ਇੰਗਲੈਂਡ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸ਼ਰਧਾ ਸਹਿਤ ਮਨਾਇਆ ਗਿਆ

ਗਲਾਸਗੋ ਅਤੇ ਸਾਊਥਾਲ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਸਮਾਗਮ ਹੋਏ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਨਵੀਂ ਪਿਰਤ ਦਾ ਮੁੱਢ ਬੰਨਦਿਆਂ ਸਕਾਟਲੈਂਡ ਦੀ ਧਰਤੀ ਦੇ ਹੁਣ ਤੱਕ ਦੇ ਨਿਰੋਲ ਪੰਜਾਬੀ ਮੀਡੀਆ ਸਾਧਨ ਪੰਜ ਦਰਿਆ ਵੱਲੋਂ ਪੀ ਟੀ ਸੀ ਪੰਜਾਬੀ ਦੇ ਵਿਸ਼ੇਸ਼ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟ੍ਰੀਟ ਦੇ ਰਾਮਗੜ੍ਹੀਆ ਹਾਲ ਵਿਖੇ ਹੋਏ ਇਸ ਕਵੀ ਦਰਬਾਰ ਦੀ ਸੁਰੂਆਤ ਗੁਰੂ ਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ ਨੇ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸਬੰਧੀ ਵਿਸਤਾਰ ਸਹਿਤ ਚਾਣਨਾ ਪਾਉਂਦਿਆਂ ਪ੍ਰਬੰਧਕਾਂ ਨੂੰ ਇਸ ਨਿਵੇਕਲੀ ਪਿਰਤ ਦਾ ਮੁੱਢ ਬੰਨਣ ਦੀ ਵਧਾਈ ਪੇਸ਼ ਕੀਤੀ। ਇਸ ਉਪਰੰਤ ਉੱਘੇ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਆਪਣੀਆਂ ਦੋ ਗਜ਼ਲਾਂ ਰਾਹੀਂ ਸਾਂਝ ਪਾਈ। ਵਿਅੰਗ ਲੇਖਕ ਤੇ ਗੀਤਕਾਰ ਅਮਰਜੀਤ ਮੀਨੀਆਂ ਨੇ ਕ੍ਰਾਂਤੀਕਾਰੀ ਸ਼ਾਇਰ ਸੰਤ ਰਾਮ ਉਦਾਸੀ ਦੀ ਧਾਰਮਿਕ ਰਚਨਾ ਰਾਹੀਂ ਹਾਜ਼ਰੀ ਭਰੀ । ਲੇਖਕ ਤੇ ਸ਼ਾਇਰ ਬਲਬੀਰ ਸਿੰਘ ਫਰਵਾਹਾ ਨੇ ਆਪਣੀ ਧਾਰਮਿਕ ਲਿਖਤ ਰਾਹੀਂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਪੇਸ਼ ਕੀਤੀ। ਉੱਘੇ ਕਾਰੋਬਾਰੀ ਤੇ ਸੁਰੀਲੇ ਫ਼ਨਕਾਰ ਤਰਸੇਮ ਕੁਮਾਰ ਨੇ ਧਾਰਮਿਕ ਸ਼ਬਦ ਨਾਲ ਹਾਜ਼ਰੀਨ ਕੋਲੋਂ ਵਾਹ ਵਾਹ ਖੱਟੀ। ਇਸ ਉਪਰੰਤ ਪ੍ਰਸਿੱਧ ਰੇਡੀਓ ਪੇਸ਼ਕਾਰ ਤੇ ਗਾਇਕ ਕਰਮਜੀਤ ਮੀਨੀਆਂ ਨੇ ਤੂੰਬੀ ਦੀ ਟੁਣਕਾਰ ‘ਤੇ ਦੋ ਧਾਰਮਿਕ ਗੀਤਾਂ ਨਾਲ ਭਗਤ ਰਵਿਦਾਸ ਮਹਾਰਾਜ ਦਾ ਗੁਣਗਾਨ ਕੀਤਾ। ਸਮਾਗਮ ਦੇ ਅਖੀਰ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਓਟੈਗੋ ਸਟਰੀਟ ਗਲਾਸਗੋ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ ਤੇ ਸਕੱਤਰ ਸਰਦਾਰਾ ਸਿੰਘ ਜੰਡੂ ਜੀ ਵੱਲੋਂ ਜਿੱਥੇ ਕਵੀ ਦਰਬਾਰ ਦੇ ਪ੍ਰਬੰਧਕ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਸ਼ਾਬਾਸ਼ ਦਿੱਤੀ, ਉੱਥੇ ਅੱਗੇ ਤੋਂ ਵੀ ਅਜਿਹੇ ਸਮਾਗਮਾਂ ਲਈ ਲੋੜੀਂਦਾ ਸਾਥ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਨਾਲ ਹੀ ਉਹਨਾਂ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਸਨਮਾਨ ਸਮਾਰੋਹ ਦੌਰਾਨ ਕਵੀ ਦਰਬਾਰ ਪ੍ਰਬੰਧਕਾਂ ਵੱਲੋਂ ਗੁਰੂ ਨਾਨਕ ਸਿੱਖ ਟੈਂਪਲ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਸਮੇਤ ਸਮੂਹ ਕਵੀਜਨਾਂ ਨੂੰ ਵੀ ਪ੍ਰਸੰਸਾ ਪੱਤਰ ਭੇਂਟ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਦੌਰਾਨ ਸਰਵ ਸ੍ਰੀ ਹੈਰੀ ਮੋਗਾ, ਅਵਤਾਰ ਸਿੰਘ ਹੁੰਝਣ, ਸੁਖਦੇਵ ਸਿੰਘ ਕੁੰਦੀ, ਮਨਜੀਤ ਸਿੰਘ ਗਿੱਲ, ਅਮਰ ਸਿੰਘ ਕੁੰਦੀ, ਪਿਸ਼ੌਰਾ ਸਿੰਘ ਬੱਲ, ਰਣਜੀਤ ਸਿੰਘ ਸੱਲ੍ਹ, ਨਿਰਮਲ ਸਿੰਘ ਬਮਰਾ, ਬਲਬੀਰ ਕੌਰ ਪਨੇਸਰ, ਭਾਈ ਤੇਜਵੰਤ ਸਿੰਘ, ਮਹਿੰਦਰ ਕੌਰ ਮਠਾੜੂ, ਬੀਬੀ ਕਮਲਾ ਦੇਵੀ, ਸਪਾਈਸ ਆਫ ਲਾਈਫ ਦੇ ਮਾਲਕ ਅਮਰਜੀਤ ਸਿੰਘ ਸਮਰਾ, ਰਵਿੰਦਰ ਸਿੰਘ ਰਵੀ ਸਹੋਤਾ, ਜਗਦੀਸ਼ ਸਿੰਘ, ਉੱਘੇ ਕਾਰੋਬਾਰੀ ਇਕਬਾਲ ਸਿੰਘ ਕਲੇਰ, ਗਾਇਕ ਸੋਢੀ ਬਾਗੜੀ, ਜਗਜੀਵਨ ਸਿੰਘ, ਸੁਖ ਮੀਨੀਆਂ, ਦਲਜੀਤ ਸਿੰਘ ਬਿੰਜੋਂ, ਸੁਖਦੇਵ ਰਾਹੀ, ਚਮਨਦੀਪ ਸਿੰਘ ਰਾਮਾ, ਮਹਿੰਦਰ ਸਿੰਘ ਮਦਾਰਪੁਰਾ, ਸ੍ਰੀਮਤੀ ਮਰਿਦੁਲਾ ਚਕਰਬਰਤੀ, ਅਮ੍ਰਿਤ ਕੌਰ ਸਰਾਓ, ਨਿਰਮਲ ਗਿੱਲ, ਨੀਲਮ ਖੁਰਮੀ, ਕਮਲ ਬਰਾੜ, ਪ੍ਰਭਜੋਤ ਕੌਰ, ਇਕਬਾਲ ਕੌਰ ਸਹੋਤਾ, ਅਮ੍ਰਿਤ ਕੌਰ ਚੀਤਾ, ਬਲਬੀਰ ਕੌਰ ਸਮਰਾ, ਕਮਲਾ ਦੇਵੀ ਸਰਾਂ, ਰੋਜੀ ਬਮਰਾ, ਸਰਬਜੀਤ ਕੌਰ, ਕੁਲਦੀਪ ਕੌਰ ਮੀਨੀਆਂ, ਨਵਜੋਤ ਗੋਸਲ, ਅਮ੍ਰਿਤਪਾਲ ਸਿੰਘ ਬਰਮੀ, ਹਰਮਨ ਮੀਨੀਆਂ, ਹਰਦਿਆਲ ਸਿੰਘ ਬਾਰ੍ਹੀ, ਬੌਬ ਚੱਢਾ ਐੱਮ ਬੀ ਈ, ਇਤਿਹਾਸ ਯੂਕੇ ਦੇ ਮੁੱਖ ਬੁਲਾਰੇ ਹਰਪਾਲ ਸਿੰਘ, ਕੰਵਲਦੀਪ ਸਿੰਘ, ਜਸਪਾਲ ਸਿੰਘ ਮਠਾੜੂ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਕਵੀ ਦਰਬਾਰ ਦੇ ਮੰਚ ਸੰਚਾਲਕ ਦੇ ਫਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।

ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਾਲ ਵਲੋਂ ਵੀ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿੱਚ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਸਾਊਥਾਲ ਈਲਿੰਗ, ਜੌਹਨ ਮੈਕਡੋਨਲਡ ਹਲਿੰਗਡਨ ਤੋਂ ਇਲਾਵਾ ਲੰਡਨ ਤੋਂ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਸ੍ਰੀ ਸੁਜੀਤ ਘੋਸ਼ ਅਤੇ ਸੀਨੀਅਰ ਅਫ਼ਸਰ ਸ੍ਰੀ ਆਰ ਕੇ ਦੁੱਗਲ ਵੀ ਸ਼ਾਮਿਲ ਹੋਏ ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸ੍ਰੀ ਆਤਮਾ ਰਾਮ ਢਾਂਡਾ, ਉੱਪ ਪ੍ਰਧਾਨ ਸ੍ਰੀ ਦਰਸ਼ਨ ਨਾਗੀ, ਟਰੱਸਟੀ ਸ੍ਰੀ ਚੰਨੀ ਲਾਲ ਚੁੰਬਰ ਜਨਰਲ ਸਕੱਤਰ ਸ਼ਿਵ ਕੁਮਾਰ ਰੱਤੂ ਨੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸਾਬਕਾ ਪ੍ਰਧਾਨ ਸ੍ਰੀ ਯੋਗਰਾਜ ਅਹੀਰ, ਕੁਲਵਿੰਦਰ ਪੌਲ, ਵਰਲਡ ਕੈਂਸਰ ਕੇਅਰ ਦੇ ਜਸਵੰਤ ਸਿੰਘ ਗਰੇਵਾਲ, ਗੁਰਪਾਲ ਗਿੱਲ, ਈਲਿੰਗ ਦੇ ਮੇਅਰ ਮੁਨੀਰ ਅਹਿਮਦ, ਡਿਪਟੀ ਮੇਅਰ ਬੀਬੀ ਮਹਿੰਦਰ ਮਿੱਢਾ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।

ਬ੍ਰਮਿੰਘਮ ਤੋਂ ਸ੍ਰੀ ਗੁਰੂ ਰਵਿਦਾਸ ਸਭਾ ਦੇ ਸਾਬਕਾ ਪ੍ਰਧਾਨ ਸ੍ਰੀ ਭਗਵਾਨ ਦਾਸ ਬੱਧਣ ਅਨੁਸਾਰ ਗੁਰੂਘਰ ਵਿਖੇ ਵਿਸ਼ੇਸ਼ ਸਮਾਗਮ ਅਯੋਜਿਤ ਕੀਤੇ ਗਏ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਆਪਣੀ ਸ਼ਰਧਾ ਦਾ ਦਿਖਾਵਾ ਕਰਦਿਆਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ।

Comments are closed, but trackbacks and pingbacks are open.