ਗੁਰਪੁਰਬ ਦੇ ਨਾਲ ਨਾਲ ਕਿਸਾਨ ਮੋਰਚੇ ਦੀ ਸੰਕੇਤਕ ਜਿੱਤ ਦੀਆਂ ਵਧਾਈਆਂ ਦਿੰਦੀਆਂ ਰਹੀਆਂ ਸੰਗਤਾਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਬੇਸ਼ੱਕ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਚੁਣਿਆ ਗਿਆ ਹੈ ਪਰ ਫਿਰ ਵੀ ਦੇਸ਼ ਵਿਦੇਸ਼ ‘ਚ ਵਸਦੇ ਲੋਕਾਂ ਵਿੱਚ ਇਸ ਗੱਲ ਦੀ ਚਿੰਤਾ ਵੀ ਹੈ ਕਿ ਕਿਧਰੇ ਇਹ ਐਲਾਨ ਵੀ 15 ਲੱਖ ਰੁਪਏ ਵਾਲੇ ਚੋਣ ਜੁਮਲੇ ਵਾਂਗ ਜੁਮਲਾ ਤਾਂ ਸਾਬਿਤ ਨਹੀਂ ਹੋਵੇਗਾ। ਜੇਕਰ ਸਰਕਾਰ ਇਸ ਵਾਅਦੇ ਤੋਂ ਥਿੜਕਦੀ ਐ ਕਿਸਾਨ-ਮਜ਼ਦੂਰ ਲੋਕਾਂ ਦਾ ਵੱਡਾ ਵਿਰੋਧ ਝੱਲਣਾ ਪੈ ਸਕਦਾ ਹੈ। ਫਿਲਹਾਲ ਪ੍ਰਧਾਨ ਮੰਤਰੀ ਦੇ ਇਸ ਐਲਾਨ ਕਾਰਨ ਦੇਸ਼ ਵਿਦੇਸ਼ ਵਿੱਚ ਗੁਰਪੁਰਬ ਮੌਕੇ ਵੱਖਰਾ ਹੀ ਆਲਮ ਵੇਖਣ ਨੂੰ ਮਿਲਿਆ। ਲੋਕ ਆਪਣੀਆਂ ਦੁਆਵਾਂ ਨੂੰ ਪੂਰਨ ਹੋਇਆ ਸਮਝ ਰਹੇ ਹਨ। ਆਪਣੇ ਦਸਵੰਧ ਨੂੰ ਲੇਖੇ ਲੱਗਿਆ ਸਮਝ ਰਹੇ ਹਨ। ਸਕਾਟਲੈਂਡ ਦੇ ਵੱਖ ਵੱਖ ਗੁਰੂਘਰਾਂ ਵਿੱਚ ਗੁਰਪੁਰਬ ਮੌਕੇ ਪਹਿਲਾ ਜਿੱਥੇ ਲੋਕ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਸਨ, ਇਸ ਵਾਰ ਗੁਰਪੁਰਬ ਦੇ ਨਾਲ-ਨਾਲ ਕਿਸਾਨ ਮੋਰਚੇ ਦੀ ਸੰਕੇਤਕ ਜਿੱਤ ਦੀਆਂ ਵਧਾਈਆਂ ਦਿੰਦੇ ਵੀ ਵੇਖੇ ਗਏ। ਪਹਿਲਾਂ ਜਿੱਥੇ ਗੁਰਪੁਰਬ ਮੌਕੇ ਚਾਰੇ ਪਾਸੇ ਸ਼ਾਂਤ ਮਾਹੌਲ ਪਸਰਿਆ ਨਜ਼ਰੀਂ ਪੈਂਦਾ ਸੀ, ਇਸ ਵਾਰ ਜੈਕਾਰਿਆਂ ਦੀ ਗੂੰਜ ਰਹੀ। ਸੈਂਟਰਲ ਗੁਰਦੁਆਰਾ ਸਾਹਿਬ ਗਲਾਸਗੋ ਵਿਖੇ ਇਕੱਤਰ ਹੋਈਆਂ ਸੰਗਤਾਂ ਨੇ ਜੈਕਾਰਿਆਂ ਦੀ ਛਾਂ ਹੇਠ ਕਿਸਾਨ ਮੋਰਚੇ ਦੀ ਸੰਕੇਤਕ ਜਿੱਤ ਅਤੇ ਗੁਰਪੁਰਬ ਦੀ ਵਧਾਈ ਸਮੁੱਚੇ ਵਿਸ਼ਵ ਨੂੰ ਭੇਂਟ ਕੀਤੀ।

Comments are closed, but trackbacks and pingbacks are open.