ਯੂਕੇ: ਭਾਰਤੀ ਮੂਲ ਦੀ 6 ਸਾਲਾਂ ਬੱਚੀ ਨੇ ਜਿੱਤਿਆ ‘ਪੁਆਇੰਟ ਆਫ ਲਾਈਟ’ ਐਵਾਰਡ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –

ਯੂਕੇ ਵਿੱਚ ਭਾਰਤੀ ਮੂਲ ਦੀ 6 ਸਾਲਾਂ ਬੱਚੀ ਨੇ ਆਪਣੀ ਵਾਤਾਵਰਨ ਸੁਰੱਖਿਆ ਸਬੰਧੀ ਕੋਸ਼ਿਸ਼ ਸਦਕਾ ਇੱਕ ਵਿਸ਼ੇਸ਼ ਮੁਕਾਮ ਹਾਸਲ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਅਲੀਸ਼ਾ ਗਾਧੀਆ ਨਾਂ ਦੀ ਭਾਰਤੀ ਮੂਲ ਦੀ ਲੜਕੀ ਨੇ ਜੰਗਲਾਂ ਦੀ ਕਟਾਈ ਅਤੇ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਆਪਣੀਆਂ ਮੁਹਿੰਮਾਂ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦਾ ‘ਪੁਆਇੰਟ ਆਫ ਲਾਈਟ’ ਅਵਾਰਡ ਜਿੱਤਿਆ ਹੈ। ਅਲੀਸ਼ਾ ਨੇ ਹੁਣ ਤੱਕ ਯੂਕੇ ਦੀ ਇੱਕ ਸੰਸਥਾ ‘ਕੂਲ ਅਰਥ’ ਲਈ 3,000 ਪੌਂਡ ਤੋਂ ਵੱਧ ਇਕੱਠੇ ਕੀਤੇ ਹਨ, ਜੋ ਕਿ ਪ੍ਰਮੁੱਖ ਤੌਰ ‘ਤੇ ਜੰਗਲਾਂ ਦੀ ਕਟਾਈ ਨੂੰ ਰੋਕਣ ਲਈ ਕੰਮ ਕਰਦੀ ਹੈ। ਆਪਣੀ ਇਸ ਪ੍ਰਾਪਤੀ ‘ਤੇ ਅਲੀਸ਼ਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦਾ ਉਸ ਨੂੰ ਐਵਾਰਡ ਦੇਣ ਅਤੇ ਪੱਤਰ ਲਿਖਣ ਲਈ ਧੰਨਵਾਦ ਕਰਦੀ ਹੈ। ਇੰਗਲੈਂਡ ਦੇ ਨਾਟਿੰਘਮਸ਼ਾਇਰ ਦੇ ਵੈਸਟ ਬ੍ਰਿਜਫੋਰਡ ਦੀ ਰਹਿਣ ਵਾਲੀ ਬੱਚੀ ਨੇ ਆਪਣੇ ਸਕੂਲ ਵਿੱਚ ਵੀ ਜਲਵਾਯੂ ਪਰਿਵਰਤਨ ਕਲੱਬ ਸਥਾਪਿਤ ਕੀਤਾ ਹੈ। ਇਸ ਬੱਚੀ ਦਾ ਪੁਰਸਕਾਰ ਗ੍ਰੇਟ ਬ੍ਰਿਟੇਨ ਦੀਆਂ ਚੋਟੀ ਦੀਆਂ ਫਰਮਾਂ ਅਤੇ ਕਾਰੋਬਾਰਾਂ ਦੇ ਹੋਰ ਪ੍ਰਭਾਵਸ਼ਾਲੀ ਲੋਕਾਂ ਨੂੰ ਸੈਂਕੜੇ ਪੱਤਰ ਅਤੇ ਈਮੇਲ ਭੇਜਣ ਦੇ ਲਈ ਵੀ ਮਾਨਤਾ ਪ੍ਰਾਪਤ ਹੈ, ਜਿਸ ਵਿੱਚ ਅਲੀਸ਼ਾ ਨੇ ਉਨ੍ਹਾਂ ਨੂੰ ਜਲਵਾਯੂ ਸੰਬੰਧੀ ਕਾਰਵਾਈ ਕਰਨ ਲਈ ਉਤਸ਼ਾਹਤ ਕੀਤਾ ਸੀ। ਇਹ ਐਵਾਰਡ ਜਿੱਤਣ ‘ਤੇ ਅਲੀਸ਼ਾ ਦੇ ਮਾਪਿਆਂ ਕਿਰਨ ਅਤੇ ਪੂਜਾ ਨੇ ਵੀ ਖੁਸ਼ੀ ਪ੍ਰਗਟ ਕੀਤੀ ਹੈ। ਇਸ ਤੋਂ ਪਹਿਲਾਂ ਵੀ ਅਲੀਸ਼ਾ ਇਸ ਸਾਲ ਦੇ ਸ਼ੁਰੂ ਵਿੱਚ ‘ਕੂਲ ਅਰਥ’ ਲਈ ਪੈਸਾ ਇਕੱਠਾ ਕਰਨ ਲਈ ਆਪਣੇ ਸਕੂਟਰ ‘ਤੇ 80 ਕਿਲੋਮੀਟਰ ਦੀ ਸਵਾਰੀ ਕਰਨ ਲਈ ਵੀ ਸੁਰਖੀਆਂ ਵਿੱਚ ਆਈ ਸੀ। ਜਿਸ ਲਈ ਉਸਨੂੰ ਮਹਾਰਾਣੀ ਐਲਿਜ਼ਾਬੈਥ II ਅਤੇ ਵਾਤਾਵਰਣ ਵਿਗਿਆਨੀ ਸਰ ਡੇਵਿਡ ਐਟਨਬਰੋ ਦਾ ਸਮਰਥਨ ਪ੍ਰਾਪਤ ਹੋਇਆ ਸੀ। ਜਿਕਰਯੋਗ ਹੈ ਕਿ ਅਲੀਸ਼ਾ ਪ੍ਰਧਾਨ ਮੰਤਰੀ ਦਾ ਪੁਆਇੰਟ ਆਫ ਲਾਈਟ ਐਵਾਰਡ ਪ੍ਰਾਪਤ ਕਰਨ ਵਾਲੀ 1,755 ਵੀਂ ਵਿਅਕਤੀ ਬਣ ਗਈ ਹੈ ਜੋ ਕਿ 2014 ਵਿੱਚ ਭਾਈਚਾਰਿਆਂ, ਸਮਾਜ਼ ਵਿੱਚ ਤਬਦੀਲੀ ਲਿਆਉਣ ਵਾਲੇ ਲੋਕਾਂ ਦੇ ਸਨਮਾਨ ਲਈ ਸ਼ੁਰੂ ਕੀਤੇ ਗਏ ਸਨ।

Comments are closed, but trackbacks and pingbacks are open.