ਚੱਲ ਆਪਾਂ ਦੋਵੇਂ ਚੱਲੀਏ

ਲੇਖਕ – ਨਿਰਮਲ ਪੁਰੇਵਾਲ

ਚੋਣਾਂ ਦਾ ਐਲਾਨ ਹੋ ਗਿਆ

– ਹਰਦੀਪ ਬਿਰਦੀ

ਤਾਇਆ ਫੋਗਾ ਸਿਓਂ

ਕਿੰਨੇ ਸਧਾਰਨ ਸਨ ਪੁਰਾਣੇ ਬਜ਼ੁਰਗ, ਘਰੇਲੂ ਦਾਲ ਸਬਜ਼ੀਆਂ, ਗੁੜ, ਦੁੱਧ ਘਿਓ ਸਭ ਸ਼ੁੱਧ ਤੇ ਪੌਸ਼ਟਿਕ ਖੁਰਾਕਾਂ। ਦਾਰੂ ਵੀ ਘਰ ਦੀ ਕੱਢੀ ਹੋਈ ਪੀਂਦੇ ਵੀ ਕਿਸੇ ਦਿਨ ਤਿਉਹਾਰ, ਵਿਆਹ ਸ਼ਾਦੀ ਜਾਂ ਕਿਸੇ ਖਾਸ ਪ੍ਰਾਹੁਣੇ ਆਏ ਤੋਂ। ਲੀੜਾ ਕੱਪੜਾ ਵੀ ਸਾਦਾ, ਸਾਲ ਛਿਮਾਹੀ ਇੱਕ ਕੁੜਤਾ ਪਜਾਮਾ ਬਣਵਾ ਲੈਣਾ, ਕਿਤੇ ਆਉਣ ਜਾਣ ਲਈ ਤੇ ਪੁਰਾਣਾ ਕੰਮ ‘ਚ ਦਬੱਲ ਲੈਣਾ। ਇਹੀ ਹਾਲ ਜੁੱਤੀ ਤੇ ਪੱਗ ਦਾ ਹੁੰਦਾ।

ਕੇਰਾਂ ਤਾਏ ਫੋਗੇ ਨੇ ਰਾਉਕੇ ਵਾਲੇ ਟੀਟੂ ਦਰਜ਼ੀ ਕੋਲ ਕੁੜਤਾ ਪਜਾਮਾ ਸਿਉਂਣਾ ਦੇ ਦਿੱਤਾ। ਟੀਟੂ ਨੇ ਦਸ ਦਿਨਾਂ ਦਾ ਕਰਾਰ ਕਰਕੇ ਪੂਰਾ ਮਹੀਨਾ ਟਪਾ ਦਿੱਤਾ। ਲੰਘਦਾ ਪਾਉੰਦਾ ਜਦੋਂ ਵੀ ਤਾਇਆ ਪੁੱਛੇ ਤਾਂ ਟੀਟੂ ਦਾ ਜਵਾਬ ਹੁੰਦਾ ਬੱਸ ਤਾਇਆ ਪਰਸੋਂ ਤੱਕ ਮਿਲਜੂ, ਪਰ ਉਹ ਪਰਸੋਂ ਵਧਦੀ ਹੀ ਜਾ ਰਹੀ ਸੀ। ਤਾਏ ਨੂੰ ਵੀ ਕੋਈ ਖਾਸ ਜ਼ਰੂਰੀ ਕੰਮ ਨਹੀਂ ਸੀ। ਇਸ ਕਰਕੇ ਚਲ ਹਊ ਪਰੇ ਕਰੀ ਗਿਆ। ਇਕ ਦਿਨ ਕਿਸੇ ਖਾਸ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਆ ਗਿਆ। ਐਤਕੀਂ ਤਾਏ ਨੇ ਸਖ਼ਤੀ ਨਾਲ ਟੀਟੂ ਨੂੰ ਤਕੀਦ ਕੀਤੀ।, “ਗੱਲ ਸੁਣ ਉਏ ਮੁੰਡਿਆ, ਮੈਂ ਜਾਣਾਂ ਏ ਲਾਉਣੇ ਨੂੰ ਪਰਸੋਂ, ਦਸ ਆਲੀ ਬੱਸੇ, ਮੇਰੇ ਲੀੜੇ ਕੱਲ੍ਹ ਤੱਕ ਤਿਆਰ ਹੋਣੇ ਚਾਹੀਦੇ ਆ। ਨਹੀਂ ਤਾਂ ਤੂੰ ਮੇਰੇ ਸੁਭਾਅ ਨੂੰ ਜਾਣਦਾ ਨਹੀਂ। ਸੋਹਲੀ ਜੁੱਤੀ ਹੁੰਦੀ ਮੇਰੀ ਉਹ ਵੀ ਧੌੜੀ ਦੀ।”

ਡਰ ਤੇ ਹਾਸੇ ਦੇ ਰਲਵੇਂ ਮਿਲਵੇਂ ਰੌਂ ਜੇ ਵਿੱਚ ਟੀਟੂ ਕਹਿੰਦਾ, “ਉਹ ਤਾਇਆ ਠੰਡ ਰੱਖ, ਲੈ ਹੁਣੇ ਈ ਕੱਟਦਾਂ ਤੇਰਾ ਸੂਟ, ਪਰਸੋਂ ਤਾਂ ਬਹੁਤ ਦੂਰ ਆ ਤੂੰ ਕੱਲ੍ਹ ਸਵੇਰੇ ਫੜ੍ਹ ਲਵੀਂ। ਮੈਂ ਬਾਕੀ ਸਾਰਾ ਕੰਮ ਛੱਡ ਕੇ ਪਹਿਲਾਂ ਤੇਰਾ ਈ ਨਬੇੜੂੰ। ” ਲਉ ਜੀ ਦੂਜੇ ਦਿਨ ਸਵੇਰੇ ਛੋਟਾ ਮੁੰਡਾ ਗਿਆ ਤਾਂ ਆਥਣ ਦਾ ਕਰਾਰ ਹੋ ਗਿਆ। ਆਥਣ ਨੂੰ ਗਿਆ ਤਾਂ ਸਵੇਰ ਸਵੱਖ਼ਤੇ ਦਾ। ਸਵੇਰੇ ਤਾਇਆ ਆਪ ਗਿਆ ਤਾਂ ਟੀਟੂ ਕਾਜ਼ ਕਰਨ ਲੱਗਿਆ ਹੋਇਆ ਸੀ। ਤਾਏ ਨੇ ਪੱਚੀ ਰੁਪਈਏ ਕਾਉੰਟਰ ਤੇ ਰੱਖੇ ਤੇ ਕਹਿੰਦਾ, “ਆਹ ਚੱਕ ਆਵਦੀ ਮਿਹਨਤ ਤੇ ਮੈਂ ਲੱਗਾਂ ਹੁਣ ,ਪਿੰਡੇ ਪਾਣੀ ਪੌਣ। ਬੰਦੇ ਦਾ ਪੁੱਤ ਬਣਕੇ ਆਪੇ ਪਹੁੰਚਦੇ ਕਰ ਦੇਈਂ। ਹੁਣ ਮੇਰਾ ਦੁਬਾਰਾ ਗੇੜਾ ਨਾ ਮਰਵਾਈਂ।” ਟੀਟੂ ਨੇ ਵੀ ਭਰੋਸੇ ਨਾਲ ਜਵਾਬ ਦਿੱਤਾ, “ਤਾਇਆ ਤੇਰੇ ਨਹਾਉਣ ਤੋਂ ਪਹਿਲਾਂ ਲੀੜੇ ਪਹੁੰਚ ਜਾਣਗੇ, ਬੇਫਿਕਰ ਹੋਕੇ ਕਰ ਸ਼ਨਾਨ।”

ਚਲੋ ਜੀ ਤਾਏ ਦੇ ਨਹਾਉਣ ਤੱਕ ਸੂਟ ਤਿਆਰ ਹੋ ਕੇ ਘਰ ਪਹੁੰਚ ਗਿਆ। ਦਸ ਵਾਲੀ ਬੱਸ ਦਾ ਟਾਇਮ ਵੀ ਹੋ ਰਿਹਾ ਸੀ ਤਾਏ ਨੇ ਜਲਦੀ – ਜਲਦੀ ਪੱਗ ਬੰਨ੍ਹੀ ਤੇ ਕੱਪੜੇ ਪਾਏ ਇੱਕੋ ਇੱਕ ਪੰਜਾਹਾਂ  ਦਾ ਨੋਟ ਖੀਸੇ ਵਿੱਚ ਪਾਇਆ ਤੇ ਤੁਰ ਪਿਆ ਬੱਸ ਅੱਡੇ ਨੂੰ। ਅੱਧੇ ਕੁ ਘੰਟੇ ਬਾਅਦ ਟੀਟੂ ਦੀ ਦੁਕਾਨ ਮੂਹਰੇ ਲੋਕਾਂ ਦਾ ਇਕੱਠ, ਟੀਟੂ ਦੀਆਂ ਚੀਕਾਂ ਤੇ ਤਾਏ ਦੀ ਜੁੱਤੀ ਇੱਕੋ ਸੁਰ-ਤਾਲ ਵਿੱਚ ਖੜਕਣ। ਚਾਚੇ ਮੋਠੇ ਮੈਂਬਰ ਨੇ ਤਾਏ ਤੋਂ ਜੁੱਤੀ ਖੋਹੀ। ਚਾਚੇ ਮੋਠੇ ਨੇ ਕਾਰਨ ਜਾਨਣ ਲਈ ਟੀਟੂ ਨੂੰ ਪੁੱਛਿਆ ਤਾਂ ਉਸ ਨੇ ਹਿਚਕੀਆਂ ਭਰਦੇ ਨੇ ਤਾਏ ਫੋਗੇ ਵੱਲ ਹੀ ਇਸ਼ਾਰਾ ਕਰ ਦਿੱਤਾ ਮਤਲਬ ਸੀ ਕਿ ਇਹਤੋਂ ਈ ਪੁੱਛੋ? ਚਾਚਾ, ਤਾਏ ਵੱਲ ਨੂੰ ਅਹੁਲਿਆ, “ਹਾਂ ਵੀ ਵੱਡੇ ਭਾਈ ਤੂੰ ਦੱਸ, ਇਸ ਗ਼ਰੀਬ ਨੇ ਤੇਰਾ ਕੀ ਨੱਪ ਲਿਆ, ਜਿਹੜਾ ਇਹਨੂੰ ਛੱਲੀਆਂ ਵਾਂਗੂੰ ਉਧੇੜੀ ਜਾਨੈਂ? ਸਾਹੋ – ਸਾਹ ਹੋਏ ਤਾਏ ਫੋਗੇ ਦਾ ਗੁੱਸਾ ਅਜੇ ਵੀ ਸੱਤਵੇਂ ਅਸਮਾਨ ਤੇ ਸੀ। ਕਹਿੰਦਾ,” ਵੇਖ ਮਿੰਬਰਾ ਪੂਰਾ ਡੂਢ ਮਹੀਨਾ ਹੋ ਗਿਆ ਇਹਨੂੰ ਲੀੜੇ ਸਿਉੰਣੇ ਦਿੱਤਿਆਂ ਨੂੰ, ਨਿੱਤ ਆਲ਼ੇ ਕੌਡੀ, ਛਿੱਕੇ ਕੌਡੀ ਕਰਦਾ ਆਉੰਦਾ ਸੀ। ਡੂਢ ਮਹੀਨਾ ਇਹਦੀ ਕੱਲ੍ਹ ਪਰਸੋਂ ਨੀ ਮੁੱਕੀ। ਹੁਣ ਪਰਸੋਂ ਇਹਨੂੰ ਮੈਂ ਬੰਦਿਆਂ ਮਾਂਗੂੰ ਸਮਝਾਅ ਕੇ ਗਿਆ ਸੀ ਕਿ ਬੱਚੂ ਮੈਂ ਖਾਸ ਕੰਮ ਜਾਣਾਂ ਤੇ ਲੀੜੇ ਤਿਆਰ ਹੋਣੇ ਚਾਹੀਦੇ ਆ। ਮੈਂ ਇਹਦੀ ਮਿਹਨਤ ਵੀ ਪਹਿਲਾਂ ਦੇ ਦਿੱਤੀ ਸੀ।ਚਾਰ ਗੇੜੇ ਸਵੇਰੇ ਮਾਰੇ ਫੇਰ ਕਿਤੇ ਜਾ ਕੇ ਲੀੜੇ ਮਿਲੇ ਓਹ ਵੀ ਐਂਨ ਮੌਕੇ ਤੇ, ਓਧਰੋਂ ਬੱਸ ਦਾ ਟੈੰਮ ਹੋ ਗਿਆ। ਤੱਥ ਭੜੱਥੀ ਵਿੱਚ ਲੀੜੇ ਪਾਏ, ਪੰਜਾਹ ਦਾ ਨੋਟ ਖੀਸੇ ਵਿੱਚ ਪਾ ਕੇ ਭੱਜ ਕੇ ਬੱਸ ਫੜੀ। “ਚਾਚਾ ਮੋਠਾ ਗੱਲ ਨੂੰ ਟੋਕ ਕੇ ਅਸਲ ਮੁੱਦੇ ਤੇ ਲਿਆਉਣ ਲਈ ਪੁੱਛਣ ਲੱਗਿਆ,” ਓ ਭਰਾਵਾ ਤੈਨੂੰ ਲੀੜੇ ਵੀ ਮਿਲ ਗਏ ਤੇ ਬੱਸ ਵੀ, ਫੇਰ ਵਾਪਸ ਆ ਕੇ ਇਹਦੀ ਗਿੱਚੀ ਕਿਉੰ ਸੇਕਣ ਲੱਗ ਪਿਆ?, “ਇਹਨੇ ਲੱਛਣ ਈ ਗਿੱਚੀ ਸਿਕੌਣ ਵਾਲੇ ਕੀਤੇ ਆ। ਅਜੇ ਬੱਸ ਲੋਪੋ ਵਾਲੇ ਸੂਏ ਤੱਕ ਈ ਗਈ ਸੀ ਤੇ ਕੰਡਕਟਰ ਆ ਗਿਆ, ਕਹਿੰਦਾ ਲਿਆ ਬਾਬਾ ਟਿਕਟ ਕਟਾ। ਜਦੋਂ ਮੈਂ ਖੀਸੇ ਵਿੱਚ ਹੱਥ ਪਾਇਆ ਤਾਂ ਹੱਥ ਤਾਂ ਮੇਰਾ ਗੋਡਿਆਂ ਤੱਕ ਪਹੁੰਚ ਗਿਆ, ਇਹਨੇ ਕੰਜਰ ਦੇ ਪੁੱਤ ਨੇ ਰਖਣਾਂ ਜਿਆ ਤਾਂ ਬਣਾਤਾ ਪਰ ਖੀਸਾ ਲਾਇਆ ਈ ਨ੍ਹੀ, ਪਤਾ ਨਹੀਂ ਮੇਰੇ ਪੈਸੇ ਕਿੱਥੇ ਡਿੱਗੇ ਕਿੱਥੇ ਨਹੀਂ? ਹੁਣ ਜੇ ਨਾ ਲੱਭੇ ਤਾਂ ਇਹਦੇ ਹੱਡਾਂ ‘ਚੋ ਕੱਢੂ। 

-ਅਮਰ ਮੀਨੀਆਂ 

ਸਿੱਖੀ ਮਹੱਲ ਦੀਆਂ ਨੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਦੀ ਮੁਨਿਆਦ ਅਤੇ ਮਜਬੂਤੀ ਬਖਸ਼ਣ ਵਾਲੇ ਸੱਤ ਅਤੇ ਨੌਂ ਸਾਲਾਂ ਦੇ ਬਾਬੇ

ਬਘੇਲ ਸਿੰਘ ਧਾਲੀਵਾਲ

ਸਿੱਖ ਪੰਥ ਦੇ ਉਸਰੱਈਏ ਐਨੇ ਮਜਬੂਤ ਇਰਾਦੇ ਅਤੇ  ਦੂਰ ਅੰਦੇਸ ਸਨ, ਉਹਨਾਂ ਨੇ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਸਰਬੰਸਦਾਨੀ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਭਨਾਂ ਨੇ ਸਿੱਖੀ ਦੀਆਂ ਨੀਹਾਂ ਨੂੰ ਮਜਬੂਤ ਬਨਾਉਣ ਹਿੱਤ ਅਜਿਹੇ ਵਿਲੱਖਣ ਕਾਰਜ ਕੀਤੇ, ਜਿਹੜੇ ਦੁਨੀਆਂ ਵਿੱਚ ਹੋਰ ਕਿਸੇ ਵੀ ਧਰਮ ਕੌਂਮ ਦੇ ਸੰਸਥਾਪਕਾਂ ਦੇ ਹਿੱਸੇ ਨਹੀ ਆਏ। ਜਦੋ ਚਾਰ ਚੁਫੇਰੇ ਧਰਮ ਕਰਮ ਦੇ ਨਾਮ ਤੇ, ਝੂਠੇ ਕਰਮ ਕਾਂਡ ਅਤੇ ਅੰਧ ਵਿਸ਼ਵਾਸੀ ਦੀ ਹਨੇਰ ਗਰਦੀ ਦਾ ਘੁੱਪ ਹਨੇਰਾ ਛਾਇਆ ਹੋਇਆ ਸੀ, ਪਾਂਡਿਆਂ, ਮੁਲਾਣਿਆਂ ਵੱਲੋਂ ਭੋਲ਼ੇ ਭਾਲ਼ੇ ਲੋਕਾਂ ਸਰੀਰਕ, ਮਾਨਸਿਕ ਅਤੇ ਆਰਥਿਕ ਲੁੱਟ ਬਿਨਾਂ ਕਿਸੇ ਸੰਕੋਚ ਤੋ ਸਿਖਰਾਂ ਛੂਹ ਰਹੀ ਸੀ, ਉਸ ਮੌਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਇਸ ਮਜ੍ਹਬੀ ਧੁੰਦੂਕਾਰੇ ਨੂੰ ਦੂਰ ਕਰਨ ਹਿਤ ਨਿਰੋਲ ਸੱਚ ਦੀ ਅਵਾਜ ਬੁਲੰਦ ਕੀਤੀ। ਰਵਾਇਤੀ ਧਰਮਾਂ ਨੂੰ ਨਕਾਰਦਿਆਂ ਆਪਣਾ ਵੱਖਰਾ ਪੰਧ ਚਲਾਇਆ। ਉਸ ਬੇਹੱਦ ਔਖੇ ਸਮਿਆਂ ਵਿੱਚ ਉਹਨਾਂ ਨੇ ਵਿਖੜੇ ਪੈਂਡਿਆਂ ਤੇ ਚੱਲਣ ਦਾ ਤਹੱਈਆ ਕੀਤਾ, ਤਾਂ ਕਿ ਗਿਆਨ ਦਾ ਚਾਨਣ ਵੰਡ ਕੇ ਲੋਕਾਈ ਨੂੰ ਇਸ ਘੁੱਪ ਹਨੇਰੇ ਚੋਂ ਬਾਹਰ ਕੱਢਿਆ ਜਾ ਸਕੇ। ਅਜਿਹੇ ਕਾਰਜ ਕਰਨ ਲਈ  ਲੀਕ ਤੋ ਹੱਟ ਕੇ ਵੱਖਰੇ ਅਤੇ ਔਖੇ ਰਾਹਾਂ ਤੇ ਚੱਲਣਾ ਪੈਂਦਾ ਹੈ, ਜਿਸ ਤੇ ਚੱਲਣ ਦਾ ਜੇਰਾ ਆਂਮ ਇਨਸਾਨਾਂ ਵਿੱਚ ਨਹੀ ਹੁੰਦਾ।ਸੋ ਸਿੱਖੀ ਦੇ ਸੰਸਥਾਪਕ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਇਸ ਗੱਲ ਦਾ ਪਹਿਲਾਂ ਹੀ ਗਿਆਨ ਸੀ ਕਿ ਉਹਨਾਂ ਨੇ ਜਿਸ ਰਸਤੇ ਤੇ ਚੱਲਣ ਦਾ ਤਹੱਈਆ ਕੀਤਾ ਹੈ, ਉਹ ਸੌਖਾ ਨਹੀ ਬਲਕਿ ਬੇਹੱਦ ਮੁਸ਼ਕਲਾਂ ਵਾਲਾ ਹੋਵੇਗਾ, ਇਸ ਲਈ ਉਹਨਾਂ ਨੇ ਆਪਣੇ  ਆਪ ਨੂੰ ਇਸ ਕਠਨ ਮਾਰਗ ਤੇ ਚੱਲਦਿਆਂ ਮਜਹਬੀ ਅਤੇ ਹਕੂਮਤੀ ਜਬਰ ਝੱਲ ਸਕਣ ਲਈ ਵੀ ਤਿਆਰ ਰੱਖਿਆ। ਫਲਸਰੂਪ ਉਹਨਾਂ ਨੂੰ ਦੋਵਾਂ ਪਾਸਿਆਂ ਤੋ ਜਬਰਦਸਤ ਵਿਰੋਧ ਅਤੇ ਅਣਮਨੁੱਖੀ ਜਬਰ ਝੱਲਣਾ ਪਿਆ, ਜੇਲ੍ਹ ਦੀਆਂ ਚੱਕੀਆਂ ਪੀਸਣੀਆਂ ਪਈਆਂ, ਪ੍ਰੰਤੂ ਉਹਨਾਂ ਨੂੰ ਮਜਹਬੀ ਲੋਕਾਂ ਦਾ ਜਬਰਦਸਤ ਵਿਰੋਧ ਅਤੇ ਸਮੇ ਦੀ ਹਕੂਮਤ ਦਾ ਜ਼ੁਲਮ ਆਪਣੇ ਅਕੀਦੇ ਤੋ ਡੁਲਾ ਨਾ ਸਕਿਆ। ਸਿੱਖੀ ਦੇ ਇਸ ਨਿਆਰੇ ਨਿਰਾਲੇ ਅਤੇ ਔਖੇ ਮਾਰਗ ਦੇ ਅਡੋਲ ਪਾਂਧੀਆਂ ਦੇ ਅਗਲੇ ਮੋਹਰੀਆਂ ਭਾਵ ਗੁਰੂ  ਸਾਹਿਬਾਨਾਂ ਨੂੰ ਇਸ ਰਸਤੇ ਤੇ ਚੱਲ ਕੇ ਮੰਜਲ ਤੱਕ ਪਹੁੰਚਣ ਲਈ ਜਾਨਾਂ ਤੱਕ ਕੁਰਬਾਨ ਕਰਨੀਆਂ ਪਈਆਂ, ਪਰ ਕਿਸੇ ਵੀ ਗੁਰੂ ਸਹਿਬਾਨ ਨੇ ਚੜ੍ਹਦੀ ਕਲਾ ਦਾ ਪੱਲਾ ਨਹੀ ਛੱਡਿਆ, ਬਲਕਿ ਹੱਸ ਹੱਸ ਕੇ ਮੌਤ ਨੂੰ ਗਲ ਲਾਇਆ। ਪੰਜਵੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਤੇ ਨੌਂਵੇ ਨਾਨਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅਦੁੱਤੀ ਸ਼ਹਾਦਤਾਂ ਇਸ ਗੱਲ ਦਾ ਰਹਿੰਦੀ ਦੁਨੀਆਂ ਤੱਕ ਪਰਤੀਕ ਰਹਿਣਗੀਆਂ। ਇਹ ਚੜ੍ਹਦੀ ਕਲਾ ਦਾ ਸੰਕਲਪ ਹੀ ਸਿੱਖੀ ਸੰਪੂਰਨਤਾ ਦੀ ਮੰਜਲ ਨੂੰ ਹੋਰ ਨੇੜੇ ਲੈ ਕੇ ਆਇਆ। ਸਿੱਖ ਗੁਰੂ ਸਹਿਬਾਨਾਂ ਨੇ ਸਿੱਖਾਂ ਨੂੰ ਜਬਰ ਜੁਲਮ ਦਾ ਖਿੜੇ ਮੱਥੇ ਡੱਟ ਕੇ ਮੁਕਾਬਲਾ ਕਰਨ ਦੀ ਜਾਂਚ ਸਿਖਾਈ। ਛੇਵੇਂ ਗੁਰੂ ਸਾਹਿਬ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਬੁੰਗੇ ਦੀ  ਸਿਰਜਣਾ ਕਰਕੇ ਦੁਨਿਆਵੀ ਹਕੂਮਤ ਨੂੰ ਰੱਦ ਕਰਦਿਆਂ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਸਿੱਖਾਂ ਨੂੰ ਕਿਸੇ ਵੀ ਦੁਨਿਆਵੀ ਸੱਤਾ ਦੀ ਗੁਲਾਮੀ ਤੋ ਸਦਾ ਲਈ ਅਜ਼ਾਦ ਕਰਦਿਆਂ ਮੀਰੀ ਅਤੇ ਪੀਰੀ ਦਾ ਸਿਧਾਂਤ ਦੇ ਕੇ ਅਜਾਦ ਪ੍ਰਭੂ ਸੱਤਾ ਦਾ ਸੰਕਲਪ ਦ੍ਰਿੜ ਕਰਵਾਇਆ ਅਤੇ ਅਜਾਦ ਰੂਪ ਚ ਵਿਚਰਨ ਦੀ ਜਾਚ ਸਿਖਾਈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦੀਆਂ ਨੀਹਾਂ ਨੂੰ ਮਜਬੂਤ ਕਰਨ ਹਿਤ ਚੂਨੇ ਦੀ ਨਹੀ ਬਲਕਿ ਆਪਣੇ ਪਰਿਵਾਰ ਦੇ ਲਹੂ ਮਿੱਝ ਦੀ ਵਰਤੋਂ ਕੀਤੀ।  ਦਸੰਬਰ ਦਾ ਮਹੀਨਾ ਰਹਿੰਦੀ ਦੁਨੀਆਂ ਤੱਕ ਸਿੱਖੀ ਦੀ ਪਰਪੱਕਤਾ ਦੀ ਬਾਤ ਪਾਉਂਦਾ ਰਹੇਗਾ,ਜਦੋ ਇੱਕੋ ਹਫਤੇ ਵਿੱਚ ਸਾਹਿਬ ਜੀ ਦਾ ਸਾਰਾ ਪਰਿਵਾਰ ਭਾਵ ਚਾਰੇ ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਧਰਮ ਤੋ ਕੁਰਬਾਨ ਹੋ ਗਏ।

