਾ ਦੀਆਂ ਜਿਆਦਾਤਰ ਜੇਲ੍ਹਾਂ ਵਿੱਚ ਸਿਗਰਟ ਪੀਣਾ ਕਾਨੂੰਨੀ ਤੌਰ ‘ਤੇ ਜ਼ਾਇਜ ਹੈ। ਸਰਕਾਰ ਨੂੰ ਵੀ ਇਸ ਮਸਲੇ ‘ਤੇ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਤੰਬਾਕੂ ਅਤੇ ਸਿਗਰਟਾਂ ਬੀੜੀਆਂ ਵਰਗੀਆਂ ਨਿਗੂਣੀਆਂ ਚੀਜ਼ਾਂ ਦੀ ਸਮੱਗਲਿੰਗ ਅਤੇ ਬਲੈਕ ਮਰਕੀਟ ਖਤਮ ਹੋ ਸਕੇ। ਜੇਲਾਂ੍ਹ ਵਿੱਚ ਵਿਹਲੇ ਬੈਠੇ ਕੈਦੀਆਂ ਨੂੰ ਹੋਰ ਕੋਈ ਕੰੰਮ ਤਾਂ ਹੁੰਦਾ ਨਹੀਂ, ਉਹ ਸਮਾਂ ਟਪਾਉਣ ਲਈ ਅਜਿਹੇ ਨਸ਼ਿਆਂ ਵੱਲ ਰੁੱਚਿਤ ਹੋ ਜਾਂਦੇ ਹਨ।

ਭਾਰਤੀ ਜੇਲ੍ਹਾਂ ਵਿੱਚ ਵੱਧਦੀ ਜਾ ਰਹੀ ਅਰਾਜਕਤਾ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਸਮਰੱਥਾ ਤੋਂ ਵੱਧ ਕੈਦੀ ਅਤੇ ਉਨ੍ਹਾਂ ਦੀ ਬਨਿਸਬਤ ਫੋਰਸ ਦਾ ਬੇਹੱਦ ਘੱਟ ਹੋਣਾ ਹੈ। ਮਹਿਲਾ ਵਾਰਡਨਾਂ ਦੀ ਗਿਣਤੀ ਤਾਂ ਹੋਰ ਵੀ ਨਿਗੂਣੀ ਹੈ। ਪੁਲਿਸ ਵੱਲੋਂ ਅਦਾਲਤ ਵਿੱਚ ਚਲਾਨ ਲੇਟ ਦੇਣਾ ਅਤੇ ਗਵਾਹ ਸਮੇਂ ਸਿਰ ਨਾ ਭੁਗਤਾਉਣੇ, ਅਦਾਲਤਾਂ ਵਿੱਚ ਕੰਮ ਦਾ ਬਹੁਤ ਜਿਆਦਾ ਬੋਝ ਅਤੇ ਵਕੀਲਾਂ ਵੱਲੋਂ ਮੁਕੱਦਮੇ ਲਟਕਾਉਣ ਲਈ ਵਾਰ ਵਾਰ ਤਰੀਕਾਂ ਲੈਣਾ ਆਦਿ ਇਸ ਦੇ ਕੁਝ ਮੁੱਖ ਕਾਰਨ ਹਨ। 2020 ਦੇ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤੀ ਜੇਲ੍ਹਾਂ ਵਿੱਚ 56% ਕੈਦੀ (ਹਵਾਲਾਤੀ) ਅਜੇ ਮੁਕੱਦਮੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਜੇ ਜੇਲ੍ਹਾਂ ਵਿੱਚ ਭੀੜ ਘਟਾਉਣੀ ਹੈ ਤਾਂ ਹਵਾਲਾਤੀਆਂ ਦੀ ਗਿਣਤੀ ਘਟਾਉਣੀ ਜਰੂਰੀ ਹੈ। ਇਸ ਲਈ ਛੋਟੇ ਮੋਟੇ ਮੁਕੱਦਮਿਆਂ ਵਿੱਚ ਬੰਦ ਕੈਦੀਆਂ ਦੀਆਂ ਜ਼ਮਾਨਤਾਂ ਲਈਆਂ ਜਾ ਸਕਦੀਆਂ ਹਨ ਜੋ ਅਦਾਲਤਾਂ ਅਤੇ ਪੁਲਿਸ ‘ਤੇ ਨਿਰਭਰ ਕਰਦਾ ਹੈ ਕਿਉਂਕਿ ਜੇਲ੍ਹ ਵਿਭਾਗ ਇਸ ਵਿੱਚ ਕੁਝ ਨਹੀਂ ਕਰ ਸਕਦਾ। ਪੰਜਾਬ ਦੀਆਂ ਜਿਆਦਤਰ ਜੇਲ੍ਹਾਂ ਵਿੱਚ ਤਾਂ ਸਮਰੱਥਾ ਨਾਲੋਂ ਤਿੰਨ ਗੁਣਾ ਵੱਧ ਕੈਦੀ ਠੂਸੇ ਹੋਏ ਹਨ। ਨਹਾਉਣ ਧੋਣ ਅਤੇ ਟਾਇਲਟ ਜਾਣ ਲਈ ਵੀ ਲੰਬੀ ਲਾਈਨ ਲੱਗਦੀ ਹੈ। ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਿਤ ਦੇਸ਼ਾਂ ਵਿੱਚ ਹਰੇਕ ਤਿੰਨ ਕੈਦੀਆਂ ਪਿੱਛੇ ਇੱਕ ਜੇਲ੍ਹ ਮੁਲਾਜ਼ਮ ਹੈ ਜਦੋਂ ਕਿ ਭਾਰਤ ਵਿੱਚ 20 30 ਕੈਦੀਆਂ ਪਿੱਛੇ ਇੱਕ ਮੁਲਾਜ਼ਮ ਹੈ। ਅਜਿਹੇ ਵਿੱਚ ਸਾਰੇ ਕੈਦੀਆਂ ‘ਤੇ ਨਿਗ੍ਹਾ ਰੱਖਣੀ ਅਸੰਭਵ ਹੈ। ਪੰਜਾਬ ਵਿੱਚ ਕੁਝ ਜੇਲ੍ਹਾਂ ਦੀ ਅੰਦਰੂਨੀ ਸੁਰੱਖਿਆ ਅਰਧ ਸੈਨਿਕ ਬਲਾਂ ਨੂੰ ਦਿੱਤੀ ਗਈ ਹੈ। ਪਰ ਉਥੇ ਵੀ ਪੂਰੀ ਤਰਾਂ ਨਾਲ ਅਮਨ ਕਾਨੂੰਨ ਬਹਾਲ ਨਹੀਂ ਹੋ ਸਕਿਆ। ਜੇਲ੍ਹਾਂ ਵਿੱਚ ਹਾਲਾਤ ਠੀਕ ਰੱਖਣ ਲਈ ਵੱਧ ਤੋਂ ਵੱਧ ਨਵੀਂ ਭਰਤੀ ਕਰਨੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸਰਕਾਰ ਮੁਜ਼ਰਿਮਾਂ ਨੂੰ ਜੇਲ੍ਹਾਂ ਵਿੱਚ ਠੂਸਣ ਲਈ ਪੁਲਿਸ ਬਲ ਤਾਂ ਵੱਧ ਤੋਂ ਵੱਧ ਭਰਤੀ ਕਰਦੀ ਹੈ, ਪਰ ਸਮਾਜ ਦੇ ਇਸ ਨਾਸੂਰ ਨੂੰ ਜੇਲ੍ਹਾਂ ਵਿੱਚ ਸੰਭਾਲਣ ਵਾਲਿਆਂ ਦੀ ਭਰਤੀ ਕਦੇ ਕਦਾਈਂ ਹੀ ਕੀਤੀ ਜਾਂਦੀ ਹੈ।

