ਕਿਡਨੀ ਰਿਸਰਚ ਯੂਕੇ ਰਾਹੀਂ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਬਦਲੇ ਸਨਮਾਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਸਿੱਖ ਭਾਈਚਾਰੇ ਦੇ ਸ਼ਾਨਾਮੱਤੇ ਕਾਰਜਾਂ ਦੀ ਲੜੀ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਲੱਕ ਬੰਨ੍ਹ ਕੇ ਤੁਰੇ ਮਰਦ ਔਰਤਾਂ ਨਵੇਂ ਦਿਸਹੱਦੇ ਸਿਰਜ ਰਹੇ ਹਨ।
ਗਲਾਸਗੋ ਦੀ ਝੋਲੀ ਇੱਕ ਹੋਰ ਵਡੇਰਾ ਮਾਣ ਇਹ ਪਿਆ ਹੈ ਕਿ ਸ੍ਰੀਮਤੀ ਸਵਰਨ ਕੌਰ ਚੌਧਰੀ ਨੂੰ ਕਿਡਨੀ ਰਿਸਰਚ ਯੂਕੇ ਰਾਹੀਂ ਸਮਾਜ ਸੇਵਾ ਦੇ ਖੇਤਰ ਵਿੱਚ ਨਿਸ਼ਕਾਮ ਤੇ ਵਿਲੱਖਣ ਸੇਵਾਵਾਂ ਪ੍ਰਦਾਨ ਕਰਨ ਬਦਲੇ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੀ ਤਰਫੋਂ ਬ੍ਰਿਟਿਸ਼ ਐਂਪਾਇਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਸਵਰਨ ਕੌਰ ਚੌਧਰੀ ਪਿਛਲੇ ਲੰਮੇ ਸਮੇਂ ਤੋਂ ਕਿਡਨੀ ਰਿਸਰਚ ਯੂਕੇ ਨਾਲ ਮਿਲ ਕੇ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਦੇ ਆ ਰਹੇ ਹਨ।
ਉਹਨਾਂ ਇਹ ਕਾਰਜ ਸਿਰਫ ਸਿੱਖ ਭਾਈਚਾਰੇ ਤੱਕ ਹੀ ਸੀਮਤ ਨਹੀਂ ਰੱਖੇ ਸਗੋਂ ਹੋਰਨਾਂ ਭਾਈਚਾਰਿਆਂ ਦੇ ਲੋਕਾਂ ਨਾਲ ਰਾਬਤਾ ਬਣਾ ਕੇ ਵੀ ਜਾਗਰੂਕਤਾ ਦਾ ਪਸਾਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਇਹਨਾਂ ਅਣਥੱਕ ਸੇਵਾਵਾਂ ਦੀ ਬਦੌਲਤ ਹੀ ਉਹਨਾਂ ਦੀ ਚੋਣ ਇਸ ਵੱਕਾਰੀ ਮੈਡਲ ਲਈ ਹੋਈ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਉਹਨਾਂ ਦੇ ਪਤੀ ਸ੍ਰ. ਸੁਰਜੀਤ ਸਿੰਘ ਚੌਧਰੀ ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦਆਰਾ ਸਿੰਘ ਸਭਾ ਗਲਾਸਗੋ ਦੇ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਚੌਧਰੀ ਪਰਿਵਾਰ ਦੀਆਂ ਪ੍ਰਾਪਤੀਆਂ ਵਿੱਚ ਬ੍ਰਿਟਿਸ਼ ਐਂਪਾਇਰ ਮੈਡਲ ਦਾ ਵਾਧਾ ਹੋਣ ‘ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਸ੍ਰੀਮਤੀ ਸਵਰਨ ਕੌਰ ਚੌਧਰੀ ਤੇ ਸ੍ਰ. ਸੁਰਜੀਤ ਸਿੰਘ ਚੌਧਰੀ ਵੱਲੋਂ ਜਿੱਥੇ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਦੋਇਮ ਦਾ ਧੰਨਵਾਦ ਕੀਤਾ ਗਿਆ, ਉੱਥੇ ਉਹਨਾਂ ਵਿਸਵਾਸ਼ ਦੁਆਇਆ ਕਿ ਉਹ ਆਖਰੀ ਸਾਹ ਤੱਕ ਸਮਾਜ ਸੇਵਾ ਕਾਰਜਾਂ ਨੂੰ ਪ੍ਰਣਾਏ ਰਹਿਣਗੇ।
Comments are closed, but trackbacks and pingbacks are open.