ਅਕਾਲੀ ਦਲ ਯੂ.ਕੇ ਦੇ ਪ੍ਰਧਾਨ ਧਾਮੀ ਦੇ ਭਰਾ ਨੂੰ ਹੁਸ਼ਿਆਰਪੁਰ ਅਗਵਾ ਕਰਨ ਦੀ ਕੋਸ਼ਿਸ਼

ਜਲੰਧਰ ਵਿਖੇ ਅਗਵਾ ਕੀਤੇ ਐਨ ਆਰ ਆਈ ਦੀ ਲਾਸ਼ ਮੋਗਾ ਨਹਿਰ ਵਿਚੋਂ ਮਿਲੀ
ਪ੍ਰਵਾਸੀ ਪੰਜਾਬੀਆਂ ਵਿੱਚ ਰੋਸ ਦੀ ਲਹਿਰ

ਲੰਡਨ – ਇਸੇ ਹਫ਼ਤੇ ਪੰਜਾਬ ਗਏ ਪ੍ਰਵਾਸੀ ਪੰਜਾਬੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਅਤੇ ਇਕ ਨੂੰ ਅਗਵਾ ਕਰਕੇ ਕਤਲ ਕਰਨ ਦੀਆਂ ਵਾਰਦਾਤਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਵਿੱਚ ਗੁੱਸੇ ਦੀ ਲਹਿਰ ਹੈ।

ਹੁਸ਼ਿਆਰਪੁਰ ਵਿਖੇ ਜਲੰਧਰ ਸੜਕ ਸਥਿੱਤ ਪਿੰਡ ਪਿੱਪਲਾਵਾਲੀ ਦੇ ਕੈਨੇਡਾ ਤੋਂ ਨੰਬਰਦਾਰ ਅਵਤਾਰ ਸਿੰਘ ਧਾਮੀ ਨੂੰ ਅਗਵਾ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਯੂ.ਕੇ ਦੇ ਪ੍ਰਧਾਨ ਸ. ਬਲਵੰਤ ਸਿੰਘ ਧਾਮੀ ਦੇ ਭਰਾਤਾ ਨੂੰ ਦੋ ਬੰਦਿਆਂ ਅਤੇ ਦੋ ਲੜਕੀਆਂ ਨੇ ਗੱਡੀ ਰੋਕ ਕੇ ਪਿੰਡ ਦੇ ਕਿਸੇ ਬੰਦੇ ਦਾ ਪਤਾ ਪੁੱਛਿਆ ਅਤੇ ਦੱਸਿਆ ਕੇ ਕਾਰ ਕੇ ਪਿੱਛੇ ਬੈਠੀ ਲੜਕੀ ਦੀ ਪਹਿਚਾਣ ਕਰ ਲਵੇ। ਜਦ ਅਵਤਾਰ ਸਿੰਘ ਧਾਮੀ ਨੇ ਕਾਰ ਦਾ ਦਰਵਾਜ਼ਾ ਖੋਹਲ ਕੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਤਦ ਇਨਾਂ ਲੋਕਾਂ ਨੇ ਧਾਮੀ ਨੂੰ ਖਿੱਚ ਕੇ ਕਾਰ ਅੰਦਰ ਘੜੀਸ ਲਿਆ ਅਤੇ ਕਾਰ ਤੌਰ ਲਈ ਜਦਕਿ ਧਾਮੀ ਦਾ ਅੱਧਾ ਸਰੀਰ ਕਾਰ ਤੋਂ ਬਾਹਰ ਸੀ। ਹਮਲਾਵਰਾਂ ਨੇ ਘੜੀਸਦੇ ਹੋਏ ਧਾਮੀ ਦਾ ਸੋਨੇ ਦਾ ਕੜਾ ਕੱਟਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਏ ਅਤੇ ਧਾਮੀ ਵਲੋਂ ਰੌਲਾ ਪਾਉਣ ਕਾਰਨ ਧਾਮੀ ਨੂੰ ਗੱਡੀ ਤੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਪਿੰਡ ਦੇ ਗੁਰੂਘਰ ਦੇ ਬਾਹਰ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ।

