ਦੋਵੇਂ ਥੰਮ ਬਜੁਰਗ ਅਵਸਥਾ ਵਿਚ ਪਹੁੰਚ ਚੁੱਕੇ ਹਨ ਪਰ ਫਿਰ ਵੀ ਕਲਮ ਦੇ ਧਨੀ ਅਤੇ ਗੀਤ ਸ਼ੈਲੀ ਦੀ ਮੁਹਾਰਤ ਰੱਖਦੇ ਹਨ।
ਲੈਸਟਰ – ਗੁਰਦਵਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, 48 ਕੈਨਲਵਰਥ ਡਰਾਈਵ, ਓਡਬੀ, ਲੈਸਟਰਸ਼ਾਇਰ ਵਿਖੇ ਐਤਵਾਰ 26 ਫਰਵਰੀ 2023 ਨੂੰ ਹੋ ਰਹੇ ਇਸ ਸਾਲ ਦੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਮਾਗਮ ਤੇ ਬਰਤਾਨੀਆ ਵਿੱਚ ਗੀਤਕਾਰੀ ਦੀਆਂ ਨੀਹਾਂ ਰੱਖਣ ਵਾਲੇ ਦੋ ਥੰਮ ਹਰਬੰਸ ਸਿੰਘ ‘ਜੰਡੂ ਲਿਤਰਾਂਵਾਲੇ’ ਅਤੇ ਤਰਲੋਚਨ ਸਿੰਘ ‘ਚੰਨ ਜਿੰਡਆਲਵੀ’ ਨੂੰ ਸਨਮਾਨਿੱਤ ਕੀਤਾ ਜਾਵੇਗਾ।
ਹਰਬੰਸ ਸਿੰਘ ਜੀ ਦਾ ਜਨਮ ਜਿਲਾ ਜਲੰਧਰ ਦੇ ਪਿੰਡ ਲਿਤਰਾਂ ਵਿਖੇ ਹੋਇਆ ਅਤੇ ਉਨ੍ਹਾ ਨੇ ਗੀਤ ਲਿਖਣੇ 1968 ਵਿੱਚ ਅਰੰਭ ਕੀਤੇ ਜਦੋਂ ਉਹ ਦੇਸ ਪ੍ਰਦੇਸ ਅਖਬਾਰ ਰਾਹੀਂ ਰੱਖੇ ਮੁਕਾਬਲੇ ਵਿੱਚ 52 ਲਿਖਣ ਵਾਲਿਆਂ ਵਿਚੋਂ ਪਹਿਲੇ ਨੰਬਰ ਤੇ ਆਏ ਜਿਸ ਸਮੇ ਉਨਾ੍ਹ ਨੇ “ਨੱਚਦੀ ਦੀ ਫੋਟੋ ਖਿੱਚ ਮੁੰਡਿਆ” ਗੀਤ ਲਿਖਿਆ ਸੀ। ਜੰਡੂ ਲਿਤਰਾਂਵਾਲੇ ਦੇ ਲਿਖੇ ਗੀਤ ਤਰਰੀਬਨ ਹਰ ਇੱਕ ਗਾਇਕ ਨੇ ਗਾਏ ਹਨ।
“ਗਿਧਿਆਂ ਦੀ ਰਾਣੀਏ” {ਅਵਤਾਰ ਸਿੰਘ ਕੰਗ}, “ਚੰਨ ਮੇਰੇ ਮੱਖਣਾ {ਬਲਵਿੰਦਰ ਸਫਰੀ}, “ਸਰਦਾਰਾ” ਅਤੇ “ਸੂਰਮੇ” {ਜੈਜ਼ੀ ਬੀ} ਉਨ੍ਹਾ ਦੇ ਕੁੱਝ ਹੀ ਬਹੁੱਤ ਮਸ਼ਹੂਰ ਗੀਤ ਹਨ। ਜੰਡੂ ਲਿਤਰਾਂਵਾਲੇ ਜੀ ਨੇ “ਬੇਬੇ ਨਾਨਕੀ ਦਾ ਵੀਰ” {ਜੈਜ਼ੀ ਬੀ}, “ਅਮਰ ਖਾਲਸਾ” {ਪ੍ਰਦੇਸੀ}, “ਮਾਤਾ ਗੁਜਰੀ” { ਬਲਵਿੰਦਰ ਸਫਰੀ}, “ਚੋਜ ਖਾਲਸੇ ਦੇ” {ਸੁਖਸ਼ਿੰਦਰ ਸ਼ਿੰਦਾ} ਧਾਰਮਿੱਕ ਗੀਤ ਵੀ ਲਿਖੇ ਹਨ।
