ਵਿਵਾਦਾਂ ਵਿੱਚ ਫਸੀ ਬਰਤਾਨਵੀ ਸਰਕਾਰ ਨੂੰ ਝਟਕਾ

ਰੇਲ ਕਰਮਚਾਰੀਆਂ ਨੇ ਹੜਤਾਲ ਕਰਕੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ

ਲੰਡਨ – ਬਰਤਾਨੀਆਂ ਵਿੱਚ ਸ਼ਨੀਵਾਰ ਨੂੰ ਹਜ਼ਾਰਾਂ ਟਰੇਨ ਚਾਲਕਾਂ ਦੇ ਹੜਤਾਲ ’ਤੇ ਚੱਲੇ ਜਾਣ ਕਾਰਨ ਕਰਮਚਾਰੀਆਂ, ਛੁੱਟੀਆਂ ਮਨਾ ਰਹੇ ਲੋਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਯਾਤਰਾ ਕਰਨ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਵਿੱਚ ਕਰੀਬ 5,5000 ਰੇਲ ਚਾਲਕਾਂ ਨੇ ਸੱਤ ਕੰਪਨੀਆਂ ਵਿਰੁੱਧ 24 ਘੰਟੇ ਦੀ ਹੜਤਾਲ ਕੀਤੀ। ਇਹ ਹੜਤਾਲ ਸ਼ਨੀਵਾਰ ਨੂੰ ਬ੍ਰਮਿੰਘਮ ’ਚ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਅਤੇ ਇੰਗਲਿਸ਼ ਫੁੱਟਬਾਲ ਸੀਜ਼ਨ ਦੇ ਪਹਿਲੇ ਦਿਨ ਹੋਈ।

ਇਸ ਤੋਂ ਪਹਿਲਾਂ, ਬਰਤਾਨੀਆ ਵਿੱਚ ਰੇਲਵੇ ਦੇ ਸਫਾਈ ਕਰਮਚਾਰੀਆਂ, ਸਿਗਨਲ ਵਰਕਰ, ਰੱਖ-ਰਖਾਅ ਅਤੇ ਸਟੇਸ਼ਨ ਕਰਮਚਾਰੀ ਤਨਖ਼ਾਹਾਂ, ਨੌਕਰੀ ਅਤੇ ਕੰਮਕਾਜ ਦੀਆਂ ਸਥਿਤੀਆਂ ਨੂੰ ਲੈ ਕੇ ਜੂਨ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਪੂਰੇ ਚਾਰ ਦਿਨ ਦੀ ਹੜਤਾਲ ਕਰ ਚੁੱਕੇ ਹਨ। ਕਰਮਚਾਰੀ ਯੂਨੀਅਨ 9 ਫੀਸਦੀ ਤੋਂ ਜ਼ਿਆਦਾ ਦੀ ਮਹਿੰਗਾਈ ਦੇ ਮੱਦੇਨਜ਼ਰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹ ਵਾਧੇ ਦੀ ਮੰਗ ਕਰ ਰਹੇ ਹਨ।

ਉਥੇ ਦੂਜੇ ਪਾਸੇ, ਰੇਲ ਕੰਪਨੀਆਂ ਮਹਾਂਮਾਰੀ ਦੇ ਚੱਲਦੇ ਦੋ ਸਾਲ ਬਾਅਦ ਲਾਗਤ ’ਚ ਕਮੀ ਲਿਆਉਣ ਅਤੇ ਛਾਂਟੀ ਕਰਨ ਦੀ ਕਵਾਇਦ ’ਚ ਜੁੱਟੀਆਂ ਹਨ। ਕਰਮਚਾਰੀ ਯੂਨੀਅਨ ਕੰਜ਼ਰਵੇਟਿਵ ਸਰਕਾਰ ’ਤੇ ਰੇਲ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਤਨਖ਼ਾਹ ਦੀ ਪੇਸ਼ਕਸ਼ ਕਰਨ ਤੋਂ ਰੋਕਣ ਦਾ ਦੋਸ਼ ਲੱਗਾ ਰਹੇ ਹਨ।

ਇਸ ਤੋਂ ਬਾਅਦ ਯੂਨੀਅਨ ਵਲੋਂ 18 ਅਗਸਤ ਅਤੇ 20 ਅਗਸਤ ਨੂੰ ਵੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ।

Comments are closed, but trackbacks and pingbacks are open.