ਸਿੱਖ ਸੁਸਾਇਟੀ ਦੇ ਕਾਰਜ ਦੀ ਭਾਰੀ ਸ਼ਲਾਘਾ
ਬ੍ਰਮਿੰਘਮ – ਇੱਥੋਂ ਦੀ ਯੂਨੀਵਰਸਿਟੀ ਦੇ ਸਿੱਖ ਵਿਦਿਆਰਥੀਆਂ ਨੇ ਇੱਕ ਮਹੱਤਵਪੂਰਨ ਸਿੱਖ ਪਰੰਪਰਾ ਦੇ ਤਹਿਤ 500 ਤੋਂ ਵੱਧ ਲੋਕਾਂ ਨੂੰ ਮੁਫ਼ਤ ਭੋਜਨ ਛਕਾਇਆ। ਬ੍ਰਮਿੰਘਮ ਸਿਟੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਅਤੇ ਇਸ ਦੀ ਸਿੱਖ ਸੋਸਾਇਟੀ ਨੇ ਮਿਲੇਨੀਅਨ ਪੁਆਇੰਟ ’ਤੇ ਐਟਰੀਅਮ ਵਿੱਚ ਕੈਂਪਸ ਵਿੱਚ ਇੱਕ ‘ਲੰਗਰ’ ਦਾ ਆਯੋਜਨ ਕੀਤਾ। ‘ਲੰਗਰ’ ਸਿੱਖ ਧਰਮ ਦੀ ਇੱਕ ਮਹੱਤਵਪੂਰਨ ਪ੍ਰੰਪਰਾ ਹੈ, ਇਸ ਵਿੱਚ ਸ਼ਾਮਿਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ। ਕੋਰੋਨਾ ਕਾਰਨ ਦੋ ਸਾਲ ਬਾਅਦ ਹੋਏ ਇਸ ਸਮਾਗਮ ਵਿੱਚ 500 ਤੋਂ ਵੱਧ ਵੱਖ-ਵੱਖ ਭਾਈਚਾਰੇ ਦੇ ਵਿਦਿਆਰਥੀਆਂ ਨੇ ਲੰਗਰ ਛਕਿਆ।
‘ਲੰਗਰ ਆਨ ਕੈਂਪਸ’ ਮਿੱਡਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖ ਵਿਦਿਆਰਥੀਆਂ ਦੁਆਰਾ ਆਯੋਜਿਤ ਕੀਤਾ ਜਾਣ ਵਾਲਾ ਇੱਕ ਸਮਾਗਮ ਹੈ, ਜਿੱਥੇ ਸਾਰੇ ਪਿਛੋਕੜ ਵਾਲੇ ਵਿਦਿਆਰਥੀ, ਸਟਾਫ਼ ਅਤੇ ਕਮਿਊਨਿਟੀ ਮੈਂਬਰ ਇਕੱਠੇ ਹੁੰਦੇ ਹਨ ਅਤੇ ਭੋਜਨ ਕਰਦੇ ਹਨ। ਲੰਗਰ ਦੇ ਦੌਰਾਨ ਸਾਰੇ ਵਿਦਿਆਰਥੀ ਪੰਗਤ ਵਿੱਚ ਇਕੱਠੇ ਬੈਠ ਕੇ ਭੋਜਨ ਕਰਦੇ ਹਨ, ਜੋ ਕਿ ਸਮਾਨਤਾ ਨੂੰ ਦਰਸਾਉਦਾ ਹੈ।
ਇਸ ਦੌਰਾਨ ਸਿਰਫ਼ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਂਦਾ ਹੈ। ਇਹ ਪੰਜਵੀਂ ਵਾਰ ਸੀ ਜਦੋਂ ਬ੍ਰਮਿੰਘਮ ਸਿਟੀ ਯੂਨੀਵਰਸਿਟੀ ਵਿਖੇ ਵੱਡੇ ਪੱਧਰ ’ਤੇ ਲੰਗਰ ਲਗਾਇਆ ਗਿਆ ਸੀ।
Comments are closed, but trackbacks and pingbacks are open.