ਇਹ ਵੀ ਨਹੀਂ ਹੈ ਕਿ ਜੇਲ੍ਹ ਜਾਣ ਵਾਲੇ ਸਾਰੇ ਵਿਅਕਤੀ ਕਸੂਰਵਾਰ ਹੀ ਹੁੰਦੇ ਹਨ। ਕਈਆਂ ਨੂੰ ਸਿਆਸੀ ਕਿੜਾਂ ਕੱਢਣ, ਦਾਜ ਦਹੇਜ ਮੰਗਣ ਦੇ ਇਲਜ਼ਾਮਾਂ ਜਾਂ ਹੋਰ ਕਈ ਕਾਰਨਾਂ ਕਰ ਕੇ ਝੂਠੇ ਮੁਕੱਦਮਿਆਂ ਵਿੱਚ ਫਸਾ ਦਿੱਤਾ ਜਾਂਦਾ ਹੈ। ਅਜਿਹੇ ਵਿਅਕਤੀਆਂ ਦੀ ਹਾਲਤ ਜੇਲ੍ਹ ਵਿੱਚ ਬਹੁਤ ਬੁਰੀ ਹੁੰਦੀ ਹੈ। ਇਸ ਵੇਲੇ ਜੇਲ੍ਹਾਂ ਵਿੱਚ ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕਮੀ ਹੈ। ਇਸ ਲਈ ਚਾਹੀਦਾ ਹੈ ਕਿ ਗੈਂਗਸਟਰਾਂ, ਬਦਮਾਸ਼ਾਂ ਅਤੇ ਪੱਕੇ ਮੁਜ਼ਰਿਮਾਂ ‘ਤੇ ਸ਼ਿਕੰਜਾ ਕੱਸਣ ਦੇ ਨਾਲ ਆਮ ਕੈਦੀਆਂ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜ਼ੋਰਾਵਰ ਤਾਂ ਜੇਲ੍ਹਾਂ ਵਿੱਚ ਚੰਗੀਆਂ ਸਹੂਲਤਾਂ ਲੈ ਹੀ ਜਾਂਦੇ ਹਨ।

ਪੁਲਿਸ ਨਾਲ ਹੱਥੋਪਾਈ ਹੋਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।

ਕਰੋਨਾ ਕਾਲ ਵਿੱਚ ਪਟਿਆਲਾ ਵਿਖੇ ਭੰਗ ਨਾਲ ਰੱਜੇ ਹੋਏ ਇੱਕ ਮੁਸ਼ਟੰਡੇ ਸਾਧ ਨੇ ਗੱਡੀ ਰੋਕਣ ਤੋਂ ਔਖੇ ਹੋ ਕੇ ਇੱਕ ਥਾਣੇਦਾਰ ਦਾ ਗੁੱਟ ਵੱਢ ਦਿੱਤਾ ਸੀ। ਕੁਝ ਦਿਨ ਪਹਿਲਾਂ ਜ਼ੀਰਕਪੁਰ ਵਿੱਚ ਹੋਈ ਕੁਝ ਇਸੇ ਤਰਾਂ ਦੀ ਘਟਨਾ ਦੀ ਵਾਇਰਲ ਵੀਡੀਉ ਲੱਖਾਂ ਲੋਕਾਂ ਨੇ ਵੇਖੀ ਹੈ ਕਿ ਕਿਵੇਂ ਇੱਕ ਬੇਹੱਦ ਮਾਮੂਲੀ ਮਸਲੇ ਤੋਂ ਸ਼ੁਰੂ ਹੋਈ ਤਕਰਾਰ ਭਿਆਨਕ ਲੜਾਈ ਝਗੜੇ ਵਿੱਚ ਬਦਲ ਗਈ। ਇਲਾਕੇ ਵਿੱਚ ਰਾਤ ਨੂੰ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਸ਼ੱਕ ਪੈਣ ‘ਤੇ ਇੱਕ ਲੜਕੇ ਤੇ ਲੜਕੀ ਨੂੰ ਆਪਣਾ ਬੈਗ ਚੈੱਕ ਕਰਵਾਉਣ ਲਈ ਕਿਹਾ ਸੀ ਕਿਉਂਕਿ ਪੰਜਾਬ ਵਿੱਚ ਵਧਦੀ ਜਾ ਰਹੇ ਗੈਂਗਵਾਦ ਅਤੇ ਡਰੱਗਜ਼ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਅਜਿਹੀਆਂ ਤਲਾਸ਼ੀਆਂ ਆਮ ਜਿਹੀ ਗੱਲ ਹੈ। ਪਰ ਉਸ ਜੋੜੇ ਨੇ ਆਪਣੇ ਬਜਾਏ ਬੈਗ ਦੀ ਤਲਾਸ਼ੀ ਦੇਣ ਦੇ ਪੁਲਿਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਫੋਨ ਕਰ ਕੇ ਆਪਣੇ ਹਮਾਇਤੀਆਂ ਨੂੰ ਬੁਲਾ ਲਿਆ। ਵੀਡੀਉ ਵਿੱਚ ਸਾਫ ਦਿਖਾਈ ਦੇਂਦਾ ਹੈ ਕਿ ਕਿਵੇਂ ਹੁਲੜਬਾਜ਼ਾਂ ਨੇ ਥਾਣੇਦਾਰ ਨੂੰ ਗਲਮੇ ਤੋਂ ਪਕੜਿਆ ਹੋਇਆ ਸੀ ਨੇ ਨਾ ਸੁਣਨਯੋਗ ਗੰਦੀਆਂ ਗਾਲ੍ਹਾਂ ਕੱਢ ਰਹੇ ਹਨ। ਇਹ ਵੀ ਦੁਖਦਾਈ ਗੱਲ ਹੈ ਕਿ ਉਸ ਥਾਣੇਦਾਰ ਦੇ ਸਾਥੀ ਪੁਲਿਸ ਵਾਲੇ ਅਰਾਮ ਨਾਲ ਪਾਸੇ ਖੜ੍ਹੇ ਹਨ ਤੇ ਉਸ ਦੀ ਕੋਈ ਮਦਦ ਨਹੀਂ ਕਰ ਰਹੇ। ਜਦੋਂ ਪਾਣੀ ਸਿਰ ਤੋਂ ਲੰਘਦਾ ਜਾਪਿਆ ਤਾਂ ਥਾਣੇਦਾਰ ਨੇ ਸਭ ਤੋਂ ਵੱਧ ਗੁੰਡਾਗਰਦੀ ਕਰ ਰਹੇ ਵਿਅਕਤੀ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਪਰ ਗੋਲੀ ਮਾਰਨ ਤੋਂ ਬਾਅਦ ਵੀ ਹੁਲੜਬਾਜ਼ ਬਾਜ ਨਾ ਆਏ ਸਗੋਂ ਲਗਾਤਰ ਥਾਣੇਦਾਰ ਨਾਲ ਹੱਥੋਪਾਈ ਕਰਦੇ ਰਹੇ ਤੇ ਸਰਕਾਰੀ ਗੱਡੀ ਦੀ ਭੰਨਤੋੜ ਵੀ ਕਰ ਦਿੱਤੀ।

ਅੱਜ ਕਲ੍ਹ ਦੇ ਹਾਲਾਤਾਂ ਅਨੁਸਾਰ ਵਾਰ ਵਾਰ ਪੁਲਿਸ ਨੂੰ ਗੋਲੀ ਚਲਾਉਣ ਤੋਂ ਬਚਣ ਦੀ ਹਦਾਇਤ ਕੀਤੀ ਜਾਂਦੀ ਹੈ ਪਰ ਇਹ ਸਿੱਖਿਆ ਉਸ ਵੇਲੇ ਧਰੀ ਧਰਾਈ ਰਹਿ ਜਾਂਦੀ ਹੈ ਜਦੋਂ ਬੰਦੇ ਨੂੰ ਆਪਣੀ ਇੱਜ਼ਤ ਅਤੇ ਜਾਨ ਦੇ ਲਾਲੇ ਪੈ ਜਾਂਦੇ ਹਨ। ਹਰ ਵਿਅਕਤੀ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ, ਕਈ ਨਰਮ ਹੁੰਦੇ ਹਨ ਤੇ ਕਈ ਗੁੱਸੇਖੋਰ। ਕਈ ਵੱਡੀ ਤੋਂ ਵੱਡੀ ਬੇਇੱਜ਼ਤੀ ਪਾਣੀ ਵਾਂਗ ਪੀ ਜਾਂਦੇ ਹਨ ਤੇ ਕਈ ਥੋੜ੍ਹੀ ਜਿਹੀ ਗੱਲ ‘ਤੇ ਵੀ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਹਨ। ਉਸ ਵੇਲੇ ਥਾਣੇਦਾਰ ਦੀ ਹਾਲਤ ਵੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣੀ ਹੋਈ ਸੀ। ਜੇ ਉਹ ਵਰਦੀ ਪੜਵਾ ਕੇ ਕੰਨ ਝਾੜ ਕੇ ਤੁਰ ਜਾਂਦਾ ਤਾਂ ਨਾਲ ਦਿਆਂ ਨੇ ਹੀ ਨਹੀਂ ਸੀ ਜਿਊਣ ਦੇਣਾ, “ਜੇ ਕੁੱਟ ਈ ਖਾਣੀ ਸੀ ਤਾਂ ਫਿਰ ਆਹ ਡੇਢ ਕਿੱਲੋ ਦਾ ਪਿਸਤੌਲ ਕਿਉਂ ਬੰਨ੍ਹੀ ਫਿਰਦਾ ਸੀ ਲੱਕ ਨਾਲ?” ਫਿਲਹਾਲ ਥਾਣੇਦਾਰ ਨੂੰ ਮੁਅੱਤਲ ਕਰ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ ਤੇ ਜਾਂਚ ਪੜਤਾਲ ਚੱਲ ਰਹੀ ਹੈ। ਜੋ ਵੀ ਸੱਚਾਈ ਹੈ, ਉਹ ਆਖਰ ਬਾਹਰ ਆ ਜਾਣੀ ਹੈ। ਪਰ ਵੀਡੀਉ ਵੇਖ ਕੇ ਪਹਿਲੀ ਨਜ਼ਰੇ ਗੋਲੀ ਚਲਾਉਣਾ ਥਾਣੇਦਾਰ ਦੀ ਮਜ਼ਬੂਰੀ ਲੱਗਦੀ ਹੈ।

ਇਹੋ ਜਿਹੀ ਇੱਕ ਹੋਰ ਘਟਨਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਆਈ.ਏ.ਐਸ. ਅਫਸਰ ਸੰਜੇ ਪੋਪਲੀ ਦੇ ਘਰ ਵਾਪਰੀ ਹੈ। ਜਦੋਂ ਵਿਜੀਲੈਂਸ ਟੀਮ ਉਸ ਦੇ ਘਰ ਹੈਰਾਨੀਜਨਕ ਮਾਤਰਾ ਵਿੱਚ ਸੋਨਾ, ਚਾਂਦੀ ਅਤੇ ਇਲੈਕਟ੍ਰੋਨਿਕ ਦਾ ਸਮਾਨ ਆਦਿ ਬਰਾਮਦ ਕਰ ਕੇ ਵਾਪਸ ਪਰਤ ਰਹੀ ਸੀ ਤਾਂ ਪੋਪਲੀ ਦੇ ਬੇਟੇ ਨੇ ਕੁਝ ਨਾਮਾਲੂਮ ਕਾਰਨਾਂ ਕਰ ਕੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਪੋਪਲੀ ਦੇ ਪਰਿਵਾਰ ਨੇ ਇੱਕ ਦਮ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਉਸ ਨੂੰ ਵਿਜੀਲੈਂਸ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਉਹ ਸ਼ਾਇਦ ਇਹ ਗੱਲ ਨਹੀਂ ਜਾਣਦੇ ਹੋਣੇ ਕਿ ਪੁਲਿਸ ਹੋਰ ਜਿਹੜੇ ਹਥਿਆਰ ਹੁੰਦੇ ਹਨ, ਉਨ੍ਹਾਂ ਦਾ ਬੋਰ ਪਬਲਿਕ ਦੇ ਲਾਇਸੈਂਸੀ ਹਥਿਆਰਾਂ ਨਾਲੋਂ ਬਿਲਕੁਲ ਅਲੱਗ ਹੁੰਦਾ ਹੈ। ਵਿਜੀਲੈਂਸ ‘ਤੇ ਲਗਾਏ ਗਏ ਇਸ ਇਲਜ਼ਾਮ ਦੀ ਇਸ ਲਈ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਹੈ ਕਿਉਂਕਿ ਵਿਜੀਲੈਂਸ ਵਾਲੇ ਆਮ ਤੌਰ ‘ਤੇ ਹਥਿਆਰ ਨਹੀਂ ਰੱਖਦੇ। ਵੈਸੇ ਵੀ ਵਿਜੀਲੈਂਸ ਵੱਲੋਂ ਪੋਪਲੀ ਦੇ ਲੜਕੇ ਨੂੰ ਮਾਰਨ ਦੀ ਕਿਸੇ ਕਿਸਮ ਦੀ ਕੋਈ ਤੁੱਕ ਨਹੀਂ ਬਣਦੀ। ਇਹ ਦਰਜ਼ ਹੋਏ ਭ੍ਰਿਸ਼ਟਾਚਾਰ ਦੇ ਮੁਕੱਦਮੇ ਵਿੱਚ ਪੁਲਿਸ ‘ਤੇ ਦਬਾਅ ਪਾਉਣ ਦਾ ਇੱਕ ਬੇਹੱਦ ਘਟੀਆ ਹੱਥਕੰਡਾ ਲੱਗਦਾ ਹੈ। ਪੋਸਟ ਮਾਰਟਮ ਰਿਪੋਰਟ ਵਿੱਚ ਵੀ ਇਹ ਗੱਲ ਸਾਬਤ ਹੋ ਗਈ ਹੈ ਕਿ ਲੜਕੇ ਵੱਲੋਂ ਆਪਣੇ ਬਾਪ ਦੇ ਲਾਇਸੈਂਸੀ ਪਿਸਤੌਲ ਨਾਲ ਆਤਮ ਹੱਤਿਆ ਕੀਤੀ ਗਈ ਹੈ।

ਵੇਖਣ ਵਿੱਚ ਆਇਆ ਹੈ ਕਿ ਕੁਝ ਵਰਗ ਦੇ ਲੋਕ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ ਤੇ ਪੁਲਿਸ ਦੀ ਡਿਊਟੀ ਵਿੱਚ ਅੜਿੱਕੇ ਢਾਹੁਣੇ ਸ਼ਾਨ ਦੀ ਗੱਲ ਸਮਝਦੇ ਹਨ। ਕਈ ਸਾਲ ਪਹਿਲਾਂ ਮੇਰੀ ਇੱਕ ਸ਼ਹਿਰ ਵਿੱਚ ਬਤੌਰ ਐਸ.