ਬਰਤਾਨੀਆ ਵਿੱਚ ਛੁੱਟੀਆਂ ’ਤੇ ਤਾਲਾਬੰਦੀ ਦਾ ਪ੍ਰਛਾਵਾਂ

ਵਿੱਤ ਮੰਤਰੀ ਨੇ ਆਰਥਿਕ ਪੈਕੇਜ ਦੇਣ ਦਾ ਐਲਾਨ ਕੀਤਾ

ਲੰਡਨ – ਬਰਤਾਨੀਆ ਵਿੱਚ ਓਮੀਕਰੋਨ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਪ-ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਓਮੀਕਰੋਨ ਨਾਲ ਇਨਫੈਕਟਿਡ 104 ਲੋਕ ਹਸਪਤਾਲ ਵਿੱਚ ਭਰਤੀ ਹਨ। ਦੇਸ਼ ਵਿੱਚ ਓਮੀਕਰੋਨ ਦੇ ਪੀੜਤਾਂ ਦੀ ਕੁਲ ਗਿਣਤੀ 25000 ਤੋਂ ਪਾਰ ਪਹੁੰਚ ਗਈ ਹੈ। ਇਕ ਦਿਨ ਪਹਿਲਾਂ ਬਿ੍ਰਟੇਨ ਵਿੱਚ ਇਕ ਦਿਨ ਵਿੱਚ ਓਮੀਕਰੋਨ ਦੇ 10,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਇਸ ਦਰਮਿਆਨ ਇਨਫੈਕਸ਼ਨ ਦੇ ਮਾਮਲਿਆਂ ਤੋਂ ਡਰੀ ਬੋਰਿਸ ਜਾਨਸਨ ਸਰਕਾਰ ਦੇਸ਼ ਵਿੱਚ ਲਾਕਡਾੳੂਨ ਲਗਾਉਣ ’ਤੇ ਸਲਾਹ ਕਰ ਰਹੀ ਹੈ। ਸਰਕਾਰ ਨੂੰ ਡਰ ਹੈ ਕਿ ਛੁੱਟੀਆਂ ਦੌਰਾਨ ਜੇਕਰ ਪਾਬੰਦੀ ਨਹੀਂ ਲਗਾਈ ਗਈ ਤਾਂ ਦੇਸ਼ ਵਿੱਚ ਹਾਲਾਤ ਬੇਕਾਬੂ ਹੋ ਸਕਦੇ ਹਨ।
ਬਰਤਾਨੀਆ ਵਿੱਚ ਓਮੀਕਰੋਨ ਤੋਂ ਇਨਫੈਕਟਿਡਾਂ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਰਮਨੀ ਨੇ ਬਰਤਾਨੀਆ ਤੋਂ ਆਉਣ ਵਾਲੀਆ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਓਮੀਕਰੋਨ ਦੀ ਰੋਕਥਾਮ ਲਈ ਬਰਤਾਨੀਆ ਤੋਂ ਆਉਣ ਵਾਲੇ ਸਾਰੇ ਲੋਕਾਂ ਦੇ ਪ੍ਰਵੇਸ਼ ’ਤੇ ਜਰਮਨੀ ਨੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਪਿਛਲੇ ਕੁਝ ਦਿਨਾਂ ਵਿੱਚ ਬਰਤਾਨੀਆ ਦੀ ਯਾਤਰਾ ਤੋਂ ਪਰਤੇ ਸਾਰੇ ਲੋਕਾਂ ਨੂੰ ਇਕਾਂਤਵਾਸ ਵਿੱਚ ਰਹਿਣਾ ਲਾਜ਼ਮੀ ਕਰ ਦਿੱਤਾ ਹੈ। ਬਰਤਾਨੀਆ ਤੋਂ ਪਰਤੇ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ’ਤੇ ਵੀ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ।
ਵਿੱਤ ਮੰਤਰੀ ਨੇ ਓਮੀਕਰੋਨ ਦੀ ਦਹਿਸ਼ਤ ਹੇਠ ਕਾਰੋਬਾਰਾਂ ਨੂੰ ਇਕ ਬਿਲੀਅਨ ਪੌਂਡ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਰਿਸ਼ੀ ਸੂਨਕ ਨੇ ਪੱਬਾਂ ਅਤੇ ਰੈਸਟੋਰੈਂਟਾਂ ਨੂੰ ਪ੍ਰਤੀ ਕਾਰੋਬਾਰ 6000 ਪੌਂਡ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਓਮੀਕਰੋਨ ਦੀ ਦਹਿਸ਼ਤ ਕਾਰਨ ਛੁੱਟੀਆਂ ਦੌਰਾਨ ਰੈਸਟੋਰੈਂਟਾਂ, ਹੋਟਲਾਂ ਅਤੇ ਪੱਬਾਂ ਦੀ ਬੁਕਿੰਗ ਰੱਦ ਹੋ ਰਹੀ ਹੈ। ਜਿਸ ਦੇ ਇਵਜ਼ ਵਜੋਂ ਕਾਰੋਬਾਰਾਂ ਨੂੰ ਆਰਥਿੱਕ ਸਹਾਇਤਾ ਦਿੱਤੀ ਜਾਵੇਗੀ।

Comments are closed, but trackbacks and pingbacks are open.