ਗੀਤਾਂ ਰਾਹੀਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਕੇ ਜੰਡੂ ਲਿਤਰਾਂਵਾਲੇ ਨੂੰ 2009 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਲੋਂ; ਹਾਊਸ ਔਫ ਕੌਮਨਜ ਵਿਖੇ 2006, 2007; ਗੋਲਡ ਮੈਡਲ ਅਵਾਰਡ, ਵੈਨਕੂਵਰ, ਕਨੇਡਾ; ਗੋਲਡ ਮੈਡਲ ਅਵਾਰਡ , ਦੇਵ ਥਰੀਕੇਵਾਲਾ ਅਪਰੀਰੇਸ਼ਨ ਟਰਸਟ, ਡਰਬੀ, ਯੂ.ਕੇ. ਵਲੋਂ ਸਨਮਾਨਿੱਤ ਕੀਤਾ ਗਿਆ ਸੀ। ਉਨ੍ਹਾ ਦੇ ਸ਼ਹਿਰ ਵੁਲਵਰਹੈਂਪਟੰਨ ਨੇ ਜੰਡੂ ਲਿਤਰਾਂਵਾਲੇ ਨੂੰ ਗੀਤਾਂ ਰਾਹੀਂ ਸ਼ਹਿਰ ਦਾ ਨਾਮ ਦੁਨੀਆ ਭਰ ਵਿੱਚ ਮਸ਼ਹੂਰ ਕਰਨ ਲਈ 2008 ਵਿੱਚ ਇਨਾਮ ਦਿੱਤਾ ਸੀ। ਜੰਡੂ ਜੀ ਨੂੰ ਸਦਾ ਬਹਾਰ ਪ੍ਰਸਿੱਧ ਗੀਤਕਾਰ ਦੇਵ ਥਰੀਕੇਵਾਲਾ ਦਾ ਇਨਾਮ ਦਿੱਤਾ ਜਾਵੇਗਾ।
ਜਦੋਂ ਦੇਵ ਥਰੀਕੇਵਾਲਾ ਲਾਲਟਨ ਪਿੰਡ ਦੇ ਹਾਈ ਸਕੂਲ ‘ਚ ਪੜ੍ਹਦੇ ਸਨ ਉਨ੍ਹਾ ਦੇ ਅਧਿਆਪਕ ਨੇ ਉਨ੍ਹਾ ਨੂੰ ਲਿਖਣ ਲਈ ਉਤਸ਼ਾਹਿੱਤ ਕੀਤਾ। ਕਿਉਂਕਿ ਉਸ ਵੇਲੇ ਉਹ ਆਪ ਬੱਚੇ ਸਨ ਉਨ੍ਹਾਂ ਦਾ ਲਿਖਿਆ ਗੀਤ “ਚੱਲ ਚੱਕ ਭੈਣੇ ਬਸਤਾ, ਸਕੂਲ ਚੱਲੀਏ” ਜੋ ਬਾਲ ਦਰਬਾਰ ਰਸਾਲੇ ਵਿੱਚ ਛਪਿਆ ਸੀ । ਸੰਨ 1960 ਵਿੱਚ ਦੇਵ ਹੋਰਾਂ ਨੂੰ ਪੰਜਾਬੀ ਅਧਿਆਪਕ ਦੀ ਨੌਕਰੀ ਮਿਲੀ ਅਤੇ ਅਗਲੇ ਸਾਲ ਉਨ੍ਹਾ ਦਾ ਪਹਿਲਾ ਗੀਤ ਰੀਕਾਰਡ ਕੀਤਾ ਗਿਆ।
