Edition No: 2734
ਇਕ ਕਰੋੜ ਦੀ ਫ਼ਰੌਤੀ ਮੰਗੀ

ਪੀੜਤ ਅਨੀਤਾ ਕੌਰ (65), ਜੋ ਕਿ ਪਿਛਲੇ 40 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੈ ਅਤੇ ਉੱਥੋਂ ਬਤੌਰ ਅਧਿਆਪਕ ਰਿਟਾਇਰ ਹੋਈ ਹੈ, ਕੁਝ ਸਮਾਂ ਪਹਿਲਾਂ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਆਈ ਸੀ। ਅਨੀਤਾ ਕੌਰ ਨੇ ਦੱਸਿਆ ਕਿ ਉਸ ਦੀ ਪੁਰਾਣੀ ਜਾਣਕਾਰ ਰੁਪਿੰਦਰ ਕੌਰ ਸੰਧੂ ਨੇ ਉਸ ਨੂੰ ਫੋਨ ਕਰਕੇ ਡਰੀਮ ਸਿਟੀ ਸਥਿਤ ਆਪਣੇ ਮਕਾਨ ਨੰਬਰ 453 ਵਿੱਚ ਬੁਲਾਇਆ। ਜਦੋਂ ਅਨੀਤਾ ਉੱਥੇ ਪਹੁੰਚੀ ਤਾਂ ਰੁਪਿੰਦਰ ਕੌਰ ਅਤੇ ਉਸ ਦੇ ਨਾਲ ਮੌਜੂਦ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਬੰਦੀ ਬਣਾ ਲਿਆ।

ਅਨੀਤਾ ਕੌਰ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਮੁਲਜ਼ਮਾਂ ਨੇ ਉਸ ਦਾ ਬੈਗ ਖੋਹ ਲਿਆ ਅਤੇ ਉਸ ਦੇ ਸਿਰ ਵਿੱਚ ਭਾਰੀ ਚੀਜ਼ਾਂ ਨਾਲ ਵਾਰ ਕੀਤੇ। ਉਸ ਨੇ ਦੱਸਿਆ ਕਿ ਉਹ ਸ਼ੂਗਰ (ਡਾਇਬੀਟਿਕ) ਦੀ ਮਰੀਜ਼ ਹੈ, ਪਰ ਉਸ ਦੇ ਵਾਰ-ਵਾਰ ਮਿੰਨਤਾਂ ਕਰਨ ਦੇ ਬਾਵਜੂਦ ਮੁਲਜ਼ਮਾਂ ਨੇ ਉਸ ਨੂੰ ਪਾਣੀ ਤੱਕ ਨਹੀਂ ਦਿੱਤਾ ਅਤੇ ਕਿਹਾ ਕਿ “ਜੇ ਮਰਦੀ ਹੈ ਤਾਂ ਮਰ ਜਾ।” ਮੁਲਜ਼ਮਾਂ ਨੇ ਉਸ ਦਾ ਮੂੰਹ ਬੰਨ੍ਹ ਕੇ ਬੁਰੀ ਤਰ੍ਹਾਂ ਚਪੇੜਾਂ ਮਾਰੀਆਂ, ਜਿਸ ਕਾਰਨ ਉਸ ਦੀ ਅੱਖ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।