ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਹਾਰਾਣੀ ਐਲਿਜਾਬੈਥ ਦੇ ਸਾਸ਼ਨ ਕਾਲ ਦੀ 70ਵੀਂ ਵਰੇ੍ਹਗੰਢ ਅਤੇ ਜਨਮਦਿਨ ਮੌਕੇ ਵੱਖ ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ 1134 ਪ੍ਰਮੁੱਖ ਸਖਸ਼ੀਅਤਾਂ ਨੂੰ ਸ਼ਾਹੀ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚ 584 ਔਰਤਾਂ ਹਨ ਅਤੇ 6.8 ਫੀਸਦੀ ਏਸ਼ੀਅਨ ਭਾਈਚਾਰਿਆਂ ਨਾਲ ਸਬੰਧਿਤ ਹਨ। ਸ਼ਾਹੀ ਮਹੱਲਾਂ ਅਤੇ ਬਰਤਾਨਵੀ ਸਰਕਾਰ ਵਲੋਂ ਜਾਰੀ ਸੂਚੀ ‘ਚ ਭਾਰਤੀ ਲੇਖਕ ਸਲਮਾਨ ਰਸ਼ਦੀ ਨੂੰ ਸਾਹਿਤਕ ਖੇਤਰ ‘ਚ ਪਾਏ ਯੋਗਦਾਨ ਲਈ ਸੀ.ਬੀ.ਈ. ਦੇ ਖਿਤਾਬ ਨਾਲ ਨਿਵਾਜਿਆ ਗਿਆ।
ਸਲਮਾਨ ਰਸ਼ਦੀ ਆਪਣੇ ਨਾਵਲਾਂ ਕਰਕੇ ਹਮੇਸ਼ਾਂ ਵਿਵਾਦਾਂ ਵਿਚ ਰਹੇ ਹਨ, ਮੁੰਬਈ ‘ਚ ਜਨਮੇ ਰਸ਼ਦੀ ਖਿਲਾਫ ਇਰਾਨੀ ਹੁਕਮਰਾਨ ਨੇ 30 ਸਾਲ ਪਹਿਲਾਂ ਫਤਵਾ ਵੀ ਜਾਰੀ ਕੀਤਾ ਸੀ। ਇਸ ਸੂਚੀ ਵਿਚ 40 ਦੇ ਕਰੀਬ ਭਾਰਤੀ ਮੂਲ ਦੇ ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਕਲਾ, ਸਾਇੰਸ, ਦਵਾਈਆਂ, ਸਿੱਖਿਆ ਜਾਂ ਹੋਰ ਖੇਤਰਾਂ ਵਿਚ ਯੋਗਦਾਨ ਪਾਇਆ ਹੈ।
ਪੰਜਾਬੀ ਮੂਲ ਦੇ ਭੰਗੜਾ ਕਲਾਕਾਰ ਗੁਰਵਿੰਦਰ ਸਿੰਘ ਸੰਧਰ ਨੂੰ ਕਲਾ ਅਤੇ ਭਾਈਚਾਰਕ ਸੇਵਾਵਾਂ ਲਈ ਐਮ.ਬੀ.ਈ. ਦੇ ਖਿਤਾਬ, ਸੰਦੀਪ ਕੌਰ ਮਾਹਲ ਨੂੰ ਸਾਹਿਤ, ਕਲਾ ਅਤੇ ਸੱਭਿਆਚਾਰਕ ਸੇਵਾਵਾਂ ਲਈ ਐਮ.ਬੀ.ਈ., ਬਰਜਿੰਦਰਪਾਲ ਕੌਰ ਲਾਲ ਨੂੰ ਐਮ.ਬੀ.ਈ., ਪਿ੍ੰਸੀਪਲ ਜਸਬੀਰ ਸਿੰਘ ਢੇਸੀ ਨੂੰ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਓ.ਬੀ.ਈ. ਅਤੇ ਦਲਜੀਤ ਸਿੰਘ ਨਾਗਰਾ ਨੂੰ ਸਾਹਿਤ ਲਈ ਐਮ.ਬੀ.ਈ., ਚੀਫ ਫਾਰਮਾਸਿਸਟ ਸੁਮੀਤ ਕੌਰ ਮਠਾੜੂ ਨੂੰ ਹਥਿਆਰਬੰਦ ਫੌਜਾਂ ਦੇ ਸਿਹਤ ਵਿਭਾਗ ਲਈ ਕੀਤੀਆਂ ਸੇਵਾਵਾਂ ਲਈ ਓ.ਬੀ.ਈ., ਅਮਿਤਾ ਵਿਰਕ ਨੂੰ ਆਰਥਿਕ ਸੇਵਾਵਾਂ ਲਈ ਐਮ.ਬੀ.ਈ., ਸ਼ੀਲਾ ਕੁਮਾਰੀ ਬਰਮਨ ਨੂੰ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਲਈ, ਕੌਂਸਲਰ ਪ੍ਰਨਾਵ ਭਨੋਟ ਨੂੰ ਭਾਈਚਾਰਕ ਸੇਵਾਵਾਂ ਲਈ ਐਮ.ਬੀ.ਈ., ਕੌਂਸਲਰ ਅਮੀਤ ਜੋਗੀਆ ਨੂੰ ਰਜਨੀਤੀ ਅਤੇ ਭਾਈਚਾਰਕ ਸੇਵਾਵਾਂ ਲਈ ਐਮ.ਬੀ.ਈ., ਡਾ: ਨਿਕੀਤਾ ਕੀਰਤ ਵੈਦ ਨੂੰ ਕੋਵਿਡ 19 ਲਈ ਵੈਕਸੀਨ ਖੋਜ਼ ਵਿਚ ਕੀਤੀਆਂ ਸੇਵਾਵਾਂ ਲਈ ਸ਼ਾਹੀ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ।
ਇਸ ਤੋਂ ਇਲਾਵਾ ਅਮਿਤਾ ਵਿਰਕ, ਅਮੀਤ ਜੋਗਿਆ, ਡਾ. ਨਿਕਿਤਾ ਕੀਰਤ ਵੈਦ, ਸੰਜੀਵਨੀ ਦੱਤਾ, ਰੋਹਿਤ ਨਾਇਕ, ਸ਼ੀਵਾਨੀ ਲਖਾਨੀ, ਰਾਮੇਸ਼ ਕਾਂਜ਼ੀ ਆਦਿ ਦੇ ਨਾਂਅ ਵੀ ਸ਼ਾਹੀ ਸਨਮਾਨਾਂ ਦੀ ਸੂਚੀ ਵਿਚ ਦਰਜ ਹਨ।
Comments are closed, but trackbacks and pingbacks are open.