ਸਯੱਦ ਸੰਤ ਪ੍ਰਿਥੀਪਾਲ ਸਿੰਘ ਜੀ ਦੀ ਤਸਵੀਰ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਗਈ

ਇੰਗਲੈਂਡ ਨਿਵਾਸੀ ਪੰਥਕ ਸੇਵਾਦਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਬੇਦੀ ਵਲੋਂ ਸ਼੍ਰੋਮਣੀ ਕਮੇਟੀ ਅਤੇ ਸੰਗਤ ਦਾ ਤਹਿਦਿਲੋਂ ਧੰਨਵਾਦ

ਲੰਡਨ – ਇੱਥੋਂ ਦੇ ਉੱਘੇ ਪੰਥਕ ਪਰਿਵਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਬੇਦੀ ਜੀ ਦੇ ਮਹਾਨ ਪਿਤਾ ਸੰਤ ਪ੍ਰਿਥੀਪਾਲ ਸਿੰਘ ਜੀ ਦੀ ਤਸਵੀਰ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਅਜਾਇਬਘਰ ਵਿੱਚ ਸੁਸ਼ੋਭਿਤ ਕੀਤੀ ਗਈ ਜਿਸ ਲਈ ਪ੍ਰੋ. ਬੇਦੀ ਵਲੋਂ ਸ਼੍ਰੋਮਣੀ ਕਮੇਟੀ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ ਹੈ।

ਸਯੱਦ ਸੰਤ ਪ੍ਰਿਥੀਪਾਲ ਸਿੰਘ ਜੀ ਦਾ ਸਬੰਧ ਸਯੱਦ ਪੀਰਾਨੇ ਪੀਰ ਬਗਦਾਦ ਦੇ ਨਾਲ ਸੀ। ਪਹਿਲੇ ਪਤਿਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀਆਂ-ਜਿਹੜੀਆਂ ਥਾਂਵਾਂ ’ਤੇ ਉਦਾਸੀ ਸਮੇਂ ਗਏ ਸੰਤ ਪ੍ਰਿਥੀਪਾਲ ਸਿੰਘ ਜੀ ਵੀ ਉਥੇ-ਉਥੇ ਗਏ ਜਿਵੇਂ ਮੱਕਾ, ਮਦੀਨਾ, ਬਗਦਾਦ ਆਦਿ ਅਤੇ ਸਿੱਖ ਇਤਿਹਾਸ ਤੋਂ ਇੰਨੇ ਜ਼ਿਆਦਾ ਪ੍ਰਭਾਵਤ ਹੋਏ ਕਿ ਸੰਨ 1935 ਈ. ਨੂੰ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਪਾਕਿਸਤਾਨ ਵਿਖੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ। ਉਦੋਂ ਤੋਂ ਸਿੱਖੀ ਫ਼ਲਸਫ਼ੇ ਦਾ ਪੂਰੇ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਪ੍ਰਚਾਰ ਅਤੇ ਪ੍ਰਸਾਰ ਕੀਤਾ। ਜਿਸ ਕਰਕੇ ਸੰਤ ਜੀ ਨੂੰ ਸੰਤ ਫ਼ਤਹਿ ਸਿੰਘ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਵੱਖ-ਵੱਖ ਸਿੰਘ ਸਭਾਵਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ, ਚੀਫ ਐਡੀਟਰ ਸਿੱਖ ਸੰਦੇਸ਼, ਇੰਗਲੈਂਡ, ਚੀਫ਼ ਆਫ਼ ਕ੍ਰਿਸਚਨ ਸੁਸਾਇਟੀ, ਯੂ.ਕੇ ਵਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ।

ਇੰਗਲੈਂਡ ਵਿੱਚ ਸੰਤ ਪ੍ਰਿਥੀਪਾਲ ਸਿੰਘ ਜੀ ਨੇ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ਵੀ ਅਵਾਜ਼ ਉਠਾਈ ਅਤੇ ਮਲਕਾ ਅਲੈਜ਼ਬਿਥ ਦੇ ਗੁਰੂ ਆਰ ਵਿਸ਼ਪ ਡਾ. ਰੈਮਜੇ ਨਾਲ ਮੁਲਾਕਾਤ ਕੀਤੀ, ਜਿਸ ’ਤੇ ਉਹਨਾਂ ਨੇ ਸਿੱਖਾਂ ਦੀ ਰਾਖੀ ਲਈ ਭਰੋਸਾ ਦਿਵਾਇਆ ਸੀ। ਇਸ ਤੋਂ ਇਲਾਵਾ ਸੰਤ ਜੀ ਵਲੋਂ ਹੈਵਲੋਕ ਰੋਡ ਲੰਡਨ ਵਿਖੇ ਇੱਕ ਬਹੁਤ ਵੱਡੇ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ, ਜੋ ਕਿ ਅੱਜ ਵੀ ਵਿਦੇਸ਼ਾਂ ਵਿੱਚ ਸਿੱਖੀ ਪ੍ਰਸਾਰ ਅਤੇ ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਜੀ।

