ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ

ਮੂਲ ਰੂਪ ਵਿਚ ਆਂਧਰਾ ਪ੍ਰਦੇਸ਼ ਤੋਂ ਸਨ ਮ੍ਰਿਤਕ ਡਾਕਟਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਅਲਾਬਾਮਾ ਰਾਜ ਦੇ ਟਸਕਾਲੋਸਾ ਸ਼ਹਿਰ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਭਾਰਤੀ ਮੂਲ ਦੇ ਡਾਕਟਰ ਪੇਰਮਸੈਟੀ ਰਮੇਸ਼ ਬਾਬੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਡਾ ਬਾਬੂ ਕ੍ਰਿਮਸਨ ਕੇਅਰ ਨੈੱਟਵਰਕ ਦੇ ਸੰਸਥਾਪਕ ਤੇ ਮੈਡੀਕਲ ਡਾਇਰੈਕਟਰ ਸਨ ਜਿਸ ਨੈੱਟਵਰਕ ਤਹਿਤ ਅਨੇਕਾਂ ਸਥਾਨਕ ਕਲੀਨਿਕਾਂ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਡਾਕਟਰੀ ਭਾਈਚਾਰੇ ਵਿਚ ਜਾਣੇ ਪਛਾਣੇ ਡਾ ਬਾਬੂ ਨੂੰ ਗੋਲੀਆਂ ਵੱਜਣ ਉਪਰੰਤ ਘਟਨਾ ਸਥਾਨ ‘ਤੇ ਪੁੱਜੇ ਪੁਲਸ ਅਫਸਰ ਤੇ ਡਾਕਟਰੀ ਅਮਲੇ ਵੱਲੋਂ ਉਨਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਅਧਿਕਾਰੀਆਂ ਨੇ ਕਿਹਾ ਹੈ ਕਿ ਘਟਨਾ ਸਬੰਧੀ ਹੋਰ ਵੇਰਵਾ ਜਾਂਚ ਉਪਰੰਤ ਹੀ ਜਾਰੀ ਕੀਤਾ ਜਾਵੇਗਾ। ਡਾ ਬਾਬੂ  ਦਾ ਪਿਛੋਕੜ ਤਿਰੂਪਤੀ (ਆਂਧਰਾ ਪ੍ਰਦੇਸ਼) ਨਾਲ  ਜੁੜਿਆ ਹੋਇਆ  ਹੈ। ਉਨਾਂ  ਨੂੰ ਡਾਕਟਰੀ ਖੇਤਰ ਵਿਚ ਤਕਰੀਬਨ 4 ਦਹਾਕਿਆਂ ਦਾ  ਤਜ਼ਰਬਾ ਸੀ। ਡਾ ਬਾਬੂ ਦੀ ਮੌਤ ਉਪਰੰਤ ਭਾਰਤੀ ਭਾਈਚਾਰੇ ਵਿਚ ਡਰ ਤੇ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। 1986 ਵਿਚ ਸ੍ਰੀ ਵੈਂਕਟੇਸਵਾੜਾ ਮੈਡੀਕਲ ਕਾਲਜ ਤੋਂ ਗਰੈਜੂਏਟ ਦੀ ਡਿਗਰੀ ਕਰਨ ਵਾਲੇ ਡਾ ਬਾਬੂ ਆਪਣੇ ਪਿੱਛੇ ਦੋ ਪੁੱਤਰ ਤੇ ਦੋ ਧੀਆਂ ਛੱਡ ਗਏ ਹਨ।

ਟਸਕਾਲੋਸਾ ਸਿਟੀ ਕੌਂਸਲ ਦੇ ਪ੍ਰਧਾਨ ਕਿਪ ਟਾਇਨਰ ਨੇ ਡਾਕਟਰ ਦੀ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਇਕ ਬਹੁਤ ਪਿਆਰੇ ਤੇ ਨਜਦੀਕੀ ਮਿੱਤਰ ਸਨ ਤੇ ਉਹ ਪੂਰੀ ਤਰਾਂ ਅਮਰੀਕੀ ਲੋਕਾਂ  ਨੂੰ ਸਮਰਪਿਤ ਸਨ। ਡਾਕਰ ਪੇਰਮਸੈਟੀ ਤੇਲਗੂ ਦੇਸਮ ਪਾਰਟੀ ਦੇ ਆਗੂ ਪੇਰਮਸੈਟੀ ਰਮਈਆਹ ਦੇ ਭਰਾ ਸਨ।

Comments are closed, but trackbacks and pingbacks are open.