ਕੋਰੋਨਾ ਪੀੜਤਾਂ ਦਾ ਅੰਕੜਾ 1 ਮਿਲੀਅਨ ਤੋਂ ਪਾਰ ਹੋਇਆ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਵਿਡ ਕੇਸਾਂ ਦੇ ਵਾਧੇ ਸਬੰਧੀ ਹੁਣ ਤੱਕ ਦੇ ਸਭ ਤੋਂ ਬੁਰੇ ਹਾਲਾਤ ਵੇਖਣ ਨੂੰ ਮਿਲ ਰਹੇ ਹਨ। ਸਿਹਤ ਸਕੱਤਰ ਹਮਜ਼ਾ ਯੂਸਫ ਨੇ ਤਾਜ਼ਾ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਆਉਣ ਵਾਲੇ 2 ਹਫਤਿਆਂ ਨੂੰ ਐੱਨ ਐੱਚ ਐੱਸ ਦੇ 73 ਸਾਲਾਂ ਇਤਿਹਾਸ ਦਾ ਸਭ ਤੋਂ ਵਧੇਰੇ ਮੁਸ਼ਕਿਲ ਸਮਾਂ ਦੱਸਿਆ ਹੈ।
ਜਿਕਰਯੋਗ ਹੈ ਕਿ ਬੀਤੇ ਦਿਨਾਂ ਵਿੱਚ 11360 ਨਵੇਂ ਪਾਜੇਟਿਵ ਕੋਵਿਡ ਕੇਸ ਆਉਣ ਕਾਰਨ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਕੁੱਲ ਕੇਸ 1 ਮਿਲੀਅਨ ਤੋਂ ਟੱਪ ਗਏ ਹਨ। ਨਵੇਂ ਅੰਕੜਿਆਂ ਦੇ ਸ਼ਾਮਲ ਹੋਣ ਨਾਲ ਹੁਣ ਤੱਕ ਦੇ ਪੀੜਤਾਂ ਦੀ ਗਿਣਤੀ 1 ਮਿਲੀਅਨ 10 ਹਜ਼ਾਰ 660 ਹੋ ਗਈ ਹੈ। ਪਿਛਲੇ ਹਫਤੇ 20 ਵਿਅਕਤੀਆਂ ਵਿੱਚੋਂ 1 ਪਾਜੇਟਿਵ ਸੀ, ਉਸਤੋਂ ਪਿਛਲੇ ਹਫਤੇ ਇਹ ਅੰਕੜਾ 40 ਪਿੱਛੇ 1 ਸੀ।
ਹਮਜ਼ਾ ਯੂਸਫ ਦਾ ਕਹਿਣਾ ਹੈ ਕਿ ਐੱਨ ਐੱਚ ਐੱਸ ਇਸ ਸਮੇਂ ਸਟਾਫ ਦੀ ਗੈਰਹਾਜ਼ਰੀ ਦਾ ਸੰਤਾਪ ਵੀ ਝੱਲ ਰਿਹਾ ਹੈ। ਇਸ ਸਮੇਂ 1200 ਤੋਂ ਵਧੇਰੇ ਲੋਕ ਹਸਪਤਾਲਾਂ ਵਿੱਚ ਦਾਖਲ ਹਨ। ਕੋਵਿਡ ਕਰਕੇ ਗੈਰਹਾਜ਼ਰ ਸਟਾਫ ਸਬੰਧੀ 4 ਜਨਵਰੀ ਤੱਕ ਦੇ ਅੰਕੜੇ ਦੱਸਦੇ ਹਨ ਕਿ 5482 ਕਰਮਚਾਰੀ ਗੈਰਹਾਜ਼ਰ ਹਨ ਜੋ ਕਿ ਜੂਨ 2020 ਤੋਂ ਬਾਅਦ ਹੁਣ ਤੱਕ ਦਾ ਵੱਡਾ ਅੰਕੜਾ ਹੈ।
ਸਟਾਫ ਦੀ ਕਮੀ ਨਾਲ ਨਜਿੱਠਣ ਲਈ ਫਸਟ ਮਨਿਸਟਰ ਨਿਕੋਲਾ ਸਟਰਜਨ ਵੱਲੋਂ ਨਵੇਂ ਐਲਾਨ ਵੀ ਕੀਤੇ ਗਏ ਸਨ। ਜਿਸ ਤਹਿਤ ਸਕਾਟਲੈਂਡ ਵਿੱਚ ਪਾਜੇਟਿਵ ਆਏ ਲੋਕ ਹੁਣ 7 ਦਿਨਾਂ ਦੇ ਇਕਾਂਤਵਾਸ ਤੋਂ ਬਾਹਰ ਆ ਸਕਦੇ ਹਨ ਪਰ ਉਸ ਲਈ ਇੱਕ ਸ਼ਰਤ ਇਹ ਵੀ ਹੈ ਕਿ ਉਹਨਾਂ ਵੱਲੋਂ ਦੋ ਨੈਗੇਟਿਵ ਲੈਟਰਲ ਫਲੋਅ ਟੈਸਟ ਹੋਣੇ ਚਾਹੀਦੇ ਹਨ।
Comments are closed, but trackbacks and pingbacks are open.