ਸਾੳੂਥਾਲ ਦੇ ਗੁਰਦੁਆਰਾ ਸਾਹਿਬ ਵਿਖੇ ਸੰਨ 1967 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 300 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਇੱਕ ਵੱਡਾ ਨਗਰ ਕੀਰਤਨ ਕੱਢਿਆ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੰਡਾ ਮੰਗਵਾ ਕੇ ਅੰਮ੍ਰਿਤ ਸੰਚਾਰ ਕਰਵਾਇਆ ਸੀ। ਕਾਬਲ ਵਿਖੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਲਗਾਉਣ ਦੀ ਆਗਿਆ ਨਹੀਂ ਸੀ ਪਰੰਤੂ ਸੰਤ ਜੀ ਨੇ ਕਾਬਲ ਦੇ ਬਾਦਸ਼ਾਹ ਨਾਲ ਮੁਲਾਕਾਤ ਕਰਕੇ ਕਾਬਲ ਵਿਖੇ ਸਥਿਤ ਛੇ ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਲਗਵਾਉਣ ਦੀ ਆਗਿਆ ਲਈ ਅਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਕਰਵਾਏ। ਸੰਤ ਜੀ 12 ਨਵੰਬਰ 1969 ਨੂੰ ਕਾਨਪੁਰ ਵਿਖੇ ਅਕਾਲ ਚਲਾਣਾ ਕਰ ਗਏ ਸਨ।

ਸਯੱਦ ਸੰਤ ਪ੍ਰਿਥੀਪਾਲ ਸਿੰਘ ਜੀ ਦੇ ਪੰਜ ਪੁੱਤਰ ਅਤੇ ਇੱਕ ਲੜਕੀ ਹੈ, ਜਿਨ੍ਹਾਂ ਵਿੱਚ ਸਭ ਤੋਂ ਵੱਡੇ ਪੁੱਤਰ ਜਥੇਦਾਰ ਮੋਹਨ ਸਿੰਘ ਹੋਏ ਸਨ, ਜਿਹੜੇ ਕਿ ਸ਼੍ਰੋਮਣੀ ਕਮੇਟੀ ਵਿਖੇ ਸ੍ਰੀ ਗੁਰੂ ਰਾਮਦਾਸ ਨਿਵਾਸ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਤ ਸਮੇਂ 1980 ਤੀਕ ਡਿੳੂਟੀ ਨਿਭਾਈ ਸੀ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਜੀ ਜਥੇਦਾਰ ਮੋਹਨ ਸਿੰਘ ਦਾ ਹਮੇਸ਼ਾ ਸਹਿਯੋਗ ਦਿੰਦੇ ਰਹੇ ਸਨ। ਇਸ ਸਮੇਂ ਸੰਤ ਜੀ ਦੇ ਪੁੱਤਰਾਂ ਵਿੱਚੋਂ ਕੇਵਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਬੇਦੀ ਜੀ ਅਤੇ ਲੜਕੀ ਬੀਬੀ ਪ੍ਰਭਜੀਤ ਕੌਰ ਅੱਜ ਵੀ ਇੰਗਲੈਂਡ ਵਿਖੇ ਸਿੱਖ ਪੰਥ ਦੀ ਸੇਵਾ ਨਿਭਾ ਰਹੇ ਹਨ।

ਇਸ ਮੌਕੇ ਸੰਤ ਪ੍ਰਿਥੀਪਾਲ ਸਿੰਘ ਜੀ ਦੇ ਪੋਤਰੇ ਸ. ਦਿਆਪਾਲ ਸਿੰਘ ਬੇਦੀ ਵੀ ਮੌਜੂਦ ਸਨ।

Comments are closed, but trackbacks and pingbacks are open.