ਅਮਰ ਵਿਸਾਖੀ

ਗੀਤਕਾਰ – ਤਰਲੋਚਨ ਸਿੰਘ ਚੰਨ ਜੰਡਿਆਲਵੀ

“ਸਤਾ ਖਾਤਰ ਪੰਜਾਬੀਆਂ ਨੂੰ ਮੁਫਤਖੋਰ ਮੰਗਤੇ ਬਣਾ ਕੇ ਕੇਂਦਰ ਦੇ ਕਰਜੇ ਹੇਠ ਨਾ ਦਬਾਓ”

ਮਨਮੋਹਨ ਸਿੰਘ ਖੇਲਾ

ਸਿਰੜੀ ਅਤੇ ਸਖਤ ਮਹਿਨਤ ਕਰਨ ਵਾਲੇ ਸਾਰੇ ਵਰਗਾਂ ਦੇ ਪੰਜਾਬੀਆਂ ਤੋਂ ਸਿਆਸੀ ਪਾਰਟੀਆਂ ਵਲੋਂ ਵੋਟਾਂ ਵਟੋਰਨ ਅਤੇ ਸੱਤਾ ਹਥਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਇਦਿਆਂ ਰਾਹੀਂ ਫਰੀ ਵਾਲੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਕੇ ਮੰਗਤੇ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਰੀ ਕੋਸ਼ਿਸ਼ ਹੀ ਨਹੀਂ ਬਲਕਿ ਤਰ੍ਹਾਂ ਤਰ੍ਹਾਂ ਦੇ ਵਾਇਦੇ ਕਰਕੇ ਮੁਫਤ ਵਿੱਚ ਆਟਾ ਦਾਲ ਕਣਕ ਸਕੀਮ ਤੋਂ ਇਲਾਵਾ ਮੁਫਤ ਬਿਜਲੀ ਮੁਫਤ ਪਾਣੀ ਆਦਿ ਦੇ ਕੇ ਲੋਕਾਂ ਨੂੰ ਵਿਹਲੜ ਅਤੇ ਨਿਕੰਮੇ ਵੀ ਬਣਾਇਆ ਜਾ ਰਿਹੈ। ਇਸ ਤੋਂ ਬਿਨਾ ਸਿਆਸੀ ਲੋਕ ਇਹ ਵੀ ਚਾਹੁੰਦੇ ਹਨ ਕਿ ਪੰਜਾਬੀ ਹਰ ਤਰ੍ਹਾਂ ਨਾਲ ਸਰਕਾਰਾਂ ‘ਤੇ ਹੀ ਨਿਰਭਰ ਹੋ ਜਾਣ। ਜਿਸ ਕਰਕੇ ਰੁਜਗਾਰ ਦੀ ਵੀ ਮੰਗ ਨਾ ਕਰ ਸਕਣ। ਜਦ ਕਿ ਚਾਹੀਦਾ ਸੀ ਲਗਾਤਾਰ ਬਿਜਲੀ ਦੇਣਾ ,ਵੱਧੀਆ ਸਿਹਤ ‘ਤੇ ਵਿਦਿਆ ਸਹੂਲਤਾਂ ਦੇਣਾ ,ਰੁਜਗਾਰ ਦੇ ਸਾਧਨ ਉਪਲਭਧ ਕਰਨੇ,ਸਰਕਾਰੀ ਤੰਤਰ ਕੁਰੱਪਸ਼ਨ ਮੁਕਤ ‘ਤੇ ਲੋਕ ਪੱਖੀ ਬਨਾਉਣਾ ‘ਤੇ ਪਾਰਦਰਸ਼ੀ ਆਮਦਨ ਦੇ ਸਾਧਨ ਬਨਾਉਣੇ ‘ਤੇ ਲੋਕ ਵਿਕਾਸ ਹਿੱਤਾਂ ‘ਤੇ ਖਰਚ ਕਰਨਾ, ਆਮਦਨ ਦੇ ਸਾਧਨਾਂ ਨੂੰ ਮਜਬੂਤ ਕਰਨ ਲਈ ਹਰ ਇੱਕ ਤੋਂ ਟੈਕਸ ਵਸੂਲਣ ਦੇ ਸਰੋਤ ਪੈਦਾ ਕਰਨੇ ਜਰੂਰੀ ਹੋਣ। ਜਿਸ ਨਾਲ ਲੋਕ ਵਿਕਾਸ ਸਹੂਲਤਾਂ ਲਈ ਆਰਥਿਕ ਲੋੜ ਪੂਰੀ ਕਰਨ ਖਾਤਰ ਕੇਂਦਰ ਸਰਕਾਰ ਦੇ ਕਰਜੇ ਹੇਠ ਦੱਬ ਹੋਣ ਲਈ ਲੇਲੜੀਆਂ ਨਾ ਕੱਢਣੀਆਂ ਪੈਣ। ਰਾਜ ਦੇ ਵਿਕਾਸ ਅਤੇ ਲੋਕ ਵਿਕਾਸ ਸਹੂਲਤਾਂ ਲਈ ਰਾਜ ਸਰਕਾਰ ਆਪਣੇ ਵਸੀਲਿਆਂ ਨਾਲ ਹੀ ਪ੍ਰਬੰਧ ਕਰ ਸਕਣ ਦੇ ਯੋਗ ਹੋ ਸਕੇ। ਇਸ ਤੋਂ ਇਲਾਵਾ ਰਾਜ ਵਿਧਾਨ ਸਭਾ ਸਮੇਤ ਲੋਕ ਸਭਾ ਮੈਬਰਾਂ ਦੀ ਟਰਮ ਖਤਮ ਹੋਣ ਬਾਅਦ ਪੈਂਨਸ਼ਨ ਲੈਣ ਦਾ ਹੱਕ ਇੱਕ ਵਾਰ ਹੀ ਦਿੱਤਾ ਜਾਵੇ, ਬਹੁਤੀ ਵਾਰ ਚੁਣ ਹੋ ਕੇ ਲੱਗੀ ਪੈਂਨਸ਼ਨ ਬੰਦ ਹੋਵੇ।

ਅਜਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਬੇਸ਼ੱਕ ਪੰਜਾਬ ਵਿੱਚ ਵਿਦਿਆ ਹਰ ਇੱਕ ਲਈ ਲਾਜਮੀ ਨਹੀਂ ਸੀ। ਪੰਜਾਬ ਦੇ ਲੋਕੀਂ ਆਪਣੇ ਉਸ ਬੱਚੇ ਨੂੰ ਹੀ ਵਿਦਿਆ ਦੁਆਉਂਦੇ ਸਨ ਜਿਹੜਾ ਬੱਚਾ ਤੰਦਰੁਸਤ ‘ਤੇ ਹੁਸ਼ਿਆਰ ਹੁੰਦਾ ਸੀ। ਬਾਕੀਆਂ ਤੋਂ ਘਰ ਦੇ ਹੋਰ ਕੰਮ ਕਰਵਾਏ ਜਾਂਦੇ ਸਨ। ਪੰਜਾਬ ਦੀ ਸਿਖਿਆ ਦਾ ਮਿਆਰ ਸਾਰੇ ਭਾਰਤ ਦੇਸ਼ ਤੋਂ ਉੱਚਾ ਸੀ। ਪੰਜਾਬ ਯੂਨੀਵਰਸਿਟੀ ਦਾ ਮਿਆਰ ਵੀ ਲੰਡਨ ਦੀ ਔਕਸ ਫੋਰਡ ਯੂਨੀਵਰਸਿਟੀ ਨਾਲੋਂ ਵੀ ਵੱਧੀਆ ਸੀ।ਇਸੇ ਤਰ੍ਹਾਂ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਵਿਦਿਅਕ ਢਾਂਚਾ ਵੀ ਵਰਤਮਾਨ ਸਮੇਂ ਦੀਆਂ ਸਰਕਾਰਾਂ ਨਾਲੋਂ ਵੱਧੀਆਂ ਸੀ।ਭਾਵੇਂ ਉਸ ਵੇਲੇ ਸਕੂਲਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਗੁਰੂ ਘਰਾਂ, ਮੰਦਿਰਾਂ, ਮਸਜਿਦਾਂ,ਚਰਚਾਂ’ਤੇ ਗਿਰਜਾ ਘਰ ਆਦਿ ਵਿੱਚ ਸੱਭ ਨੂੰ ਹਰ ਤਰ੍ਹਾਂ ਦੀ ਵਿਦਿਆ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਵਾਲੀ ਵਿਦਿਆ ਵੀ ਦਿੱਤੀ ਜਾਂਦੀ ਸੀ। ਅੱਜ ਬੇਸ਼ੱਕ ਹਰ ਇੱਕ ਬੱਚੇ ਨੂੰ ਵਿਦਿਆ ਲਾਜਮੀ ਕਰਕੇ ਹਰ ਪਿੰਡ ਵਿੱਚ ਸਕੂਲ ਖੋਹਲ ਦਿੱਤੇ ਗਏ ਹਨ। ਇਨ੍ਹਾਂ ਹਰ ਪਿੰਡ ਵਿੱਚ ਖੁਲ਼ੇ ਸਕੂਲਾਂ ਵਿੱਚ ਇੱਕਲਾ ਇੱਕ ਅਧਿਆਪਕ ਹੈ ਕਈਆਂ ਵਿੱਚ ਇੱਕ ਵੀ ਨਹੀਂ ਹੈ।ਇੱਕਲਾ ਇੱਕ ਅਧਿਆਪਕ ਪੰਜ ਕਲਾਸਾਂ ਦੇ ਪੜ੍ਹਦੇ ਬੱਚਿਆਂ ਨੂੰ ਪੰਜਾਬੀ, ਹਿੰਦੀ, ਅੰਗਰੇਜੀ, ਗਣਿਤ, ਸਮਾਜਿਕ ਸਿਖਿਆ, ਵਿਗਿਆਨ. ਕਲਾ ਅਤੇ ਸਰੀਰਕ ਸਿਖਿਆਂ ਆਦਿ ਵਰਗੇ ਬਹੁਤ ਸਾਰੇ ਵਿਸ਼ਿਆਂ ਦਾ ਗਿਆਨ ਇਕਲਾ ਕਿਵੇਂ ਦੇ ਸਕਦਾ ਹੈ ? ਜਦ ਕਿ ਇੱਕਲਾ ਅਧਿਆਪਕ ਤਾਂ ਵੱਖੋ-ਵੱਖਰੀਆਂ ਜਮਾਤਾਂ ਦੇ ਬੱਚਿਆਂ ਨੂੰ ਰੌਲ਼ਾ ਪਾਉਣੋਂ ਬੰਦ ਕਰਾਕੇ ਸਿਰਫ ਚੁੱਪ ਚਾਪ ਬਿਠਾ ਕੇ ਹੀ ਰੱਖ ਸਕਦਾ ਹੈ। ਨੈਤਿਕ ਸਿਖਿਆ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਹੈ। ਸਰਕਾਰਾਂ ਦੇ ਇਨ੍ਹਾਂ ਤਰ੍ਹਾਂ-ਤਰ੍ਹਾਂ ਦੇ ਕਦੇ ਹਰ ਇੱਕ ਨੂੰ ਲਾਜਮੀ ਸਿਖਿਆ ਕਦੇ ਪੜ੍ਹੋ ਪੰਜਾਬ ਕਦੇ ਕਿਸੇ ਨੂੰ ਫੇਲ਼ ਨਾ ਕਰਨਾ ਕਦੇ ਕੁੱਝ ਹੋਰ ਤੋਂ ਹੋਰ ਨਿੱਤ ਦੇ ਨਵੇਂ ਬਦਲਦੇ ਤਜਰਬਿਆਂ ਕਰਕੇ ਸਿਖਿਆਂ ਦਾ ਮਿਆਰ ਬਹੁਤ ਹੇਠਾਂ ਆਇਆ ਹੈ। ਜਦ ਕਿ ਇਸ ਦੇ ਉਲਟ ਸਕੂਲਾਂ ਦੀ ਗਿਣਤੀ ਬੇਸ਼ੱਕ ਘੱਟ ਹੁੰਦੀ ਦੋ-ਦੋ ਜਾਂ ਤਿੰਨਾਂ-ਤਿੰਨਾਂ ਪਿੰਡਾਂ ਦਾ ਭਾਵੇਂ ਇੱਕ ਹੀ ਸਕੂਲ ਹੁੰਦਾ ਪਰ ਅਧਿਆਪਕਾਂ ਦੀ ਗਿਣਤੀ ਕਲਾਸਾਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਅਨੂਸਾਰ ਵਧ ਕੇ ਹੋਣੀ ਚਾਹੀਦੀ ਸੀ।ਹਰ ਪਿੰਡ ਵਿੱਚ ਖੋਹਲੇ ਗਏ ਸਕੂਲ ਸਿਆਸੀ ਲੋਕਾਂ ਨੇ ਰਾਜ ਸੱਤਾ ਦੀਆਂ ਆਪਣੀਆਂ ਕੁਰਸੀਆਂ ਪੱਕੀਆਂ ਕਰਨ ਲਈ ਖੋਹਲੇ ਹਨ। ਜਿਸ ਕਰਕੇ ਲੋਕ ਖੁੱਸ਼ ਹੋ ਕੇ ਵੋਟਾਂ ਪਾ ਕੇ ਇਨ੍ਹਾਂ ਸਿਆਸੀ ਲੋਕਾਂ ਨੂੰ ਸੱਤਾ ਦੁਆ ਸਕਣ। ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਸਹੂਲਤਾਂ ਕਰਕੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਕੇ ਉਨ੍ਹਾਂ ਦੇ ਬੱਚੇ ਉੱਚ ਪੱਧਰੀ ਸਿਖਿਆਂ ਤੋਂ ਵਾਂਝੇ ਹੋ ਰਹੇ ਹਨ। ਜੋ ਬੱਚੇ ਮਾਪਿਆਂ ਦੀ ਹਿੰਮਤ ਸਦਕੇ ਪੜ੍ਹ ਲਿਖ ਗਏ ਹਨ।ਉਹ ਰੁਜਗਾਰ ਲੈਣ ਖਾਤਰ ਗਰਮੀ ਸਰਦੀ ਵਾਰਿਸ਼ ਦੀ ਪ੍ਰਵਾਹ ਕੀਤੇ ਬਿਨਾ ਸੜਕਾਂ ‘ਤੇ ਬੈਠ, ਟੈਕੀਆਂ ‘ਤੇ ਚੜ੍ਹ ਅਤੇ ਮੰਤਰੀਆਂ, ਮੁੱਖ-ਮੰਤਰੀਆਂ ਦੇ ਘਰਾਂ ਅੱਗੇ ਮੁਜਾਹਰੇ ਕਰਦੇ ਹੋਏ ਸਰਕਾਰ ਦੀਆਂ ਡਾਂਗਾ ਖਾ ਰਹੇ ਹਨ ਅਤੇ ਬਹੁਤ ਸਾਰੇ ਆਇਲਟਸ ਪਾਸ ਕਰ ਵਿਦਿਆਰਥੀ ਬਣ ਰੁਜਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ਼ ਨੂੰ ਜਾ ਰਹੇ ਹਨ।

ਆਮ ਲੋਕਾਂ ਦਾ ਜਰੂਰੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਸ਼ਾਤਰ ਸਿਆਸਤਦਾਨ ਕਦੇ ਗਰੀਬਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਸ਼ਗਨ ਸਕੀਮਾਂ ਤੋਂ ਇਲਾਵਾ ਗਰੀਬਾਂ ਦੀ ਘਰੇਲੂ ਬਿਜਲੀ ਮੁਫਤ, ਨਾ ਵਰਤਣਯੋਗ ਮੁਫਤ ਆਟਾ ਦਾਲ ਸਕੀਮ ਅਤੇ ਕਿਸਾਨਾਂ ਨੂੰ ਅੱਖ ਮੁਟੱਕਾ ਕਰਨ ਵਾਲੀ ਪਾਣੀ ਬਿਜਲੀ ਮੁਫਤ ਵਾਲੀਆਂ ਸਕੀਮਾਂ ਦੇ ਕੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਵਲੋਂ ਅਸਲ ਵਿੱਚ ਇਹ ਮਿੱਠਾ ਜਹਿਰ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਬਹੁਤ ਸਾਰੇ ਲੋਕ ਵਿਹਲੇ ਰਹਿਣਾ ਪਸੰਦ ਕਰਨ ਲੱਗ ਪਏ ਹਨ। ਮੁਫਤ ਦਾ ਪਾਣੀ ਮਿਲਣ ਕਰਕੇ ਪਾਣੀ ਦੀ ਦੁਰ ਵਰਤੋਂ ਬਹੁਤ ਜਿਆਦਾ ਵੱਧ ਗਈ ਹੈ। ਲੋਕ ਆਪਣੇ ਘਰਾਂ ਵਿੱਚ ਆ ਰਹੇ ਪਾਣੀ ਦੀਆਂ ਟੁੱਟੀਆਂ ਨੂੰ ਲਗਾਤਾਰ ਚਲਦੀਆਂ ਹੀ ਰਹਿਣ ਦਿੰਦੇ ਹਨ। ਉਹ ਪਾਣੀ ਗਲੀਆਂ ਨਾਲੀਆਂ ਵਿੱਚ ਆਵਾਗੌਣ ਘੁੰਮਦਾ ਰਹਿੰਦਾ ਹੈ। ਅੱਗੇ ਕਿਧਰੇ ਨਿਕਾਸ ਨਾ ਹੋਣ ਕਰਕੇ ਛੱਪੜ ਭਰ ਕੇ ਨਾਲ ਲਗਦੇ ਖੇਤਾਂ ਵਾਲਿਆਂ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਕਰਦਾ ਹੈ। ਜਿਸ ਨਾਲ ਪਿੰਡਾਂ ਵਿੱਚ ਲੜਾਈ ਝਗੜੇ ਵੀ ਵਧਦੇ ਹਨ। ਕਿਸਾਨਾਂ ਨੂੰ ਵੀ ਖੇਤੀ ਸਿੰਚਾਈ ਮੋਟਰਾਂ ਦੇ ਬਿਜਲੀ ਦੇ ਬਿਲ ਨਾ ਹੋਣ ਕਰਕੇ ਕਿਸਾਨ ਵੀ ਪਾਣੀ ਦੀ ਦੁਰਵਰਤੋਂ ਕਰ ਲੈਂਦੇ ਹਨ। ਸਾਰਾ ਦਿਨ ਅਤੇ ਸਾਰੀ ਰਾਤ ਖੇਤਾਂ ਵਿੱਚ ਪਾਣੀ ਖੁੱਲ਼ਾ ਛੱਡ ਦਿੰਦੇ ਹਨ। ਕਈ ਵਾਰ ਪਾਣੀ ਟੁੱਟ ਕੇ ਗਵਾਂਢੀਆਂ ਦੇ ਖੇਤਾਂ ਵਿੱਚ ਵੀ ਵੜ ਜਾਂਦਾ ਹੈ। ਪਾਣੀ ਦੀ ਵਰਤੋਂ ਬਿਨਾ ਲੋੜ ਤੋਂ ਵੀ ਹੁੰਦੀ ਰਹਿੰਦੀ ਹੈ। ਇਸ ਨਾਲ ਬਿਜਲੀ ਦੀ ਖਪਤ ਕਰਕੇ ਕਈ ਵਾਰ ਕਈ-ਕਈ ਦਿਨ ਬਿਜਲੀ ਆਉਂਦੀ ਹੀ ਨਹੀਂ ਪਾਣੀ ਲਈ ਲੋਕ ਖਜਲ ਖਆਰ ਵੀ ਹੁੰਦੇ ਹਨ। ਜਦ ਕਿ ਲੋਕਾਂ ਨੂੰ ਵਾਰ ਵਾਰ ਬਿਜਲੀ ਨਾ ਆਉਣ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਲਗਾਤਾਰ ਬਿਜਲੀ ਸਪਲਾਈ ਦੀ ਅਤੀ ਲੋੜ ਹੈ।

ਇਨ੍ਹਾਂ ਮੁਫਤ ਵਾਲੀਆਂ ਸਹੂਲਤਾਂ ਕਰਕੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਨੇ ਮੁਫਤ ਦੇ ਜਹਿਰ ਵਿੱਚ ਫਸਾ ਕੇ ਪਹਿਲੇ ਸਮਿਆਂ ਦਾ ਬਦਲਵਾਂ ਫਸਲੀ ਚੱਕਰ ਵੀ ਭੁਲਾ ਕੇ ਕਣਕ ਝੋਨੇ ਦੇ ਚੱਕਰ ਵਿੱਚ ਹੀ ਫਸਾ ਦਿੱਤਾ ਹੈ। ਜਦ ਕਿ ਪੰਜਾਬ ਦਾ ਕਿਸਾਨ ਪਹਿਲਾਂ ਸੌਣੀ ਅਤੇ ਹਾੜੀ ਦੀਆਂ ਸਾਰੀਆਂ ਹੀ ਫਸਲਾਂ ਨੂੰ ਬੀਜਦਾ ਹੁੰਦਾ ਸੀ। ਜਦ ਕਿ ਹੁਣ ਸਿਵਾਏ ਕਣਕ ਝੋਨੇ ਬਿਨਾ ਹੋਰ ਕੁਝ ਵੀ ਨਹੀਂ ਬੀਜ ਰਿਹਾ। ਜਿਸ ਨਾਲ ਕਿਸਾਨੀ ਸਭਿਆਚਾਰ ‘ਤੇ ਵਿਰਸੇ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਪੰਜਾਬ ਦੇ ਕਿਸਾਨ ਸਣ, ਸਨੁਕੜਾ, ਕਮਾਦ, ਸਰੋਂ, ਰਾਇਆ, ਮੇਥੇ, ਮੱਕੀ, ਚਰੀ, ਬਾਜਰਾ, ਤਿਲ. ਸੀਹਲ, ਮਾਂਹ, ਮੂੰਗੀ, ਮਸਰ, ਮੋਠ, ਛੋਲੇ, ਕਣਕ ਅਤੇ ਸਾਰੀਆਂ ਸਬਜੀਆਂ ਸਮੇਤ ਘਰ ਦੀ ਵਰਤੋਂ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਫਸਲਾਂ ਬੀਜਦੇ ਸਨ। ਜਿਨ੍ਹਾਂ ਕਰਕੇ ਜਦੋਂ ਸਿਆਲ ਦੀਆਂ ਸਰਦ ਰਾਤਾਂ ਨੂੰ ਜਦੋਂ ਲੋਕੀ ਧੂਣੀ ਬਾਲ਼ ਕੇ ਸੇਕਦੇ ਹੋਏ ਇੱਕਠੇ ਹੋ ਕੇ ਸਨੁਕੜਾ ‘ਤੇ ਸਣ ਅਦਿ ਕੱਢਦੇ ਹੁੰਦੇ ਸਨ।ਉਦੋਂ ਪੰਜਾਬੀ ਵਿਰਸੇ ਅਤੇ ਇਤਹਾਸ ਨੂੰ ਜੋੜੀ ਰੱਖਣ ਵਾਲੀਆਂ ਲੰਬੀਆਂ-ਲੰਬੀਆਂ ਸਿਖਿਆਦਾਇਕ ਗੱਲਾਂ ਕਰਦੇ ਹੋਏ ਬਜੁਰਗ ਪੁਰਾਣੇ ਇਤਹਾਸ ਵਾਰੇ ਸਿਖਿਆਦਾਇਕ ‘ਤੇ ਨੈਤਿਕਤਾ ਭਰਪੂਰ ਕਹਾਣੀਆਂ ਅਤੇ ਬਾਤਾਂ ਪਾਉਂਦੇ ਹੁੰਦੇ ਸਨ।ਇੱਕਠੇ ਹੋ ਕੇ ਆਵਤ (ਮੁਫਤ ਵਿੱਚ ਮਦਤ) ਦੇ ਰੂਪ ਵਿੱਚ ਇੱਕ ਦੂਜੇ ਦੀ ਫਸਲ ਦੀ ਬਿਜਾਈ ਕਰਵਾਉਣਾ, ਵਾਢੀ ਕਰਨਾ, ਦਾਣਿਆਂ ਨੂੰ ਅਤੇ ਪੱਠਿਆਂ ਨੂੰ ਵੱਖਰੇ ਵੱਖਰੇ ਕਰਵਾਉਣਾ ਅਤੇ ਫਸਲ ਨੂੰ ਰੇਹ ਆਦਿ ਤੱਕ ਖੇਤਾਂ ਵਿੱਚ ਪਾਉਣ ਆਦਿ ਦੀ ਭਾਈਚਾਰਕ ਸਾਂਝ ਰੱਖ ਕੇ ਹਰ ਤਰ੍ਹਾਂ ਦੇ ਕੰਮ ਰਲ਼ ਮਿਲ ਕੇ ਕਰਦੇ ਸਨ।

ਸਿਆਸੀ ਪਾਰਟੀਆਂ ਵਲੋਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਰੂਪੀ ਜਹਿਰ ਨੇ ਆਪਸੀ ਵਿਰਸੇ ਵਾਲੀ ਸਾਂਝ ਹੀ ਖਤਮ ਨਹੀਂ ਕੀਤੀ ਬਲਕਿ ਸਾਡਾ ਸਾਰਾ ਫਸਲੀ ਚਕਰ ਵੀ ਪੰਜਾਬ ਵਿੱਚੋਂ ਗਾਇਬ ਕਰ ਕੇ ਕਣਕ ਝੋਨੇ ਦੀ ਲੱਤ ਵਿੱਚ ਫਸਾ ਦਿੱਤਾ ਹੈ। ਜਿਸ ਨਾਲ ਪੰਜਾਬ ਦਾ ਪਾਣੀ ਵੀ ਜਹਿਰੀਲਾ ਹੋ ਕੇ ਖਤਮ ਹੋਣ ਦੀ ਕੰਗਾਰ ‘ਤੇ ਖੜ੍ਹਾ ਕਰ ਦਿਤਾ ਗਿਆ ਹੈ।ਸਿਆਸੀ ਪਾਰਟੀਆਂ ਦੀਆਂ ਸਮੇਂ-ਸਮੇਂ ਬਣਦੀਆਂ ਸਰਕਾਰਾਂ ਵਲੋਂ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਦੇ ਨਾਮ ਵਾਲੀਆਂ ਕਈ ਤਰ੍ਹਾਂ ਦੀਆਂ ਕ੍ਰਾਂਤੀਆਂ ਦੇ ਨਾਮ ਹੇਠ ਸਾਡੇ ਪੰਜਾਬ ਦੀ ਜਰਖੇਜ ਧਰਤ-ਮਾਤਾ ਵਿੱਚ ਬੇਅੰਤ ਤਰ੍ਹਾਂ ਦੀ ਸੁੱਟੀ ਜਾ ਰਹੀ ਜਹਿਰ ਦੇ ਰੂਪ ਵਿੱਚ ਕੀਟ ਨਾਸ਼ਕ ਦਵਾਈਆਂ ਅਤੇ ਕੈਮੀਕਲ ਰੂਪੀ ਬਨਾਉਟੀ ਖਾਦਾਂ ਰੂਪੀ ਰੇਹ ਨਾਲ ਧਰਤ-ਮਾਤਾ ਨੂੰ ਜਹਿਰ ਨਾਲ ਲੱਥ ਪੱਥ ਕਰਕੇ ਕੇਂਸਰ ਵਰਗੀਆਂ ਬਿਮਾਰੀਆਂ ਚੰਬੇੜ ਦਿੱਤੀਆਂ ਗਈਆਂ ਹਨ। ਜਿਨ੍ਹਾਂ ਨਾਲ ਸਾਡੀ ਧਰਤ-ਮਾਤਾ ਨੂੰ ਦਵਾਈਆਂ ਅਤੇ ਬਨਾਉਟੀ ਖਾਦਾਂ ਪਾ-ਪਾ ਖੋਖਲਾ ਕਰਕੇ ਆਦੀ ਵੀ ਬਣਾ ਦਿੱਤਾ ਗਿਆ ਹੈ। ਪੰਜਾਬ ਦੀ ਧਰਤ-ਮਾਤਾ ਵਿੱਚੋਂ ਉੱਗਣ ਵਾਲੀ ਹਰ ਸਬਜੀ ਅਤੇ ਹਰ ਤਰ੍ਹਾਂ ਦੇ ਅਨਾਜ ਵਿੱਚ ਬਹੁਤ ਸਾਰੀ ਮਾਤਰਾ ਜਹਿਰ ਨਾਲ ਭਰੀ ਹੋਈ ਹੈ। ਜਿਹੜੀ ਕਿ ਅਸੀਂ ਸਾਰੇ ਨਿੱਤ ਖਾ ਰਹੇ ਹਾਂ।ਜਿਸ ਕਰਕੇ ਪੰਜਾਬੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਖਤਰਨਾਖ ਬਿਮਾਰੀਆਂ ਘੇਰ ਰਹੀਆਂ ਹਨ।

ਪੰਜਾਬੀਆਂ ਦੀ ਸਿਆਸੀ ਪਾਰਟੀਆਂ ਨੂੰ ਅਪੀਲ ਹੈ ਕਿ ਮੁਫਤ ਵਿੱਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਬੇਸ਼ੱਕ ਬੰਦ ਕਰ ਦਿੱਤਾ ਜਾਵੇ। ਪਰ ਪੰਜਾਬ ਦੇ ਕਿਸਾਨ ਦੀਆਂ ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਨਿਯਮਾਂ ਅਨੂਸਾਰ ਗੰਰਟੀ ਦਿੱਤੀ ਜਾਵੇ। ਮਜਦੂਰਾਂ ਅਤੇ ਕਿਰਤੀਆਂ ਦੇ ਕੰਮਾਂ ਨੂੰ ਅਤੇ ਦਿਹਾੜੀ ਰੇਟਾਂ ਨੂੰ ਫਿਕਸ ਕਰਕੇ ਰੁਜਗਾਰ ਦੀ ਪੂਰੀ ਗਰੰਟੀ ਦਿੱਤੀ ਜਾਵੇ। ਕੁਦਰਤੀ ਆਫਤਾਂ ਨਾਲ ਫਸਲਾਂ ਦੀ ਤਬਾਹੀ ਸਮੇਤ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਖੇਤੀ ਹਾਦਸਿਆਂ ਕਾਰਨ ਹੋਣ ਵਾਲੀ ਮੌਤ ਦੀ ਸੂਰਤ ਵਿੱਚ ਜੀਵਨ ਬੀਮਾ ‘ਤੇ ਫਸਲੀ ਬੀਮਾਂ ਸਕੀਮਾਂ ਨੂੰ ਅਮਲੀ ਰੂਪ ਦਿੱਤੇ ਜਾਣ। ਪੰਜਾਬ ਦੇ ਹਰ ਪਿੰਡ ਵਿੱਚ ਭਾਵੇਂ ਸਕੂਲ ਨਾ ਵੀ ਹੋਣ ਬੇਸ਼ੱਕ ਦੋ ਪਿੰਡਾਂ ਦਾ ਜਾਂ ਤਿੰਨ ਪਿੰਡਾਂ ਦਾ ਸਾਂਝਾ ਸਕੂਲ ਹੋਵੇ ਜਿੱਥੇ ਵੀ ਸਰਕਾਰੀ ਸਕੂਲ ਹੋਵੇ ੳੱਥੇ ਕਲਾਸਾਂ ਦੀ ਗਿਣਤੀ ਅਤੇ ਵਿਸ਼ਿਆਂ ਦੀ ਗਿਣਤੀ ਅਨੂਸਾਰ ਅਧਿਆਪਕ ਹਰ ਹਾਲਤ ਵਿੱਚ ਪੂਰੇ ਹੋਣੇ ਚਾਹੀਦੇ ਹਨ। ਅਧਿਆਪਕ ਪੂਰੇ ਹੋਣ ਨਾਲ ਵਿਦਿਆ ਦਾ ਮਿਆਰ ਆਪਣੇ ਆਪ ਉੱਚਾ ਹੋ ਜਾਵੇਗਾ। ਪੰਜਾਬੀਆਂ ਨੂੰ ਵੱਧੀਆਂ ਵਿਦਿਆ ਸਿਸਟਮ ਦੀ ਲੋੜ ਹੈ ਨਾ ਕਿ ਸਕੂਲਾਂ ਦੀ ਗਿਣਤੀ ਦੀ ਲੋੜ ਹੈ। ਪਿੰਡ-ਪੰਡ ਗਲੀਆਂ ਮੁੱਹਲਿਆਂ ਵਿੱਚ ਬਿਨਾ ਕਿਸੇ ਸਰਕਾਰੀ ਮਾਨਤਾ ਤੋਂ ਵੱਡੀਆਂ ਵੱਡੀਆਂ ਫੀਸਾਂ ਅਤੇ ਵਰਦੀਆਂ ਕਿਤਾਬਾਂ ਕਾਪੀਆਂ ਆਦਿ ਦੀ ਆੜ ਵਿੱਚ ਲੋਕਾਂ ਦੀ ਲੁੱਟ ਕਰਨ ਵਾਲੀਆਂ ਦੁਕਾਨ ਨੁਮਾਂ ਸਕੂਲਾਂ ‘ਤੇ ਪਾਬੰਦੀ ਲਾ ਕੇ ਬੰਦ ਕਰਵਾਇਆ ਜਾਵੇ। ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਜੇ ਉਹ ਸਾਰਾ ਕੁੱਝ ਮਿਲਣ ਲੱਗ ਜਾਵੇ, ਤਾਂ ਕਿੰਨਾ ਵੱਧੀਆਂ ਹੋਵੇਗਾ ਜਿਸ ਦੀ ਸ਼ੋਸ਼ੇਵਾਸੀ ਨਾਲ ਆਪਣੀ ਲੁੱਟ ਕਰਵਾਉਣ ਦੁਕਾਨਾਂ ਨੁਮਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਜਾਂਦੇ ਹਨ। ਪੰਜਾਬ ਦੇ ਸਕੂਲਾਂ ਵਿੱਚ ਪੂਰੇ ਅਧਿਆਪਕ ਦੇ ਕੇ ਸਿਸਟਮ ਨੂੰ ਸੁਧਾਰਨਾ ਬਹੁਤ ਜਰੂਰੀ ਹੈ।

