ਬਰਤਾਨਵੀ ਸਰਕਾਰ ਨੇ ਸਕੂਲਾਂ ਵਿੱਚ ਮਾਸਕ ਪਾਉਣਾ ਲਾਜ਼ਮੀ ਕੀਤਾ

ਲੰਡਨ – ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰਾਨ ਦੇ ਕਹਿਰ ਨੂੰ ਦੇਖਦਿਆਂ ਬਰਤਾਨਵੀ ਸਰਕਾਰ ਨੇ ਸੈਕੰਡਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਮਾਸਕ ਲਾਜ਼ਮੀ ਰੂਪ ਨਾਲ ਪਾਉਣ ਦੇ ਆਦੇਸ਼ ਦਿੱਤੇ ਹਨ। ਕ੍ਰਿਸਮਿਸ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀਆਂ ਨੂੰ ਵਾਪਸ ਸਕੂਲਾਂ ’ਚ ਪਰਤਣ ਨੂੰ ਧਿਆਨ ’ਚ ਰੱਖਦੇ ਹੋਏ ਅਸਥਾਈ ਰੂਪ ਨਾਲ ਕੁਝ ਨਿਯਮ ਲਾਗੂ ਕੀਤੇ ਗਏ ਹਨ। ਨਾਲ ਹੀ ਮੌਕੇ ’ਤੇ ਹੀ ਐਂਟੀਜਨ ਕੋਵਿਡ ਜਾਂਚ ਕਰਵਾਉਣ ਲਈ ਵੀ ਕਿਹਾ ਜਾ ਰਿਹਾ ਹੈ।

ਸਿੱਖਿਆ ਮੰਤਰੀ ਨਦੀਮ ਜਵਾਹੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਮੈਂ ਇਸ ਗੱਲ ਨੂੰ ਲੈ ਕੇ ਬਿਲਕੁਲ ਸਪੱਸ਼ਟ ਹੈ ਕਿ ਸਿੱਖਿਆ ਸਾਡੀ ਪਹਿਲੀ ਤਰਜ਼ੀਹ ਹੈ। ਇਨ੍ਹਾਂ ਉਪਾਅ ਨਾਲ ਸਕੂਲਾਂ ਨੂੰ ਸਾਡੀ ਸਹਾਇਤਾ ਮਿਲ ਸਕੇਗੀ ਕਿਉਕਿ ਅਸੀਂ ਲੋਕ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।

ਕਲਾਸਾਂ ਲਈ ਲਾਗੂ ਕੀਤੇ ਗਏ ਨਿਯਮ 26 ਜਨਵਰੀ ਤੱਕ ਲਾਗੂ ਰਹਿਣਗੇ, ਜਿਸ ਤੋਂ ਬਾਅਦ ਹਾਲਤ ਦੀ ਸਮੀਖਿਆ ਕੀਤੀ ਜਾਵੇਗੀ। ਹਾਲਾਂਕਿ, ਅਧਿਆਪਕਾਂ ਨੂੰ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ।

ਮੰਗਲਵਾਰ ਨੂੰ ਬਰਤਾਨੀਆ ਵਿੱਚ 218,724 ਨਵੇਂ ਕੇਸ ਰਿਕਾਰਡ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਮੰਗਲਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਮੌਕੇ ਦੇਸ਼ਵਾਸੀਆ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਸ ਹੈ ਕਿ ਅਸੀਂ ਤਾਲਾਬੰਦੀ ਤੋਂ ਵਗੈਰ ਓਮੀਕ੍ਰਾਨ ਨੂੰ ਮਾਤ ਦੇ ਸਕਦੇ ਹਾਂ ਪਰ ਕ੍ਰਿਸਮਿਸ ਤੋਂ ਪਹਿਲਾਂ ਲਾਗੂ ਕੀਤੀਆਂ ਪਾਬੰਦੀਆਂ ਅਜੇ ਹਟਾਈਆਂ ਨਹੀਂ ਜਾ ਸਕਦੀਆਂ।

Comments are closed, but trackbacks and pingbacks are open.