ਨੌਜਵਾਨਾ ਵਲੋਂ ਪੰਜਾਬ ਸਰਕਾਰ ਦੀ ਸੁਰੱਖਿਆ ਸਬੰਧੀ ਢਿੱਲ ’ਤੇ ਸਵਾਲ ਉਠਾਏ ਗਏ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਉੱਦਮੀ ਕਾਰੋਬਾਰੀ ਨੌਜਵਾਨਾਂ ਵੱਲੋਂ ਭਰ ਜਵਾਨੀ ਵਿੱਚ ਜਹਾਨੋਂ ਰੁਖ਼ਸਤ ਹੋ ਗਏ ਗਾਇਕ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਗੁਰੂ ਗ੍ਰੰਥ ਸਹਿਬ ਗੁਰਦੁਆਰਾ ਗਲਾਸਗੋ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ।
ਨੌਜਵਾਨ ਗੁਰਚੇਤ ਸਿੰਘ ਗੁਰੀ ਤੇ ਰੌਬਿਨ ਸਿੰਘ, ਹਰਜਿੰਦਰ ਸਿੰਘ, ਪ੍ਰਵੀਨ, ਨਿਤਿਨ ਠਾਕੁਰ, ਪ੍ਰਦੀਪ, ਜਸਪਾਲ ਸਿੰਘ ਸੋਨੂੰ, ਪੁਸ਼ਪਿੰਦਰ ਸਿੰਘ, ਸਿਮਰ, ਰਾਜੀਵ ਕੌਲੇ, ਜਸਵੰਤ ਸਿੰਘ, ਸੰਦੀਪ ਸਿੰਘ, ਅਜੇ ਦਿਓਲ, ਗੁਰੂ ਸਿੰਘ, ਸਨੀ ਢਿੱਲੋਂ, ਨਿਤਿਸ਼, ਅੰਕੁਸ਼, ਗੋਪੀ, ਕਰਮਜੀਤ ਸਿੰਘ, ਅਨਮੋਲ ਸਿੰਘ, ਜਸਰਾਏ ਸਿੰਘ ਆਦਿ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਸਕਾਟਲੈਂਡ ਭਰ ਵਿੱਚੋਂ ਸੰਗਤਾਂ ਨੇ ਹਾਜ਼ਰੀ ਭਰ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਗੁਰੂਘਰ ਦੇ ਵਜ਼ੀਰ ਭਾਈ ਅਮਰੀਕ ਸਿੰਘ, ਭਾਈ ਮਨਪ੍ਰੀਤ ਸਿੰਘ ਤੇ ਗਗਨਦੀਪ ਸਿੰਘ ਵੱਲੋਂ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਗੁਰਚੇਤ ਸਿੰਘ ਗੁਰੀ ਤੇ ਨਿਤਿਨ ਠਾਕੁਰ, ਚਰਨਦੀਪ ਸਿੰਘ ਨੇ ਜਿੱਥੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਧਲੀ ਭਰੇ ਬੋਲ ਸਾਂਝੇ ਕੀਤੇ ਉੱਥੇ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਵਿੱਚ ਲਗਾਤਾਰ ਚਲਦੀ ਆ ਰਹੀ ਢਿੱਲ ‘ਤੇ ਵੀ ਸਵਾਲ ਉਠਾਏ।
ਨੌਜਵਾਨ ਨੇ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਪੰਜਾਬੀ ਆਪਣੀ ਮਾਤਭੂਮੀ ‘ਤੇ ਵਸਦੇ ਪਰਿਵਾਰਾਂ ਨੂੰ ਵਾਪਸ ਮਿਲਣ ਜਾਣ ਲਈ ਵੀ ਸਹਿਮ ਦੇ ਮਾਹੌਲ ਵਿੱਚੋਂ ਗੁਜਰ ਰਹੇ ਹਨ।
ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਸੁਹਿਰਦ ਹੋ ਕੇ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੰਦੀ ਤਾਂ ਪੰਜਾਬ ਨੂੰ ਸਿਰਫ ਟੂਰਿਜ਼ਮ ਦੇ ਪੱਖ ਤੋਂ ਹੀ ਵੱਡਾ ਨੁਕਸਾਨ ਨਹੀਂ ਝੱਲਣਾ ਪਵੇਗਾ ਬਲਕਿ ਕੋਈ ਵੀ ਕਾਰੋਬਾਰੀ ਨਿਵੇਸ਼ ਕਰਨ ਲਈ ਵੀ ਅੱਗੇ ਨਹੀਂ ਆਵੇਗਾ। ਸਮਾਗਮ ਸਮਾਪਤੀ ਉਪਰੰਤ ਸਮੂਹ ਪ੍ਰਬੰਧਕ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਹੀ ਸਮੂਹਿਕ ਤੌਰ ‘ਤੇ ਥਾਪੀ ਮਾਰ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।
ਇਸ ਸਮੇਂ ਨੌਜਵਾਨਾਂ ਵੱਲੋਂ ਆਪਣੇ ਮਹਿਬੂਬ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਨਾਲ 5911 ਅਤੇ “ਲੀਜੈਂਡ ਨੈਵਰ ਡਾਈਜ਼” ਲਿਖੇ ਵਾਲੀਆਂ ਕਮੀਜ਼ਾਂ ਵੀ ਪਹਿਨੀਆਂ ਹੋਈਆਂ ਸਨ।
Comments are closed, but trackbacks and pingbacks are open.