ਪੰਜਾਬ ਵਾਸੀਆਂ ਨੂੰ ਸਿਆਸੀ ਪਾਰਟੀਆਂ ਤੋਂ ਪਾਣੀ ‘ਤੇ ਬਿਜਲੀ ਮੁਫਤ ਵਿੱਚ ਨਹੀਂ ਚਾਹੀਦੀ ਬਲਕਿ ਬਿਜਲੀ ਦੀ ਸਪਲਾਈ ਲਗਾਤਾਰ ਨਿਰਵਿਘਨ ਚਾਹੀਦੀ ਹੈ। ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਅਫਸਰਾਂ ਅਤੇ ਮੁਲਾਜਮਾਂ ਦਾ ਆਮ ਜਨਤਾ ਪ੍ਰਤੀ ਰਵਈਆ ਬਦਲਾਉਣ ਦੀ ਲੋੜ ਹੈ। ਜਿਸ ਨਾਲ ਜਰੂਰੀ ਕੰਮਾਂ ਲਈ ਦਫਤਰਾਂ ਵਿੱਚ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਬੰਦ ਹੋਣੀ ਹੋਵੇ। ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਵਸੀਲੇ ਬਣਾ ਕੇ ਨੌਕਰੀਆਂ ਦਿੱਤੀਆਂ ਜਾਣ। ਪੰਜਾਬ ਦੇ ਲੋਕਾਂ ਲਈ ਵੱਧੀਆਂ ਸਿਹਤ ਸਹੂਲਤਾਂ ਦੇ ਉਪਰਾਲੇ ਕੀਤੇ ਜਾਣ। ਜਿਸ ਨਾਲ ਰਾਜ ਦਾ ਵਿਕਾਸ ਹੋ ਸਕੇ ‘ਤੇ ਰਾਜ ਸਰਕਾਰ ਨੂੰ ਮਾਇਕ ਸਹਾਇਤਾ ਲੈਣ ਖਾਤਰ ਕੇਂਦਰ ਸਰਕਾਰ ਦੇ ਕਰਜੇ ਹੇਠ ਦਬਣਾ ਨਾ ਪਵੇ। ਇਸ ਕਰਕੇ ਸਿਆਸੀ ਪਾਰਟੀਆਂ ਨੂੰ ਚਾਹੀਦੈ ਕਿ ਸਤਾ ਲੈਣ ਖਾਤਰ ਲੋਕਾਂ ਨੂੰ ਮੁਫਤ ਵਾਲੀਆਂ ਸਹੂਲਤਾਂ ਦੇ ਲੋਲੀਪੋਪ ਵਾਲੇ ਲਾਲਚ ਨਾ ਦੇਣ ਸਗੋਂ ਹਰ ਪੰਜਾਬੀ ਨੂੰ ਉਨ੍ਹਾਂ ਦੇ ਪੈਰਾਂ ‘ਤੇ ਖੜ੍ਹਨ ਦੇ ਯੋਗ ਬਨਾਉਣ। ਜਿਸ ਨਾਲ ਲੋਕਾਂ ਵਿੱਚ ਮਹਿਨਤ ਕਰਨ ਦੀ ਰੁਚੀ ਪੈਦਾ ਹੋ ਸਕੇ। ਜਿਸ ਨਾਲ ਸਾਡਾ ਪੰਜਾਬ ਖੁਸ਼ਹਾਲ ਹੋਵੇ ਅਤੇ ਪੰਜਾਬੀ ਸਾਰੇ ਦੇਸ਼ ਵਾਸੀਆਂ ਨੂੰ ਅਣੋਖੀ ਅਤੇ ਨਿਵੇਕਲੀ ਕਿਸਮ ਦੀ ਪਛਾਣ ਬਨਣ ਦਾ ਮਾਣ ਹਾਸਲ ਕਰ ਸਕਣ।

– ਮਨਮੋਹਨ ਸਿੰਘ ਖੇਲਾ ( ਸਿਡਨੀ ਤੋਂ )

ਨਿਰਗੁਣ ਬ੍ਰਹਮ ਦੇ ਉਪਾਸ਼ਕ : ਭਗਤ ਰਵਿਦਾਸ ਜੀ

ਭਗਤ ਰਵਿਦਾਸ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ। ਉਹ ਭਾਵੇਂ ਅਖੌਤੀ ਸ਼ੂਦਰ ਵਰਗ ਵਿੱਚੋਂ ਸਨ, ਪਰ ਉਹ ਉੱਚ ਕੋਟੀ ਦੇ ਸੰਤ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਲਈ ਬਾਣੀ ਰਚੀ। ਰਾਮਾਨੰਦ ਜੀ ਤੇ ਵਲਭਾਚਾਰੀਆ ਨੇ ਜਿਸ ਭਗਤੀ ਲਹਿਰ ਦਾ ਮੁੱਢ ਬੰਨ੍ਹਿਆ, ਉਸ ਨੂੰ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਆਦਿ ਭਗਤਾਂ ਨੇ ਅੱਗੋਂ ਤੋਰਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਰ ‘ਤੇ ਪਹੁੰਚਾਇਆ।

ਆਪ ਜੀ ਨੇ ਮਾਘ ਸੁਦੀ 15 ਬਿਕ੍ਰਮੀ ਸੰਮਤ 1433 (2 ਜਨਵਰੀ 1377 ਈ.) ਨੂੰ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਦਾ ਨਾਂ ਸ੍ਰੀ ਸੰਤੋਖ ਦਾਸ ਮਾਤਾ ਜੀ ਦਾ ਨਾਂ ਬੀਬੀ ਕਲਸੀ ਦੇਵੀ ਸੀ, ਜੋ ਬਨਾਰਸ ਦੇ ਨਜ਼ਦੀਕ ਪਿੰਡ ਸੀਰ ਗੋਵਰਧਨ ਵਿਖੇ ਰਹਿੰਦੇ ਸਨ। ਆਪ ਜੀ ਦਾ ਵਿਆਹ 12-13 ਸਾਲ ਦੀ ਉਮਰ ਵਿੱਚ ਬੀਬੀ ਲੋਨਾ ਨਾਲ ਹੋਇਆ। ਆਪ ਜੀ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ। ਇਸ ਲਈ ਆਪ ਜੀ ਨੂੰ ਪ੍ਰਮਾਤਮਾ ਦਾ ਭਗਤ ਮੰਨਿਆ ਜਾਂਦਾ ਹੈ। ਆਪ ਜੀ ਦੇ ਸਮੇਂ ਸਮਾਜ ਜਾਤ-ਪਾਤ ਵਿੱਚ ਵੰਡਿਆ ਹੋਇਆ ਸੀ ਤੇ ਪੜ੍ਹਨ-ਪੜ੍ਹਾਉਣ ਤੇ ਪੂਜਾ ਪਾਠ ਦਾ ਹੱਕ ਕੇਵਲ ਉੱਚੀ ਜਾਤਾਂ ਵਾਲਿਆਂ ਨੂੰ ਸੀ, ਇਸ ਲਈ ਆਪ ਜੀ ਨੇ ਕਿਸੇ ਆਸ਼ਰਮ ਵਿੱਚ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ। ਪਰ ਉਨ੍ਹਾਂ ਦੀ ਬਾਣੀ ਵਿੱਚੋਂ ਵੇਦਾਂ, ਪੁਰਾਣਾਂ, ਸਿਮ੍ਰਤੀਆਂ, ਪੌਰਾਣਿਕ ਅਤੇ ਇਤਿਹਾਸਿਕ ਅਤੇ ਮਿਥਿਆਸਕ ਘਟਨਾਵਾਂ ਦੇ ਹਵਾਲੇ ਮਿਲਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਹੀ ਗਿਆਨਵਾਨ ਅਤੇ ਅਨੁਭਵੀ ਸ਼ਖਸੀਅਤ ਦੇ ਮਾਲਕ ਸਨ। ਆਪ ਜੀ ਨੇੇ ਪਿਤਾ-ਪੁਰਖੀ ਕਿੱਤਾ ਢੇਰ ਢੋਣਾ, ਜੁੱਤੀਆਂ ਗੰਢਣਾਂ ਅਪਣਾਇਆ, ਜਿਸ ਦੀ ਗਵਾਹੀ ਆਪ ਜੀ ਦੀ ਬਾਣੀ ਵਿੱਚੋਂ ਮਿਲਦੀ ਹੈ :-

ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ॥ ॥ਰਹਾਉ॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਨਾਰਸੀ ਆਸਾ ਪਾਸਾ॥

ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਜਿੱਥੇ ਆਪ ਜੀ ਦੀ ਉਸਤਤ ਕੀਤੀ ਹੈ, ਉੱਥੇ ਆਪ ਜੀ ਦੇ ਪੇਸ਼ੇ ਬਾਰੇ ਵੀ ਲਿਖਿਆ :-

ਭਗਤ ਭਗਤ ਜਗਿ ਵਜਿਆ ਚਹੁ ਚਕਾਂ ਦੇ ਵਿੱਚ ਚਮਰੇਟਾ,
ਪਾਣਾ ਗੰਢੇ ਰਾਹ ਵਿਚਿ ਕੁਲਾ ਧਰਮ ਢੋਇ, ਢੋਰ ਸਮੇਟਾ।

ਹੋਰਨਾਂ ਭਗਤਾਂ ਵਾਂਗ ਆਪ ਜੀ ਨੇ ਅੰਧੇਰੇ ਵਿੱਚ ਭਟਕ ਰਹੀ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਣ ਲਈ ਬਿਹਾਰ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਗੁਜ਼ਰਾਤ, ਰਾਜਸਥਾਨ ਤੇ ਹੋਰ ਸੂਬਿਆਂ ਦੀ ਯਾਤਰਾ ਕੀਤੀ।

ਆਪ ਜੀ ਦੇ 40 ਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ ਜੋ ਕਿ 16 ਰਾਗਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਆਪ ਜੀ ਦੁਆਰਾ ਰਚੀ ਬਾਣੀ ਦੇ ਹੱਥ ਲਿਖਤ ਖਰੜੇ ਅਤੇ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਭਗਤ ਰਵਿਦਾਸ ਸ੍ਰੋਤ ਪੁਸਤਕ’ ਤੋਂ ਵੇਖੀ ਜਾ ਸਕਦੀ ਹੈ।

ਆਪ ਇੱਕ ਤੀਖਣ ਬੁੱਧੀ ਦੇ ਮਾਲਕ ਸਨ। ਆਪ ਜੀ ਨੇ ਸਾਦਗੀ ਭਰੀ ਜ਼ਿੰਦਗੀ ਬਤੀਤ ਕੀਤੀ ਤੇ ਹੱਥੀਂ ਕਿਰਤ ਕਰਕੇ ਨਿਰਬਾਹ ਕੀਤਾ। ਆਪ ਨਿਰਗੁਣ ਬ੍ਰਹਮ ਦੇ ਉਪਾਸ਼ਕ ਸਨ। ਆਪ ਜੀ ਨੇ ਬ੍ਰਹਮ ਨੂੰ ਓਅੰਕਾਰ ਰੂਪ ਵਿੱਚ ਚਿਤਰਿਆ ਹੈ ਜਿਸ ਦਾ ਤਿੰਨ ਲੋਕਾਂ ਵਿੱਚ ਵਾਸਾ ਹੈ :-

ਬਟਕ ਬੀਜ ਜੈਸਾ ਓਅੰਕਾਰ॥ ਪਸਰਿਯੋ ਤੀਨ ਲੋਕ ਵਿਸਤਾਰ॥
ਅਖਰ ਅਨਾਦਿ ਏਕ ਉਂਕਾਰਾ॥ ਤੀਨ ਲੋਕ ਜਿਨ ਕਿਆ ਪਸਾਰਾ॥

ਇਹ ਬ੍ਰਹਮ ਮਾਇਆ ਰਹਿਤ ਹੈ, ਜਿਸ ਦਾ ਕੋਈ ਸਰੂਪ ਨਹੀਂ ਤੇ ਨਾ ਹੀ ਕੋਈ ਜਾਤਿ ਹੈ। ਉਸ ਨੂੰ ਸਿਮਰਨ ਕਰਕੇ ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ :-

ਤੂੰ ਸਰਗੁਣ ਨਿਗੁਣ ਨਿਰਾਮਈ ਨਿਰਵਿਕਾਰ॥ ਹਰਿ ਅੰਜਨ ਨਿਰੰਜਨ ਬਿਮਲ ਅਪ੍ਰਮੇਵ॥
ਕਹਿ ਰਵਿਦਾਸ ਨਿਰੰਜਨ ਧਯਾਊਂ॥
ਗੁਰ ਪ੍ਰਸਾਦਿ ਨਿਰੰਜਨ ਪਾਵਉ॥

ਭਗਤ ਰਵਿਦਾਸ ਜੀ ਬ੍ਰਹਮ ਨੂੰ ਇਸ ਸੰਸਾਰ ਦਾ ਕਰਤਾ ਮੰਨਦੇ ਹਨ, ਜੋ ਸਾਰਿਆ ਵਿੱਚ ਵੱਸ ਰਿਹਾ ਹੈ :-

ਬਹੁ ਬਿਧਿ ਨਰਮ ਨਿਰੂਪੀਐ
ਕਰਤਾ ਦੀਸੈ ਸਭ ਲੋਇ॥
ਸਰਬੈ ਏਕੁ ਅਨੇਕੈ ਸੁਆਮੀ
ਸਭ ਘਟ ਭੋਗਵੈ ਸੋਈ॥

ਪ੍ਰਮਾਤਮਾ ਇੱਕ ਹੀ ਹੈ ਜੋ ਅਨੇਕਾਂ ਰੂਪਾਂ ਵਿੱਚ ਇਸ ਸੰਸਾਰ ਵਿੱਚ ਵਿਚਰ ਰਿਹਾ ਹੈ :-

ਏਕ ਹੀ ਏਕ ਅਨੇਕ ਹੋਇ ਬਿਸਥਰਿਓ
ਆਨ ਰੇ ਆਨ ਭਰਪੂਰਿ ਸੋਊ॥

ਇਹ ਜਗਤ ਸਤਿ ਵੀ ਹੈ ਤੇ ਅਸਤਿ ਵੀ।ਪ੍ਰਮਾਤਮਾ ਦੀ ਕਿਰਤ ਹੋਣ ਕਰਕੇ ਜਗਤ ਸਤਿ ਹੈ। ਇਸ ਜਗਤ ਦੀ ਹਰ ਚੀਜ਼ ਨਾਸ਼ਮਾਨ ਹੈ, ਇਸ ਲਈ ਇਹ ਜਗਤ ਅਸਤਿ ਹੈ। ਭਗਤ ਰਵਿਦਾਸ ਜੀ ਜਗਤ ਨੂੰ ਫ਼ਾਨੀ ਦਰਸਾਉਂਦੇ ਹੋਏ ਲਿਖਦੇ ਹਨ :-

ਜੋ ਦਿਨ ਆਵਹਿ ਸੋ ਦਿਨ ਜਾਹੀ॥
ਕਰਨਾ ਕੂਚੁ ਰਹਨੁ ਥਿਰੁ ਨਾਹੀ॥
ਸੰਗੁ ਚਲਤ ਹੈ ਹਮ ਭੀ ਚਲਨਾ॥
ਦੂਰਿ ਗਵਨੁ ਸਿਰ ਊਪਰਿ ਮਰਨਾ ॥1॥
ਕਿਆ ਤੂ ਸੋਇਆ ਜਾਗੁ ਇਆਨਾ॥
ਤੈ ਜੀਵਨੁ ਜਗਿ ਸਚੁ ਕਰਿ ਜਾਨਾ॥1॥ ਰਹਾਉ॥….
ਕਹਿ ਰਵਿਦਾਸ ਨਿਦਾਨਿ ਦਿਵਾਨੇ॥
ਚੇਤਸਿ ਨਾਹੀ ਦੁਨੀਆ ਫਨ ਖਾਨੇ॥

ਇਸ ਜਗਤ ਵਿੱਚ ਜੋ ਦਿਸ ਰਿਹਾ ਹੈ, ਸਭ ਨਾਸ਼ਮਾਨ ਹੈ। ਉਹ ਲਿਖਦੇ ਹਨ :

ਬਿਨ ਦੇਖੈ ਉਪਜੈ ਨਹੀ ਆਸਾ॥
ਜੋ ਦੀਜੈ ਸੋ ਹੋਇ ਬਿਨਾਸਾ॥

ਭਗਤ ਰਵਿਦਾਸ ਜੀ ਅਨੁਸਾਰ ਇਸ ਜਗਤ ਦਾ ਰੰਗ ਕਸੁੰਭੜੇ ਵਾਂਗ ਕੱਚਾ ਭਾਵ ਅਸਥਿਰ ਹੈ ਜਦ ਕਿ ਪ੍ਰਮਾਤਮਾ ਮਜੀਠ ਦੇ ਰੰਗ ਵਾਂਗ ਪੱਕਾ ਜਾਂ ਸਥਿਰ ਹੈ :-

ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥

ਰਵਿਦਾਸ ਜੀ ਨੇ ਇਸ ਜਗਤ ਨੂੰ ਬਾਜ਼ੀ ਤੇ ਪ੍ਰਮਾਤਮਾ ਨੂੰ ਬਾਜ਼ੀਗਰ ਦੀ ਸੰਗਿਆ ਦਿੱਤੀ ਹੈ। ਇਹ ਸੰਸਾਰ ਬਾਜ਼ੀਗਰ ਰੂਪੀ ਪ੍ਰਮਾਤਮਾ ਦੀ ਬਾਜ਼ੀ ਭਾਵ ਖੇਡ ਹੈ :-

ਕਹਿ ਰਵਿਦਾਸ ਬਾਜੀ ਜਗੁ ਭਾਈ॥
ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ॥

ਆਪ ਪ੍ਰਮਾਤਮਾ ਨੂੰ ਸਰਬ-ਵਿਆਪਕ ਮੰਨਦੇ ਹਨ, ਜੋ ਅਨੇਕ ਰੂਪ ਬਣਾ ਕੇ ਸਾਰਿਆ ਵਿੱਚ ਵਸਦਾ ਹੈ। ਜੋ ਕੁਝ ਵੀ ਹੋ ਰਿਹਾ ਹੈ, ਉਸ ਦੀ ਰਜਾ ਵਿੱਚ ਹੋ ਰਿਹਾ ਹੈ :-

ਸਰਬੈ ਏਕ ਅਨੇਕੈ ਸੁਆਮੀ, ਸਭ ਘਟ ਭੂਗਾਵੈ ਸੋਈ॥
ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ॥

ਇਸ ਤਰ੍ਹਾਂ ਆਪ ਨਿਰਗੁਣ ਧਾਰਾ ਦੇ ਸੰਤ ਕਵੀ ਸਨ, ਜਿਨ੍ਹਾਂ ਨੇ ਪੂਰਵ ਪ੍ਰਚਲਿਤ ਦਾਰਸ਼ਨਿਕ ਮਾਨਤਾਵਾਂ ਨੂੰ ਆਪਣੇ ਅਨੁਭਵ ਅਨੁਸਾਰ ਮੌਲਿਕ ਰੂਪ ਵਿੱਚ ਪੇਸ਼ ਕੀਤਾ। ਆਪ ਜੀ ਦਾ ਸੰਦੇਸ਼ ਜਨ-ਸਾਧਾਰਨ ਜਨਤਾ ਲਈ ਸੀ, ਜੋ ਅਖੌਤੀ ਭੇਖੀਆਂ, ਅੰਧ-ਵਿਸ਼ਵਾਸੀਆਂ ਤੇ ਧਰਮ ਦੇ ਠੇਕੇਦਾਰਾਂ ਦੀ ਘਿਰਣਾ ਦਾ ਸ਼ਿਕਾਰ ਸੀ।

ਡਾ. ਚਰਨਜੀਤ ਸਿੰਘ ਗੁਮਟਾਲਾ

ਆਪ ਜੀ ਨੇ ਉਸ ਸਮੇਂ ਪ੍ਰਚਲਿਤ ਕਰਮ ਕਾਂਡਾਂ ਦੀ ਥਾਂ ‘ਤੇ ਭਗਤੀ ਮਾਰਗ ਨੂੰ ਸਰਵ ਸ੍ਰੇਸ਼ਟ ਦੱਸਿਆ। ਤੀਰਥ ਇਸ਼ਨਾਨ ਨੂੰ ਹਾਥੀ ਦੇ ਇਸ਼ਨਾਨ ਵਾਂਗ ਬਾਹਰਮੁੱਖੀ ਕਰਾਰ ਦਿੱਤਾ। ਆਪ ਜੀ ਦੇ ਅਨੁਸਾਰ ਲੋਕ ਆਪਣੇ ਵੱਲੋਂ ਸੁੱਚਾ ਜਲ, ਦੁੱਧ, ਫ਼ਲ ਆਦਿ ਵਸਤੂਆਂ ਨਾਲ ਦੇਵੀ ਦੇਵਤਿਆਂ ਦੀ ਪੂਜਾ ਕਰਕੇ, ਉਨ੍ਹਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਦੇ ਹਨ ਪਰ ਇਹ ਵਸਤੂਆਂ ਪਹਿਲਾਂ ਹੀ ਜੂਠੀਆਂ ਹੁੰਦੀਆਂ ਹਨ। ਦੁੱਧ ਵੱਛੇ ਦੇ ਥਣਾਂ ਤੋਂ ਜੂਠਾ ਕੀਤਾ ਹੁੰਦਾ ਹੈ, ਫੁੱਲ ਭੌਰੇੇ ਨੇ ਜੂਠੇ ਕੀਤੇ ਹੁੰਦੇ ਹਨ ਤੇ ਜਲ ਮੱਛਲੀ ਨੇ ਖ਼ਰਾਬ ਕੀਤਾ ਹੁੰਦਾ ਹੈ। ਇਸ ਲਈ ਇਹ ਵਸਤੂਆਂ ਭੇਂਟ ਕਰਨ ਯੋਗ ਨਹੀਂ। ਪੂਜਾ ਦੀਆਂ ਬਾਕੀ ਵਸਤੂਆਂ ਚੰਦਨ, ਧੂਪ, ਦੀਪ, ਨੈਵੇਦਾ ਵੀ ਜੂਠੀਆਂ ਹੁੰਦੀਆਂ ਹਨ। ਚੰਦਨ ਦੇ ਬੂਟੇ ਨੂੰ ਸੱਪ ਚੰਬੜੇ ਹੁੰਦੇ ਹਨ।ਧੂਪ, ਦੀਪ ਤੇ ਨੈਵੇਦਾ ਸੁਗੰਧੀ ਆ ਜਾਣ ਕਰਕੇ ਜੂਠੇ ਹੁੰਦੇ ਹਨ। ਪੂਜਾ ਸਮੇਂ ਦੇਵਤਿਆਂ ਦੀ ਮੂਰਤੀਆਂ ਅੱਗੇ ਆਰਤੀ ਕੀਤੀ ਜਾਂਦੀ ਹੈ। ਇਸ ਕਰਮ-ਕਾਂਡ ਨੂੰ ਆਪ ਜੀ ਨੇ ਅਪ੍ਰਵਾਨ ਕੀਤਾ ਹੈ ਤੇ ਕਿਹਾ ਕਿ ਅਸਲ ਆਰਤੀ ਪ੍ਰਮਾਤਮਾ ਦਾ ਨਾਮ ਹੈ। ਰਾਗ ਧਨਾਸਰੀ ਵਿੱਚ ਉਚਾਰੇ ਸ਼ਬਦ ਤੋਂ ਆਪ ਜੀ ਦੀ ਭਗਤੀ ਸ਼ਪੱਸ਼ਟ ਹੋ ਜਾਂਦੀ ਹੈ। ਆਪ ਜੀ ਅਨੁਸਾਰ ਪ੍ਰਮਾਤਮਾ ਦਾ ਨਾਮ ਹੀ ਆਰਤੀ ਹੈ। ਹਰਿ ਦੇ ਬਿਨਾਂ ਸਾਰੇ ਅਡੰਬਰ ਕੂੜੇ ਹਨ :-

ਨਾਮ ਤੈਰੋ ਆਰਤੀ ਮਜਨੁ ਮੁਰਾਰੇ॥ ਹਰਿ ਕੇ ਨਾਮ ਬਿਨੁ ਝੈਠੇ ਸਗਲ ਪਸਾਰੇ॥

ਇਸ ਸ਼ਬਦ ਦੇ ਅੰਤ ਵਿੱਚ ਕਹਿੰਦੇ ਹਨ ਕਿ ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਤੇਰੀ ਆਰਤੀ ਹੈ ਤੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਵਾਉਂਦਾ ਹਾਂ :-

ਕਹੈ ਰਵਿਦਾਸ ਨਾਮ ਤੇਰੋ ਆਰਤੀ॥ ਸਤਿ ਨਾਮੁ ਹੈ ਹਰਿ ਭੋਗ ਤੁਹਾਰੈ॥4॥3॥

ਆਪ ਮੂਰਤੀ ਪੂਜਾ ਦੇ ਵਿਰੁੱਧ ਸਨ। ਆਪ ਜੀ ਅਨੁਸਾਰ ਸਿਮਰਨ ਕਰਨ ਨਾਲ ਹੀ ਮੁਕਤੀ ਮਿਲਦੀ ਹੈ ਤੇ ਨਰਕ ਤੋਂ ਛੁਟਕਾਰਾ ਮਿਲਦਾ ਹੈ। ਆਪ ਜੀ ਸੰਸਾਰਕ ਝਮੇਲਿਆਂ ਵਿੱਚੋਂ ਨਿਕਲ ਕੇ ਐਸੀ ਦੁਨੀਆਂ ਵਿੱਚ ਜਾਣਾ ਲੋਚਦੇ ਹਨ, ਜਿਸ ਨੂੰ ਆਪ ਜੀ ਬੇਗਮਪੁਰਾ ਕਹਿੰਦੇ ਹਨ, ਜਿਥੇ ਨਾ ਕੋਈ ਦੁੱਖ ਹੈ, ਨਾ ਚਿੰਤਾ ਹੈ ਅਤੇ ਨਾ ਹੀ ਕੋਈ ਘਬਰਾਹਟ ਹੈ। ਉੱਥੇ ਦੁਨੀਆਂ ਵਾਲੀ ਜਾਇਦਾਦ ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ। ਉਸ ਅਵਸਥਾ ਵਿੱਚ ਪਾਪ ਕਰਨ ਦਾ ਕੋਈ ਖ਼ਤਰਾ ਨਹੀਂ, ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ :-

ਬੇਗਮ ਪੁਰਾ ਸਹਰ ਕੋ ਨਾਉ॥ ਦੁਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨਾ ਤਰਸੁ ਜਵਾਲੁ॥

ਆਪ 151 ਸਾਲ ਦੀ ਆਯੂ ਭੋਗ ਕੇ 1528 ਈ. ਅਰਥਾਤ 1583 ਬਿਕਰਮੀ ਵਿੱਚ ਪ੍ਰਲੋਕ ਸੁਧਾਰ ਗਏ।

ਡਾ. ਚਰਨਜੀਤ ਸਿੰਘ ਗੁਮਟਾਲਾ
919417533060
gumtalacs@mail.com

ਸਾਕਾ ਨਨਕਾਣਾ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ। ਰਾਇ ਬੁਲਾਰ ਭੱਟੀ ਵੱਲੋਂ ਗੁਰਦੁਆਰੇ ਦੇ ਨਾਂ ਲਾਈੇ 19 ਹਜ਼ਾਰ ਏਕੜ ਦੀ ਜਗੀਰ ਤੋਂ 1920-21 ਵਿੱਚ ਇੱਕ ਲੱਖ ਰੁਪਏ ਤੋਂ ਵੱਧ ਜ਼ਮੀਨ ਦਾ ਠੇਕਾ ਆਉਂਦਾ ਸੀ ਤੇ ਲੱਖਾਂ ਰੁਪਏ ਚੜ੍ਹਾਵਾ ਚੜ੍ਹਦਾ ਸੀ। ਇਸ ਸਥਾਨ ਦਾ ਕੰਟਰੋਲ ਮਹੰਤ ਨਰਾਇਣ ਦਾਸ ਉਦਾਸੀ ਕੋਲ ਸੀ। ਉਸ ਸਮੇਂ ਮਹੰਤ ਨੇ ਇਸ ਗੁਰਦੁਆਰੇ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਸੀ।

20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ, ਜੋ ਇਕ ਬਦਮਾਸ਼ ਸ਼ਰਾਬੀ ਤੇ ਤੀਵੀਬਾਜ਼ ਸੀ। ਉਹ ਛੇਤੀ ਹੀ ਮਾਰੂ ਰੋਗ ਦਾ ਸ਼ਿਕਾਰ ਹੋ ਕੇ ਮਰ ਗਿਆ। ਉਸ ਦੀ ਮੌਤ ਪਿੱਛੋਂ ਮਹੰਤ ਨਰਾਇਣ ਦਾਸ ਗੱਦੀ ਤੇ ਬੈਠਿਆ।ਉਸ ਨੇੇ ਅੰਗਰੇਜ਼ ਮੈਜਿਸਟਰੇਟ ਦੇ ਸਾਮ੍ਹਣੇ ਸਿੱਖ-ਸੰਗਤ ਨਾਲ ਵਾਅਦਾ ਕੀਤਾ ਕਿ ਉਹ ਪਹਿਲੇ ਮਹੰਤ ਦੇ ਕੁਚਾਲੇ ਕੁਕਰਮ ਛੱਡ ਦੇਵੇਗਾ। ਪਰ ਉਸ ਨੇ ਇਹ ਬਚਨ ਛੇਤੀ ਹੀ ਭੰਗ ਕਰ ਦਿੱਤੇ ਅਤੇ ਮੁੜ ਪਹਿਲੇ ਮਹੰਤਾਂ ਦੇ ਕੁਕਰਮੀ ਪੂਰਨਿਆਂ ਉੱਤੇ ਹੀ ਤੁਰਨ ਲੱਗ ਪਿਆ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਜਨਮ ਅਸਥਾਨ ਕੰਜਰੀਆਂ ਦੇ ਨਾਚ ਅੰਦਰ ਕਰਾਏ ਜਾਣ ਲੱਗੇ। 1918 ਈ: ਵਿਚ ਗੁਰਦੁਆਰੇ ਦੇ ਦਰਸ਼ਨਾਂ ਲਈ ਆਏ ਸੇਵਾ ਮੁਕਤ (ਈ.ਏ.ਸੀ.) ਦੀ 13 ਸਾਲ ਦੀ ਪੁੱਤਰੀ ਦੀ ਇਕ ਪੁਜਾਰੀ ਨੇ ਪੱਤ ਲੁੱਟੀ। ਏਸੇ ਸਾਲ ਜੜ੍ਹਾਂਵਾਲਾ (ਲਾਇਲਪੁਰ) ਦੀਆਂ 6 ਬੀਬੀਆਂ ਨੂੰ ਰਾਤ ਨੂੰ ਬੁਰਛੇ ਪੁਜਾਰੀਆਂ ਨੇ ਜ਼ਬਰਦਸਤੀ ਪੱਤ ਲੁੱਟੀ। ਇਸ ਤਰ੍ਹਾਂ ਨਨਕਾਣਾ ਸਾਹਿਬ ਦਰਬਾਰ ਵਿਭਚਾਰ ਦਾ ਅੱਡਾ ਬਣ ਗਿਆ ਸੀ। ਸਿੰਘ ਸਭਾਵਾਂ ਤੇ ਸੰਗਤਾਂ ਨੇ ਸਰਕਾਰ ਨੂੰ ਇਨ੍ਹਾਂ ਹਰਕਤਾਂ ਨੂੰ ਰੋਕਣ ਲਈ ਮਤੇ ਪਾਸ ਕਰਕੇ ਭੇਜੇ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੋਵਾਲ ਨਗਰ ਇਕ ਭਰਵੇਂ ਇੱਕਠ ਵਿਚ ਮਤਾ ਪਾਸ ਕਰਕੇ ਮਹੰਤ ਨਰਾਇਣ ਦਾਸ ਨੂੰ ਸੁਧਾਰ ਕਰਨ ਲਈ ਆਖਿਆ ਗਿਆ ਪਰ ਮਹੰਤ ਨੇ ਕਿਸੇ ਦੀ ਨਾ ਮੰਨੀ ।ਉਹ ਸਿੱਖਾਂ ਤੋਂ ਆਕੀ ਹੋ ਗਿਆ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਮੁਕਾਬਲਾ ਕਰਨ ਦੀਆਂ ਤਿਆਰੀਆਂ ਕਰਨ ਲੱਗਾ।ਉਸ ਨੇ 400 ਦੇ ਕਰੀਬ ਦਸ ਨੰਬਰੀਏ ਬਦਮਾਸ਼ ਅਤੇ 28 ਹੋਰ ਪਠਾਣ ਭਰਤੀ ਕਰ ਲਏ ਤੇ ਗੁਰਦੁਆਰੇ ਅੰਦਰ ਛਵ੍ਹੀਆਂ, ਕੁਹਾੜੇ, ਟਕੂਏ ਆਦਿ ਹਥਿਆਰ ਬਨਾਉਣ ਲਈ ਭੱਠੀਆਂ ਚਾਲੂ ਕਰ ਦਿੱਤੀਆਂ। ਉਸ ਨੇ ਗੁਰਦੁਆਰੇ ਦੀ ਪੂਰੀ ਤਰ੍ਹਾਂ ਕਿਲ਼੍ਹਾ ਬੰਦੀ ਕਰ ਲਈ। ਇਸ ਤਰ੍ਹਾਂ ਗੁਰਦੁਆਰੇ ਦੇ ਅੰਦਰ ਤੇ ਬਾਹਰ ਕਤਲਾਮ ਦਾ ਪੂਰਾ ਪੂਰਾ ਬਾਨਣੂੰ ਬੰਨ ਲਿਆ ਗਿਆ।

ਲਾਹੌਰ ਡਵੀਜ਼ਨ ਦੇ ਕਮਿਸ਼ਨਰ ਸੀ. ਐਮ. ਕਿੰਗ ਨੇ ਉਸ ਨੂੰ ਯਕੀਨ ਦੁਆਇਆ ਕਿ ਜੇ ਅਕਾਲੀਆਂ ਨੇ ਉਸ ਦੇ ਗੁਰਦੁਆਰੇ ਉੱਤੇ ਧਾਵਾ ਬੋਲਿਆ ਤਾਂ ਉਸ ਦੀ ਸਹਾਇਤਾ ਕੀਤੀ ਜਾਵੇਗੀ। ਉਸ ਦੇ ਸਾਥੀ ਮਹੰਤਾਂ ਨੇ ਵੀ ਉਸ ਨੂੰ ਸਲਾਹ ਦਿੱਤੀ ਕਿ ਜੇ ਅਕਾਲੀ ਗੁਰਦੁਆਰੇ ਦਾ ਕਬਜ਼ਾ ਲੈਣ ਆਉਣ ਤਾਂ ਉਹ ਬਿਨ੍ਹਾਂ ਝਿਜਕ ਉਨ੍ਹਾਂ ਨੂੰ ਮਾਰ ਕੇ ਸਾੜ ਫੂਕ ਦੇਵੇ। ਮਹੰਤ ਦੀਆਂ ਕਾਤਲਾਨਾਂ ਯੋਜਨਾਵਾਂ ਦਾ ਅਕਾਲੀਆਂ ਨੂੰ ਪਤਾ ਲੱਗ ਗਿਆ, ਜਿਨ੍ਹਾਂ ਨੇ ਜਥਿਆਂ ਨੂੰ ਨਨਕਾਣੇ ਜਾਣ ਅਤੇ ਮਹੰਤ ਦੀ ਕੁੜਿੱਕੀ ਵਿਚ ਫਸਣ ਤੋਂ ਬਚਣ ਲਈ ਸਿਰ ਤੋੜ ਯਤਨ ਸ਼ੁਰੂ ਕੀਤੇ। ਇਸ ਮਕਸਦ ਲਈ ਸ. ਹਰਚੰਦ ਸਿੰਘ,ਸ. ਤੇਜਾ ਸਿੰਘ ਸਮੰੁਦਰੀ ਤੇ ਮਾਸਟਰ ਤਾਰਾ ਸਿੰਘ ਨੂੰ ਨਨਕਾਣੇ ਭੇਜਿਆ ਤਾਂ ਜੋ ਉਹ ਜਥਿਆਂ ਨੂੰ ਜਨਮ ਅਸਥਾਨ ਵੱਲ ਜਾਣ ਤੋਂ ਰੋਕਣ। ਇਹ ਆਗੂ 19 ਫ਼ਰਵਰੀ 1921 ਨੂੰ ਨਨਕਾਣੇ ਪਹੰੁਚੇ ਅਤੇ ਸ. ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ,ਸ. ਜਸਵੰਤ ਸਿੰਘ ਝਬਾਲ ਅਤੇ ਸ. ਦਲੀਪ ਸਿੰਘ ਉਨ੍ਹਾਂ ਨਾਲ ਆ ਸ਼ਾਮਲ ਹੋਏ।ਇੱਥੋਂ ਇਨ੍ਹਾਂ ਨੇ ਸਲਾਹ ਕਰਕੇ ਸ.ਦਲੀਪ ਸਿੰਘ ਤੇ ਸ.ਜਸਵੰਤ ਸਿੰਘ ਨੂੰ ਖਰਾ ਸੌਦਾ ਭੇਜਿਆ ਕਿ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲਣ ਅਤੇ ਨਨਕਾਣੇ ਸਾਹਿਬ ਉੱਤੇ ਕਬਜ਼ਾ ਕਰਨ ਦੀ ਉਸ ਦੀ ਯੋਜਨਾ ਨੂੰ ਤਿਆਗ ਦੇਣ ਵਾਸਤੇ ਉਸ ਨੂੰ ਪ੍ਰੇਰਨ। ਝੱਬਰ ਨੂੰ ਸੂਚਨਾ ਦੇਣ ਪਿੱਛੋਂ ਸ. ਦਲੀਪ ਸਿੰਘ, ਭਾਈ ਲਛਮਣ ਸਿੰਘ ਨੂੰ ਸੂਚਨਾ ਦੇਣ ਲਈ ਸੁੰਦਰ ਕੋਟ ਰਵਾਨਾ ਹੋਇ ਕਿ ਉਹ ਯੋਜਨਾ ਅਨੁਸਾਰ ਨਨਕਾਣੇ ਲਈ ਰਵਾਨਾ ਨਾ ਹੋਵੇ। ਪਤਾ ਲੱਗਣਤੇ ਕਿ ਭਾਈ ਲਛਮਣ ਸਿੰਘ ਤੇ ਉਸ ਦਾ ਜਥਾ ਪਹਿਲਾਂ ਹੀ ੳੁੱਥੋਂ ਜਾ ਚੁੱਕੇ ਹਨ।

ਭਾਈ ਲਛਮਣ ਸਿੰਘ ਆਪਣੇ ਪਿੰਡੋਂ ਕੁਝ ਅਕਾਲੀ ਹੋਰ ਨਾਲ ਲੈ ਕੇ 19 ਫ਼ਰਵਰੀ 1921 ਦੀ ਡੂੰਘੀ ਸ਼ਾਮ ਹੋਣ ਵੇਲੇ ਤੁਰੇ । ਰਸਤੇ ਵਿਚ ਕੁਛ ਹੋਰ ਅਕਾਲੀ ਰਲ ਗਏ ਜਿਸ ਨਾਲ ਜੱਥੇ ਦੀ ਗਿਣਤੀ 150 ਹੋ ਗਈ। 21 ਫਰਵਰੀ ਨੂੰ ਸਵੇਰ ਦੇ ਕੋਈ 5 ਵਜੇ ਜਨਮ ਅਸਥਾਨ ਦੇ ਉੱਤਰ ਵੱਲ ਭੱਠਿਆਂ ਉੱਤੇ ਇਨ੍ਹਾਂ ਕੋਲ ਭਾਈ ਦਲੀਪ ਸਿੰਘ ਦਾ ਆਦਮੀ ਸੰਦੇਸ਼ਾ ਲੈ ਕੇ ਪਹੁੰਚਾ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਭਾਈ ਹੋਰੀਂ ਜੱਥੇ ਸਮੇਤ ਨਨਕਾਣੇ ਸਾਹਿਬ ਤੋਂ ਵਾਪਸ ਚਲੇ ਜਾਣ ਅਤੇ ਨਨਕਾਣੇ ਸਾਹਿਬ ਵਿੱਚ ਬਿਲਕੁੱਲ ਪੈਰ ਨਾ ਰੱਖਣ। ਭਾਈ ਲਛਮਣ ਸਿੰਘ, ਭਾਈ ਦਲੀਪ ਸਿੰਘ ਦਾ ਬੜਾ ਆਦਰ ਸਨਮਾਨ ਕਰਦੇ ਸਨ, ਉਹ ਇਹ ਹੁਕਮ ਮੰਨ ਕੇ ਵਾਪਸ ਜਾਣ ਲਈ ਤਿਆਰ ਹੋ ਗਏ, ਪਰ ਭਾਈ ਟਹਿਲ ਸਿੰਘ ਜੀ ਕਹਿਣ ਲੱਗੇ, “ਅੱਜ ਗੁਰੂ ਹਰਿ ਰਾਇ ਜੀ ਦਾ ਜਨਮ ਦਿਨ ਹੈ। ਏਥੇ ਹੁਣ ਪਹੁੰਚੇ ਹੋਏ ਹਾਂ। ਚਲੋ ਗੁਰਦੁਆਰੇ ਦੇ ਦਰਸ਼ਨ ਕਰਦੇ ਚੱਲੀਏ। ਮਹੰਤ ਸਾਨੂੰ ਕਤਲ ਹੀ ਕਰ ਦੇਵੇਗਾ ਨਾ ? ਕੋਈ ਗੱਲ ਨਹੀਂ। ਜਦੋਂ ਅਸਾਂ ਕੋਈ ਹਥਿਆਰ ਨਹੀਂ ਚੁੱਕਣਾ, ਸ਼ਾਤਮਈ ਰਹਿਣਾ ਏ, ਮੁਕਾਬਲਾ ਨਹੀਂ ਕਰਨਾ ਅਤੇ ਭੜਕਾਹਟ ਪੈਦਾ ਕਰਨ ਲਈ ਕੋਈ ਗੱਲ ਨਹੀਂ ਕਰਨੀ, ਮੱਥਾ ਟੇਕ ਕੇ ਵਾਪਸ ਆ ਜਾਣਾ ਏ ਤਾਂ ਫੇਰ ਝਗੜਾ ਕਿਉਂ ਹੋਊ ?” ਪਰ ਉਹਨਾਂ ਨੂੰ ਮਹੰਤ ਦੇ ਸ਼ੈਤਾਨੀ ਮਨਸੂਬਿਆਂ ਦਾ ਪਤਾ ਨਹੀਂ ਸੀ।

ਭਾਈ ਲਛਮਣ ਸਿੰਘ ਜੀ ਰਜ਼ਾਮੰਦ ਹੋ ਗਏ ਅਤੇ ਜੱਥਾ ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨ ਨੂੰ ਤੁਰ ਪਿਆ। ਬੀਬੀਆਂ ਗੁਰਦੁਆਰਾ ਤੰਬੂ ਸਾਹਿਬ ਦੇ ਦਰਸ਼ਨਾਂ ਲਈ ਚਲੀਆਂ ਗਈਆਂ ਜਿੱਥੋਂ ਉਹ ਵਾਪਸ ਘਰਾਂ ਨੂੰ ਮੁੜ ਗਈਆਂ ਅਤੇ ਅਕਾਲੀ ਜਨਮ ਅਸਥਾਨ ਦੇ ਬਾਹਰ ਤਾਲਾਬ ਵਿੱਚ ਅਸ਼ਨਾਨ ਕਰਨ ਲੱਗ ਪਏ। ਕੋਈ ਛੇ ਵਜੇ ਦੇ ਕਰੀਬ ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਦਾਖ਼ਲ ਹੋਏ।ਸਿੰਘਾਂ ਦਰਸ਼ਨੀ ਡਿਓੜ੍ਹੀ ਵੜਨ ਤੋਂ ਪਹਿਲੋਂ, ਸਤਕਾਰ ਵਜੋਂ, ਆਪਣੇ ਸੀਸ ਝੁਕਾਏ, ਫੇਰ ਸਤਿ ਸਿਰੀ ਅਕਾਲ ਦੇ ਜੈਕਾਰੇ ਬੁਲਾਏੇ ਅਤੇ ਜਾ ਕੇ ਦਰਬਾਰ ਦੇ ਸਾਹਮਣੇ ਮੱਥਾ ਟੇਕ ਕੇ ਬੈਠ ਗਏ। ਭਾਈ ਲਛਮਣ ਸਿੰਘ ਗੁਰੂ ਗ੍ਰੰਥ ਦੀ ਤਾਬਿਆ ਬੈਠ ਗਏ ਅਤੇ ਸਾਰੇ ਸਿੰਘ ਸ਼ਬਦ ਪੜ੍ਹਨ ਵਿੱਚ ਮਗਨ ਹੋ ਗਏ। ਏਨੇ ਨੂੰ ਗੋਲੀਆਂ ਵਰ੍ਹਨ ਲੱਗ ਪਈਆਂ। ਭਾਈ ਲਛਮਣ ਸਿੰਘ ਜੀ ਗੋਲੀਆਂ ਨਾਲ ਜ਼ਖ਼ਮੀ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ। ਵਿਹੜੇ ਵਿੱਚ ਕੋਈ ਪੰਝੀ ਛੱਬੀ ਸਿੰਘ ਸ਼ਹੀਦ ਹੋ ਗਏ। ਕੋਈ ਸੱਠ ਕੁ ਸਿੰਘ ਦਰਬਾਰ ਦੇ ਅੰਦਰ ਸ਼ਹੀਦ ਹੋ ਗਏ। ਜਿਹੜਾ ਵੀ ਫੱਟੜ ਜੀਉਂਦਾ ਨਜ਼ਰ ਆਇਆ, ਉਸ ਨੂੰ ਛਵ੍ਹੀਆਂ ਨਾਲ ਕੁਤਰ ਦਿੱਤਾ ਤੇ ਡਾਂਗਾਂ ਮਾਰ ਮਾਰ ਫਿਹ ਦਿੱਤਾ। ਜ਼ਖ਼ਮੀ ਭਾਈ ਲਛਮਣ ਸਿੰਘ ਨੂੰ ਜੰਡ ਦੇ ਦਰੱਖ਼ਤ ਨਾਲ ਪੁੱਠਾ ਬੰਨ੍ਹਕੇ ਥੱਲੇ ਅੱਗ ਲਾ ਕੇ ਸਾੜ ਦਿੱਤਾ। ਕੁਝ ਸਿੰਘਾਂ ਦਾ ਪਿੱਛਾ ਸਾਧੂਆਂ ਨੇ ਰੇਲਵੇ ਲਾਈਨਾਂ ਤਕ ਕੀਤਾ ਜਿੱਥੇ ਇਕ ਬੁੱਢਾ ਸਿੱੱਖ ਤੇ ਦੋ ਹੋਰ ਸਿੰਘ ਮਾਰ ਦਿੱਤੇ ਗਏ। ਦੋ ਤਿੰਨ ਸਿੰਘ ਖੇਤਾਂ ਵਿੱਚ ਜਾ ਕੇ ਮਾਰ ਦਿੱਤੇ ਗਏ।

ਲੱਕੜਾਂ ਤੇ ਤੇਲ ਏਨੇ ਆਦਮੀਆਂ ਨੂੰ ਸਾੜਨ ਲਈ ਨਾਕਾਫ਼ੀ ਸਨ।ਇਸ ਲਈ ਬਾਜ਼ਾਰੋਂ ਰੇੜ੍ਹੀਆਂ ਤੇ ਲੱਦ ਲੱਦ ਹੋਰ ਬਾਲਣ ਤੇ ਤੇਲ ਮੰਗਵਾਇਆ ਗਿਆ। ਮੁਕੱਦਮੇ ਵਿੱਚ ਕੁਝ ਮੁਲਜ਼ਮਾਂ ਦੇ ਬਿਆਨਾਂ ਤੋਂ ਸਾਬਤ ਹੋ ਗਿਆ ਸੀ ਕਿ ਕਈ ਜੀਉਂਦੇ ਸਿੰਘਾਂ ਨੂੰ ਬਲਦੇ ਮੜ੍ਹ ਵਿੱਚ ਸੁੱਟ ਸੁੱਟ ਸਾੜਿਆ ਗਿਆ। ਜਿਹੜੇ ਗੁਰਦੁਆਰੇ ਤੋਂ ਬਾਹਰ ਕਤਲ ਕੀਤੇ ਗਏ ਸਨ, ਉਨ੍ਹਾਂ ਨੂੰ ਇੱਟਾਂ ਦੇ ਭੱਠੇ ਵਿੱਚ ਸੁੱਟਕੇ ਸਾੜਿਆ ਗਿਆ। ਮਹੰਤ ਦੇ ਗੁੰਡਿਆਂ ਦੇ ਜੋ ਵੀ ਕਾਬੂ ਆਇਆ ਉਹ ਸਿੰਘ ਨਾ ਬਚ ਸਕਿਆ।

ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਵਿੱਚ ਭਾਈ ਮੰਗਲ ਸਿੰਘ ਜੀ ਕ੍ਰਿਪਾਨ ਬਹਾਦਰ ਅਤੇ ਬਾਬਾ ਦਰਬਾਰਾ ਸਿੰਘ ਜੀ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਵਿਲੱਖਣ ਇਤਿਹਾਸ ਲਿਖ ਦਿੱਤਾ। ਸ਼ਹੀਦੀ ਜਥਾ ਚੱਲਣ ਵਾਲੇ ਦਿਨ ਭਾਈ ਮੰਗਲ ਸਿੰਘ ਜੀ ਦਾ ਵਿਆਹ ਉਪਰੰਤ ਮੁਕਲਾਵਾ ਆਇਆ ਸੀ। ਪਰਿਵਾਰ ਵੱਲੋਂ ਉਨ੍ਹਾਂ ਨੂੰ ਜਥੇ ਵਿੱਚ ਜਾਣ ਤੋਂ ਰੋਕਿਆ ਵੀ ਗਿਆ ਪਰ ਉਨ੍ਹਾਂ ਦੀ ਮਨ-ਬਿਰਤੀ ਤੇ ਉਨ੍ਹਾਂ ਦੇ ਧਰਮ ਪਿਤਾ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਦਾ ਅਮਿੱਟ ਪ੍ਰਭਾਵ ਸੀ। ਉਨ੍ਹਾਂ ਵੀ ਜਥੇ ਦੇ ਸ਼ਹੀਦਾਂ ਵਿੱਚ ਸ਼ਾਮਲ ਹੋ ਕੇ ਨਿਵੇਕਲਾ ਇਤਿਹਾਸ ਸਿਰਜ ਦਿੱਤਾ। ਬਾਬਾ ਦਰਬਾਰਾ ਸਿੰਘ ਜੀ ਦੀ ਉਮਰ ਕੇਵਲ ਨੌਂ ਸਾਲ ਦੇ ਲਗਭਗ ਸੀ। ਬਾਲ ਉਮਰੇ ਹੀ ਮਾਂ ਦਾ ਇੰਤਕਾਲ ਹੋ ਜਾਣ ਕਾਰਨ ਦਾਦੀ ਜੀ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾ ਕੇ ਬਾਲ-ਉਮਰੇ ਹੀ ਉਸ ਦੇ ਮਨ-ਮਸਤਿਕ ਵਿੱਚ ਸ਼ਹੀਦੀ ਚਾਅ ਪੈਦਾ ਕਰ ਦਿੱਤਾ ਸੀ। ਜਦੋਂ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਅਤੇ ਹੋਰ ਸਿੰਘ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਨਾਂ ਲਿਖਣ ਲਈ ਆਏ ਸਨ ਤਾਂ ਇਸ ਬਾਲਕ ਨੇ ਦ੍ਰਿੜ ਨਿਸ਼ਚੇ ਜ਼ਿਦ ਕਰਕੇ ਆਪਣੇ ਪਿਤਾ ਦੇ ਨਾਲ ਆਪਣਾ ਨਾਂ ਵੀ ਲਿਖਾਇਆ। ਸ਼ਹੀਦੀ ਜਥਾ ਰਵਾਨਾ ਹੋਣ ਸਮੇਂ ਦਾਦੀ ਜੀ ਪਿਤਾ ਜੀ ਅਤੇ ਹੋਰ ਨਜ਼ਦੀਕੀਆਂ ਦੇ ਰੋਕਣ ਦੇ ਬਾਵਜੂਦ ਇਹ ਗੁਰੂ ਦਾ ਲਾਲ ਜਥੇ ਵਿੱਚ ਸ਼ਾਮਲ ਹੋ ਗਿਆ। ਨਨਕਾਣਾ ਸਾਹਿਬ ਪਹੁੰਚ ਕੇ ਬਾਲਕ ਦਰਬਾਰਾ ਸਿੰਘ ਨੂੰ ਚੌਖੰਡੀ ਦੀ ਇੱਕ ਅਲਮਾਰੀ ਵਿੱਚ ਬੰਦ ਕਰ ਦਿੱਤਾ। ਜਦ ਸਾਰੇ ਸਿੰਘ ਸ਼ਹੀਦ ਕਰ ਦਿਤੇ ਗਏ ਤਾਂ ਇਹ ਬੰਦ ਅਲਮਾਰੀ ਵਿੱਚੋਂ ਹੀ ਉੱਚੀ ਉੱਚੀ ਪੁਕਾਰੀ ਜਾਵੇ ਕਿ “ਮੈਂ ਵੀ ਸ਼ਹੀਦ ਹੋਣਾ”। ਪਹਿਲਾਂ ਤਾਂ ਇਹ ਅਵਾਜ਼ਾਂ ਸੁਣ ਕੇ ਚੰਡਾਲ ਡਰ ਗਏ, ਪਰ ਜਦੋਂ ਹੌਂਸਲਾ ਕਰਕੇ ਅਲਮਾਰੀ ਖੋਲ੍ਹੀ ਤਾਂ ਮਾਸੂਮ ਬਾਲਕ ਨੂੰ ਬਾਹਵਾਂ ਅਤੇ ਲੱਤਾਂ ਤੋਂ ਫੜ ਕੇ ਬਲਦੀ ਚਿਖਾ ਵਿੱਚ ਭੁਆ ਕੇ ਸੁੱਟ ਦਿੱਤਾ। ਬਾਲਕ ਦਰਬਾਰਾ ਸਿੰਘ ਆਪਣੇ ਪਿਤਾ ਕਿਹਰ ਸਿੰਘ ਨਾਲ ਹੀ ਸ਼ਹੀਦੀ ਪ੍ਰਾਪਤ ਕਰਕੇ ਸ਼ਹੀਦੀ-ਇਤਿਹਾਸ ਵਿੱਚ ਆਪਣਾ ਨਾਮ ਡਲਕਾਂ ਮਾਰਦੇ ਅੱਖਰਾਂ ਵਿੱਚ ਲਿਖਵਾ ਗਿਆ।

ਜਥੇਦਾਰ ਕਰਤਾਰ ਸਿੰਘ ਝੱਬਰ ਜੋ ਕਿ ਤਕਰੀਬਨ 2200 ਅਕਾਲੀਆਂ ਦਾ ਇਕ ਜੱਥਾ ਲੈ ਕੇ ਜਾ ਰਿਹਾ ਸੀ ਨੂੰ 21 ਫਰਵਰੀ 1921 ਨੂੰ ਪਿੰਡ ਖਿਪਵਾੜਾ ਦੇ ਨੇੜੇ ਡਿਪਟੀ ਕਮਿਸ਼ਨਰ ਨੇ ਖ਼ੁਦ ਰੋਕ ਲਿਆ ਤੇ ਸਲਾਹ ਮਸ਼ਵਰੇ ਪਿੱਛੋਂ ਝੱਬਰ ਨੂੰ ਜਨਮ ਅਸਥਾਨ ਦੀਆਂ ਚਾਬੀਆਂ ਇਸ ਸ਼ਰਤ ਤੇ ਦੇਣ ਲਈ ਰਾਜ਼ੀ ਹੋਇਆ ਕਿ ਅਕਾਲੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਬਣਾ ਦੇਣ ਲਈ ਸਹਿਮਤ ਹੋ ਜਾਣ। ਕੁਝ ਵਿਚਾਰ ਵਟਾਂਦਰੇ ਮਗਰੋਂ ਉਸ ਨੇ ਚਾਬੀਆਂ 7 ਮੈਂਬਰੀ ਕਮੇਟੀ ਹਵਾਲੇ ਕਰ ਦਿਤੀਆਂ। ਨਰਮ ਖ਼ਿਆਲ ਚੀਫ਼ ਖਾਲਸਾ ਦੀਵਾਨ ਦਾ ਆਨਰੇਰੀ ਸਕੱਤਰ ਸ. ਹਰਬੰਸ ਸਿੰਘ ਅਟਾਰੀ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਅੱਧੀ ਦਰਜਨ ਤੋਂ ਵੱਧ ਗੁਰਦੁਆਰਿਆਂ ਦਾ ਪ੍ਰਬੰਧ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ।

5 ਅਪ੍ਰੈਲ 1921 ਨੂੰ ਮਹੰਤ ਨਰਾਇਣ ਦਾਸ ਤੇ ਉਸ ਦੇ ਸਾਥੀਆਂ ਵਿਰੁਧ ਸੈਸ਼ਨ ਕੋਰਟ ਵਿਚ ਮੁਕੱਦਮਾ ਸ਼ੁਰੂ ਹੋਇਆ। 12 ਅਕਤੂਬਰ1921 ਨੂੰ ਅਦਾਲਤ ਨੇ ਨਰਾਇਣ ਦਾਸ ਤੇ 7 ਹੋਰ ਦੋਸ਼ੀਆਂ ਨੂੰ ਫ਼ਾਂਸੀ, 8 ਨੂੰ ਉਮਰ ਕੈਦ, 16 ਨੂੰ 7 ਸਾਲ ਦੀ ਕੈਦ ਤੇ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ। ਲਾਹੌਰ ਹਾਈ ਕੋਰਟ ਵਿਚ ਅਪੀਲ ਕਰਨਤੇ 3 ਮਾਰਚ 1922 ਨੂੰ ਮਹੰਤ ਤੇ ਹੋਰ ਗੁੰਡਿਆਂ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਤੇ 3 ਗੁੰਡਿਆਂ ਨੂੰ 7-7 ਸਾਲ ਤੇ ਬਾਕੀ ਸਭ ਬਰੀ ਕਰ ਦਿੱਤੇ।

ਪੰਥ ਨੇ ਸ਼ਹੀਦਾਂ ਨੂੰ ਭਾਰੀ ਮਾਣ ਸਤਿਕਾਰ ਦਿੱਤਾ। ਉਨ੍ਹਾਂ ਦੇ ਨਾਂ ਅਰਦਾਸ ਵਿਚ ਸ਼ਾਮਿਲ ਕੀਤੇ ਗਏ।ਗੁਰਦੁਆਰਾ ਨਨਕਾਣਾ ਸਾਹਿਬ ਵਿਚ ਅਜੇ ਵੀ ਉਹ ਹਥਿਆਰ ਅਤੇ ਪੱਥਰ ਮੌਜੂਦ ਹਨ, ਜਿਨ੍ਹਾਂ ਤੇ ਰੱਖ ਕੇ ਸਿੱਖਾਂ ਨੂੰ ਟੁਕਿਆ ਗਿਆ ਸੀ। ਅਜੇ ਤੀਕ ਇਨ੍ਹਾਂ ਹਥਿਆਰਾਂਤੇ ਸ਼ਹੀਦਾਂ ਦਾ ਖ਼ੂਨ ਅਤੇ ਸੁੱਕੇ ਮਾਸ ਦੇ ਟੁਕੜੇ ਲੱਗੇ ਹੋਏ ਹਨ ।

ਡਾ. ਚਰਨਜੀਤ ਸਿੰਘ ਗੁਮਟਾਲਾ
919417533060
gumtalacs@mail.com

‘ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਗੁਰਬਖ਼ਸ਼ ਸਿੰਘ ਵਿਰਕ ਨੂੰ ਨਿੱਘੀ ਸ਼ਰਧਾਂਜਲੀ

