ਸੰਗਰੂਰ ਚੋਣ ਵਿੱਚ ਨਿੱਜੀ ਜ਼ਿੱਦ ਪਗਾਉਣ ਦੀ ਬਜਾਏ ਪੰਥ ਦੀ ਜ਼ਿੰਦ ਬਚਾਉਣ ਦੀ ਲੋੜ

ਜੀ ਕੇ ਵਲੋਂ ਸਿਮਰਨਜੀਤ ਸਿੰਘ ਮਾਨ ਅਤੇ ਬੀਬੀ ਕਮਲਦੀਪ ਕੌਰ ਨੂੰ ਅਪੀਲ

ਨਵੀਂ ਦਿੱਲੀ – ਸੰਗਰੂਰ ਲੋਕ ਸਭਾ ਜ਼ਿਮਣੀ ਚੋਣ ਦੌਰਾਨ ਪੰਥਕ ਵੋਟਾਂ ਦੇ ਵੰਡਣ ਦੀ ਸੰਭਾਵਨਾ ਨੂੰ ਭਾਂਪਦਿਆਂ ਹੋਇਆ ਜਾਗੋ ਪਾਰਟੀ ਨੇ ਚਿੰਤਾ ਜਤਾਈ ਹੈ।ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਟੀਚੇ ਦੀ ਪ੍ਰਾਪਤੀ ਲਈ ਸਾਰੀਆਂ ਪੰਥਕ ਧਿਰਾਂ ਨੂੰ ਸੰਗਰੂਰ ਚੋਣ ਦੇ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਬੀਬੀ ਕਮਲਦੀਪ ਕੌਰ ਰਾਜੋਆਣਾ ਵਿਚਾਲੇ ਚੱਲ ਰਹੇ ਸ਼ੀਤ ਯੁੱਧ ਨੂੰ ਖਤਮ ਕਰਾਉਣ ਦੀ ਪਹਿਲ ਕਰਨ ਦਾ ਸੱਦਾ ਦਿੱਤਾ ਹੈ।ਜੀਕੇ ਨੇ ਕਿਹਾ ਕਿ 1.5 ਸਾਲ ਲਈ ਮੈਂਬਰ ਪਾਰਲੀਮੈਂਟ ਬਣਨ ਦੀ ਖਵਾਇਸ਼ ਹੇਠ ਪੰਥਕ ਜਜਬਾਤਾਂ ਨੂੰ ਦਫ਼ਨਾਉਣ ਲਈ ਇਸ ਵੇਲੇ ਪੰਥ ਤਿਆਰ ਨਹੀਂ ਹੈ।ਜੇਕਰ ਇਸ ਵਾਰ ਪੰਥਕ ਵੋਟਾਂ ਵੰਡੀਆਂ ਗਈਆਂ ਤਾਂ ਇਸ ਦਾ ਫਾਇਦਾ ਪੰਥ ਵਿਰੋਧੀ ਤਾਕਤਾਂ ਨੂੰ ਮਿਲੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਉਤੇ ਇੱਕ ਵਾਰ ਫਿਰ ਨਮੋਸ਼ੀ ਝੱਲਣੀ ਪੈ ਸਕਦੀ ਹੈ। ਇਸ ਲਈ ਦੋਵਾਂ ਉਮੀਦਵਾਰਾਂ ਨੂੰ ਆਪਣੀ ਜ਼ਿੱਦ ਤੋਂ ਪਹਿਲਾਂ ਪੰਥ ਦੀ ਜ਼ਿੰਦ ਬਚਾਉਣ ਬਾਰੇ ਗੰਭੀਰਤਾ ਦਿਖਾਉਣੀ ਚਾਹੀਦੀ ਹੈਂ। ਜੀਕੇ ਨੇ ਖੁਲਾਸਾ ਕੀਤਾ ਕਿ ਸੋਸ਼ਲ ਮੀਡੀਆ ‘ਤੇ ਬੀਬੀ ਰਾਜੋਆਣਾ ਦੇ ਸਮਰਥਨ ਵਿੱਚ ਮੇਰੇ ਪੋਸਟਰ ਚਲਾਏ ਗਏ ਹਨ, ਪਰ ਮੈਂ ਦੋਹਾਂ ਵਿਚੋਂ ਕਿਸੇ ਉਮੀਦਵਾਰ ਨੂੰ ਆਪਣਾ ਸਮਰਥਨ ਨਹੀਂ ਦਿੱਤਾ ਹੈ। ਜੇਕਰ ਪੰਥ ਦਾ ਸਾਂਝਾ ਉਮੀਦਵਾਰ ਹੁੰਦਾ ਤਾਂ ਸ਼ਾਇਦ ਮੇਰੀ ਪਾਰਟੀ ਖੁਲਕੇ ਚੋਣ ਪ੍ਰਚਾਰ ਲਈ ਵੀ ਚਲੀ ਜਾਂਦੀ।

ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਏਕਤਾ ਨੂੰ ਖੇਰੂੰ ਹੋਣ ਤੋਂ ਰੋਕਣ ਲਈ ਆਪ ਜੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਇਹ ਦੋਵੇਂ ਪੰਥਕ ਉਮੀਦਵਾਰ ਆਪਸੀ ਟਕਰਾਓ ਕਰਕੇ ਚੋਣ ਹਾਰ ਗਏ ਤਾਂ ਇਹ ਪੰਥ ਲਈ ਮੰਦਭਾਗਾ ਹੋਵੇਗਾ। ਅੱਜ ਸਮੂਹ ਸਰਕਾਰਾਂ ਨੂੰ ਸਾਨੂੰ ਇਹ ਸੁਨੇਹਾ ਦੇਣ ਦੀ ਲੋੜ ਹੈ ਕਿ ਪੰਥਕ ਮਸਲਿਆਂ ‘ਤੇ ਪੰਥ ਇਕਜੁੱਟ ਤੇ ਇਕਮੁੱਠ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ, ਦਿੱਲੀ ਤੇ ਕਰਨਾਟਕ ਸਰਕਾਰਾਂ ਨੂੰ 11 ਮੈਂਬਰੀ ਕਮੇਟੀ ਦੇ ਮਿਲਣ ਲਈ ਬੀਤੇ ਦਿਨੀਂ ਭੇਜੀਆਂ ਗਈਆਂ ਚਿਠੀਆਂ ਦਾ ਜਵਾਬ ਨਾ ਆਉਣ ਦਾ ਹਵਾਲਾ ਦਿੰਦੇ ਹੋਏ ਜੀਕੇ ਨੇ ਕਿਹਾ ਕਿ ਬੇਸ਼ੱਕ ਇਹ ਸਿੱਖਾਂ ਪ੍ਰਤੀ ਸਰਕਾਰਾਂ ਦੀ ਬੇਪਰਵਾਹੀ ਹੈਂ। ਪਰ ਸੁਖਬੀਰ ਸਿੰਘ ਬਾਦਲ ਨੂੰ ਸਰਕਾਰਾਂ ਦੇ ਇਸ ਵਿਵਹਾਰ ਕਰਕੇ ਸਵੈਂ ਪੜਚੋਲ ਦੀ ਵੀ ਲੋੜ ਹੈ। ਕਿਉਂਕਿ ਕਿਸੇ ਸਮੇਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਕਿਚਨ ਕੈਬਨਿਟ ਦਾ ਹਿੱਸਾ ਰਹੇ ਕੁਝ ਆਗੂ ਅਜ ਕਲ੍ਹ ਇਨ੍ਹਾਂ ਸਰਕਾਰਾਂ ਦੇ ਜੀ-ਹਜ਼ੂਰੀਏ ਬਣੇ ਹੋਏ ਹਨ। ਜਦਕਿ ਅਕਾਲੀ ਦਲ ਦੇ ਰਾਜ ਵਿੱਚ ਇਨ੍ਹਾਂ ਲੋਕਾਂ ਨੂੰ ਮਿਲੀਆਂ ਬੇਸ਼ੁਮਾਰ ਤਾਕਤਾਂ ਪੰਥਦਰਦੀ ਵਰਕਰਾਂ ਦਾ ਹੱਕ ਖੋਹ ਕੇ ਇਨ੍ਹਾਂ ਨੂੰ ਦਿਤੀਆਂ ਗਈਆਂ ਸਨ। ਜੀਕੇ ਨੇ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਬਾਦਲ ਪਰਿਵਾਰ ਨੂੰ ਪਿਛੇ ਕਰਕੇ ਜੇਕਰ ਅਕਾਲੀ ਦਲ ਮੁੜ ਸੁਰਜੀਤ ਹੁੰਦਾ ਹੈ ਤਾਂ ਆਪ ਨੂੰ ਇਸ ਲਈ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਤੇ ਪੰਥਕ ਏਕਤਾ ਦਾ ਮੁੱਦਈ ਬਣਨਾ ਚਾਹੀਦਾ ਹੈ।

Comments are closed, but trackbacks and pingbacks are open.