ਸ਼੍ਰੋਮਣੀ ਅਕਾਲੀ ਦਲ ਯੂ.ਕੇ ਦੇ ਪ੍ਰਧਾਨ ਸ. ਬਲਵੰਤ ਸਿੰਘ ਧਾਮੀ ਨੇ ‘ਦੇਸ ਪ੍ਰਦੇਸ’ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਹਮਲਾਵਰਾਂ ਨੂੰ ਫੜਨ ਲਈ ਪੁਲਿਸ ਨਾਲ ਲਗਾਤਾਰ ਸੰਪਰਕ ਵਿੱਚ ਹਨ ਪਰ ਪੁਲਿਸ ਦੇ ਆਹਲਾ ਅਫ਼ਸਰਾਂ ਵਲੋਂ ਵਾਰਦਾਤ ਨੂੰ ਹਲਕੇ ਵਿੱਚ ਲਿਆ ਜਾ ਰਿਹਾ ਹੈ ਜਦਕਿ ਇਹ ਵਾਰਦਾਤ ਇਕ ਸਾਜ਼ਿਸ਼ ਹੈ।

ਦੂਸਰੀ ਵਾਰਦਾਤ ਜਲੰਧਰ ਜ਼ਿਲ੍ਹੇ ਵਿੱਚ ਵਾਪਰੀ ਜਿੱਥੇ ਪਿੰਡ ਕੰਗ ਸਾਹਬੂ ਤੋਂ ਅਣਪਛਾਤੇ ਕਾਰ ਸਵਾਰਾਂ ਨੇ ਇੰਗਲੈਂਡ ਦੇ ਐੱਨ.ਆਰ.ਆਈ. ਨੂੰ ਅਗਵਾ ਕਰ ਲਿਆ ਸੀ। ਜਿਸ ਦੀ ਲਾਸ਼ ਬਰਾਮਦ ਹੋਈ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਵੀ ਕੀਤਾ ਗਿਆ ਹੈ। ਥਾਣਾ ਸਦਰ ਨਕੋਦਰ ਦੀ ਪੁਲਸ ਨੇ ਇਸ ਸੰਬੰਧੀ ਮਾਮਲਾ ਦਰਜ ਕੀਤਾ ਸੀ। ਸੂਤਰਾਂ ਅਨੁਸਾਰ ਐੱਨ.ਆਰ.ਆਈ. ਦਾ ਤੇਜ਼ਦਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਜਿਸ ਦੀ ਲਾਸ਼ ਮੋਗਾ ਸਥਿਤ ਇਕ ਨਹਿਰ ਵਿਚੋਂ ਬਰਾਮਦ ਕੀਤੀ ਗਈ ਹੈ। ਲਾਸ਼ ਨੂੰ ਕਤਲ ਤੋਂ ਬਾਅਦ ਉਕਤ ਨਹਿਰ ਵਿੱਚ ਸੁੱਟਿਆ ਗਿਆ ਹੈ।

ਖ਼ਬਰ ਅਨੁਸਾਰ 75 ਸਾਲਾ ਮੋਹਿੰਦਰ ਸਿੰਘ ਐਤਵਾਰ ਸ਼ਾਮ ਆਪਣੇ ਘਰ ਤੋਂ ਕੰਗ ਸਾਹਬੂ ਲਈ ਨਿਕਲਿਆ ਸੀ। ਸ਼ਾਮ ਲਗਭਗ 6 ਵਜੇ ਜਦੋਂ ਉਹ ਜਲੰਧਰ ਨਕੋਦਰ ਹਾਈਵੇਅ ’ਤੇ ਪਿੰਡ ਕੰਗ ਸਾਹਬੂ ਕੋਲ ਪਹੁੰਚਿਆ ਤਾਂ ਦੋ ਅਣਪਛਾਤੇ ਲੋਕਾਂ ਨੇ ਆਪਣੀ ਕਾਰ ਵਿੱਚ ਮਹਿੰਦਰ ਸਿੰਘ ਨੂੰ ਅਗਵਾ ਕਰ ਲਿਆ ਅਤੇ ਉੱਥੋਂ ਫ਼ਰਾਰ ਹੋ ਗਏ। ਮਹਿੰਦਰ ਸਿੰਘ ਦਾ ਸਾਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ। ਉਹ ਕੰਗ ਸਾਹਬੂ ਵਿੱਚ ਇਕੱਲੇ ਹੀ ਰਹਿੰਦੇ ਸਨ।

Comments are closed, but trackbacks and pingbacks are open.