ਪੋਹ ਮਹੀਨੇ ਦੀ ਕਹਿਰਾਂ ਦੀ ਠੰਡੀ ਠਾਰ ਅੱਧੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਤੋ ਬਾਅਦ ਜਦੋਂ ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸਾਰੀਆਂ ਕਸਮਾਂ ਤੋੜ ਗੁਰੂ ਕੀਆਂ ਫੌਜਾਂ ਤੇ ਪਿੱਛੋ ਹਮਲਾ ਕਰ ਦਿੱਤਾ, ਸਰਸਾ ਨਦੀ ਦੇ ਕੰਢੇ ਤੋ ਹੋਈ ਘਮਾਂਸਾਨ  ਲੜਾਈ ਵਿੱਚ ਬਹੁਤ ਸਾਰੇ ਸਿੱਘ ਸ਼ਹੀਦੀਆਂ ਪਾ ਗਏ, ਕੁੱਝ ਪਾਣੀ ਦੇ ਤੇਜ ਵਹਾਅ ਵਿੱਚ ਰੁੜ੍ਹ ਗਏ।ਇੱਥੋ ਗੁਰੂ ਸਾਹਿਬ ਦਾ ਪਰਿਵਾਰ ਵੀ ਇੱਕ ਦੂਜੇ ਨਾਲੋਂ ਵਿਛੜ ਕੇ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ।ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮਾਤਾ ਗੁਜਰੀ ਜੀ ਗੰਗੂ ਪੰਡਤ ਦੇ ਘਰ ਸਹੇੜੀ ਚਲੇ ਗਏ ਅਤੇ ਗੁਰੂ ਸਾਹਿਬ ਦੇ ਮਹਿਲ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ ਜਦੋ ਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਚਾਲੀ ਕੁ ਹੋਰ ਸਿੰਘਾਂ ਦੇ ਨਾਲ ਗੁਰੂ ਸਾਹਿਬ ਚਮਕੌਰ ਦੀ ਇੱਕ ਕੱਚੀ ਗੜੀ ਵਿੱਚ ਪੁੱਜ ਗਏ।ਇਹ ਹੀ ਹੈ ਉਹ ਅਸਥਾਨ ਜਿੱਥੇ ਗੁਰੂ ਸਾਹਿਬ ਜੀ ਦੇ ਚਾਲੀ ਕੁ ਦੇ ਕਰੀਬ ਸਿੱਖਾਂ ਨੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਦਸ ਲੱਖ ਫੌਜਾਂ ਨਾਲ ਟੱਕਰ ਲਈ ਅਤੇ ਇਸ ਅਸਾਵੀਂ ਜੰਗ ਵਿੱਚ ਜਿੱਤ ਪਰਾਪਤ ਕੀਤੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ੳਹਨਾਂ ਤੋ ਛੋਟੇ ਬਾਬਾ ਜੁਝਾਰ ਸਿੰਘ ਜੀ ਨੂੰ  ਗੁਰੂ ਸਾਹਿਬ ਨੇ ਖੁਦ ਜੰਗ ਦੇ ਮੈਦਾਨ ਚ ਲੜਨ ਲਈ ਤਿਆਰ ਕਰਕੇ ਭੇਜਿਆ ਅਤੇ ਅੱਖਾਂ ਦੇ ਸਾਹਮਣੇ ਸ਼ਹਾਦਤ ਪਰਾਪਤ ਕਰਦਿਆਂ ਵੀ ਤੱਕਿਆ, ਪਰ ਚਿਹਰੇ ਤੇ ਕੋਈ ਸ਼ਿਕਨ ਨਹੀ, ਕੋਈ ਸ਼ਿਕਵਾ ਨਹੀ,ਸਗੋਂ ਸਹਾਦਤਾਂ ਹੋਣ ਤੇ ਕੱਚੀ ਗੜੀ ਚੋ ਹੋਰ  ਵੀ ਜੋਸ਼ ਨਾਲ ਚੜ੍ਹਦੀ ਕਲਾ ਦੇ ਜੈਕਾਰੇ ਲਗਾਤਾਰ ਗੁੰਜ ਰਹੇ ਸਨ, ਜਿਹੜੇ ਦਸ ਲੱਖ ਮੁਗਲ ਫੌਜਾਂ ਦੇ ਦਿਲਾਂ ਚ ਤੀਰ ਵਾਂਗ  ਵੱਜਦੇ,ਜਿਸਦੇ ਸਦਕਾ ਇਕੱਲਾ ਇਕੱਲਾ ਸਿੰਘ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਸੱਚਮੁੱਚ ਸਵਾ ਸਵਾ ਲੱਖ ਦਾ ਅਹਿਸਾਸ ਕਰਵਾ ਕੇ ਸ਼ਹਾਦਤ ਪਾਉਂਦਾ। ਇਸ ਅਸਾਵੀਂ ਜੰਗ ਦਰਮਿਆਨ ਹੀ ਗੜੀ ਵਿੱਚ ਹਾਜਰ ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕਰਨ ਉਪਰੰਤ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੂੰ ਤੁਰੰਤ ਚਮਕੌਰ ਦੀ ਗੜੀ ਚੋ ਸੁਰਖਿਅਤ ਨਿਕਲ ਜਾਣ ਦਾ ਹੁਕਮ ਸੁਣਾ ਦਿੱਤਾ, ਤਾਂ ਕਿ ਗੁਰੂ ਸਾਹਿਬ ਮੁੜ ਸਿੱਖਾਂ ਨੂੰ ਜਥੇਬੰਦ ਕਰ ਸਕਣ, ਜਿਸਨੂੰ ਟਾਲ ਸਕਣਾ ਹੁਣ ਗੁਰੂ ਸਾਹਿਬ ਦੇ ਵੀ ਬੱਸ ਵਿੱਚ ਨਹੀ ਸੀ। ਸੋ ਗੁਰੂ ਸਾਹਿਬ ਦਸ ਲੱਖ ਫੌਜਾਂ ਨੂੰ ਲਲਕਾਰਦੇ ਹੋਏ ਜੈਕਾਰੇ ਗੁੰਜਾਉਂਦੇ ਹੋਏ ਮੁਗਲ ਫੌਜਾਂ ਦੇ ਘੇਰੇ ਨੂੰ ਟਿੱਚ ਜਾਣਦਿਆਂ ਨਿਕਲ ਗਏ।ਇਹ ਉਹ ਮੌਕਾ ਸੀ, ਜਦੋ ਹਿੰਦੁਸਤਾਨ ਦੇ ਸ਼ਕਤੀਸ਼ਾਲੀ ਬਾਦਸਾਹ ਔਰੰਗਜੇਬ ਦੀਆਂ ਫੌਜਾਂ ਨੂੰ ਹਰਾ ਕੇ ਗੁਰੂ ਸਾਹਿਬ ਜੇਤੂ ਹੋਕੇ ਨਿਕਲੇ ਸਨ। ਇਸ ਜੰਗ ਵਿੱਚ ਫੌਜਾਂ ਨਹੀ ਬਲਕਿ ਔਰੰਗਜੇਬ ਹਾਰਿਆ ਸੀ। ਓਧਰ ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਸੂਬਾ ਸਰਹਿੰਦ ਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਅਤੇ ਲਗਾਤਾਰ ਧਰਮ ਬਦਲੀ ਕਰਵਾਉਣ ਲਈ ਅਣਮਨੁੱਖੀ ਤਸੀਹੇ ਦਿੱਤੇ, ਪਰ ਨਿੱਕੇ ਨਿੱਕੇ ਗੁਰੂ ਕੇ ਲਾਲਾਂ ਨੇ ਧਰਮ ਬਦਲੀ ਨਾਲੋਂ ਜੁਲਮ ਸਹਿੰਦਿਆਂ ਸ਼ਹਾਦਤਾਂ ਦੇਣ ਨੂੰ ਤਰਜੀਹ ਦਿੱਤੀ। ਉਂਗਲਾਂ ਦੇ ਪੋਟੇ ਸੜਵਾਏ, ਦਰਖਤ ਨਾਲ ਜਕੜੇ ਹੋਇਆਂ ਨੇ ਕੋਮਲ ਚਿਹਰੇ ਨੂੰ ਗੁਲੇਲਿਆਂ ਦੇ ਨਿਸਾਨਿਆਂ ਨਾਲ ਲਹੂ ਲੁਹਾਣ ਕਰਵਾਇਆ,ਸੂਬੇ ਦੀ ਕਚਿਹਰੀ ਵਿੱਚ  ਆਉਂਦਿਆਂ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਚੜ੍ਹਦੀ ਕਲਾ ਦਾ ਸੰਦੇਸ਼ ਦੇ ਕੇ ਸਿੱਖੀ ਦੀ ਅਜਿਹੀ ਮਿਸਾਲ ਪੈਦਾ ਕਰ ਗਏ, ਜਿਹੜੀ ਦੁਨੀਆਂ ਦੇ ਇਤਿਹਾਸ ਵਿੱਚ ਨਾਂ ਹੋਰ ਕਿਧਰੇ ਮਿਲਦੀ ਹੈ ਅਤੇ ਨਾਂ ਹੀ ਭਵਿੱਖ ਵਿੱਚ ਮਿਲ ਸਕੇਗੀ। ਭੁੱਖਣ ਭਾਣੇ ਮਹਿਜ ਦਾਦੀ ਮਾਤਾ ਵੱਲੋਂ ਦਿੱਤੀ ਜਾਂਦੀ ਚੜਦੀ ਕਲਾ ਦੀ ਸਿੱਖਿਆ ਅਤੇ ਪੁਰਖਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਗਾਥਾ ਨਾਲ ਮਿਲਦੀ ਆਤਮਿਕ ਤਾਕਤ ਦੇ ਸਹਾਰੇ ਉਹ ਗੁਰੂ ਕੇ ਲਾਲ ਆਪਣੇ ਆਪ ਨੂੰ ਸੱਤ ਅਤੇ ਨੌਂ ਸਾਲਾਂ ਦੇ ਨਹੀ ਬਲਕਿ ਸਦੀਆਂ ਤੋ ਵੱਡੇ ਕਰ ਗਏ,ਜਿਸ ਦੇ ਸਦਕਾ ਉਹ ਨਿੱਕੇ ਨਿੱਕੇ ਬਾਲ ਕੌਂਮ ਦੇ ਬਾਬੇ ਹੋ ਨਿਬੜੇ। ਵੀਰ ਬਾਲ ਦਿਵਸ ਵਜੋਂ ਉਹਨਾਂ ਦੀ ਯਾਦ ਨੂੰ ਤਾਜਾ ਕਰਨਾ, ਉਹਨਾਂ ਯੋਧਿਆਂ ਦੇ ਹਾਣ ਦਾ ਦਿਹਾੜਾ ਨਹੀ, ਬਲਕਿ ਉਹਨਾਂ ਮਹਾਂਨ ਪੁਰਖਿਆਂ ਦੀ ਪਛਾਣ ਸਿੱਖ ਕੌਂਮ ਦੇ ਉਸਰੱਈਏ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਵਜੋਂ ਇਤਿਹਾਸ ਦੇ ਸੁਨਿਹਰੀ ਪੱਤਰਿਆਂ ਵਿੱਚ ਦਰਜ ਹੈ। ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਦੀ ਮੁਨਿਆਦ ਬਖਸ਼ਣ ਵਾਲੇ ਮਹਾਂਨ ਸੂਰਵੀ੍ਰ,ਦ੍ਰਿੜਤਾ ਦੇ ਮੁਜੱਸਮੇ ਅਤੇ ਕੌਂਮ ਦੇ ਬਾਬਿਆਂ ਦੇ ਚਰਨਾਂ ਵਿੱਚ ਕੋਟ ਕੋਟ ਪਰਨਾਮ।

ਬਘੇਲ ਸਿੰਘ ਧਾਲੀਵਾਲ
99142-58142

ਵਿਰੋਧੀਆਂ ਦਾ ਚੀਰਹਰਨ ਕਰਨ ਦੀ ਬਜਾਏ ਭਗਵੰਤ ਮਾਨ ਨੂੰ ਖੁਦ ਕੰਮ ਕਰਕੇ ਦਿਖਾਉਣ ਦੀ ਲੋੜ 

ਮਨਦੀਪ ਖੁਰਮੀ

ਸਿਆਸਤਦਾਨਾਂ ਦੀਆਂ ਕੁਚਾਲਾਂ ਦਾ ਝੰਬਿਆ, ਝੰਜੋੜਿਆ, ਬੇਉਮੀਦਾ ਪੰਜਾਬ ਹਰ ਪੰਜ ਸਾਲ ਬਾਅਦ ਇਸ ਉਮੀਦ ਨਾਲ ‘ਬਦਲਾਅ’ ਲਈ ਹੱਥ ਕਰੋਲੇ ਮਾਰਦੈ ਕਿ ਸ਼ਾਇਦ ਮੁੜ ਪੈਰਾਂ ਸਿਰ ਹੋ ਜਾਵੇ। ਪਰ ਹਰ ਵਾਰ ਸੱਤਾਧਾਰੀ ਧਿਰ ਕੋਲੋਂ ਨਾਮੋਸ਼ ਹੋ ਜਾਂਦੈ। ਕਾਂਗਰਸ ਤੇ ਅਕਾਲੀਆਂ ਦੀ ਬੰਨ੍ਹੀ ਹੋਈ ਵਾਰੀ ਅਤੇ ਆਪਹੁਦਰੇ ਫੈਸਲਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਆਪ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ। ਉਹ ਗੱਲ ਵੱਖਰੀ ਹੈ ਕਿ ਕੁਝ ਲੋਕ ਇਸ ਪਾਰਟੀ ਨੂੰ “ਬੀ ਟੀਮ” ਦੱਸਦੇ ਆ ਰਹੇ ਹਨ। ਈਵੀਐੱਮ ਦੀ ਕਰਾਮਾਤ ਨੂੰ ਮੰਨਣ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਬਦਲਾਅ ਬਦਲਾਅ ਬਦਲਾਅ ਦਾ ਰਾਗ ਅਲਾਪ ਕੇ ਲੋਕਾਂ ਨੂੰ ਇਹ ਪੱਕਾ ਅਹਿਸਾਸ ਕਰਵਾਇਆ ਗਿਆ ਕਿ ਇਹ ਕਰਾਮਾਤੀ ਬਦਲਾਅ ਸੀ ਤਾਂ ਕਿ ਜਦੋਂ ਦੇਸ਼ ਦੀ ਸਰਕਾਰ ਚੁਣਨ ਦਾ ਵੇਲਾ ਆਵੇ ਤਾਂ ਲੋਕ ਈਵੀਐੱਮ ਰਾਹੀਂ ਘਪਲੇਬਾਜ਼ੀ ਦਾ ਦੋਸ਼ ਲਾਉਣ ਜੋਕਰੇ ਨਾ ਰਹਿਣ। ਉਦੋਂ ਜੇਤੂ ਰਥ ਵਾਲੇ ਇਹ ਕਹਿਣ ਲਈ ਪਾਬੰਦ ਹੋਣਗੇ ਕਿ ਜਦੋਂ ਪੰਜਾਬ ‘ਚ 92 ਸੀਟਾਂ ਆਈਆਂ ਤਾਂ ਉਹ ਬਦਲਾਅ ਸੀ ਤੇ ਹੁਣ ਸਾਡੇ ਵਾਰੀ ਈਵੀਐੱਮ ਦਾ ਰੌਲਾ ਕਿਉਂ?

ਇਸ ਸਭ ਕੁਝ ਤੋਂ ਪਾਸੇ ਹੋ ਕੇ ਸੋਚੀਏ ਤਾਂ ਕਾਂਗਰਸ ਤੇ ਅਕਾਲੀਆਂ ਨੂੰ ਨਕਾਰਨ ਪਿੱਛੇ ਲੋਕਾਂ ਵਿੱਚ ਬੇਅਦਬੀਆਂ ਦਾ ਇਨਸਾਫ ਨਾ ਮਿਲਣਾ, ਬੇਰੁਜ਼ਗਾਰੀ ਦੀ ਇੰਤਹਾ, ਨਸ਼ੇ ਦੇ ਆਏ ਹੜ੍ਹ, ਸਰਕਾਰੀ ਅਦਾਰਿਆਂ ਦੇ ਸਮਾਨਾਂਤਰ ਸਿਆਸਤਦਾਨਾਂ ਦੇ ਆਪਣੇ ਕਾਰੋਬਾਰ, ਸਿੱਖਿਆ ਖੇਤਰ ਦਾ ਬੇੜਾ ਗਰਕ ਕਰਨ ਵਰਗੀਆਂ ਦਲੀਲਾਂ ਸਮੇਤ ਹੋਰ ਵੀ ਬਹੁਤ ਸਾਰੇ ਮੁੱਦੇ ਸਨ, ਜਿਹਨਾਂ ਕਰਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਤੋਂ ਬਾਅਦ ਇੱਕਦਮ ਵੱਡੀ ਛਾਲ ਮਾਰ ਕੇ ਸੱਤਾ ਦੇ ਤਖਤ ‘ਤੇ ਬਿਰਾਜਮਾਨ ਹੋ ਗਈ। ਹਾਲਾਂਕਿ 2017 ਵੇਲੇ ਆਮ ਆਦਮੀ ਪਾਰਟੀ ਦਾ ਬੁਖਾਰ ਲੋਕਾਂ ਦੇ ਸਿਰ ਨੂੰ ਧਤੂਰੇ ਦੇ ਨਸ਼ੇ ਵਾਂਗ ਚੜ੍ਹਿਆ ਹੋਇਆ ਸੀ। ਲੋਕ ਆਪ ਮੁਹਾਰੇ ਧੜਾਧੜ ਪਾਰਟੀ ਫੰਡ ਦੇ ਰਹੇ ਸਨ। “ਜਿੱਤ ਪੱਕੀ, ਐਲਾਨ ਹੋਣਾ ਬਾਕੀ” ਦੇ ਨਾਅਰੇ ਮਾਰਦੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਪੰਜਾਬ ਨੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਸਨ। ਏਅਰਪੋਰਟ ‘ਤੇ ਢੋਲ ਵੱਜਦੇ ਸੁਣਾਈ ਦਿੰਦੇ ਸਨ, ਪ੍ਰਵਾਸੀ ਪੰਜਾਬੀ ਆਪੋ ਆਪਣੇ ਪਿੰਡਾਂ ਰਿਸ਼ਤੇਦਾਰੀਆਂ ‘ਚ ਪ੍ਰਚਾਰ ਕਰ ਰਹੇ ਸਨ। ਉਸ ਅੰਧਾਧੁੰਦ ਪ੍ਰਚਾਰ ਦੀ ਲਹਿਰ ਦੌਰਾਨ ਇਹ ਭਾਸਦਾ ਸੀ ਕਿ ਸ਼ਾਇਦ ਇਹ ਕਰਾਮਾਤ ਹੀ ਨਾ ਹੋ ਜਾਵੇ ਕਿ ਵਿਰੋਧੀ ਪਾਰਟੀਆਂ ਖਾਤਾ ਵੀ ਨਾ ਖੋਲ੍ਹ ਸਕਣ।

ਪਰ ਹੋਇਆ ਇਹ ਕਿ ਆਮ ਆਦਮੀ ਪਾਰਟੀ 20 ਸੀਟਾਂ ਹੀ ਲੈ ਸਕੀ। ਵਿਰੋਧੀ ਧਿਰ ‘ਚ ਹੁੰਦਿਆਂ ਪਾਰਟੀ ਵੱਲੋਂ ਆਪਣੇ ਹੀ ਨੇਤਾਵਾਂ ਖਿਲਾਫ ਬੇਸਿਰ ਪੈਰ ਦੇ ਇਲਜ਼ਾਮ (ਸੁੱਚਾ ਸਿੰਘ ਛੋਟੇਪੁਰ, ਡਾ: ਧਰਮਵੀਰਾ ਗਾਂਧੀ, ਗੁਰਪ੍ਰੀਤ ਘੁੱਗੀ ਤੇ ਹੋਰ ਉਦਾਹਰਣ ਹਨ), ਆਪਹੁਦਰੇਪਣ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਹ ਪਾਰਟੀ ‘ਚ ਸਭ ਕੁਝ ਠੀਕ ਨਹੀਂ ਹੈ। ਸਿਰਫ ਪੁਰਾਣੇ ਵਰਕਰ ਹੀ ਪਿਛਾਂਹ ਨਹੀਂ ਹਟੇ ਸਗੋਂ 2022 ਦੀਆਂ ਚੋਣਾਂ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਭਰੇ ਜਹਾਜ ਤਾਂ ਛੱਡੋ, ਕੋਈ ਤਿੰਨ ਪਹੀਆ ਟੈਂਪੂ ਵੀ ਨਜ਼ਰ ਨਾ ਆਇਆ। ਢੋਲਾਂ ਦੇ ਡੱਗੇ ਤਾਂ ਦੂਰ, ਡਫਲੀ ਦੀ ਡੱਫ ਡੱਫ ਵੀ ਨਾ ਸੁਣੀ ਪਰ ਕ੍ਰਿਸ਼ਮਾ ਇਹ ਹੋਇਆ ਕਿ ਪੰਜਾਬ ਦੀ ਸਿਆਸਤ ਦੇ ਧਨੰਤਰਾਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਹਰਾ ਕੇ ਘਰੀਂ ਬਿਠਾ ਦਿੱਤਾ। 

ਸਰਕਾਰ ਦਾ ਮਹਿਜ ਇੱਕ ਸਾਲ ਪੂਰਾ ਹੋਣ ‘ਤੇ ਹੀ ਲੋਕ ਸਵਾਲ ਕਰ ਰਹੇ ਹਨ ਕਿ ਜਿਹੜੇ ਮੁੱਦਿਆਂ ਦੇ ਸਿਰ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ, ਉਹਨਾਂ ਨੂੰ ਹੱਲ ਕਰਨ ਲਈ ਤਾਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ? ਹਾਂ, ਇਸ਼ਤਿਹਾਰਾਂ ਫਲੈਕਸਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੀਦਾਰੇ ਹਰ ਗਲੀ ਮੁਹੱਲੇ, ਸੜਕਾਂ ‘ਤੇ ਜ਼ਰੂਰ ਹੋ ਰਹੇ ਹਨ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਐਂਬੂਲੈਂਸਾਂ, ਸਾਈਕਲਾਂ ‘ਤੇ ਲੱਗੀਆਂ ਤਸਵੀਰਾਂ ਦਾ ਮਜ਼ਾਕ ਉਡਾਉਣ ਵਾਲੇ ਭਗਵੰਤ ਮਾਨ ਨੂੰ ਹਰ ਜਗ੍ਹਾ ਆਪਣੀਆਂ ਤਸਵੀਰਾਂ ਲਗਵਾਉਣ ਦਾ ਅਜਿਹਾ ਝੱਲ ਚੜ੍ਹਿਆ ਹੋਇਆ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਗਏ ਹਨ। 

1 ਨਵੰਬਰ 2023 ਪੰਜਾਬ ਦਿਹਾੜੇ ‘ਤੇ “ਮੈਂ ਪੰਜਾਬ ਬੋਲਦਾ ਹਾਂ” ਦੇ ਨਾਮ ਹੇਠ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਨਾਲ ਖੁਦ ਦੀ ਬਹਿਸ ਕਰਕੇ ਜੋ ਹੋਛੇਪਣ ਦਾ ਮੁਜਾਹਰਾ ਕੀਤਾ ਗਿਆ, ਉਹ ਬਹਿਸ ਦਾ ਮੁੱਢ ਬੱਝਣ ਦੀ ਬਜਾਏ ਰਾਹ ਬੰਦ ਕਰਨ ਵਾਲਾ ਜ਼ਰੂਰ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਕਿ ਖੇਤੀਬਾੜੀ ਯੂਨੀਵਰਸਿਟੀ ਬਹਿਸ ਦਾ ਸਥਾਨ ਨਹੀਂ, ਅਸਲ ਬਹਿਸ ਦਾ ਸਥਾਨ ਤਾਂ ਵਿਧਾਨ ਸਭਾ ਹੈ। ਦੂਜੀ ਗੱਲ ਜੇਕਰ ਤੁਸੀਂ ਪਿਛਲੀਆਂ ਸਰਕਾਰਾਂ ਦੇ ਜ਼ਿੰਮੇਵਾਰ ਸਿਆਸਤਦਾਨਾਂ ਨੂੰ ਉਹਨਾਂ ਦੇ ਕੀਤੇ ਕਾਰਨਾਮਿਆਂ ਬਾਰੇ ਸਵਾਲ ਕਰਨ ਲਈ ਮੰਚ ਤਿਆਰ ਕੀਤਾ ਸੀ ਤਾਂ ਪੰਜਾਬ ਦੇ ਉਹਨਾਂ ਆਮ ਲੋਕਾਂ ਨੂੰ ਘਰਾਂ ‘ਚ ਨਜ਼ਰਬੰਦ ਕਰਨ, ਗ੍ਰਿਫ਼ਤਾਰ ਕਰਨ ਜਾਂ ਚੱਪੇ ਚੱਪੇ ‘ਤੇ ਪੁਲਸ ਤਾਇਨਾਤ ਕਰਨ ਦੀ ਕੀ ਲੋੜ ਸੀ, ਜਿਹੜੇ ਮੌਜੂਦਾ ਮੁੱਖ ਮੰਤਰੀ ਨੂੰ ਉਹਨਾਂ ਦੇ ਮਹਿਜ ਇੱਕ ਸਾਲ ਦੇ ਕਾਰਜਕਾਲ ਬਾਰੇ ਹੀ ਸਵਾਲ ਜਵਾਬ ਕਰਨ ਆ ਰਹੇ ਸਨ? 

ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇਹ ਮੰਨਦੇ ਹਨ ਕਿ ਬਹਿਸ ਮੰਚ ‘ਤੇ ਖਾਲੀ ਪਈਆਂ ਕੁਰਸੀਆਂ ‘ਤੇ ਲਿਖੇ ਨਾਵਾਂ ਵਾਲੇ ਸਿਆਸਤਦਾਨ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ ਤਾਂ ਯਾਦ ਰੱਖੋ ਕਿ ਤੁਸੀਂ ਹੁਣ ਸਰਕਾਰ ਦੇ ਮੁਖੀ ਹੋ। ਜੇ ਹਿੰਮਤ ਹੈ ਤਾਂ ਹਨੇਰੇ ‘ਚ ਘਸੁੰਨ ਮਾਰ ਮਾਰ ਮਹਾਨ ਮੁੱਕੇਬਾਜ਼ ਦਾ ਭਰਮ ਪਾਲਣ ਨਾਲੋਂ ਉਹਨਾਂ ‘ਤੇ ਕਾਰਵਾਈ ਕਰਕੇ ਜੇਲ੍ਹੀਂ ਡੱਕਣ ਵਰਗਾ ਪਰਉਪਕਾਰ ਕਰੋ। ਪਰ ਨਹੀਂ, ਤੁਸੀਂ ਅਜਿਹਾ ਨਹੀਂ ਕਰੋਗੇ, ਕਿਉਂਕਿ ਬਾਦਸ਼ਾਹ ਏ ਸਤੌਜ ਕੋਲੋਂ ਤਾਂ ਆਪਣੇ ਦਾਗੀ ਵਿਧਾਇਕਾਂ ਮੰਤਰੀਆਂ ਖਿਲਾਫ ਇਕ ਸ਼ਬਦ ਮੂੰਹੋਂ ਨਹੀਂ ਨਿੱਕਲਿਆ, ਕਾਰਵਾਈ ਤਾਂ ਦੂਰ ਦੀ ਗੱਲ ਐ? ਆਪਣੇ ਆਪ ਨੂੰ ਸਵਾ ਤਿੰਨ ਕਰੋੜ ਪੰਜਾਬੀਆਂ ਦਾ ਨੁਮਾਇੰਦਾ ਕਹਿਣ ਵਾਲਾ ਆਮ ਮੁੱਖ ਮੰਤਰੀ ਜਦੋਂ ਬਹਿਸ ਦੇਖਣ ਆਏ “ਖਾਸ ਦਰਸ਼ਕਾਂ” ਮੂਹਰੇ ਇਕੱਲਾ ਬੈਠਾ ਆਪਣਾ ਹੀ ਮੋਢਾ ਖੁਦ ਪਲੋਸ ਕੇ ਅਸ਼ੀਰਵਾਦ ਲੈ ਰਿਹਾ ਸੀ ਤਾਂ ਯੂਨੀਵਰਸਿਟੀ ਦੇ ਬਾਹਰ ਖੜ੍ਹੇ ਤੇ ਘਰੀਂ ਨਜ਼ਰਬੰਦ ਕੀਤੇ ਸਵਾਲੀ ਇਹ ਪੁੱਛ ਰਹੇ ਸਨ ਕਿ ਜੇਕਰ ਤੁਹਾਨੂੰ ਐੱਸ ਵਾਈ ਐੱਲ ਨਹਿਰ ਦਾ ਐਨਾ ਹੀ ਹੇਜ ਹੈ ਤਾਂ ‘ਆਪ’ ਹਰਿਆਣਾ ਯੂਨਿਟ ਨੂੰ ਪੰਜਾਬ ਦੀਆਂ ਮੰਤਰੀ ਕੋਠੀਆਂ ਵਿੱਚ ਬੈਠ ਕੇ ਪੰਜਾਬ ਦੇ ਹੀ ਪਾਣੀਆਂ ‘ਤੇ ਹੱਕ ਜਤਾਉਣ ਦੀ ਇਜਾਜ਼ਤ ਦੇਣ ਲਈ ਮੁੱਖ ਮੰਤਰੀ ਚੁੱਪ ਕਿਉਂ ਸੀ? ਪੰਜਾਬ ਦੇ ਪਾਣੀਆਂ ਦੇ ਕੇਸ ਸੁਪਰੀਮ ਕੋਰਟ ਵਿੱਚ ਲੜਨ ਲਈ ਪੰਜਾਬ ਸਰਕਾਰ ਢਿੱਲ ਕਿਉਂ ਵਰਤ ਰਹੀ ਹੈ? ਜਦੋਂ ਤੁਹਾਡੇ ਸੁਪਰੀਮੋ ਕੇਜਰੀਵਾਲ, ਪੰਜਾਬ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੇ ਸੁਸ਼ੀਲ ਗੁਪਤਾ ਹਰਿਆਣੇ ਨੂੰ ਪਾਣੀ ਦੇਣ ਲਈ ਥਾਪੀਆਂ ਮਾਰ ਰਹੇ ਸਨ ਤਾਂ ਉਦੋਂ ਤੁਹਾਡੀ ਜੀਭ ਸੁੰਨ ਕਿਉਂ ਰਹੀ?

ਲੋਕ ਇਹ ਪੁੱਛਣ ਆਏ ਸਨ ਕਿ ਐੱਮ ਐੱਸ ਪੀ ਅਤੇ ਹੜ੍ਹ/ਗੜੇਮਾਰੀ ਦੇ ਨੁਕਸਾਨ ਦੇ ਮੁਆਵਜੇ ਕੀ ਪਾਕਿਸਤਾਨ ਦੀ ਸਰਕਾਰ ਦੇਵੇਗੀ? ਮੁਰਗੀਆਂ, ਚੂਚਿਆਂ ਦਾ ਮੁਆਵਜਾ ਤਾਂ ਦੂਰ, ਕਿਸਾਨ ਫਸਲਾਂ ਦਾ ਮੁਆਵਜਾ ਵੀ ਉਡੀਕ ਰਹੇ ਹਨ ਪਰ ਤੁਸੀਂ ਅਖਬਾਰਾਂ ‘ਚ ਇਸ਼ਤਿਹਾਰ ਛਪਵਾ ਕੇ ਖਾਨਾਪੂਰਤੀ ਜ਼ਰੂਰ ਕਰ ਦਿੱਤੀ ਸੀ। ਲੋਕ ਮੁੱਖ ਮੰਤਰੀ ਵੱਲੋਂ ਬੋਲੇ ਝੂਠਾਂ ਦਾ ਸੱਚ ਜਾਨਣ ਲਈ ਆਏ ਸਨ ਕਿ ਬੀ ਐੱਮ ਡਬਲਿਊ ਦਾ ਰੁਜ਼ਗਾਰ ਦੇਣ ਵਾਲਾ ਪਲਾਂਟ ਕਿੱਥੇ ਹੈ? ਤੁਸੀਂ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਬਾਰੇ ਵੀ ਝੂਠ ਬੋਲਿਆ ਸੀ, ਉਹ ਕਿਹੜੀ ਜੇਲ੍ਹ ‘ਚ ਹੈ? ਚਾਰ ਸਾਲ ਪਹਿਲਾਂ ਤੋਂ ਲੱਗੀ ਹੋਈ ਪਰਾਲੀ ਵਾਲੀ ਫੈਕਟਰੀ ਨੂੰ ਆਪਣੇ ਵੱਲੋਂ ਲਾਈ ਦੱਸਣਾ, ਕੀ ਮਜ਼ਬੂਰੀ ਸੀ? ਕੁਝ ਸਮਾਜਸੇਵੀ ਕਾਰਕੁੰਨਾਂ ਵੱਲੋਂ ਅਮਰੂਦ ਘੁਟਾਲਾ ਉਜਾਗਰ ਕੀਤਾ ਗਿਆ ਸੀ, ਉਸ ਵੱਡੇ ਘੁਟਾਲੇ ‘ਚ ਸ਼ਾਮਲ ਵੱਡੇ ਅਹੁਦਿਆਂ ‘ਤੇ ਬੈਠੇ ਅਫਸਰਾਂ ‘ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਕੋਲੋਂ ਪੈਸੇ ਜਮ੍ਹਾਂ ਕਰਵਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਤੁਹਾਡੇ ਨੱਕ ਹੇਠ ਹੋ ਰਹੀ ਹੈ, ਕੀ ਘਪਲੇਬਾਜ਼ਾਂ ਨੂੰ ਬਖਸ਼ਣ ਦੀ ਇਹ ਕੋਈ ਨਵੀਂ ਸਕੀਮ ਐ? 

ਲੋਕਾਂ ਨੂੰ ਯਾਦ ਐ ਕਿ ਤੁਸੀਂ 16 ਮੈਡੀਕਲ ਕਾਲਜ ਬਣਾਉਣ ਦਾ ਲਾਰਾ ਵੀ ਲਾਇਆ ਹੋਇਆ ਹੈ।

ਮੁੱਖ ਮੰਤਰੀ ਜੀਓ, ਜਿਹੜੇ ਘਪਲੇਬਾਜ਼ ਨੇੜੇ ਤੇੜੇ ਘੁੰਮ ਰਹੇ ਹਨ, ਉਹਨਾਂ ‘ਤੇ ਕਿਰਪਾ ਦ੍ਰਿਸ਼ਟੀ ਕਰਕੇ ਪਹਿਲਾਂ ਉਹਨਾਂ ਨੂੰ ਤਾਂ ਸਬਕ ਸਿਖਾਓ। ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ 1158 ਅਸਿਸਟੈਂਟ ਪ੍ਰੋਫੈਸਰਾਂ ਵਿੱਚੋਂ ਇੱਕ ਪ੍ਰੋ: ਬਲਵਿੰਦਰ ਕੌਰ ਆਪਣੇ ਖੁਦਕੁਸ਼ੀ ਨੋਟ ਵਿੱਚ ਤੁਹਾਡੇ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਇਲਜ਼ਾਮ ਲਾ ਕੇ ਜਹਾਨੋਂ ਰੁਖ਼ਸਤ ਹੋ ਗਈ। ਤੁਸੀਂ ਆਪਣੇ ਮੰਤਰੀ ਨੂੰ ਬਚਾਉਣ ਲਈ ਚੁੱਪ ਕਿਉਂ ਵੱਟ ਲਈ? ਕਾਂਗਰਸ ਤੇ ਅਕਾਲੀ ਸਰਕਾਰਾਂ ਵੇਲੇ ਵਾਪਰੀਆਂ ਘਟਨਾਵਾਂ ਵੇਲੇ ਤੁਸੀਂ ਉਹਨਾਂ ਨੂੰ ਜ਼ਿੰਮੇਵਾਰ ਦੱਸਦੇ ਹੁੰਦੇ ਸੀ ਪਰ ਹੁਣ ਖੁਦਕੁਸ਼ੀ ਨੋਟ ‘ਚ ਲਿਖਿਆ ਮੰਤਰੀ ਦਾ ਨਾਮ ਵੀ ਨਜ਼ਰ ਨਹੀਂ ਆ ਰਿਹਾ?

ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਸੱਤਾ ਵਿੱਚ ਆਉਣ ਲਈ ਲੋਕਾਂ ਅੱਗੇ ਤਰਲੇ ਕੀਤੇ ਗਏ ਸਨ ਕਿ ਸਾਡੇ ਉੱਪਰ “ਵਿਸ਼ਵਾਸ ਕਰੋ” ਪਰ ਹੁਣ ਗਲੀ ਗਲੀ ਵਿਕਦੇ ਨਸ਼ੇ ਨੂੰ ਰੋਕਣ ਦੀ ਬਜਾਏ ਲੋਕਾਂ ਨੂੰ ਕਹਿ ਰਹੇ ਹੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ “ਅਰਦਾਸ ਕਰੋ”। ਕੀ ਲੋਕ ਇਹ ਮੰਨ ਲੈਣ ਕਿ ਸਰਕਾਰ ਕਾਨੂੰਨ ਦੀ ਬਜਾਏ “ਰੱਬ ਆਸਰੇ” ਚੱਲ ਰਹੀ ਹੈ?

ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਕੇਜਰੀਵਾਲ ਨੂੰ ਵੱਖ ਵੱਖ ਸੂਬਿਆਂ ‘ਚ ਪੰਜਾਬ ਦੇ ਜਹਾਜ ‘ਚ ਝੂਟੇ ਦਿਵਾ ਕੇ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਮਾਇਆ ਨੂੰ ਕਿਉਂ ਲੁਟਾਇਆ ਜਾ ਰਿਹੈ? ਆਰਟੀਆਈ ਕਾਰਕੁੰਨਾਂ ਨੂੰ ਇਹਨਾਂ ਖਰਚਿਆਂ ਦਾ ਹਿਸਾਬ ਕਿਤਾਬ ਦੇਣ ਦੀ ਬਜਾਏ ਧਮਕਾਇਆ ਕਿਉਂ ਜਾ ਰਿਹਾ ਹੈ? ਦੁਸ਼ਿਅੰਤ ਚੌਟਾਲਾ ਨੂੰ ਪੰਜਾਬ ਦੇ ਜਹਾਜ ਨੂੰ ਵਰਤਣ ਦੀ ਖੁੱਲ੍ਹ ਕਿਸ ਗੱਲੋਂ ਦਿੱਤੀ ਗਈ? ਸ਼ਾਇਦ ਇਸ ਗੱਲ ਦਾ ਜਵਾਬ ਵੀ ਲੈਣ ਆਏ ਸਨ ਕਿ ਤੁਸੀਂ ਕਹਿੰਦੇ ਹੁੰਦੇ ਸੀ ਕਿ ਨੇਤਾ ਸੁਰੱਖਿਆ ਕਰਮੀਆਂ ਦੀਆਂ ਧਾੜਾਂ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਜਿਸ ਨੇਤਾ ਨੂੰ ਸਿਆਸਤ ‘ਚ ਆ ਕੇ ਲੋਕਾਂ ਕੋਲੋਂ ਖਤਰਾ ਮਹਿਸੂਸ ਹੁੰਦੈ, ਉਹ ਸਿਆਸਤ ਛੱਡ ਕੇ ਮੁਰਗੀਖਾਨਾ ਖੋਲ੍ਹ ਲੈਣ। ਹੁਣ ਤੁਹਾਡੇ ਵਿਧਾਇਕਾਂ, ਮੰਤਰੀਆਂ ਦੇ ਨਾਲ-ਨਾਲ ਪਰਿਵਾਰਾਂ ਦੇ ਜੀਆਂ (ਸਮੇਤ ਤੁਹਾਡੇ) ਨਾਲ ਵੀ ਓਹੀ ਧਾੜਾਂ ਤੁਰ ਰਹੀਆਂ ਹਨ। ਤੁਸੀਂ ਕਿੱਥੇ ਕਿੱਥੇ ਮੁਰਗੀਖਾਨੇ ਖੋਲ੍ਹਣ ਜਾ ਰਹੇ ਹੋ?

ਵਿਸ਼ਵ ਭਰ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਚਰਚਾ ਤੇ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਲੋਕ ਇਸ ਝਾਕ ‘ਚ ਹਨ ਕਿ ਨੌਜਵਾਨ ਗਾਇਕ ਦੀ ਸੁਰੱਖਿਆ ਘਟਾਉਣ ਸੰਬੰਧੀ ਖੁਫੀਆ ਜਾਣਕਾਰੀ “ਲੀਕ” ਕਰਨ ਵਾਲਿਆਂ ‘ਤੇ ਕੀ ਕਾਰਵਾਈ ਕੀਤੀ? ਉਸ ਕਤਲ ਨਾਲ ਸਿੱਧੇ ਤੌਰ ‘ਤੇ ਜੁੜੇ ਗੈਂਗਸਟਰ ਵੱਲੋਂ ਜੇਲ੍ਹ ਅੰਦਰੋਂ ਲਾਈਵ ਇੰਟਰਵਿਊ ਦੇ ਕੇ ਤੁਹਾਡੇ ਸੁਰੱਖਿਆ ਪ੍ਰਬੰਧਾਂ ਦਾ ਰੱਜ ਕੇ ਜਲੂਸ ਕੱਢਿਆ ਗਿਆ, ਕਿਸ ‘ਤੇ ਕਾਰਵਾਈ ਹੋਈ? 

ਜਗਰਾਉਂ ‘ਚ ਇੱਕ ਆਮ ਆਦਮੀ ਪਾਰਟੀ ਦੇ ਹੀ ਹਿਮਾਇਤੀ ਰਹੇ ਪ੍ਰਵਾਸੀ ਪੰਜਾਬੀ ਲੋਪੋ ਪਰਿਵਾਰ ਦੀ ਕੀਮਤੀ ਕੋਠੀ ਨੂੰ ਦੱਬਣ ਦੇ ਮਾਮਲੇ ‘ਚ ਤੁਹਾਡੀ ਵਿਧਾਇਕਾ ਬੀਬੀ ‘ਤੇ ਸ਼ਰੇਆਮ ਇਲਜ਼ਾਮ ਲੱਗਦੇ ਰਹੇ ਪਰ ਕਾਰਵਾਈ ਤਾਂ ਦੂਰਰਰਰਰ, ਤੁਸੀਂ ਕਬੂਤਰ ਵਾਂਗੂੰ ਅੱਖਾਂ ਈ ਮੀਚ ਗਏ। ਤੁਹਾਡੇ ਮੀਡੀਆ ਸਲਾਹਕਾਰ ਸਾਹਿਬ ਉਸ ਪੀੜਤ ਪਰਿਵਾਰ ਨੂੰ ਭੁਚਲਾ ਕੇ ਆਵਦਾ ਧੰਨਵਾਦ ਕਰਵਾ ਗਏ ਪਰ ਪੀੜਤ ਪਰਿਵਾਰ ਸਿਰਫ ਚਾਬੀਆਂ ਹਾਸਲ ਕਰਕੇ ਹੀ ਸਰਕਾਰੇ ਦਰਬਾਰੇ ਹਾੜੇ ਕੱਢ ਰਿਹੈ, ਜਦਕਿ ਕੋਠੀ ਅਜੇ ਵੀ ਦੱਬਣ ਵਾਲਿਆਂ ਦੇ ਨਾਮ ਬੋਲ ਰਹੀ ਐ। 75 ਸਾਲ ਦੀ ਬਜ਼ੁਰਗ ਮਾਤਾ ਦਰ ਦਰ ਠੋਕਰਾਂ ਖਾ ਰਹੀ ਐ, ਤੁਹਾਡੇ ਪਰਸਨਲ ਅਸਿਸਟੈਂਟਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਗੱਲ ਤਣ ਪੱਤਣ ਨਹੀਂ ਲੱਗੀ ਤਾਂ ਸਿੱਧਾ ਮਤਲਬ ਐ ਕਿ ਕੱਠੀ ਦੱਬਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ।

ਭਗਵੰਤ ਮਾਨ ਜੀ, ਹਰ ਮੰਚ ਤੋਂ “ਸਵਾ ਤਿੰਨ ਕਰੋੜ- ਸਵਾ ਤਿੰਨ ਕਰੋੜ” ਪੰਜਾਬੀਆਂ ਦਾ ਸੇਵਾਦਾਰ ਹੋਣ ਦਾ ਤੋਤਾ ਰਟਨ ਕਰਕੇ ਪੰਜਾਬੀਆਂ ਨੂੰ ਭਾਵਨਾਤਮਕ ਤੌਰ ‘ਤੇ ਗੁੰਮਰਾਹ ਕਰਨ ਦਾ ਰਾਹ ਤਿਆਗ ਕੇ ਆਪਣੇ ਅਹੁਦੇ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਵੋ। ਤੁਹਾਨੂੰ ਮੁੱਖ ਮੰਤਰੀ, ਪੰਜਾਬ ਦੇ ਖਰਚੇ ‘ਤੇ ਕੇਜਰੀਵਾਲ ਨੂੰ ਜਹਾਜ ਦੇ ਝੂਟੇ ਦਿਵਾਉਣ ਲਈ ਨਹੀਂ ਬਣਾਇਆ, ਸਗੋਂ ਪੰਜਾਬ ਦੇ ਭਲੇ ਦਿਨ ਵਾਪਸ ਲਿਆਉਣ ਦੀ ਉਮੀਦ ਨਾਲ ਬਣਾਇਆ ਹੈ। ਜੇਕਰ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂੰ ਪੰਜਾਬ ਨੂੰ ਉਜਾੜੇ ਵੱਲ ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਵੱਲ ਦਾ ਰਾਹ ਅਪਣਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਪੱਲੇ ਮੁੱਖ ਮੰਤਰੀ, ਸਾਂਸਦ ਵਾਲੀਆਂ ਪੈਨਸ਼ਨਾਂ ਹੀ ਰਹਿ ਜਾਣਗੀਆਂ। ਜਿਹੜੇ ਲੋਕ ਆਪਣੇ ਚਹੇਤੇ ਕਲਾਕਾਰ ਤੇ ਨੇਤਾ ਭਗਵੰਤ ਮਾਨ ਨੂੰ ਪਲਕਾਂ ਦੀ ਝੱਲ ਮਾਰਦੇ ਹਨ, ਆਉਣ ਵਾਲੇ ਸਮੇਂ ਵਿੱਚ ਚਿਮਟੇ ਨਾਲ ਚੁੱਕਣ ਲਈ ਵੀ ਤਿਆਰ ਨਹੀਂ ਹੋਣਗੇ।