ਲੇਖਕ – ਦਲਵਿੰਦਰ ਕਾਲੇ ਸੰਘਿਆ ਵਾਲਾ

ਧੰਨ ਪਿਤਾ ਦਸਮੇਸ਼

ਲੇਖਕ – ਦਲਵਿੰਦਰ ਕਾਲੇ ਸੰਘਿਆ ਵਾਲਾ

ਕਿਆ ਬਾਤਾਂ ਸ਼ਿਵ ਦੀਆਂ

ਲੇਖਕ – ਦਲਵਿੰਦਰ ਕਾਲੇ ਸੰਘਿਆ ਵਾਲਾ

ਸਿੱਖ ਤੇ ਪਠਾਨ

ਡਾ. ਗੁਲਾਮ ਮੁਸਤਫਾ ਡੋਗਰ
00447878132209

ਸਿੱਖ ਤੇ ਪਠਾਨ ਦੋ ਐਸੀਆਂ ਕੌਮਾਂ ਨੇ ਜੋ ਰਹਿੰਦੀਆਂ ਤਾਂ ਇਕ ਦੂਜੇ ਕੋਲੋਂ ਬਹੁਤ ਦੂਰ ਨੇ ਪਰ ਇਨ੍ਹਾਂ ਦੀਆਂ ਸ਼ਕਲਾਂ, ਆਦਤਾਂ, ਰਹਿਣ-ਸਹਿਣ ਸਾਰਾ ਆਪਸ ਵਿਚ ਮਿਲਦਾ ਏ। ਸ਼ਕਲ ਦੀ ਗੱਲ ਕਰ ਲਈਏ ਤਾਂ ਸਿੱਖ ਭਰਾ ਕੇਸ ਰੱਖਦੇ ਹਨ। ਪਹਿਲਾਂ ਪਠਾਨ ਵੀ ਕੇਸ ਰੱਖਿਆ ਕਰਦੇ ਸਨ। ਪਰ ਉਹ ਕੇਸਾਂ ਨੂੰ ਬਨ੍ਹ ਕੇ ਨਹੀ ਖੋਲ ਕੇ ਰੱਖਦੇ ਸੀ। ਹੁਣ ਵੀ ਪਠਾਨ ਕੇਸ ਤਾਂ ਲੰਬੇ ਰੱਖਦੇ ਨੇ ਪਰ ਕੇਸਾਂ ਨੂੰ ਬੰਨ੍ਹਦੇ ਨਹੀ। ਸਿੱਖ ਦਾੜ੍ਹੀ ਰੱਖਦੇ ਨੇ ਤੇ ਪਠਾਨ ਵੀ। ਸਿੱਖ ਮੁੱਛਾਂ ਰੱਖਦੇ ਨੇ ਤੇ ਪਠਾਨ ਵੀ। ਸਿੱਖ ਪੱਗੜੀ ਬਨ੍ਹਦੇ ਨੇ ਤੇ ਪਠਾਨ ਵੀ ਪੱਗੜੀ ਬੰਨ੍ਹਦੇ ਨੇ। ਫ਼ਰਕ ਸਿਰਫ਼ ਏਨਾ ਹੈ ਕਿ ਪਹਿਲਾਂ ਸਿੱਖਾਂ ਦੀ ਪਗੜੀ ਸਾਦੀ ਹੁੰਦੀ ਸੀ। ਪਰ ਹੁਣ ਪਟਿਆਲੇ ਦੀ ਚੁੰਝ ਵਾਲੀ ਪਗੜੀ ਦੀ ਕਾਢ ਸਿੱਖਾਂ ਨੇ ਆਪ ਹੀ ਕੱਢ ਲਈ।  ਬਾਬਾ ਨਾਨਕ ਜਿਵੇਂ ਪੱਗੜੀ ਬੰਨ੍ਹਦੇ ਸਨ ਪਠਾਨ ਵੀ ਉਸੇ ਤਰ੍ਹਾਂ ਹੀ ਪੱਗੜੀ ਬੰਨ੍ਹਦੇ ਸੀ। ਕਾਫੀ ਪਠਾਨ ਕਾਲੀ ਪਗੜੀ ਬੰਨ੍ਹਦੇ ਹਨ ਤੇ ਸਿੱਖ ਵੀ। ਸਿੱਖ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਕਿਰਪਾਨ ਪਾਉਂਦੇ ਹਨ ਤਾਂ ਜੋ ਲੋੜ ਪੈਣ ਤੇ ਉਹ ਆਪਣੇ ਸੱਜੇ ਹੱਥ ਨਾਲ ਕਿਰਪਾਨ ਨੂੰ ਆਸਾਨੀ ਨਾਲ ਕੱਢ ਸਕਣ।  ਪਠਾਨ ਵੀ ਸੱਜੇ ਪਾਸੇ ਤੋਂ ਖੱਬੇ ਪਾਸੇ ਨੂੰ ਪਿਸਤੌਲ ਲਗਾਈ ਰੱਖਦੇ ਹਨ ਤੇ ਪਿਸਤੌਲ ਗੌਲੀਆਂ ਨਾਲ ਭਰੀ ਹੁੰਦੀ ਹੈ। ਪਠਾਨ ਪਿਸਤੌਲ ਨੂੰ ਖੱਬੇ ਪਾਸੇ ਤਾਂ ਲਾ ਕੇ ਰੱਖਦੇ ਹਨ ਤਾਂ ਜੋ ਲੋੜ ਪੈਣ ‘ਤੇ ਆਪਣੇ ਸੱਜੇ ਹੱਥ ਨਾਲ ਪਿਸਤੌਲ ਨੂੰ ਕੱਢ ਕੇ ਇਸਤੇਮਾਲ ਕਰ ਸਕਣ।  ਦੋਹਾਂ ਦਾ ਸਾਦਾ ਜਿਹਾ ਲਿਬਾਸ ਹੈ। ਸਿੱਖ ਵੀ ਚਾਦਰ ਲੈਂਦੇ ਹਨ ਤੇ ਪਠਾਨ ਵੀ। ਸਿੱਖ ਤਹਿਮਦ ਤੇ ਪਜਾਮਾ ਤੇ ਪਠਾਨ ਸਲਵਾਰ ਪਾਉਂਦੇ ਹਨ। ਦੋਵੇ ਕਮੀਜ਼ਾਂ ਅਤੇ ਵਾਸਕਟ ਵੀ ਪਾਉਂਦੇ ਹਨ। ਜਦੋਂ ਪਠਾਨ ਦੇ ਘਰ ਬੱਚਾ ਜਨਮ ਲੈਂਦਾ ਹੈ, ਉਸਦੇ ਕੰਨਾਂ ਵਿੱਚ ਪਹਿਲੀ ਆਵਾਜ਼ ਗੰਨ ਦੇ ਫਾਇਰ ਦੀ ਪੈਂਦੀ ਹੈ। ਬੇਟਾ ਹੋਵੇ ਤਾਂ ਪੰਜ ਅਤੇ ਬੇਟੀ ਹੋਵੇ ਤਾਂ ਤਿੰਨ ਫਾਇਰ ਕੱਢੇ ਜਾਂਦੇ ਨੇ। ਯਾਨੀ ਬੇਟੀ ਦੇ ਜਨਮ ਨੂੰ ਉਨ੍ਹਾਂ ਵਿੱਚ ਵੀ ਘੱਟ ਚੰਗਾ ਸਮਝਿਆ ਜਾਂਦਾ ਅਤੇ ਸਿੱਖਾਂ ਵਿੱਚ ਵੀ। ਇਤਿਹਾਸ ਵਿੱਚ ਇਨ੍ਹਾਂ ਦੋਵਾਂ ਕੌਮਾਂ ਤੇ ਬਹੁਤ ਕਠਿਨ ਵਕਤ ਆਉਂਦੇ ਰਹੇ ਨੇ। ਦੋਵੇਂ ਕੌਮਾਂ ਲੜਾਕੂ ਤੇ ਬਹਾਦਰ ਨੇ। ਸਾਦੇ ਤੇ ਦਲੇਰ ਨੇ। ਸਾਦਾ ਬੰਦਾ ਹੀ ਦਲੇਰ ਹੋ ਸਕਦਾ ਏ। ਕਦੀ ਵੀ ਚਲਾਕ ਬੰਦਾ ਦਲੇਰ ਨਹੀਂ ਹੋ ਸਕਦਾ। ਉਹ ਗਿਣ-ਮਿੱਥ ਕੇ ਚੱਲਦਾ ਹੈ। ਪਠਾਨਾ ਦਾ ਕੌਮੀ ਖੇਡ ਨਿਸ਼ਾਨੇਬਾਜ਼ੀ ਹੈ। ਸਿੱਖਾਂ ਦੀ ਵੀ ਕੌਮੀ ਖੇਡ ਤਲਵਾਰਬਾਜ਼ੀ ਹੈ। ਹੋਲੇ ਮਹੱਲੇ ‘ਤੇ ਵੀ ਇਸ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਦੋਵੇਂ ਕੌਮਾਂ ਨੂੰ ਘੋੜਿਆਂ ਦਾ ਬਹੁਤ ਸ਼ੌਂਕ ਹੈ। ਕਈ ਗੁਰੂ ਤਾਂ ਘੋੜਿਆਂ ਦਾ ਕਾਰੋਬਾਰ ਵੀ ਕਰਦੇ ਸਨ। ਇਨ੍ਹਾਂ ਨੂੰ ਘੋੜੇ ਪਠਾਨ ਹੀ ਦਿੰਦੇ ਸਨ। ਪਠਾਨ ਹਥਿਆਰਾਂ ਦੇ ਬਹੁਤ ਸ਼ੌਕੀਨ ਨੇ ਤੇ ਸਿੱਖ ਵੀ ਹਥਿਆਰਾਂ ਦਾ ਸ਼ੌਂਕ ਰੱਖਦੇ ਹਨ।  ਜਿਸ ਤਰ੍ਹਾਂ ਲੋਕਾਂ ਨੂੰ ਨਵੀਆਂ-ਨਵੀਆਂ ਗੱਡੀਆਂ ਦਿਖਾਉਣ ਦਾ ਸ਼ੌਂਕ ਹੈ ਉਸੇ ਤਰ੍ਹਾਂ ਇਨ੍ਹਾਂ ਲੋਕਾਂ ਨੂੰ ਨਵੇਂ-ਨਵੇਂ ਹਥਿਆਰ ਦਿਖਾਉਣ ਦਾ ਸ਼ੌਂਕ ਹੈ। ਕਾਬੁਲ ਤੋਂ ਲੈ ਕੇ ਕਰਾਚੀ ਤੱਕ ਟਰਾਂਸਪੋਰਟ ਦਾ ਸਾਰਾ ਕਾਰੋਬਾਰ ਪਠਾਨਾਂ ਕੋਲ ਹੈ।  ਬੱਸਾਂ, ਟਰੱਕਾਂ ਤੇ ਰਿਕਸ਼ਿਆਂ ਦੇ ਬਹੁਤ ਡਰਾਈਵਰ ਪਠਾਨ ਨੇ। ਪਾਕਿਸਤਾਨ ਦੀ ਬੱਸਾਂ ਦੀ ਟਰਾਂਸਪੋਰਟ ਦੀ ਬਹੁਤ ਵੱਡੀ ਕੰਪਨੀ ਜਿਸਦਾ ਨਾਮ ਹੀ ਨਿਊ ਖਾਨ ਹੈ। ਅੰਮ੍ਰਿਤਸਰ ਤੋਂ ਲੈ ਕੇ ਕਲਕੱਤੇ ਤੱਕ ਇੰਡੀਆ ‘ਚ ਟਰਾਂਸਪੋਰਟ ਦੇ ਕੰਮ ‘ਚ ਜ਼ਿਆਦਾ ਸਿੱਖ ਨੇ। । ਸਿੱਖਾਂ ਦੇ ਢਾਬੇ ਵੀ ਬਹੁਤ ਨੇ। ਪਠਾਨ ਵੀ ਹੋਟਲਾਂ ਦਾ ਬਹੁਤ ਕੰਮ ਕਰਦੇ ਨੇ। ਇਨ੍ਹਾਂ ਦੇ ਅਫ਼ਗਾਨੀਸਤਾਨ ਅਤੇ ਪਾਕਿਸਤਾਨ ਵਿੱਚ ਬਹੁਤ ਹੋਟਲ ਨੇ। ਕਈਆਂ ਖਾਣਿਆਂ ਦੇ ਨਾਮ ਹੀ ਪਠਾਨਾ ‘ਤੇ ਹੈ ਜਿਵੇਂ ਕਾਬੁਲੀ ਪਲਾਉ ਤੇ ਪਿਸ਼ਾਵਰੀ ਕਬਾਬ। ਪਾਕਿਸਤਾਨ ਵਿੱਚ ਟਰੱਕ ਡਰਾਈਵਰਾਂ ਦੇ ਹੋਟਲਾਂ ਦੀ ਇਕ ਵੱਡੀ ਤਦਾਦ ਹੈ ਜਿਸ ਦਾ ਨਾਮ ਹੈ ਸ਼ਨਵਾਰੀ ਹੋਟਲ। ਸ਼ਨਵਾਰੀ ਪਠਾਨਾਂ ਦੀ ਹੀ ਇੱਕ ਕੌਮ ਹੈ। ਪਠਾਨ ਮਜਦੂਰੀ ਕਰਨ ਵਾਸਤੇ ਦੂਜੇ ਮੁਲਕਾਂ ਵਿੱਚ ਟੁਰ ਜਾਂਦੇ ਸੀ। ਪੁਰਾਣੇ ਜ਼ਮਾਨੇ ਵਿੱਚ ਪੰਜਾਬ ਦੇ ਪਿੰਡਾਂ ਦੀਆਂ ਕੱਚੀਆਂ ਕੰਧਾਂ ਵੀ ਪਠਾਨ ਆ ਕੇ ਬਣਾਉਂਦੇ ਸਨ। ਸਿੱਖ ਇਸ ਕੰਮ ਵਿੱਚ ਪਠਾਨਾ ਨਾਲੋਂ ਅੱਗੇ ਲੰਘ ਗਏ ਹਨ। ਸਿੱਖ ਕੰਮਾਂ ਕਾਰਾਂ ਵਾਸਤੇ ਪੂਰੇ ਇੰਡੀਆ ‘ਚ ਫੈਲੇ। ਦੁਬਈ ਮਜਦੂਰੀ ਕਰਨ ਵਾਸਤੇ ਗਏ। ਫਿਰ ਯੂਰਪ, ਕੈਨੇਡਾ ਤੇ ਅਮਰੀਕਾ ਨੂੰ ਜਾ ਆਬਾਦ ਕੀਤਾ।  ਪਠਾਨਾ ਵੀ ਦੁਬਈ, ਸਉਦੀ ਅਰਬ ਤੋਂ ਬਾਅਦ ਇੰਡੋਨੇਸ਼ੀਆ, ਮਲੇਸ਼ੀਆ, ਅਮਰੀਕਾ ਤੇ ਕੈਨੇਡਾ ਤੱਕ ਪਹੁੰਚ ਗਏ ਨ।

ਸਿੱਖ ਤੇ ਪਠਾਨ ਦੋਵੇਂ ਹੀ ਦੁਸ਼ਮਨਦਾਰ ਨੇ। ਇਹ ਦੁਸ਼ਮਨੀਆਂ ਪਾਲਦੇ ਹਨ ‘ਤੇ ਇਹ ਦੁਸ਼ਮਨੀਆਂ ਨਸਲਾਂ ਤੱਕ ਜਾਂਦੀਆਂ ਹਨ। ਜਦੋਂ ਹਿੰਦੁਸਤਾਨ ਤੇ ਮੁਗਲਾਂ ਨੇ ਕਬਜਾ ਕੀਤਾ 1526 ਵਿੱਚ ਤੇ ਉਸ ਤੋਂ ਪਹਿਲਾਂ ਮੁਗਲਾਂ ਨੇ ਅਫ਼ਗਾਨੀਸਤਾਨ ‘ਤੇ ਕਬਜ਼ਾ ਕੀਤਾ। ਮੁਗਲ ਪਠਾਨਾ ਉੱਤੇ ਹੁਕਮ ਚਲਾਉਂਦੇ ਰਹੇ। ਬਾਬਰ ਨੇ 1526 ‘ਚ ਪਠਾਨਾ ਦੇ ਬਾਦਸ਼ਾਹ ਇਬਰਾਹੀਮ ਲੌਧੀ ਨੂੰ ਹਰਾ ਕੇ ਹਿੰਦੁਸਤਾਨ ਤੇ ਕਬਜ਼ਾ ਕੀਤਾ। ਉਸ ਤੋਂ ਬਾਅਦ ਇੱਕ ਹੋਰ ਪਠਾਨ ਸ਼ੇਰ ਸ਼ਾਹ ਸੂਰੀ ਨੇ ਹਿਮਾਂਯੂ ਨੂੰ ਹਰਾ ਕੇ ਇਰਾਨ ਭਜਾ ਦਿੱਤਾ। ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਪਠਾਨਾਂ ਨੂੰ ਹਰਾ ਕੇ ਦੁਬਾਰਾ ਕਬਜ਼ਾ ਕੀਤਾ।  ਇੱਥੇ ਵੀ ਉਨ੍ਹਾਂ ਪਠਾਨਾਂ ਨੂੰ ਹੀ ਆਪਣਾ ਸ਼ਿਕਾਰ ਬਣਾਇਆ। ਸਿੱਖ ਤੇ ਪਠਾਨ ਦੋਵੇਂ ਹੀ ਮੁਗਲਾਂ ਦੇ ਵੱਡੇ ਦੁਸ਼ਮਨ ਸਨ। ਮੁਗਲਾਂ ਦੇ ਖਿਲਾਫ ਹੋਈਆਂ ਜੰਗਾਂ ਵਿੱਚ ਪਠਾਨ ਮੁਕਾਮੀ ਹਿੰਦੂ ਰਾਜਪੂਤਾਂ ਨਾਲ ਮਿਲ ਕੇ ਮੁਗਲਾਂ ਦੇ ਖਿਲਾਫ ਲੜਦੇ ਰਹੇ। 1526 ਦੀ ਲੜਾਈ ਵਿੱਚ ਵੀ ਪਠਾਨ ਅਤੇ ਹਿੰਦੂ ਰਾਜਪੂਤਾਂ ਨੇ ਮਿਲ ਕੇ ਮੁਗਲਾਂ ਦਾ ਸਾਹਮਣਾ ਕੀਤਾ। ਉਸ ਸਮੇਂ ਸਿੱਖ ਹੁੰਦੇ ਤਾਂ ਉਨ੍ਹਾਂ ਵੀ ਪਠਾਨਾ ਨਾਲ ਮਿਲ ਕੇ ਮੁਗਲਾਂ ਦਾ ਮੁਕਾਬਲਾ ਕਰਨਾ ਸੀ। ਇਹ ਮੁਗਲਾਂ ਦਾ ਡੱਟ ਕੇ ਮੁਕਾਬਲਾ ਕਰਦੇ ਰਹੇ। ਪਾਕਿਸਤਾਨ ਦੇ ਕੇ.ਪੀ.ਕੇ. ਸੂਬੇ ਦੇ ਖੁਸ਼ਹਾਲ ਖਾਂ ਖਟਕ ਜੋ ਪਸ਼ਤੋ ਭਾਸ਼ਾ ਦਾ ਵੱਡਾ ਸ਼ਾਇਰ ਸੀ ਉਹ ਸਾਰੀ ਉਮਰ ਮੁਗਲਾਂ ਨਾਲ ਜੰਗ ਕਰਦਾ ਰਿਹਾ। ਉਸਦੀ ਸਾਰੀ ਸ਼ਾਇਰੀ ਮੁਗਲਾਂ ਦੇ ਖ਼ਿਲਾਫ ਸੀ। ਸਿੱਖ ਵੀ ਸਾਰੀ ਉਮਰ ਮੁਗਲਾਂ ਦੇ ਖਿਲਾਫ ਲੜਦੇ ਰਹੇ। ਸਿੱਖ ਅਤੇ ਪਠਾਨਾ ਦੀ ਇਕ ਖਾਸ ਗੱਲ ਇਹ ਹੈ ਕਿ ਜਦੋਂ ਕੋਈ ਬਾਹਰੋਂ ਦੁਸ਼ਮਨ ਆ ਜਾਂਦਾ ਏ ਤਾਂ ਇਹ ਸਾਰੇ ਇਕੱਠੇ ਹੋ ਕੇ ਉਸਦਾ ਸਾਹਮਣਾ ਕਰਦੇ ਸਨ। ਜਦੋਂ ਦੁਸ਼ਮਨ ਨੂੰ ਹਰਾ ਕੇ ਕੱਢ ਦਿੰਦੇ ਫਿਰ ਆਪਸ ਵਿੱਚ ਜੰਗ ਕਰਦੇ ਨੇ। ਇਨ੍ਹਾਂ ਵਿੱਚ ਇਕ ਹੋਰ ਗੱਲ ਸਾਂਝੀ ਹੈ ਕਿ ਇਹ ਦੁਸ਼ਮਨਾਂ ਹੱਥ ਵੀ ਵਿਕ ਜਾਂਦੇ ਨੇ। ਅਫ਼ਗਾਨੀਸਤਾਨ ‘ਤੇ ਆਪਣੇ ਜ਼ਮਾਨੇ ਦੀਆਂ ਤਿੰਨ ਸੁਪਰ ਤਾਕਤਾਂ ਨੇ ਹਮਲਾ ਕੀਤਾ। ਬਰਤਾਨੀਆ, ਰੂਸ ਤੇ ਅਮਰੀਕਾ। ਅਮਰੀਕਾ ਦੇ ਨਾਲ 45 ਹੋਰ ਮੁਲਕਾਂ ਦੀਆਂ ਫ਼ੌਜਾਂ ਸਨ। ਅਮਰੀਕਾ ਤੇ ਰੂਸ ਦੋਵਾਂ ਦੇ ਹੱਥੀਂ ਕੁਝ ਲੋਕਲ ਪਠਾਨ ਵਿਕ ਗਏ। ਬਾਕੀ ਪਠਾਨ ਉਨ੍ਹਾਂ ਦੋਵਾਂ ਦੇ ਖ਼ਿਲਾਫ ਲੜਦੇ ਰਹੇ। ਆਖਿਰ ਵਿੱਚ ਉਨ੍ਹਾਂ ਨੇ ਤਿੰਨਾ ਤਾਕਤਾਂ ਨੂੰ ਮੁਲਕ ‘ਚੋਂ ਬਾਹਰ ਕੱਢ ਦਿੱਤਾ। ਸਿੱਖਾਂ ਦਾ ਇਤਿਹਾਸ ਵੀ ਇਹੋ ਹੀ ਹੈ। ਬਹੁਤ ਸਾਰੇ ਸਿੱਖ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਰਹੇ। ਕੁਝ ਸਿੱਖ ਰਾਜਿਆਂ ਨੇ ਮਾਈ ਫ਼ਤੋਂ ਦੇ ਰਾਹੀਂ ਅਹਿਮਦ ਸ਼ਾਹ ਅਬਦਾਲੀ ਨੂੰ 7 ਲੱਖ ਰੁਪਏ ਦੇ ਕੇ ਰਾਜੇ ਦਾ ਖਿਤਾਬ ਲਿਆ।  ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਕੁਝ ਸਿੱਖ ਲੀਡਰ ਅੰਗਰੇਜ਼ਾਂ ਨਾਲ ਮਿਲ ਗਏ। ਉਨ੍ਹਾਂ ਸਿੱਖ ਹਕੂਮਤ ਦਾ ਖਾਤਮਾ ਕਰ ਦਿੱਤਾ।

ਪਠਾਨਾਂ ਨੂੰ ਜਦੋਂ-ਜਦੋਂ ਮੌਕਾ ਮਿਲਿਆ ਉਨ੍ਹਾਂ ਆਪਣੇ ਮੁਲਕ ਤੋਂ ਬਾਹਰ ਆ ਕੇ ਦੂਜੇ ਮੁਲਕਾਂ ‘ਤੇ ਕਬਜ਼ਾ ਕਰ ਲਿਆ, ਜਿਵੇਂ ਹਿੰਦੁਸਤਾਨ, ਲਾਹੌਰ ਅਤੇ ਇਰਾਨ। ਜਦੋਂ ਸਿੱਖਾਂ ਨੂੰ ਮੌਕਾਂ ਮਿਲਿਆ ਤਾਂ ਉਨ੍ਹਾਂ ਵੀ ਦੂਜੇ ਮੁਲਕਾਂ ‘ਤੇ ਕਬਜ਼ਾ ਕਰ ਲਿਆ। ਜਿਵੇਂ ਮੁਲਤਾਨ, ਕਸ਼ਮੀਰ, ਗੱਲਕੀਤ ਅਤੇ ਕਾਬੁਲ ‘ਤੇ।

ਮੁਗਲਾਂ ਦੇ ਨਾਲ ਲੜਾਈ ਵੇਲੇ ਸਿੱਖ ਵੱਖਰੀਆਂ-ਵੱਖਰੀਆਂ ਮਿਸਲਾਂ ਵਿੱਚ ਹੁੰਦੇ ਸਨ। ਜਦੋਂ ਮੁਗਲਾਂ ਦੀਆਂ ਯਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਆਉਂਦੀਆਂ ਸਨ ਤਾਂ ਇਹ ਪਹਾੜਾਂ ਅਤੇ ਜੰਗਲਾਂ ਵੱਲ ਨਿਕਲ ਜਾਂਦੇ ਸਨ। ਅਫ਼ਗਾਨੀਸਤਾਨ ਵਿੱਚ ਜਦੋਂ ਕੋਈ ਬਾਹਰੋਂ ਹਮਲਾਵਰ ਆਉਂਦਾ ਜਿਵੇਂ ਰੂਸ  ਯਾਂ ਅਮਰੀਕਾ ਉਦੋਂ ਅਫ਼ਗਾਨੀ ਵੀ ਪਹਾੜਾਂ ਅਤੇ ਜੰਗਲਾਂ ਵੱਲ ਨੱਸ ਜਾਂਦੇ ਸਨ। ਦੋਵੇਂ ਹੀ ਉੱਥੋਂ ਬਹਿ ਕੇ ਉਹ ਗੋਰਿਲਾਵਾਰ ਲੜਦੇ ਸਨ। ਦੋਵਾਂ ਮੁਲਕਾਂ ਵਿੱਚ ਜਦੋਂ ਬਾਹਰੋਂ ਹਮਲਾਵਰ ਆਉਂਦੇ ਸਨ ਤਾਂ ਦੋਵਾਂ ਕੌਮਾਂ ਦੇ ਪੜ੍ਹੇ-ਲਿਖੇ ਲੋਕ ਉਨ੍ਹਾਂ ਹਮਲਾਵਰਾਂ ਨਾਲ ਮਿਲ ਜਾਂਦੇ ਸਨ ਤੇ ਹਕੂਮਤ ਕਰਦੇ ਸਨ। ਉਥੋਂ ਦੇ ਅਨਪੜ੍ਹ ਲੋਕ ਸਨ ਉਹ ਦੁਸ਼ਮਨਾਂ ਦਾ ਮੁਕਾਬਲਾ ਕਰਦੇ ਸਨ ਤੇ ਅੰਤ ਜਿੱਤ ਵੀ ਜਾਂਦੇ ਸਨ। ਇਸ ਲਈ ਪੜ੍ਹੇ-ਲਿਖੇ ਲੋਕਾਂ ਨੂੰ ਫਿਰ ਇੱਥੋਂ ਭੱਜਣਾ ਪੈਂਦਾ।

ਪੰਜਾਬ ਵਿੱਚ ਚੜ੍ਹਦੇ ਪਾਸੋਂ ਕੋਈ ਹਮਲਾਵਰ ਨਹੀ ਆਇਆ ਸਿਵਾਏ ਅੰਗਰੇਜ਼ਾਂ ਦੇ। ਇਹ ਸਾਰੇ ਲਹਿੰਦੇ ਪਾਸੋਂ ਹੀ ਆਉਂਦੇ ਸਨ। ਅਫ਼ਗਾਨੀਸਤਾਨ ਵਿੱਚ ਵੀ ਜਦੋਂ ਕੋਈ ਹਮਲਾਵਰ ਬਾਹਰੋਂ ਆ ਕੇ ਹਮਲਾ ਕਰਦਾ ਸੀ। ਭਾਵੇਂ ਉਹ ਰੂਸ ਹੋਵੇ ਯਾਂ ਅਮਰੀਕਾ ਇਹ ਸਾਰੇ ਲਹਿੰਦੇ ਪਾਸੋਂ ਹੀ ਆਉਂਦੇ ਸਨ ਸਿਵਾਏ ਸਿੱਖਾਂ ਦੇ ਤੇ ਅੰਗਰੇਜ਼ਾਂ ਦੇ। ਰੂਸੀਆਂ ਤੇ ਅਮੇਰੀਕਨ ਨੇ ਤਾਲਿਬਾਨ ਦੇ ਲੀਡਰਾਂ ਦੀ ਹੈੱਡ ਮਨੀ ਰੱਖੀ ਸੀ। ਸਿੱਖਾਂ ਦੀ ਵੀ ਹੈੱਡ ਮਨੀ ਹੁੰਦੀ ਸੀ, ਉਹ ਮੁਗਲਾਂ ਪਾਸੋਂ ਰੱਖੀ ਜਾਂਦੀ ਸੀ। ਅਫ਼ਗਾਨੀਸਤਾਨ ਦਾ ਪੜੋਸੀ ਦੇਸ਼ ਪਾਕਿਸਤਾਨ ਹੈ ਅਤੇ ਸਿੱਖਾਂ ਦਾ ਵੀ ਕਰੀਬ ਦਾ ਪੜੋਸੀ ਪਾਕਿਸਤਾਨ ਹੀ ਹੈ। ਇਸ ਕਾਰਨ ਦੌਵਾਂ ਦੀ ਮਦਦ ਕਰਨ ਦਾ ਇਲਜ਼ਾਮ ਪਾਕਿਸਤਾਨ ‘ਤੇ ਲੱਗਦਾ ਰਹਿੰਦਾ ਹੈ।

ਜਦੋਂ ਵੀ ਕਦੇ ਅਫ਼ਗਾਨੀਸਤਾਨ ‘ਤੇ ਹਮਲਾ ਹੁੰਦਾ ਤਾਂ ਉੱਥੋਂ ਦੇ ਕੁਝ ਲੋਕ ਪਾਕਿਸਤਾਨ ਤੇ ਕੁਝ ਇਰਾਨ ਵੱਲ ਭੱਜ ਜਾਂਦੇ। ਪੰਜਾਬ ‘ਤੇ ਵੀ ਜਦੋਂ ਹਮਲਾ ਹੁੰਦਾ ਤਾਂ ਇੱਥੋਂ ਦੇ ਸਿੱਖ ਕੁਝ ਪਾਕੀਸਤਾਨ ਤੇ ਕੁਝ ਬਾਹਰਲੇ ਮੁਲਕ ਵੱਲ ਚਲੇ ਜਾਂਦੇ। ਇਸ ਤਰ੍ਹਾਂ ਉਹ ਆਪਣੀ ਜਾਨ ਬਚਾਉਂਦੇ। ਜਦੋਂ ਰੂਸ ਅਤੇ ਅਮਰੀਕਾ ਅਫ਼ਗਾਨੀਸਤਾਨ ਛੱਡ ਕੇ ਗਿਆ ਤਾਂ ਉਹ ਆਪਣਾ ਅਸਲਾ ਇੱਥੇ ਹੀ ਛੱਡ ਗਿਆ। ਅਹਿਮਦ ਸ਼ਾਹ ਅਬਦਾਲੀ ਜਦੋਂ ਇਥੋਂ ਗਿਆ ਤਾਂ ਉਹ ਆਪਣੀਆਂ ਤੋਪਾਂ ਇੱਥੋਂ ਦੀ ਭੰਗੀ ਮਿਸਲ ਕੋਲ ਛੱਡ ਗਿਆ। ਜਿਸ ਨੂੰ ਭੰਗੀ ਤੋਪ ਕਿਹਾ ਜਾਂਦਾ ਹੈ। ਇਹ ਤੋਪ ਹਲੇ ਵੀ ਲਾਹੌਰ ਵਿਖੇ ਪਈ ਹੈ।  ਯੁੱਧ ਸਮੇਂ ਅਫ਼ਗਾਨੀ ਲੋਕ ਪੈਦਲ ਪਹਾੜਾਂ ਵਿੱਚ ਰਹਿੰਦੇ ਤੇ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰਦੇ। ਉਨ੍ਹਾਂ ਕੋਲ ਖਾਣ-ਪੀਣ ਨੂੰ ਕੁਝ ਨਹੀਂ ਹੁੰਦਾ ਸੀ। ਦੋਨੋਂ ਵਾਰ ਇਨ੍ਹਾਂ ਨਾਲ ਅਜਿਹਾ ਹੀ ਹੋਇਆ।  ਜਦੋਂ ਮੁਗਲਾਂ ਸਿੱਖਾਂ ‘ਤੇ ਹਮਲਾ ਕੀਤਾ ਜਾਂ ਉਨ੍ਹਾਂ ਉੱਤੇ ਹੋਰ ਕੋਈ ਔਖਾ ਵਕਤ ਆਇਆ ਤਾਂ ਉਹ ਜੰਗਲਾਂ ਵੱਲ ਚਲੇ ਜਾਂਦੇ ਤੇ ਸੁੱਕੀਆਂ ਰੋਟੀਆਂ ਖਾ ਕੇ, ਆਪਣੇ ਘੋੜੇ ਦੀ ਕਾਠੀ ਤੇ ਬਹਿ ਕੇ ਗੁਜ਼ਾਰਾ ਕਰਦੇ। ਉਸ ਸਮੇਂ ਦੌਰਾਨ ਸਿੱਖਾਂ ਨੂੰ ਵੀ ਜੇਲ੍ਹਾਂ ‘ਚ ਰੱਖਿਆ ਗਿਆ, ਮਾਰਿਆ ਕੁੱਟਿਆ ਗਿਆ ਤੇ ਉਨ੍ਹਾਂ ਦੇ ਕਤਲ ਵੀ ਕੀਤੇ ਗਏ। ਸਿੱਖਾਂ ‘ਤੇ ਹੋਰ ਵੀ ਕਈ ਤਸ਼ੱਦਦਾਂ ਢਾਹੀਆਂ ਗਈਆਂ। ਅਮਰੀਕਾ ਅਤੇ ਰੂਸ ਅਫ਼ਗਾਨੀਆਂ ਨਾਲ ਵੀ ਇਦਾਂ ਹੀ ਕਰਦੇ ਰਹੇ। ਪਰ ਅਮਰੀਕਾ ਨੇ ਉੱਥੋਂ ਦੇ ਹੋਰ ਲੋਕਾਂ ਨਾਲ ਮਿਲ ਕੇ ਕਿਲਾ ਜੰਗੀ ਵਿਖੇ ਅਫ਼ਗਾਨੀ ਕੈਦੀਆਂ ਅਤੇ ਹੋਰ ਦੂਜੇ ਕੈਦੀਆਂ ਨੂੰ ਕੈਦ ਕਰ ਰੱਖਦੇ। ਉਨ੍ਹਾਂ ਨਾਲ ਝੂਠਾ ਵਾਅਦਾ ਕਰਦੇ ਕਿ ਅਸੀਂ ਤੁਹਾਨੂੰ ਕਿਸੇ ਸੁਰੱਖਿਅਤ ਥਾਂ ‘ਤੇ ਲੈ ਜਾਵਾਂਗੇ। ਪਰ ਉਹ ਉਨ੍ਹਾਂ ਨੂੰ ਕੰਟੇਨਰਾਂ ਵਿੱਚ ਬੰਦ ਕਰਕੇ ਉੱਥੋਂ ਦੇ ਇਲਾਕੇ ਦਸ਼ਤੇ ਲੈਲਾ ਜੋ ਇੱਥੋਂ ਦਾ ਰੇਗੀਸਤਾਨ ਹੈ। ਉੱਥੇ ਉਨ੍ਹਾਂ ਨੂੰ ਕੰਟੇਨਰਾਂ ਵਿੱਚ ਬੰਦ ਕਰਕੇ ਧੁਪਾਂ ਵਿੱਚ ਖੜ੍ਹਾ ਕਰ ਦਿੰਦੇ।  ਗਰਮ ਰੇਤ ਦੇ ਸੇਕ ਤੋਂ ਉਹ ਉੱਥੇ ਹੀ ਭੁੱਜ ਜਾਂਦੇ। ਇੱਥੇ ਇੱਕ ਅਜੀਬ ਗੱਲ ਹੈ ਕਿ ਪਠਾਨ ਲੋਕ ਅਫ਼ਗਾਨੀਸਤਾਨ ਦੀ ਕੁਲ ਆਬਾਦੀ ਦਾ 50% ਹਨ। ਉਨ੍ਹਾਂ ਤੋਂ ਦੋ ਗੁਣਾਂ ਵੱਧ ਪਸ਼ਤੂਨ ਪਾਕਿਸਤਾਨ ਵਿਖੇ ਵੱਸਦੇ ਨੇ। ਬਿਲਕੁਲ ਇਸੇ ਤਰ੍ਹਾਂ ਪੰਜਾਬ ਵਿੱਚ ਸਿੱਖ ਵੀ 49 ਤੋਂ 51 % ਹਨ ਤੇ ਇਨ੍ਹਾਂ ਦੇ ਭਾਈਬੰਦ ਦੋ ਗੁਣਾਂ ਤੋਂ ਵੀ ਵੱਧ ਪਾਕਿਸਤਾਨ ਵਿਖੇ ਵੱਸਦੇ ਨੇ। ਇੱਕੋ ਖੂਨ। ਉਨ੍ਹਾਂ ਦਾ ਖੂਨੀ ਰਿਸ਼ਤਾ ਇੱਧਰ ਬਣਦਾ ਹੈ।

ਅਫ਼ਗਾਨੀਸਤਾਨ ਵਿੱਚ ਬਾਕੀ ਪਸ਼ਤੂਨ, ਤਾਜ਼ਕ ਅਤੇ ਉਸਬਕ ਲੋਕ ਵੱਸਦੇ ਨੇ। ਇਨ੍ਹਾਂ ਦੀ ਜ਼ੁਬਾਨ ਵੀ ਆਪਸ ਵਿੱਚ ਨਹੀਂ ਮਿਲਦੀ। ਉਨ੍ਹਾਂ ਦੀ ਜ਼ੁਬਾਨ ਫ਼ਾਰਸੀ ਤੇ ਉਸਬਕ ਹੈ। ਇਹ ਪਸ਼ਤੂਨ ਉੱਥੋਂ ਦੇ ਜੱਟ ਨੇ ਇਹ ਲੜਣ ਭਿੜਣ ਵਾਲੀ ਕੌਮ ਹੈ ਤੇ ਦੂਜੇ ਉੱਥੋਂ ਦੇ ਬਨੀਏ ਨੇ। ਫ਼ਾਰਸੀ ਉਨ੍ਹਾਂ ਦੀ ਸਰਕਾਰੀ ਜ਼ੁਬਾਨ ਹੈ। ਅਫ਼ਗਾਨੀਸਤਾਨ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ। ਚੜ੍ਹਦੇ ਪੰਜਾਬ ਵਿੱਚ ਵੀ ਇਹੋ ਹਾਲ ਹੈ। ਇੱਥੋਂ ਦੇ ਜਿਹੜੇ ਜੱਟ ਲੋਕ ਹਨ ਜਾਂ ਰਾਜਪੂਤ ਨੇ ਇਹ ਲੜਨ ਮਰਨ ਵਾਲੀ ਕੌਮ ਹੈ। ਬਾਕੀ ਦੇ ਬਾਨੀਏ ਜਾਂ ਹਿੰਦੂ ਨੇ ਉਹ ਪੜ੍ਹੇ ਲਿਖੇ ਨੇ ਤੇ ਸ਼ਹਿਰਾਂ ਵਿੱਚ ਵੱਸਦੇ ਨੇ। ਉੱਥੇ ਇੱਥੇ ਇਨ੍ਹਾਂ ਦੀ ਜ਼ੁਬਾਨ ਜ਼ਿਆਦਾ ਚੱਲਦੀ ਹੈ। ਪਸ਼ਤੋ ਜ਼ੁਬਾਨ ਉਥੋਂ ਦੀ ਅੱਧੀ ਆਬਾਦੀ ਬੋਲਦੀ ਹੈ। ਪਸ਼ਤੂਨੀ ਲੋਕ ਉਨ੍ਹਾਂ ਦੀ ਜ਼ੁਬਾਨ ਸਿੱਖ ਗਏ ਨੇ। ਪੰਜਾਬ ਦਾ ਸੂਰਤੇ ਹਾਲ ਇਹ ਸੀ ਕਿ ਦੋਵਾਂ ਦੀ ਜ਼ੁਬਾਨ ‘ਚ ਪ ਪਸ਼ਤੋ ਤੇ ਪ ਪੰਜਾਬੀ। ਪਾਕਿਸਤਾਨ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਹੈ। ਪਸ਼ਤੋ ਜ਼ੁਬਾਨ ਵੀ ਪਾਕਿਸਤਾਨ ਵਿੱਚ ਬਹੁਤ ਬੋਲੀ ਜਾਂਦੀ ਹੈ ਕਿਉਂਕਿ ਇਹ ਦੋਵੇਂ ਪਾਕਿਸਤਾਨ ਦੇ ਬੋਰਡਰਾਂ ਦੇ ਨਾਲ ਲੱਗਦੇ ਨੇ। ਪਸ਼ਤੋ ਦੇ ਦੋ ਵੱਡੇ ਸ਼ਾਇਰ ਪਾਕਿਸਤਾਨ ਦੇ ਨੇ ਜਿਵੇਂ ਰਹਿਮਾਨ ਬਾਬਾ ਤੇ ਖੁਸ਼ਹਾਲ ਖਾਂ ਖਟਕ।  ਪੰਜਾਬੀ ਦੇ ਵੱਡੇ ਸ਼ਾਇਰਾਂ ਨੇ ਵੀ ਲਹਿੰਦੇ ਪੰਜਾਬ ਵਿੱਚ ਜਨਮ ਲਿਆ ਜਿਵੇਂ ਬਾਬਾ ਫ਼ਰੀਦ, ਵਾਰਿਸ ਸ਼ਾਹ, ਬੁਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ। ਕਾਫ਼ੀ ਹੋਰ ਸ਼ਾਇਰ ਨੇ ਜੋ ਇੱਥੇ ਹੀ ਵੱਸਦੇ ਨੇ।

ਅਫ਼ਗਾਨੀਸਤਾਨ ਦਾ ਕੈਪੀਟਲ ਕਾਬੁਲ ਪਾਕੀਸਤਾਨ ਦੀ ਸਰਹੱਦ ਦੇ ਨੇੜੇ ਹੈ। ਇਹੀ ਕੋਈ 300-400 ਮੀਲ ਦੂਰ ਹੋਵੇਗਾ। ਇਹ ਮੁਲਕ ਛੋਟਾ ਹੈ, ਇੰਡੀਆ ਜਿੱਡਾ ਵੱਡਾ ਨਹੀਂ। ਇੰਡੀਆ ਦਾ ਕੈਪੀਟਲ ਦਿੱਲੀ ਉਹ ਵੀ ਪਾਕਿਸਤਾਨੀ ਸਰਹੱਦ ਤੋਂ ਤਕਰੀਬਨ 400-500 ਮੀਲ ਦੂਰ ਹੈ। ਕਲਕੱਤਾ ਪਾਕੀਸਤਾਨੀ ਸਰਹੱਦ ਤੋਂ ਤਕਰੀਬਨ 1500-1600 ਮੀਲ ਦੂਰ ਹੋਵੇਗਾ। ਦੋਵਾਂ ਦਾ ਕੈਪੀਟਲ ਪਾਕਿਸਤਾਨੀ ਸਰਹੱਦਾਂ ਦੇ ਨੇੜੇ ਪੈਂਦਾ ਹੈ। ਕਾਬਲ ਪਸ਼ਤੂਨਾਂ ਦੇ ਇਲਾਕੇ ਵਿੱਚ  ਪੈਂਦਾ ਹੈ ਤੇ ਕਦੇ ਦਿੱਲੀ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ।

ਅਫ਼ਗਾਨੀਸਤਾਨ ਵਿੱਚ ਪੜ੍ਹੇ ਲਿਖੇ ਲੋਕ ਕੈਮੀਨੀਸਟ ਸਨ। ਜਿਸ ਸਮੇਂ ਰੂਸ ਨੇ ਹਮਲਾ ਕੀਤਾ ਤਾਂ ਉਸ ਵਕਤ ਕੈਮੀਨੀਸਟਾਂ ਦੀ ਹੀ ਹਕੂਮਤ ਸੀ। ਚੜ੍ਹਦੇ ਪੰਜਾਬ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਬਹੁਤ ਤਦਾਦ ਕੈਮੀਨੀਸਟ ਸੀ।  ਪਰ ਦੋਵਾਂ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਫ਼ਰਕ ਹੈ। ਪਠਾਨਾਂ ਨੇ ਬਹੁਤ ਸਾਰੀਆਂ ਜੰਗਾਂ ਲੜ ਕੇ ਆਪਣਾ ਮੁਲਕ ਮੁੜ ਵਾਪਸ ਲੈ ਲਿਆ। ਪਰ ਸਿੱਖ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਦੇ ਵੀ ਆਪਣੀ ਹਕੂਮਤ ਨਾ ਬਣਾ ਸਕੇ। ਸਿੱਖ ਪਠਾਨਾਂ ਨਾਲੋਂ ਘੱਟ ਦਲੇਰ ਨਹੀਂ। ਜੇ ਕਦੇ ਅਫ਼ਗਾਨੀਸਤਾਨ ਵਿੱਚ ਪਹਾੜੀ ਇਲਾਕਾ ਨਾ ਹੁੰਦਾ ਤਾਂ ਉਨ੍ਹਾਂ ਵਾਸਤੇ ਜੰਗ ਜਿੱਤਣਾ ਬਹੁਤ ਮੁਸ਼ਕਿਲ ਸੀ। ਮੈਦਾਨੀ ਇਲਾਕਿਆਂ ਵਿੱਚ ਲੜਣਾ ਬਹੁਤ ਮੁਸ਼ਕਿਲ ਹੈ।

ਅਨੁਵਾਦਕ :
ਜੁਗਿੰਦਰ ਸਿੰਘ ਭੱਟੀ
07986037268

ਦੀਵਾਲੀ ਹਰੀ ਮਨਾਵਾਂਗੇ (ਗੀਤ)

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ

ਇਸ ਵਾਰ ਦੀ ਦੀਵਾਲੀ

ਲੇਖਕ – ਦਲਵਿੰਦਰ ਕਾਲੇ ਸੰਘਿਆ ਵਾਲਾ

ਨਸਲਾਂ ਅਤੇ ਫਸਲਾਂ

ਲੇਖਕ – ਪਰਦੀਪ ਸਿੰਘ ਬਾਸੀ

ਰੱਖੜੀ

ਲੇਖਕ ਦਲਵਿੰਦਰ ਕਾਲੇ ਸੰਘਿਆਂ ਵਾਲਾ (ਵੁਲਵਰਹੈਂਪਟਨ)

ਕਹਾਣੀ – ਕੋਠੀ ਦੱਬ 

ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ ਤਾਂ ਕਿ ਧੂੜ ਨਾ ਉੱਡੇ। ਚਾਰੇ ਪਾਸੇ ਆਪਾਧਾਪੀ ਦਾ ਮਾਹੌਲ।  ਕਿਸੇ ਨੂੰ ਨਹੀਂ ਪਤਾ ਕਿ “ਮੇਲੇ ‘ਚ ਧੰਨਾ ਸਿਉਂ ਕੀਹਦਾ ਫੁੱਫੜ ਐ?” 

 ਪਰਲੋਕ ਕੁਮਾਰ ਦੀ ਬੰਦ ਪਈ ਦੁਕਾਨ ਅੰਦਰੋਂ ਤਾਂ ਖੰਡਰ ਬਣੀ ਹੀ ਹੋਵੇਗੀ, ਬੰਦ ਸ਼ਟਰ ਦੇਖ ਕੇ ਵੀ ਪਤਾ ਲਗਦਾ ਸੀ ਕਿ ਕਈ ਵਰ੍ਹੇ ਹੋ ਗਏ ਹੋਣਗੇ ਇਹਦਾ ਜਿੰਦਰਾ ਖੋਲ੍ਹਿਆਂ ਨੂੰ। ਸ਼ਟਰ ਮੂਹਰੇ ਟੁੱਟਿਆ ਜਿਹਾ ਲੋਹੇ ਦੇ ਫਰੇਮ ਵਾਲਾ ਮੋਟੀ ਲੱਕੜ ਦਾ ਤਖਤਪੋਸ਼ ਤੇ ਦੁਕਾਨ ਮੂਹਰੇ ਬਣਿਆ ਛੱਜਾ, ਇੱਕ ਪਾਗਲ ਜਿਹਾ ਦਿਸਦਾ ਬਜ਼ੁਰਗ ਇਸ ਤਖਤਪੋਸ਼ ਨੂੰ ਸੌਣ ਪੈਣ ਲਈ ਵਰਤਦਾ ਸੀ। ਲੰਮਾ ਪਰ ਸਿਲਤ ਵਰਗਾ ਸਰੀਰ ਸੀ ਉਸਦਾ। ਮੈਲ ਨਾਲ ਲੱਥਪੱਥ ਲੀੜੇ। ਸਿਰ ਨਾਭੀ ਰੰਗ ਦੀ ਪੱਗ, ਧੋਤੀ ਨਾ ਹੋਣ ਕਰਕੇ ਕਾਲੀ ਤਾਂ ਹੋਈ ਹੀ ਸੀ ਸਗੋਂ ਇਉਂ ਲਗਦੀ ਸੀ ਜਿਵੇਂ ਮਾਵਾ ਦੇ ਕੇ ਵਟ ਬਣਾਏ ਹੋਣ। ਬਜ਼ੁਰਗ ਸਾਰਾ ਦਿਨ ਜਗਰਾਉਂ ਦੀਆਂ ਗਲੀਆਂ ‘ਚ ਆਲੀਸ਼ਾਨ ਕੋਠੀਆਂ ਨੂੰ ਰੀਝ ਲਾ ਕੇ ਤੱਕਦਾ ਰਹਿੰਦਾ। ਉਸ ਬਜ਼ੁਰਗ ਨਾਂ ਦਾ ਹੀ ‘ਧਰਮ ਸਿੰਘ’ ਸੀ ਪਰ ਧਰਮ ਸ਼ਬਦ ਤੋਂ ਹਜਾਰਾਂ ਕੋਹਾਂ ਦੂਰ। ਇਲਤੀ ਜੁਆਕ ਲੰਘੇ ਜਾਂਦੇ ਧਰਮ ਸਿਉਂ ਨੂੰ “ਕੋਠੀ ਦੱਬ” ਕਹਿ ਕੇ ਛੇੜਦੇ ਤਾਂ ਧਰਮ ਸਿਉਂ ਇੱਕ ਵਾਰ ਤਾਂ ਕੁਨੱਖਾ ਜਿਹਾ ਝਾਕਦਾ ਪਰ ਫਿਰ ਕੰਨ ਜਿਹੇ ਵਲੇਟ ਕੇ ਤੁਰ ਜਾਂਦਾ। ਜਾਨਣ ਵਾਲੇ ਜਾਣਦੇ ਸਨ ਪਰ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਜਿਆਦਾਤਰ ਉਹਦਾ ਪੱਕਾ ਨਾਂ “ਕੋਠੀ ਦੱਬ” ਹੀ ਮੰਨੀ ਬੈਠੇ ਸਨ।

ਹੁਣ ਸੰਨ 2050 ਦਾ ਸਮਾਂ ਚੱਲ ਰਿਹੈ। ਤੇਜ ਤੇਜ ਜ਼ਿੰਦਗੀ, ਕਿਸੇ ਕੋਲ ਕੋਈ ਵਿਹਲ ਨਹੀਂ। 

ਲੋਪੋ ਵਾਲੇ ਨਰਮਜੀਤ ਸਿਉਂ ਦਾ ਗੱਭਰੂ ਹੋਇਆ ਮੁੰਡਾ ਕੈਨੇਡਾ ਦਾ ਜੰਮਪਲ ਹੋਣ ਦੇ ਬਾਵਜੂਦ ਪੰਜਾਬ ਆਉਣ ਦੀ ਜ਼ਿਦ ਕਰਕੇ ਜਗਰਾਉਂ ਆਇਆ ਹੋਇਆ ਸੀ। ਉਹ ਆਪਣੀ ਬਜ਼ੁਰਗ ਦਾਦੀ ਦੇ ਨਾਲ ਈ ਆ ਗਿਆ ਸੀ। ਪੰਜਾਬ ‘ਚ ਦਾਦੀ ਪੋਤੇ ਦਾ ਅੱਜ ਪੰਦਰ੍ਹਵਾਂ ਦਿਨ ਸੀ। ਡਾਇਮੰਡ ਬਾਗ ‘ਚ ਆਵਦੇ ਪਿਓ ਦਾਦੇ ਦੀ ਰੀਝਾਂ ਨਾਲ ਬਣਾਈ ਤਿੰਨ ਮੰਜਲੀ ਕੋਠੀ ਦੀ ਦੂਜੀ ਛੱਤ ‘ਤੇ ਕਮਰੇ ‘ਚੋਂ ਨਿਕਲ ਕੇ ਵਿਕਰਮ ਨੇ ਦੋਹੇਂ ਬਾਹਾਂ ਅਸਮਾਨ ਵੱਲ ਕਰਕੇ ਅੰਗੜਾਈ ਭੰਨ੍ਹੀ। ਜੰਗਲੇ ‘ਤੇ ਹੱਥ ਰੱਖ ਕੇ ਖੜ੍ਹਿਆ ਤਾਂ ਉਹਨੂੰ ਅੱਜ ਫੇਰ ਓਹੀ ਮੈਲੇ ਜਿਹੇ ਲੀੜਿਆਂ ਵਾਲਾ ਬਜ਼ੁਰਗ ਦੂਰੋਂ ਕੋਠੀ ਵੱਲ ਟਿਕਟਿਕੀ ਲਾਈ ਖੜ੍ਹਾ ਦਿਸਿਆ। ਵਿਕਰਮ ਕਈ ਦਿਨਾਂ ਤੋਂ ਲਗਾਤਾਰ ਦੇਖ ਰਿਹਾ ਸੀ ਕਿ ਓਹ ਸੱਜਣ ਨੇਮ ਵਾਂਗ ਹੀ ਹਰ ਰੋਜ ਬਾਹਵਾ ਟੈਮ ਗਲੀ ਦੀ ਨੁੱਕਰ ‘ਚ ਖੜ੍ਹ ਕੇ ਕੋਠੀ ਨੂੰ ਨਿਹਾਰ ਕੇ ਆਖਰ ਮੁੜ ਜਾਂਦਾ। ਅਚਾਨਕ ਵਿਕਰਮ ਦੇ ਪੈਰਾਂ ਨੇ ਕਾਹਲ ਫੜੀ ਤੇ ਓਹ ਨੁੱਕਰੇ ਘੋੜੇ ਵਾਂਗ ਪੌੜੀਆਂ ਉੱਤਰ ਕੇ ਹੇਠਾਂ ਪਾਠ ਕਰਕੇ ਵਿਹਲੀ ਹੋ ਚੁੱਕੀ ਦਾਦੀ ਸੁਰਜੀਤ ਕੌਰ ਦੇ ਪੈਰਾਂ ਵਾਲੇ ਪਾਸੇ ਬੈਠ ਗਿਆ। 

-“ਦਾਦੀ ਮਾਂ, ਮੈਂ ਰੋਜ ਸਵੇਰੇ ਉੱਠਦਾਂ ਤਾਂ ਇੱਕ “ਓਲਡ ਮੈਨ” ਆਪਣੇ ਘਰ ਵੱਲ ਜਿੱਦਾਂ “ਸਟਿੱਲ” ਹੋ ਕੇ ਦੇਖਦਾ ਹੁੰਦਾ। ਦਾਦੀ ਕੌਣ ਆ ਓਹ ਬਾਬਾ ਜੀ?” ਵਿਕਰਮ ਨੇ ਆਪਣੀ ਬਜ਼ੁਰਗ ਦਾਦੀ ਨੂੰ ਪੁੱਛਿਆ।

-“ਵਿਕਰਮ ਪੁੱਤ, ਓਹ ਭਟਕਦੀਆਂ ਰੂਹਾਂ ‘ਚੋਂ ਇੱਕ ਆ। ਸਾਲ 2023 ਦੀ ਗੱਲ ਐ, ਜਦੋਂ ਇਸ ਬਜ਼ੁਰਗ ਸਣੇ ਦੋ ਤਿੰਨ ਹੋਰ ਰੂਹਾਂ ਨੇ ਇਸ ਕੋਠੀ ‘ਤੇ ਲ਼ਾਲ਼ਾਂ ਸੁੱਟੀਆਂ ਸਨ। ਇਸ ਕੋਠੀ ਨੂੰ ਸਰਕਾਰੇ ਦਰਬਾਰੇ ਪਹੁੰਚ ਵਰਤ ਕੇ ਜਾਅਲੀ ਕਾਗਜ ਤਿਆਰ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਸੀ।”

-“ਇਹ ਮੈਲੇ ਜਿਹੇ ਕੱਪੜਿਆਂ ਵਾਲਾ ਭਾਈ ਜਾਅਲੀ ਡਿਗਰੀ ਲੈ ਕੇ ਆਵਦੇ ਆਪ ਨੂੰ ਕਾਨੂੰਨ ਦਾ ਰਖਵਾਲਾ ਦੱਸਦਾ ਹੁੰਦਾ ਸੀ। ਕਾਨੂੰਨ ਦੀ ਖੁਦ ਹੀ ਸੰਘੀ ਘੁੱਟਣ ਵਾਲਾ ਰਖਵਾਲਾ।” ਮਾਤਾ ਇੱਕੋ ਸਾਹ ਹੀ ਬੋਲ ਗਈ ਤਾਂ ਦਮ ਪੱਟਿਆ ਗਿਆ।

ਵਿਕਰਮ ਨੇ ਕੋਲ ਪਿਆ ਪਾਣੀ ਦਾ ਗਿਲਾਸ ਫੜਾਇਆ।

-“ਇਹਦੇ ਨਾਲ ਇੱਕ ਪਰਲੋਕ ਕੁਮਾਰ ਤੇ ਇੱਕ ਸਿਆਸੀ ਬੀਬੀ ਅੜਬਜੀਤ ਕੌਰ ਨੇ ਰਲ ਕੇ ਸਾਨੂੰ ਆਵਦੇ ਇਸ ਘਰੋਂ ਹੀ ਬੇਘਰ ਕਰ ਦਿੱਤਾ ਸੀ। ਮੈਂ ਤੇ ਤੇਰੀ ਮਾਂ ਕਈ ਮਹੀਨੇ ਕਾਨੂੰਨੀ ਲੜਾਈ ਲੜਦੀਆਂ ਅਫਸਰਾਂ ਦੇ ਦਫਤਰਾਂ ‘ਚ ਧੱਕੇ ਖਾਂਦੀਆਂ ਰਹੀਆਂ। ਏਸ ਤਿੱਕੜੀ ਨੇ ਸਾਡੇ ਪੈਰ ਨਾ ਲੱਗਣ ਦਿੱਤੇ। ਜਾਅਲੀ ਇਨਕਲਾਬ ਉਲਟਾ ਸਾਡਾ ਹੀ ਘਰ ਦੱਬਣ ਨੂੰ ਤਾਹੂ ਸੀ। ਭਲਾ ਹੋਵੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ, ਜੋ ਬਿਨਾਂ ਕਿਸੇ ਲੋਭ ਲਾਲਚ ਦੇ ਸਾਡੇ ਨਾਲ ਆ ਡਟੇ।”

-“ਦਾਦੀ ਮਾਂ, ਜੇ ਓਹ ਬਾਬਾ ਕੱਲ੍ਹ ਨੂੰ ਆਇਆ, ਮੈਂ ਓਹਨੂੰ ਭਜਾ ਕੇ ਆਊਂ।” ਵਿਕਰਮ ਪਤਾ ਨਹੀਂ ਕਿਹੜੇ ਵੇਗ ‘ਚ ਕਹਿ ਗਿਆ।

-“ਨਾ ਸ਼ੇਰਾ, ਓਹਨਾਂ ਨੂੰ ਸਮੇਂ ਦੀ ਬਹੁਤ ਭੈੜੀ ਮਾਰ ਪੈ ਚੁੱਕੀ ਐ। ਆਪਾਂ ਕੀ ਭਜਾਉਣੈ, ਓਹਨਾਂ ਨੂੰ ਤਾਂ ਉਹਨਾਂ ਦੀ ਤਮਾਂ ਨੇ ਈ ਐਨਾ ਭਜਾਇਆ ਹੋਇਐ ਕਿ ਸਾਰਾ ਦਿਨ ਤਿੱਖੜ ਦੁਪਹਿਰੇ ਵੀ ਪਾਗਲ ਹਾਲਤ ‘ਚ ਭੱਜਦੇ ਫਿਰਦੇ ਰਹਿੰਦੇ ਆ।” ਮਾਤਾ ਨੇ ਵਿਕਰਮ ਨੂੰ ਰੋਕਦਿਆਂ ਕਿਹਾ।

-“ਦਾਦੀ ਮਾਂ, ਪਰਲੋਕ ਕੁਮਾਰ ਤੇ ਅੜਬਜੀਤ ਕੌਰ ਦਾ ਕੀ ਬਣਿਆ? ਓਹ ਕਿੱਥੇ ਰਹਿੰਦੇ ਆ?” ਵਿਕਰਮ ਨੇ ਭੋਲਾ ਜਿਹਾ ਸਵਾਲ ਕੀਤਾ।

-“ਲੋਕ ਦੱਸਦੇ ਆ ਕਿ ਪਰਲੋਕ ਕੁਮਾਰ ਤਾਂ ਓਦੋਂ ਤੋਂ ਹੀ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਦੋਂ ਇਹਨਾਂ ਨੇ ਰਲ ਕੇ ਰਾਤੇ ਰਾਤ ਆਪਣੀ ਏਸ ਕੋਠੀ ਦਾ ਜਾਅਲੀ ਇੰਤਕਾਲ ਕਰਵਾਉਣ ਦਾ ਕੇਸ ਚੱਲਿਆ ਸੀ। ਧਰਮ ਸਿਉਂ ਤੇ ਅੜਬਜੀਤ ਕੌਰ ਨੇ ਆਵਦਾ ਮਾਸ ਬਚਾਉਣ ਲਈ ਪਰਲੋਕ ਕੁਮਾਰ ਦੀ ਬਲੀ ਦੇ ਦਿੱਤੀ। ਕਾਗਜਾਂ ‘ਚ ਭਗੌੜਾ ਕਰਾਰ ਦੇਣ ਤੋਂ ਬਾਅਦ ਪਰਲੋਕ ਕੁਮਾਰ ਪਰਲੋਕ ਤਾਂ ਸਿਧਾਰ ਗਿਆ ਪਰ ਉਹਦੇ ਮੱਥੇ ਤੋਂ ਭਗੌੜੇ ਦਾ ਕਲੰਕ ਨਾ ਲੱਥਾ। ਸੁਣਿਐ ਕਿ ਉਹਦੀ ਕਿਸੇ ਬਿਰਧ ਆਸ਼ਰਮ ‘ਚ ਮੌਤ ਹੋ ਗਈ ਸੀ। ਕੋਈ ਜੁਆਕ ਵੀ ਸਸਕਾਰ ‘ਤੇ ਨਹੀਂ ਸੀ ਗਿਆ।” ਮਾਤਾ ਸੁਰਜੀਤ ਕੌਰ ਨੇ ਗੱਲ ਖਤਮ ਕਰਕੇ ਹੱਥ ਜੋੜ ਕੇ “ਵਾਹਿਗੁਰੂ” ਕਿਹਾ।

-“ਅੜਬਜੀਤ ਕੌਰ ਨੇ ਜਾਇਦਾਦ ਤਾਂ ਬਹੁਤ ਬਣਾ ਲਈ ਸੀ। ਘਰਵਾਲਾ ਤੇ ਓਹ ਪੈਸਾ ਜੋੜਨ ‘ਚ ਹੀ ਲੱਗੇ ਰਹੇ ਤੇ ਔਲਾਦ ਨੂੰ ਨੋਟਾਂ ਨਾਲ ਲੱਦ ਦਿੱਤਾ। ਓਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਮਾਂ ਪਿਉ ਨੇ ਕਿੰਨੇ ਲੋਕਾਂ ਨਾਲ ਜਿਆਦਤੀਆਂ ਕਰ ਕਰ ਕੇ ਮਾਇਆ ਕੱਠੀ ਕੀਤੀ ਐ ਤਾਂ ਦੋਵੇਂ ਜੀਅ ਜੁਆਕਾਂ ਦੇ ਮੂੰਹੋਂ ਲਹਿ ਗਏ। ਜੁਆਕ ਵਿਦੇਸ਼ਾਂ ‘ਚ ਜਾ ਵਸੇ ਤੇ ਇਹਨਾਂ ਦੋਵੇਂ ਮੀਆਂ ਬੀਵੀ ਨੂੰ ਬਿਮਾਰੀਆਂ ਨੇ ਘੇਰ ਲਿਆ। ਸਰੀਰ ਮਾੜੇ ਹੋਏ ਤਾਂ ਨਾਲ ਰਹਿੰਦਿਆਂ ਗੁਰਗਿਆਂ ਨੇ ਈ ਇੱਕ ਇੱਕ ਕਰਕੇ ਕੋਠੀਆਂ ਪਲਾਟਾਂ ‘ਤੇ ਕਬਜ਼ੇ ਕਰ ਲਏ।” ਸੁਰਜੀਤ ਕੌਰ ਕਥਾ ਕਰਨ ਵਾਂਗ ਆਵਦੇ ਪੋਤੇ ਨੂੰ ਗੱਲ ਸੁਣਾ ਰਹੀ ਸੀ।

-“ਦਾਦੀ, ਇਹਨੂੰ ਈ “ਟਿੱਟ ਫੌਰ ਟੈਟ” ਕਹਿੰਦੇ ਆ। ਪਹਿਲਾਂ ਲੋਕਾਂ ਨੂੰ “ਰੌਬ” ਕਰੀ ਗਏ, ਫੇਰ ਨਾਲ ਰਹਿੰਦੇ ਲੋਕ ਈ ਉਹਨਾਂ ਨੂੰ “ਰੌਬ” ਕਰਗੇ।…..ਵੈਰੀ ਸਟਰੇਂਜ….।” ਵਿਕਰਮ ਗੱਲ ਦਾ ਤੱਤਸਾਰ ਜਲਦੀ ਹੀ ਸਮਝ ਗਿਆ ਸੀ। 

-“ਹੁਣ ਅੜਬਜੀਤ ਕੌਰ ਤੇ ਉਹਦਾ ਘਰਵਾਲਾ ਵੀ ਆਹ ਮੁੱਲਾਂਪੁਰ ਕੋਲ ਕਿਸੇ ਬਿਰਧ ਆਸ਼ਰਮ ‘ਚ ਰਹਿੰਦੇ ਆ। ਬਾਘੜਬਿੱਲੇ ਵਰਗੇ ਹੁੰਦੇ ਸੀ, ਕਿਸੇ ਨੂੰ ਮੂੰਹ ਨੀ ਸੀ ਬੋਲਦੇ ਹੁੰਦੇ। ਹੁਣ ਬੋਲ ਨੀ ਨਿੱਕਲਦਾ ਮੂੰਹ ‘ਚੋ। ਪੁੱਤ, ਸਮਾਂ ਬਹੁਤ ਬਲਵਾਨ ਆ। ਜਦੋਂ ਸਮੇਂ ਦੇ ਚਪੇੜੇ ਪੈਂਦੇ ਆ, ਓਦੋਂ ਮੂੰਹ ‘ਤੇ ਨੀ ਸਗੋਂ ਰੂਹ ‘ਤੇ ਨੀਲ ਪੈਂਦੇ ਆ। ਆਹ ਜਿਹੜਾ ਧਰਮ ਸਿਉਂ ਨਿੱਤ ਸਵੇਰੇ ਆਪਣੀ ਕੋਠੀ ਵੱਲ ਮੂੰਹ ਕਰਕੇ ਖੜ੍ਹਾ ਹੁੰਦੈ, ਕੀ ਪਤਾ ਵਿਚਾਰੇ ਦੇ ਚਿੱਤ ‘ਚ ਕੀ ਕੀ ਖੌਰੂ ਪਾਉਂਦਾ ਫਿਰਦਾ ਹੋਊ?”

