ਯੂਕੇ: ਪਲਿਮਥ ਦੇ ਸਮੁੰਦਰੀ ਤੱਟ ਤੋਂ ਜ਼ਬਤ ਕੀਤੀ 160 ਮਿਲੀਅਨ ਪੌਂਡ ਦੀ ਕੋਕੀਨ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਪੁਲਿਸ ਅਤੇ ਏਜੰਸੀਆਂ ਵੱਲੋਂ ਨਸ਼ਿਆਂ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਵਿੱਚ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵੀਰਵਾਰ ਨੂੰ ਪਲਿਮਥ ਦੇ ਸਮੁੰਦਰੀ ਤੱਟ ‘ਤੇ ਇੱਕ ਵੱਡੀ ਕਿਸ਼ਤੀ ਵਿੱਚੋਂ ਅਧਿਕਾਰੀਆਂ ਵੱਲੋਂ ਕੋਕੀਨ ਦਾ ਜਖੀਰਾ ਜ਼ਬਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪਲਿਮਥ ਨੇੜੇ ਇੱਕ ਕਿਸ਼ਤੀ ਉੱਤੇ ਦੋ ਟਨ ਤੋਂ ਵੱਧ ਅੰਦਾਜ਼ਨ 160 ਮਿਲੀਅਨ ਪੌਂਡ ਮੁੱਲ ਦੀ ਕੋਕੀਨ ਜ਼ਬਤ ਕੀਤੇ ਜਾਣ ਤੋਂ ਬਾਅਦ ਛੇ ਵਿਅਕਤੀਆਂ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਗਾਏ ਗਏ ਹਨ।

ਇਹਨਾਂ ਵਿੱਚ ਇੱਕ ਬ੍ਰਿਟਿਸ਼ ਅਤੇ ਪੰਜ ਨਿਕਾਰਾਗੁਆਨ ਨਾਗਰਿਕ ਹਨ, ਜਿਹਨਾਂ ਨੂੰ 13 ਸਤੰਬਰ ਨੂੰ ਪਲਿਮਥ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬ੍ਰਿਟਿਸ਼ ਵਿਅਕਤੀ ਦੀ ਪਛਾਣ 32 ਸਾਲਾਂ ਐਂਡਰਿਊ ਕੋਲ ਵਜੋਂ ਹੋਈ ਹੈ, ਜੋ ਕਿ ਸਟਾਕਟਨ ਆਨਟੀਜ਼, ਕਾਉਂਟੀ ਡਰਹਮ ਦਾ ਰਹਿਣ ਵਾਲਾ ਹੈ। ਜਦਕਿ ਨਿਕਾਰਾਗੁਆਨ ਦੇ ਪੰਜ ਆਦਮੀਆਂ ਦੇ ਨਾਂ ਬਿਲੀ ਡਾਨਜ਼ (49), ਡੈਨਸਨ ਵਾਈਟ ਮੋਰਾਲੇਸ (34), ਐਡਵਿਨ ਟੇਲਰ ਮੌਰਗਨ (40), ਬ੍ਰਾਇਨੀ ਸਜੋਗ੍ਰੀਨ (38) ਅਤੇ ਰਿਆਨ ਟੇਲਰ (42) ਹਨ। ਇਹਨਾਂ ਵਿਅਕਤੀਆਂ ਦੀ ਕਿਸ਼ਤੀ ਨੂੰ ਵੀਰਵਾਰ ਨੂੰ ਤੱਟ ‘ਤੇ ਰੋਕਿਆ ਗਿਆ ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਨੈਸ਼ਨਲ ਕਰਾਈਮ ਏਜੰਸੀ (ਐੱਨ ਸੀ ਏ) ਦੇ ਨਾਲ ਨਾਲ ਬਾਰਡਰ ਫੋਰਸ ਅਤੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਕੀਤੀ।

Comments are closed, but trackbacks and pingbacks are open.