ਮਨਦੀਪ ਖੁਰਮੀ ਹਿੰਮਤਪੁਰਾ (ਸਕਾਟਲੈਂਡ)
ਸੰਪਰਕ +44 75191 12312

ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਸੰਖੇਪ ਇਤਿਹਾਸ ਅਤੇ ਡੇਢ ਸੌ ਸਾਲਾ ਸਤਾਬਦੀ

ਅੰਗਰੇਜਾਂ ਵੱਲੋਂ ਸੰਨ 1849 ਈਸਵੀ ਵਿਚ ਖਾਲਸਾ ਰਾਜ ਮੁਅਤਲ ਕਰਕੇ ਮੁਕੰਮਲ ਪੰਜਾਬ ਨੂੰ ਆਪਣੇ ਅਧੀਨ ਕੀਤੇ ਜਣ ਤੋਂ ਬਾਅਦ ਈਸਾਈ ਮਿਸ਼ਨਰੀਆਂ ਨੇ ਬੇਖੌਂਫ਼ ਹੋ ਕੇ ਪੰਜਾਬ ਅੰਦਰ ਆਪਣੇ ਮਿਸ਼ਨ ਸਥਾਪਤ ਕਰ ਲਏ ਅਤੇ ਆਪਣੇ ਸਕੂਲ ਖੋਲ੍ਹ ਦਿੱਤੇ। ਅੰਗਰੇਜ਼ ਹਕੂਮਤ ਨੇ ਈਸਾਈ ਮਿਸ਼ਨਰੀਆਂ ਨੂੰ ਪ੍ਰਚਾਰ ਦੇ ਖੂਬ ਮੌਕੇ ਪਰਦਾਨ ਕਰਵਾਏ। ਉੱਧਰ ਸਿੱਖਾਂ ਨੂੰ ਆਪਣਾ ਰਾਜ ਭਾਗ ਖੁੱਸ ਜਾਣ ਤੋ ਬਾਅਦ ਨਿਰਾਸਾ ਨੇ ਘੇਰ ਲਿਆ। ਉਹ ਜਿੱਧਰ ਵੀ ਕੋਈ ਰਾਹਤ ਮਿਲਦੀ ਜਾਪਦੀ, ਉੱਧਰ ਹੀ ਖਿੱਚੇ ਜਾਣ ਲੱਗੇ।ਸਿੱਖ ਰਾਜ ਦੇ ਜਾਣ ਤੋ ਬਾਅਦ ਹਿੰਦੂ, ਮੁਸਲਿਮ ਅਤੇ ਈਸਾਈ ਮਿਸ਼ਨਰੀਆਂ ਨੇ ਨਿਰਾਸ ਹੋਏ ਸਿੱਖਾਂ ਨੂੰ ਆਪਣੇ ਆਪਣੇ ਧਰਮਾਂ ਵਿੱਚ ਸ਼ਾਮਲ ਕਰਨ ਲਈ ਜੋਰਦਾਰ ਪਰਚਾਰ ਅਰੰਭਿਆ ਹੋਇਆ ਸੀ,ਜਿਸ ਦੇ ਫਰਲਸਰੂਪ 1868 ਦੀ ਪਹਿਲੀ ਮਰਦਮਸੁਮਾਰੀ ਮੌਕੇ ਸਿੱਖਾਂ ਦੀ ਕੁੱਲ ਗਿਣਤੀ ਸਾਢੇ ਗਿਆਰਾਂ ਲੱਖ ਤੋ ਘੱਟ (11,41,448) ਰਹਿ ਗਈ। ਸੰਨ 1873 ਵਿਚ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਦੇ ਈਸਾਈ ਬਨਣ  ਦੀ ਚਰਚਾ ਹੋਈ ਅਤੇ ਇਹਨਾਂ ਦਿਨਾਂ ਵਿੱਚ ਹੀ ਇੱਕ ਹਿੰਦੂ ਪਰਚਾਰਕ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਗੁਰੂ ਕੇ ਬਾਗ ਵਿਖੇ ਆਪਣੀ ਕਥਾ ਦੌਰਾਨ ਸਿੱਖੀ ਨੂੰ ਮਿਥ ਕੇ ਨਿਸਾਨਾ ਬਣਾਇਆ ਗਿਆ, ਇੱਥੋ ਤੱਕ ਕਿ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਗੁਰੂ ਨਾਨਕ ਸਾਹਿਬ ਸਬੰਧੀ ਵੀ ਅਪਸਬਦ ਆਪਣੀ ਕਥਾ ਦੌਰਾਨ ਬੋਲ ਦਿੱਤੇ, ਜਿਸ ਕਰਕੇ ਉਹਨਾਂ ਦਾ ਵਿਰੋਧ ਹੋਣਾ ਸੁਭਾਵਿਕ ਸੀ।ਸਿੱਖ ਨੌਜਵਾਨਾਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ।ਇਸ ਤੋ ਬਾਅਦ ਸੂਝਵਾਨ ਸਿੱਖ ਸਿੱਦਤ ਨਾਲ ਇਹ ਲੋੜ ਮਹਿਸੂਸ਼ ਕਰਨ ਲੱਗ ਪਏ ਕਿ ਸਿੱਖ ਵਿਰੋਧੀ ਲਹਿਰਾਂ ਦਾ ਟਾਕਰਾ ਕਰਨ ਲਈ ਉਹਨਾਂ ਨੂੰ ਵੀ ਕੋਈ ਸਿੱਖ ਲਹਿਰ ਚਲਾਉਣੀ ਪਵੇਗੀ। ਸੋ ਸਿੱਖੀ ਦੀ ਹੋਂਦ ਹਸਤੀ ਨੂੰ ਦਰਪੇਸ ਗੰਭੀਰ ਚਣੌਤੀਆਂ ਵਿੱਚੋ ਹੀ ਸ੍ਰੀ ਗੁਰੂ ਸਿੰਘ ਸਭਾ ਦਾ ਜਨਮ ਹੋਇਆ। 30 ਜੁਲਾਈ ਨੂੰ ਗੁਰੂ ਕੇ ਬਾਗ ਵਿੱਚ ਹੀ ਬਾਬਾ ਖੇਮ ਸਿੰਘ ਬੇਦੀ, ਸਰਦਾਰ ਠਾਕਰ ਸਿੰਘ ਸੰਧਾਂਵਾਲੀਆ, ਕੰਵਰ ਬਿਕਰਮਾ ਸਿੰਘ, ਗਿਆਨੀ ਗਿਆਨ ਸਿੰਘ ਆਦਿ ਸਿੱਖ ਆਗੂਆਂ ਨੇ ਇਕੱਤਰ ਹੋ ਕੇ ‘ਸ੍ਰੀ ਗੁਰੂ ਸਿੰਘ ਸਭਾ’ ਨਾਮ ਦੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ। 1 ਅਕਤੂਬਰ 1873 ਨੂੰ ਦੁਸਹਿਰੇ ਵਾਲੇ ਦਿਨ, ਹੋਈ ਮੀਟਿੰਗ ਵਿੱਚ ਸਭਾ ਦੇ ਹੋਂਦ ਵਿੱਚ ਆਉਣ,ਅਸੂਲ, ਫਰਜ ਅਤੇ ਏਜੰਡਾ ਸਾਂਝਾ ਕੀਤਾ ਗਿਆ, ਜਿਸ ਵਿੱਚ :- ਪੰਥ ਦੀਆਂ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਕੇ ਸਿੱਖੀ ਦੇ ਗੁਰੂਆਂ ਦੁਆਰਾ ਦੱਸੇ ਅਸੂਲਾਂ ਨੂੰ ਉਜਾਗਰ ਕਰਨਾ ਅਤੇ ਉਸ ਦਾ ਪ੍ਰਚਾਰ ਕਰਨਾ, ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਦੀ ਖੋਜ, ਪੜਚੋਲ ਕਰਕੇ ਮੁਨਾਸਬ ਸਾਹਿਤ ਦਾ ਪ੍ਰਕਾਸ਼ਨ ਅਤੇ ਪ੍ਰਸਾਰ ਕਰਨਾ, ਗੁਰਮੁਖੀ ਰਾਹੀਂ ਨਵੇਂ ਗਿਆਨ ਅਤੇ ਵਿੱਦਿਆ ਦਾ ਪ੍ਰਚਾਰ ਕਰਨਾ, ਪੰਜਾਬੀ ਭਾਸ਼ਾ ਵਿੱਚ ਅਖ਼ਬਾਰ ਅਤੇ ਰਸਾਲੇ ਕੱਢਣੇ, ਪਤਿਤ ਹੋਏ ਸਿੱਖਾਂ ਦਾ ਸੁਧਾਰ ਅਤੇ ਅੰਮ੍ਰਿਤ ਸੰਚਾਰ ਪ੍ਰਚਾਰ, ਅੰਗਰੇਜ਼ ਸਰਕਾਰ ਨਾਲ ਮਿਲਵਰਤਨ ਰੱਖਣਾ ਅਤੇ ਸਭਾ ਦੇ ਵਿੱਦਿਅਕ ਟੀਚੇ ਪ੍ਰਾਪਤ ਕਰਨ ਲਈ ਸਰਕਾਰੀ ਸਹਿਯੋਗ ਲੈਣਾ ਮੁੱਖ ਏਜੰਡੇ ਉਲੀਕੇ ਗਏ। ਸ੍ਰੀ ਗੁਰੂਸਿੰਘ ਸਭਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਭਾ ਨੇ ਦੂਜੇ ਧਰਮਾਂ ਨਾਲ ਟਕਰਾਓ ਪੈਦਾ ਕਰਕੇ ਉਲਝਣ ਦੀ ਬਜਾਏ ਆਪਣੇ ਧਰਮ ਪ੍ਰਤੀ ਸੰਜੀਦਾ ਹੋਣ ਨੂੰ ਪਹਿਲ ਦਿੱਤੀ ਅਤੇ ਸਿੱਖੀ ਪ੍ਰਤੀ ਪਰਪੱਕਤਾ ਨੂੰ ਦ੍ਰਿੜ ਕਰਵਾਉਣਾ ਹੀ ਨਿਸਾਨਾ ਰੱਖਿਆ।

ਡਾ ਰਤਨ ਸਿੰਘ ਜੱਗੀ ਦੇ ਸਬਦਾਂ ਵਿੱਚ ਸਿੰਘ ਸਭਾ ਅੰਮ੍ਰਿਤਸਰ ਦੇ ਕਾਰਕੁਨ ਅਕਸਰ ਰਈਸ ਪਰਿਵਾਰਾਂ ਨਾਲ ਸੰਬੰਧ ਰਖਦੇ ਸਨ ਜਿਵੇਂ ਬਾਬਾ ਖੇਮ ਸਿੰਘ ਬੇਦੀ , ਰਾਜਾ ਬਿਕ੍ਰਮ ਸਿੰਘ ਫ਼ਰੀਦਕੋਟ , ਕੰਵਰ ਬਿਕ੍ਰਮਾ ਸਿੰਘ ਕਪੂਰਥਲਾ , ਸ. ਠਾਕੁਰ ਸਿੰਘ ਸੰਧਾਵਾਲੀਆ, ਸ. ਮਿਹਰ ਸਿੰਘ ਚਾਵਲਾ, ਡਾ. ਜੈ ਸਿੰਘ, ਭਾਈ ਮਈਆ ਸਿੰਘ ਆਦਿ। ਇਸ ਸਭਾ ਦਾ ਪਹਿਲਾ ਪ੍ਰਧਾਨ ਸ. ਠਾਕੁਰ ਸਿੰਘ ਸੰਧਾਵਾਲੀਆ ਅਤੇ ਪਹਿਲਾ ਸਕੱਤਰ ਗਿਆਨੀ ਗਿਆਨ ਸਿੰਘ ਸਨ। ਊਚ ਨੀਚ ਦੇ ਪਾੜੇ ਕਾਰਨ 1879 ਵਿੱਚ ਸ੍ਰੀ ਗੁਰੂ ਸਿੰਘ ਸਭਾ ਲਹੌਰ ਹੋਂਦ ਵਿੱਚ ਆਂਈ, ਜਿਸ ਦੇ ਪਹਿਲੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਮੁੱਖ ਸਕੱਤਰ ਪ੍ਰੋ ਗੁਰਮੁਖ ਸਿੰਘ ਨੂੰ ਬਣਾਇਆ ਗਿਆ। 1880 ਵਿੱਚ ਲਹੌਰ ਵਿੱਚ ਹੋਏ ਇੱਕ ਇਜਲਾਸ ਵਿੱਚ ਦੋਵਾਂ ਸਭਾਵਾਂ ਵਿੱਚ ਤਾਲਮੇਲ ਪੈਦਾ ਕਰਨ ਲਈ ਸਿੰਘ ਸਭਾ ਜਨਰਲ ਦਾ ਗਠਨ ਕੀਤਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਬਹੁਤ ਦੂਰਗਾਮੀ ਪ੍ਰਭਾਵ ਦੇਖਿਆ ਗਿਆ।ਖਾਲਸਾ ਸਕੂਲ ਅਤੇ ਕਾਲਜ ਬਨਾਉਣੇ ਸਭਾ ਦਾ ਟੀਚਾ ਰਿਹਾ, ਸਿੱਖ ਵਿਦਵਾਨ ਪੈਦਾ ਕਰਕੇ ਸਿੱਖ ਸਾਹਿਤ ਨੂੰ ਲਿਖਣ ਅਤੇ ਸਾਂਭਣ ਦੇ ਵੱਡੇ ਉਪਰਾਲੇ ਕੀਤੇ ਗਏ, ਇਸ ਤੋ ਇਲਾਵਾ ਸਿੰਘ ਸਭਾ ਲਹਿਰ ਨੇ ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਗਿਆਨੀ ਗਿਆਨ ਸਿੰਘ ਵਰਗੇ ਪ੍ਰਸਿੱਧ ਸਿੱਖ ਵਿਦਵਾਨ ਵੀ ਪੈਦਾ ਕੀਤੇ, ਪ੍ਰਿੰਸੀਪਲ ਗੁਰਦਿੱਤ ਸਿੰਘ ਪ੍ਰੇਮੀ ਅਤੇ ਡਾ ਭਗਤ ਸਿੰਘ ਅਨੁਸਾਰ :- ਸਿੰਘ ਸਭਾ ਲਹਿਰ ਦੇ ਪਹਿਲੇ ਲੇਖਕਾਂ ਵਿਚ ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਮੋਹਨ ਸਿੰਘ ਵੈਦ, ਸ. ਚਰਨ ਸਿੰਘ ਸ਼ਹੀਦ, ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਸ਼ਾਮਲ ਹਨ। ਪਰ ਇਹ ਵੀ ਸੱਚ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਦੇ ਆਗੂ ਉੱਚ ਜਤੀਏ ਅਤੇ ਸਰਮਾਏਦਾਰ ਸਨ, ਜਿਸ ਕਰਕੇ ਗਰੀਬੜੇ ਸਿੱਖ ਇਸ ਸਭਾ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੋ ਨਿਰਾਸ ਹੋ ਗਏ ਅਤੇ ਇਸ ਨਿਰਾਸ਼ਤਾ ਵਿੱਚੋਂ ਹੀ ਸ੍ਰੀ ਗੁਰੂ ਸਿੰਘ ਸਭਾ ਲਹੌਰ ਦਾ ਜਨਮ ਹੋਇਆ।ਇਸ ਲਹੌਰ ਵਾਲੀ ਸਭਾਂ ਵਿੱਚ ਬਹੁ ਗਿਣਤੀ ਗਰੀਬੜੇ ਸਿੱਖਾਂ ਦੀ ਹੋਣ ਕਰਕੇ ਉਹ ਆਪਣੇ ਸਿਧਾਂਤਾਂ ਪ੍ਰਤੀ ਵੱਧ ਸਤੱਰਕ ਅਤੇ ਦ੍ਰਿੜ ਰਹੇ।

ਪ੍ਰੋ ਗੁਰਮੁਖ ਸਿੰਘ,ਗਿਆਨੀ ਦਿੱਤ ਸਿੰਘ ਅਤੇ ਜਵਾਹਰ ਸਿੰਘ ਕਪੂਰ ਵਰਗੇ ਵਿਦਵਾਨ ਗਰੀਬੜੇ ਸਿੱਖਾਂ ਨੇ ਇਸ ਸਭਾ ਨੂੰ ਪਿੰਡ ਪਿੰਡ ਪਹੁੰਚਾਉਣ ਵਿੱਚ ਵੱਡਾ ਜੋਗਦਾਨ ਪਾਇਅ।ਇਹੋ ਕਾਰਨ ਸੀ ਕਿ ਦੋਵਾਂ ਸਭਾਵਾ ਵਿੱਚ ਅਕਸਰ ਹੀ ਸਿਧਾਂਤਕ ਮੱਤਭੇਦ ਰਹੇ ਹਨ,ਜਿਸ ਕਰਕੇ ਦੋਵਾਂ ਸਭਾਵਾਂ ਵਿੱਚ ਤਾਲਮੇਲ ਬਰਕਰਾਰ ਰੱਖਣ ਲਈ ਸਿੰਘ ਸਭਾ ਜਨਰਲ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ 1983 ਵਿੱਚ ਖਾਲਸਾ ਦੀ੍ਵਾਨ ਅਮ੍ਰਿਤਸਰ ਦਾ ਨਾਮ ਨਾਲ ਦੇ ਦਿੱਤਾ ਗਿਆ।ਸਿਧਾਂਤਕ ਮੱਤਭੇਦਾਂ ਦੀ ਬਦੌਲਤ ਹੀ ਪ੍ਰੋ ਗੁਰਮੁੱਖ ਸਿੰਘ ਹੋਰਾਂ ਨੂੰ ਖਾਲਸਾ ਦਿਵਾਨ ਲਹੌਰ ਦਾ ਗਠਨ ਕਰਨ ਲਈ ਮਜਬੂਰ ਹੋਣਾ ਪਿਆ ਸੀ।ਇਹ ਵੀ ਕੌੜਾ ਸੱਚ ਹੈ ਕਿ ਇਹ ਸਰਮਾਏਦਾਰ ਸਿੱਖਾਂ ਦੀ ਅਗਵਾਈ ਨੇ ਮੁੱਢੋ ਹੀ ਪੰਥ ਦਾ ਨੁਕਸਾਨ ਕੀਤਾ ਹੈ ਅਤੇ ਲਗਾਤਾਰ ਪੰਥ ਦੀ ਹੋ ਰਹੀ ਦੁਰਗਤੀ ਲਈ ਵੀ ਇਹ ਸਰਮਾਏਦਾਰੀ ਪਹੁੰਚ ਮੁੱਖ ਤੌਰ ਤੇ ਜੁੰਮੇਵਾਰ ਰਹੀ ਹੈ। ਸਿੱਖ ਵਿਦਵਾਨ ਗੁਰਮੁਖ ਸਿੰਘ ਅਨੁਸਾਰ :- ਸਿੰਘ ਸਭਾਵਾਂ ਦੇ ਪ੍ਰਚਾਰ ਦੇ ਫਲਸਰੂਪ ਪੰਜਾਬ ਵਿੱਚ ਸਿੱਖ ਅਬਾਦੀ 1868 ਵਿੱਚ ਸਾਢੇ ਗਿਆਰਾਂ ਲੱਖ ਤੋਂ ਵੀ ਘੱਟ ਸੀ, 1881 ਵਿੱਚ ਸਾਢੇ ਅਠਾਰਾਂ ਲੱਖ, 1891 ਵਿੱਚ ਉੱਨੀ ਲੱਖ ਅਤੇ 1901 ਵਿੱਚ ਬਾਈ ਲੱਖ ਦੇ ਕਰੀਬ ਹੋ ਗਈ। ਇਸ ਦੇ ਨਾਲ ਹੀ ਵਿੱਦਿਆ ਦਾ ਬੜਾ ਪ੍ਰਸਾਰ ਹੋਇਆ।ਇਸ ਸਮੇ ਤੱਕ ਦੋਵੇਂ ਸਭਾਵਾਂ ਦੇ ਪਰਮੁੱਖ ਆਗੂ ਅਕਾਲ ਚਲਾਣਾ ਕਰ ਚੁੱਕੇ ਸਨ,ਜਿਸ ਕਰਕੇ ਚੀਫ ਖਾਲਸਾ ਦੀਵਾਨ ਹੋਂਦ ਵਿੱਚ ਆਇਆ।1902 ਵਿੱਚ ਬਣੇ ਚੀਫ ਖਾਲਸਾ ਦੀਵਾਨ ਦੇ ਪਹਿਲੇ ਪ੍ਰਧਾਨ ਭਾਈ ਅਰਜਨ ਸਿੰਘ ਬਾਗੜੀਆਂ ਅਤੇ ਸਕੱਤਰ ਸ੍ਰ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ ਗਿਆ।ਬਿਨਾ ਸ਼ੱਕ ਚੀਫ ਖਾਲਸਾ ਦੀਵਾਨ ਦੇ ਮੋਹਰੀ ਵੀ ਸ੍ਰੀ ਸਿੰਘ ਸਭਾ ਅਮ੍ਰਿਤਸਰ ਅਤੇ ਖਾਲਸਾ ਦੀਵਾਨ ਅਮ੍ਰਿਤਸਰ ਵਾਂਗ ਵੱਡੇ ਸਰਮਾਏਦਾਰ,ਧਨਾਡ ਸਿੱਖ ਹੀ ਰਹੇ ਹਨ,ਜਿੰਨਾਂ ਦਾ ਮੌਜੂਦਾ ਸਮੇ ਵਿੱਚ ਵੀ ਚੀਫ ਖਾਲਸਾ ਦੀ੍ਵਾਨ ਸਮੇਤ ਸਮੁੱਚੀਆਂ ਪਰਮੁੱਖ ਸਿੱਖ ਸੰਸਥਾਵਾਂ ਅਤੇ ਸਮੁੱਚੇ ਗੁਰਦੁਆਰਾ ਪ੍ਰਬੰਧ ਤੇ ਮੁਕੰਮਲ ਕਬਜਾ ਹੈ। 1915 ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਚੜਤ ਲੱਗਭੱਗ ਖਤਮ ਹੋ ਗਈ,ਇਸ ਦੀ ਜਗਾਹ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਨੇ ਲੈ ਲਈ। ਇਹ ਵੀ ਇਤਫਾਕ ਹੈ ਜਾ ਕੁਦਰਤੀ ਵਰਤਾਰਾ ਕਿ ਸ੍ਰੀ ਗੁਰੂ ਸਿੰਘ ਸਭਾਵਾਂ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਤੇ ਹਿੰਦੂ, ਮੁਸਲਮ ਅਤੇ ਈਸਾਈ ਮਿਸ਼ਨਰੀਆਂ ਦੇ ਮਾਰੂ ਹਮਲਿਆਂ ਦੇ ਟਾਕਰੇ ਲਈ ਹੋਂਦ ਵਿੱਚ ਆਈਆਂ ਸਨ ਅਤੇ ਅੱਜ ਜਦੋ ਸਿੱਖ ਪੰਥ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਡੇਢ ਸੌ ਸਾਲਾ ਸਤਾਬਦੀ ਮਨਾਉਣ ਜਾ ਰਿਹਾ ਹੈ,ਤਾਂ ਐਨ ਉਸ ਮੌਕੇ ਵੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਖਤਮ ਕਰਨ ਦੇ ਕੋਝੇ ਯਤਨ ਹੋ ਰਹੇ ਹਨ।ਮੌਜੂਦਾ ਸਮੇ ਵਿੱਚ ਵੀ ਡੇਰਾਵਾਦ ਅਤੇ ਈਸਾਈ ਮਿਸ਼ਨਰੀ ਸਿੱਖੀ ਦੀ ਹੋਂਦ ਲਈ ਵੱਡੀ ਚਣੌਤੀ ਬਣ ਕੇ ਖੜੇ ਹਨ।

ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ

1969 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪੰਜ ਸੌ ਸਾਲਾ ਸਤਾਬਦੀ ਤੋ ਲੈ ਕੇ 1999 ਚ ਖਾਲਸਾ ਸਾਜਨਾ ਦਿਵਸ ਸਤਾਬਦੀ ਮਨਾਈ ਸੀ,ਉਸ ਤੋਂ ਬਾਅਦ ਸਤਾਬਦੀਆਂ ਮਨਾਉਣ ਦੀ ਕਬਾਇਦ ਸ਼ੁਰੂ ਹੋਈ। ਸਤਾਬਦੀਆਂ ਮਨਾਈਆਂ ਵੀ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਕਹਾਵਤ ਵੀ ਹੈ ਕਿ ਜਿਹੜੀਆਂ ਕੌਂਮਾਂ ਆਪਣੇ  ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਇੱਕ ਨਾ ਇੱਕ ਦਿਨ ਦੁਨੀਆਂ ਦੇ ਨਕਸ਼ੇ ਵਿੱਚੋਂ ਵੀ  ਅਲੋਪ ਹੋ ਜਾਂਦੀਆਂ ਹਨ।ਸੋ ਕੌਂਮ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਦੁਨੀਆਂ ਤੱਕ ਲੈ ਕੇ ਜਾਣ ਵਿੱਚ ਇਹ ਸਤਾਬਦੀਆਂ ਵੀ ਕੌਂਮੀ ਪਰਚਾਰ ਦਾ ਇੱਕ ਵਧੀਆ ਜਰੀਆ ਬਣਦੀਆਂ ਹਨ। ਇਤਿਹਾਸਿਕ ਦਿਹਾੜੇ ਹੋਣ ਜਾਂ ਸਤਬਦੀ ਸਮਾਗਮ ਹੋਣ, ਇਹਨਾਂ ਨੂੰ ਅਜਿਹੇ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ, ਤਾਂ ਕਿ ਹਰ ਸਤਾਬਦੀ ਕੋਈ ਟੀਚਾ ਸਰ ਕਰਨ ਦਾ ਮਾਣ ਆਪਣੇ ਨਾਮ ਕਰਕੇ ਜਾਵੇ, ਪਰ ਅਫਸੋਸ ਕਿ ਇਸ ਤੋ ਪਹਿਲਾਂ ਅਜਿਹਾ ਨਹੀ ਹੋ ਸਕਿਆ। ਪੰਥਕ ਰਹੁ ਰੀਤਾਂ ਤੋ  ਪਾਸੇ ਹੱਟ ਕੇ ਮਨਾਈਆਂ ਗਈਆਂ ਸਤਾਬਦੀਆਂ ਅਤੇ ਦਿਹਾੜੇ ਮਹਿਜ ਮੇਲਿਆਂ ਤੋ ਵੱਧ ਪੰਥ ਨੂੰ ਕੁੱਝ ਵੀ ਨਹੀ ਦੇ ਸਕੇ।ਅਜਿਹਾ ਅਸੀ ਲੰਮੇ ਸਮੇ ਤੋ ਦੇਖਦੇ ਅਤੇ ਅਮਲੀ ਰੂਪ ਚ  ਕਰਦੇ ਵੀ ਆ ਰਹੇ ਹਾਂ।ਭਾਂਵੇ ਉਹ ਸਿਹਤ ਸਬੰਧੀ ਨੀਤੀਆਂ ਬਨਾਉਣ ਦੀ ਗੱਲ ਹੋਵੇ, ਭਾਂਵੇਂ ਸਿੱਖਿਆ ਸਬੰਧੀ ਨੀਤੀਆਂ ਬਨਾਉਣ ਦੀ ਗੱਲ ਹੋਵੇ ਜਾਂ ਧਰਮ ਦੇ ਪ੍ਰਚਾਰ ਪਸਾਰ ਨੂੰ ਤੇਜ ਕਰਨ ਸਬੰਧੀ ਫੈਸਲੇ ਲੈਣ ਦੀ ਗੱਲ ਹੋਵੇ, ਇਹਨਾਂ ਸਤਾਬਦੀਆਂ ਤੋ ਜਰੂਰ ਕੁੱਝ ਨਾ ਕੁੱਝ ਕੌਂਮ ਦੀ ਝੋਲ਼ੀ ਪੈਣਾ ਚਾਹੀਦਾ ਸੀ, ਪਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੰਮੇ ਸਮੇ ਤੋ ਕਾਬਜ ਢਨਾਡ ਲੋਕਾਂ ਨੇ ਅਜਿਹਾ ਕੁੱਝ ਵੀ ਨਹੀ ਕੀਤਾ,ਜਿਸ ਨਾਲ ਕੌਂਮ ਦਾ ਦੁਨੀਆਂ ਪੱਧਰ ਤੇ ਕੋਈ ਚੰਗਾ ਸੁਨੇਹਾ ਜਾਂਦਾ, ਸਿੱਖ ਕੌਂਮ ਦੀਆਂ ਜੜਾਂ ਮਜਬੂਤ ਹੁੰਦੀਆਂ, ਬਲਕਿ ਕੌਂਮ ਲਗਾਤਾਰ ਨਿਘਾਰ ਵੱਲ ਨੂੰ ਜਾਂਦੀ ਪਰਤੀਤ ਹੋ ਰਹੀ ਹੈ।1969 ਵਿੱਚ ਸਿੱਖ ਕੌਂਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪੰਜ ਸੌ ਸਾਲਾ ਸਤਾਬਦੀ ਸਮੇਤ ਹੁਣ ਤੱਕ ਜਿੰਨੀਆਂ ਵੀ ਸਤਾਬਦੀਆਂ ਮਨਾਈਆਂ ਗਈਆਂ ਹਨ, ਉਹਨਾਂ ਤੇ ਕਰੋੜਾਂ ਰੁਪਏ ਪ੍ਰਤੀ ਸਤਾਬਦੀ ਜਰੂਰ ਖਰਚ ਕੀਤੇ ਗਏ ਹਨ ਤੇ ਹੁਣ ਵੀ ਖਰਚ ਕੀਤੇ ਜਾ ਰਹੇ ਹਨ,ਪਰ ਸਚਾਈ ਇਹ ਹੈ ਕਿ ਹੁਣ ਤੱਕ ਮਨਾਈਆਂ ਗਈਆਂ ਸਤਾਬਦੀਆਂ ਦੀ ਗੁਰੂ ਕੀ ਗੋਲਕ ਦੇ ਪੈਸੇ ਦੀ ਬਰਬਾਦੀ ਤੋ ਬਗੈਰ ਹੋਰ ਕੋਈ ਵੀ ਪਰਾਪਤੀ ਨਹੀ।ਅੱਜ ਤੱਕ ਸਿੱਖ ਗੁਰੂ ਸਹਿਬਾਨਾਂ ਅਤੇ ਸਿੱਖ ਇਤਿਹਾਸਿਕ ਦਿਹਾੜਿਆਂ ਅਤੇ ਸਤਾਬਦੀਆਂ ਨੂੰ ਸਿੱਖ ਨੁਮਾਇੰਦਾ ਜਮਾਤ ਨੇ ਅਪਣੇ ਸਿਆਸੀ ਲਾਹੇ ਲਈ ਹੀ ਵਰਤਿਆ ਹੈ। ਕਰੋੜਾਂ ਰੁਪਏ ਖਰਚ ਕਰਕੇ ਵੱਡੀਆਂ ਵੱਡੀਆਂ ਸਟੇਜਾਂ, ਵੱਡੇ ਵੱਡੇ ਪੰਡਾਲ ਤਿਆਰ ਕੀਤੇ ਜਾਂਦੇ ਹਨ, ਤਾਂ ਕਿ ਕੇਂਦਰ ਤੋ ਆਉਣ ਵਾਲੇ ਮਹਿਮਾਨਾਂ ਦੀ ਖੁਸ਼ੀ ਹਾਸਲ ਕੀਤੀ ਜਾ ਸਕੇ।ਕੋਈ ਸਤਾਬਦੀ ਅਜਿਹੀ ਨਹੀ ਜਦੋ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਗੁਰੂ ਦੀ ਗੋਲਕ ਦੀ ਦੁਰਵਰਤੋ,ਸਿੱਖੀ ਸਿਧਾਤਾਂ ਦੀ ਅਣਦੇਖੀ ਕਰਕੇ ਵਿਪਰਵਾਦ ਦੀ ਤੱਕੜੀ ਚ ਤੁਲਣ ਅਤੇ ਸਿੱਖੀ ਦੇ ਸਹੀ ਪਰਚਾਰ ਪਾਸਾਰ ਤੋ ਪਾਸਾ ਵੱਟਣ ਦੇ ਦੋਸ਼ ਨਾ ਲੱਗੇ ਹੋਣ।ਸਤਾਬਦੀਆਂ ਤੋ ਹੱਟ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਸੁਚੱਜੇ ਢੰਗ ਨਲਾ ਚਲਾਉਣ ਅਤੇ ਸਿੱਖੀ ਸਿਧਾਤਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਹੀ ਸਿੱਖੀ ਸਿਧਾਤਾਂ ਦਾ ਘਾਣ ਕਰਨ ਲਈ ਜੁੰਮੇਵਾਰ ਬਣਦੀ ਆ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਕੋਈ ਵੀ ਵਿਧੀ ਵਿਧਾਨ ਨਾ ਹੋਣ ਕਰਕੇ ਜਿਸ ਤਰਾਂ ਜਥੇਦਾਰ ਨੂੰ ਅਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਵਰਤਿਆ ਜਾ ਰਿਹਾ ਹੈ,ਉਸ ਰੁਝਾਨ ਨੇ ਜਿੱਥੇ ਜਥੇਦਾਰ ਦੇ ਸਵੈਮਾਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਢਾਹ ਲਾਈ ਹੈ,ਓਥੇ ਸਿੱਖ ਕੌਂਮ ਨੂੰ ਧੜੇਵੰਦੀਆਂ ਵਿੱਚ ਵੰਡ ਕੇ ਬੇਹੱਦ ਕਮਜੋਰ ਵੀ ਕੀਤਾ ਹੈ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਜਾਂ ਤਾਂ ਸਿੱਖੀ ਸਿਧਾਤਾਂ ਦੀ ਕੋਈ ਗੱਲ ਹੀ ਨਹੀ ਹੋ ਰਹੀ, ਜੇਕਰ ਹੁੰਦੀ ਵੀ ਹੈ ਤਾਂ ਸਿੱਖੀ ਦੀ ਵਿਸ਼ਾਲਤਾ ਨੂੰ ਸੰਕੀਰਨਤਾ ਚ ਪਰੋ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਚਾਰਕਾਂ ਦਾ ਆਪੋ ਵਿੱਚ ਪਿਆ ਕਾਟੋ ਕਲੇਸ਼ ਨਿੱਤ ਨਵੀਂ ਦੁਬਿਧਾ ਪਾਉਣ ਤੇ ਸਿਵਾਏ ਕੋਈ ਚੰਗੇ ਨਤੀਜੇ ਨਹੀ ਦੇ ਰਿਹਾ। ਸੰਪਰਦਾਇਕ ਡੇਰੇ ਸ੍ਰੀ ਅਕਾਲ ਤਖਤ ਸਾਹਿਬ ਲਈ ਚਣੌਤੀ ਬਣੇ ਖੜੇ ਹਨ,ਜਿੰਨਾਂ ਨੂੰ ਸਿਆਸੀ ਲਾਹਾ ਲੈਣ ਦੇ ਲਾਲਚ ਵਿੱਚ ਵੱਖ ਵੱਖ ਪਾਰਟੀਆਂ ਸਹਿਯੋਗ ਕਰ ਰਹੀਆਂ ਹਨ। ਕੋਈ ਕਿਸੇ ਡੇਰੇਦਾਰ ਨਾਲ ਖੜਾ ਹੈ,ਕੋਈ ਟਕਸਾਲ ਨੂੰ ਅਪਣੀ ਨਿੱਜੀ ਜਾਇਦਾਦ ਬਣਾਈ ਬੈਠਾ ਹੈ ਅਤੇ ਸਭ ਤੋ ਵੱਡੀ ਗੱਲ ਕਿ ਸਿਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕ ਲੰਮੇ ਸਮੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਪਣੇ ਨਿੱਜੀ ਸਿਆਸੀ ਮੁਫਾਦ ਲਈ ਅਪਣੀ ਮਲਕੀਅਤ ਸਮਝ ਕੇ ਵਰਤਦੇ ਆ ਰਹੇ ਹਨ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਸਿੰਘ ਸਭਾ ਲਹਿਰ ਦੀ ਡੇਢ ਸੌ ਸਾਲਾ ਸਤਾਬਦੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ। ਸੋ ਸਿੱਖ ਪੰਥ ਨੂੰ ਦਰਪੇਸ ਸਮੱਸਿਆਵਾਂ ਦੇ ਮੱਦੇਨਜਰ ਇਹ ਯਕੀਨੀ ਬਨਾਉਣ ਦੀ ਵੱਡੀ ਲੋੜ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ ਮੌਕੇ ਕੌਂਮ ਅੰਦਰ ਨਵੀ ਚੇਤਨਾ ਪੈਦਾ ਕਰਨ ਵਾਲੇ ਉਸਾਰੂ ਪਰੋਗਰਾਮ ਉਲੀਕੇ ਜਾਣ,ਸਿੱਖ ਸੰਸਥਾਵਾਂ ਨੂੰ ਧਨਾਡ ਸਿੱਖਾਂ ਦੇ ਕਬਜਿਆਂ ਤੋ ਮੁਕਤ ਕਰਵਾਉਣ ਲਈ ਨਵੀ ਪੰਥਕ ਲਹਿਰ ਖੜੀ ਕੀਤੀ ਜਾਵੇ, ਤਾਂ ਕਿ ਭਵਿੱਖ ਵਿੱਚ ਸਹੀ ਅਰਥਾਂ ਵਿੱਚ ਸਿੱਖ ਸਿਧਾਂਤਾਂ ਦੀ ਰਾਖੀ ਕੀਤੀ ਜਾ ਸਕੇ। ਸਿੱਖੀ ਤੇ ਮਾਰੂ ਭਵਿੱਖੀ ਹਮਲਿਆਂ ਦੇ ਪਰਿਪੇਖ ਵਿੱਚ ਸਿੱਖ ਕੌਂਮ ਦੀ ਨਿਆਰੀ ਨਿਰਾਲੀ ਹੋਂਦ ਨੂੰ ਕਾਇਮ ਰੱਖਣ ਅਤੇ ਸਿੱਖੀ ਜੁਆਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਂਦੇ ਹੋਏ ਸਿੱਖੀ ਦੇ ਗਾਡੀ ਰਾਹ ਤੋਰਨ ਲਈ ਅਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਰਗੇ ਕੌਂਮੀ ਕਾਰਜ ਅਰੰਭ ਕਰਨੇ ਚਾਹੀਦੇ ਹਨ,ਸੋ ਇਸਤਰਾਂ ਦੇ ਕਾਰਜ ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ ਨੂੰ ਸਾਰਥਿਕ ਬਨਾਉਣ ਵਿੱਚ ਸਹਾਈ ਹੋਣਗੇ।

ਬਘੇਲ ਸਿੰਘ ਧਾਲੀਵਾਲ
99142-58142

ਮਾਮਲਾ ਧਾਰਮਿਕ ਅਕੀਦਤ ਵਿੱਚ ਦਖ਼ਲ ਅੰਦਾਜ਼ੀ ਦਾ

ਸਭਨਾਂ ਧਰਮਾਂ ਦੀ ਆਪਣੀ ਮਰਿਯਾਦਾ,ਆਪਣੇ ਅਸੂਲ ਅਤੇ ਆਪਣੀ ਵਿਲੱਖਣਤਾ ਹੁੰਦੀ ਹੈ। ਕਿਸੇ ਵੀ ਧਰਮ ਨੂੰ ਨੀਵਾਂ ਦਿਖਾਉਣ ਜਾਂ ਬੇਅਦਬ ਕਰਨ ਦੀ ਕੋਈ ਵੀ ਧਰਮ ਆਗਿਆ ਨਹੀ ਦਿੰਦਾ। ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੀ ਵੰਨ ਸੁਵੰਨਤਾ ਨੂੰ  ਬਣਾਈ ਰੱਖਣ ਵਿੱਚ ਸਹਾਈ ਹੋ ਸਕਦਾ ਹੈ। ਸਿੱਖ ਧਰਮ ਦੁਨੀਆਂ ਦਾ ਅਜਿਹਾ ਨਵੀਨਤਮ ਧਰਮ ਹੈ, ਜਿਸ ਨੇ ਸਰਬਤ ਦੇ ਭਲੇ ਦਾ ਸੰਕਲਪ ਦੁਨੀਆਂ ਸਾਹਮਣੇ ਲੈ ਕੇ ਆਉਣ ਦਾ ਮਾਣ ਪਰਾਪਤ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਅਮੁੱਕ ਭੰਡਾਰ ਤਾਂ ਹੈ ਹੀ,ਬਲਕਿ ਬਰਾਬਰਤਾ ਅਤੇ ਸਰਬ ਸਾਂਝੀਵਾਲਤਾ ਦਾ ਠਾਠਾਂ ਮਾਰਦਾ ਅਜਿਹਾ ਸਮੁੰਦਰ ਹੈ, ਜਿਸ ਵਿੱਚ ਗੋਤਾ ਲਾਉਣ ਵਾਲਾ ਹਾਉਮੈ, ਹੰਕਾਰ ਅਤੇ ਭਿੰਨ ਭੇਦ ਤੋ ਮੁਕਤ ਹੋ ਜਾਂਦਾ ਹੈ। ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ, ਜਿਹੜਾ ਨਿੱਜਵਾਦ ਤੋ ਹੱਟ ਕੇ ਸਰਬ ਸਾਂਝੀਵਾਲਤਾ ਤੇ ਡਟ ਕੇ ਪਹਿਰਾ ਦਿੰਦਾ ਹੈ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਤ ਸਾਰੇ ਹੀ ਗੁਰੂ ਸਹਿਬਾਨ ਨੇ ਜਿੱਥੇ ਸਰਬ ਸਾਂਝੀਵਾਲਤਾ ਦਾ ਸੰਦੇਸ ਦ੍ਰਿੜ ਕਰਵਾਇਆ, ਓਥੇ ਜਬਰ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਤੋ ਲੈ ਕੇ ਟਾਕਰਾ ਕਰਨ ਤੱਕ ਦੀ ਤਾਕੀਦ ਵੀ ਕੀਤੀ ਹੈ। ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਜੁਲਮਾਂ ਖਿਲਾਫ ਅਵਾਜ ਬੁਲੰਦ ਕਰਦਿਆਂ –
ਪਾਪੁ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ,

ਕਹਿ ਕੇ ਜਾਬਰ ਹਾਕਮ ਨੂੰ ਵੰਗਾਰਿਆ, ਅਤੇ ਲੋਕਾਈ ਨੂੰ ਵੀ ਜਬਰ ਜੁਲਮ ਦੇ ਖਿਲਾਫ ਉੱਠਣ ਦਾ ਹੋਕਾ ਦਿੱਤਾ। ਅਸੂਲ ਦੀ ਗੱਲ ਕਰਨ ਤੋ ਪਾਸਾ ਨਹੀ ਵੱਟਿਆ, ਬਲਕਿ ਖੂਨ ਦੇ ਸੋਹਿਲੇ ਗਾ ਕੇ ਉਹਨਾਂ ਜਾਬਰ ਹਾਕਮਾਂ ਨੂੰ ਸੁਚੇਤ ਕਰਦਿਆ –
ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ ।।

ਕਹਿ ਕੇ ਯਾਦ ਕਰਵਾਇਆ ਸੀ ਕਿ ਇੱਥੇ ਬਹੁਤ ਸਾਰੇ ਆਏ ਤੇ ਬਹੁਤ ਆ ਕੇ ਚਲੇ ਜਾਣਗੇ ,ਕੋਈ ਹੋਰ ਸੂਰਮਾ ਉੱਠ ਖੜਾ ਹੋਵੇਗਾ। ਇਹ ਸੱਤਾ ਦਾ ਹੰਕਾਰ ਕਰਨਾ ਤਾਂ ਨਰਕਾਂ ਦੇ ਭਾਗੀ ਬਨਣ ਵਰਗਾ ਵਰਤਾਰਾ ਹੈ। ਜਦੋ ਔਰੰਗਜੇਬ ਨੇ ਕਸ਼ਮੀਰੀ ਪੰਡਤਾਂ ਦਾ ਜਬਰੀ ਧਰਮ ਪਰਿਵਰਤਨ ਸ਼ੁਰੂ ਕੀਤਾ, ਤਾਂ ਉਸ ਮੌਕੇ ਬਹੁਤ ਸਾਰੇ ਪੰਡਤ ਇਕੱਠੇ ਹੋ ਕੇ ਸਿੱਖਾਂ ਦੇ ਨੌਂਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਸਨ ਤੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਬਚਾਇਆ ਜਾਵੇ। ਉਸ ਮੌਕੇ ਗੁਰੂ ਸਾਹਿਬ ਨੇ ਇਹ ਨਹੀ ਸੋਚਿਆ ਸੀ ਕਿ ਇਹ ਜੁਲਮ ਸਹਿਣ ਵਾਲੇ ਲੋਕ ਕਿਹੜੇ ਧਰਮ ਨਾਲ ਸਬੰਧ ਰੱਖਦੇ ਹਨ, ਬਲਕਿ ਉਹਨਾਂ ਹਿੰਦੂਆਂ ਤੇ ਹੋ ਰਹੇ ਜੁਲਮਾਂ ਨੂੰ ਮਾਨਵੀ ਅਸੂਲਾਂ ਦੇ ਖਿਲਾਫ ਸਮਝਦਿਆਂ ਐਲਾਨੀਆਂ ਕਿਹਾ ਸੀ ਕਿ ਜਾਓ ਜਾ ਕੇ ਕਹਿ ਦਿਓ ਔਰੰਗਜੇਬ ਨੂੰ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਦੇਖ ਲੈਣ, ਫਿਰ ਅਸੀ ਸਾਰੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਲਿਹਾਜਾ ਗੁਰੂ ਸਾਹਿਬ ਨੂੰ ਮਜਲੂਮਾਂ ਹਿੰਦੂ ਬ੍ਰਾਹਮਣਾਂ ਦੇ ਧਰਮ ਬਚਾਉਣ ਖਾਤਰ ਆਪਣਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਕਟਵਾਉਣਾ ਪਿਆ ਸੀ। ਏਥੇ ਹੀ ਬੱਸ ਨਹੀ ਜਦੋ ਅਫਗਾਨੀ ਧਾੜਵੀ ਭਾਰਤ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਉਹ ਹਿੰਦੂ ਬਹੂ ਬੇਟੀਆਂ ਨੂੰ ਵੀ ਲੁੱਟ ਦਾ ਮਾਲ ਸਮਝ ਕੇ ਨਾਲ ਲੈ ਜਾਂਦੇ ਸਨ ਤੇ ਗਜਨੀ ਦੇ ਬਜਾਰਾਂ ਵਿੱਚ ਹਿੰਦੂ ਬਹੂ ਬੇਟੀਆਂ ਦੀ ਕੀਮਤ ਲਗਾਈ ਜਾਂਦੀ ਸੀ, ਪ੍ਰੰਤੂ ਇਹ ਗੈਰ ਮਨੁੱਖੀ ਵਰਤਾਰੇ ਨੂੰ ਵੀ ਸਿੱਖ ਸੂਰਮਿਆਂ ਨੇ ਠੱਲ੍ਹ ਪਾਈ ਸੀ, ਪਰ ਬੇਹੱਦ ਅਫਸੋਸ ਹੁੰਦਾ ਹੈ, ਜਦੋ ਮੌਜੂਦਾ ਸਮੇ ਦੇ ਹਾਕਮ ਸਿੱਖਾਂ ਦੇ ਅਹਿਸਾਨ ਮੰਦ ਰਹਿਣ ਦੀ ਬਜਾਏ ਅਹਿਸਾਨ ਫਰਾਮੋਸ਼ ਬਣਦੇ ਦਿਖਾਈ ਦਿੰਦੇ ਹਨ। ਸਿੱਖਾਂ ਦੇ ਸਰਬ ਉੱਚ ਤਖਤ ਸਹਿਬਾਨਾਂ ਦੇ ਪ੍ਰਬੰਧਕ ਉਹ ਗੈਰ ਸਿੱਖ ਮਾਮੂਲੀ ਅਧਿਕਾਰੀਆਂ ਨੂੰ ਲਾਇਆ ਜਾ ਰਿਹਾ ਹੈ, ਜਿੰਨਾਂ ਨੂੰ ਸਿੱਖ ਰਹਿਤ ਮਰਿਯਾਦਾ, ਸਿੱਖੀ ਸਿਧਾਂਤ ਅਤੇ ਸਰਬ ਉੱਚ ਸਿੱਖ ਅਸਥਾਨਾਂ ਦੀ ਨਾ ਸਮਝ ਹੈ ਅਤੇ ਨਾ ਉਹਨਾਂ ਦਾ ਕੋਈ ਸਿੱਖੀ ਨਾਲ ਸਰੋਕਾਰ ਹੈ। ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕ ਹਮੇਸਾਂ ਪੂਰਨ ਗੁਰਸਿੱਖ ਹੀ ਹੋ ਸਕਦੇ ਹਨ, ਪਤਿਤ ਸਿੱਖ ਨੂੰ ਵੀ ਇਸ ਸੇਵਾ ਦੇ ਯੋਗ ਨਹੀ ਮੰਨਿਆ ਜਾਂਦਾ, ਫਿਰ ਇੱਕ ਗੈਰ ਸਿੱਖ ਜਿਹੜਾ ਹੋਰ ਕਿਸੇ ਧਰਮ ਵਿੱਚ ਆਸਥਾ ਰੱਖਦਾ ਹੈ, ਉਹ ਸਿੱਖੀ ਦੇ ਅਸੂਲਾਂ ਦੀ ਪਾਲਣਾ ਕਿਵੇਂ ਕਰ ਸਕਦਾ ਹੈ। ਇਹੋ ਜਿਹਾ ਵਰਤਾਰਾ ਜਿੱਥੇ ਧਰਮ ਨਿਰਪੱਖ ਦੇਸ਼ ਦੇ ਲੋਕ ਤੰਤਰਿਕ ਸਿਸਟਮ ਨੂੰ ਕਟਿਹਰੇ ਵਿੱਚ ਖੜਾ ਕਰਦਾ ਹੈ। ਉਥੇ ਘੱਟ ਗਿਣਤੀ ਲੋਕਾਂ ਦੇ ਮਨਾਂ ਅੰਦਰ ਬੇਚੈਨੀ, ਬੇਗਾਨਗੀ ਅਤੇ ਬੇ-ਭਰੋਸ਼ਗੀ ਵੀ ਪੈਦਾ ਕਰਦਾ ਹੈ। ਸਿੱਖਾਂ ਦੇ ਧਾਰਮਿਕ ਮਾਮਲਿਆਂ ਚ ਦਾਖਲ ਅੰਦਾਜੀ ਵਾਲਾ ਮਸਲਾ ਤਾਂ ਕਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਨਹੀਂ ਸੁਣਿਆ ਗਿਆ, ਪਰ ਸਿੱਖਾਂ ਨਾਲ ਆਪਣੇ ਆਜ਼ਾਦ ਮੁਲਕ ਭਾਰਤ ਅੰਦਰ ਅਜਿਹਾ ਵਾਰ ਵਾਰ ਹੋ ਰਿਹਾ ਹੈ, ਇਸਤਰਾਂ ਕਰਕੇ ਸਿੱਖਾਂ ਦੇ ਮਨਾਂ ਅੰਦਰ ਵਿਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਿੱਖ ਆਪਣੇ ਧਾਰਮਿਕ ਮਾਮਲਿਆਂ ਚ ਸਿੱਧੀ ਦਖ਼ਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਕੌਂਮ ਸਾਂਤੀ ਪਸੰਦ ਕੌਂਮ ਤਾਂ ਹੈ, ਪਰ ਨਾਲ ਹੀ ਉਹਨਾਂ ਨੂੰ ਗੁਰੂ ਸਿਧਾਂਤ “ਭੈ ਕਾਹੂ ਕੋ ਦੈਤ ਨਹਿ ਨਹਿ ਭੈ ਮਾਨਤ ਆਨ” ਦੀ ਸਿੱਖਿਆ ਵੀ ਦਿੰਦਾ ਹੈ, ਸਿੱਖ ਆਪਣੇ ਉੱਚੇ ਸੁੱਚੇ  ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਜਿੰਦਗੀ ਵਿੱਚ ਅੱਗੇ ਵਧ ਰਹੇ ਹਨ, ਪ੍ਰੰਤੂ ਪੈਰ ਪੈਰ ਤੇ ਧੋਖਾ, ਪੈਰ ਪੈਰ ਤੇ ਬੇਗਾਨਗੀ ਦਾ ਅਹਿਸਾਸ ਅਤੇ ਜਬਰ ਜੁਲਮ ਦਾ ਖੌਫ਼ ਦੇ ਕੇ ਸਿੱਖ ਕੌਂਮ ਨੂੰ ਬਿਖੜੇ ਰਾਹਾਂ ਵੱਲ ਤੋਰਨ ਦੇ ਕੋਝੇ ਯਤਨ ਹੋ ਰਹੇ ਹਨ। ਜਿੱਥੇ ਅਜਿਹੇ ਕੋਝੇ ਹਥਕੰਡੇ ਸਿੱਖਾਂ ਲਈ ਘਾਤਕ ਹੋਣਗੇ, ਓਥੇ  ਇਹ ਵਰਤਾਰਾ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।

ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਿੱਖ ਕੌਮ ਨੂੰ ਇਸ ਕਦਰ ਕਮਜ਼ੋਰ ਕਰਨ ਲਈ ਸਿੱਧੇ ਤੌਰ ਤੇ ਉਹ ਸਿੱਖ ਆਗੂ ਮੁੱਖ ਤੌਰ ਤੇ ਜੁੰਮੇਵਾਰ ਹਨ,ਜਿੰਨਾਂ ਨੇ ਆਪਣੇ ਨਿੱਜੀ ਮੁਫਾਦਾਂ ਖਾਤਰ ਕੌਮ ਦੇ ਹਿਤਾਂ ਨੂੰ ਵੇਚਿਆਂ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਵਾਇਆ, ਪੰਥਕ ਰਹੁ ਰੀਤਾਂ ਦੇ ਘਾਣ ਬਦਲੇ ਸੱਤਾ ਦੇ ਸੌਦੇ ਕੀਤੇ।ਮੌਜੂਦਾ ਦੌਰ ਵਿੱਚ ਸਿੱਖਾਂ ਦੀ ਹਾਲਤ ਤਰਸਯੋਗ ਬਨਾਉਣ ਵਿੱਚ ਸਿੱਖ ਆਗੂਆਂ ਦੀ ਕੁਰਸੀ ਦੀ ਭੁੱਖ ਜਿੰਮੇਵਾਰ ਰਹੀ ਹੈ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖੁਦ ਤਾਂ ਨਹੀਂ ਰਹੇ, ਪਰ ਕੌਮ ਨੂੰ ਜਿਹੜੇ ਘੁੱਪ ਹਨੇਰੇ ਚ ਸੁੱਟ ਕੇ ਚਲੇ ਗਏ, ਉਥੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਹੀ ਬੇਹੱਦ ਮੁਸ਼ਕਲ ਬਣ ਚੁੱਕਿਆ ਹੈ। ਸਿੱਖ ਵਿਰੋਧੀ ਤਾਕਤਾਂ ਦੀ ਗੁਰਦੁਆਰਾ ਪ੍ਰਬੰਧ ਵਿੱਚ ਸਿੱਧੀ ਦਾਖਲ ਅੰਦਾਜੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਢਾਹ ਲਾਉਣ ਦਾ ਮੁੱਢਲਾ ਕਦਮ ਹੈ,ਜਿਸ ਨੂੰ ਹਲਕੇ ਵਿੱਚ ਨਹੀ ਲਿਆ ਜਾਣਾ ਚਾਹੀਦਾ। ਇਸ ਕੌੜੇ ਸੱਚ ਨੂੰ ਕੋਈ ਮੰਨੇ ਜਾਂ ਨਾਂ ਮੰਨੇ, ਪਰ ਇਹ ਸਚਾਈ ਹੈ ਕਿ ਸਿੱਖ ਵਿਰੋਧੀ ਤਾਕਤਾਂ ਅਸਿੱਧੇ ਢੰਗ ਨਾਲ ਪਹਿਲਾਂ ਹੀ ਸਮੁੱਚੇ ਗੁਰਦੁਆਰਾ ਪ੍ਰਬੰਧ, ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਗੁਰਦੁਆਰਾ ਮੈਨੇਜਮੈਟ ਕਮੇਟੀ, ਪਟਨਾ ਸਾਹਿਬ ਬੋਰਡ ਅਤੇ ਹਜੂਰ ਸਾਹਿਬ ਨੰਦੇੜ ਦੇ ਗੁਰਦੁਆਰਾ ਬੋਰਡ ਤੇ ਕਾਬਜ ਹੋ ਚੁੱਕੀਆਂ ਸਨ, ਪਰੰਤੂ ਹੁਣ ਪਰਤੱਖ ਰੂਪ ਚ ਸਾਹਮਣੇ ਆ ਗਈਆਂ ਹਨ। ਸਿਆਸੀ ਮਾਹਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਭਾਵੇਂ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਮਗਰਮੱਛ ਦੇ ਹੰਝੂ ਬਹਾ ਕੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਨ, ਪਰ ਸੱਚ ਇਹ ਹੈ ਕਿ ਇਹ ਸਾਰਾ ਕੁੱਝ ਅੱਜ ਵੀ ਅਕਾਲੀ ਦਲ ਬਾਦਲ ਦੀ ਲੁਕਵੀਂ ਸਹਿਮਤੀ ਨਾਲ ਹੀ ਹੋ ਰਿਹਾ ਹੈ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਹੁਣ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਨਹੀ ਹੈ, ਤਾਂ ਵੀ ਅਕਾਲੀ ਦਲ ਬਾਦਲ ਨੂੰ ਦੋਸ਼ਾਂ ਤੋ ਮੁਕਤ ਨਹੀ ਕੀਤਾ ਜਾ ਸਕਦਾ, ਕਿਉਂਕਿ ਸਰੋਮਣੀ ਅਕਾਲੀ ਦਲ ਦੀ ਜੋ ਦੁਰਦਸ਼ਾ ਮੌਜੂਦਾ ਸਮੇ ਵਿੱਚ ਹੋਈ ਹੈ, ਉਹਦੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਤੇ ਕਾਬਜ ਲੋਕ ਹੀ ਜਿੰਮੇਵਾਰ ਮੰਨੇ ਜਾਣਗੇ।  ਜੇਕਰ ਅਕਾਲੀ ਦਲ ਮਜਬੂਤ ਹੁੰਦਾ ਤਾਂ ਕਿਸੇ ਦੀ ਵੀ ਸਿੱਖ ਮਾਮਲਿਆਂ ਵਿੱਚ ਦਾਖਲ ਅੰਦਾਜੀ ਕਰਨ ਦੀ ਹਿੰਮਤ ਨਹੀ ਸੀ ਹੋ ਸਕਦੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਧੜੇਬੰਦੀ ਪੈਦਾ ਕਰਕੇ ਉਹਨਾਂ ਨੂੰ ਕਮਜੋਰ ਕੀਤਾ, ਫਿਰ ਅਕਾਲੀ ਦਲ ਨੂੰ ਪੰਥਕ ਪਾਰਟੀ ਤੋ ਪੰਜਾਬੀ ਪਾਰਟੀ ਬਣਾ ਕੇ ਕੁਰਬਾਨੀਆਂ ਵਾਲੀ ਜਥੇਬੰਦੀ ਦੇ ਅਕਸ਼ ਨੂੰ ਵੱਡੀ ਢਾਹ ਲਾਈ, ਉਹਦੇ ਬਦਲੇ ਭਾਵੇ ਪਰਕਾਸ਼ ਸਿੰਘ ਬਾਦਲ ਖੁਦ ਤਾਂ ਲੰਮਾ ਸਮਾ ਰਾਜ ਸੱਤਾ ਭੋਗਦੇ ਰਹੇ, ਪਰ ਕੌਂਮ ਵਿੱਚ ਆਪਸੀ ਵੰਡੀਆਂ ਅਤੇ ਦੂਰੀਆਂ ਐਨੀਆਂ ਪਾ ਗਏ, ਜਿੰਨਾਂ ਨੂੰ ਦੂਰ ਕਰਨਾ ਸੁਪਨੇ ਵਾਂਗ ਜਾਪਦਾ ਹੈ। ਪਰਕਾਸ਼ ਸਿੰਘ ਬਾਦਲ ਦੀਆਂ ਦਿੱਤੀਆਂ ਗੰਢਾਂ ਪੰਥ ਤੋ ਦੰਦਾਂ ਨਾਲ ਵੀ ਨਹੀ ਖੁੱਲਣੀਆਂ। ਭਾਂਵੇਂ  ਸ੍ਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਤੋ ਜਾਂਦੇ ਸਮੇ ਪੰਥ ਕੌਂਮ ਨਾਲ ਧਰੋਹ ਕਮਾਉਣ ਅਤੇ ਬੇਅਦਬੀ ਦਾ ਵੱਡਾ ਕਲੰਕ ਮੱਥੇ ਤੇ ਲਗਵਾ ਕੇ ਅਖੀਰ ਜਾਂਦੀ ਵਾਰੀ ਦੁਨੀਆਂ ਤੋ ਹਾਰ ਕੇ ਤੁਰ ਗਏ ਹਨ, ਪਰ ਇਸ ਦੇ ਬਾਵਜੂਦ ਵੀ ਪਿਛਲਿਆਂ ਨੇ ਕੋਈ ਸਬਕ ਨਹੀ ਸਿੱਖਿਆ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸੱਤਾ ਚ ਹੁੰਦਿਆਂ ਹੀ ਅਕਾਲੀ ਦਲ ਦੀ ਅਗਵਾਈ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ, ਜਿਸ ਕਰਕੇ ਅਕਾਲੀ ਦਲ ਵਿੱਚ ਵੀ ਧੜੇਬੰਦੀ ਪੈਦਾ ਹੋ ਗਈ, ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਿਆਸਤ ਤੇ ਸਰਦਾਰੀ ਕਰਨ ਵਾਲਾ ਅਕਾਲੀ ਦਲ ਹਾਸੀਏ ਤੇ ਚਲਾ ਗਿਆ। ਗੁਰਦੁਆਰਾ ਪ੍ਰਬੰਧ ‘ਤੇ ਸਿੱਖ ਵਿਰੋਧੀ ਤਾਕਤਾਂ ਭਾਰੂ ਹੋ ਗਈਆਂ। ਲਿਹਾਜਾ ਅੱਜ ਸਿੱਖ ਪੰਥ ਲਾਵਾਰਸ ਹੋਇਆ ਮਹਿਸੂਸ ਕਰਦਾ ਹੈ। ਇਸ ਸਾਰੇ ਵਰਤਾਰੇ ਦੇ ਸੰਦਰਭ ਵਿੱਚ ਕਹਿਣਾ ਪਵੇਗਾ ਕਿ ਅਜੇ ਵੀ ਭਲਾ ਹੋਵੇ ਜੇਕਰ ਸ੍ਰ ਸੁਖਬੀਰ ਸਿੰਘ ਬਾਦਲ ਬਿਨਾਂ ਦੇਰੀ ਕੀਤਿਆਂ ਇਸ ਕੌਂਮ ਵਿਰੋਧੀ ਵਰਤਾਰੇ ਲਈ ਆਪਣੇ ਆਪ ਨੂੰ ਜੁੰਮੇਵਾਰ ਮੰਨਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਪਾਸੇ ਹਟ ਜਾਣ, ਤਾਂਕਿ ਸਿੱਖ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਕੇ ਆਪਣੀ ਹੋਣੀ ਦੇ ਨਾਲ ਨਜਿੱਠਣ ਦੇ ਕਾਬਲ ਹੋ ਸਕਣ। ਦੂਜੇ ਪਾਸੇ ਹਾਕਮ ਧਿਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਬਚਨ :-“ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ”।। ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰਬਾਣੀ ਦੇ ਇਸ ਗੁੱਝੇ ਭੇਦ ਦੇ ਅਰਥ ਦ੍ਰਿੜ ਕਰ ਲੈਣੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

ਕਿਵੇਂ ਬਣ ਸਕਦਾ ਮੋਦੀ ਸਰਕਾਰ ਦਾ ਹੰਢਣਸਾਰ ਬਦਲ ?

ਡਾ. ਸੁਰਿੰਦਰ ਮੰਡ

ਦੇਸ਼ ਦੇ ਬਹੁਤੇ ਵਿਰੋਧੀ ਦਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਸਰਕਾਰ ਵਿਰੁੱਧ ਇਕੱਠੇ ਹੋ ਕੇ ਲੜਨ ਅਤੇ ਸਰਕਾਰ ਬਣਾਉਣ ਲਈ ਚਰਚਾ ’ਚ ਜੁੱਟੇ ਹਨ। 23 ਜੂਨ ਨੂੰ ਮੀਟਿੰਗ ਵੀ ਕਰ ਲਈ ਹੈ। ਭਾਵੇਂ ਕਿ ਇਸ ਮੁੱਦੇ ਉੱਤੇ ਇਕਮੱਤ ਨਹੀਂ ਹਨ ਕਿ ਅਗਵਾਈ ਕੌਣ ਕਰੇ। ਸੱਤਪਾਲ ਮਲਿਕ ਅਤੇ ਯਸ਼ਵੰਤ ਸਿਨਹਾਂ ਵਰਗੇ ਵੱਡੇ ਹੰਢੇ ਸਾਬਕਾ ਬੀ.ਜੇ.ਪੀ ਆਗੂ ਵੀ ਵਿਰੋਧੀ ਪਾਰਟੀਆਂ ਦੇ ਹੱਕ ਵਿਚ ਰਣਨੀਤੀ ਬਣਾਉਣ ਜੁੱਟੇ ਹਨ। ਸੱਤਪਾਲ ਮਲਿਕ ਜੋ ਜੰਮੂ ਕਸ਼ਮੀਰ ਦਾ ਉਸ ਵਕਤ ਗਵਰਨਰ ਸੀ ਜਦ ਪੁਲਵਾਮਾ ਹਮਲੇ ’ਚ ਸੀ.ਆਰ.ਪੀ. ਜਵਾਨ ਮਾਰੇ ਗਏ, ਤੇ ਜਿਸ ਨਾਲ 2019 ਦੀ ਮੋਦੀ ਦੀ ਜਿੱਤ ਦਾ ਮਹੌਲ ਬੱਝਾ, ਵਰਨਾ ਉਸ ਤੋਂ ਪਹਿਲਾਂ ਤਕ ਸਾਰੇ ਚੋਣ ਸਰਵੇਖਣ ਮੋਦੀ ਨੂੰ ਹਾਰਦਿਆਂ ਵਖਾ ਰਹੇ ਸਨ, ਉਹ ਇਸ ਮੰਦਭਾਗੀ ਘਟਨਾ ਦੇ ਵਾਪਰਨ ਲਈ ਮੋਦੀ ਸਰਕਾਰ ਅਤੇ ਅਮਿਤ ਸ਼ਾਹ ਦੀ ਨੀਤ ਉੱਤੇ ਬਾਰ ਬਾਰ ਗੰਭੀਰ ਇਲਜ਼ਾਮ ਵਰਗੇ ਸਵਾਲ ਚੁੱਕ ਰਿਹਾ। ਉਸਦੀ ਵਿਰੋਧੀ ਦਲਾਂ ਨੂੰ ਸਲਾਹ ਹੈ ਕਿ ਮਿਲ ਕੇ ਬੀ.ਜੇ.ਪੀ ਵਿਰੁੱਧ ਸਾਂਝਾ ਇਕ ਉਮੀਦਵਾਰ ਖਲ੍ਹਾਰੋ। ਜੇ ਇਹ 70 ਫੀਸਦੀ ਸੀਟਾਂ ਉੱਤੇ ਵੀ ਹੋ ਸਕੇ ਤਦ ਵੀ ਸਰਕਾਰ ਬਦਲ ਜਾਵੇਗੀ। ਕਿਉਂਕਿ ਬੀ.ਜੇ.ਪੀ ਦੀ ਵੋਟ 31% ਦੇ ਕਰੀਬ ਹੈ। ਵਿਰੋਧੀ ਧਿਰ ਨੂੰ ਆਪਣੀਆਂ ਵੋਟਾਂ ਦੀ ਵੰਡ ਰੋਕਣ ਲਈ ਦੂਰ ਦੀ ਸੋਚ ਅਤੇ ਸਿਆਸੀ ਸੂਝ ਬੂਝ ਨਾਲ ਲੋਕਾਂ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਹੋਣਗੇ, ਨਹੀਂ ਤਾਂ ਸਭ ਸਦਾ ਲਈ ਪਛਤਾਉਣਗੇ।

ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਦਾ ਸਾਂਝਾ ਉਮੀਦਵਾਰ ਕੌਣ ਹੋਵੇ? ਕਾਂਗਰਸ ਨੂੰ ਛੱਡ ਕੇ ਬਾਕੀ ਸਭ ਆਖ ਰਹੇ ਨੇ ਕਿ ਮਗਰੋਂ ਵੇਖ ਲਵਾਂਗੇ। ਫਿਲਹਾਲ ਇਕੱਠੇ ਲੜੀਏ। ਕਾਂਗਰਸ ਵੀ ਪਹਿਲਾਂ ਦੇ ਮੁਕਾਬਲੇ ਇਸ ਵਾਰ ਏਕਤਾ ਖਾਤਿਰ ਆਪਣੇ ਪੀ. ਐਮ. ਉਮੀਦਵਾਰ ਨੂੰ ਐਲਾਨਣ ਲਈ ਬਜਿਦ ਨਹੀਂ ਜਾਪਦੀ। ਪਰ ਏਕਤਾ ਵਾਰਤਾ ਬਹੁਤ ਸੁਸਤ ਚਾਲੇ ਚੱਲ ਰਹੀ। ਜੇ ਆਪਣਾ ਅਤੇ ਦੇਸ਼ ਦਾ ਭਲਾ ਚਹੁੰਦੇ ਨੇ ਤਾਂ ਪਾਰਟੀਆਂ ਦੇ ਅਧਿਕਾਰਿਤ ਲੀਡਰਾਂ ਦੀ ਟੀਮ ਲਗਾਤਾਰ ਹਫ਼ਤਾ ਕਿਤੇ ਇਕੱਠਿਆਂ ਬੈਠ ਜਾਵੇ, ਤੇ ਜੋ ਵੀ ਏਕਤਾ ਬਾਰੇ ਫੈਸਲਾ ਕਰਨਾ, ਕਰਕੇ ਉੱਠੇ। ਜੇ ਮੋਦੀ ਨੇ ਚੋਣਾਂ ਦੀ ਇਕਦਮ ਕੱਛ ’ਚੋਂ ਮੁੰਗਲੀ ਕੱਢ ਕੇ ਮਾਰੀ ਤੇ ਫਿਰ ਇਹਨਾਂ ਨੂੰ ਕੱਖ ਸਮਝ ਨੀ ਆਉਣੀ। ਅਗਰ ਮੋਦੀ ਸਰਕਾਰ ਨੇ ਜਲਦੀ ਹੋਣ ਜਾ ਰਹੀਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਪਹਿਲਾਂ ਪਾਰਲੀਮੈਂਟ ਚੋਣ ਐਲਾਨ ਦਿੱਤੀ ਤਾਂ ਵਿਰੋਧੀ ਧਿਰ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਣਾ। ਇਸਦੀ ਸੰਭਾਵਨਾ ਹੈ ਕਿਉਂਕਿ ਮੋਦੀ ਦੇ ਨਾਮ ’ਤੇ ਲੜੀ ਜਾਣ ਵਾਲੀ ਪਾਰਲੀਮੈਂਟ ਚੋਣ ਦੇ ਨਾਲ ਕਰਵਾਈ ਇਕੱਠੀ ਚੋਣ ਦਾ ਬੀ.ਜੇ.ਪੀ ਨੂੰ ਇਹਨਾਂ ਰਾਜਾਂ ’ਚ ਅਤੇ ਉੱਤੇ ਵੀ ਫਾਇਦਾ ਹੋ ਸਕਦਾ। ਕਿਉਂਕਿ ਪਿਛਲੀ ਵਾਰ ਤਿੰਨੋ ਸੂਬਿਆਂ ਵਿਚ ਭਾਜਪਾ (ਡਬਲ ਇੰਜਣ ਦੀਆਂ ਸਰਕਾਰਾਂ) ਹਾਰ ਗਈਆਂ ਸਨ। ਸੋ ਸਮੇਂ ਤੋਂ ਪਹਿਲਾਂ ਪਾਰਲੀਮੈਂਟ ਚੋਣਾਂ ਆ ਜਾਣ ਵਾਂਗੂੰ ਵੀ ਤਿਆਰ ਬਰ ਤਿਆਰ ਰਹਿਣ ਨਾਲ ਹੀ ਇਹ ਮੌਕਾ ਸੰਭਾਲ ਸਕਦੇ।