-“ਦਾਦੀ, ਆਪਾਂ ਕੱਲ੍ਹ ਨੂੰ ਓਸ ਬਾਬੇ ਨੂੰ ਬੁਲਾ ਕੇ ਦੇਖੀਏ?” ਵਿਕਰਮ ਨੇ ਸੁਰਜੀਤ ਕੌਰ ਦੇ ਮੂੰਹ ਵੱਲ ਦੇਖਿਆ। ਉਹਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਵੀ ਸੀ ਕਿ ਦਾਦੀ ਜਵਾਬ ਨਹੀਂ ਦਿੰਦੀ।

-“ਪੁੱਤ, ਆਪਣੀ ਕਿਹੜਾ ਓਹਨਾਂ ਨਾਲ ਡਾਂਗ ਚੱਲੀ ਸੀ। ਓਹਨਾਂ ਨੂੰ ਸੱਤਾ ਦਾ, ਪੈਸੇ ਦਾ ਨਸ਼ਾ ਈ ਐਨਾ ਚੜ੍ਹਿਆ ਹੋਇਆ ਸੀ ਕਿ ਸਾਰੀ ਦੁਨੀਆ ਨੂੰ ਆਵਦੀ ਮੁੱਠੀ ‘ਚ ਸਮਝਦੇ ਸੀ। ਕੋਈ ਨਾ….. ਤੂੰ ਕੋਈ ਖਾਣ ਪੀਣ ਵਾਲੀ ਚੀਜ ਫੜਾ ਆਵੀਂ ਕੋਲ ਜਾ ਕੇ। ਪੁੰਨ ਈ ਹੁੰਦੈ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਉਣ ਦਾ।” ਸੁਰਜੀਤ ਕੌਰ ਨੇ ਆਪਣੇ ਸੁਭਾਅ ਮੁਤਾਬਕ ਕਿਹਾ।

ਵਿਕਰਮ ਨੂੰ ਅੱਚਵੀ ਲੱਗ ਗਈ ਕਿ ਉਹਨਾਂ ਦੇ ਇਸ ਘਰ ਨੂੰ ਕਾਨੂੰਨ ਦੀ ਦੁਰਵਰਤੋਂ ਕਰਕੇ ਲਗਭਗ ਨੱਪ ਚੁੱਕੇ “ਕੋਠੀ ਦੱਬਾਂ” ਵਿੱਚੋਂ ਇੱਕ ਧਰਮ ਸਿੰਘ ਨੂੰ ਨੇੜਿਉਂ ਕਿਹੜੇ ਵੇਲੇ ਦੇਖਾਂ। ਉਹਦੀ ਸਾਰੀ ਰਾਤ ਪਾਸੇ ਮਾਰਦੇ ਤੇ ਫੋਨ ‘ਤੇ ਟਾਈਮ ਦੇਖਦੇ ਦੀ ਲੰਘ ਗਈ। 

ਸਵੇਰ ਹੋਈ ਤਾਂ ਵਿਕਰਮ ਨੇ ਕਮਰੇ ਦੇ ਅੰਦਰੋਂ ਹੀ ਸ਼ੀਸ਼ੇ ਥਾਈਂ ਗਲੀ ਦਾ ਮੋੜ ਦੇਖਿਆ ਪਰ ਅੱਜ ਧਰਮ ਸਿਉਂ ਨਹੀਂ ਆਇਆ ਸੀ। ਉਹਦੇ ਚਿੱਤ ਨੂੰ ਕਾਹਲ ਬਣੀ ਹੋਈ ਸੀ। ਪਰ ਅੱਧਾ ਘੰਟਾ ਬੀਤਣ ‘ਤੇ ਵੀ ਓਹ ਜਗ੍ਹਾ ਕਿਸੇ ਔਤ ਦੀ ਮਟੀ ਵਾਂਗ ਸੁੰਨੀ ਜਿਹੀ ਹੀ ਸੀ। ਵਿਕਰਮ ਨਿਰਾਸ਼ ਜਿਹਾ ਹੇਠਾਂ ਉੱਤਰ ਆਇਆ। ਦਾਦੀ ਪਾਠ ਕਰ ਰਹੀ ਸੀ। ਵਿਕਰਮ ਨੇ ਗੇਟ ਦੀ ਅਰਲ ਨੂੰ ਹੱਥ ਪਾਇਆ ਤਾਂ ਚੀਂਅਅਅ….. ਦੀ ਆਵਾਜ ਆਈ। ਉਹ ਘੱਟ ਖੜਕਾ ਕਰਨਾ ਚਾਹੁੰਦਾ ਸੀ ਤਾਂ ਕਿ ਦਾਦੀ ਦੇ ਪਾਠ ਕਰਨ ਵਿੱਚ ਵਿਘਨ ਨਾ ਪਵੇ। ਵਿਕਰਮ ਦਰਵਾਜ਼ਾ ਖੋਲ੍ਹਦੈ ਤਾਂ ਉਹਦਾ ਇਕਦਮ ਤ੍ਰਾਹ ਨਿਕਲ ਜਾਂਦੈ। ਉਹ ਓਹਨੀਂ ਪੈਰੀਂ ਪਿਛਾਂਹ ਮੁੜ ਕੇ ਦਾਦੀ ਸੁਰਜੀਤ ਕੌਰ ਕੋਲ ਜਾਂਦੈ ਤਾਂ ਦਾਦੀ ਸੁਰਜੀਤ ਕੌਰ ਵੀ ਪਾਠ ਕਰਕੇ ਅੱਖਾਂ ਮੁੰਦੀ ਬੈਠੀ ਸੀ।

-“ਦਾਦੀ ਮਾਂ ਦਾਦੀ ਮਾਂ …..।” ਵਿਕਰਮ ਹਫਿਆ ਤੇ ਡਰਿਆ ਪਿਆ ਸੀ। ਉਸ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਵਿਕਰਮ ਦੀ ਘਬਰਾਹਟ ਦੇਖ ਕੇ ਸੁਰਜੀਤ ਕੌਰ “ਵਾਹਿਗੁਰੂ ਵਾਹਿਗੁਰੂ” ਕਰਦੀ ਬਾਹਰ ਦਰਵਾਜ਼ੇ ਵੱਲ ਹੋ ਤੁਰੀ। ਕੀ ਦੇਖਦੀ ਐ ਕਿ ਦਰਵਾਜ਼ੇ ਮੂਹਰੇ ਧਰਮ ਸਿਉਂ ਨੀਵੀਂ ਪਾਈ ਖੜ੍ਹਾ ਸੀ, ਇਉਂ ਲਗਦਾ ਸੀ ਜਿਵੇਂ ਹੁਣੇ ਹੁਣੇ ਅੱਥਰੂ ਵਗੇ ਹੋਣ। ਮੂੰਹ ਦੇਖ ਕੇ ਇਉਂ ਲਗਦਾ ਸੀ ਜਿਵੇਂ ਸਦੀਆਂ ਦੇ ਦੁੱਖਾਂ ਨੇ ਸੁੱਕੇ ਦਰੱਖ਼ਤ ‘ਤੇ ਆਲ੍ਹਣਾ ਪਾਇਆ ਹੋਇਆ ਹੋਵੇ। ਧਰਮ ਸਿਉਂ ਨੇ ਪੁਰਾਣੇ ਜਿਹੇ ਅਖਬਾਰ ਵਾਲਾ ਹੱਥ ਅੱਗੇ ਵਧਾਇਆ ਤਾਂ ਵਿਕਰਮ ਨੇ ਦਾਦੀ ਤੋਂ ਪਹਿਲਾਂ ਹੀ ਖੁਦ ਅੱਗੇ ਹੋ ਕੇ ਫੜ ਲਿਆ। ਧਰਮ ਸਿਉਂ ਓਹਨੀਂ ਪੈਰੀਂ ਪਿਛਾਂਹ ਨੂੰ ਮੁੜ ਗਿਆ। 

ਵਿਕਰਮ ਨੇ ਅਖਬਾਰ ਦੀ ਤਰੀਕ ਦੇਖੀ ਤਾਂ ਲਗਭਗ 27 ਵਰ੍ਹੇ ਪੁਰਾਣੀ ਸੀ। ਖਬਰ ਤੇ ਤਸਵੀਰ ‘ਚ ਧਰਮ ਸਿਉਂ, ਅੜਬਜੀਤ ਕੌਰ ਤੇ ਉਹਦਾ ਘਰਵਾਲਾ, ਓਸ ਵੇਲੇ ਦੇ ਰਾਜ ਦੇ ਮੁਖੀ ਦੀ ਘਰਵਾਲੀ ਤੇ ਭੈਣ ਨਾਲ ਖੜ੍ਹੇ ਸਨ। ਖਬਰ ਦਾ ਸਿਰਲੇਖ ਸੀ “ਐੱਨ ਆਰ ਆਈ ਬੀਬੀ ਝੂਠ ਬੋਲ ਕੇ ਸਾਡਾ ਸਿਆਸੀ ਅਕਸ ਖਰਾਬ ਕਰ ਰਹੀ ਹੈ।”

ਜਿਉਂ ਹੀ ਵਿਕਰਮ ਨੇ ਰੱਦੀ ਤੇ ਰੇਤੇ ਵਾਂਗ ਭੁਰ ਰਹੇ ਅਖਬਾਰ ਨੂੰ ਖੋਲ੍ਹਣਾ ਚਾਹਿਆ ਤਾਂ ਇੱਕ ਮੈਲੀ ਜਿਹੀ ਪਰਚੀ ਨਿੱਕਲੀ, ਜਿਸ ‘ਤੇ ਲਿਖਿਆ ਸੀ, 

“ਦੁਖਾਏ ਦਿਲ ਲਈ ਮੁਆਫੀ ਦੇ ਦੇਣੀ।”

ਮਾਤਾ ਸੁਰਜੀਤ ਕੌਰ ਨੇ ਮੁਆਫੀਨਾਮੇ ਵਰਗੀ ਸਤਰ ਪੜ੍ਹੀ ਤਾਂ ਅੱਖਾਂ ਦੇ ਕੋਏ ਸਿੱਲ੍ਹੇ ਹੋ ਗਏ। ਇਉਂ ਲਗਦਾ ਸੀ ਜਿਵੇਂ ਧਰਮ ਸਿਉਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਨ ਹੀ ਹਰ ਰੋਜ ਆਉਂਦਾ ਸੀ।

ਲਗਭਗ ਮਹੀਨਾ ਛੁੱਟੀਆਂ ਗੁਜਾਰ ਕੇ ਦਾਦੀ ਪੋਤਾ ਵਾਪਸ ਕੈਨੇਡਾ ਜਾਣ ਲਈ ਤਿਆਰ ਸਨ। ਹੈਰਾਨ ਵੀ ਸਨ ਕਿ ਉਸ ਦਿਨ ਤੋਂ ਬਾਅਦ ਧਰਮ ਸਿਉਂ ਮੁੜ ਉਸ ਗਲੀ ‘ਚ ਕਦੇ ਨਾ ਆਇਆ। ਕੋਠੀ ਨੂੰ ਜਿੰਦਰਾ ਮਾਰ ਕੇ ਗੱਡੀ ਬਜ਼ਾਰ ਵਿੱਚ ਦੀ ਦਿੱਲੀ ਵੱਲ ਨੂੰ ਹੋ ਤੁਰੀ। ਅਚਾਨਕ ਅੱਗੇ ਲੋਕਾਂ ਦਾ ਝੁਰਮਟ ਜਿਹਾ ਬਣਿਆ ਤਾਂ ਗੱਡੀ ਰੁਕ ਗਈ। ਗੱਡੀ ਦੁਖਭੰਜਨ ਸਿਉਂ ਦਾ ਵੱਡਾ ਮੁੰਡਾ ਭੋਲਾ ਚਲਾ ਰਿਹਾ ਸੀ। ਬਰੇਕਾਂ ਮਾਰ ਕੇ ਭੋਲਾ ਓਸ ਇਕੱਠ ‘ਚ ਧੁੱਸ ਦੇ ਕੇ ਵੜ ਗਿਆ ਤੇ ਪਿੱਛਲਪੈਰੀਂ ਵਾਪਸ ਵੀ ਮੁੜ ਆਇਆ।

-“ਕੀ ਹੋਇਆ ਭੋਲੇ ਪੁੱਤ? ਐਨੇ ਲੋਕ ਕਿਉਂ ਇਕੱਠੇ ਹੋਏ ਆ?” ਮਾਤਾ ਨੇ ਪੁੱਛਿਆ।

-“ਬੇਬੇ, ਪਰਲੋਕ ਦੀ ਦੁਕਾਨ ਮੂਹਰੇ ਕੋਠੀ ਦੱਬ ਪਿਆ ਹੁੰਦਾ ਸੀ ਨਾ? ਓਹ ਚਲਾਣਾ ਕਰ ਗਿਆ ਰਾਤ। ਓਹਦਾ ਆਵਦਾ ਧੀ ਪੁੱਤ ਤਾਂ ਕੋਈ ਬਹੁੜਿਆ ਨੀ, ਹੁਣ ਕਲੱਬ ਆਲੇ ਮੁੰਡੇ ਸਸਕਾਰ ਕਰਨ ਨੂੰ ਲੈ ਕੇ ਚੱਲੇ ਆ।”, ਭੋਲੇ ਨੇ ਸੁਤੇ ਸਿੱਧ ਕਿਹਾ।

-“ਓ ਮੇਰਿਆ ਮਾਲਕਾ! ਬਖਸ਼ ਲਵੀਂ ਇਹਨਾਂ ਨੂੰ।”, ਇੰਨਾ ਕਹਿ ਕੇ ਮਾਤਾ ਸੁਰਜੀਤ ਕੌਰ ਨੇ ਸਿੜੀ ‘ਤੇ ਪਾ ਕੇ ਸਸਕਾਰ ਵਾਸਤੇ ਲਈ ਜਾ ਰਹੇ ਧਰਮ ਸਿਉਂ ਵੱਲ ਦੇਖ ਕੇ ‘ਆਖਰੀ ਸਲਾਮ’ ਵਾਂਗ ਮੱਥਾ ਟੇਕਿਆ।

ਹੁਣ ਗੱਡੀ ਦਿੱਲੀ ਵੱਲ ਨੂੰ ਵਾਟਾਂ ਵੱਢਦੀ ਜਾ ਰਹੀ ਸੀ ਤੇ ਗੀਤ ਚੱਲ ਰਿਹਾ ਸੀ

“ਸਾਢੇ ਤਿੰਨ ਹੱਥ ਧਰਤੀ ਤੇਰੀ

ਬਹੁਤੀਆਂ ਜਾਗੀਰਾਂ ਵਾਲਿਆ।”

ਮਨਦੀਪ ਖੁਰਮੀ ਹਿੰਮਤਪੁਰਾ

ਦਸਤਾਰਧਾਰੀ ਜਾਂਬਾਜ਼

ਡਾ: ਹਰਸ਼ਿੰਦਰ ਕੌਰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਜਾ ਕੇ ਜੋ ਸਰੀਰਾਂ ਅੰਦਰ ਰੂਹ ਫੂਕੀ ਸੀ, ਉਸ ਨੇ ਕਿਵੇਂ ਦੇ ਜਾਂਬਾਜ਼ ਪੈਦਾ ਕੀਤੇ, ਉਨ੍ਹਾਂ ਵਿੱਚੋਂ ਹੀ ਕੁੱਝ ਦਾ ਜ਼ਿਕਰ ਕਰਨ ਲੱਗੀ ਹਾਂ।

ਸਭ ਤੋਂ ਔਖਾ ਉਹ ਸਮਾਂ ਹੁੰਦਾ ਹੈ ਜਦੋਂ ਸਾਹਮਣੇ ਮੌਤ ਵੇਖ ਕੇ ਵੀ ਆਪਣੇ ਲਈ ਨਹੀਂ, ਬਲਕਿ ਹੋਰਨਾਂ ਦੀ ਰਾਖੀ ਕਰਦਿਆਂ ਆਪ ਹੀ ਅਗਾਂਹ ਹੋ ਕੇ ਭਰ ਜਵਾਨੀ ਵਿਚ ਮੌਤ ਨੂੰ ਲਾੜੀ ਦੇ ਤੁਲ ਮੰਨ ਕੇ ਹਸਦਿਆਂ ਕੁਰਬਾਨ ਹੋ ਜਾਣਾ। ਆਪਣੇ ਜੰਮਣ ਵਾਲਿਆਂ, ਜੀਵਨ ਸਾਥਣ, ਗੋਦ ਵਿਚ ਪੈ ਕੇ ਕਿਲਕਾਰੀ ਮਾਰਨ ਨੂੰ ਤਰਸਦਾ ਬਾਲ ਅਤੇ ਅੱਗੇ ਆਉਣ ਵਾਲੇ ਖੁਸ਼ਨੁਮਾ ਪਲਾਂ ਨੂੰ ਕੁਰਬਾਨ ਕਰਕੇ ਸਿਰਫ਼ ਦੇਸ ਦਾ ਮਾਣ ਵਧਾਉਣ ਲਈ ਜਿਨ੍ਹਾਂ ਨੇ ਇੱਕ ਹੁੰਦਿਆਂ ਵੀ ਸਵਾ ਲੱਖ ਨਾਲ ਲੜ ਕੇ ਦਸਤਾਰ ਨਾਲ ਮਿਲੀ ਰੂਹਾਨੀ ਤਾਕਤ ਨੂੰ ਦੁਨੀਆ ਸਾਹਮਣੇ ਦਰਸਾਇਆ, ਉਸ ਤਰ੍ਹਾਂ ਦੀ ਮਿਸਾਲ ਦੁਨੀਆ ਦੇ ਹੋਰ ਹਿੱਸਿਆਂ ਵਿਚ ਹਾਲੇ ਤੱਕ ਦਿਸੀ ਨਹੀਂ।

ਜੈਸਲਮੇਰ ਦੇ ਫੌਜੀ ਇਲਾਕੇ ਵਿਚ ਰੋਜ਼ ਸ਼ਾਮ ਨੂੰ ਇੱਕ ਫਿਲਮ ਵਿਖਾਈ ਜਾਂਦੀ ਹੈ ਜਿਸ ਵਿਚ ਉਸ ਥਾਂ ਉੱਤੇ 23 ਪੰਜਾਬ ਰੈਜਮੈਂਟ ਵੱਲੋਂ ਵਿਖਾਈ ਲਾਮਿਸਾਲ ਵੀਰਤਾ ਦੀ ਕਹਾਣੀ ਦੁਹਰਾਈ ਜਾਂਦੀ ਹੈ। ਬੜੇ ਫ਼ਖ਼ਰ ਨਾਲ ਅਨੇਕ ਵਾਰ ਇੱਕ-ਇੱਕ ਦਸਤਾਰਧਾਰੀ ਜਾਂਬਾਜ਼ ਵੱਲੋਂ ਗੱਜ ਕੇ ਬੁਲਾਏ ਫਤਹਿ ਦੇ ਜੈਕਾਰੇ ਨੂੰ ਗਗਨ ਚੁੰਬੀ ਆਵਾਜ਼ ਨਾਲ ਚੁਫ਼ੇਰੇ ਰੌਸ਼ਨੀਆਂ ਹੇਠ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਵਿਚ ਸੁਣਾਇਆ ਜਾਂਦਾ ਹੈ। ਮਹਾਵੀਰ ਚੱਕਰ ਵਿਜੇਤਾ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਸ਼ੇਰ ਵਰਗੀ ਦਹਾੜ ਜਦੋਂ ਸੁਣਦੀ ਹੈ ਤਾਂ ਹਰ ਵੇਖਣ ਵਾਲੇ ਦੇ ਸਰੀਰ ਅੰਦਰਲਾ ਲਹੂ ਉਬਾਲੇ ਖਾਣ ਲੱਗ ਪੈਂਦਾ ਹੈ।

ਜਿਉਂ ਹੀ ਲਾਈਟ ਐਂਡ ਸਾਊਂਡ ਫਿਲਮ ਵਿਚ ਆਰ ਜਾਂ ਪਾਰ ਦੀ ਜੰਗ ਵਿੱਢਣ ਤੋਂ ਪਹਿਲਾਂ ਖਾਲਸਾ ਝੰਡਾ ਸਕਰੀਨ ਉੱਤੇ ਵਿਖਾ ਕੇ, ਫਿਰ ਖੰਡਾ ਲਹਿਰਾ ਕੇ, ਗੱਜ ਕੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਨਾਲ ‘ਜੈ ਹਿੰਦ’ ਕਹਿੰਦਿਆਂ ਦਸਤਾਰਧਾਰੀ ਛਾਲਾਂ ਮਾਰਦਿਆਂ ਅਗਾਂਹ ਤੁਰਦੇ ਵਿਖਾਉਂਦੇ ਹਨ ਤਾਂ ਹਰ ਵੇਖਣ ਵਾਲਾ ਜਾਤ-ਪਾਤ, ਧਰਮ ਭੁਲਾ ਕੇ ਫਤਹਿ ਦੇ ਜੈਕਾਰੇ ਦੇ ਨਾਲ ਹੀ ਸਤਿ ਸ੍ਰੀ ਅਕਾਲ ਅਤੇ ਜੈ ਹਿੰਦ ਬੁਲਾਉਂਦਾ ਦਿਸਦਾ ਹੈ। ਜਿਸ ਬਹਾਦਰੀ ਨਾਲ ਸਿੱਖ ਫੌਜੀਆਂ ਵੱਲੋਂ ਪਾਕਿਸਤਾਨੀ ਟੈਂਕਾਂ ਉੱਤੇ ਹੱਲਾ ਬੋਲਦਿਆਂ ਵਿਖਾਇਆ ਜਾਂਦਾ ਹੈ, ਹਰ ਕਿਸੇ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਸਿੱਖ ਫੌਜੀ ਨੂੰ ਸ਼ਹੀਦ ਹੁੰਦਿਆਂ ਵੇਖ ਇੱਕ ਵੀ ਜਣਾ ਹੰਝੂ ਕੇਰਨ ਤੋਂ ਬਿਨਾਂ ਨਹੀਂ ਰਹਿੰਦਾ। ਜਿਉਂ ਹੀ ‘ਦੇਹ ਸ਼ਿਵਾ’ ਉਚਾਰਿਆ ਜਾਂਦਾ ਹੈ, ਉੱਥੇ ਸਭ ਖੜ੍ਹੇ ਹੋ ਕੇ ਮਹਾ ਵੀਰ ਚੱਕਰ ਵਿਜੇਤਾ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਜਿਉਂਦੀ ਜਾਗਦੀ ਤਸਵੀਰ ਤੇ ਚਿਹਰੇ ਦੇ ਜਲੌਅ ਨੂੰ ਵੇਖ ਸਲਾਮ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਮੇਰੇ ਪਤੀ ਡਾ. ਗੁਰਪਾਲ ਸਿੰਘ ਦੇ ਸਿਰ ਸਜੀ ਦਸਤਾਰ ਵੇਖ ਹਰ ਫੌਜੀ ਨੇ ਸੈਲੂਟ ਕਰ ਕੇ ਇੱਜ਼ਤ ਦਿੰਦਿਆਂ ਇਹੀ ਕਿਹਾ- ‘‘ਆਜ ਜੈਸਲਮੇਰ ਅਗਰ ਭਾਰਤ ਕਾ ਹਿੱਸਾ ਹੈ ਤੋ ਸਿਰਫ਼ ਏਕ ਬੱਬਰ ਸ਼ੇਰ ਕੁਲਦੀਪ ਚਾਂਦਪੁਰੀ ਜੀ ਕੇ ਕਾਰਨ ਹੀ ਹੈ। ਹਰ ਸਿੱਖ ਭਾਈ ਕੋ ਹਮਾਰਾ ਸਲਾਮ ਹੈ। ਉਨਕੇ ਜਜ਼ਬੇ ਕੋ ਸਲਾਮ ਹੈ।’’

23 ਪੰਜਾਬ ਰੈਜਮੈਂਟ ਦੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ 120 ਫੌਜੀਆਂ ਕੋਲੋਂ ਜਿਸ ਬਹਾਦਰੀ ਨਾਲ ਚਾਂਦਪੁਰੀ ਜੀ ਨੇ 5 ਅਤੇ 6 ਦਸੰਬਰ 1971 ਨੂੰ 20,000 ਪਾਕਿਸਤਾਨੀ ਫੌਜੀਆਂ, ਟੈਂਕਾਂ, ਤੋਪਾਂ ਦੇ ਸਾਹਮਣੇ ਜੂਝਣ ਲਈ ਟਿਕਾਈ ਰੱਖਿਆ, ਉਹ ਜੰਗ ਅੱਜ ਬਿ੍ਰਟੇਨ ਵਿਖੇ ਇਕ ਮਿਸਾਲੀ ਜੰਗ ਵਜੋਂ ਫੌਜੀਆਂ ਲਈ ਸਿਖਲਾਈ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਸਭ ਮੰਨਦੇ ਹਨ ਕਿ ਬੋਲੇ ਸੋ ਨਿਹਾਲ ਦੇ ਜੈਕਾਰੇ ਏਨੇ ਬੁਲੰਦ ਸਨ ਕਿ ਪਾਕਿਸਤਾਨੀ ਫੌਜੀਆਂ ਨੂੰ ਭੁਲੇਖਾ ਪੈ ਗਿਆ ਸੀ ਕਿ ਲੌਂਗੇਵਾਲ ਦੀ ਨਿੱਕੀ ਜਿਹੀ ਪੋਸਟ ਉੱਤੇ ਖ਼ੌਰੇ 50,000 ਦੀ ਫੌਜ ਖੜ੍ਹੀ ਹੋਈ ਹੈ।
ਏਨੀ ਫੌਜ ਨਾਲ ਜੂਝਦਿਆਂ ਸਿਰਫ਼ ਦੋ ਸ਼ਹੀਦੀਆਂ ਹੋਣੀਆਂ ਤੇ ਦੁਸ਼ਮਨ ਫੌਜੀਆਂ ਅਤੇ ਉਨ੍ਹਾਂ ਦੇ ਟੈਂਕਾਂ ਨੂੰ ਨੇਸਤਾ ਨਾਬੂਤ ਕਰ ਦੇਣਾ ਕੋਈ ਖਾਲਾ ਜੀ ਦਾ ਘਰ ਨਹੀਂ ਸੀ।

ਕੌਣ ਭੁਲਾ ਸਕਦਾ ਹੈ ਲੈਫ. ਜਨਰਲ ਬਿਕਰਮ ਸਿੰਘ ਜੀ ਨੂੰ! ਸੰਨ 1933 ਵਿਚ ਫੌਜ ਵਿਚ ਭਰਤੀ ਹੋਏ ਬਿਕਰਮ ਸਿੰਘ ਜੀ ਨੂੰ ਅੱਜ ਤਾਈਂ ਚੀਨੀ ਭੁਲਾ ਨਹੀਂ ਸਕੇ ਅਤੇ ਹੁਣ ਤੱਕ ‘‘ਡਰੈਗਨ ਕਿੱਲਰ’’ ਵਜੋਂ ਹੀ ਯਾਦ ਕਰਦੇ ਹਨ। ਸੰਨ 1962 ਵਿਚ ਲੱਦਾਖ ਵਿਚ ਚੀਨੀ ਫੌਜੀਆਂ ਨੂੰ ਜਿਸ ਢੰਗ ਨਾਲ ਵੱਢਿਆ ਤੇ ਦਹਿਸ਼ਤ ਫੈਲਾਈ, ਚੀਨੀ ਫੌਜੀ ਦਸਤਾਰ ਵੇਖਦਿਆਂ ਪਿਛਾਂਹ ਭੱਜਣ ਲੱਗ ਪਏ ਸਨ।

ਲੱਦਾਖ ਦੇ ਬੋਧੀਆਂ ਨੇ ਅਜਿਹੀ ਬਹਾਦਰੀ ਬਾਰੇ ਕਦੇ ਸੁਣਿਆ ਵੇਖਿਆ ਹੀ ਨਹੀਂ ਸੀ। ਉਨ੍ਹਾਂ ਨੂੰ ‘ਸਿੰਘ’ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ ਸੀ। ਇਹੀ ਕਾਰਨ ਹੈ ਕਿ ਉੱਥੇ ਵੱਸਦਾ ਹਰ ‘ਲਾਮਾ’ ਆਪਣੇ ਗੋਂਪੇ ਵਿਚ ਅਤੇ ਬੁੱਧ ਮੋਨੈਸਟਰੀਆਂ ਵਿਚ ਲੈਫ. ਜਨਰਲ ਬਿਕਰਮ ਸਿੰਘ ਨੂੰ ਹੀਰੋ ਵਜੋਂ ਯਾਦ ਰੱਖਣ ਵਾਸਤੇ ਨਾ ਸਿਰਫ਼ ਯਾਦਗਾਰ ਬਣਾ ਕੇ ਬੈਠਾ ਹੈ ਬਲਕਿ ਲੋਕ ਗੀਤਾਂ ਦਾ ਹਿੱਸਾ ਬਣਾ ਕੇ ਅਮਰ ਕਰ ਚੁੱਕਿਆ ਹੈ।
ਜੰਮੂ ਵਿਚ ਇੱਕ ਚੌਂਕ ਦਾ ਨਾਂ ਹੀ ਬਿਕਰਮ ਸਿੰਘ ਉੱਤੇ ਰੱਖਿਆ ਗਿਆ ਹੈ ਅਤੇ ਉੱਥੇ ਉਨ੍ਹਾਂ ਦਾ ਬੁੱਤ ਸੁਸ਼ੋਭਿਤ ਹੈ।