ਇੰਦਰਜੀਤ ਹਸਨਪੁਰੀ ਦੇ ਗੀਤ “ਸਾਧੂ ਹੁੰਦੇ ਰੱਬ ਵਰਗੇ” ਅਤੇ “ਘੁੰਡ ਕੱਢ ਕੇ ਖੈਰ ਨਾ ਪਾਈਏ” ਤੋਂ ਦੇਵ ਜੀ ਨੂੰ ਬਹੁੱਤ ਪ੍ਰੇਰਨਾ ਮਿਲੀ। ਮਸ਼ਹੂਰ ਪੰਜਾਬੀ ਫਿਲਮ “ ਪੁੱਤ ਜੱਟਾਂ ਦੇ “ ਵਿੱਚ ਸੁਰਿੰਦਰ ਸ਼ਿੰਦਾ ਨੇ ਦੇਵ ਥਰੀਕੇਵਾਲੇ ਦਾ ਲਿਖਿਆ ਗੀਤ ਗਾਇਆ ਸੀ, “ਬਲਬੀਰੋ ਭਾਬੀ” ਫਿਲਮ ਵਿੱਚ ਇਨ੍ਹਾ ਦਾ ਗੀਤ ‘ਸੁਚਿਆ ਵੇ ਭਾਬੀ ਤੇਰੀ ‘ ਗੀਤ ਪੇਸ਼ ਕੀਤਾ ਗਿਆ, ਫਿਲਮ “ਸੱਸੀ ਪੁਨੂੰ “ ਵਿਚ ਕੁਲਦੀਪ ਮਾਣਕ ਨੇ ਦੇਵ ਜੀ ਦਾ ਗੀਤ ‘ ਅੱਜ ਧੀ ਇੱਕ ਰਾਜੇ ਦੀ’ ਪੇਸ਼ ਕੀਤਾ।
ਦੇਵ ਥਰੀਕੇਵਾਲੇ ਜੀ ਨੇ 35 ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈਆਂ ਹਨ ਅਤੇ ਉਨ੍ਹਾ ਦੇ ਗੀਤ ਬਹੁੱਤ ਗਾਇਕਾਂ ਨੇ ਗਾਏ ਹਨ ਜਿਵੇਂ ਕਰਮਜੀਤ ਧੁਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਸਵਰਨ ਲਤਾ, ਗੁਰਚਰਨ ਪੋਹਲੀ ਅਤੇ ਕਈ ਹੋਰ। ਉਨ੍ਹਾ ਦੇ ਨਾਮ ਤੇ ‘ਦੇਵ ਥਰੀਕੇਵਾਲਾ ਅਪਰੀਸ਼ੇਸ਼ਨ ਸੁਸਾਇਟੀ ਯੂ.ਕੇ.’ ਬਰਤਾਨੀਆ ਦੇ ਸ਼ਹਿਰ ਡਰਬੀ ਵਿਖੇ 1991 ਤੋਂ ਉਨ੍ਹਾ ਦੇ ਕੀਤੇ ਚੰਗੇ ਕੰਮ ਦਾ ਸਤਿਕਾਰ ਕਰਦੇ ਆ ਰਹੇ ਹਨ ਜੋ ਅੱਜ ਵੀ ਜਾਰੀ ਹੈ।
ਪ੍ਰਸਿੱਧ ਕਥਾਕਾਰ ਗਿਆਨੀ ਰਵਿੰਦਰਪਾਲ ਸਿੰਘ ਜੀ ਨੇ ਸ੍ਰ:ਤਰਲੋਚਨ ਸਿੰਘ ‘ਚੰਨ ਜਿੰਡਆਲਵੀ’ ਬਾਰੇ ਦੱਸਿਆ ਕਿ “ ਮਿਤਰਾਂ ਵਿੱਚ ਮਿਤਰ ਨੂੰ ਮੈਂ ਉਦੋਂ ਤੋਂ ਜਾਨਣ ਲੱਗਿਆ ਜਦੋਂ ਚੰਨ ਜੀ ਨੂੰ ਪਹਿਲੀ ਵਾਰ ਗੁਰਦਵਾਰਾ ਸਾਹਿਬ ਵਿਖੇ ਸੁਣਿਆ। ਚੰਨ ਜੀ ਜਿਨੇ ਹੀ ਹਸਮੱਖ ਨੇ, ਉਨੇ ਹੀ ਕਦੇ ਵੀ ਗੁੱਸੇ ਵਿੱਚ ਨਾ ਆਉਣ ਵਾਲੇ ਵਿਅਕਤੀ ਨੇ। ਇਨ੍ਹਾਂ ਦੇ ਤਕਰੀਬਨ 1000 ਗੀਤ ਰੀਕਾਡ ਹੋ ਚੁੱਕੇ ਹਨ ਅਤੇ ਅੱਜ ਵੀ ਗੀਤਾਂ ਦੀ ਰੀਕਾਰਡਿੰਗ ਜਾਰੀ ਹੈ।
