ਅਦਾਲਤ ਵਲੋਂ ਅਕਤੂਬਰ ਮਹੀਨੇ ਸਜ਼ਾ ਸੁਣਾਈ ਜਾਵੇਗੀ
ਲੰਡਨ – ਭਾਰਤੀ ਮੂਲ ਦੀ 33 ਸਾਲਾ ਪੰਜਾਬਣ ਨੇ ਸ਼ੁੱਕਰਵਾਰ ਨੂੰ ਆਪਣੀ 10 ਸਾਲਾ ਧੀ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ, ਜੋ ਇਸ ਸਾਲ ਦੀ ਸ਼ੁਰੂਆਤ ਵਿੱਚ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਰੋਲੀ ਰੀਗਸ ਵਿੱਚ ਆਪਣੇ ਘਰ ਵਿੱਚ ਮਿ੍ਰਤਕ ਪਾਈ ਗਈ ਸੀ। ਜਸਕੀਰਤ ਕੌਰ ਕੰਗ ’ਤੇ 4 ਮਾਰਚ ਨੂੰ ਸ਼ੇਅ ਕੰਗ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਜਦੋਂ ਵੈਸਟ ਮਿਡਲੈਂਡਜ਼ ਪੁਲਸ ਨੇ ਦੱਸਿਆ ਸੀ ਕਿ ਬੱਚੀ ਰੋਲੀ ਰੀਗਸ ਦੇ ਕਸਬੇ ਦੇ ਇੱਕ ਪਤੇ ’ਤੇ ਸੱਟਾਂ ਨਾਲ ਮਿਲੀ ਸੀ ਅਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਜਸਕੀਰਤ ਕੌਰ ਨੇ ਹੁਣ ਆਪਣੀ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਇੱਕ ਛੋਟੀ ਸੁਣਵਾਈ ਦੌਰਾਨ ਵੁਲਵਰਹੈਂਪਟਨ ਕਰਾਊਨ ਕੋਰਟ ਨੂੰ ਦੱਸਿਆ ਹੈ ਕਿ ਉਹ ਆਪਣੀ ਧੀ ਦੇ ਕਤਲ ਲਈ ਦੋਸ਼ੀ ਹੈ। ਜੱਜ ਮਾਈਕਲ ਚੈਂਬਰਜ਼ ਨੇ ਸਜ਼ਾ ਸੁਣਾਉਣ ਲਈ 25 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਹੈ, ਜਦੋਂ ਜਸਕੀਰਤ ਦੇ ਵਿਅਕਤੀਗਤ ਤੌਰ ’ਤੇ ਅਦਾਲਤ ਵਿੱਚ ਹਾਜ਼ਰ ਹੋਣ ਦੀ ਉਮੀਦ ਹੈ। ਡਿਫੈਂਸ ਬੈਰਿਸਟ ਕੈਥਰੀਨ ਗੋਡਾਰਡ ਨੇ ਅਦਾਲਤ ਨੂੰ ਦੱਸਿਆ ਕਿ ਕੇਸ ਦੇ ‘‘ਤੱਥਾਂ ’ਤੇ ਕੋਈ ਵਿਵਾਦ ਨਹੀਂ ਹੈ’’ ਅਤੇ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਨੇ ਪੁਸ਼ਟੀ ਕੀਤੀ ਕਿ ਕਤਲ ਲਈ ਕੌਰ ਦੀ ਦੋਸ਼ੀ ਪਟੀਸ਼ਨ ਇਸਤਗਾਸਾ ਪੱਖ ਨੂੰ ਮਨਜ਼ੂਰ ਸੀ।
ਬ੍ਰਿਕਹਾਊਸ ਪ੍ਰਾਇਮਰੀ ਸਕੂਲ, ਜਿੱਥੇ ਸ਼ੇਅ ਕੰਗ ਇੱਕ ਵਿਦਿਆਰਥਣ ਸੀ, ਨੇ ਉਸ ਸਮੇਂ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਕੂਲ ਬੱਚੀ ਦੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹੈ। ਵੈਸਟ ਮਿਡਲੈਂਡਜ਼ ਪੁਲਸ ਨੇ ਪੁਸ਼ਟੀ ਕੀਤੀ ਸੀ ਕਿ ਜਸਕੀਰਤ ਕੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਜਾਂਚ ਦੇ ਹਿੱਸੇ ਵਜੋਂ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੀ ਸੀ।
Comments are closed, but trackbacks and pingbacks are open.