ਪੰਜਾਬ ਦੇ ਫ਼ਰੀਦਕੋਟ ਦਾ ਨਾਯਾਬ ਹੀਰਾ ਮਹਾਵੀਰ ਚੱਕਰ ਵਿਜੇਤਾ ਬਿ੍ਰਗੇਡੀਅਰ ਸੰਤ ਸਿੰਘ ਭਾਰਤ ਦੀ ਫੌਜ ਦੇ ਚਮਕਦੇ ਸਿਤਾਰਿਆਂ ਦੀ ਸਿਖਰਲੀ ਕਤਾਰ ਵਿਚ ਸ਼ਾਮਲ ਕੀਤਾ ਗਿਆ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਦੁਸ਼ਮਨਾਂ ਦੇ ਛੱਕੇ ਛੁਡਾਉਣ ਵਾਲਾ ਇਹ ਹੀਰਾ ਅੱਜ ਤੱਕ ‘‘ਸੰਤ ਸਿਪਾਹੀ’’ ਵਜੋਂ ਹੀ ਯਾਦ ਕੀਤਾ ਜਾਂਦਾ ਹੈ। ਸਿੱਖੀ ਦੇ ਸਿਧਾਂਤਾਂ ਨੂੰ ਪ੍ਰਣਾਇਆ ਇਹ ਹੀਰਾ ਸਵਾ ਲੱਖ ਨਾਲ ਲੜ ਜਾਣ ਵਾਲਾ ਮੰਨਿਆ ਜਾ ਚੁੱਕਿਆ ਹੈ। ਸ਼ਾਂਤ ਸੁਭਾਅ ਅਤੇ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲਾ ਇਹ ਜਾਂਬਾਜ਼ ਇੱਕ ਨਹੀਂ ਦੋ ਦੋ ਜੰਗਾਂ ਵਿਚ ਸਰਵਉੱਚ ਸਨਮਾਨ ਹਾਸਲ ਕਰਨ ਵਾਲਾ ਸਾਬਤ ਹੋਇਆ। ਭਾਰਤੀ ਫੌਜ ਸੰਤ ਸਿੰਘ ਜੀ ਦੇ 1965 ਅਤੇ 1971 ਦੀ ਹਿੰਦ-ਪਾਕ ਜੰਗ ਵਿਚਲੇ ਬਹਾਦਰੀ ਦੇ ਕਾਰਨਾਮੇ ਭੁਲਾ ਹੀ ਨਹੀਂ ਸਕਦੀ ਕਿਉਂਕਿ ਪਾਕਿਸਤਾਨ ਦੀ ਭਾਰੀ ਫੌਜ ਦਾ ਜਿਸ ਬਹਾਦਰੀ ਨਾਲ ਥੋੜੇ ਜਿੰਨੇ ਫੌਜੀਆਂ ਨਾਲ ਸਾਹਮਣਾ ਕਰ ਕੇ, ਗੋਲਿਆਂ ਅਤੇ ਗੋਲੀਆਂ ਦੀ ਬੌਛਾਰ ਵਿੱਚੋਂ ਵੀ ਉਨ੍ਹਾਂ ਨੂੰ ਖਦੇੜ ਕੇ ਮੈਮਨ ਸਿੰਘ ਅਤੇ ਮਾਧੋਪੁਰ ਇਲਾਕਾ ਭਾਰਤ ਨਾਲ ਜੋੜਿਆ, ਇਹ ਸਿਰਫ਼ ਸੰਤ ਸਿਪਾਹੀ ਦੇ ਜੇਰੇ ਅਤੇ ਉਸ ਦੇ ਗਗਨ-ਚੁੰਬੀ ਫਤਹਿ ਦੇ ਜੈਕਾਰਿਆਂ ਸਦਕਾ ਹੀ ਸੰਭਵ ਹੋ ਸਕਿਆ।

ਕਦੇ ਕੋਈ ਸੁਫ਼ਨੇ ਵਿਚ ਵੀ ਸੋਚ ਸਕਦਾ ਹੈ ਕਿ ਇੱਕ ਜਰਨੈਲ ਇੱਕੋ ਦਿਨ ਵਿਚ ਦੁਸ਼ਮਨ ਦੇ 67 ਟੈਂਕ ਫ਼ਨਾਹ ਕਰ ਸਕਦਾ ਹੈ? ਸਵਾ ਲਾਖ ਸੇ ਏਕ ਲੜਾਉਂ ਦਾ ਜਿਊਂਦਾ ਜਾਗਦਾ ਇਤਿਹਾਸ ‘‘ਮੇਜਰ ਜਨਰਲ ਰਾਜਿੰਦਰ ਸਿੰਘ’’ ਨੇ ਲਿਖਿਆ! ‘‘ਸਪੈਰੋ’’ ਨਾਂ ਨਾਲ ਮਸ਼ਹੂਰ ਰਾਜਿੰਦਰ ਸਿੰਘ ਨੂੰ ਦੋ ਵਾਰ ਬੇਮਿਸਾਲ ਬਹਾਦਰੀ ਵਾਸਤੇ ਮਹਾਵੀਰ ਚੱਕਰ ਦਿੱਤਾ ਗਿਆ। ਪਹਿਲਾ, ਸੰਨ 1947 ਵਿਚ ‘ਝੰਗਰ’ ਨੂੰ ਪਾਕਿਸਤਾਨ ਹੱਥੋਂ ਬਚਾ ਕੇ ਭਾਰਤ ਵਿਚ ਸ਼ਾਮਲ ਕਰਨ ਲਈ ਅਤੇ ਦੂਜੀ ਵਾਰ 1965 ਦੀ ਭਾਰਤ ਪਾਕ ਜੰਗ ਵਿਚ! ਭਾਰਤੀ ਫੌਜ ਦੇ ਹਰ ਜਵਾਨ ਨੂੰ ਇਹ ਬਹਾਦਰੀ ਦੀ ਗਾਥਾ ਸੁਣਾਈ ਜਾਂਦੀ ਹੈ ਕਿ ਕਿਵੇਂ ਬੱਬਰ ਸ਼ੇਰ ਸਪੈਰੋ ਨੇ ਫਿਲੌਰਾ ਦੀ ਜੰਗ ਵਿਚ ਇੱਕੋ ਦਿਨ 67 ਦੁਸ਼ਮਨਾਂ ਦੇ ਟੈਂਕ ਫਨਾਹ ਕੀਤੇ ਅਤੇ ਆਪਣੀ ਛੋਟੀ ਜਿਹੀ ਫੌਜੀ ਟੁਕੜੀ ਨਾਲ 15 ਦਿਨ ਲਗਾਤਾਰ ਦੁਸ਼ਮਨਾਂ ਨਾਲ ਟੱਕਰ ਲੈਂਦਿਆਂ ਬਾਜ਼ ਵਾਂਗ ਵਾਰ ਕਰਦਿਆਂ 250 ਦੁਸ਼ਮਨਾਂ ਦੇ ਟੈਂਕ ਫੁੰਡ ਸੁੱਟੇ।

ਜਿੱਥੇ ਪਰਿੰਦਾ ਵੀ ਪਰ ਮਾਰਨ ਤੋਂ ਡਰਦਾ ਹੋਵੇ, ਉਸ ਜੋਜ਼ਿਲਾ ਪਾਸ ਉੱਤੇ ਦੁਸ਼ਮਨਾਂ ਨੂੰ ਮੂੰਹ ਦੀ ਸਿਰਫ਼ ਇਸ ਕਰਕੇ ਖਾਣੀ ਪਈ ਕਿਉਂਕਿ ਉੱਡਣੇ ਬਾਜ਼ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਇਆ ਅਤੇ ਜੋਜ਼ਿਲਾ ਪਾਸ ਉੱਤੇ ਟੈਂਕ ਪਹੁੰਚਾ ਕੇ ਦੁਸ਼ਮਨਾਂ ਦੇ ਦੰਦ ਖੱਟੇ ਕਰ ਦਿੱਤੇ। ਇਹ ਦੁਨੀਆ ਦਾ ਵਿਲੱਖਣ ਰਿਕਾਰਡ ਹੈ ਕਿ ਏਨੀ ਉਚਾਈ ਉੱਤੇ ਕੋਈ ਵੀ ਟੈਂਕ ਪਹੁੰਚਾ ਨਹੀਂ ਸਕਿਆ, ਜੋ ‘ਸਪੈਰੋ’ ਨੇ ਕਰ ਵਿਖਾਇਆ। ਤਿੰਨ ਅਕਤੂਬਰ 1911 ਨੂੰ ਜੰਮਿਆ ਸਪੈਰੋ ਬਰਿਟਿਸ਼ ਆਰਮੀ ਰੈਜਮੈਂਟ ਲਿਵਰਪੂਲ ਵਿਖੇ ਵੀ ਨੌਕਰੀ ਕਰਦਾ ਰਿਹਾ ਸੀ ਤੇ ਉਸ ਨੇ ਵਿਸ਼ਵ ਜੰਗ ਦੂਜੀ ਵਿਚ ਵੀ ਬਹਾਦਰੀ ਦੇ ਜੌਹਰ ਵਿਖਾਏ ਸਨ। ਸੰਨ 1948 ਦੇ ਕਸ਼ਮੀਰ ਅਪਰੇਸ਼ਨ ਦੌਰਾਨ ਲੱਦਾਖ ਦਾ ਰਾਹ ਖੋਲਣ ਵਾਲਾ ਇਹ ਬੱਬਰ ਸ਼ੇਰ ਦਸਤਾਰ ਦਾ ਮਾਣ ਵਧਾ ਗਿਆ। ਸਲਾਮ ਹੈ ਉਸ ਦੇ ਜਜ਼ਬੇ ਨੂੰ।

ਕੈਪਟਨ ਈਸ਼ਰ ਸਿੰਘ ਦੀ ਵੀਰਤਾ ਦਾ ਲੋਹਾ ਫਿਰੰਗੀਆਂ ਨੇ ਵੀ ਮੰਨਿਆ। ਤੀਹ ਦਸੰਬਰ 1895 ਨੂੰ ਜੰਮੇ ਸਰਦਾਰ ਬਹਾਦਰ ਈਸ਼ਰ ਸਿੰਘ ਜੀ ਪਹਿਲੇ ਸਿੱਖ ਸਨ ਜਿਨ੍ਹਾਂ ਨੂੰ ਬੇਮਿਸਾਲ ਯੋਧੇ ਵਜੋਂ 25 ਵਰ੍ਹਿਆਂ ਦੀ ਉਮਰ ਵਿਚ 28 ਪੰਜਾਬ ਰੈਜਮੈਂਟ ਵੱਲੋਂ ਵਜ਼ੀਰਸਤਾਨ ਵਿਚ ਬਿ੍ਰਟੇਨ ਵੱਲੋਂ ਲੜਦਿਆਂ ਵਿਕਟੋਰੀਆ ਕਰਾਸ ਦਿੱਤਾ ਗਿਆ। ਛਾਤੀ ਵਿਚ ਗੋਲੀ ਵੱਜਣ ਦੇ ਬਾਵਜੂਦ ਅਤੇ ਦੁਸ਼ਮਨਾਂ ਵੱਲੋਂ ਸਾਰੇ ਸਾਥੀ ਫੌਜੀਆਂ ਦੇ ਮਾਰੇ ਜਾਣ ਬਾਅਦ ਵੀ ਲਗਾਤਾਰ ਇਕੱਲੇ ਜੂਝਦਿਆਂ ਨਾ ਸਿਰਫ਼ ਆਪਣੀ ਬੰਦੂਕ ਵਾਪਸ ਖੋਹੀ, ਬਲਕਿ ਵਹਿੰਦੇ ਲਹੂ ਨਾਲ ਸਾਹਮਣੇ ਖੜ੍ਹੀ ਹਥਿਆਰਾਂ ਨਾਲ ਲੈਸ ਦੁਸ਼ਮਨ ਫੌਜੀਆਂ ਦੀ ਟੁਕੜੀ ਵੀ ਮਾਰ ਮੁਕਾਈ। ਹਾਲੇ ਏਥੇ ਹੀ ਬਸ ਨਹੀਂ ਹੋਈ, ਜਦੋਂ ਈਸ਼ਰ ਸਿੰਘ ਜੀ ਨੂੰ ਹਸਪਤਾਲ ਭੇਜਣ ਲਈ ਤਿਆਰੀ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਨੇ ਆਪਣੇ ਜ਼ਖ਼ਮੀ ਸਾਥੀ ਫੌਜੀਆਂ ਨੂੰ ਇਲਾਜ ਲਈ ਭੇਜਿਆ ਅਤੇ ਓਨੀ ਦੇਰ ਇਕੱਲੇ ਹੀ ਛਾਤੀ ਵਿੱਚੋਂ ਲਗਾਤਾਰ ਵਗਦੇ ਲਹੂ ਨਾਲ ਦੁਸ਼ਮਨਾਂ ਦਾ ਗੋਲੀਆਂ ਮਾਰ ਕੇ ਸਾਹਮਣੇ ਕਰਦੇ ਰਹੇ। ਜਦੋਂ ਇਲਾਜ ਲਈ ਡਟੇ ਡਾਕਟਰ ਵੱਲ ਦੁਸ਼ਮਨਾਂ ਨੇ ਗੋਲੀਆਂ ਚਲਾਈਆਂ ਤਾਂ ਈਸ਼ਰ ਸਿੰਘ ਜੀ ਨੇ ਆਪਣੇ ਸਰੀਰ ਨੂੰ ਢਾਲ ਬਣਾ ਕੇ ਸਾਥੀ ਜ਼ਖ਼ਮੀ ਫੌਜੀਆਂ ਅਤੇ ਡਾਕਟਰ ਨੂੰ ਬਚਾਇਆ। ਤਿੰਨ ਘੰਟੇ ਇੰਜ ਹੀ ਵਗਦੇ ਲਹੂ ਅਤੇ ਛਲਣੀ ਸਰੀਰ ਨਾਲ ਡਟੇ ਰਹਿਣ ਸਦਕਾ ਹੀ ਵਿਸ਼ਵ ਜੰਗ ਦੂਜੀ ਵਿਚ ਉਨ੍ਹਾਂ ਨੂੰ ਪਹਿਲਾਂ ਦੇ ਮਿਲੇ ਵਿਕਟੋਰੀਆ ਕਰਾਸ ਦੇ ਨਾਲ ਬਿ੍ਰਟੇਨ ਦਾ ਸਰਵਉੱਚ ਸਨਮਾਨ ‘‘ਸਰਦਾਰ ਬਹਾਦਰ’’ ਖਿਤਾਬ ਨਾਲ ਸਨਮਾਨਿਤ ਵੀ ਕੀਤਾ ਗਿਆ।

ਨਾਇਬ ਸੂਬੇਦਾਰ ਨੰਦ ਸਿੰਘ ਨੂੰ ਭਾਰਤ ਦੇ ਸਭ ਤੋਂ ਵੱਧ ਸਨਮਾਨਿਤ ਸਿੱਖ ਯੋਧੇ ਵਜੋਂ ਮਾਨਤਾ ਦਿੱਤੀ ਗਈ ਹੈ। ਪਹਿਲੇ ਵਿਸ਼ਵ ਜੰਗ ਵਿਚ ਵਿਕਟੋਰੀਆ ਕਰਾਸ ਹਾਸਲ ਕਰਨ ਤੋਂ ਬਾਅਦ 1947 ਵਿਚ ਜੰਮੂ ਕਸ਼ਮੀਰ ਵਿਚ ਉੜੀ ਇਲਾਕੇ ਵਿਚ ‘‘ਇੱਕ ਸਿੱਖ ਰੈਜਮੈਂਟ’’ ਵੱਲੋਂ ਹਿੰਦ ਪਾਕਿ ਜੰਗ ਵਿਚ ਆਪਣੇ ਸਾਥੀਆਂ ਨੂੰ ਬਚਾਉਂਦੇ ਅਤੇ ਉਸ ਇਲਾਕੇ ਉੱਤੇ ਦੁਸ਼ਮਨਾਂ ਦੇ ਦੰਦ ਖੱਟੇ ਕਰਦਿਆਂ ਜਾਨ ਤੱਕ ਵਾਰ ਦਿੱਤੀ। ਮਹਾਵੀਰ ਚੱਕਰ ਵਿਜੇਤਾ ਦੇ ਬੇਜਾਨ ਸਰੀਰ ਨੂੰ ਅਤਿ ਦੇ ਘਿਨਾਉਣੇ ਢੰਗ ਨਾਲ ਮੁਜੱਫਰਾਬਾਦ ਵਿਚ ਟਰੱਕ ਉੱਤੇ ਰੱਖ ਦੁਸ਼ਮਨਾਂ ਵੱਲੋਂ ਨਿਰਾਦਰ ਕੀਤਾ ਗਿਆ। ਵਿਕਟੋਰੀਆ ਕਰਾਸ ਹਾਸਲ ਕਰਨਾ ਸੂਬੇਦਾਰ ਨੰਦ ਸਿੰਘ ਜੀ ਦੀ ਵਿਲੱਖਣ ਮਿਸਾਲ ਇਸ ਲਈ ਹੈ ਕਿਉਂਕਿ ਤਿੱਖੀ ਚੋਟੀ ਉੱਤੇ ਬੈਠੀ ਦੁਸ਼ਮਨ ਟੁਕੜੀ ਨੂੰ ਹੇਠੋਂ ਭਾਰੇ ਹਥਿਆਰ ਚੁੱਕ ਕੇ, ਫੱਟੜ ਲੱਤ, ਮੂੰਹ ਅਤੇ ਬਾਂਹ ਨਾਲ ਜਿਵੇਂ ਕਾਬੂ ਕੀਤਾ ਅਤੇ ਅੱਗੋਂ ਹੋਰ ਦੋ ਚੋਟੀਆਂ ਵੀ ਦੁਸ਼ਮਨਾਂ ਤੋਂ ਆਜ਼ਾਦ ਕਰਵਾਈਆਂ, ਉਸ ਵਰਗਾ ਕੋਈ ਹੋਰ ਬਲਵਾਨ ਹਾਲੇ ਤੱਕ ਸਾਬਤ ਨਹੀਂ ਕੀਤਾ ਜਾ ਸਕਿਆ। ਇਹ ਇੱਕੋ ਇੱਕ ਭਾਰਤੀ ਫੌਜੀ ਹੈ ਜਿਸ ਨੂੰ ਵਿਕਟੋਰੀਆ ਕਰਾਸ ਅਤੇ ਮਹਾਵੀਰ ਚੱਕਰ ਵੀ ਹਾਸਲ ਹੋਇਆ। ਮਾਨਸਾ ਜ਼ਿਲ੍ਹੇ ਦਾ ਬਹਾਦਰਪੁਰ ਪਿੰਡ ਅੱਜ ਵੀ ਆਪਣੇ ਇਸ ਮਹਾਨ ਯੋਧੇ ਨੂੰ ਪ੍ਰਣਾਮ ਕਰਦਾ ਹੈ।

ਨਾਇਬ ਸੂਬੇਦਾਰ ਬਾਨਾ ਸਿੰਘ ਨੇ ਦਸਤਾਰ ਦਾ ਰੁਤਬਾ ਹੋਰ ਚੁੱਕਾ ਕਰ ਦਿੱਤਾ। ਛੇ ਜਨਵਰੀ 1949 ਵਿਚ ਜੰਮੇ ਬਾਨਾ ਸਿੰਘ ਜੀ ਨੂੰ ਸਿਆਚਿਨ ਦੇ ਹੀਰੋ ਵਜੋਂ ਯਾਦ ਕੀਤਾ ਜਾਂਦਾ ਹੈ। ਪਰਮਵੀਰ ਚੱਕਰ ਵਿਜੇਤਾ ਬਾਨਾ ਸਿੰਘ ਜੀ ਨੇ ਜਿਸ ਬੇਮਿਸਾਲ ਬਹਾਦਰੀ ਨਾਲ ਸਿਆਚਿਨ ਦੀ ਸਭ ਤੋਂ ਉੱਚੀ ਚੋਟੀ ਨੂੰ ਪਾਕਿਸਤਾਨ ਤੋਂ ਜਿੱਤ ਕੇ ਵਾਪਸ ਭਾਰਤ ਨਾਲ ਮਿਲਾਇਆ, ਉਸੇ ਸਦਕਾ ਅੱਜ ਉਸ ਚੋਟੀ ਨੂੰ ‘ਬਾਨਾ ਚੋਟੀ’ ਦਾ ਨਾਂ ਦੇ ਦਿੱਤਾ ਗਿਆ ਹੈ।
ਫ਼ਖ਼ਰ ਨਾਲ ਸਿਰ ਦੋ ਗੁਣਾ ਉੱਚਾ ਹੋ ਜਾਂਦਾ ਹੈ ਜਦੋਂ ਸਿਰ ਉੱਤੇ ਦਸਤਾਰ ਸਜਾਈ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਦਾ ਨਾਂ ਲਿਆ ਜਾਂਦਾ ਹੈ। ਪੂਰੀ ਦੁਨੀਆ ਵਿਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ ਜਿੱਥੇ ਢਾਕੇ ਵਿਖੇ ਦਸੰਬਰ 1971 ਵਿਚ 93,000 ਪਾਕਿਸਤਾਨ ਫੌਜੀਆਂ ਨੇ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਗੋਡੇ ਟੇਕ ਦਿੱਤੇ ਅਤੇ ਬੰਗਲਾਦੇਸ ਦੇ ਵਾਸੀਆਂ ਨੂੰ ਆਜ਼ਾਦ ਧਰਤੀ ਉੱਤੇ ਸਾਹ ਲੈਣ ਦਿੱਤਾ। ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ ਪਦਮ ਭੂਸ਼ਣ ਹਾਸਲ ਕਰਨ ਵਾਲੇ ਜਗਜੀਤ ਸਿੰਘ ਜੀ ਸਮੁੱਚੇ ਭਾਰਤ ਦਾ ਮਾਣ ਹਨ।

ਜਰਨੈਨਾਂ ਦੇ ਜਰਨੈਲ, ਮੇਜਰ ਜਨਰਲ ਸ਼ਬੇਗ ਸਿੰਘ ਨੇ ਸਾਬਤ ਕਰ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖਾਲਸਾ ਕਿਵੇਂ ਕੌਤਕ ਸਿਰਜਦਾ ਹੈ। ਸੰਨ 1925 ਵਿਚ ਖ਼ਿਆਲਾ ਪਿੰਡ (ਅੰਮਿ੍ਰਤਸਰ ਨੇੜੇ) ਵਿਖੇ ਜੰਮੇ ਸ਼ਬੇਗ ਸਿੰਘ ਵੱਲੋਂ ਸਟਾਫ ਕਾਲਜ ਵਿਚ ਘੁੜਸਵਾਰੀ ਵਿਚ ਜਿੱਤੀਆਂ ਅੱਠ ਰੇਸਾਂ ਦਾ ਰਿਕਾਰਡ ਅੱਜ ਤਾਈਂ ਕੋਈ ਨਹੀਂ ਤੋੜ ਸਕਿਆ। ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਅਤੇ ਮਿਲਟਰੀ ਸਾਇੰਸ ਵਿਚ ਜਿੰਨੇ ਪ੍ਰਬੀਨ ਸ਼ਬੇਗ ਸਿੰਘ ਜੀ ਸਨ, ਉਸ ਦਾ ਸਾਨੀ ਹਾਲੇ ਤੱਕ ਕੋਈ ਬਣ ਹੀ ਨਹੀਂ ਸਕਿਆ।

ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ ਜੋ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿਚ ਸਨ, ਨੂੰ ਜਿਸ ਢੰਗ ਨਾਲ ਫਤਹਿ ਕੀਤਾ ਗਿਆ, ਉਸ ਲਾਮਿਸਾਲ ਬਹਾਦਰੀ ਨੂੰ ਵੇਖਦਿਆਂ ਅਤੇ ਜੰਗੀ ਨੁਕਤਿਆਂ ਦਾ ਵਿਲੱਖਣ ਢੰਗ ਵਰਤ ਕੇ ਅਗਵਾਈ ਕਰਨ ਦੀ ਜੁਗਤ ਸਦਕਾ ਹੀ ਬੰਗਲਾਦੇਸ ਤਿਆਰ ਕਰਨ ਦਾ ਪੂਰਾ ਮਿਲਟਰੀ ਅਪਰੇਸ਼ਨ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਨੇ ਸ਼ਬੇਗ ਸਿੰਘ ਨੂੰ ਸੌਂਪ ਦਿੱਤਾ ਸੀ। ਮੁਕਤੀ ਵਾਹਿਨੀ ਦਾ ਹੀਰੋ ਅਤੇ ਗੁਰਿੱਲਾ ਟਰੇਨਿੰਗ ਦਾ ਸਭ ਤੋਂ ਉੱਤਮ ਆਗੂ ਵਜੋਂ ਮੰਨਿਆ ਜਾਣਾ ਆਪਣੇ ਆਪ ਵਿਚ ਹੀ ਸ਼ਬੇਗ ਸਿੰਘ ਜੀ ਨੂੰ ਮਹਾਂ-ਮਾਨਵ ਸਿੱਧ ਕਰ ਗਿਆ। ਇਸੇ ਮੁਕਤੀ ਵਾਹਿਨੀ ਦੇ ਅਣਥੱਕ ਯੋਧੇ ਸਦਕਾ ਹੀ ਪਾਕਿਸਤਾਨੀ ਜਰਨੈਲਾਂ ਦੇ ਛੱਕੇ ਛੁਟ ਗਏ ਤੇ ਅੰਤ ਉਹ ਪੂਰੀ ਫੌਜ ਨਾਲ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਨਤਮਸਤਕ ਹੋ ਗਏ।

ਵਿਰਲੇ ਹੀ ਕਿਸੇ ਮਾਂ ਦੇ ਲਾਲ ਵਿਚ ਏਨੀ ਹਿੰਮਤ ਹੋ ਸਕਦੀ ਹੈ ਜਿੰਨੀ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ਼ ਹਰੀ ਸਿੰਘ ਨਲੂਏ ਵਿਚ ਸੀ। ਇੰਜ ਹੀ ਭਾਰਤ ਦਾ ਨੇਪੋਲੀਅਨ ਮੰਨਿਆ ਜਾ ਚੁੱਕਿਆ ਸੂਰਬੀਰਾਂ ਦਾ ਸੂਰਬੀਰ ਜਰਨੈਲ ਜ਼ੋਰਾਵਰ ਸਿੰਘ ਸੀ।

ਇਹੋ ਜਿਹੇ ਅਣਗਿਣਤ ਸੂਰਮਿਆਂ ਵਿਚ ਜਰਨੈਲ ਮੋਹਨ ਸਿੰਘ ਵੀ ਸ਼ਾਮਲ ਹੈ ਜਿਸ ਨੇ ਆਜ਼ਾਦ ਹਿੰਦ ਫੌਜ ਦੀ ਅਗਵਾਈ ਕੀਤੀ।
ਪੰਜਾਬ ਵਿਚਲੇ ਇਨ੍ਹਾਂ ਮਹਾਂ ਮਾਨਵਾਂ ਵਿਚ ਕਦੇ ਕਮੀ ਨਹੀਂ ਆਈ। ਗਲਵਾਨ ਘਾਟੀ ਦੇ ਸੂਰਮੇ ਸਿਪਾਹੀ ਗੁਰਤੇਜ ਸਿੰਘ ਅਤੇ ਹਵਲਦਾਰ ਤੇਜਿੰਦਰ ਸਿੰਘ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਜਿਵੇਂ ਚੀਨੀ ਸੈਨਿਕਾਂ ਨੂੰ ਦਬੋਚ ਕੇ ਮੌਤ ਦੇ ਘਾਟ ਉਤਾਰਿਆ, ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਅੱਜ ਵੀ ਭਾਰਤ ਦੀ ਰਾਜ ਸਭਾ ਵਿਚ ਪੇਸ਼ ਹੋਏ ਤੱਥ ਅਸਲ ਹਾਲਾਤ ਤੋਂ ਜਾਣੂੰ ਕਰਵਾਉਂਦੇ ਹਨ ਕਿ ਪੰਜਾਬ ਵਿਚ 2132 ਸ਼ਹੀਦਾਂ ਦੀਆਂ ਵਿਧਵਾਵਾਂ ਹਨ, ਜਦਕਿ ਉੱਤਰ ਪ੍ਰਦੇਸ, ਜੋ ਪੂਰੇ ਮੁਲਕ ਦੀ 17 ਫੀਸਦੀ ਜਨਸੰਖਿਆ ਬਣਾਉਂਦਾ ਹੈ, ਵਿਚ 1805 ਵਿਧਵਾਵਾਂ ਹਨ। ਪੰਜਾਬ ਭਾਰਤ ਦੀ ਜਨਸੰਖਿਆ ਦਾ ਸਿਰਫ਼ 2.3 ਫੀਸਦੀ ਹਿੱਸਾ ਹੈ ਅਤੇ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਇਸੇ ਸੂਬੇ ਵਿੱਚੋਂ ਹਨ।
ਬੱਚਾ ਬੱਚਾ ਜਾਣਦਾ ਹੈ ਕਿ ਜੇ ਜਨਰਲ ਹਰਬਖ਼ਸ਼ ਸਿੰਘ ਨਾ ਹੁੰਦੇ ਤਾਂ ਅੱਜ ਅੰਮਿ੍ਰਤਸਰ ਭਾਰਤ ਦਾ ਹਿੱਸਾ ਨਾ ਹੁੰਦਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਵੀਰ ਚੱਕਰ ਹਾਸਲ ਦਸਤਾਰਧਾਰੀ ਹਰਬਖਸ਼ ਸਿੰਘ ਵਿਸ਼ਵ ਜੰਗ ਦੂਜੀ ਵਿਚ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕਿਆ ਸੀ।
ਵਿਸ਼ਵ ਭਰ ਵਿਚ ਸਿੱਖਾਂ ਦੀ ਸੂਰਮਤਾਈ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਅੱਜ ਤੱਕ ਪੂਰੀ ਦੁਨੀਆ ਦੇ ਕਿਸੇ ਹਿੱਸੇ ਵਿਚ ਸਾਰਾਗੜ੍ਹੀ ਵਰਗੇ 21 ਸੂਰਮਿਆਂ ਜਿੰਨੇ ਮਾਨਸਿਕ ਪੱਖੋਂ ਤਗੜੇ ਯੋਧੇ ਨਹੀਂ ਵੇਖੇ ਗਏ ਜਿਹੜੇ 10,000 ਕਬਾਈਲੀਆਂ ਨਾਲ ਸਿੱਧੀ ਟੱਕਰ ਲੈਣ ਲੱਗਿਆਂ ਰਤੀ ਭਰ ਨਾ ਥਿੜਕੇ ਹੋਣ। ਪੂਰੀ ਮਾਨਸਿਕ ਤਾਕਤ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਈ ਖਾਲਸਾ ਫੌਜ ਨੂੰ ਯਾਦ ਕਰਕੇ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਗੂੰਜਦੇ ਗਗਨ ਚੁੰਬੀ ਜੈਕਾਰਿਆਂ ਰਾਹੀਂ ਉਨ੍ਹਾਂ ਨੂੰ ਮਿਲਦੀ ਰਹੀ।

ਮੈਂ ਹਾਲੇ ਸਿਰਫ਼ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਦਸਤਾਰਧਾਰੀ ਜਾਂਬਾਜ਼ਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਤੋਂ ਇਲਾਵਾ ਅਣਗਿਣਤ ਸੂਰਮੇ ਹੋਰ ਹਨ ਜਿਨ੍ਹਾਂ ਬਾਰੇ ਕਿਤਾਬਾਂ ਦੇ ਢੇਰ ਲਿਖੇ ਜਾ ਸਕਦੇ ਹਨ।

ਇੱਕ ਗਲ ਸਪਸ਼ਟ ਹੋ ਚੁੰਕੀ ਹੈ ਕਿ ਭਾਰਤ ਨੂੰ ਚੁਫ਼ੇਰਿਓਂ ਦੁਸ਼ਮਨਾਂ ਤੋਂ ਬਚਾਉਣ ਵਿਚ ਜਾਨਾਂ ਵਾਰਨ ਵਾਲੇ 80 ਫੀਸਦੀ ਤੋਂ ਵੱਧ ਸਿੱਖ ਮੁੱਛ ਫੁੱਟ ਗਭਰੂ ਹੀ ਸਨ। ਗੋਲੀਆਂ ਨਾਲ ਛਲਣੀ ਕਰਵਾਉਣ ਵਾਲੀਆਂ ਛਾਤੀਆਂ ਅਤੇ ਦਸਤਾਰਾਂ ਨਾਲ ਸਜੇ ਅਣਖ ਨਾਲ ਉੱਚੇ ਚੁੱਕੇ ਸਿਰਾਂ ਦੇ ਜਜ਼ਬੇ ਸਦਕਾ ਹੀ ਤਖ਼ਤੋ-ਤਾਜ ਇਨ੍ਹਾਂ ਅੱਗੇ ਝੁਕ ਕੇ ਸਲਾਮ ਕਰਦੇ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਦੁਨੀਆ ਭਰ ਵਿਚ ਆਪਣੀ ਤਾਕਤ ਦਾ ਲੋਹਾ ਮੰਨਵਾਉਣ ਵਾਲੇ ਸਿੰਘਾਂ ਦਾ ਇੱਕੋ ਸੁਣੇਹਾ ਰਿਹਾ ਹੈ – ‘‘ਪੰਜਾਬ ਦੀ ਧਰਤੀ ਵਿੱਚੋਂ ਸੂਰਮੇ ਉੱਗਦੇ ਹਨ। ਇਹ ਧਰਤੀ ਹਰੀ ਭਰੀ ਰੱਖਣਾ। ਇਸ ਨੂੰ ਬੰਜਰ ਨਾ ਹੋਣ ਦੇਣਾ। ਇੱਥੇ ਡੁੱਲੇ ਹਰ ਲਹੂ ਦੀ ਬੂੰਦ ਦਾ ਸਤਿਕਾਰ ਕਰਨਾ।’’

ਅਖ਼ੀਰ ਵਿਚ ਬਸ ਇਹੋ ਕਹਿਣਾ ਹੈ – ਕੀ ਅਸੀਂ ਪੰਜਾਬ ਨੂੰ ਆਬਾਦ ਰੱਖਾਂਗੇ ? ਕੀ ਉਨ੍ਹਾਂ ਸੂਰਮਿਆਂ ਦੀ ਯਾਦ ਤਾਜ਼ਾ ਰੱਖਾਂਗੇ?