ਪੀ. ਪੋਸਟਿੰਗ ਸੀ ਜਿਸ ਦੇ ਵਪਾਰੀਆਂ ਬਾਰੇ ਮਸ਼ਹੂਰ ਸੀ ਕਿ ਉਹ ਪੁਲਿਸ ਨਾਲ ਹੱਥੋਪਾਈ ਹੋਣ ਲੱਗਿਆਂ ਮਿੰਟ ਲਗਾਉਂਦੇ ਹਨ। ਉਨ੍ਹਾਂ ਨੇ ਕਈ ਵਾਰ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕੀਤੀ ਸੀ ਤੇ ਸ਼ਹਿਰ ਬੰਦ ਕਰਨ ਦੀ ਧਮਕੀ ਦੇ ਕੇ ਕਾਰਵਾਈ ਤੋਂ ਵੀ ਬਚ ਗਏ ਸਨ। ਸ਼ਹਿਰਾਂ ਵਿੱਚ ਆਮ ਵੇਖਿਆ ਗਿਆ ਹੈ ਕਿ ਖਾਸ ਤੌਰ ‘ਤੇ ਟਰੈਫਿਕ ਪੁਲਿਸ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾਂਦਾ। ਇਨ੍ਹਾਂ ਦੀ ਦੁਕਾਨ ‘ਤੇ ਗਾਹਕ ਆਉਣਾ ਚਾਹੀਦਾ ਹੈ, ਭਾਵੇਂ ਉਸ ਦੀ ਗੱਡੀ ਨਾਲ ਸਾਰੇ ਬਜ਼ਾਰ ਦੀ ਟਰੈਫਿਕ ਬੰਦ ਹੋ ਜਾਵੇ। ਖੁਦ ਹੀ ਇਹ ਲੋਕ ਐਸ.ਐਸ.ਪੀ. ਨੂੰ ਸ਼ਹਿਰ ਵਿੱਚ ਟਰੈਫਿਕ ਦੀ ਬੁਰੀ ਹਾਲਤ ਦਾ ਰੋਣਾ ਰੋਣਗੇ ਤੇ ਫਿਰ ਆਪ ਹੀ ਦੂਸਰੇ ਪਾਸੇ ਹੋ ਜਾਣਗੇ। ਕੁਦਰਤੀ ਉਥੇ ਇੱਕ ਕੁਰੱਖਤ ਜਿਹੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਬਤੌਰ ਟਰੈਫਿਕ ਇੰਚਾਰਜ ਪੋਸਟਿੰਗ ਹੋ ਗਈ ਜਿਸ ਨੇ ਆਉਂਦੇ ਸਾਰ ਪੂਰੀ ਸਖਤੀ ਨਾਲ ਟਰੈਫਿਕ ਸੁਧਾਰ ਦਾ ਕੰਮ ਸ਼ੁਰੂ ਕਰ ਦਿੱਤਾ। ਗਲਤ ਜਗ੍ਹਾ ‘ਤੇ ਖੜੀਆਂ ਗੱਡੀਆਂ ਦੇ ਚਲਾਨ ਤੇ ਬਿਨਾਂ ਕਾਗਜ਼ਾਤ ਵਹੀਕਲ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਵਪਾਰੀਆਂ ਨੇ ਆਪਣੇ ਘੈਂਟ ਸਮਝੇ ਜਾਣ ਵਾਲੇ ਇੱਕ ਚਗਲ ਜਿਹੇ ਪ੍ਰਧਾਨ ਨੂੰ ਲੈ ਕੇ ਪਰਮਿੰਦਰ ਸਿੰਘ ਨੂੰ ਘੇਰ ਲਿਆ।

ਜਦੋਂ ਪਰਮਿੰਦਰ ਸਿੰਘ ਪ੍ਰਧਾਨ ਦੀਆਂ ਬਾਂਦਰ ਭਬਕੀਆਂ ਤੋਂ ਨਾ ਦੱਬਿਆ ਤਾਂ ਗੱਲ ਗੰਭੀਰ ਰੁਖ ਅਖਤਿਆਰ ਕਰ ਗਈ। ਪ੍ਰਧਾਨ ਨੇ ਆਪਣੇ ਪੁਰਾਣੇ ਆਕੜਖੋਰ ਅੰਦਾਜ਼ ਵਿੱਚ ਦਬਕਾ ਮਾਰਿਆ, “ਤੈਨੂੰ ਪਤਾ ਈ ਹੋਣਾ ਪਰਮਿੰਦਰ ਸਿਆਂ, ਅਸੀਂ ਪੁਲਿਸ ਨੂੰ ਚਿੰਬੜਦੇ ਵੀ ਹੁੰਨੇ ਆਂ।” ਇੰਸਪੈਕਟਰ ਨੇ ਬਿਨਾਂ ਘਬਰਾਏ ਹੋਲਸਟਰ ਦਾ ਬਟਨ ਖੋ੍ਹਲ ਕੇ ਆਪਣਾ ਖੱਬਾ ਹੱਥ ਪਿਸਤੌਲ ‘ਤੇ ਰੱਖ ਲਿਆ, “ਸਭ ਪਤਾ ਮੈਨੂੰ ਪ੍ਰਧਾਨ। ਪਰ ਸ਼ਾਇਦ ਤੈਨੂੰ ਇਹ ਨਹੀਂ ਪਤਾ ਕਿ ਮੈਂ ਅੱਗੋਂ ਗੋਲੀ ਵੀ ਮਾਰਦਾ ਹੁੰਨਾਂ ਆਂ।” ਥਾਣੇਦਾਰ ਦਾ ਨਾਨਕਸ਼ਾਹੀ ਇੱਟ ਵਰਗਾ ਜਵਾਬ ਮੱਥੇ ਵਿੱਚ ਵੱਜਿਆ ਤਾਂ ਪ੍ਰਧਾਨ ਕੁਝ ਢਿੱਲਾ ਜਿਹਾ ਪੈ ਗਿਆ, “ਜੇ ਗੋਲੀ ਮਾਰੇਂਗਾ ਤਾਂ ਜੇਲ੍ਹ ਨਈਂ ਜਾਵੇਂਗਾ ਫਿਰ?” ਇੰਸਪੈਕਟਰ ਸਮਝ ਗਿਆ ਕਿ ਪ੍ਰਧਾਨ ਦੀਆਂ ਲੱਤਾਂ ਕੰਬਣ ਲੱਗ ਪਈਆਂ ਹਨ। ਉਹ ਹੋਰ ਜੋਸ਼ ਵਿੱਚ ਆ ਗਿਆ, “ਉਹ ਤਾਂ ਚੱਲ ਬਾਅਦ ਦੀਆਂ ਗੱਲਾਂ ਨੇ ਕੀ ਬਣਨਾ ਕੀ ਨਈਂ ਬਣਨਾ, ਤੂੰ ਤਾਂ ਜਾਏਂਗਾ ਨਾ ਜਹਾਨੋਂ।” ਮਿੰਟਾਂ ਸਕਿੰਟਾਂ ਵਿੱਚ ਲਾਲੇ ਤਿੱਤਰ ਬਿੱਤਰ ਹੋ ਗਏ। ਹਥਿਆਰ ਪੁਲਿਸ ਨੂੰ ਜਨਤਾ ਦੀ ਅਤੇ ਖੁਦ ਦੀ ਰਾਖੀ ਲਈ ਦਿੱਤੇ ਜਾਂਦੇ ਹਨ। ਕਈ ਵਾਰ ਪੁਲਿਸ ਵਾਲੇ ਦਿਲਸ਼ਾਦ ਅਖਤਰ ਦੇ ਕਤਲ ਵਾਂਗ ਗਲਤੀ ਵੀ ਕਰ ਜਾਂਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਬਹੁਤ ਸੋਚ ਸਮਝ ਕੇ ਤੇ ਆਖਰੀ ਹੀਲੇ ਵਜੋਂ ਹੀ ਕਰਨੀ ਚਾਹੀਦੀ ਹੈ। ਜੇ ਕੋਈ ਪੁਲਿਸ ਵਾਲਾ ਜਿਆਦਾ ਹੀ ਗੁੱਸੇਖੋਰ ਹੈ ਤਾਂ ਉਸ ਨੂੰ ਸਰਕਾਰੀ ਅਸਲ੍ਹਾ ਨਹੀਂ ਦੇਣਾ ਚਾਹੀਦਾ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਪੰਡੋਰੀ ਸਿੱਧਵਾਂ 9501100062

Comments are closed, but trackbacks and pingbacks are open.