ਉਂਜ ਹਿਮਾਚਲ ਅਤੇ ਕਰਨਾਟਕ ਦੀਆਂ ਬੀ.ਜੇ.ਪੀ ਨਾਲ ਸਿੱਧੇ ਮੁਕਾਬਲੇ ਵਾਲੀਆਂ ਅਸੈਂਬਲੀ ਜਿੱਤਾਂ ਉਪਰੰਤ ਕਾਂਗਰਸ ਦੇ ਹੌਸਲੇ ਬੁਲੰਦ ਹਨ। ਵਿਰੋਧੀ ਧਿਰ ਦੀਆਂ ਬਾਕੀ ਪਾਰਟੀਆਂ ਵੀ ਇਸ ਕਰਕੇ ਖੁਸ਼ ਹਨ ਕਿ ਕਰਨਾਟਕ ਹਿਮਾਚਲ ਛੱਤੀਸਗੜ ਮੱਧ ਪ੍ਰਦੇਸ਼ ਉਤਰਾਖੰਡ ਰਾਜਸਥਾਨ ਗੁਜਰਾਤ ਅਸਾਮ ਹਰਿਆਣਾ ਆਦਿ ਵਿਚ ਤਾਂ ਇਹਨਾਂ ਦਾ ਮੋਦੀ ਨਾਲ ਸਿੱਧਾ ਮੁਕਾਬਲਾ, ਜਿੱਥੇ ਪਿਛਲੀਆਂ ਦੋ ਚੋਣਾਂ ’ਚ ਕਾਂਗਰਸ ਦਾ ਲੋਕ ਸਭਾ ਚੋਣਾਂ ਵਿਚ ਤਕਰੀਬਨ ਜ਼ੀਰੋ ਪ੍ਰਦਰਸ਼ਨ ਰਿਹਾ ਸੀ, ਤਾਂ ਹੀ ਮੋਦੀ ਸਰਕਾਰ ਬਣੀ ਸੀ। ਇਸ ਵਾਰ ਇਥੇ ਕਾਂਗਰਸ ਦਾ ਦਰਮਿਆਨਾ ਪ੍ਰਦਰਸ਼ਨ ਵੀ ਬੀ.ਜੇ.ਪੀ ਦੀ ਹਾਰ ਦਾ ਕਾਰਨ ਬਣ ਸਕਦਾ। ਵੈਸੇ ਇਸ ਵਾਰ ਵਿਰੋਧੀ ਧਿਰ ਨੂੰ ਮਹਾਂਰਾਸ਼ਟਰ ਬਿਹਾਰ ਕਰਨਾਟਕ ਬੰਗਾਲ ਤਾਮਿਲਨਾਡੂ ਦਿੱਲੀ ਤੋਂ ਭਾਰੀ ਆਸਾਂ ਹਨ।

ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਆਪਸੀ ਗੱਠਜੋੜ ਲਈ ਅੜਿੱਚਣ ਵਰਗੀ ਅਸਲ ਚੁਣੌਤੀ ਆਂਧਰਾ, ਤਿਲੰਗਾਨਾ, ਉੜੀਸਾ, ਪੱਛਮੀ-ਬੰਗਾਲ, ਅਸਾਮ, ਦਿੱਲੀ, ਪੰਜਾਬ, ਗੁਜਰਾਤ ਵਿਚ ਹੈ, ਜਿੱਥੇ ਵਿਰੋਧੀ ਪਾਰਟੀਆਂ ਨੂੰ ਆਪਸੀ ਚੋਣ ਤਾਲਮੇਲ ਬਿਠਾਉਣਾ ਔਖਾ ਹੋਵੇਗਾ। ਕਿਉਂਕਿ ਇਹਨਾਂ ਸੂਬਿਆਂ ਵਿਚ ਮੁਕਾਬਲਾ ਆਪਸ ਵਿਚ ਵੀ ਹੈ। ਇਹਨਾਂ ਦੀ ਆਪਸੀ ਖਹਿ ਵਿਚੋਂ ਬੀ.ਜੇ.ਪੀ ਫਾਇਦੇ ’ਚ ਰਹੂ।

ਭਾਵੇਂ ਕਿ ਕਾਂਗਰਸ ਸਮਝਦੀ ਹੈ ਕਿ ਰਾਹੁਲ ਦੀ ਕੰਨਿਆਂ-ਕੁਮਾਰੀ ਤੋਂ ਕਸ਼ਮੀਰ ਵਾਲੀ ਪਦ-ਯਾਤਰਾ, ਹਿਮਾਚਲ ਕਰਨਾਟਕ ਦੀਆਂ ਜਿੱਤਾਂ ਅਤੇ ਰਾਹੁਲ ਦੀ ਲੋਕ-ਸਭਾ ਮੈਂਬਰ ਵਜੋਂ ਬਰਖਾਸਤਗੀ ਵਿਚੋਂ ਉਪਜੀ ਹਮਦਰਦੀ ਲਹਿਰ ਨਾਲ ਕਾਂਗਰਸ/ਰਾਹੁਲ ਗਾਂਧੀ ਆਗੂ ਵਾਂਗ ਚਮਕੇ ਹਨ।  19 ਵਿਰੋਧੀ ਦਲਾਂ ਨੇ ਨਵੀਂ ਪਾਰਲੀਮੈਂਟ ਇਮਾਰਤ ਦੇ ਮੋਦੀ ਵੱਲੋਂ ਕੀਤੇ ਜਾ ਰਹੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ। ਜਿਸਦੀ ਮੁੱਖ ਵਜਾਹ ਭਾਵੇਂ ਇਹ ਆਖੀ ਹੈ ਕਿ ਉਦਘਾਟਨ ਰਾਸ਼ਟਰਪਤੀ ਤੋਂ ਕਿਉਂ ਨਹੀਂ ਕਰਵਾਇਆ ਗਿਆ। ਪਰ ਫਿਰ ਵੀ ਲਗਦਾ ਕਿ ਵਿਰੋਧੀ ਦਲ ਚੋਣਾਂ ਤੋਂ ਮਗਰੋਂ ਹੀ ਪ੍ਰਧਾਨ ਮੰਤਰੀ ਉਮੀਦਵਾਰ ਚੁਣਨ ਦੇ ਪੱਖ ਵਿਚ ਹਨ। ਆਖਿਰ ਸਹਿਮਤੀ ਬਣਾ ਹੀ ਲੈਣਗੇ। ਮਜਬੂਰੀ ਵੀ ਹੈ, ਆਖਰੀ ਮੌਕਾ… ਨਹੀਂ ਤਾ-ਜ਼ਿੰਦਗੀ ਪਛਤਾਉਣਗੇ…ਹੱਥਾਂ ਨੂੰ ਦੰਦੀਆਂ ਵੱਢਣਗੇ।

ਪਰ ਜੇ ਦੂਜੇ ਪਾਸੇ ਵੇਖੀਏ ਤਾਂ ਬੀ.ਜੇ.ਪੀ ਨੂੰ ਉਮੀਦ ਹੈ ਕਿ ਇਕ ਤਾਂ ਰਾਜਾਂ ਦੇ ਚੋਣ ਨਤੀਜਿਆਂ ਦਾ ਪਾਰਲੀਮੈਂਟ ਚੋਣ ਉੱਤੇ ਅਸਰ ਨਹੀਂ ਪਵੇਗਾ।  ਨਾਲੇ ਮਾਇਆਵਤੀ ਦੀ ਬੀ.ਐਸ.ਪੀ ਅਤੇ ਓਵੈਸੀ ਦੀ ਮੁਸਲਿਮ ਪਾਰਟੀ ਅਪੋਜੀਸ਼ਨ ਗੱਠਜੋੜ ਨਾਲੋਂ ਅਲੱਗ ਉਮੀਦਵਾਰ ਖਲ੍ਹਾਰ ਕੇ,ਵੋਟਾਂ ਵੰਡ ਕੇ ਬੀ.ਜੇ.ਪੀ ਨੂੰ ਜਿਤਾਉਣ ਵਿਚ ਟੇਢੇ ਢੰਗ ਨਾਲ ਭਰਵਾਂ ਯੋਗਦਾਨ ਪਾਉਣਗੀਆਂ। ਮਾਇਆਵਤੀ ਦਾ ਤਾਂ ਬੇਹਿਸਾਬ ਧੰਨ ਦੌਲਤ ਇਕੱਠੀ ਕਰਨ ਵਾਲੇ ਆਪਣੇ ਸੰਭਾਵੀ ਕੇਸਾਂ ਤੋਂ ਬਚ-ਬਚਾਅ ਕਰਨ ਦਾ ਏਹੋ ਤਰੀਕਾ ਕਿ ਬਸ ਕੇਂਦਰ ’ਚ ਕੋਈ ਵੀ ਹੈ ਉਸਦੀ ਹਾਂ ਵਿਚ ਹਾਂ ਮਿਲਾਈ ਚੱਲੋ। ਸਾਰੀ ਜ਼ਿੰਦਗੀ ਦੋ ਅੱਖਰ ਵੀ ਜ਼ੁਬਾਨੀ ਬੋਲਣੇ ਨਹੀਂ ਆਏ। ਆਪਣਾ ਸਰੂਪ ਧੁੰਦਲਾ ਕਰ ਚੁੱਕੀ ਅਕਾਲੀ ਪਾਰਟੀ ਮੁੜਕੇ ਫਿਰ ਓਸ ਬੀ.ਜੇ.ਪੀ ਨੂੰ ਗਲਵਕੜੀ ਪਾਉਣ ਲਈ ਕਾਹਲੀ , ਜਿਹੜੀ ਉਸ ਨੂੰ ਨਿਗਲ ਜਾਣ ਦੀ ਨੀਤੀ ਉੱਤੇ ਚੱਲ ਰਹੀ ਹੈ, ਸਿਰਸੇ ਵਰਗੇ ਅਨੇਕਾਂ ਅਕਾਲੀ ਲੀਡਰ ਡਕਾਰ ਗਈ ਭਾਜਪਾ। ਅਤੇ ਕਿਸਾਨ ਸੰਘਰਸ਼ ਨਾਲ ਐਮ.ਐਸ.ਪੀ (ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ) ਦਾ ਵਾਅਦਾ ਕਰਕੇ ਵੀ ਮੁੱਕਰ ਗਈ ਹੈ। ਇਹ ਸਮਝੌਤਾ ਅਕਾਲੀ ਦਲ ਨੂੰ ਹੋਰ ਸਿਆਸੀ ਠਿੱਬੀ ਲਾਏਗਾ। ਅਕਾਲੀ ਹਰਿਆਣੇ ਵਾਲੇ ਚੌਟਾਲਾ ਪਰਿਵਾਰ ਦੇ ਲੋਕ ਦਲਾਂ ਨੂੰ ਵੀ ਬੀ.ਜੇ.ਪੀ ਵੱਲ ਆਉਣ ਲਈ ਪਰੇਰਨਗੇ। ਇੰਜ ਨਿੱਕੇ ਨਿੱਜੀ ਲਾਭ ਲੈਣਗੇ, ਕੌਮ/ਵਿਰਾਸਤ ਨੂੰ ਦਾਅ ਉੱਤੇ ਲਾਉਣਗੇ।

ਤਾਜਾ ਅਮਰੀਕਾ ਦੌਰੇ ਅਤੇ ਇਸ ਵਰਗੇ ਹੋਰ ਕਈ ਈਵੈਂਟਸ ਤੋਂ ਵੀ ਮੋਦੀ ਦੇ ਹੱਕ ਵਿਚ ਮਹੌਲ ਬੰਨ੍ਹਣ ਦੀਆਂ ਬੀ.ਜੇ.ਪੀ ਨੂੰ ਢੇਰ ਉਮੀਦਾਂ ਹਨ। ਮੀਡੀਏ ਵਿਚ ਡੰਕੇ ਵੱਜਣਗੇ। ਓਵੈਸੀ ਨੁੰ ਸੱਦ ਕੇ ਬਹਿਸਾਂ ਨੇ ਨਾਟਕ ਚੱਲਣਗੇ।

ਆਂਧਰਾ ਪ੍ਰਦੇਸ ਦਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਅਤੇ ਉੜੀਸਾ ਦਾ ਨਵੀਨ ਪਟਨਾਇਕ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹ ਰਹੇ ਕਿ ਉਹ ਕੱਲ੍ਹ ਨੂੰ ਕਿਹੜੇ ਪਾਸੇ ਖਲੋਣਗੇ। ਲਗਦਾ ਕਿ ਇਹ ਅਖੀਰੀ ਕੇਂਦਰ ’ਚ ਭਾਰੂ ਧਿਰ ਨਾਲ ਹੀ ਰਹਿਣਗੇ। ਵਿਰੋਧੀ ਧਿਰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਨੀਤੀ ਦਾ ਐਲਾਨ ਕਰਕੇ ਅਤੇ ਫੈਡਰਲ ਢਾਂਚੇ ਨੂੰ ਮਜਬੂਤ ਕਰਨ ਦਾ ਵਾਅਦਾ ਕਰਕੇ, ਜ਼ਿਆਦਾ ਮੇਲ-ਜੋਲ ਨਾਲ ਇਹਨਾਂ ਦੋਵਾਂ ਸੂਬਿਆਂ ਨੂੰ ਆਪਣੇ ਵੱਲ ਕਰ ਸਕਦੀ।           

ਅਜੇ ਤਕ ਤਾਂ ਇਹੀ ਜਾਪਦਾ ਕਿ ਬੀ.ਜੇ.ਪੀ 2024 ਦੀ ਚੋਣ ਫਿਰ ‘ਹਿੰਦੂਤਵ, ਪਾਕਿਸਤਾਨ, ਮੁਸਲਮਾਨ, ਮਜ਼ਹਬ ਅਧਾਰਿਤ ਰਾਸ਼ਟਰਵਾਦ, ਫੌਜ, ਨਿੱਜੀ ਭਾਵੁਕ ਗੱਲਾਂ, ਜਾਂਚ ਏਜੰਸੀਆਂ, ਮੀਡੀਆ ਮੈਨੇਜਮੈਂਟ, ਖੁੱਲ੍ਹਾ ਖਰਚ, ਨਿੱਕੇ ਮੋਟੇ ਫਿਰਕੂ ਦੰਗੇ ਫਸਾਦ (ਤਾਜਾ ਤਾਜਾ ਮਹਾਂਰਾਸ਼ਟਰ ਘਟਨਾਕ੍ਰਮ, ਮੱਧ ਪ੍ਰਦੇਸ਼ ਬਖੇੜੇ ਤੇ ਨਵਾਂ ਮੂੰਡੂ ਬਗੇਸ਼ਵਰ ਮਹਾਂਪਖੰਡ) ਆਦਿ ਉੱਤੇ ਟੇਕ ਰੱਖ ਕੇ ਚੋਣ ਲੜੇਗੀ। ਜਦਕਿ ਦਸ ਸਾਲ ਰਾਜ ਕਰਨ ਤੋਂ ਬਾਅਦ ਕਿਸੇ ਪਾਰਟੀ ਨੂੰ ਆਪਣੇ ਕੀਤੇ ਕੰਮਾਂ/ਕਾਰਗੁਜ਼ਾਰੀ ਦੇ ਅਧਾਰ ਉੱਤੇ ਵੋਟਾਂ ਮੰਗਣੀਆਂ ਚਾਹੀਦੀਆਂ। ਲੋਕਾਂ ਦੀ ਅਕਲਮੰਦੀ ਵੀ ਇਹੀ ਕਿ ਕਾਰਗੁਜ਼ਾਰੀ ਨੂੰ ਹੀ ਧਿਆਨ ਵਿਚ ਰੱਖਣ। ਪਰ ਫਿਰ ਵੀ ਮੋਦੀ ਨੇ ਐਨ ਮੌਕੇ ਜਿੱਤਣ ਲਈ ਕਿਹੜਾ ਸੱਪ ਕੱਢ ਲੈਣਾ, ਕਿਸੇ ਨੂੰ ਨਹੀਂ ਪਤਾ।

ਲੇਕਿਨ ਲੋਕਾਂ ਵਿਚ ਆਮ ਚਰਚਾ ਹੈ ਕਿ ਬੀ.ਜੇ.ਪੀ ਦੀ ਨਰਿੰਦਰ ਮੋਦੀ ਸਰਕਾਰ ਨੇ ਦੋ ਵਾਰੀ ਏਨੀ ਵੱਡੀ ਜਿੱਤ ਉਪਰੰਤ ਹੁਣ ਤਕ ਜੋ ਕੀਤਾ, ਇਸ ਤੋਂ ਵੱਧ ਕੁਛ ਨਹੀਂ ਕਰ ਸਕਦੀ। ਬਹੁਤ ਹੁੰਦੇ ਲਗਾਤਾਰ ਦਸ ਸਾਲ, ਜੇ ਕਿਸੇ ਸਰਕਾਰ ਦੀ ਕੁਛ ਖਾਸ  ਕਰਨ ਦੀ ਨੀਤ ਹੋਵੇ ਤਾਂ। ਵੱਡੇ ਘਰਾਣਿਆਂ ਦੇ ਲੱਖਾਂ ਕਰੋੜ ਕਰਜੇ ਐਵੇਂ ਮਾਫ਼ ਕਰਨ ਅਤੇ ਸਰਕਾਰੀ ਅਦਾਰੇ ਅਡਾਨੀ ਵਰਗੇ ਯਾਰਾਂ ਬੇਲੀਆਂ ਨੂੰ ਵੇਚਣ ਬਾਰੇ ਲੋਕ ਆਖਦੇ ਨੇ ਕਿ ਸਰਕਾਰ ਤਾਂ ਦੇਸ਼ ਨੂੰ ਚਲਾਉਣ ਵਾਸਤੇ ਚੁਣੀਂਦੀ, ਨਾ ਕਿ ਦੇਸ਼ ਵੇਚਣ ਲਈ। ਬਹੁਤਿਆਂ ਦਾ ਖਿਆਲ ਕਿ ਬਦਲਾਵ ਹੁੰਦਾ ਰਵ੍ਹੇ ਤਾਂ ਚੰਗਾ ਹੁੰਦਾ, ਨਹੀਂ ਤਾਂ ਬੰਦੇ ’ਚ ਹਉਂਮੈ ਆ ਜਾਂਦੀ, ਜੋ ਕਿ ਦਿੱਸ ਵੀ ਰਹੀ।

 ਪਰ ਸਰਕਾਰ ਬਦਲਣ ਦਾ ਆਮ ਜਨਤਾ ਨੂੰ ਤਾਂ ਓਦੋਂ ਲਾਭ ਹੋਊ, ਜਦ ਨੀਤੀਆਂ ਉਹਨਾਂ ਦੇ ਪੱਖ ਵਿਚ ਬਦਲਣਗੀਆਂ।  ਇਸ ਲਈ ਮੋਦੀ ਦਾ ਬਦਲ ਬਣਨ ਦੇ ਚਾਹਵਾਨ ਵਿਰੋਧੀ ਦਲਾਂ ਨੂੰ ਵਿਕਾਸ ਦਾ ਕਿਸਾਨ ਮਜ਼ਦੂਰ ਪੱਖੀ, ਰੁਜ਼ਗਾਰ ਮੁਖੀ, ਵਾਤਾਵਰਨ ਅਨੁਕੂਲ ਤਰੱਕੀ, ਸਮਾਜਕ ਬਰਾਬਰੀ, ਧਾਰਮਕ ਸਹਿਣਸ਼ੀਲਤਾ, ਫੈਡਰਲ ਢਾਂਚੇ ਦਾ ਸਤਿਕਾਰ ਕਰਨ ਵਾਲਾ, ਸਭ ਸੂਬਿਆਂ/ਲੀਡਰਾਂ ਨੂੰ ਮਾਣ ਤਾਣ ਦੇਣ ਵਾਲਾ, ਗਵਾਂਢੀ ਦੇਸ਼ਾਂ ਨਾਲ ਸਬੰਧ ਸੁਖਾਵੇਂ ਬਣਾਉਣ ਦੀ ਦਿਸ਼ਾ ਵੱਲ ਵਧਣ ਵਾਲਾ ਮਾਡਲ ਅਪਣਾਉਣਾ ਪਵੇਗਾ। ਬਹੁਤੀ ਅਬਾਦੀ ਤਾਂ ਭੁੱਖੀ ਨੰਗੀ ਤੁਰੀ ਫਿਰਦੀ। ਸਿਆਸਤਦਾਨਾਂ ਨਾਲ ਰਲ ਕੇ ਸਮਰੱਥ ਲੋਕ ਦੇਸ਼ ਦੀ ਸਾਰੀ ਦੌਲਤ ਲੁੱਟ ਰਹੇ ਨੇ।  ਸਿੱਖਿਆ, ਸਿਹਤ, ਪਾਣੀ, ਬਿਜਲੀ, ਸੜਕਾਂ, ਰੁਜ਼ਗਾਰ, ਸੁਰੱਖਿਆ, ਭਾਈਚਾਰਾ, ਸਮਾਜਕ ਬਰਾਬਰੀ, ਮਹਿੰਗਾਈ ਆਦਿ ਲੋਕਾਂ ਦੇ ਬੁਨਿਆਦੀ ਫੌਰੀ ਮੁੱਦੇ ਹਨ। ਇਹਨਾਂ ਨੂੰ ਪਹਿਲ ਦੇਣੀ ਹੋਵੇਗੀ। ਸੋ ਨੀਤੀਆਂ ਬਦਲਣ ਨਾਲ ਹੀ ਆਮ ਲੋਕਾਂ ਦਾ ਕੋਈ ਭਲਾ ਹੋ ਸਕਦਾ। ਲੋਕੀਂ ਵਿਰੋਧੀ ਧਿਰ ਨੂੰ ਹੁੰਗਾਰਾ ਵੀ ਤਦ ਹੀ ਦੇਣਗੇ, ਜੇ ਨੀਤੀਆਂ ਵਿਚ ਬਦਲਾਵ ਦੀ ਕੋਈ ਠੋਸ ਸੰਭਾਵਨਾ ਨਜ਼ਰ ਆਊ ਤਾਂ।  ਵੇਖੋ, ਅਗਲੇ ਦਿਨਾਂ ਵਿਚ ਵਿਰੋਧੀ ਪਾਰਟੀਆਂ ਕਿੰਨੀ ਕੁ ਆਸ ਜਗਾਉਂਦੀਆਂ, ਕਿੰਨਾ ਕੁ ਆਕਰਸ਼ਕ ‘ਘੱਟੋ ਘੱਟ ਸਾਂਝਾ ਪ੍ਰੋਗਰਾਮ’ ਬਣਾਉਂਦੀਆਂ।

ਡਾ. ਸੁਰਿੰਦਰ ਮੰਡ
94173 24543
148, ਸੁੰਦਰ ਵਿਹਾਰ, ਤਲਵਾੜਾ (ਹੁਸ਼ਿਆਰਪੁਰ)

ਅਕਾਲੀ ਸਿਆਸਤ ਨੂੰ ਨਵੀਂ ਦਿੱਖ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ

ਸਰਦਾਰ ਪ੍ਰਕਾਸ਼ ਸਿੰਘ ਬਾਦਲ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਅਕਾਲੀ ਸਿਆਸਤ ਦੇ ਇਕ ਇਤਿਹਾਸਕ ਪੜਾਅ ਦੇ ਅੰਤ ਦਾ ਪ੍ਰਤੀਕ ਬਣ ਗਈ ਹੈ। ਉਹ ਤੀਜੀ ਪੀੜ੍ਹੀ ਦੇ ਅਕਾਲੀ ਸਿਆਸਤਦਾਨਾਂ ਜਿਨ੍ਹਾਂ ’ਚ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਸ਼ਾਮਲ ਸਨ, ਵਿੱਚੋਂ ਆਖ਼ਰੀ ਆਗੂ ਸਨ। ਇਨ੍ਹਾਂ ’ਚੋਂ ਹਰੇਕ ਆਗੂ ਦੀ ਆਪਣੀ ਵੱਖਰੀ ਕਿਸਮ ਦੀ ਸਿਆਸਤ ਸੀ ਪਰ ਇਨ੍ਹਾਂ ਵਿਚਕਾਰ ਸਾਂਝ ਦਾ ਸੂਤਰ ਸੀ ਇਨ੍ਹਾਂ ਦੀ ਵੱਖੋ ਵੱਖਰੀ ਉਦਾਰਵਾਦੀ ਸਿਆਸਤ ਦੀ ਪੈਰਵੀ। ਲਗਭਗ ਦਹਾਕਾ ਭਰ ਲੰਮੇ ਮੋਰਚਿਆਂ ਤੋਂ ਬਾਅਦ 1966 ਵਿਚ ਪੰਜਾਬੀ ਸੂਬੇ ਦੇ ਮੁੜ ਗਠਨ ਤੋਂ ਬਾਅਦ ਇਹ ਪੀੜ੍ਹੀ ਨਿੱਤਰ ਕੇ ਸਾਹਮਣੇ ਆਈ ਸੀ। ਜਦੋਂ ਅੰਗਰੇਜ਼ੀ ਰਾਜ ਦੇ ਖ਼ਾਤਮੇ ਤੋਂ ਬਾਅਦ ਅਕਾਲੀ ਸਿਆਸਤ ਸਾਹਮਣੇ ਪੰਜਾਬ ਦੀ ਵੰਡ ਨਾਲ ਸਿੱਝਣ ਲਈ ਰਣਨੀਤੀ ਘੜਨ ਦਾ ਸਵਾਲ ਆਇਆ ਤਾਂ ਪਹਿਲੀ ਪੀੜ੍ਹੀ ਦੇ ਅਕਾਲੀ ਆਗੂਆਂ ’ਚੋਂ ਮਾਸਟਰ ਤਾਰਾ ਸਿੰਘ ਸਾਹਮਣੇ ਆਏ ਸਨ। ਅਕਾਲੀ ਦਲ ਨੇ ਪੰਜਾਬ ਦੀ ਵੰਡ ਦਾ ਵਿਰੋਧ ਕੀਤਾ, ਪਰ ਪੰਜਾਬ ਦੇ ਦੋ ਹੋਰਨਾਂ ਭਾਈਚਾਰਿਆਂ ਹਿੰਦੂਆਂ ਤੇ ਮੁਸਲਮਾਨਾਂ ਦੀ ਆਬਾਦੀ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ ਹੋਣ ਕਰਕੇ ਉਹ ਆਪਣੀ ਗੱਲ ਨਹੀਂ ਮਨਵਾ ਸਕੇ। ਅਸਲ ਵਿਚ ਦੇਸ਼ਵੰਡ ਨੂੰ ਪੰਜਾਬ ਤੇ ਬੰਗਾਲ ਦੀ ਵੰਡ ਹੀ ਕਹਿਣਾ ਜ਼ਿਆਦਾ ਸਹੀ ਹੋਵੇਗਾ ਜੋ ਇਸ ਕਰਕੇ ਹੋਈ ਕਿਉਂਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਲੀਡਰਸ਼ਿਪ ਆਪਸੀ ਮੱਤਭੇਦ ਸੁਲਝਾਉਣ ਵਿਚ ਨਾਕਾਮ ਰਹੀ। ਅਕਾਲੀ ਲੀਡਰਸ਼ਿਪ ਨੇ ਪਾਕਿਸਤਾਨ ਵਿਚ ਸ਼ਾਮਲ ਹੋਣ ਲਈ ਜਿਨਾਹ ਦੀ ਤਜਵੀਜ਼ ਨਾਮਨਜ਼ੂਰ ਕਰ ਦਿੱਤੀ ਜਿਸ ਦਾ ਮਤਲਬ ਇਹ ਹੋਣਾ ਸੀ ਕਿ ਸਮੁੱਚਾ ਪੰਜਾਬ ਪਾਕਿਸਤਾਨ ਵਿਚ ਚਲਾ ਜਾਂਦਾ, ਪਰ ਅਕਾਲੀਆਂ ਨੇ ਜਵਾਹਰਲਾਲ ਨਹਿਰੂ ਦੇ ਉਸ ਭਰੋਸੇ ’ਤੇ ਯਕੀਨ ਕਰ ਲਿਆ ਕਿ ਜੇ ਸਿੱਖ ਭਾਰਤ ਨਾਲ ਰਹਿੰਦੇ ਹਨ ਤਾਂ ਉੱਤਰੀ ਭਾਰਤ ਅੰਦਰ ਇਕ ਨਵਾਂ ਰਾਜ ਕਾਇਮ ਕੀਤਾ ਜਾਵੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ।

ਪ੍ਰੋ. ਪ੍ਰੀਤਮ ਸਿੰਘ

1947 ਤੋਂ ਬਾਅਦ ਦੇ ਭਾਰਤ ਵਿਚ ਅਕਾਲੀ ਸਿਆਸਤ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਜਿਸ ਤਹਿਤ ਇਕ ਪਾਸੇ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੇਠ ਇਹ ਬਿਰਤਾਂਤ ਚਲਾਇਆ ਜਾ ਰਿਹਾ ਸੀ ਕਿ ਸਿੱਖਾਂ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਆਪਣੇ ਧਰਮ ਅਤੇ ਰਵਾਇਤਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਦੂਜੇ ਪਾਸੇ ਮਾਸਟਰ ਤਾਰਾ ਸਿੰਘ ਸਨ ਜਿਨ੍ਹਾਂ ਦਾ ਖ਼ਿਆਲ ਸੀ ਕਿ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਅਤੇ ਆਪਣੀ ਪਾਰਟੀ ਬਣਾ ਕੇ ਰੱਖਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਪੇਂਡੂ ਖੇਤਰਾਂ ਤੋਂ ਆਉਂਦੇ ਆਗੂਆਂ ਦੀ ਪਹਿਲੀ ਪੀੜ੍ਹੀ ਨਾਲ ਜੁੜੇ ਹੋਏ ਸਨ ਜਿਨ੍ਹਾਂ ਲਾਹੌਰ ਵਿਚ ਆਧੁਨਿਕ ਸਿੱਖਿਆ ਹਾਸਲ ਕੀਤੀ ਸੀ ਜੋ ਉਦੋਂ ਸਿੱਖਿਆ ਦਾ ਬਹੁਤ ਵੱਡਾ ਕੇਂਦਰ ਸੀ। ਉਹ ਸਰਕਾਰੀ ਅਫ਼ਸਰ ਵਜੋਂ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਗਿਆਨੀ ਕਰਤਾਰ ਸਿੰਘ ਨੇ ਸ੍ਰੀ ਬਾਦਲ ਦੇ ਪਿਤਾ ਨੂੰ ਇਸ ਗੱਲ ਲਈ ਮਨਾ ਲਿਆ ਕਿ ਪੰਜਾਬ ਦਾ ਭਵਿੱਖ ਸੰਵਾਰਨ ਲਈ ਪੇਂਡੂ ਪਿਛੋਕੜ ਵਾਲੇ ਪੜ੍ਹੇ ਲਿਖੇ ਸਿੱਖ ਆਗੂਆਂ ਦੀ ਲੋੜ ਹੈ ਜਿਸ ਕਰਕੇ ਚੰਗਾ ਹੋਵੇਗਾ ਕਿ ਉਹ ਸਰਕਾਰੀ ਅਫ਼ਸਰ ਬਣਨ ਦੀ ਥਾਂ ਸਿਆਸਤ ਵਿਚ ਆ ਜਾਣ। ਅਕਾਲੀ ਸਿਆਸਤ ਦੇ ਦੋ ਖੇਮਿਆਂ ਅੰਦਰ ਗਿਆਨੀ ਕਰਤਾਰ ਸਿੰਘ ਦੀ ਧਾਰਾ ਥੋੜ੍ਹੇ ਸਮੇਂ ਲਈ ਸਫ਼ਲ ਤਾਂ ਰਹੀ ਪਰ ਇਸ ਕਰਕੇ ਅਕਾਲੀ ਸਿਆਸਤ ਨੂੰ ਆਪਣੀ ਪਛਾਣ ਗੁਆ ਕੇ ਕਾਂਗਰਸ ਪਾਰਟੀ ਦਾ ਹਿੱਸਾ ਬਣਨਾ ਪਿਆ। ਇਸੇ ਅਕਾਲੀ-ਕਾਂਗਰਸ ਸਮਝੌਤੇ ਕਰਕੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 ਦੀ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੇ ਸਨ।

ਜਦੋਂ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੇ ਗਠਨ ਦੀ ਮੰਗ ਠੁਕਰਾ ਦਿੱਤੀ ਤਾਂ ਮਾਸਟਰ ਤਾਰਾ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖਾਂ ਨਾਲ ਵਿਸਾਹਘਾਤ ਹੋਇਆ ਹੈ ਕਿਉਂਕਿ ਇਹ ਨਹਿਰੂ ਹੀ ਸੀ ਜਿਨ੍ਹਾਂ ਨੇ ਆਜ਼ਾਦ ਭਾਰਤ ਵਿਚ ਸਿੱਖਾਂ ਨੂੰ ਇਕ ਅਜਿਹਾ ਖਿੱਤਾ ਦੇਣ ਦਾ ਭਰੋਸਾ ਦਿਵਾਇਆ ਸੀ ਜਿੱਥੇ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਮਾਸਟਰ ਤਾਰਾ ਸਿੰਘ ਅਕਾਲੀ ਲੀਡਰਸ਼ਿਪ ਨੂੰ ਕਾਂਗਰਸ ਪਾਰਟੀ ਨਾਲੋਂ ਕਿਨਾਰਾ ਕਰਨ ਲਈ ਰਾਜ਼ੀ ਕਰਨ ਵਿਚ ਕਾਮਯਾਬ ਹੋ ਗਏ। ਇਸ ਤਰ੍ਹਾਂ, ਸ੍ਰੀ ਬਾਦਲ ਵੀ ਮਾਸਟਰ ਤਾਰਾ ਸਿੰਘ ਨਾਲ ਚਲੇ ਗਏ। ਇਹ ਉਨ੍ਹਾਂ ਦੇ ਸਿਆਸੀ ਜੀਵਨ ਦਾ ਸ਼ੁਰੂਆਤੀ ਦੌਰ ਸੀ ਜਦੋਂ ਉਨ੍ਹਾਂ ਦਾ ਅਕਾਲੀ ਸਿਆਸਤ ਦੀਆਂ ਦੋਵੇਂ ਵੰਨਗੀਆਂ ਨਾਲ ਚੋਖਾ ਵਾਹ ਪੈ ਰਿਹਾ ਸੀ ਤੇ ਇੰਝ ਅਕਾਲੀ ਸਿਆਸਤ ਦਾ ਉਨ੍ਹਾਂ ਦਾ ਆਪਣਾ ਨਜ਼ਰੀਆ ਬਣ ਰਿਹਾ ਸੀ ਕਿ ਅਕਾਲੀ ਦਲ ਨੂੰ ਸਿੱਖਾਂ ਦਾ ਤਰਜਮਾਨ ਬਣਨਾ ਚਾਹੀਦਾ ਹੈ ਅਤੇ ਨਾਲ ਹੀ ਪੰਜਾਬ ਤੇ ਭਾਰਤੀ ਸਿਆਸਤ ਵਿਚ ਹੋਰਨਾਂ ਗ਼ੈਰ ਸਿੱਖ ਰੁਝਾਨਾਂ ਨਾਲ ਵੀ ਤਾਲਮੇਲ ਬਣਾਉਣ ਦੀ ਲੋੜ ਹੈ। ਇਸ ਸੰਕਲਪ ਨੂੰ ਸਿੱਖ ਸਿਆਸਤ ਦੇ ਦੋਵੇਂ ਰੁਝਾਨਾਂ ਨੂੰ ਮੇਲ ਕੇ ਅਤੇ ਰਾਜਸੀ ਸੱਤਾ ਪ੍ਰਾਪਤ ਕਰਨ ਦਾ ਇਕ ਬਹੁਤ ਹੀ ਵਿਹਾਰਕ ਸੂਤਰ ਸਮਝਿਆ ਜਾਂਦਾ ਹੈ।

ਸ੍ਰੀ ਬਾਦਲ ਨੇ ਸੰਤ ਫਤਹਿ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੰਤ ਚੰਨਣ ਸਿੰਘ ਨੂੰ ਮੂਹਰਲੀਆਂ ਅਕਾਲੀ ਸਫ਼ਾਂ ’ਚ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਦੋਵੇਂ ਸੰਤ ਅਕਾਲੀ ਲੀਡਰਸ਼ਿਪ ਦੀ ਦੂਜੀ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਸਨ ਅਤੇ ਇਨ੍ਹਾਂ ਨੇ ਸਪੱਸ਼ਟ ਐਲਾਨ ਕੀਤਾ ਕਿ ਪੰਜਾਬੀ ਸੂਬੇ ਨੂੰ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਾਉਣਾ ਜ਼ਰੂਰੀ ਨਹੀਂ ਅਤੇ ਇੰਝ ਇਨ੍ਹਾਂ ਪੰਜਾਬੀ ਸੂਬੇ ਦੀ ਮੰਗ ਨੂੰ ਫ਼ਿਰਕੂ ਰੰਗਤ ਦੇਣ ਤੋਂ ਰੋਕ ਦਿੱਤਾ ਸੀ। ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ-ਸਿੱਖ ਬਿਰਤੀਆਂ ਨਾਲ ਸਾਂਝ ਪਾਉਣ ਦੀ ਸਿਆਸਤ ਵੀ ਸਹਾਈ ਹੋਈ ਜਦੋਂਕਿ ਇਸੇ ਦੌਰਾਨ ਚੌਧਰੀ ਦੇਵੀ ਲਾਲ ਦੀ ਅਗਵਾਈ ਹੇਠ ਵੱਖਰਾ ਹਰਿਆਣਾ ਸੂਬਾ ਬਣਾਉਣ ਦੀ ਮੰਗ ਵੀ ਜ਼ੋਰ ਫੜ ਰਹੀ ਸੀ। ਨਹਿਰੂ ਤੇ ਮਾਸਟਰ ਤਾਰਾ ਸਿੰਘ ਦੇ ਦੇਹਾਂਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਨੇ ਸੰਤ ਫਤਹਿ ਸਿੰਘ ਦੀ ਸੁਹਿਰਦਤਾ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਸੂਬਾ ਬਣਾਉਣ ਦਾ ਭਰੋਸਾ ਦਿਵਾਇਆ ਅਤੇ ਅੰਤ 1966 ਵਿਚ ਪੰਜਾਬੀ ਬੋਲਦੇ ਨਵੇਂ ਸੂਬੇ ਦਾ ਮੁੜਗਠਨ ਹੋ ਗਿਆ। ਅਜਿਹਾ ਇਤਿਹਾਸਕ ਕਿਰਦਾਰ ਨਿਭਾਉਣ ਤੋਂ ਬਾਅਦ ਦੋਵੇਂ ਸੰਤ ਅਕਾਲੀ ਸਿਆਸਤ ’ਚੋਂ ਅਚਾਨਕ ਗਾਇਬ ਹੋ ਗਏ ਹਾਲਾਂਕਿ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਾ ਸੌਂਪਣ ਕਰਕੇ ਉਹ ਇਸ ਸਬੰਧੀ ਕੁਝ ਮੰਗਾਂ ਨੂੰ ਲੈ ਕੇ ਜਨਤਕ ਤੌਰ ’ਤੇ ਵਿਚਰਦੇ ਰਹੇ।

ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬੇ ਦੇ ਮੁੜਗਠਨ ਤੋਂ ਬਾਅਦ ਅਕਾਲੀ ਸਿਆਸਤਦਾਨਾਂ ਦੀ ਤੀਜੀ ਪੀੜ੍ਹੀ ਉੱਭਰੀ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਸਾਰੇ ਪੰਜਾਬੀਆਂ ਦੇ ਪ੍ਰਤੀਨਿਧ ਵਜੋਂ ਸਭ ਤੋਂ ਵੱਧ ਸਫ਼ਲ ਰਹੇ। ਉਨ੍ਹਾਂ ਪੰਜਾਬੀਅਤ, ਸੰਘਵਾਦ ਅਤੇ ਵਿਕਾਸ ਦਾ ਨਵਾਂ ਰਾਹ ਅਪਣਾਉਣ ’ਤੇ ਜ਼ੋਰ ਦਿੱਤਾ ਜਿਸ ਨਾਲ ਪੰਜਾਬ ਦੀ ਸਿਆਸਤ ਦਾ ਇਕ ਨਵਾਂ ਪੜਾਅ ਸ਼ੁਰੂ ਹੋਇਆ। ਉਹ ਭਾਰਤ ਦੇ ਸ਼ਾਸਨ ਵਿਚ ਵਿਕੇਂਦਰੀਕਰਨ ਦੀ ਮੰਗ ਕਰਨ ਵਾਲੇ ਖੇਤਰੀ ਸਿਆਸੀ ਰੁਝਾਨਾਂ ਦੇ ਅਹਿਮ ਫ਼ਰੀਕ ਵੀ ਬਣ ਕੇ ਉੱਭਰੇ।

ਸ੍ਰੀ ਬਾਦਲ ਦੀ ਮੌਤ ਨਾਲ ਚੌਥੀ ਪੀੜ੍ਹੀ ਦੇ ਅਕਾਲੀ ਆਗੂਆਂ ਲਈ ਇਕ ਅਜਿਹੇ ਦੌਰ ਅੰਦਰ ਸਿੱਖਾਂ, ਪੰਜਾਬੀਆਂ ਅਤੇ ਆਲਮੀ ਸਿੱਖ/ਪੰਜਾਬੀ ਭਾਈਚਾਰੇ ਲਈ ਨਵੀਂ ਸਿਆਸਤ ਘੜਨ ਦੀ ਚੁਣੌਤੀ ਆ ਗਈ ਹੈ ਜਿਸ ਵਿਚ ਵਾਤਾਵਰਣ, ਤਕਨਾਲੋਜੀ ਅਤੇ ਸਮਾਜਿਕ ਤਬਦੀਲੀ ਦੇ ਖੇਤਰਾਂ ਵਿਚ ਆਲਮੀ ਤਬਦੀਲੀਆਂ ਹੋ ਰਹੀਆਂ ਹਨ। ਨਵੀਂ ਪੀੜ੍ਹੀ ਨੂੰ ਚੁਣਾਵੀ ਰਾਜਨੀਤੀ ਦੀ ਸੰਕੀਰਨਤਾ ਤੋਂ ਪਾਰ ਜਾ ਕੇ ਆਪਣੇ ਆਪ ਨੂੰ ਚੌਗਿਰਦੇ ਅਤੇ ਸਮਾਜਿਕ ਬਰਾਬਰੀ ਬਾਰੇ ਗੁਰੂ ਨਾਨਕ ਦੇਵ ਦੀ ਬਾਣੀ ਤੋਂ ਸੇਧ ਲੈ ਕੇ ਆਪਣਾ ਬੌਧਿਕ ਖਾਸਾ ਅਮੀਰ ਬਣਾਉਣਾ ਚਾਹੀਦਾ ਹੈ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 1966 ਤੋਂ ਬਾਅਦ ਪੰਜਾਬ ਵਿਚ ਇਕ ਪਾਸੇ ਨਵੀਂ ਭਾਸ਼ਾ, ਨਵੇਂ ਪੈਂਤੜੇ ਅਤੇ ਨਵੀਂ ਸਿਆਸਤ ਘੜੀ, ਉੱਥੇ ਅਤੀਤ ਨਾਲ ਰਾਬਤਾ ਵੀ ਬਣਾ ਕੇ ਰੱਖਿਆ। ਉਸੇ ਤਰ੍ਹਾਂ ਪੰਜਾਬ ਦੀ ਨਵੀਂ ਲੀਡਰਸ਼ਿਪ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਵਰਤਮਾਨ ਨਾਲ ਰਚਨਾਤਮਿਕ ਸਾਂਝ ਪਾਉਂਦਿਆਂ ਆਪਣੇ ਅਤੀਤ ਨਾਲ ਰਿਸ਼ਤਾ ਕਿਵੇਂ ਬਣਾ ਕੇ ਰੱਖਿਆ ਜਾਵੇ। ਭਾਰਤ ਦੇ ਸ਼ਾਸਨ ਦੇ ਫੈਡਰਲ ਸੰਕਲਪ ਪ੍ਰਤੀ ਪ੍ਰਕਾਸ਼ ਸਿੰਘ ਬਾਦਲ ਦੀ ਦਿਲੀ ਅਰਜ਼ ਪ੍ਰਤੀ ਵਚਨਬੱਧ ਰਹਿ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।

* ਲੇਖਕ ਔਕਸਫੋਰਡ ਬਰੂਕਸ ਬਿਜ਼ਨਸ ਸਕੂਲ ਦੇ ਐਮੈਰਿਟਸ ਪ੍ਰੋਫੈਸਰ ਅਤੇ ਪੁਸਤਕ ‘ਫੈਡਰਲਿਜ਼ਮ, ਨੈਸ਼ਨਲਿਜ਼ਮ ਐਂਡ ਡਿਵੈਲਪਮੈਂਟ’ ਦੇ ਰਚੇਤਾ ਹਨ।

ਪ੍ਰੋ. ਪ੍ਰੀਤਮ ਸਿੰਘ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ-

ਉਸ ਪੰਥ ਸਜਾਇਆ ਏ ..

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ|
ਰੰਗ ਨਵਾਂ ਚੜ੍ਹਾ ਦਿੱਤਾ, ਬੁਜ਼ਦਿਲ ਲਾਚਾਰਾਂ ਤੇ|

ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ|
ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ |
ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ
ਉਸ …..
ਭਗਤੀ ਤੇ ਸ਼ਕਤੀ ਦਾ, ਉਸ ਬੂਟਾ ਲਾਇਆ ਏ|
ਇਹਨੂੰ ਹਰਿਆ ਰੱਖਣ ਲਈ, ਸਰਬੰਸ ਲੁਟਾਇਆ ਏ |
ਉਸ ਕਾਰਨ ਜੋਤ ਜਗੀ, ਮੰਦਰਾਂ ਦੇ ਦੁਆਰਾਂ ਤੇ
ਉਸ ….
ਸੂਲਾਂ ਤੇ ਸੁੱਤਾ ਏ, ਪੁੱਤਰਾਂ ਦਾ ਦਾਨੀ ਉਹ|
ਚਿੜੀਆਂ ਤੋਂ ਬਾਜ਼ ਤੁੜਾਏ, ਸੂਰਾ ਲਾਸਾਨੀ ਉਹ|
ਪੱਤਝੜ ਗੁਲਾਮੀ ਦੀ, ਨਾ ਆਏ ਬਹਾਰਾਂ ਤੇ
ਉਸ …..
ਆਪੇ ਗੁਰ ਚੇਲਾ ਉਹ, ਵਿਦਵਾਨ ਲਿਖਾਰੀ ਉਹ|
ਢਾਡੀ ਤੇ ਕਵੀਆਂ ਦਾ, ਵੱਡਾ ਹਿਤਕਾਰੀ ਉਹ |
ਉਸ ਜਿਉਣਾ ਦੱਸਿਆ ਏ, ਆਜ਼ਾਦ ਵਿਚਾਰਾਂ ਤੇ
ਉਸ ….
ਇੱਕ ਕੌਮ ਬਣਾ ਦਿੱਤੀ, ਪਟਨੇ ਦੇ ਮਾਹੀ ਨੇ|
ਇੱਕ ਯੁੱਗ ਪਲਟਾ ਦਿੱਤਾ, ਉਸ ਸੰਤ ਸਿਪਾਹੀ ਨੇ |
ਸਿੱਖੀ ਨਵਿਆਈ ਏ, ਉਸ ਪੰਜ ਕਕਾਰਾਂ ਤੇ
ਉਸ ….
ਉਸ ਜ਼ਾਲਿਮ ਹਾਕਮ ਨੂੰ, ਕਹਿ ਸਚ ਸੁਣਾਇਆ ਏ|
ਡੁਬਦੇ ਬੇੜੇ ਹਿੰਦ ਨੂੰ, ਉਸ ਬੰਨੇ ਲਾਇਆ ਏ |
ਧੰਨ ਧੰਨ ਗੁਰਦੀਸ਼ ਕਰੇ, ਉਸ ਦੇ ਉਪਕਾਰਾਂ ਤੇ
ਉਸ ….
ਗੁਰਦੀਸ਼ ਕੌਰ ਦੀਸ਼- ਕੈਲਗਰੀ- ਕੈਨੇਡਾ

ਵਟਸਐਪ: +91 98728 60488

ਮਾਂ ਬਿਨਾਂ ਚਾਅ ਅਧੂਰੇ

ਲੇਖਕ – ਪਰਦੀਪ ਸਿੰਘ ਬਾਸੀ, ਚੀਮਿਆ ਵਾਲਾ