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783 

ਅਦਰਕ

ਅਦਰਕ ਦਾ ਨਾਂ ਲੈਂਦਿਆਂ ਹੀ ਕਈਆਂ ਨੂੰ ਅਦਰਕ ਦੀ ਚਾਹ ਤੇ ਕੁੱਝ ਨੂੰ ਅਦਰਕ ਚਿਕਨ ਯਾਦ ਆ ਜਾਂਦਾ ਹੈ। ਇਸਤੋਂ ਇਲਾਵਾ ਅਨੇਕ ਖਾਣ ਅਤੇ ਪੀਣ ਵਾਲੇ ਪਦਾਰਥਾਂ ਵਿਚ ਅਦਰਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਇਸਦੇ ਡਾਕਟਰੀ ਪੱਖੋਂ ਵੀ ਕਾਫ਼ੀ ਫ਼ਾਇਦੇ ਹਨ।

ਸਦੀਆਂ ਤੋਂ ਅਦਰਕ ਵਿਚਲੇ ਖੰਘ ਨੂੰ ਰੋਕਣ ਵਾਲੇ ਤੱਤਾਂ ਤੇ ਦਰਦ ਨਿਵਾਰਕ ਤੱਤਾਂ ਦਾ ਜ਼ਿਕਰ ਹੁੰਦਾ ਆਇਆ ਹੈ। ਅੱਜ ਵੀ ਲਗਾਤਾਰ ਆਉਂਦੀ ਖੰਘ ਨੂੰ ਰੋਕਣ ਲਈ ਬਜ਼ੁਰਗ ਮਲੱਠੀ ਮੂੰਹ ਵਿਚ ਰੱਖ ਕੇ ਚੂਸ ਲੈਂਦੇ ਹਨ ਤੇ ਕਸਰਤ ਤੋਂ ਬਾਅਦ ਹੋ ਰਹੀ ਪੱਠਿਆਂ ਦੀ ਦਰਦ ਵਾਸਤੇ ਵੀ ਤਾਜ਼ਾ ਅਦਰਕ ਦਾ ਚੂਸਣਾ ਬਹੁਤ ਅਸਰਦਾਰ ਸਾਬਤ ਹੋ ਰਿਹਾ ਹੈ।

ਇਹ ਅਸਰ ਵੇਖਦੇ ਹੋਏ ਅਸਲ ਮਾਅਣਿਆਂ ਵਿਚ ਪਹਿਲੀ ਖੋਜ ਸੰਨ 2010 ਵਿਚ ਹੋਈ ਜਿੱਥੇ ਕਸਰਤ ਕਰਨ ਵਾਲੇ ਲੋਕਾਂ ਨੂੰ ਪੱਠਿਆਂ ਦੀ ਦਰਦ ਵਾਸਤੇ ਰੋਜ਼ਾਨਾ ਅਦਰਕ ਦਿੱਤਾ ਗਿਆ। ਇਹ ਵੇਖਣ ਵਿਚ ਆਇਆ ਕਿ ਉਨ੍ਹਾਂ ਦੀ ਦਰਦ ਅਦਰਕ ਖਾਂਦੇ ਸਾਰ 25 ਪ੍ਰਤੀਸ਼ਤ ਘੱਟ ਗਈ।

‘ਅਮਰੀਕਨ ਪੇਨ ਸੋਸਾਇਟੀ’ ਨੇ ‘ਜਰਨਲ ਔਫ ਪੇਨ’ ਵਿਚ ਇਸ ਨਵੀਂ ਖੋਜ ਬਾਰੇ ਜ਼ਿਕਰ ਕੀਤਾ ਹੈ।

ਉਨ੍ਹਾਂ ਨੇ 74 ਵਿਦਿਆਰਥੀ ਚੁਣੇ ਜਿਨ੍ਹਾਂ ਨੂੰ ਬਹੁਤੀ ਕਸਰਤ ਬਾਅਦ ਜਾਂ ਸਟ ਵੱਜਣ ਬਾਅਦ ਦਰਦ ਹੋ ਰਹੀ ਸੀ। ਇਨ੍ਹਾਂ ਸਾਰਿਆਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ ਗਿਆ। ਇਕ ਤਿਹਾਈ ਨੂੰ ਦੱਸੇ ਬਗ਼ੈਰ ਕੱਚਾ ਅਦਰਕ ਫੇਹ ਕੇ ਖਾਣ ਲਈ ਦਿੱਤਾ ਗਿਆ ਤੇ ਇਕ ਤਿਹਾਈ ਨੂੰ ਦਵਾਈ ਕਹਿ ਕੇ ਗਰਮ ਕੀਤਾ ਅਦਰਕ ਦਿੱਤਾ ਗਿਆ ਤੇ ਤੀਜੇ ਹਿੱਸੇ ਨੂੰ ਅਦਰਕ ਦੇ ਸਵਾਦ ਵਾਲੀ ਟਾਫੀ ਦੇ ਦਿੱਤੀ ਗਈ, ਜਿਸ ਵਿਚ ਅਦਰਕ ਦਾ ਰਸ ਉੱਕਾ ਹੀ ਨਹੀਂ ਸੀ।
 
ਜਾਰਜੀਆ ਦੀ ਯੂਨੀਵਰਸਿਟੀ ਵਿਚ ਕੀਤੀ ਇਸ ਖੋਜ ਨੇ ਕਮਾਲ ਦੇ ਸਿੱਟੇ ਸਾਡੇ ਸਾਹਮਣੇ ਲਿਆ ਧਰੇ ਹਨ ਕਿ ਅਦਰਕ ਪੱਠਿਆਂ ਦੀ ਦਰਦ ਨੂੰ ਅਤੇ ਪੱਠਿਆਂ ਦੀ ਸੋਜ਼ਿਸ਼ ਨੂੰ ਬਿਨਾਂ ਕਿਸੇ ਮਾੜੇ ਅਸਰ ਦੇ, ਪੂਰੀ ਤਰ੍ਹਾਂ ਦੂਰ ਕਰ ਦਿੰਦਾ ਹੈ। ਜਿਹੜੇ ਤੀਜੇ ਹਿੱਸੇ ਨੂੰ ਅਦਰਕ ਨਹੀਂ ਸੀ ਦਿੱਤਾ ਗਿਆ, ਉਨ੍ਹਾਂ ਵਿਦਿਆਰਥੀਆਂ ਦੀ ਪੀੜ ਬਰਕਰਾਰ ਰਹੀ ਜਦਕਿ ਬਾਕੀ ਦੋਵਾਂ ਗਰੁੱਪਾਂ ਦੇ ਵਿਦਿਆਰਥੀਆਂ ਦੀ ਪੀੜ ਪੂਰੀ ਤਰ੍ਹਾਂ ਠੀਕ ਹੋ ਗਈ। ਇਹ ਤਾਂ ਸਪਸ਼ਟ ਹੋ ਗਿਆ ਕਿ ਭਾਵੇਂ ਕੱਚਾ ਲਿਆ ਜਾਵੇ ਤੇ ਭਾਵੇਂ ਭੁੰਨ ਕੇ, ਅਦਰਕ ਕੁਦਰਤੀ ਦਰਦ ਨਿਵਾਰਕ ਤਾਂ ਕਮਾਲ ਦਾ ਹੈ!
     
ਅਦਰਕ ਵਿਚ 9 ਤੱਤ ਲੱਭੇ ਗਏ ਹਨ ਜਿਹੜੇ ਇਨਸਾਨੀ ਸਰੀਰ ਅੰਦਰਲੇ ਸਿਰੋਟੋਨਿਨ ਨੂੰ ਬੰਨ੍ਹ ਕੇ ਰਖ ਦਿੰਦੇ ਹਨ ਤਾਂ ਜੋ ਅੰਤੜੀਆਂ ਦੀ ਨਾਰਮਲ ਤੋਰ ਬਰਕਰਾਰ ਰਹੇ ਅਤੇ ਢਹਿੰਦੀ ਕਲਾ ਵੀ ਠੀਕ ਹੋ ਜਾਏ।

ਅਦਰਕ ਦੀ ਜੜ੍ਹ ਵਿੱਚੋਂ ਬਣਾਏ ਰਸ ਨਾਲ ਕੀਤੀ ਇਕ ਖੋਜ ਵਿਚ ਇਹ ਜ਼ਾਹਰ ਹੋਇਆ ਕਿ ਇਸ ਨਾਲ ਅੰਤੜੀਆਂ ਦੀ ਸੋਜ਼ਿਸ਼ ਕਰਨ ਵਾਲਾ ਮਾਰਕਰ ਪਰੋਸਟਾਗਲੈਂਡਿਨ ਈ2 (75੨) ਘਟ ਜਾਂਦਾ ਹੈ। ਧਿਆਨ ਰਹੇ ਕਿ ਇਸ ਮਾਰਕਰ ਦਾ ਅੰਤੜੀਆਂ ਦੇ ਕੈਂਸਰ ਵਿਚ ਰੋਲ ਲੱਭਿਆ ਗਿਆ ਹੈ।  ਇਸ ਤਰੀਕੇ ਅਦਰਕ ਅੰਤੜੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਗਿਆ।

ਕੁੱਝ ਖੋਜਾਂ ਸਮੁੰਦਰੀਂ ਰਸਤੇ ਜਾਣ ਵਾਲਿਆਂ ਨੂੰ ਆ ਰਹੀ ਉਲਟੀ ਜਾਂ ਦਿਲ ਕੱਚੇ ਹੋਣ ਦੀ ਸ਼ਿਕਾਇਤ ਕਰਨ ਵਾਲਿਆਂ ਉੱਤੇ ਕੀਤੀਆਂ ਗਈਆਂ। ਇਹ ਵੇਖਣ ਵਿਚ ਆਇਆ ਕਿ ਆਮ ਟਾਫ਼ੀ ਖਾਣ ਵਾਲਿਆਂ ਨਾਲੋਂ ਉਨ੍ਹਾਂ ਵਿਚ ਜਿਨ੍ਹਾਂ ਨੂੰ ਅਦਰਕ ਦਾ ਰਸ ਪੀਣ ਲਈ ਦਿੱਤਾ ਗਿਆ, ਉਲਟੀ ਛੇਤੀ ਤੇ ਜ਼ਿਆਦਾ ਦੇਰ ਲਈ ਰੁਕ ਗਈ ਤੇ ਦਿਲ ਕੱਚਾ ਹੋਣਾ ਵੀ ਬੰਦ ਹੋ ਗਿਆ। ਇੰਜ ਹੀ ਜੱਚਾ ਨੂੰ ਸਵੇਰ ਵੇਲੇ ਆ ਰਹੀਆਂ ਉਲਟੀਆਂ ਰੋਕਣ ਵਿਚ ਵੀ ਅਦਰਕ ਅਸਰਦਾਰ ਸਾਬਤ ਹੋਇਆ ਤੇ ਕੈਂਸਰ ਵਾਸਤੇ ਚਲ ਰਹੀ ਕੀਮੋਥੈਰਪੀ ਵਿਚਲੀਆਂ ਉਲਟੀਆਂ ਰੋਕਣ ਲਈ ਵੀ ਕੁੱਝ ਹਦ ਤਕ ਅਸਰ ਵਿਖਾ ਗਿਆ।
 
ਹੋਰ ਤਾਂ ਹੋਰ, ਓਪਰੇਸ਼ਨ ਤੋਂ ਬਾਅਦ ਆ ਰਹੀਆਂ ਉਲਟੀਆਂ ਵਿਚ ਵੀ ਮਰੀਜ਼ ਨੂੰ ਅਦਰਕ ਦੇ ਕੇ ਇਸਦਾ ਅਸਰ ਵੇਖਣ ਲਈ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਵਿਚ ਵੀ ਥੋੜੇ ਜਿਹੇ ਮਰੀਜ਼ਾਂ ਵਿਚ ਮਲੱਠੀ ਮੂੰਹ ਵਿਚ ਰਖ ਕੇ ਚੂਸ ਲੈਣ ਨਾਲ ਫ਼ਰਕ ਦਿਸਿਆ।
 
ਕੁੱਝ ਖੋਜਾਂ ਜੋ ਹਾਲੇ ਚਲ ਰਹੀਆਂ ਹਨ ਪਰ ਪੂਰੀ ਤਰ੍ਹਾਂ ਸਾਬਤ ਨਹੀਂ ਹੋ ਸਕੀਆਂ, ਉਹ ਹਨ :-
  1. ਅਦਰਕ ਜੋੜਾਂ ਦੀ ਦਰਦ ਉੱਤੇ ਥੋੜਾ ਬਹੁਤ ਫ਼ਰਕ ਪਾਉਂਦਾ ਹੈ।
  2. ਕੋਲੈਸਟਰੋਲ ਘਟਾਉਂਦਾ ਹੈ।
  3. ਲਹੂ ਪਤਲਾ ਕਰਦਾ ਹੈ।
  4. ਜ਼ਿੰਜਰੋਨ ਈ. ਕੌਲਾਈ ਕੀਟਾਣੂ (5 5. 3) ਵਿੱਚੋਂ ਨਿਕਲੇ ਮਾੜੇ ਰਸਾਂ (5) ਨੂੰ ਅਸਰ ਕਰਨ ਤੋਂ ਰੋਕਦਾ ਹੈ ਤੇ ਟੱਟੀਆਂ ਲੱਗਣ ਤੋਂ ਵੀ !
    ਇਕ ਹੋਰ ਖੋਜ ਜੋ ਕਈ ਦੇਸਾਂ ਵਿਚ ਚੱਲ ਰਹੀ ਹੈ, ਉਹ ਹੈ ਸ਼ੱਕਰ ਰੋਗੀਆਂ ਵਿਚ ਵਧੀ ਹੋਈ ਸ਼ੱਕਰ ਦੀ ਮਾਤਰਾ ਨਾਲ ਅੱਖਾਂ ਵਿਚ ਹੋ ਰਿਹਾ ਚਿੱਟਾ ਮੋਤੀਆ। ਸ਼ੁਰੂਆਤੀ ਦੌਰ ਵਿਚ ਜੇ ਬੀਮਾਰੀ ਦਾ ਧਿਆਨ ਕਰ ਲਿਆ ਜਾਏ ਤਾਂ ਅਦਰਕ ਆਪਣੇ ਐਂਟੀਗਲਾਈਕੇਟਿੰਗ ਅਸਰ ਰਾਹੀਂ ਚਿੱਟੇ ਮੋਤੀਏ ਨੂੰ ਕੁੱਝ ਹੋਰ ਦੇਰ ਤੱਕ ਹੋਣ ਤੋਂ ਰੋਕਦਾ ਰਹਿੰਦਾ ਹੈ।

    ਅਦਰਕ ਵਿਚਲੇ ਤੇਲ ਜੋ ਇਸਦੀ ਖੁਸ਼ਬੋ ਦਾ ਕਾਰਣ ਹਨ, ਉਹ ਹਨ – ਜ਼ਿੰਜਰੋਨ, ਸ਼ੋਗੋਲਜ਼, ਜਿੰਜੀਰੋਲ, ਵੋਲਾਟਾਈਲ ਤੇਲ। ਇਹ ਤਾਜ਼ੇ ਅਦਰਕ ਵਿਚਲੇ ਤਿੰਨ ਪ੍ਰਤੀਸ਼ਤ ਭਾਰ ਦਾ ਹਿੱਸਾ ਬਣਦੇ ਹਨ।

    ਚੂਹਿਆਂ ਉੱਤੇ ਜਿੰਜੀਰੋਲ ਦਾ ਅਸਰ ਵੇਖਣ ਲਈ ਮਿਸ਼ੀਗਨ ਦੀ ਯੂਨੀਵਰਸਿਟੀ ਵਿਚ ਖੋਜ ਕੀਤੀ ਗਈ। ਨਤੀਜਿਆਂ ਨੇ ਦੱਸਿਆ ਕਿ ਅੰਤੜੀਆਂ ਦੀ ਚਾਲ ਰਵਾਂ ਹੋਈ, ਦਰਦ ਘੱਟ ਮਹਿਸੂਸ ਹੋਈ, ਹਲਕੀ ਨੀਂਦਰ ਆਉਣੀ ਸ਼ੁਰੂ ਹੋਈ, ਬੁਖ਼ਾਰ ਘੱਟ ਹੋ ਗਿਆ ਤੇ ਕੀਟਾਣੂਆਂ ਦੇ ਅਸਰ ਨੂੰ ਘਟਾਉਣ ਲਈ ਵੀ ਇਹ ਕਾਫ਼ੀ ਅਸਰਦਾਰ ਹੈ। ਇੱਥੋਂ ਤਕ ਕਿ ਚੂਹੀਆਂ ਦੇ ਅੰਡਕੋਸ਼ ਦੇ ਕੈਂਸਰ ਵਿਚਲੇ ਕੁੱਝ ਸੈੱਲ ਮਾਰ ਦੇਣ ਵਿਚ ਵੀ ਇਸਦਾ ਅਸਰ ਦਿਸਿਆ।

    ਕਮਾਲ ਤਾਂ ਇਹ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਘੋੜਿਆਂ ਦੀ ਕਬਜ਼ ਠੀਕ ਕਰਨ ਲਈ ਵੀ ਅਦਰਕ ਦੀਆਂ ਗੋਲੀਆਂ ਉਨ੍ਹਾਂ ਦੇ ਮਲ ਦਵਾਰ ਰਾਹੀਂ ਪਾ ਕੇ ਇਲਾਜ ਕੀਤਾ ਗਿਆ।

    ਇਹ ਤਾਂ ਮੰਨੀ ਪਰਮੰਨੀ ਗੱਲ ਹੈ ਤੇ ਖੋਜ ਵੀ ਸਾਬਤ ਕਰ ਚੁੱਕੀ ਹੈ ਕਿ ਅਦਰਕ ਮੂੰਹ ਵਿਚ ਥੁੱਕ ਦੀ ਮਾਤਰਾ ਵਧਾ ਦਿੰਦਾ ਹੈ ਤੇ ਖਾਣਾ ਛੇਤੀ ਹਜ਼ਮ ਹੋਣ ਵਿਚ ਮਦਦ ਕਰਦਾ ਹੈ। ਪੇਟ ਗੈਸ, ਅਫ਼ਾਰਾ, ਕਬਜ਼, ਪੇਟ ਦਰਦ ਆਦਿ ਲਈ ਤਾਂ ਸਦੀਆਂ ਤੋਂ ਇਹ ਵਰਤਿਆ ਜਾ ਰਿਹਾ ਹੈ।
    ਜ਼ੁਕਾਮ ਠੀਕ ਕਰਨ ਲਈ ਅਦਰਕ ਤੋਂ ਬਣੀ ਚਾਹ ਤਾਂ ਕਮਾਲ ਦਾ ਅਸਰ ਵਿਖਾਉਂਦੀ ਹੈ। ਅੱਜ ਦੇ ਦਿਨ ਵੀ ਬਰਮਾ, ਚੀਨ, ਕੌਂਗੋ, ਭਾਰਤ, ਇੰਡੋਨੇਸ਼ੀਆ, ਨੇਪਾਲ, ਫਿਲੀਪੀਨਜ਼ ਅਮਰੀਕਾ ਤੇ ਕਨੇਡਾ ਵਿਚ ਸਫਰ ਦੌਰਾਨ ਹੋ ਰਹੇ ਦਿਲ ਕੱਚੇ, ਪੇਟ ਗੈਸ ਤੇ ਜ਼ੁਕਾਮ ਲਈ ਇਸਦੀ ਵਰਤੋਂ ਜ਼ੋਰਾਂ ਉੱਤੇ ਹੈ। ਇਸ ਨੂੰ ਵਰਤਣ ਦੇ ਤਰੀਕੇ ਜ਼ਰੂਰ ਹਰ ਥਾਂ ਵੱਖੋ ਵੱਖ ਹਨ। ਕੋਈ ਚੂਸ ਕੇ ਲੈਂਦਾ ਹੈ। ਕੋਈ ਇਸਨੂੰ ਗਰਮ ਪਾਣੀ ਵਿਚ ਉਬਾਲ ਕੇ, ਕੋਈ ਰਿੰਨ ਕੇ ਜਾਂ ਭੁੰਨ ਕੇ, ਕੋਈ ਅਦਰਕ ਕੁੱਟ ਕੇ ਅੰਬ ਦੇ ਦਰਖ਼ਤ ਦੀ ਛਾਲ ਵਿਚ ਮਿਲਾ ਕੇ (ਕੌਗੋ ਵਿਚ), ਕੋਈ ਅੰਡਿਆਂ ਵਿਚ ਪਾ ਕੇ ਜਾਂ ਕੋਲਾ ਵਿਚ ਮਿਲਾ ਕੇ (ਚੀਨ), ਕੋਈ ਅਦਰਕ ਦੇ ਰਸ ਨੂੰ ਪਾਮ ਦਰਖ਼ਤ ਦੇ ਜੂਸ ਵਿਚ ਮਿਲਾ ਕੇ (ਬਰਮਾ), ਤੇ ਕੋਈ ਪੇਸਟ ਬਣਾ ਕੇ ਮੱਥੇ ਉੱਤੇ ਲਾ ਕੇ ਸਿਰਦਰਦ ਅਤੇ ਜੋੜਾਂ ਦੀ ਦਰਦ ਠੀਕ ਕਰਨ ਲਈ ਜਾਂ ਨਿੰਬੂ ਕਾਲਾ ਲੂਣ ਨਾਲ ਰਲਾ ਕੇ ਦਿਲ ਕੱਚਾ ਹੁੰਦਾ ਠੀਕ ਕਰਨ ਲਈ (ਭਾਰਤ) ਵਰਤ ਰਿਹਾ ਹੈ!

    ਅਮਰੀਕਾ ਵਿਚ ਤਾਂ ਗਰਮੀ ਨਾਲ ਹੋ ਰਹੇ ਪੱਠਿਆਂ ਵਿਚਲੇ ਅਕੜਾਓ ਠੀਕ ਕਰਨ ਲਈ ਵੀ ਅਦਰਕ ਦਾ ਪਾਣੀ ਵਰਤਿਆ ਜਾ ਰਿਹਾ ਹੈ।
    ਜਿੱਥੇ ਏਨੇ ਫ਼ਾਇਦੇ ਗਿਣਾਏ ਹਨ, ਉੱਥੇ ਮੇਰਾ ਫਰਜ਼ ਹੈ ਕਿ ਇਸ ਨਾਲ ਹੋ ਰਹੇ ਮਾੜੇ ਅਸਰਾਂ ਦਾ ਵੀ ਜ਼ਿਕਰ ਕਰਾਂ ਕਿਉਂਕਿ ਹਰ ਇਨਸਾਨ ਲਈ ਜ਼ਰੂਰੀ ਨਹੀਂ ਕਿ ਅਦਰਕ ਓਨਾ ਹੀ ਅਸਰਦਾਰ ਸਾਬਤ ਹੋਵੇ। ਜਿਵੇਂ ਹਰ ਸ਼ਕਲ ਦੂਜੇ ਇਨਸਾਨ ਤੋਂ ਵੱਖਰੀ ਹੈ, ਸਰੀਰ ਦੀ ਬਣਤਰ ਤੇ ਹਰ ਕਿਸੇ ਦੀ ਸਹਿਣਸ਼ਕਤੀ ਵੀ ਵਖਰੀ ਹੈ, ਉਜੰ ਹੀ ਜੇ ਕਿਸੇ ਦਾ ਅਫ਼ਾਰਾ ਅਦਰਕ ਠੀਕ ਕਰਦੀ ਹੈ ਤਾਂ ਕਿਸੇ ਹੋਰ ਨੂੰ ਅਦਰਕ ਲੈਣ ਨਾਲ ਅਫ਼ਾਰਾ ਵਧ ਵੀ ਸਕਦਾ ਹੈ। ਛਾਤੀ ਵਿਚ ਦਰਦ, ਦਿਲ ਕੱਚਾ ਹੋਣਾ ਤੇ ਸਰੀਰ ਉੱਤੇ ਦਾਣੇ ਨਿਕਲੇ ਵੀ ਦਿਸ ਸਕਦੇ ਹਨ ਪਰ ਇਹ ਆਮ ਤੌਰ ਉੱਤੇ ਅਦਰਕ ਦੇ ਪਾਊਡਰ ਨੂੰ ਖਾਣ ਨਾਲ ਹੁੰਦਾ ਹੈ।

    ਜੇ ਅੰਤੜੀਆਂ ਜਾਂ ਢਿੱਡ ਵਿਚ ਅਲਸਰ ਹੋਵੇ ਤਾਂ ਵਾਧੂ ਅਦਰਕ ਖਾਣ ਨਾਲ ਅੰਤੜੀਆਂ ਵਿਚ ਰੋਕਾ ਵੀ ਪੈ ਸਕਦਾ ਹੈ।
    ਅਦਰਕ ਵਾਰਫੈਰਿਨ ਦਵਾਈ ਖਾਣ ਵਾਲਿਆਂ ਨੂੰ ਵੀ ਨੁਕਸਾਨ ਕਰ ਸਕਦਾ ਹੈ ਕਿਉਂਕਿ ਇਹ ਉਸਦਾ ਅਸਰ ਕਾਟ ਕਰਦਾ ਹੈ। ਕੁੱਝ ਕੁ ਬੰਦਿਆਂ ਦਾ ਅਦਰਕ ਖਾਂਦੇ ਸਾਰ ਬਲੱਡ ਪ੍ਰੈਸ਼ਰ ਵੀ ਵਧਿਆ ਲੱਭਿਆ ਗਿਆ ਪਰ ਇਹ ਸਾਬਤ ਨਹੀਂ ਹੋ ਸਕਿਆ ਕਿ ਇਹ ਸਿਰਫ ਅਦਰਕ ਖਾਣ ਕਾਰਣ ਹੀ ਹੋਇਆ। ਜਾਂ ਨਾਲ ਖਾਧੀ ਕਿਸੇ ਹੋਰ ਚੀਜ਼ ਨਾਲ, ਯਾਨੀਂ ਲੂਣ, ਆਦਿ!

    ਜਿਨ੍ਹਾਂ ਨੂੰ ਪਿੱਤੇ ਵਿਚ ਪਥਰੀ ਹੈ, ਉਨ੍ਹਾਂ ਲਈ ਵੀ ਜ਼ਿਆਦਾ ਅਦਰਕ ਖਾਣਾ ਠੀਕ ਨਹੀਂ ਕਿਉਂਕਿ ਇਹ ਬਾਈਲ ਰਸ ਵਧਾ ਦਿੰਦਾ ਹੈ ਜੋ ਪਥਰੀ ਵਾਲਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

    ਮੈਂ ਤਾਂ ਹੁਣ ਅਦਰਕ ਦੇ ਢੇਰ ਸਾਰੇ ਫ਼ਾਇਦੇ ਤੇ ਕੁੱਝ ਕੁ ਮਾੜੇ ਅਸਰ ਵੀ ਗਿਣਾ ਦਿੱਤੇ! ਤੁਸੀਂ ਹੁਣ ਆਪ ਫੈਸਲਾ ਕਰਨਾ ਹੈ ਕਿ ਇਸ ਕੁਦਰਤੀ ਸੌਗਾਤ ਤੋਂ ਫ਼ਾਇਦਾ ਲੈਣਾ ਹੈ ਜਾਂ ਨਹੀਂ! ਜਿਨ੍ਹਾਂ ਨੇ ਇਸ ਦਰਦ ਨਿਵਾਰਕ, ਖੰਘ ਠੀਕ ਕਰਨ ਵਾਲੀ, ਵਧੀਆ ਕਿਸਮ ਦੀ ਹਾਜ਼ਮੇ ਦੀ ਕੁਦਰਤੀ ਦਵਾਈ ਦਾ ਸੁਆਦ ਨਹੀਂ ਮਾਣਿਆ, ਮੇਰੀ ਜਾਚੇ, ਉਹ ਕੁੱਝ ਤਾਂ ਜ਼ਰੂਰ ਗੁਆਈ ਬੈਠੇ ਹਨ! ਜੇ ਥਕਾਨ ਮਹਿਸੂਸ ਕਰ ਰਹੇ ਹੋ ਤਾਂ ਕੀ ਹਰਜ਼ ਹੈ ਜੇ ਇਕ ਵਾਰ ਅਦਰਕ ਦੀ ਚਾਹ ਅਜ਼ਮਾ ਹੀ ਲਈ ਜਾਏ ?

    ਡਾ: ਹਰਸ਼ਿੰਦਰ ਕੌਰ, ਐਮ.ਡੀ,
    ਬੱਚਿਆਂ ਦੀ ਮਾਹਿਰ,
    28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ।
    ਫੋਨ ਨੰ: 0175-2216783

ਵਿਸਾਖੀ ਆਈ ਆ / ਵਿਸਾਖੀ ਦੀ ਗੱਲ

ਦਾਸ – ਤਰਲੋਚਨ ਸਿੰਘ ਚੰਨ ਜੰਡਿਆਲਵੀ ਵੁਲਵਰਹੈਂਪਟਨ / ਗੀਤਕਾਰ – ਹਰਬੰਸ ਸਿੰਘ ਜੰਡੂ ਲਿੱਤਰਾਂਵਾਲਾ