ਮੂਲ ਨਾਨਕਸ਼ਾਹੀ ਕੈਲੰਡਰ ਸੰਗਤਾਂ ਨੂੰ ਭੇਟ ਕੀਤਾ ਗਿਆ
ਸਾਊਥਾਲ – ਸਿੱਖ ਮਿਸ਼ਨਰੀ ਸੁਸਾਇਟੀ ਯੂਕੇ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ, 5 ਜਨਵਰੀ ਨੂੰ ਬੜੀ ਸ਼ਰਧਾ-ਭਵਨਾ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਇਸ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਬਲਵਿੰਦਰ ਸਿੰਘ ਪੱਟੀ ਜੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਰਸ਼ਨ ਕਰਵਾਉਂਦੇ ਹੋਏ ਸਿੱਖਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ, ਆਪਸੀ ਧੜ੍ਹੇਬੰਦੀਆਂ ਤੋਂ ਉੱਪਰ ਉੱਠ ਕੇ ਕੌਂਮ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਪ੍ਰੇਰਨਾ ਕੀਤੀ। ਗਿਆਨੀ ਨਿਰਮਲਜੀਤ ਸਿੰਘ ਹੋਣਾਂ ਨੇ ਸਮੂੰਹ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਵਧਾਈ ਦਿੱਤੀ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹਾਨਤਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਅਮਰੀਕਾ ਤੋਂ ਪਹੁੰਚੇ ਹੋਏ ਭਾਈ ਗੁਰਮੀਤ ਸਿੰਘ ਧਾਰੀਵਾਲ ਨੇ ਮੂਲ-ਨਾਨਕਸ਼ਾਹੀ ਕੈਲੰਡਰ ਦੀ ਜਰੂਰਤ ਅਤੇ ਇਸਦੇ ਵਿੱਚ ਕੀਤੀ ਮਿਲਾਵਟ ਬਾਰੇ ਸੰਗਤ ਨੂੰ ਜਾਣਕਾਰੀ ਦੇਂਦੇ ਹੋਏ ਅਖੌਤੀ ਸਾਧਾਂ ਅਤੇ ਪੰਥ ਵਿਰੋਧੀ ਤਾਕਤਾਂ ਤੋਂ ਹਰ ਪੱਖ ਤੋਂ ਸੁਚੇਤ ਰਹਿਣ ਦੀ ਪ੍ਰੇਰਨਾ ਕੀਤੀ। ਅਰਦਾਸ ਉਪਰੰਤ ਸਿੱਖ ਮਿਸ਼ਨਰੀ ਸੁਸਾਇਟੀ ਯੂਕੇ ਦੇ ਸਮੂੰਹ ਮੈਂਬਰਾਨ ਅਤੇ ਸੰਗਤਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ (2003) ਨੂੰ ਜਾਰੀ ਕੀਤਾ ਅਤੇ ਸਾਰੇ ਦਿਹਾੜੇ ਅਤੇ ਗੁਰਪੁਰਬ ਇਸ ਅਨੁਸਾਰ ਮਨਾਉਣ ਦਾ ਫੈਸਲਾ ਕੀਤਾ। ਉਹਨਾਂ ਇਕੱਠ ਰੂਪ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ 2003 ਵਿੱਚ ਪ੍ਰਵਾਨ ਕੀਤੇ ਕੈਲੰਡਰ ਨੂੰ ਲਾਗੂ ਕਰਵਾਉਣ ਦਾ ਹੁਕਮ ਜਾਰੀ ਕਰਨ ਤਾਂ ਜੋ ਕੌਂਮ ਦੀ ਵੱਖਰੀ ਹੋਂਦ ਦੀ ਨਿਸ਼ਾਨੀ ਕੈਲੰਡਰ ਤੇ ਮਾਣ ਕੀਤਾ ਜਾ ਸਕੇ।ਸਿੱਖ ਮਿਸ਼ਨਰੀ ਸੁਸਾਇਟੀ ਦੇ ਜਰਨਲ ਸਕੱਤਰ ਸ.ਅਵਤਾਰ ਸਿੰਘ ਬੁੱਟਰ ਨੇ ਆਈਆਂ ਹੋਈਆਂ ਸੰਗਤਾਂ ਦਾ ਧਨਵਾਦ ਕੀਤਾ ਅਤੇ ਦਲੀਲਾਂ ਦੇਂਦੇ ਹੋਏ ਆਖਿਆ ਕਿ ਜੇ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਪ੍ਰਕਾਸ਼ ਗੁਰਪੁਰਬ ਦੀਛੁੱਟੀ ਦਾ ਐਲਾਨ ਕਰਨਾ ਹੋਵੇ ਤਾਂ ਉਹ ਕਿਹੜੀ ਮਿਤੀ ਨੂੰ ਮੰਨਣਗੇ…? ਉਹਨਾਂ ਕਿਹਾ ਅਸਲ ਕੈਲੰਡਰ ਨਾਲ ਜੁੜ ਕੇ ਅਸੀਂ ਬਿਪਰ ਵੱਲੋਂ ਫੈਲਾਏ ਭਰਮ ਜਾਲ ਵਿਚੋਂ ਨਿਕਲ ਸਕਦੇ ਹਾਂ। ਇਸ ਤਰਾਂ ਇਹ ਪ੍ਰਕਾਸ਼ ਗੁਰਪੁਰਬ ਸੰਗਤ ਵੱਲੋਂ ਮਨਾਉਂਦੇ ਹੋਏ ਖੁਸ਼ੀਆਂ ਪ੍ਰਾਪਤ ਕੀਤੀਆਂ।
Comments are closed, but trackbacks and pingbacks are open.