ਚੰਨ ਜੀ ਨੇ ਹਰ ਤਰਾਂ ਦੇ ਗੀਤ ਲਿਖੇ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਤੇ ਗੀਤ “ ਕੂੜਿ ਨਿਖੁੱਟੇ ਨਾਨਕਾ ਓੜਕਿ ਸਚਿ ਕਹੀ”। ਸਮਾਜਿਕ ਤੇ ਮਕਬੂਲ ਗੀਤ “ਮਧਾਣੀਆ” ਪੰਜਾਬ ਦੀ ਕੋਇਲ ਸ੍ਰਿੀਮਤੀ ਸੁਰਿੰਦਰ ਕੌਰ ਨੇ ਆਪਣੀ ਮਧੁਰ ਆਵਾਜ ਵਿਚ ਗਾਇਆ ਹੈ। ਚੰਨ ਜੀ ਦੇ ਗੀਤ ਪ੍ਰਸਿੱਧ ਗਾਇਕਾਵਾਂ-ਜਿਵੇਂ ਜਗਮੋਹਨ ਕੌਰ, ਸਵਰਨ ਲਤਾ, ਜਸਪਿੰਦਰ ਨਰੂਲਾ, ਅਵਤਾਰ ਫਲੋਰਾ, ਮੁਹਿੰਦਰ ਕੌਰ ਭੰਮਰਾ, ਜਸਵਿੰਦਰ ਕੌਰ ਜੱਸੀ ਹੋਰਾਂ ਨੇ ਵੀ ਰੀਕਾਰਡ ਕੀਤੇ ਹਨ।
ਚੰਨ ਜੀ ਨੇ ਅਜੋਕੇ ਸਮੇ ਤੇ ਕਿਸਾਨ ਅੰਦੋਲਨ, ਕਰੋਨਾ ਮਹਾਂਮਾਰੀ, ਮੁੰਡੇ ਤੇ ਕੁੜੀ ਦੇ ਦੁੱਖ ਵਿੱਚ ਗੀਤ ਲਿਖੇ ਹਨ। ਉਨ੍ਹਾ ਦੇ ਗੀਤ ਸਮਾਜ ਨੂੰ ਨਵੀਂ ਦਿੱਖ ਦੇਣ ਦੀ ਪ੍ਰੇਰਨਾ ਕਰਦੇ ਹਨ। ਉਹ ਭਾਂਵੇਂ ਬਜੁਰਗ ਅਵਸਥਾ ਵਿਚ ਪਹੁੰਚ ਚੁੱਕੇ ਹਨ ਪਰ ਫਿਰ ਵੀ ਕਲਮ ਦੇ ਧਨੀ ਅਤੇ ਗੀਤ ਸ਼ੈਲੀ ਦੀ ਮੁਹਾਰਤ ਰੱਖਦੇ ਹਨ।“
ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਜੋ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਮਾਗਮ ਦਾ ਪ੍ਰਬੰਧ ਕਰ ਰਹੇ ਹਨ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਇਸ ਸਾਲ ਪ੍ਰਸਿੱਦ ਗੀਤਕਾਰ ਤਰਲੋਚਨ ਸਿੰਘ ਚੰਨ ਜਿੰਡਆਲਵੀ ਅਤੇ ਹਰਬੰਸ ਸਿੰਘ ਜੰਡੂ ਲਿਤਰਾਂਵਾਲੇ ਲੈਸਟਰ ਆ ਰਹੇ ਹਨ ਅਤੇ ਮਾਂ-ਬੋਲੀ ਪੰਜਾਬੀ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ।
Comments are closed, but trackbacks and pingbacks are open.