ਯੂਕੇ: ਗੀਤਿਕਾ ਗੋਇਲ ਦੇ ਕਤਲ ਦੇ ਦੋਸ਼ ‘ਚ ਪਤੀ ਕਸ਼ਿਸ਼ ਅਗਰਵਾਲ ਨੂੰ ਹੋ ਸਕਦੀ ਹੈ ਉਮਰ ਕੈਦ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –

ਯੂਕੇ ਦੇ ਲੈਸਟਰ ‘ਚ ਵਿਨਟਰਸਡੇਲ ਰੋਡ, ਥਰਨਕੋਰਟ ਨਾਲ ਸਬੰਧਿਤ ਭਾਰਤੀ ਮੂਲ ਦਾ ਵਿਅਕਤੀ ਕਸ਼ਿਸ਼ ਅਗਰਵਾਲ ਆਪਣੀ 29 ਸਾਲਾਂ ਪਤਨੀ ਗੀਤਿਕਾ ਗੋਇਲ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜਾ ਦਾ ਸਾਹਮਣਾ ਕਰ ਰਿਹਾ ਹੈ। 28 ਸਾਲਾਂ ਕਸ਼ਿਸ਼ ਅਗਰਵਾਲ ਨੂੰ ਸ਼ੁੱਕਰਵਾਰ ਨੂੰ ਲੈਸਟਰ ਕ੍ਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਇਸ ਸਾਲ ਮਾਰਚ ਵਿੱਚ ਇੱਕ ਘਟਨਾ ਦੇ ਬਾਅਦ ਆਪਣੀ ਪਤਨੀ ਗੀਤਿਕਾ ਗੋਇਲ (29) ਦੇ ਕਤਲ ਦੀ ਗੱਲ ਕਬੂਲ ਕੀਤੀ। ਜਿਸ ਉਪਰੰਤ ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਸ ਦੋਸ਼ ਲਈ ਸੋਮਵਾਰ  ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਗੀਤਿਕਾ ਗੋਇਲ ਦੇ ਭਰਾ ਨੇ 3 ਮਾਰਚ ਨੂੰ ਰਾਤ 9 ਵਜੇ ਤੋਂ ਪਹਿਲਾਂ ਪੁਲਿਸ ਨੂੰ ਆਪਣੀ ਭੈਣ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ ਅਤੇ ਪੁਲਿਸ ਨੇ ਘਰ ਪਹੁੰਚ ਕੇ ਪੁੱਛਗਿੱਛ ਸ਼ੁਰੂ ਕੀਤੀ ਸੀ। ਇਸਦੀ ਅਗਲੀ ਸਵੇਰ ਤਕਰੀਬਨ 2.25 ਵਜੇ, ਪੁਲਿਸ ਨੂੰ ਅਪਿੰਗਮ ਕਲੋਜ਼ ਦੇ ਫੁੱਟਪਾਥ ਉੱਤੇ ਇੱਕ ਔਰਤ ਦੀ ਲਾਸ਼ ਹੋਣ ਬਾਰੇ ਸੂਚਨਾ ਮਿਲੀ। ਕਰਵਾਈ ਕਰਨ ‘ਤੇ ਪੁਲਿਸ ਨੂੰ ਗੀਤਿਕਾ ਗੋਇਲ ਗਰਦਨ, ਮੋਢੇ, ਛਾਤੀ ਅਤੇ ਬਾਂਹ ‘ਤੇ ਚਾਕੂ ਦੇ ਕਈ ਜ਼ਖਮਾਂ ਸਮੇਤ ਮਿਲੀ, ਜਿਸਨੂੰ ਈਸਟ ਮਿਡਲੈਂਡਜ਼ ਐਂਬੂਲੈਂਸ ਸੇਵਾ ਨੇ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦੇ ਦਿੱਤਾ। ਪੁਲਿਸ ਨੇ ਇਸ ਕਤਲ ਦੀ ਜਾਂਚ ਅਰੰਭ ਕੀਤੀ ਅਤੇ ਅਗਰਵਾਲ ਨੂੰ ਸ਼ੁਰੂ ਵਿੱਚ ਇੱਕ ਮਹੱਤਵਪੂਰਣ ਗਵਾਹ ਮੰਨਿਆ ਗਿਆ ਪਰ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸਨੂੰ ਕਤਲ ਦੇ ਸ਼ੱਕ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਅਗਰਵਾਲ ‘ਤੇ ਸ਼ਨੀਵਾਰ 6 ਮਾਰਚ ਨੂੰ ਸ਼੍ਰੀਮਤੀ ਗੋਇਲ ਦੇ ਕਤਲ ਦਾ ਦੋਸ਼ ਲਗਾਇਆ ਗਿਆ ਅਤੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮਾਮਲੇ ਦੀ ਸ਼ੁੱਕਰਵਾਰ ਨੂੰ ਪੇਸ਼ੀ ਦੌਰਾਨ ਉਸਨੇ ਕਤਲ ਦੀ ਗੱਲ ਕਬੂਲੀ ਅਤੇ ਕਤਲ ਸਮੇਂ ਵਰਤਿਆ ਹਥਿਆਰ (ਚਾਕੂ) ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸਜ਼ਾ ਸੁਣਵਾਈ ਦੀ ਪੇਸ਼ੀ ‘ਤੇ ਜੱਜ ਨੇ ਉਮਰ ਕੈਦ ਦੀ ਸਜ਼ਾ ਦਾ ਸੰਕੇਤ ਦਿੱਤਾ ਹੈ।

Comments are closed, but trackbacks and pingbacks are open.